ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਸਰ
ਰਾਜਿੰਦਰ ਸਿੰਘ ਦੇ ਸਕੂਟਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਸੀ। ਸਕੂਟਰ ਤਾਂ ਜਮ੍ਹਾਂ ਚਿੱਥਿਆ ਗਿਆ, ਪਰ ਰਾਜਿੰਦਰ ਬਚ ਗਿਆ। ਉਹ ਦੇ ਖੱਬੇ ਪੱਟ ਦੀ ਹੱਡੀ ਟੁੱਟ ਗਈ ਤੇ ਖੱਬੀ ਹੀ ਬਾਂਹ ਕੂਹਣੀਓਂ ਥੱਲੇ ਤਿੰਨ ਥਾਂ ਤੋਂ ਕਰੈੱਕ ਸੀ। ਮੱਥੇ ਤੇ ਨੱਕ 'ਤੇ ਡੂੰਘੀਆਂ ਝਰੀਟਾਂ ਸਨ। ਹੁਣ ਉਹ ਦੀ ਲੱਤ ਤੇ ਬਾਂਹ 'ਤੇ ਪਲੱਸਤਰ ਚੜ੍ਹੇ ਹੋਏ ਸਨ। ਮੂੰਹ ਮੱਥੇ ਦੇ ਜ਼ਖ਼ਮ ਠੀਕ ਹੋ ਚੁੱਕੇ ਸਨ। ਉਹ ਘਰੇ ਹੀ ਲੱਕੜ ਦੇ ਤਖ਼ਤਪੋਸ਼ 'ਤੇ ਪਿਆ ਰਹਿੰਦਾ। ਟੱਟੀ ਪਿਸ਼ਾਬ ਬਿਸਤਰੇ 'ਤੇ ਕਰਦਾ। ਉਹ ਦਾ ਸੱਜਾ ਹੱਥ ਕਾਇਮ ਸੀ। ਇਹੀ ਇੱਕ ਹੱਥ ਉਹ ਦੇ ਸਾਰੇ ਸਰੀਰ ਨੂੰ ਸੰਭਾਲਦਾ।
ਮੀਆਂ ਬੀਵੀ ਦੋਵੇਂ ਮੁਲਾਜ਼ਮ ਸਨ। ਉਹ ਸਥਾਨਕ ਬਿਜਲੀ ਬੋਰਡ ਦੇ ਦਫ਼ਤਰ ਵਿਚ ਯੂ. ਡੀ. ਸੀ. ਲੱਗਿਆ ਹੋਇਆ ਸੀ ਤੇ ਕਮਲੇਸ਼ ਕੌਰ ਸਕੂਲ ਅਧਿਆਪਕਾ। ਪਿੰਡ ਦੇ ਹਾਈ ਸਕੂਲ ਵਿਚ। ਇਹ ਪਿੰਡ ਉੱਥੋਂ ਦਸ ਬਾਰਾਂ ਕਿਲੋਮੀਟਰ ਸੀ। ਉਹ ਬੱਸ 'ਤੇ ਜਾਂਦੀ। ਉਨ੍ਹਾਂ ਦੇ ਦੋ ਬੱਚੇ ਸਨ, ਦੋਵੇਂ ਸਕੂਲ ਜਾਂਦੇ। ਮੁੰਡਾ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ ਤੇ ਕੁੜੀ ਛੇਵੀਂ ਵਿਚ। ਉਹ ਇੱਥੋਂ ਦੇ ਸਕੂਲਾਂ ਵਿਚ ਹੀ ਸਨ। ਅੱਡ ਅੱਡ ਸਕੂਲਾਂ ਵਿਚ। ਉਨ੍ਹਾਂ ਦੇ ਘਰ ਤੋਂ ਦੋਵੇਂ ਸਕੂਲ ਦੂਰ ਪੈਂਦੇ ਸਨ। ਇਸ ਕਰਕੇ ਦੋਵੇਂ ਬੱਚੇ ਸਾਈਕਲਾਂ 'ਤੇ ਸਕੂਲ ਜਾਂਦੇ। ਦੁਪਹਿਰ ਦੀ ਰੋਟੀ ਟਿਫ਼ਨਾਂ ਵਿਚ ਪਾ ਕੇ ਨਾਲ ਲੈ ਜਾਂਦੇ। ਸਾਢੇ ਅੱਠ ਪੌਣੇ ਨੌਂ ਸਵੇਰੇ ਘਰੋਂ ਨਿਕਲਦੇ ਤੇ ਸ਼ਾਮ ਦੇ ਸਾਢੇ ਚਾਰ ਤੱਕ ਵਾਪਸ ਆ ਜਾਂਦੇ।
ਇੱਕ ਹਫ਼ਤਾ ਤਾਂ ਕਮਲੇਸ਼ ਛੁੱਟੀ ਲੈ ਕੇ ਘਰ ਬੈਠੀ ਰਹੀ, ਪਰ ਉਹ ਕਿੰਨੇ ਕੁ ਦਿਨ ਸਕੂਲੋਂ ਗ਼ੈਰ ਹਾਜ਼ਰ ਰਹਿ ਸਕਦੀ ਸੀ। ਪਲੱਸਤਰਾਂ ਨੇ ਤਾਂ ਕਦੋਂ ਜਾ ਕੇ ਖੁੱਲ੍ਹਣਾ ਸੀ। ਇੱਕ ਹਫ਼ਤਾ ਹਸਪਤਾਲ ਵਿਚ ਵੀ ਲੱਗ ਗਿਆ ਸੀ। ਉਹ ਦੀਆਂ ਇਤਫ਼ਾਕੀਆ ਛੁੱਟੀਆਂ ਸਾਰੀਆਂ ਖ਼ਤਮ ਹੋ ਚੁੱਕੀਆਂ ਸਨ। ਐਨੇ ਦਿਨ ਮੁੰਡਾ ਕੁੜੀ ਵੀ ਬਾਪ ਕੋਲ ਨਹੀਂ ਬੈਠ ਸਕਦੇ ਸਨ। ਦੋ ਹਫ਼ਤੇ ਉਨ੍ਹਾਂ ਦੇ ਵੀ ਖ਼ਰਾਬ ਹੋ ਗਏ ਸਨ। ਸਾਲਾਨਾ ਪ੍ਰੀਖਿਆ ਨੇੜੇ ਸੀ। ਉਨ੍ਹਾਂ ਦੀ ਪੜ੍ਹਾਈ ਪਿੱਛੇ ਪੈ ਰਹੀ ਸੀ।
ਕਮਲੇਸ਼ ਸਵੇਰੇ ਸਦੇਹਾਂ ਹੀ ਉੱਠਦੀ। ਸਾਰਿਆਂ ਨੂੰ ਚਾਹ ਪਿਆ ਕੇ ਫੇਰ ਰੋਟੀ ਤਿਆਰ ਕਰਦੀ। ਮੁੰਡੇ ਕੁੜੀ ਦੇ ਟਿਫ਼ਨ ਤਿਆਰ ਕਰਦੀ। ਆਪਣਾ ਟਿਫ਼ਨ ਬਣਾ ਲੈਂਦੀ। ਰਾਜਿੰਦਰ ਲਈ ਚਾਰ ਫੁਲਕੇ ਤੇ ਸਬਜ਼ੀ ਦੀ ਕੌਲੀ ਥਰਮੋਵੇਅਰ ਵਿਚ ਬੰਦ ਕਰਕੇ ਰੱਖ ਦਿੰਦੀ। ਅੰਬ ਦਾ ਅਚਾਰ ਤੇ ਦਹੀਂ ਨਾਲ ਪਰੌਠਿਆਂ ਦਾ ਨਾਸ਼ਤਾ ਉਹ ਸਾਰੇ ਕਰ ਲੈਂਦੇ। ਤਿੰਨੇ ਜੀਅ ਘਰੋਂ ਚਲੇ ਜਾਂਦੇ ਤਾਂ ਰਾਜਿੰਦਰ ਇਕੱਲਾ ਰਹਿ ਜਾਂਦਾ। ਅਖ਼ਬਾਰ ਵੱਧ ਤੋਂ ਵੱਧ ਇੱਕ ਘੰਟਾ ਪੜ੍ਹਿਆ ਜਾ ਸਕਦਾ। ਖ਼ਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਕਿੰਨਾ ਕੁ ਚਿਰ ਸੁਣੇ ਜਾ ਸਕਦੇ ਹਨ। ਆਖ਼ਰ ਰੇਡੀਓ ਦੀ ਟੂ.ਟੀ. ਉਹ ਨੂੰ ਬੋਰ ਕਰਨ ਲੱਗਦੀ। ਉਹ ਉਹ ਦੀ ਗਰਦਨ ਮਰੋੜ ਕੇ ਪਰ੍ਹਾਂ ਰੱਖ ਦਿੰਦਾ। ਫੇਰ ਕੰਧਾਂ ਦੀ ਚੁੱਪ ਉਹ ਨੂੰ ਪ੍ਰੇਸ਼ਾਨ ਕਰਨ ਲੱਗਦੀ।
ਸ਼ਹਿਰ ਤੋਂ ਬਾਹਰ ਰੇਲਵੇ ਲਾਈਨ ਟੱਪ ਕੇ ਇਹ ਇੱਕ ਨਵੀਂ ਬਸਤੀ ਸੀ। ਰੇਲਵੇ ਸਟੇਸ਼ਨ ਵੱਲ ਤਾਂ ਚਾਲੀ ਪੰਜਾਹ ਮਕਾਨ ਪੈ ਚੁੱਕੇ ਸਨ, ਪਰ ਏਧਰ ਦੂਰ ਪੰਜ ਸੱਤ ਮਕਾਨ ਹੀ ਹਾਲੇ ਬਣੇ ਸਨ। ਇਨ੍ਹਾਂ ਮਕਾਨਾਂ ਤੋਂ ਪਰ੍ਹੇ ਤਾਂ ਫੇਰ ਖੇਤ ਸ਼ੁਰੂ ਹੋ ਜਾਂਦੇ। ਇਹ ਪੰਜ ਸੱਤ ਮਕਾਨ ਇੱਕ ਦੂਜੇ ਤੋਂ ਕਈ ਕਈ ਖ਼ਾਲੀ ਪਲਾਟ ਛੱਡ ਕੇ ਸਨ। ਉਜਾੜ ਜਿਹੀ ਹੋਣ ਕਰਕੇ ਇਹ ਘਰ ਆਪਸ ਵਿਚ ਖ਼ਾਸ ਮੇਲ ਮਿਲਾਪ ਰੱਖਦੇ। ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ। ਅਲੱਗ ਅਲੱਗ ਪਿੰਡਾਂ ਦੇ ਲੋਕ ਸਨ, ਅਲੱਗ ਅਲੱਗ ਜ਼ਾਤ ਬਰਾਦਰੀ ਦੇ।
ਜਦੋਂ ਰਾਜਿੰਦਰ ਘਰ ਵਿਚ ਇਕੱਲਾ ਰਹਿ ਜਾਂਦਾ ਤਾਂ ਗੁਆਂਢੀ ਘਰਾਂ ਵਿਚੋਂ ਕੋਈ ਔਰਤ ਉਹ ਦੇ ਕੋਲ ਆਉਂਦੀ ਤੇ ਉਹ ਨੂੰ ਪਾਣੀ ਧਾਣੀ ਪੁੱਛ ਜਾਂਦੀ। ਕੋਈ ਉਹ ਨੂੰ ਚਾਹ ਕਰਕੇ ਦੇ ਜਾਂਦੀ। ਕੋਈ ਬੁੜ੍ਹੀ ਗੇੜਾ ਮਾਰਦੀ ਤੇ ਖਾਸਾ ਖਾਸਾ ਚਿਰ ਏਧਰ ਓਧਰ ਦੀਆਂ ਗੱਲਾਂ ਕਰਦੀ ਬੈਠੀ ਰਹਿੰਦੀ। ਲਖਵਿੰਦਰ ਦੁਪਹਿਰ ਦੀ ਰੋਟੀ ਖਵਾ ਕੇ ਜਾਂਦੀ। ਉਹ ਦਾ ਇੱਕ ਅੱਧ ਲੀੜਾ ਕੱਪੜਾ ਵੀ ਧੋ ਦਿੰਦੀ।
ਲਖਵਿੰਦਰ ਦਾ ਪਤੀ ਸ਼ਹਿਰ ਵਿਚ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਉਨ੍ਹਾਂ ਦਾ ਚਾਰ ਕੁ ਸਾਲ ਦਾ ਇੱਕ ਮੁੰਡਾ ਸੀ। ਹਾਲੇ ਉਹ ਨੂੰ ਸਕੂਲ ਨਹੀਂ ਭੇਜਣ ਲੱਗੇ ਸਨ।
ਇੱਕ ਹੋਰ ਔਰਤ ਸੀ ਬਿਮਲਾ। ਉਹ ਦੇ ਪਤੀ ਦੀ ਕੱਪੜੇ ਦੀ ਦੁਕਾਨ ਸੀ। ਉਨ੍ਹਾਂ ਦੇ ਚਾਰ ਬੱਚੇ ਸਨ-ਤਿੰਨ ਕੁੜੀਆਂ, ਇੱਕ ਮੁੰਡਾ। ਵੱਡੀ ਕੁੜੀ ਵਿਆਹੀ ਹੋਈ ਸੀ। ਇੱਕ ਕੁੜੀ ਕਾਲਜ ਜਾਂਦੀ ਤੇ ਛੋਟੇ ਮੁੰਡਾ ਕੁੜੀ ਸਕੂਲ ਪੜ੍ਹਦੇ ਸਨ।
ਇੱਕ ਸੀ-ਨਿਰਮਲ ਕੌਰ। ਰੇਲਵੇ ਸਟੇਸ਼ਨ ਦੇ ਨਾਲ ਹੀ ਉਨ੍ਹਾਂ ਦੀ ਲੱਕੜਾਂ ਦੀ ਟਾਲ ਸੀ। ਬਾਬੂ ਸਿੰਘ ਨੂੰ ਬਹੁਤ ਆਮਦਨ ਸੀ। ਉਹ ਪਿੰਡ ਵਿਚ ਜਾ ਕੇ ਸਸਤੇ ਭਾਅ ਦਰੱਖ਼ਤ ਪੁਟਵਾ ਲਿਆਉਂਦਾ, ਆਰੇ ਤੋਂ ਚਿਰਵਾ ਕੇ ਫੱਟ ਬਾਲੇ ਅੱਡ ਕੱਢ ਲੈਂਦਾ ਤੇ ਫਾਲਤੂ ਲੱਕੜ ਨੂੰ ਬਾਲਣ ਬਣਾ ਬਣਾ ਕੇ ਵੇਚਦਾ-ਕੰਡੇ 'ਤੇ ਐਨ ਪੂਰਾ ਤੋਲ ਦਿੰਦਾ, ਸੋਨੇ ਵਾਂਗੂੰ। ਮਜ਼ਾਲ ਐ, ਕਿਸੇ ਨੂੰ ਪਾਓ ਭਰ ਲੱਕੜ ਦਾ ਟੁਕੜਾ ਵੱਧ ਚਲਿਆ ਜਾਵੇ। ਵਾਕੜ ਵਾਕੜ ਦਾ ਹਿਸਾਬ ਲੈਂਦਾ। ਨਿਰਮਲ ਕੌਰ ਹਰ ਤੀਜੇ ਸਾਲ ਜੁਆਕ ਜੰਮਦੀ। ਮੁੰਡੇ ਤੋਂ ਬਾਅਦ ਚਾਰ ਕੁੜੀਆਂ ਹੋ ਚੁੱਕੀਆਂ ਸਨ। ਉਹ ਚਾਹੁੰਦੀ ਸੀ, ਮੁੰਡਿਆਂ ਦੀ ਜੋੜੀ ਹੋਵੇ। "ਕੱਲੀ ਹੋਵੇ ਨਾ ਵਣਾਂ ਵਿਚ ਲੱਕੜੀ...।" ਬਾਬੂ ਸਿੰਘ ਦੀ ਸ਼ਾਹੀ ਠਾਠ ਸੀ। ਇੱਕ ਪਊਆ ਆਥਣੇ ਨਿੱਤ ਪੀਂਦਾ, ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ।
ਗੁਰਦਿਆਲ ਕੁਰ ਮੱਚੀ ਬੁਝੀ ਔਰਤ ਘਰੇ ਹੁੰਦੀ ਤਾਂ ਆਪਣੀਆਂ ਦੋਵੇਂ ਨੂੰਹਾਂ ਨੂੰ ਬੁੜ ਬੁੜ ਕਰਦੀ ਰਹਿੰਦੀ। ਘਰੋਂ ਬਾਹਰ ਗੁਆਂਢੀਆਂ ਦੇ ਜਾ ਕੇ ਉਨ੍ਹਾਂ ਦੀਆਂ ਚੁਗਲੀਆਂ ਕਰਦੀ। ਕਦੇ ਖੁਸਰਿਆਂ ਵਾਂਗ ਹੱਥ 'ਤੇ ਹੱਥ ਮਾਰ ਕੇ ਤਾੜੀ ਪਾਉਂਦੀ ਤੇ ਉੱਚਾ ਉੱਚਾ ਬੋਲ ਕੇ ਨੂੰਹਾਂ ਦੀ ਅਕਲ ਦਾ ਮਜ਼ਾਕ ਉਡਾਉਂਦੀ। ਉਨ੍ਹਾਂ ਦੀਆਂ ਸਾਂਗਾਂ ਲਾਹੁੰਦੀ। ਬੜੀ ਕਮਜ਼ਾਤ ਤੀਵੀਂ ਸੀ। ਪਰ ਰਾਜਿੰਦਰ ਸਿੰਘ ਦੇ ਘਰ ਆ ਕੇ ਉਹ ਵੀ ਉਹ ਦੀ ਸੁੱਖ ਸਾਂਦ ਦਾ ਪਤਾ ਲੈਂਦੀ। ਗੁਰਦਿਆਲ ਕੁਰ ਦਾ ਘਰ ਵਾਲਾ ਚੰਦਾ ਸਿੰਘ ਨਹਿਰੀ ਪਟਵਾਰੀ ਸੀ। ਨੇੜੇ ਤੇੜੇ ਹੀ ਕਿਸੇ ਪਿੰਡ ਉਹ ਲੱਗਿਆ ਹੁੰਦਾ। ਸ਼ਾਮ ਨੂੰ ਘਰ ਆ ਜਾਂਦਾ। ਉਹ ਦੇ ਮੁੰਡੇ ਮ੍ਹੈਸਾਂ ਦੇ ਵਪਾਰੀ ਸਨ। ਗੁਰਦਿਆਲੋ ਆਪਣੀਆਂ ਨੂੰਹਾਂ ਨੂੰ ਕਦੇ ਕਿਸੇ ਗੁਆਂਢੀ ਦੇ ਘਰ ਨਹੀਂ ਜਾਣ ਦਿੰਦੀ ਸੀ।
ਕਮਲੇਸ਼ ਦਾ ਸੁਭਾਓ ਬਣਾ ਰਲੌਟਾ ਸੀ। ਉਹ ਸਾਰਿਆਂ ਗੁਆਂਢੀ ਘਰਾਂ ਵਿਚ ਆਉਂਦੀ ਜਾਂਦੀ। ਹਰ ਘਰ ਨਾਲ ਵਰਤ ਵਿਹਾਰ ਰੱਖਦੀ। ਚੀਜ਼ਾਂ ਲੈਂਦੀ ਦਿੰਦੀ ਰਹਿੰਦੀ। ਪਰ ਲਖਵਿੰਦਰ, ਬਿਮਲਾ, ਨਿਰਮਲ ਕੌਰ ਤੇ ਗੁਰਦਿਆਲ ਕੁਰ ਤਾਂ ਉਹ ਦੇ ਬਹੁਤਾ ਹੀ ਨੇੜੇ ਸਨ। ਜਿਵੇਂ ਇੱਕੋ ਘਰ ਦੀਆਂ ਹੋਣ।ਗੁਰਦਿਆਲ ਕੁਰ ਦੀਆਂ ਨੂੰਹਾਂ ਵੀ ਚੰਗੀਆਂ ਸਨ, ਮਿਲਵਰਤਣ ਰੱਖਣ ਵਾਲੀਆਂ। ਕਮਲੇਸ਼ ਜਦੋਂ ਪਟਵਾਰੀ ਦੇ ਘਰ ਜਾਂਦੀ, ਨੂੰਹਾਂ ਨਾਲ ਗੱਲਾਂ ਕਰਦੀ। ਗੁਰਦਿਆਲ ਕੁਰ ਨੂੰ ਉਹ ਦੇ 'ਤੇ ਸ਼ੱਕ ਨਹੀਂ ਸੀ, ਨਹੀਂ ਤਾਂ ਉਹ ਹੋਰ ਕਿਸੇ ਤੀਵੀਂ ਨੂੰ ਆਪਣੀਆਂ ਨੂੰਹਾਂ ਕੋਲ ਬੈਠਣ ਨਹੀਂ ਦਿੰਦੀ ਸੀ। ਆਖਦੀ- "ਬਿਗਾਨੀ ਤਾਂ ਬੱਤੀਆਂ ਪੜ੍ਹਾਊਗੀ।"
ਰਾਜਿੰਦਰ ਸਿੰਘ ਜਦੋਂ ਕਿ ਹੁਣ ਮੰਜੇ 'ਤੇ ਪਿਆ ਹੋਇਆ ਸੀ, ਉੱਠਣ ਬੈਠਣ ਜੋਗਾ ਨਹੀਂ ਸੀ, ਕਮਲੇਸ਼ ਤੇ ਦੋਵੇਂ ਬੱਚੇ ਘਰੋਂ ਤੁਰ ਜਾਂਦੇ ਤਾਂ ਉਹਦਾ ਸੰਸਾਰ ਖਾਲੀ ਹੋ ਜਾਂਦਾ। ਖੁੱਲ੍ਹੇ ਬਾਰ ਕਮਰੇ ਰੋਹੀ ਬੀਆਬਾਨ ਦੀ ਸਰਾਂ ਜਾਪਦੇ। ਉਹ ਨੂੰ ਆਪਣੇ ਕਮਰੇ ਦੀਆ ਕੰਧਾਂ ਤੇ ਛੱਤ ਬਹੁਤ ਨੇੜੇ ਨੇੜੇ ਲੱਗਦੀਆਂ, ਜਿਵੇਂ ਉਹ ਦੇ 'ਤੇ ਡਿੱਗਣ ਨੂੰ ਆ ਰਹੀਆਂ ਹੋਣ।
ਲਖਵਿੰਦਰ ਉਹ ਦਾ ਐਨਾ ਕਰਕੇ ਜਾਂਦੀ, ਉਹ ਨੂੰ ਬੜੀ ਚੰਗੀ ਲੱਗਦੀ। ਉਹ ਦੁਪਹਿਰ ਦੀ ਰੋਟੀ ਖਾ ਰਿਹਾ ਹੁੰਦਾ, ਓਨਾ ਚਿਰ ਉਹ ਉਹ ਦੇ ਕੋਲ ਬੈਠੀ ਰਹਿੰਦੀ। ਰੋਟੀ ਤੋਂ ਬਾਅਦ ਚਾਹ ਦਾ ਕੱਪ ਬਣਾ ਦਿੰਦੀ। ਉਹ ਦਾ ਬਿਸਤਰਾ ਠੀਕ ਕਰਦੀ, ਚਾਦਰ ਸਰ੍ਹਾਣਾ ਬਦਲ ਦਿੰਦੀ। ਉਹ ਦੇ ਉੱਤੇ ਰਜ਼ਾਈ ਠੀਕ ਕਰਕੇ ਦੇ ਦਿੰਦੀ। ਉਹਦੇ ਸਿਰ ਦਾ ਜੂੜਾ ਖੁੱਲ੍ਹ ਗਿਆ ਹੁੰਦਾ ਤਾਂ ਕੰਘਾ ਲੈ ਕੇ ਪਹਿਲਾਂ ਵਾਲ ਵਾਹੁੰਦੀ, ਫੇਰ ਗੁੱਤ ਜਿਹੀ ਕਰਕੇ ਜੂੜਾ ਬੰਨ੍ਹ ਦਿੰਦੀ। ਐਨਾ ਤਾਂ ਕਮਲੇਸ਼ ਉਹਦੀ ਆਪਣੀ ਔਰਤ ਵੀ ਨਹੀਂ ਕਰਦੀ ਸੀ।
ਲਖਵਿੰਦਰ ਨਾਲ ਕਮਲੇਸ਼ ਦਾ ਸਾਰੀਆਂ ਨਾਲੋਂ ਵੱਧ ਸਹੇਲਪੁਣਾ ਸੀ। ਐਨਾ ਤਾਂ ਸਕੀਆਂ ਭੈਣਾਂ ਵੀ ਇੱਕ ਦੂਜੀ ਦਾ ਨਹੀਂ ਕਰਦੀਆਂ ਹੁੰਦੀਆਂ।
ਇੱਕ ਦਿਨ...ਬੜਾ ਮਨਹੂਸ ਦਿਨ ਸੀ ਉਹ। ਲਖਵਿੰਦਰ ਦੁਪਹਿਰ ਦੀ ਰੋਟੀ ਖਵਾਉਣ ਆਈ। ਉੱਥੇ ਹੀ ਕਮਰੇ ਵਿਚ ਰਾਜਿੰਦਰ ਦੇ ਸਾਹਮਣੇ ਕੁਰਸੀ 'ਤੇ ਬੈਠੀ ਸੀ। ਉਹ ਨੇ ਪਾਣੀ ਦਾ ਗਲਾਸ ਚੁੱਕ ਕੇ ਫੜਾਇਆ ਤਾਂ ਰਾਜਿੰਦਰ ਤੋਂ ਉਹਦੀਆਂ ਉਂਗਲਾਂ ਘੁੱਟੀਆਂ ਗਈਆਂ, ਜਿਵੇਂ ਜਾਣ ਬੁੱਝ ਕੇ ਉਹ ਨੇ ਗਲਾਸ ਫੜਨ ਦੀ ਥਾਂ ਉਹ ਦੀਆਂ ਉਂਗਲਾਂ ਨੂੰ ਫੜਿਆ ਹੋਵੇ।
ਲਖਵਿੰਦਰ ਨੇ ਝੱਟ ਮੂੰਹ ਪਰ੍ਹਾਂ ਭੰਵਾ ਲਿਆ, ਬੋਲੀ ਨਹੀਂ, ਕਮਰੇ ਵਿਚੋਂ ਬਾਹਰ ਹੋ ਗਈ ਤੇ ਉਨ੍ਹਾਂ ਦੇ ਘਰੋਂ ਉਸੇ ਵੇਲੇ ਚਲੀ ਗਈ। ਅਗਲੇ ਦਿਨ ਕਮਲੇਸ਼ ਨੇ ਰੋਟੀ ਤਿਆਰ ਕੀਤੀ। ਚਾਰਾਂ ਨੇ ਨਾਸ਼ਤਾ ਕੀਤਾ ਤੇ ਫੇਰ ਉਹ ਤਿੰਨੇ ਘਰੋਂ ਚਲੇ ਗਏ। ਘਰ ਵਿਚ ਚੁੱਪ ਦਾ ਸੰਸਾਰ ਪਸਰਣ ਲੱਗਿਆ। ਦੁਪਹਿਰ ਤੱਕ ਕੋਈ ਨਹੀਂ ਆਇਆ। ਦੁਪਹਿਰ ਦੀ ਰੋਟੀ ਦਾ ਵੇਲਾ ਵੀ ਲੰਘ ਗਿਆ। ਘੰਟਾ ਭਰ ਉਹ ਲਖਵਿੰਦਰ ਨੂੰ ਉਡੀਕਦਾ ਰਿਹਾ। ਫੇਰ ਉਹ ਨੂੰ ਲੱਗਿਆ, ਜਿਵੇਂ ਕੋਈ ਗੱਲ ਹੈ। ਆਂਢ ਗੁਆਂਢ ਨੂੰ ਜਿਵੇਂ ਕੋਈ ਕਸਰ ਹੋ ਗਈ ਹੋਵੇ।
ਆਥਣ ਨੂੰ ਕਮਲੇਸ਼ ਆਈ, ਥਰਮੌਵੇਅਰ ਵਿਚ ਫੁਲਕੇ ਤੇ ਸਬਜ਼ੀ ਉਵੇਂ ਦੇ ਉਵੇਂ ਦੇਖ ਕੇ ਪੁੱਛਣ ਲੱਗੀ-"ਅੱਜ ਕੀ ਗੱਲ ਜੀ, ਭੁੱਖ ਨ੍ਹੀ ਲੱਗੀ?" ਫੇਰ ਉਹ ਨੇ ਰਸੋਈ ਵਾਲੀ ਜਾਲੀ ਵਿਚ ਪਿਆ ਦੁੱਧ ਦੇਖਿਆ, ਕਹਿੰਦੀ-"ਦੁੱਧ ਵੀ ਛੇੜਿਆ ਨ੍ਹੀ ਲੱਗਦਾ। ਕੀ ਚਾਹ ਵੀ ਨੀ ਪੀਤੀ?"
ਰਾਜਿੰਦਰ ਸਭ ਸੁਣਦਾ ਜਾ ਰਿਹਾ ਸੀ। ਪਰ ਉਹ ਕੋਈ ਜਵਾਬ ਨਹੀਂ ਦਿੰਦਾ ਸੀ। ਉਹ ਦਾ ਚਿਹਰਾ ਉਤਰਿਆ ਹੋਇਆ ਸੀ। ਅੱਖਾਂ ਵਿਚ ਉਦਾਸੀ ਤੇ ਪਛਤਾਵੇ ਦਾ ਰਲਿਆ ਮਿਲਿਆ ਰੰਗ ਸੀ। ਕਮਲੇਸ਼ ਕੌਰ ਨੂੰ ਲੱਗਿਆ ਜਿਵੇਂ ਰਾਜਿੰਦਰ ਨੂੰ ਕੋਈ ਕਸਰ ਹੋ ਗਈ ਹੋਵੇ। ਜਿਵੇਂ ਨਾ ਉਹ ਕੁਝ ਸੁਣਦਾ ਹੋਵੇ ਤੇ ਨਾ ਉਹ ਆਪਣੀ ਜ਼ੁਬਾਨ ਹਿਲਾ ਸਕਦਾ ਹੋਵੇ। ਬੱਚੇ ਵੀ ਸਕੂਲਾਂ ਤੋਂ ਆ ਚੁੱਕੇ ਸਨ। ਪਾਪਾ ਦਾ ਕੁਮਲਾਇਆ ਮੂੰਹ ਦੇਖ ਕੇ ਉਹ ਵੀ ਬਿੱਡਰੀਆਂ ਡਰੀਆਂ ਅੱਖਾਂ ਨਾਲ ਉਹ ਦੇ ਵੱਲ ਝਾਕ ਰਹੇ ਸਨ। ਕਮਲੇਸ਼ ਨੇ ਚਾਹ ਬਣਾਈ, ਸਭ ਨੇ ਪੀਤੀ, ਰਾਜਿੰਦਰ ਨੇ ਵੀ ਪੀ ਲਈ। ਫੇਰ ਉਹ ਗੁਆਂਢੀ ਘਰਾਂ ਵਿਚ ਗਈ। ਕੋਈ ਵੀ ਉਹ ਦੇ ਨਾਲ ਸਿੱਧੇ ਮੂੰਹ ਨਹੀਂ ਬੋਲੀ। ਲਖਵਿੰਦਰ ਨੇ ਅੱਖਾਂ ਭਰ ਲਈਆਂ ਸਨ, ਪਰ ਸ਼ਿਕਾਇਤ ਕੋਈ ਨਹੀਂ। ਕਮਲੇਸ਼ ਨੂੰ ਕੋਈ ਔਰਤ ਕੁਝ ਨਹੀਂ ਦੱਸ ਰਹੀ ਸੀ, ਕੋਈ ਕੁਝ ਨਹੀਂ ਕਹਿ ਰਹੀ ਸੀ। ਗੁਰਦਿਆਲ ਕੁਰ ਵੀ ਨਹੀਂ।