ਯਾਦਾਂ/ਪੰਛੀਆਂ ਦੀ ਪੁਕਾਰ

ਪੰਛੀਆਂ ਦੀ ਪੁਕਾਰ

ਅਸੀਂ ਗਰੀਬ ਨਿਮਾਨੇ ਪੰਛੀ,
ਮੂੰਹੋਂ ਬੋਲ ਨਾ ਸੱਕੀਏ।
ਐ ਇਨਸਾਨ ਰਹਮ ਤੇਰੇ ਵਲ,
ਕਦ ਦੇ ਬਿਟ ਬਿਟ ਤਕੀਏ।
ਰੰਗ ਬਰੰਗੀ ਪਹਿਨ ਪੁਸ਼ਾਕਾਂ,
ਦੁਨੀਆਂ ਅਸੀਂ ਸਜਾਈਏ।
ਵਨ ਸੱਵਨੇ ਮਿੱਠੇ ਮਿੱਠੇ,
ਗੀਤ ਖੁਸ਼ੀ ਦੇ ਗਾਈਏ।
ਮਕੜੀ ਅਤੇ ਹੋਰ ਕਈ ਕੀੜੇ,
ਜੋ ਫਸਲਾਂ ਨੂੰ ਖਾਂਦੇ।
ਅਸੀਂ ਮੁਫਤ ਦੇ ਨੌਕਰ ਤੇਰੇ,
ਸਭ ਨੂੰ ਮਾਰ ਮੁਕਾਂਦੇ।
ਖਾਈਏ ਪੀਏ ਰਬ ਦਾ ਦਿਤਾ,
ਖਿਦਮਤ ਤੇਰੀ ਕਰੀਏ।
ਹੈ ਕੇਡੀ ਏਹ ਬੇਇਨਸਾਫੀ,
ਤੇਰੇ ਹਥੋਂ ਮਰੀਏ।

ਕਦੀ ਸਾਡੀਆਂ ਉਡਦੀਆਂ ਡਾਰਾਂ,
ਗੋਲੀ ਮਾਰ ਉਡਾਵੇਂ।
ਕਦੀ ਕਲੋਲ ਕਰਦਿਆਂ ਸਾਨੂੰ,
ਟਹਿਣੀ ਤੋਂ ਪਟਕਾਂਵੇਂਂ।
ਬਚੇ ਕਦੀ ਮਸੂਮ ਅਸਾਡੇ,
ਚੋਗਾ ਲੈਂਦੇ ਲੈਂਂਦੇ।
ਬਨਕੇ ਜ਼ੁਲਮ ਨਿਸ਼ਾਨਾ ਤੇਰਾ,
ਕਦਮਾਂ ਵਿਚ ਢੈ ਪੈਂਦੇ।
ਕਈ ਸਾਡੀਆਂ ਵਸਦੀਆਂ ਕੌਮਾਂ,
ਉਜੜ ਪੁਜੜ ਗਈਆਂ।
ਕਈ ਸਾਡੀਆਂ ਸੋਹਣੀਆਂ ਨਸਲਾਂ,
ਅਸਲੋਂ ਹੀ ਮਿਟ ਰਹੀਆਂ।
ਬੁਲ ਬੁਲ ਰੋ ਰੋ ਫਾਵੀ ਹੋਈ,
ਕੋਇਲ ਸੜ ਸੜ ਕਾਲੀ।
ਅਜ ਤੀਕਰ ਪਰ ਕਿਸੇ ਨਾ ਦਰਦੀ,
ਸਾਡੀ ਸੁਰਤ ਸੰਭਾਲੀ।
ਕਦੋਂ ਤੀਕ ਸਾਡੇ ਸਿਸਕਨ ਨੂੰ,
ਵੇਖ ਵੇਖ ਖੁਸ਼ ਹੋਸੈਂ।

ਲਹੂ ਸਾਡੇ ਤੋਂ ਭਰੀਆਂ ਉਂਗਲਾਂ,
ਕਦੋਂ ਤੀਕ ਨਾ ਧੋਸੈਂ।
ਜਿਸ ਰਬ ਨੂੰ ਸਭਨਾਂ ਵਿਚ ਦੱਸੇਂ,
ਸਾਡੇ ਵਿਚ ਵੀ ਵੱਸੇ।
ਸਾਨੂੰ ਜਦ ਫੜ ਫੜ ਕੇ ਕੋਹੇਂ,
ਅਕਲ ਤੇਰੀ ਤੇ ਹੱਸੇ।
ਤੇਰੀ ਅਨਗਹਿਲੀ ਤੋਂ ਸਾਡਾ,
ਖੁਰਾ ਖੋਜ ਮਿਟ ਜਾਸੀ।
ਫੁਲਾਂ ਫਲਾਂ ਅਨਾਜਾਂ ਤਾਈਂ,
ਦਸ ਫਿਰ ਕੌਣ ਬਚਾਸੀ।
ਜੇਕਰ ਅਸੀਂ ਰਹੇ ਨਾ ਜਿਊਂਦੇ,
ਚੂਹੇ, ਕੀੜੇ, ਮਕੜੀ।
ਤੇਰੇ ਸੁਖ-ਗੁੰਦੇ ਜੀਵਨ ਨੂੰ,
ਕਰਸਨ ਖਖੜੀ ਖਖੜੀ।
ਕਦੀ ਸੋਚਿਆ ਈ, ਦਿਲ ਤੇਰਾ,
ਕਿਸ ਲਈ ਚੈਨ ਨਾ ਪਾਵੇ।
ਤੇਰੀ ਬੇਇਨਸਾਫੀ ਤੇਰੇ,
ਮੁੜ ਮੁੜ ਅਗੇ ਆਵੇ।