ਰਾਜਾ ਧਿਆਨ ਸਿੰਘ/੩
੩.
ਆਪਣੇ ਸ਼ਾਨਦਾਰ ਮਹੱਲ ਵਿਚ ਇਕ ਸੁੰਦਰ ਪਲੰਗ ਉਤੇ ਪਿਆ ਧਿਆਨ ਸਿੰਘ ਆਪਣੇ ਹੀ ਆਪ ਬੁੜ ਬੜਾ ਰਿਹਾ ਹੈ। ‘‘ਕੁਦਰਤ ਸਾਥ ਦੇ ਰਹੀ ਹੈ, ਤਕਦੀਰ ਦਾ ਪਾਸਾ ਸਿਧਾ ਪਿਆ ਹੋਇਆ ਹੈ, ਸ਼ੇਰੇ ਪੰਜਾਬ ਮੁਠੀ ਵਿਚ ਆ ਚੁਕਿਆ ਹੈ, ਦੌਲਤ ਹੈ, ਰਾਜ-ਦਰਬਾਰ ਵਿਚ ਮਾਨ ਏ ਪਰ ਇਸ ਦਾ ਫਾਇਦਾ ਕੀ? ਚਾਹੀਦਾ ਤਾਂ ਇਹ ਹੈ ਕਿ ਰਾਜ ਦਰਬਾਰ ਹੀ ਆਪਣਾ ਹੋਵੇ। ਭਲਾ ਖੜਕ ਸਿੰਘ ਕੌਣ ਏ ਤਖ਼ਤ ਪਰ ਬਹਿਣ ਵਾਲਾ। ਨਿਰਾ ਝੁਡੂ। ਫੇਰ ਪਤਾ ਨਹੀਂ ਮਹਾਰਾਜ ਉਸ ਨੂੰ ਤਖ਼ਤ ਦੇਣ ਲਈ ਕਿਉਂ ਬਜ਼ਿਦ ਹਨ। ਕੀ ਹੀਰਾ ਸਿੰਘ ਨਾਲ ਉਸ ਦਾ ਪਿਆਰ ਨਿਰਾ ਵਿਖਾਵਾ ਹੀ ਹੈ? ਨਹੀਂ ਤਾਂ ਉਹ ਹਰ ਤਰ੍ਹਾਂ ਰਾਜ ਦੇ ਜੋਗ ਹੈ............ਪਰ ਮੈਂ ਭੁਲਦਾ ਹਾਂ। ਰਾਜ ਇਸ ਤਰ੍ਹਾਂ ਥੋੜੇ ਮਿਲਦੇ ਹਨ। ਰਾਜ ਲਈ ਖੂਨ ਦੇ ਦਰਿਆ ਤਰਨੇ ਪੈਂਦੇ ਹਨ, ਮੈਂ ਤਰਾਂਗਾ! ਜ਼ਰੂਰ ਤਰਾਂਗਾ!! ਪੰਜਾਬ ਦਾ ਰਾਜ ਹਾਸਲ ਕਰਕੇ.........’’
ਉਸ ਦੇ ਖਿਆਲਾਂ ਦੀ ਡੋਰ ਹਾਲਾਂ ਇਥੇ ਹੀ ਪੁਜੀ ਸੀ ਕਿ ਗੁਲਾਬ ਸਿੰਘ ਅਚਾਨਕ ਅੰਦਰ ਆ ਗਿਆ, ਦੋਵੇਂ ਭਰਾ ਬੜੇ ਸਤਿਕਾਰ ਨਾਲ ਮਿਲੇ ਜੱਫੀਆਂ ਪਾ ਕੇ; ਫੇਰ ਇਸ ਤਰ੍ਹਾਂ ਗੱਲਾਂ ਵਿਚ ਰੁਝ ਗਏ।
ਗੁਲਾਬ ਸਿੰਘ-ਕੀ ਸੋਚ ਰਹੇ ਸਾਓ!
ਧਿਆਨ ਸਿੰਘ-ਭਰਾ ਕੀ ਦੱਸਾਂ, ਮਹਾਰਾਜਾ ਖੜਕ ਸਿੰਘ ਨੂੰ ਤਖਤ ਉਤੇ ਬਿਠਾਉਣ ਦੀ ਵਿਚਾਰ ਕਰ ਰਹੇ ਹਨ।
ਗੁਲਾਬ ਸਿੰਘ- ‘‘ਫੇਰ?’’
‘‘ਫੇਰ ਕੀ, ਅਸੀਂ ਇਥੇ ਕਿਸ ਲਈ ਬੈਠੇ ਹਾਂ?’’
‘‘ਭੋਲੇ ਵੀਰ! ਹੌਸਲੇ ਤੇ ਤਹੱਮਲ ਤੋਂ ਕੰਮ ਲਓ। ਜਿਥੇ ਪ੍ਰਮਾਤਮਾਂ ਨੇ ਇੰਨਾ ਕੁਝ ਕੀਤਾ ਹੈ, ਬਾਕੀ ਭੀ ਠੀਕ ਕਰੇਗਾ।’’
‘‘ਭਰਾ ਜੀ! ਮੈਂ ਤਾਂ ਨਹੀਂ ਸਹਾਰ ਸਕਦਾ ਕਿ ਸਾਡੇ ਖਾਨਦਾਨ ਦੇ ਹੱਥੋਂ ਇਹ ਆਇਆ ਆਇਆ ਰਾਜ ਨਿਕਲੇ।’’
‘‘ਤੁਹਾਡੀ ਸਿਆਣਪ ਨਹੀਂ ਨਿਕਲਣ ਦੇਵੇਗੀ, ਇਸ ਦੀ ਮੈਨੂੰ ਆਸ ਹੈ।’’
‘‘ਮੇਰੀ ਇਛਿਆ ਹੈ ਕਿ ਤੁਹਾਨੂੰ ਕਸ਼ਮੀਰ ਤੇ ਉਤਰ ਪੱਛਮੀ ਸੂਬੇ ਦੇ ਦੇਵਾਂ ਤੇ ਆਪ ਪੰਜਾਬ ਦਾ ਰਾਜ ਕਰਾਂ? ’’
‘‘ਮੈਨੂੰ ਮਨਜ਼ੂਰ ਹੈ।’’
‘‘ਫੇਰ ਜ਼ਰਾ ਤਕੜੇ ਹੋ ਕੇ ਕੰਮ ਕਰੋ। ਹਾਂ, ਸਚ ਨਲੂਏ ਦਾ ਕੰਡਾ ਕਿਵੇਂ ਕੱਢੀਏ, ਇਹ ਬੜਾ ਖਤਰਨਾਕ ਏ।’’
‘‘ਹੁਣ ਤਾਂ ਮਹਾਰਾਜਾ ਨੇ ਸਾਡੀ ਹਿੱਕ ਉਤੇ ਦੀਵਾ ਬਾਲ ਦਿੱਤਾ ਏ।"
ਕਿਸ ਤਰ੍ਹਾਂ?’’
“ਕਸ਼ਮੀਰ ਵਿਚ ਪਖੇਲੀ ਤੇ ਧਮਤੂਰ ਦਾ ਇਲਾਕਾ
‘‘ਹਲਾ!’’
‘‘ਹਾਂ!’’
‘‘ਤੇ ਉਥੋਂ ਦੇ ਮੁਸਲਮਾਨਾਂ ਨੂੰ ਚੁਕ ਕੇ ਉਸ ਦੇ ਗੱਲ ਪਾ ਦੇਣਾ ਸੀ।’’
‘‘ਭਰਾ ਜੀ! ਵੇਖ ਚੁਕਿਆ ਹਾਂ, ਸਭ ਕੁਝ ਕਰਕੇ।’’
‘‘ਫੇਰ!’’
‘‘ਫੇਰ ਕੀ ਭਲਾ ਉਸ ਸ਼ੇਰ ਦੇ ਅਗੇ ਕੋਈ ਠਹਿਰਦਾ ਏ। ਪਿੰਡਾਂ ਦੇ ਪਿੰਡ ਫਨਾਹ ਕਰ ਦਿੱਤੇ ਨੇ ਉਸ ਨੇ।’’
‘‘ਫੇਰ ਕੋਈ ਹੋਰ ਇਲਾਜ ਕਰੋ ਨਾ, ਉਸ ਦਾ ਕੰਡਾ ਕੱਢਣ ਤੋਂ ਬਿਨਾਂ ਤਾਂ ਕੰਮ ਨਹੀਂ ਬਣਨਾ।"
‘‘ਚੰਗਾ।’’
ਇਸ ਦੇ ਪਿਛੋਂ ਦੋਹਾਂ ਭਰਾਵਾਂ ਨੇ ਕੰਨਾਂ ਵਿਚ ਥੋੜਾ ਦੇਰ ਘੁਸਰ ਮੁਸਰ ਕੀਤੀ ਤੇ ਗੁਲਾਬ ਸਿੰਘ ਚਲਿਆ ਗਿਆ। ਉਹ ਅੱਜ ਪਿਸ਼ਾਵਰ ਜਾ ਰਿਹਾ ਹੈ। ਉਥੋਂ ਦਾ ਗਵਰਨਰ ਬਣ ਕੇ।
___________