ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਖੰਘੂਰ
ਕਿਸੇ ਨੇ ਕਿੰਨਾ ਠੀਕ ਆਖਿਆ ਹੈ-ਸਭ ਤੋਂ ਭੈੜੀ ਔਰਤ ਉਹ ਹੁੰਦੀ ਹੈ, ਬੰਦੇ ਨੇ ਸਵੇਰੇ ਸਵੇਰੇ ਕਾਹਲ ਨਾਲ ਬਾਹਰ ਰੋਜ਼ਾਨਾ ਕੰਮ 'ਤੇ ਜਾਣਾ ਹੋਵੇ ਤੇ ਉਹ ਦੇ ਨਾਸ਼ਤਾ ਕਰਨ ਵੇਲੇ ਉਹ ਦੀ ਔਰਤ ਕਿਸੇ ਘਰੇਲੂ ਮਸਲੇ ਨੂੰ ਲੈ ਕੇ ਉਹ ਦੇ ਨਾਲ ਕਲੇਸ਼ ਪਾ ਬੈਠੇ।
ਬੱਸ ਇੰਝ ਹੀ ਕਰਿਆ ਕਰਦੀ ਸੀ, ਮਲਕੀਤ ਕੌਰ। ਭਰਪੂਰ ਸਿੰਘ ਨਾਸ਼ਤਾ ਅੱਧ ਵਿਚਕਾਰ ਛੱਡ ਕੇ ਪਾਣੀ ਦੀ ਘੁੱਟ ਭਰਦਾ ਤੇ ਉੱਠ ਤੁਰਦਾ। ਉਹ ਉਹਦਾ ਨਾਸ਼ਤਾ ਹਰਾਮ ਕਰ ਦਿੰਦੀ। ਕਦੇ ਕਦੇ ਉਹ ਨੂੰ ਬਹੁਤ ਗੁੱਸਾ ਆਉਂਦਾ ਤਾਂ ਉਹ ਪਲੇਟ ਗਲਾਸ ਚੁੱਕ ਕੇ ਕੰਧ ਨਾਲ ਮਾਰਦਾ ਜਾ ਫੇਰ ਕਦੇ ਮਲਕੀਤ ਨੂੰ ਹੀ ਧੇ ਧੇ ਕੁੱਟ ਸੁੱਟਦਾ। ਅਜਿਹੇ ਸਮੇਂ ਉਹਨੂੰ ਘਰ ਵਿਚ ਹੀ ਵੀਹ ਮਿੰਟ, ਅੱਧਾ ਘੰਟਾ ਬੀਤ ਜਾਂਦਾ ਤੇ ਉਹ ਆਪਣੇ ਕੰਮ ਤੋਂ ਲੇਟ ਹੋ ਜਾਂਦਾ। ਹੱਥਾਂ ਪੈਰਾਂ ਦੀ ਪਈ ਹੁੰਦੀ, ਪਤਾ ਨਾ ਲੱਗਦਾ, ਕਿਹੜੀ ਚੀਜ਼ ਨਾਲ ਲਈ ਤੇ ਕਿਹੜੀ ਰਹਿ ਗਈ। ਉਹ ਨੂੰ ਆਪਣਾ ਸਾਈਕਲ ਗੱਡਾ ਲੱਗਦਾ ਬਹੁਤ ਭਾਰੀ। ਘਰੋਂ ਬਾਹਰ ਨਿਕਲਣ ਸਮੇਂ ਜੇ ਪਹੀਏ ਦੀ ਫੂਕ ਨਿਕਲੀ ਹੁੰਦੀ ਤਾਂ ਉਹ ਕੋਲਾ ਹੋ ਕੇ ਰਹਿ ਜਾਂਦਾ। ਉਹ ਨੂੰ ਸਾਰਾ ਗੁੱਸਾ ਆਪਣੀ ਔਰਤ 'ਤੇ ਆਉਂਦਾ।
ਉਸ ਦਿਨ ਸਵੇਰੇ ਉਹ ਪੈਂਤੀ ਮਿੰਟ ਲੇਟ ਸੀ। ਸ਼ੁਕਰ ਸੀ ਕਿ ਸਾਈਕਲ ਦੇ ਪਹੀਆਂ ਵਿਚ ਹਵਾ ਪੂਰੀ ਸੀ। ਉਹ ਨੇ ਆਪਣਾ ਟਿਫ਼ਨ ਵੀ ਕੈਰੀਅਰ ਵਿਚ ਅੜੁੰਗ ਲਿਆ ਸੀ। ਟੋਕਰੀ ਵਿਚ ਥੈਲਾ ਰੱਖ ਲਿਆ ਸੀ।
ਉਸ ਦਿਨ ਤਾਂ ਉਹ ਨੇ ਨਾ ਆਪਣਾ ਨਾਸ਼ਤਾ ਅੱਧ ਵਿਚਕਾਰ ਛੱਡਿਆ, ਨਾ ਪਲੇਟ ਗਲਾਸ ਕੰਧ ਨਾਲ ਮਾਰੇ ਤੇ ਨਾ ਆਪਣੀ ਲੱਕੜ ਸਰੀਰ ਔਰਤ ਨੂੰ ਧੌਲ ਧੱਕਾ ਕਰਕੇ ਆਪਣੇ ਹੱਥਾਂ ਦੀਆਂ ਹੱਡੀਆਂ ਦੁਖਣ ਲਾਈਆਂ। ਮੁੰਡਾ ਤੇ ਕੁੜੀ ਕਦੋਂ ਦੇ ਸਕੂਲ ਜਾ ਚੁੱਕੇ ਸਨ।
ਭਰਪੂਰ ਸਿੰਘ ਹੋਰੀਂ ਚਾਰ ਭਰਾ ਸਨ। ਦੂਜੇ ਤੇ ਤੀਜੇ ਨੰਬਰ ਵਾਲੇ ਦੋਵੇਂ ਭਰਾ ਕਲਕੱਤੇ ਰਹਿੰਦੇ, ਉੱਥੇ ਉਨ੍ਹਾਂ ਦੀਆਂ ਟੈਕਸੀਆਂ ਪਾਈਆਂ ਹੋਈਆਂ ਸਨ। ਭਰਪੂਰ ਸਿੰਘ ਸਭ ਤੋਂ ਛੋਟਾ ਸੀ। ਉਹ ਦਾ ਵਿਆਹ ਵੱਡੀ ਉਮਰ ਵਿਚ ਹੋਇਆ। ਬਹੁਤੀ ਵੱਡੀ ਉਮਰ ਵਿਚ ਨਹੀਂ, ਬੱਸ ਇਹੀ ਬੱਤੀ-ਤੇਤੀ ਸਾਲ ਦੀ ਉਮਰ ਵਿਚ। ਵਿਆਹ ਕਰਵਾਉਣ ਦੀ ਉਮਰ ਚੌਵੀ-ਪੱਚੀ ਸਾਲ ਦੀ ਹੁੰਦੀ ਹੈ, ਨਹੀਂ ਤਾਂ ਫੇਰ ਉਸ ਤੋਂ ਬਾਅਦ ਬੰਦਾ ਪੱਕਦਾ ਤੁਰਿਆ ਜਾਂਦਾ ਹੈ। ਕੰਵਾਰਾ ਰਹਿਣ ਤੱਕ ਉਹ ਵੱਡੇ ਭਾਈ ਦੇ ਚੁੱਲ੍ਹੇ 'ਤੇ ਰਿਹਾ ਸੀ। ਵੱਡਾ ਭਾਈ ਦੇਵਤਾ ਪੁਰਸ਼ ਸੀ। ਉਹ ਨੂੰ ਪੁੱਤਾਂ ਵਾਂਗ ਰੱਖਦਾ। ਭਰਪੂਰ ਦਾ ਜਦੋਂ ਵਿਆਹ ਧਰਿਆ ਹੋਇਆ ਸੀ, ਉਹ ਦੀ ਭਰਜਾਈ ਅਚਾਨਕ ਬਿਮਾਰ ਹੋਈ ਤੇ ਮਰ ਗਈ। ਵਿਆਹ ਦੋ ਮਹੀਨੇ ਪਿੱਛੇ ਪਾ ਦਿੱਤਾ ਗਿਆ ਸੀ। ਵੱਡੇ ਭਾਈ ਨੇ ਉਹ ਦਾ ਵਿਆਹ ਤਾਂ ਜਿਵੇਂ ਕਿਵੇਂ ਕੀਤਾ, ਪਰ ਬਾਅਦ ਵਿਚ ਉਹ ਘਰ ਨਹੀਂ ਟਿਕਿਆ। ਚੁਤਾਲੀ ਪੰਤਾਲੀ ਸਾਲ ਦੀ ਉਮਰ ਸੀ, ਸਭ ਛੱਡ ਛੁਡਾ ਕੇ ਤੁਰ ਗਿਆ, ਸਾਧਾਂ ਦੇ ਸੰਗ। ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ। ਕਹਿੰਦਾ- "ਲੈ ਬਈ ਭੂਰਿਆ, ਘਰ ਵੀ ਤੇਰਾ ਤੇ ਇਹ ਦੋਵੇਂ ਜੁਆਕ ਵੀ ਤੇਰੇ। ਹੁਣ ਤੂੰ ਹੀ ਇਨ੍ਹਾਂ ਨੂੰ ਪਾਲ।"
ਕੁੜੀ ਵੱਡੀ ਸੀ, ਉਦੋਂ ਤੇ ਚੌਦਾਂ ਸਾਲ ਦੀ ਤੇ ਮੁੰਡਾ ਨੌ ਦਸ ਵਰ੍ਹਿਆਂ ਦਾ। ਸਕੂਲ ਜਾਂਦੇ ਸਨ।
ਦੋ ਕੁ ਸਾਲ ਤਾਂ ਮਲਕੀਤ ਚੁੱਪ ਰਹੀ, ਫੇਰ ਮੁੰਡੇ ਕੁੜੀ ਦੀ ਗੱਲ ਨੂੰ ਲੈ ਕੇ ਖਿਝਣ ਲੱਗੀ। ਅਸਲ ਵਿਚ ਮਾਨਸਿਕ ਕਾਰਨ ਇਹ ਹੋਵੇਗਾ ਕਿ ਉਹ ਦੇ ਆਪ ਕੋਈ ਜੁਆਕ ਜੱਲਾ ਨਹੀਂ ਹੋ ਰਿਹਾ ਸੀ। ਉਹ ਆਖਦੀ-"ਕਿਸੇ ਦੇ ਪਾਲ ਕੇ ਮੈਂ ਕੀ ਕਰਨੇ ਨੇ?"
ਭਰਪੂਰ ਤਿੜਕ ਪੈਂਦਾ-'ਕਿਸੇ ਦੇ ਕੀਹਦੇ ਹੋਏ? ਹੁਣ ਤਾਂ ਇਹ ਮੇਰੇ ਨੇ। ਮੈਂ ਈ ਇਨ੍ਹਾਂ ਦਾ ਪਿਓ, ਮੈਂ ਈ ਇਨ੍ਹਾਂ ਦੀ ਮਾਂ।"
"ਤੁਸੀਂ ਮਾਂ ਬਣੋ ਫੇਰ, ਮੈਂ ਇਨ੍ਹਾਂ ਦੀ ਮਾਂ ਕਿਵੇਂ ਹੋਈ?"
ਭਰਪੂਰ ਸਿੰਘ ਨੂੰ ਕਦੇ ਲੱਗਦਾ, ਜਿਵੇਂ ਉਹ ਦੇ ਭਤੀਜਾ ਭਤੀਜੀ ਉਹ ਦੇ ਆਪਣੇ ਹੀ ਸਕੇ ਭੈਣ ਭਰਾ ਹੋਣ। ਧੀ ਪੁੱਤ ਤਾਂ ਹੁਣ ਉਹ ਉਹਦੇ ਸਨ ਹੀ।
ਮਲਕੀਤ ਕਦੇ ਕਦੇ ਬਹੁਤ ਬਦਹਵਾਸ ਹੋ ਉੱਠਦੀ ਤੇ ਕਹਿੰਦੀ-"ਇਨ੍ਹਾਂ ਨੂੰ ਇਨ੍ਹਾਂ ਦੇ ਨਾਨਾ ਨਾਨੀ ਸਾਂਭਣ ਜਾਂ ਕੋਈ ਮਾਮਾ ਮਾਮੀ, ਮੇਰੇ ਇਹ ਕੀ ਲੱਗਦੇ ਨੇ।"
ਝਗੜਾ ਬਹੁਤ ਵਧ ਜਾਂਦਾ ਤਾਂ ਉਹ ਆਖਦੀ-"ਏਸ ਘਰ 'ਚ ਜਾਂ ਤਾਂ ਇਹ ਰਹਿਣਗੇ ਜਾਂ ਮੈਂ ਰਹੂੰਗੀ।"
ਉਹ ਜਵਾਬ ਦਿੰਦਾ-"ਇਹ ਤਾਂ ਇੱਥੇ ਈ ਰਹਿਣਗੇ, ਤੂੰ ਨਹੀਂ ਰਹਿਣਾ, ਨਾ ਰਹਿ। ਜਾਹ, ਜਿੱਧਰ ਨੂੰ ਜੀਅ ਕਰਦੈ ਤੇਰਾ।" ਫੇਰ ਉਹ ਦਾ ਦਿਮਾਗ਼ ਵੀ ਉੱਖੜ ਜਾਂਦਾ ਤੇ ਉਹ ਵੀ ਬੋਲ ਕੁਬੋਲ ਕਰਦਾ-"ਭੈਣ ਚੋ... ਕੁੱਤੀ ਤੀਮੀਂ, ਗੱਲਾਂ ਕੀ ਕਰਦੀ ਹੈ। ਫੰਡਰ ਕਿਤੋਂ ਦੀ। ਆਵਦੇ ਕੁਝ ਹੁੰਦਾ ਨ੍ਹੀਂ, ਤੈਨੂੰ ਦੂਜਿਆਂ ਦੇ ਜੁਆਕ ਕਿਉਂ ਚੰਗੇ ਲੱਗਣ।"
ਐਨੀ ਸੁਣ ਕੇ ਮਲਕੀਤ ਢੈਲੀ ਹੋ ਜਾਂਦੀ ਤੇ ਫੇਰ ਰੋਣ ਲੱਗਦੀ। ਚੁੰਨੀ ਦੇ ਪੱਲੇ ਨਾਲ ਹੰਝੂ ਪੂੰਝ ਪੂੰਝ ਅੱਖਾਂ ਸੁਜਾ ਲੈਂਦੀ।
ਉਨ੍ਹਾਂ ਦਾ ਇਹ ਨਿੱਤ ਦਾ ਕਲੇਸ਼ ਸੀ।
ਮੁੰਡਾ ਹੁਣ ਦਸਵੀਂ ਵਿਚ ਪੜ੍ਹਦਾ ਸੀ, ਕੁੜੀ ਬਾਰ੍ਹਵੀਂ ਵਿਚ। ਦੋਵੇਂ ਹੀ ਚਾਚੀ ਮੂਹਰੇ ਨੀਵੇਂ ਹੋ ਕੇ ਰਹਿੰਦੇ।ਚਾਚੇ ਗਲ ਲੱਗ ਕੇ ਦਿਨ ਕੱਟ ਰਹੇ ਸਨ। ਪੜ੍ਹਨ ਵਿਚ ਦੋਵੇਂ ਹੁਸ਼ਿਆਰ। ਚਾਚੀ ਦੀਆਂ ਕੌੜੀਆਂ ਮੈਲੀਆਂ ਉਹ ਚੁੱਪ ਚਾਪ ਸਹੀ ਜਾਂਦੇ। ਮਲਕੀਤ ਜਾਣ ਬੁੱਝ ਕੇ ਕੁੜੀ 'ਤੇ ਘਰ ਦੇ ਕੰਮਾਂ ਦਾ ਬੋਝ ਪਾਈ ਰੱਖਦੀ, ਪਰ ਕੁੜੀ ਹੁੰਦੜਹੇਲ ਸੀ। ਅੰਗਾਂ ਪੈਰਾਂ ਦੀ ਖੁੱਲੀ ਤੇ ਤਕੜੀ। ਜਿਹੜਾ ਵੀ ਕੰਮ ਕਹਿੰਦੀ, ਕਰਕੇ ਔਹ ਮਾਰਦੀ ਤੇ ਫੇਰ ਆਪਣੀਆਂ ਕਿਤਾਬਾਂ ਲੈ ਕੇ ਬੈਠ ਜਾਂਦੀ। ਧਰਤੀ 'ਤੇ ਨਿਗਾਹ ਗੱਡ ਕੇ ਉਹ ਚਾਚੀ ਦੇ ਚੱਜ ਦੇਖਦੀ ਰਹਿੰਦੀ। ਗੱਲਾਂ ਸੁਣਦੀ ਜ਼ਰੂਰ, ਪਰ ਗੁੱਸਾ ਨਾ ਕਰਦੀ। ਮਲਕੀਤ ਕੁੜੀ ਦੀ ਚੁੱਪ 'ਤੇ ਵੀ ਖਿਝੀ ਜਾਂਦੀ-"ਢਾਂਡਾ ਨਾ ਹੋਵੇ, ਮੱਟਰ ਬਣ ਕੇ ਬੈਠੀ ਰਹਿੰਦੀ ਐ। ਇੱਕ ਨ੍ਹੀਂ ਖਾਨੇ ਪੈਂਦੀ, ਬੁੱਧੂ ਦੇ।" ਮੁੰਡਾ ਖਿਲੰਦੜਾ ਸੀ। ਚਾਚੀ ਦੀਆਂ ਗੱਲਾਂ 'ਤੇ ਹੱਸਦਾ ਰਹਿੰਦਾ। ਕਦੇ ਕਦੇ ਉਹ ਉਹ ਨੂੰ ਫੜਕੇ ਕੁੱਟ ਵੀ ਦਿੰਦੀ। ਉਹ ਇੱਕ ਨਾ ਜਾਣਦਾ। ਬੱਸ ਹੱਸਦਾ। ਚਾਚੀ ਉਹ ਦੇ ਹਾਸੇ ਤੇ ਪਾਗਲ ਹੋ ਉੱਠਦੀ ਤੇ ਬੇਬੱਸ ਹੋ ਕੇ ਹਾਏ ਹਾਏ ਕਰਦੀ ਮੰਜੇ 'ਤੇ ਪੈ ਜਾਂਦੀ। ਮੁੰਡੇ ਕੋਲ ਉਹ ਵਧੀਕੀਆਂ ਦਾ ਜਵਾਬ ਬੱਸ ਹਾਸਾ ਸੀ। ਹਾਸਾ ਵੀ ਤਾਂ ਇੱਕ ਹਥਿਆਰ ਹੁੰਦਾ ਹੈ, ਜੋ ਅਗਲੇ 'ਤੇ ਤਲਵਾਰ ਦੇ ਫੱਟ ਦਾ ਕੰਮ ਕਰਦਾ ਹੈ।
ਉਸ ਦਿਨ ਸਵੇਰ ਤੋਂ ਹੀ ਉਹ ਉਹ ਨੂੰ ਸਮਝਾਉਣ ਲੱਗਿਆ ਹੋਇਆ ਸੀ ਕਿ ਦੇਖ-"ਕੁੜੀ ਨੇ ਆਵਦੇ ਘਰ ਵਗ ਜਾਣੈ। ਵਿਆਹ ਤੋਂ ਬਾਅਦ ਫੇਰ ਕਦੇ ਕਦੇ ਆਇਆ ਕਰੁ ਵਿਚਾਰੀ। ਮੁੰਡਾ ਕਿਸੇ ਕੰਮ ਵਿਚ ਪੈਜੂ। ਕੀ ਪਤਾ, ਇਹਨੂੰ ਕਿੱਥੇ ਨੌਕਰੀ ਮਿਲੂਗੀ। ਇਹ ਜ਼ਰੂਰੀ ਨਹੀਂ, ਬਈ ਇਹ ਘਰੇ ਈ ਬੈਠਾ ਰਹੂ।"
ਉਹ ਕਹਿ ਰਹੀ ਸੀ-"ਮੈਨੂੰ ਕੀ ਹੇਜ ਇਨ੍ਹਾਂ ਦੀ ਪੜ੍ਹਾਈ ਦਾ। ਇਨ੍ਹਾਂ ਦੀ ਪਾਲਣਾ ਦਾ ਇਨ੍ਹਾਂ ਦੇ ਵਿਆਹ ਕਰਨ ਦਾ? ਮੇਰੇ ਇਹ ਕੀ ਲੱਗਦੇ ਨੇ?"
"ਤੇਰਾ ਇਲਾਜ ਕਰਵਾਉਣ ਦੀ ਮੈਂ ਕੋਈ ਕਸਰ ਛੱਡੀ ਐ? ਕਿਹੜਾ ਡਾਕਟਰ-ਡਾਕਟਰਨੀ ਐ, ਜਿੱਥੇ ਮੈਂ ਤੈਨੂੰ ਲੈ ਕੇ ਨ੍ਹੀ ਗਿਆ? ਪਟਿਆਲੇ, ਲੁਧਿਆਣੇ, ਚੰਡੀਗੜ੍ਹ ਤੇ ਔਹ ਦਿੱਲੀ ਤੱਕ ਆਪਾਂ ਜਾ ਆਏ ਆਂ। ਫੇਰ ਦੇਸੀ ਦੁਆਈਆਂ ਬੂਟੀਆਂ ਤੂੰ ਕਰਕੇ ਦੇਖ ਲੀਆਂ। ਕਿੰਨੀਆਂ ਸਿਆਣੀਆਂ ਬੁੜ੍ਹੀਆਂ ਨੂੰ ਘਰ ਲੁਟਾਇਐ ਤੈਂ। ਗੱਲ ਕਰ, ਰੱਬ ਦੇ ਘਰ ਮਿਹਰ ਨ੍ਹੀਂ, ਉਹ ਜਾਣੇ।"
ਉਹ ਦੀ ਦੋ ਪੁੜਾਂ ਵਿਚਾਲੇ ਜਾਨ ਸੀ। ਨਾ ਤਾਂ ਉਹ ਭਤੀਜੇ ਭਤੀਜੀ ਨੂੰ ਕਿਧਰੇ ਕੱਢ ਸਕਦਾ ਸੀ, ਉਹ ਦੇ ਬਗ਼ੈਰ ਹੋਰ ਕੌਣ ਸੀ, ਉਨ੍ਹਾਂ ਦਾ ਤੇ ਨਾ ਉਹ ਮਲਕੀਤ ਨੂੰ ਧੱਕਾ ਦੇ ਸਕਦਾ ਸੀ, ਆਖ਼ਰ ਔਰਤ ਸੀ ਉਹ ਉਹਦੀ। ਔਰਤ ਬਗ਼ੈਰ ਬੰਦਾ ਅੰਧਾ ਵੀ ਨਹੀਂ ਰਹਿੰਦਾ। ਔਰਤ ਨਾਲ ਹੀ ਘਰ ਹੁੰਦਾ ਹੈ। ਔਰਤ ਨਾਲ ਹੀ ਸੰਸਾਰ ਹੁੰਦਾ ਹੈ, ਬੰਦੇ ਦਾ। ਉਹ ਲੰਮੀ ਸੋਚਦਾ, ਕੁੜੀ ਵਿਆਹੀ ਜਾਵੇਗੀ ਤੇ ਮੁੰਡਾ ਕਿਸੇ ਕੰਮ ਵਿਚ ਪੈ ਕੇ ਘਰ ਨਹੀਂ ਰਹੇਗਾ। ਉਹ ਦੀ ਭਵਿੱਖ ਸੋਚਣੀ ਉਹ ਨੂੰ ਧਰਵਾਸ ਦਿੰਦੀ- ਮਲਕੀਤ ਜਦੋਂ ਇਕੱਲੀ ਰਹਿ ਗਈ ਇਹ ਦੀ ਇਕਾਂਤ ਇਹ ਨੂੰ ਵੱਢ ਵੱਢ ਖਾਇਆ ਕਰੇਗੀ, ਕੰਧਾਂ ਭੂਤਾਂ ਬਣ ਉੱਠਣਗੀਆਂ। ਉਦੋਂ ਇਹ ਮੁੰਡੇ ਬਹੂ ਨੂੰ ਆਪਣੇ ਕੋਲ ਰੱਖਣਾ ਲੋਚੇਗੀ। ਕੁੜੀ ਵੀ ਘਰ ਬਾਰ ਵਾਲੀ ਹੋ ਕੇ ਆਉਂਦੀ ਜਾਂਦੀ ਰਹੇਗੀ- ਕਦੇ ਕਦੇ ਆਇਆ ਕਰੇਗੀ, ਇੱਕ ਅੱਧ ਦਿਨ ਰਹੇਗੀ, ਉਦੋਂ ਫੇਰ ਕੀ ਵਿਰੋਧ ਰਹਿ ਜਾਵੇਗਾ ਇਹ ਕੁੜੀ ਦਾ ਕੁੜੀ ਨਾਲ। ਉਹ ਸੋਚਦਾ ਸਮਾਂ ਹੀ ਸਭ ਤੋਂ ਚੰਗੀ ਦਾਰੂ ਐ ਬੰਦੇ ਦੇ ਦੁੱਖਾਂ ਦੀ। ਸਮਾਂ ਸਭ ਸਿਖਾ ਦਿੰਦਾ ਹੈ।
ਹੁਣ ਜਦੋਂ ਉਹ ਨੇ ਸਾਈਕਲ 'ਤੇ ਲੱਤ ਦਿੱਤੀ, ਦੋ ਪੈਡਲ ਹੀ ਮਾਰੇ ਸਨ, ਉਹ ਨੂੰ ਘਰ ਦਾ ਕਲੇਸ਼ ਸਾਰਾ ਭੁੱਲ ਗਿਆ ਤੇ ਇੱਕ ਨਵਾਂ ਕਲੇਸ ਉਹ ਦੇ ਦਿਮਾਗ਼ ਵਿਚ ਘੁੰਮਣ ਲੱਗਿਆ। ਖਤਰਾਣੀ ਸਾਹਮਣੇ ਖੜ੍ਹੀ ਸੀ। ਢਾਕਾਂ 'ਤੇ ਹੱਥ ਰੱਖੇ ਹੋਏ ਤੇ ਜਿਵੇਂ ਉਸੇ ਨੂੰ ਉਡੀਕ ਰਹੀ ਹੋਵੇ। ਉਹ ਜਦੋਂ ਵੀ ਹਰ ਰੋਜ਼ ਘਰੋਂ ਨਿਕਲਦਾ, ਉਹ ਸਾਹਮਣੇ ਆਪਣੇ ਬਾਰ ਦੀ ਉੱਚੀ ਚੌਕੜੀ 'ਤੇ ਖੜ੍ਹੀ ਦੀ ਖੜ੍ਹੀ। ਪਤਾ ਨਹੀਂ ਕਿਉਂ, ਉਹ ਐਨ ਉਸੇ ਵੇਲੇ ਬਾਰ ਵਿਚ ਆ ਖੜ੍ਹਦੀ ਸੀ, ਜਦੋਂ ਭਰਪੂਰ ਸਿੰਘ ਨੇ ਆਪਣੇ ਕੰਮ 'ਤੇ ਜਾਣਾ ਹੁੰਦਾ। ਜਾਂ ਕੀ ਪਤਾ ਦਰਵਾਜ਼ੇ 'ਤੇ ਹਮੇਸ਼ਾ ਹੀ ਇੰਝ ਖੜ੍ਹੇ ਰਹਿਣਾ ਉਹਦੀ ਆਦਤ ਹੋਵੇ। ਆਉਂਦੇ ਜਾਂਦੇ ਬੰਦਿਆਂ ਦਾ ਝਾਕਾ ਲੈਂਦੀ ਹੋਵੇਗੀ।
ਖੱਤਰੀ ਦੀ ਬੱਸ ਅੱਡੇ 'ਤੇ ਚਾਹ ਦੀ ਦੁਕਾਨ ਸੀ। ਸਵੇਰ ਵੇਲੇ ਡਰਾਈਵਰਾਂ-ਕੰਡਕਟਰਾਂ ਲਈ ਆਲੂਆਂ ਵਾਲੇ ਪਰੌਂਠੇ ਵੀ ਬਣਾਉਂਦਾ। ਉਹ ਨੂੰ ਅੰਨ੍ਹੀ ਆਮਦਨ ਸੀ। ਉਨ੍ਹਾਂ ਦੇ ਛੋਟੇ ਛੋਟੇ ਚਾਰ ਜੁਆਕ ਸਨ। ਇੱਕ ਮੁੰਡਾ, ਤਿੰਨ ਕੁੜੀਆਂ। ਖੱਤਰੀ ਬੰਦਾ ਥੰਦਾਰ, ਹਮੇਸ਼ਾ ਮੈਲਾ ਕੁਚੈਲਾ ਰਹਿੰਦਾ। ਉਮਰ ਵਿਚ ਤੀਵੀਂ ਨਾਲੋਂ ਸੀ ਵੀ ਵੱਡਾ। ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਘਰੋਂ ਨਿਕਲ ਜਾਂਦਾ ਤੇ ਰਾਤ ਨੂੰ ਡੂੰਘੇ ਹਨੇਰੇ ਵਾਪਸ ਆਉਂਦਾ। ਚਾਰ ਜਵਾਕ ਜੰਮ ਕੇ ਵੀ ਖਤਰਾਣੀ ਦਾ ਨਰੜਾ ਅਜੇ ਵੀ ਕਾਇਮ ਸੀ। ਜਿਵੇਂ ਨਿਰੀ ਸੰਢ ਦੀ ਸੰਢ ਹੋਵੇ। ਢਾਕਾਂ 'ਤੇ ਹੱਥ ਧਰ ਕੇ ਇਉਂ ਖੜਦੀ ਜਿਵੇਂ ਪਟਿਆਲੇ ਵਾਲਾ ਕੇਸਰ ਪਹਿਲਵਾਨ ਖੜ੍ਹਾ ਹੋਵੇ। ਪਾੜ ਖਾਣ ਵਾਲੀਆਂ ਅੱਖਾਂ। ਭਰਪੁਰ ਨੂੰ ਉਹ ਦੇ ਕੋਲੋਂ ਭੈਅ ਆਉਂਦਾ।
ਜਦੋਂ ਉਹ ਉਨ੍ਹਾਂ ਦੇ ਘਰ ਬਾਰ ਦੇ ਮੂਹਰੇ ਦੀ ਲੰਘਣ ਲੱਗਦਾ। ਉਹ ਖੰਘੂਰ ਮਾਰਦੀ। ਇਹ ਖੰਘੂਰ ਭਰਪੂਰ ਦਾ ਕਾਲਜਾ ਤੱਛਕੇ ਲੈ ਜਾਂਦੀ। ਜਿਵੇਂ ਗੋਲੀ ਵੱਜੀ ਹੋਵੇ। ਉਹ ਘੁੱਟ ਵੱਟ ਕੇ ਲੰਘ ਜਾਂਦਾ। ਕੁਝ ਵੀ ਨਾ ਕਰ ਸਕਦਾ। ਕਦੇ ਕਦੇ ਉਹ ਦਾ ਜੀਅ ਕਰਦਾ ਕਿ ਉਹ ਵੀ ਮੋੜਵੀਂ ਖੰਘੂਰ ਮਾਰ ਦੇਵੇ। ਪਰ ਅਜਿਹਾ ਕਰਨ ਨਾਲ ਤਾਂ ਕੋਈ ਸਿਆਪਾ ਖੜ੍ਹਾ ਹੋ ਜਾਣ ਦਾ ਡਰ ਸੀ। ਕੀ ਦੀ ਕੀ ਗੱਲ ਬਣ ਜਾਣੀ ਸੀ। ਉਹ ਤਾਂ ਆਪਣੇ ਘਰ ਦੇ ਕਲੇਸ਼ ਕਰਕੇ ਪਹਿਲਾਂ ਹੀ ਦੁਖੀ ਸੀ।
ਖੱਤਰੀ ਕਿਸੇ ਪਿੰਡੋਂ ਏਥੇ ਆ ਕੇ ਵਸਿਆ ਸੀ। ਪਹਿਲਾਂ ਸ਼ਾਇਦ ਕਿਸੇ ਹੋਰ ਸ਼ਹਿਰ ਇਹੀ ਚਾਹ ਦੁੱਧ ਦੀ ਦੁਕਾਨ ਕਰਦਾ ਹੁੰਦਾ। ਉੱਥੇ ਉਹ ਦਾ ਧੰਦਾ ਸੰਵਾਰ ਕੇ ਚਲਿਆ ਨਹੀਂ ਹੋਵੇਗਾ। ਏਥੇ ਉਹ ਦੀ ਗੁੱਲੀ ਦਣ ਪੈ ਗਈ ਤਾਂ ਰਪੌੜ ਇਕੱਠੀ ਕਰ ਲਈ। ਏਥੇ ਪਲਾਟ ਲੈ ਕੇ ਨਵਾਂ ਮਕਾਨ ਵੀ ਪਾ ਲਿਆ। ਇਸ ਮਕਾਨ ਵਿਚ ਉਹ ਪਿਛਲੇ ਚਾਰ ਸਾਲਾਂ ਤੋਂ ਹੀ ਰਹਿਣ ਲੱਗਿਆ ਸੀ। ਭਰਪੂਰ ਦਾ ਮਕਾਨ ਤਾਂ ਏਥੇ ਪਿਛਲੇ ਵੀਹ ਸਾਲਾਂ ਤੋਂ ਸੀ। ਗਲੀ ਵਿਚ ਸ਼ਾਇਦ ਸਭ ਤੋਂ ਪੁਰਾਣਾ ਮਕਾਨ। ਹੁਣ ਤਾਂ ਸਾਰੀ ਗਲੀ ਵਸ ਗਈ ਹੈ। ਪਹਿਲਾਂ ਤਾਂ ਕੋਈ ਕੋਈ ਮਕਾਨ ਹੁੰਦਾ ਸੀ ਏਥੇ। ਵਣ ਵਣ ਦੀ ਲੱਕੜੀ ਇਕਠੀ ਹੋ ਕੇ ਬੈਠੀ ਹੋਈ ਹੈ, ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਪਿੰਡ ਦਾ। ਇੱਕ ਦੂਜੇ ਦੇ ਖਾਨਦਾਨ ਬਾਰੇ ਕੀ ਜਾਣਦਾ ਹੈ ਕੋਈ। ਬੱਸ ਏਥੇ ਆ ਕੇ ਕਿਸੇ ਘਰ ਨੇ ਦੂਜੇ ਘਰ ਬਾਰੇ ਜਾਣ ਲਿਆ ਸੋ ਜਾਣ ਲਿਆ ਤੇ ਹੁਣ ਇਸ ਖਤਰਾਣੀ ਦਾ ਕੀ ਪਤਾ ਕਿਸ ਤਰ੍ਹਾਂ ਦੀ ਹੈ ਇਹ?
ਉਹ ਕਿਉਂ ਮਾਰਦੀ ਹੈ ਇਸ ਤਰ੍ਹਾਂ ਖੰਘੂਰ? ਉਹ ਚਿੱਤ ਵਿਚ ਹੱਸਦਾ ਵੀ ਬੰਦੇ ਤਾਂ ਖੰਘੂਰਾ ਮਾਰਦੇ ਦੇਖੇ ਸੀ। ਇਹ ਕਦੇ ਨਹੀਂ ਸੁਣਿਆ ਸੀ ਕਿ ਤੀਵੀਂ ਖੰਘੂਰ ਮਾਰਦੀ ਹੋਵੇ-ਉਹ ਵੀ ਸ਼ਰੇਆਮ। ਉਹ ਅਨੁਮਾਨ ਲਾਉਂਦਾ, ਕਿਤੇ ਉਹਦਾ ਸੰਘ ਨਾ ਖਰਾਬ ਹੋਵੇ। ਪਰ ਬਿਮਾਰ ਗਲ ਦੀ ਖੰਘੂਰ ਤੇ ਸ਼ਰਾਰਤੀ ਗਲ ਦੀ ਖੰਘੂਰ ਵਿਚ ਤਾਂ ਬਹੁਤ ਫ਼ਰਕ ਹੁੰਦਾ ਹੈ। ਉਹ ਨੂੰ ਪੱਕਾ ਯਕੀਨ ਸੀ ਕਿ ਉਹ ਜਾਣ ਬੁੱਝ ਕੇ ਖੰਘੂਰ ਮਾਰਦੀ ਹੈ।
ਦੋ ਕਾਰਨ ਹੋ ਸਕਦੇ ਨੇ, ਉਹ ਨਿਰਣਾ ਕਰਨ ਲੱਗਦਾ-ਜਾਂ ਤਾਂ ਉਹ ਉਹ ਦੇ ਘਰ ਦਾ ਕਲੇਸ਼ ਸੁਣ ਕੇ ਖੰਘੂਰ ਮਾਰਦੀ ਹੈ, ਇੱਕ ਤਰ੍ਹਾਂ ਨਾਲ ਉਹ ਦਾ ਮਜ਼ਾਕ ਉਡਾਉਂਦੀ ਹੋਵੇਗੀ ਜਾਂ ਫਿਰ ਖੰਘੂਰ ਮਾਰ ਕੇ ਉਹ ਨੂੰ ਆਕਰਸ਼ਿਤ ਕਰਦੀ ਹੈ, ਉਹਦੇ 'ਤੇ ਡੋਰੇ ਸੁੱਟਦੀ ਹੈ। ਉਹ ਨੂੰ ਫਸਾਉਣਾ ਚਾਹੁੰਦੀ ਹੈ। ਚਾਹੁੰਦੀ ਹੋਵੇਗੀ, ਇਹ ਦੀ ਆਪਣੀ ਤੀਵੀਂ ਨਾਲ ਤਾਂ ਬਣਦੀ ਨਹੀਂ, ਮੈਂ ਕਿਉਂ ਨਾ ਗੱਠ ਲਵਾਂ ਇਹਨੂੰ। ਖੱਤਰੀ ਤਾਂ ਸਾਰਾ ਦਿਨ ਪੈਸਾ ਕਮਾਉਣ ਵਿਚ ਖਚਿਤ ਰਹਿੰਦਾ ਹੈ। ਘਰ ਆਉਂਦਾ ਹੈ ਤਾਂ ਥੱਕਿਆ ਟੁੱਟਿਆ। ਭਿੱਜ ਕੇ ਕਦੇ ਗੱਲ ਹੀ ਨਹੀਂ ਕਰਦਾ।
ਭਰਪੂਰ ਸਿੰਘ ਘਰੋਂ ਦਸ ਕਦਮ ਵੀ ਨਹੀਂ ਗਿਆ ਹੋਵੇਗਾ ਕਿ ਮੁੜ ਆਇਆ। ਉਹ ਦੀ ਔਰਤ ਉਹ ਨੂੰ ਵਾਪਸ ਘਰ ਵੜਦਾ ਦੇਖ ਕੇ ਹੈਰਾਨ ਹੋਈ। ਉਹ ਦੀਆਂ ਅੱਖਾਂ ਨੇ ਪੁੱਛਿਆ-"ਕਿਉਂ, ਕੀ ਹੋ ਗਿਆ?"
ਭਰਪੂਰ ਸਿੰਘ ਕਹਿੰਦਾ-"ਤੂੰ ਭਲਾਂ ਘਰੋਂ ਨਿਕਲ ਕੇ ਗਲੀ ਵਿਚ ਜਾਹ। ਦੇਖੀਂ...!"
"ਕੀ ਦੇਖਾਂ?" ਉਹ ਹੋਰ ਵੀ ਹੈਰਾਨ।
ਦੇਖੀਏ, ਤੈਨੂੰ ਵੀ ਮਾਰਦੈ ਕੋਈ...।"
"ਕੀ ਮਾਰਦੈ?"
"ਚੱਲ, ਰਹਿਣ ਦੇ।" ਉਹ ਨੇ ਮਨ ਦੀ ਗੱਲ ਮਨ ਵਿਚ ਰੱਖੀ ਤੇ ਫੇਰ ਪਾਣੀ ਦਾ ਗਲਾਸ ਮੰਗਿਆ। ਕਹਿੰਦਾ-"ਲੇਟ ਤਾਂ ਹੁਣ ਹੋਈ ਗਏ ਆਂ, ਚੱਲ ਹੋਰ ਲੇਟ ਸਹੀ।"
ਉਹ ਬੈਠਾ ਬੈਠਾ ਘਰ ਵਿਚ ਮੁੱਕੀਆਂ ਚੀਜ਼ਾਂ ਦੀ ਜਾਣਕਾਰੀ ਲੈਣ ਲੱਗਿਆ। ਫੇਰ ਕੁੱਝ ਚਿਰ ਬਾਅਦ ਉੱਠ ਕੇ ਆਪਣੇ ਦਰਵਾਜ਼ੇ ਤੋਂ ਬਾਹਰ ਗਰਦਨ ਕੱਢੀ ਤੇ ਦੇਖਿਆ, ਖਤਰਾਣੀ ਆਪਣੇ ਬਾਰ ਵਿਚ ਨਹੀਂ ਖੜ੍ਹੀ ਸੀ। ਉਹ ਦਬਾ ਸੈੱਟ ਆਪਣੇ ਸਾਈਕਲ ਨੂੰ ਹੱਥ ਪਾਇਆ ਤੇ ਪੈਡਲਾਂ ਨੂੰ ਅੱਡੀ ਦੇ ਕੇ ਔਹ ਗਿਆ।
ਮਲਕੀਤ ਕੌਰ ਬਹੁਤ ਹੈਰਾਨ ਕਿ ਅੱਜ ਉਹ ਦਾ ਘਰ ਵਾਲਾ ਇਹ ਪਾਗਲਪਨ ਜਿਹਾ ਕੀ ਘੋਟ ਰਿਹਾ ਹੈ।