ਮੈਕਬੈਥ (1606)
 ਸ਼ੇਕਸਪੀਅਰ
765ਮੈਕਬੈਥ1606ਸ਼ੇਕਸਪੀਅਰ


ਐਕਟ-2

ਸੀਨ-1


ਇਨਵਰਨੈਸ। ਕਿਲੇ ਦਾ ਵਿਹੜਾ
{ਪ੍ਰਵੇਸ਼ ਮਸ਼ਾਲਚੀ, ਫਲੀਐਂਸ ਅਤੇ ਬੈਂਕੋ}

ਬੈਂਕੋ:ਰਾਤ ਕਿੰਨੀ ਕੁ ਲੰਘੀ , ਬੇਟਾ?
ਫਲੀਐਂਸ:ਚੰਨ ਲਹਿ ਗਿਆ ਥੱਲੇ, ਘੜਿਆਲ ਸੁਣੀ ਨਹੀਂ ਮੈਨੂੰ।
ਬੈਂਕੋ:ਬਾਰਾਂ ਦਾ ਜਦ ਘੰਟਾ ਖੜਕੇ, ਚੰਨ ਛਿਪ ਜਾਂਦੈ।
ਫਲੀਐਂਸ:ਲਗਦੈ ਥੋੜਾ ਪਿੱਛੋਂ, ਜੁਨਾਬ।
ਬੈਂਕੋ:ਰੁਕ, ਫੜ ਜ਼ਰਾ ਤਲਵਾਰ ਮੇਰੀ ਤੂੰ।-
ਅੰਬਰੀਂ ਬੜੀ ਹੈ ਬੱਚਤ ਚਲਦੀ , ਬੱਤੀਆਂ ਸੱਭੇ ਗੁਲ ਹੋ ਗਈਆਂ:-
ਆਹ ਜ਼ਰਾ ਵੀ ਫੜ ਲੈ ਤੂੰਹੀ।-
ਨੀਂਦ ਘੋਰ ਦਾ ਬੋਝਲ ਸੱਦਾ, ਜਿਉਂ ਢਲਿਆ ਸਿੱਕਾ ਮਸਤਕ ਪਾਇਐ,
ਪਰ ਮੈਂ ਤਾਂ ਫਿਰ ਵੀ ਸੌਣਾ ਨਾਂਹੀਂ :
ਰਹਿਮ ਕਰੋ ਅਦ੍ਰਿਸ਼ ਸ਼ਕਤੀਓ, ਸਰਾਪੇ ਖਿਆਲ ਨਾਂ ਮਨ 'ਚ ਆਵਣ,
ਫਰਜ਼ੋਂ ਵੱਧ ਆਰਾਮ ਨੂੰ ਜਿਹੜੇ ਦੇਣ ਮਹੱਤਵ!-
ਲਿਆ ਫੜਾ ਤਲਵਾਰ ਮੇਰੀ ਤੂੰ।
ਕੌਣ ਐ ਬਈ---?
{ਪ੍ਰਵੇਸ਼ ਮੈਕਬੈਥ ਅਤੇ ਮਸ਼ਾਲਚੀ }

ਮੈਕਬੈਥ:ਇੱਕ ਦੋਸਤ।
ਬੈਂਕੋ:ਵਾਹ, ਜੁਨਾਬ, ਸੁੱਤੇ ਨਹੀਂ ਹੋ ਹਾਲੀਂ?
ਸ਼ਾਹ ਸੇਜੇ ਆਰਾਮ ਫਰਮਾਉਂਦੈ, ਖੁਸ਼ ਬੜਾ ਸੀ ਹੱਦੋਂ ਬਾਹਲ਼ਾ,
ਇਨਾਮ-ਕਰਾਮ, ਬਖਸ਼ੀਸ਼ਾਂ ਘੱਲੀਐਂ, ਕਿਲੇ ਦੇ ਕੁੱਲ ਚਾਕਰਾਂ ਤਾਈਂ:
ਹੀਰਾ ਆਹ ਨਾਯਾਬ ਜੋ ਦਿੱਤੈ, ਆਦਾਬ ਤਸਲੀਮ ਦਾ ਸ਼ਾਹਦ ਇਹੇ,
ਤੁਹਾਡੀ ਸੁਘੜ ਸੁਪਤਨੀ ਤਾਈਂ, ਮਹਾਂ ਮਿਹਰਬਾਂ ਮੇਜ਼ਬਾਂ ਕਹਿੰਦੈ ;
ਅਨੰਤ ਤਸੱਲੀ, ਪਰਮ ਆਨੰਦ ਦੀ, ਸੁਪਨੀਲੀ, ਗੂੜ੍ਹੀ ਨੀਂਦ ਮਾਣਦੈ-।
ਮੈਕਬੈਥ:ਤਿਆਰੀ ਨਹੀਂ ਸੀ ਪੂਰੀ ਸਾਡੀ, 'ਇੱਛਾ' ਬਣੀ 'ਕਸਰ' ਦੀ ਦਾਸੀ


ਸੇਵਾ-ਖਾਤਰ ਵਿੱਚ ਨਹੀਂ ਤਾਂ, ਘਾਟ ਨਹੀਂ ਸੀ ਬਿਲਕੁਲ ਰਹਿਣੀ ।
ਬੈਂਕੋ:ਸਭ ਕੁੱਝ ਠੀਕ ਠਾਕ ਹੋ ਗਿਐ-।
ਰਾਤੀਂ ਮੈਨੂੰ ਖਾਬ 'ਚ ਦਿੱਸੀਆਂ, ਤਿੰਨੇ ਭੈਣਾਂ ਉਹ ਚੁੜੇਲਾਂ:
ਜੀਵਨ ਦੇ ਇੱਕ 'ਸੱਚ' ਦੇ ਤੁਹਾਨੂੰ, ਜੀਹਨਾਂ ਦਰਸ ਕਰਾਏ।
ਮੈਕਬੈਥ:ਉਹਨਾਂ ਬਾਰੇ ਮੈਂ ਨਾਂ ਸੋਚਾਂ: ਫੁਰਸਤ ਵੇਲ਼ੇ ਫੇਰ ਕਦੀ ਪਰ,
ਇਸ ਬਾਰੇ ਕੋਈ ਗੱਲ ਕਰਾਂਗੇ, ਜੇ ਕੁੱਝ ਸਮਾਂ ਤੁਸਾਂ ਨੇ ਦਿੱਤਾ।
ਬੈਂਕੋ:ਹਾਜ਼ਰਿ-ਖਿਦਮਤ ਸਦਾ ਆਪਦੀ!
ਮੈਕਬੈਥ:ਬ-ਖੁਸ਼ੀ ਜੇ ਤੁਸੀਂ ਹਾਮੀ ਭਰ ਲੀ, ਮੰਨ ਲਈ ਜੇ ਮਰਜ਼ੀ ਮੇਰੀ ,
ਇੱਜ਼ਤ ਬਾਲਾ ਹੋ ਜੂ ਤੁਹਾਡੀ।
ਬੈਂਕੋ:ਕੀ ਘਟਣਾ ਹੈ ਮੇਰਾ ਫਿਰ ਤਾਂ, ਜੇ ਐਸਾ ਮੈਂ ਚਾਹਾਂ,
ਐਪਰ ਇਜ਼ੱਤ ਕਰਨ ਨੂੰ ਬਾਲਾ, ਸੋਚ-ਸਮਝ ਨਹੀਂ ਗਿਰਵੀ ਕਰਨੀ,
ਵਫਾਦਾਰੀ ਨੂੰ ਦਾਗ਼ ਨਹੀਂ ਲਾਉਣਾ, ਬਾਕੀ ਜੋ ਵੀ ਹੁਕਮ ਤੁਹਾਡਾ।
ਮੈਕਬੈਥ:ਚੰਗਾ ਫਿਰ ਆਰਾਮ ਕਰੋ; ਸ਼ੁਭ ਰਾਤ੍ਰੀ!
ਬੈਂਕੋ:ਸ਼ੁਕਰੀਆ, ਜੁਨਾਬ, ਸ਼ੁਭ ਰਾਤ੍ਰੀ!
{ਪ੍ਰਸਥਾਨ ਬੈਂਕੋ ਅਤੇ ਫਲੀਐਂਸ}

ਮੈਕਬੈਥ (ਨੌਕਰ ਨੂੰ):ਜਾਹ ਮਾਲਕਿਨ ਨੂੰ ਹੁਕਮ ਸੁਣਾ:
ਜਾਮ ਤਿਆਰ ਹੋਏ ਜਦ ਮੇਰਾ, ਟੱਲੀ ਮਾਰ ਬੁਲਾਵੈ ਮੈਨੂੰ।
ਇਸ ਉਪ੍ਰੰਤ ਤੂੰ ਜਾ ਕੇ ਮੱਲਾ, ਮੰਜੀ ਮੱਲ।
{ਨੌਕਰ ਜਾਂਦਾ ਹੈ}

ਆਹ ਭਲਾ ਕੀ ਖੰਜਰ ਹੈਸੀ, ਹੱਥ ਵੱਲ ਮੇਰੇ ਦਸਤਾ ਜੀਹਦਾ,-
ਸਾਹਵੇਂ ਨਜ਼ਰ ਜੋ ਆਈਂ ਜਾਂਦੈਂ?
ਆ ਖਾਂ ਤੈਨੂੰ ਕੱਸ ਕੇ ਫੜ ਲਾ, ਤੱਗੜੇ ਹੱਥ 'ਚ ਆਪਣੇ :
ਐਪਰ ਤੂੰ ਤਾਂ ਹੱਥ ਨਹੀਂ ਆਉਂਦਾ, ਭਾਵੇਂ ਦਿੱਸੀਂ ਜਾਨੈਂ-।
ਮਾਰੂ, ਓ ਖਿਆਲ ਦੀ ਮੂਰਤ ਬਿਲਕੁਲ ਸੁਪਨ ਜਿਹੀ,
ਨਜ਼ਰ ਨੂੰ ਜਿਉਂ ਅਹਿਸਾਸ ਹੈ ਤੇਰਾ, ਛੁਹ ਨੂੰ ਕਿਉਂ ਅਹਿਸਾਸ ਨਹੀਂ?
ਜਾਂ ਫਿਰ ਹੈਂ ਤੂੰ ਬਿਰਥਾ ਕੋਈ, ਮਨ ਮੇਰੇ ਦੀ ਕਲਪਿਤ ਸਿਰਜਣ,
ਦਗ਼ਦੇ ਜੋ ਦਿਮਾਗ਼ ਦੇ ਮੇਰੇ, ਭਖ-ਵਾਸ਼ਪਾਂ ਵਿੱਚੋਂ ਉਪਜੀ-?
ਜੋ ਵੀ ਹੈਂ ਤੂੰ ਨਜ਼ਰੀਂ ਆਉਨੈਂ, ਓਨਾਂ ਹੀ ਅਹਿਸਾਸ ਹੈ ਤੇਰਾ,
ਜਿੰਨਾਂ ਇਹਦਾ ਜਿਹੜਾ ਹੁਣ ਮੈਂ, ਮਿਆਨੋਂ ਸੱਚੀਂ ਸੂਤ ਰਿਹਾਂ-।
ਮੰਜ਼ਲ ਆਪਣੀ ਵੱਲ ਜਿਸ ਰਾਹੇ, ਮੈਂ ਤੁਰਿਆ ਸੀ ਜਾਂਦਾ,
ਉਤਵਲ ਮੈਨੂੰ ਲਈਂ ਜਾਨੈਂ, ਬਾਇੱਜ਼ਤ ਤੂੰ ਅਗਵਾਈ ਕਰਦੈਂ,


ਇਹੋ ਜਿਹਾ ਹੀ ਯੰਤਰ ਕੋਈ ਮੈਂ ਵੀ ਸੀ ਗਾ ਵਰਤਣ ਵਾਲਾ।
ਬਾਕੀ ਇੰਦ੍ਰੀਆਂ ਨੇ ਮਿਲ ਕੇ, ਮੂਰਖ ਮੇਰੇ ਨੈਣ ਬਣਾਏ,
ਜਾਂ ਫਿਰ ਬਾਕੀ ਸਾਰੀਆਂ ਕੋਲੋਂ, ਬਾਹਲ਼ੇ ਯੋਗ ਇਹ ਸਾਬਤ ਹੋਏ।
ਹਾਲੀਂ ਵੀ ਤੂੰ ਨਜ਼ਰ ਆ ਰਿਹੈਂ;-
ਨਾਲੇ ਧਾਰ ਤੇ ਦਸਤੇ ਉੱਤੇ, ਲਹੂ ਦੇ ਧੱਬੇ ਲੱਗੇ ਹੋਏ,-
ਜਿਹੜੇ ਪਹਿਲਾਂ ਨਹੀਂ ਸੀ ਏਥੇ।-ਐਪਰ ਐਸੀ ਗੱਲ ਨਹੀਂ ਹੈ:
ਭਿਵਿੱਖ ਦਾ ਇਹ ਤਾਂ 'ਖੂਨੀ ਕਾਰਾ', ਜੋ ਅੱਖਾਂ ਅੱਗੇ ਆਈਂ ਜਾਂਦੈ।-
ਹੁਣ ਤਾਂ ਅੱਧੀ ਦੁਨੀਆਂ ਉੱਤੇ, ਪ੍ਰਕ੍ਰਿਤੀ ਵੀ ਮੋਈ ਲਗਦੀ,
ਨਾਲੇ ਸੁਪਨੇ ਪਾਪਾਂ ਵਾਲੇ, ਸੁਖ-ਪਰਦ ਨੀਂਦਰ ਤਾਈਂ ਕੋਹੀਂ ਜਾਂਦੇ;
ਹੁਣ ਤਾਂ ਜਾਦੂ ਜਸ਼ਨ ਮਨਾਉਂਦਾ, ਆਕਾਸ਼-ਪਤਾਲ-ਧਰਤ ਦੀ ਦੇਵੀ,-
ਪੀਲ਼ੀ ਭੂਕ, ਭਿਆਨਕ ਤਿੰਨਸਿਰੀ ਦਾ, ਜੱਗ ਕਰਾਉਂਦਾ,-ਬਲੀ ਚੜ੍ਹਾਉਂਦਾ:
ਸਹਿਮ-ਸੁੱਕਿਆ ਬਲੀ ਦਾ ਬੱਕਰਾ, ਪਹਿਰੇਦਾਰ ਬਘਿਆੜ ਤੋਂ ਡਰਿਆ,
ਬੜ੍ਹਕ ਜੀਹਦੀ ਐਲਾਨ ਪਈ ਕਰਦੀ, ਬਲੀ ਦੇ ਪੁੱਜੇ ਅੰਤ ਸਮੇਂ ਦਾ,
ਪੋਲੇ ਪੈਰੀਂ, ਹੌਲ਼ੀ ਹੌਲੀ, ਚੋਰਾਂ ਵਾਂਗੂੰ, ਜਿਉਂ ਸਮਰਾਟ ਮਹਾਨ ਰੋਮ ਦਾ,
ਤਾਰਕੁਇਨ ਮਹਾ ਭਿਅੰਕਰ ਨਾਮ ਧਰਾਵੇ,
ਵਿਜੇ-ਮੰਤਵ ਲਈ ਆਪਣੇ, ਮਸਤ ਮਰਦਮੀ ਭਰੇ ਪਲਾਂਘਾਂ,
ਪਰੇਤ ਕਿਸੇ ਪਰਛਾਈਂ ਵਾਂਗੂੰ ਵਧਦਾ ਜਾਵੇ-'ਮਤਲਬ' ਆਪਣਾ ਹੱਲ ਕਰਨ ਨੂੰ।-
ਓ ਧਰਤੀ! ਮੇਰੇ ਪੈਰੀਂ ਪੱਕੀ, ਸ਼ੱਕ ਨਹੀਂ ਤੇਰੀ ਹੋਂਦ ਦਾ ਕੋਈ,
ਪੈੜ-ਚਾਪ ਨਹੀਂ ਸੁਣਨੀ ਮੇਰੀ, ਕਿੱਧਰ ਜਾਨਾਂ, ਕਿੱਥੇ ਜਾਨਾਂ,
ਪੱਥਰ, ਕੰਕਰ ਬੋਲ ਹੀ ਪੈਣੈ, ਦੱਸਣ ਪਤਾ-ਟਿਕਾਣਾ ਮੇਰਾ,
ਖੌਫ ਭਿਅੰਕਰ ਵਰਤਮਾਨ ਦਾ, ਉਹਨਾਂ ਦੀ ਆਵਾਜ਼ ਸਮਾਉਨਾ;-
ਜਿਹੜੀ ਹੁਣ ਅਨਕੂਲ ਏਸ ਦੇ।-
ਖਤਰਾ ਬਣ ਮੈਂ ਸਿਰ ਮੰਡਲਾਵਾਂ, ਮਸਤ ਹਿਯਾਤੀ ਉਹ ਹੰਢਾਵੇ;
ਸੀਤ ਅਤਿ ਸੁਆਸ ਇਹ ਜ਼ਾਲਿਮ, ਭਖਦੇ ਕਰਮੀਂ ਸ਼ਬਦ ਪਿਆ ਦੇਵੇ।
{ਇੱਕ ਟੱਲੀ ਦੀ ਆਵਾਜ਼ ਸੁਣਦੀ ਹੈ}

ਮੈਂ ਚੱਲਿਆਂ, ਸਮਝੋ ਕੰਮ ਮੁੱਕਿਆ; ਘੰਟੀ ਏਸ ਬੁਲਾਇਐ ਮੈਨੂੰ।
ਸੁਣੀਂ ਮਤੇ ਡੰਕਨ ਆਵਾਜ਼, ਮੌਤ ਤੇਰੀ ਦੀ ਵੱਜੀ ਘੰਟੀ,
ਸੱਦਾ ਸਵਰਗ ਜਾਂ ਨਰਕੋਂ ਆਇਐ।{ਪ੍ਰਸਥਾਨ}
{ਪ੍ਰਵੇਸ਼ ਲੇਡੀ ਮੈਕਬੈਥ}

ਲੇਡੀ ਮੈਕਬੈਥ:ਜਿਸ ਕਾਰਨ ਇਹ ਟੁੰਨ ਪਏ ਨੇ, ਉਸ ਕਾਰਨ ਮੈਂ ਨਿੱਡਰ ਏਨੀ:
ਏਹਨਾਂ ਦੀ ਜਿਸ ਪਿਆਸ ਬੁਝਾਈ, ਮੇਰੇ ਅੰਦਰ ਅੱਗ ਭੜਕਾਈ।


ਸੁਣੋ ਜ਼ਰਾ--!-ਖਾਮੋਸ਼ ਰਹੋ!-
ਉੱਲੂ ਦੀ ਇਹ ਹੂਕ ਸੀ , ਜਾਂ ਫਿਰ ਮੌਤ ਦੀ ਘੰਟੀ ਵਾਲਾ ਕੋਈ ,
ਅਤਿ ਕੌੜੀ ਸ਼ੁਭਰਾਤ੍ਰੀ ਕਹਿੰਦੈ।
ਉਹ ਤਾਂ ਆਪਣੇ ਕਾਰੇ ਲੱਗਾ, ਕੰਮ ਮੁੱਕਣ ਹੀ ਵਾਲਾ :
ਦਰ-ਦਰਵਾਜ਼ੇ ਖੁੱਲ੍ਹੇ ਸਾਰੇ, ਰੱਜੇ-ਪੁਜੇ ਚਾਕਰ ਸਾਰੇ,
ਮਾਰ ਘੁਰਾੜੇ, ਫਰਜ਼ ਨੂੰ ਕਰਨ ਮਖੌਲਾ :
ਉਹਨਾਂ ਦੇ ਮਸ਼ਰੂਬ 'ਚ ਮੈਂ ਤਾਂ, ਬੇਹੋਸ਼ੀ ਦੀ ਦਵਾ ਮਿਲਾਈ ,
ਪ੍ਰਕ੍ਰਿਤੀ ਤੇ ਮਰਗ ਉਨ੍ਹਾਂ ਤੇ ਏਦਾਂ ਛਾਈ,
ਜ਼ਿੰਦਾ ਹਨ ਜਾਂ ਮੁਰਦਾ, ਫਰਕ ਨਾਂ ਕਾਈ-।
ਮੈਕਬੈਥ(ਅੰਦਰੋਂ):ਕੌਣ ਐ ਬਈ?-ਕਿਹੜੈਂ-ਓ!
ਲੇਡੀ ਮੈਕਬੈਥ:ਡਰ ਹੈ ਮੈਨੂੰ ਜਾਗ ਪਏ ਉਹ, ਕੰਮ ਸਿਰੇ ਨਹੀਂ ਚੜ੍ਹਿਆ:-
ਕੋਸ਼ਿਸ਼ ਕੀਤਿਆਂ ਕੰਮ ਨਾ ਹੋਵੇ, ਨਾਲ ਗੁੱਸੇ ਦੇ ਖਿਝ ਚੜ੍ਹ ਜਾਵੇ।-
ਸੁਣੋ--!-ਖੰਜਰ ਓਹਨਾਂ ਵਾਲੇ, ਮੈਂ ਤਿਆਰ ਸੀ ਓਥੇ ਰੱਖੇ,
ਸੌਖਿਆਂ ਉਹਨੂੰ ਲੱਭ ਪੈਣੇ ਸੀ।-
ਜੇ ਕਿਧਰੇ ਉਹ ਸੁੱਤਾ ਹੋਇਆ, ਪਿਓ ਵਰਗਾ ਨਾਂ ਲਗਦਾ ਮੈਨੂੰ,
ਮਈ੍ਹਂਓਂ ਕੰਮ ਮੁਕਾ ਦੇਣਾ ਸੀ।-
ਆਹ ਆਇਆ ਈ 'ਕੰਤ ਹਮਾਰਾ'!
{ਮੈਕਬੈਥ ਦਾ ਮੁੜ-ਪ੍ਰਵੇਸ਼}

ਮੈਕਬੈਥ:ਮੈਂ ਤਾਂ ਕਰ ਦਿੱਤਾ ਈ ਕਾਰਾ।- ਸੁਣਿਆ ਨਹੀਂ ਤੂੰ ਕੋਈ ਰੌਲ਼ਾ?
ਲੇਡੀ ਮੈਕਬੈਥ:ਮੈਂ ਉੱਲੂ ਦੀ ਹੂਕ ਸੁਣੀ ਸੀ, ਬਿੰਡਿਆਂ ਦਾ ਵਿਰਲਾਪ ਵੀ ਸੁਣਿਆ।
ਤੁਸੀਂ ਤਾਂ ਕੁੱਝ ਨਹੀਂ ਬੋਲੇ?
ਮੈਕਬੈਥ:ਕਦ?
ਲੇਡੀ ਮੈਕਬੈਥ:ਹੁਣ, ਹੁਣੇ; ਜ਼ਰਾ ਕੁ ਪਹਿਲਾਂ?
ਮੈਕਬੈਥ:ਜਦ ਮੈਂ ਪੌੜੀ ਉੱਤਰ ਰਿਹਾ ਸੀ?
ਲੇਡੀ ਮੈਕਬੈਥ:ਜੀ।
ਮੈਕਬੈਥ:ਸੁਣੋ--!-ਕੌਣ ਸੁੱਤਾ ਏ ਨਾਲ ਦੇ ਕਮਰੇ?
ਲੇਡੀ ਮੈਕਬੈਥ:ਡੋਨਲਬੇਨ।
ਮੈਕਬੈਥ:ਅਫਸੋਸਨਾਕ ਦ੍ਰਿਸ਼ ਬੜਾ ਹੈ।
{ਲਹੂ ਭਿੱਜੇ ਹੱਥਾਂ ਵੱਲ ਵੇਖਦਾ ਹੈ}

ਲੇਡੀ ਮੈਕਬੈਥ:ਬੇਵਕੂਫੀ ਦੀ ਗੱਲ ਹੈ ਇਹਨੂੰ, ਅਫਸੋਸਨਾਕ ਦ੍ਰਿਸ਼ ਆਖਣਾ।
ਮੈਕਬੈਥ:ਇੱਕ ਸੀ ਨੀਂਦ 'ਚ ਹੱਸੀਂ ਜਾਂਦਾ, ਦੂਜਾ 'ਕਤਲ, ਕਤਲ' ਬਰੜਾਉਂਦਾ!


ਇੱਕ ਦੂਜੇ ਨੂੰ ਉਨ੍ਹਾਂ ਜਗਾਇਆ, ਸੁਣਦਾ ਰਿਹਾ ਮੈਂ ਆਪ ਖਲੋਤਾ:
ਐਪਰ ਕਰ ਅਰਦਾਸ ਉਹ ਦੋਵੇਂ, ਮੁੜਕੇ ਸੌਣ ਤਿਆਰੀ ਲੱਗੇ-।
ਲੇਡੀ ਮੈਕਬੈਥ:ਉਹ ਦੋਵੇਂ ਜੋ ਕੱਠੇ ਸੁੱਤੇ।
ਮੈਕਬੈਥ:ਇੱਕ ਚਿੱਲਾਇਆ 'ਰੱਬ ਨਿਵਾਜੇ '! ਦੂਜੇ ਫਿਰ 'ਆਮੀਨ' ਆਖਿਆ;
ਵੇਖੇ ਉਹਨਾਂ ਹੱਥ ਜੱਲਾਦੀ ਮੇਰੇ, ਰੱਬ ਦੀ ਜਦ ਨਿਵਾਜ਼ਸ਼ ਮੰਗੀ
'ਆਮੀਨ' ਕਿਹਾ ਗਿਆ ਨਹੀਂ ਮੈਥੋਂ, ਸੁਣ ਸਹਿਮੀ ਆਵਾਜ਼ ਉਨ੍ਹਾਂ ਦੀ।
ਲੇਡੀ ਮੈਕਬੈਥ:ਏਨੀ ਫਿਕਰ ਕਰੋ ਨਾਂ ਇਹਦੀ।
ਮੈਕਬੈਥ:ਐਪਰ ਕਿਹੜੀ ਗੱਲੋਂ, 'ਆਮੀਨ' ਮੈਥੋਂ ਕਿਹਾ ਗਿਆ ਨਾਂ?
ਮੈਨੂੰ ਲੋੜ ਬੜੀ ਸੀ 'ਰਹਿਮਤ' ਵਾਲੀ, ਕਿਉਂ ਫਿਰ ਆਮੀਨ ਗਲ਼ 'ਚ ਫਸਿਆ?
ਲੇਡੀ ਮੈਕਬੈਥ:ਐਸੇ ਕਰਮ, ਤਰੀਕੇ ਐਸੇ, ਫਿਕਰ ਕਰਨ ਦਾ ਵਿਸ਼ਾ ਨਹੀਂ ਹੁੰਦੇ;
ਨਹੀਂ ਤਾਂ ਪਾਗਲ ਹੋ ਜੇ ਬੰਦਾ।
ਮੈਕਬੈਥ:ਮੈਨੂੰ ਲਗਦੈ ਆਵਾਜ਼ ਸੁਣੀ ਸੀ,-ਸੌਣਾ ਹੋਰ ਮਨਾਂ ਹੈ!-
ਮੈਕਬੈਥ ਨੇ ਕਤਲ ਨੀਂਦ ਦਾ ਕੀਤੈ,- ਮਾਸੂਮ ਨੀਂਦ ਦਾ:-
ਨੀਂਦ ਜੋ ਮੁੜ ਰਫੂ ਕਰ ਦੇਂਦੀ, ਆਸਤੀਨ ਫਿਕਰ ਦੀ ਫੀਤਾ ਫੀਤਾ,
ਹਰ ਦਿਨ ਦਾ ਜੋ ਅੰਤ ਹੈ ਹੁਮਦਿ, ਮੁਸ਼ੱਕਤ ਨੂੰ ਅਸ਼ਨਾਨ ਕਰਾਉਂਦੀ,
ਦੁਖੀ ਮਨਾਂ ਦੀ ਮਰਹਮ ਹੁਮਦਿ, ਪ੍ਰਕ੍ਰਿਤੀ ਦੇ ਭੋਜਨਾਲੇ ਦਾ ਦੋਮ ਪਰੋਸਾ,
ਜੀਵਨ ਦੀ ਜ਼ਿਆਫਤ ਅੰਦਰ, ਪਰਮ ਪੌਸ਼ਟਿਕ ਸ਼ਕਤੀ ਦਾਤਾ-।
ਲੇਡੀ ਮੈਕਬੈਥ:ਕੀ ਆਖਦੇ, ਮਤਲਬ ਕੀ ਏ?
ਮੈਕਬੈਥ:ਫਿਰ ਵੀ ਉਹਨੇ ਪੂਰੇ ਘਰ ਨੂੰ ਕੂਕ ਸੁਣਾਇਆ:-'ਹੋਰ ਨਹੀਂ ਹੁਣ ਸੌਣਾ'!
ਗਲਾਮਿਜ਼ ਨੇ ਨੀਂਦ ਮਾਰ ਤੀ : ਕਾਡਰ ਨੇ ਵੀ ਹੁਣ ਨਹੀਂ ਸੌਣਾ,-
ਮੈਕਬੈਥ ਨੇ ਵੀ ਹੁਣ ਨਹੀਂ ਸੌਣਾ !
ਲੇਡੀ ਮੈਕਬੈਥ:ਕੌਣ ਸੀ ਉਹ ਜੋ ਇਉਂ ਚੀਖਿਆ?
ਕਿਉਂ ਭਲਾ ਸਨਮਾਨਤ ਸਰਦਾਰਾ, ਜ਼ਿਹਨੀ ਕਿਸੇ ਬੀਮਾਰ ਵਾਂਗਰਾਂ,
ਬੇਮਾਅਨੀ ਗੱਲਾਂ ਸੋਚ ਸਾਚ ਕੇ, ਉਤੱਮ ਆਪਣੀ ਸ਼ਕਤੀ ਤਾਈਂ
ਢਿੱਲੀ ਛੱਡ ਕਮਜ਼ੋਰ ਬਣਾਉਨੇਂ?-ਜਾਹ ਕਿਧਰੋਂ ਕੁੱਝ ਪਾਣੀ ਲੈ ਕੇ
ਗੰਦੀ ਇਹ ਗਵਾਹੀ ਧੋ ਦੇ, ਹੱਥ ਆਪਣੇ ਤੂੰ ਨਿਰਮਲ ਕਰ ਲੈ।-
ਆਹ ਖੰਜਰ ਕਿਉਂ ਨਾਲ ਲਿਆਇਐਂ? ਉਥੇ ਹੀ ਛੱਡਣੇ ਸੀ ਇਹੇ:
ਜਾਹ ਹੁਣ ਲੈ ਜਾ ਇਹ ਵੀ ਨਾਲੇ; ਸੁੱਤੇ ਚੌਕੀਦਾਰਾਂ ਨੂੰ ਜਾਹ ਰੱਤ ਲਬੇੜ।
ਮੈਕਬੈਥ:ਹੁਣ ਤਾਂ ਮੈਂ ਨਹੀਂ ਜਾਣਾ ਉਥੇ:-
ਇਸ ਕਾਰੇ ਨੂੰ ਸੋਚ ਕੇ ਹੀ ਹੁਣ ਤਾਂ ਡਰ ਪਿਆ ਆਉਂਦੈ
ਫੇਰ ਨਜ਼ਰ ਭਰ ਵੇਖਾਂ ਇਹਨੂੰ, ਏਡਾ ਜਿਗਰ ਹੈ ਨਹੀਂ ਮੇਰਾ।
ਲੇਡੀ ਮੈਕਬੈਥ:ਅਜ਼ਮ, ਇਰਾਦੇ ਦਾ ਹੈਂ ਕੱਚਾ-!
ਲਿਆ ਫੜਾ ਇਹ ਖੰਜਰ ਮੈਨੂੰ: ਸੁੱਤੇ, ਮੋਏ, ਇੱਕ ਬਰਾਬਰ ਮੂਰਤਾਂ ਵਰਗੇ:


ਅੱਖ ਬਚਪਨ ਦੀ ਡਰ ਜਾਂਦੀ ਹੈ, ਚਿੱਤਰੇ ਹੋਏ ਸ਼ੈਤਾਨ ਦੇ ਕੋਲੋਂ।
ਜੇ ਖੂਨ ਟਪਕਦਾ ਹੋਇਆ, ਸੰਤਰੀਆਂ ਦੇ ਮੂੰਹ ਲਿਸ਼ਕਾ ਦੂੰ ਪੂਰੇ,
ਲੱਗੇ ਉਹਨਾਂ ਕਾਰਾ ਕੀਤਾ।
{ਪ੍ਰਸਥਾਨ। ਅੰਦਰੋਂ ਦਸਤਕ ਦੀ ਆਵਾਜ਼}

ਮੈਕਬੈਥ:ਇਹ ਦਸਤਕ ਕਿੱਧਰੋਂ ਹੁੰਦੀ ਲੱਗੇ?
ਆਹ ਮੇਰੀ ਕੀ ਹਾਲਤ ਹੋਈ, ਮਾਮੂਲੀ ਹਰ ਕਈ ਸ਼ੋਰ ਡਰਾਵੇ!
ਹੱਥ ਇਹ ਕਿਹੜੇ ਦਿਸਦੇ ਮੈਨੂੰ-? ਹਾ-! ਇਹ ਤਾਂ ਨੈਣ ਨੋਚਦੇ ਮੇਰੇ!
ਸਾਗਰ-ਦੇਵ ਦੇ ਸਾਰੇ ਪਾਣੀ , ਰੱਤ ਕੀ ਹੱਥੋਂ ਸਾਫ ਕਰਨਗੇ-?
ਨਹੀਂ: ਕੁੱਲ ਦੁਨੀ ਦੇ ਸਾਗਰ ਸਾਰੇ, ਲਾਲ ਲਾਲ ਇਸ ਰੱਤ ਦੇ ਰੰਗੇ
ਹਰਿਓਂ ਹੋਣ ਹਿਰਮਚੀ ਸਾਰੇ।
{ਲੇਡੀ ਮੈਕਬੈਥ ਦਾ ਮੁੜ-ਪ੍ਰਵੇਸ਼}

ਲੇਡੀ ਮੈਕਬੈਥ:ਹੱਥ ਹੁਣ ਮੇਰੇ ਤੇਰੇ ਹੱਥਾਂ ਵਾਂਗ ਨੇ ਰੰਗੇ;
ਇਹ ਸੋਚ ਪਰ ਸ਼ਰਮਸਾਰ ਹਾਂ, ਏਨਾ ਚਿੱਟਾ ਦਿਲ ਏ ਮੇਰਾ!
{ਅੰਦਰੋਂ ਦਸਤਕ ਦੀ ਆਵਾਜ਼}

ਮੈਨੂੰ ਦਸਤਕ ਹੁੰਦੀ ਲਗਦੀ ਦੱਖਣ ਦੇ ਦਰਵਾਜ਼ੇ:-
ਆਪਾਂ ਆਪਣੇ ਕਮਰੇ ਚੱਲੀਏ।
ਇੱਕ ਚੁੱਲੀ ਭਰ ਪਾਣੀ ਨੇ ਬੱਸ, ਕਾਲਾ ਕਾਰਾ ਧੋ ਦੇਣਾ ਹੈ:
ਫਿਰ ਤਾਂ ਸਭ ਕੁੱਝ ਸੌਖਾ ਹੋਣੈ; ਦ੍ਰਿੜ੍ਹਤਾ ਤੁਹਾਡੀ ਛੱਡਿਐ ਤੁਹਾਨੂੰ,
ਡੋਲ ਗਿਐ ਮਨ ਪੂਰਾ।-
{ਅੰਦਰੋਂ ਦਸਤਕ ਦੀ ਆਵਾਜ਼}

ਸੁਣੋ!- ਦਸਤਕ ਫੇਰ ਹੋ ਰਹੀ : ਰਾਤ੍ਰੀ-ਚੋਗ਼ਾ ਪਹਿਨ ਲਵੋ ਹੁਣ,
ਮਤ ਕਿਤੇ ਮੌਕਾ ਬਣ ਜਾਵੇ, ਚੌਕੀਦਾਰਾ ਕਰਦੇ ਲੱਗੀਏ:-
ਏਨੀ ਬੁਰੀ ਤਰਾਂ ਨਾਂ ਖਿਆਲੀਂ ਖੋਵੋ, ਹੋਸ਼-ਹਵਾਸ ਦਰੁਸਤ ਕਰੋ।
ਮੈਕਬੈਥ:ਇਸ ਕਾਰੇ ਦਾ ਇਲਮ ਹੋਣ ਤੋਂ, ਚੰਗੈ ਆਪਾ ਵਿੱਸਰ ਜਾਵਾਂ।
{ਦਸਤਕ ਦੀ ਆਵਾਜ਼}

ਦਸਤਕ ਦੇਹ ਜਗਾ ਲੈ ਡੰਕਨ, ਮੈਂ ਵੇਖਦਾਂ ਜੇ ਤੂੰ ਕਰ ਲੇਂ।
{ਪ੍ਰਸਥਾਨ}


{ਦਰਬਾਨ ਦਾ ਪ੍ਰਵੇਸ਼।-ਦਸਤਕ ਦੀ ਆਵਾਜ਼}

ਦਰਬਾਨ:ਵਾਹ! ਕੀ ਸ਼ੋਰ ਮਚਾਇਐ ਦਸਤਕ !
ਦੁਆਰਪਾਲ ਜੇ ਹੋਵੇ ਬੰਦਾ, ਦੋਜ਼ਖ ਦੇ ਦਰਵਾਜ਼ੇ ਉੱਤੇ,
ਚਾਬੀ ਘੁਮਾਉਂਦਿਆਂ ਉਮਰ ਬੀਤ ਜੇ, ਜੁਆਨੋਂ ਹੋ ਜੇ ਬੁੱਢਾ।
{ਦਸਤਕ ਦੀ ਆਵਾਜ਼}

ਠੱਕ ਠੱਕ, ਠੱਕ ਠੱਕ।- ਕੌਣ ਐ ਬਈ? ਸ਼ੈਤਾਨ ਦੇ ਨਾਂ ਦਾ ਸਦਕਾ, ਬੋਲ !
ਜੱਟ ਇੱਕ ਵੇਖੋ ਚੜ੍ਹਿਆ ਫਾਹੇ, ਬਹੁਤਾ ਧਨ ਕਮਾਵਣ ਅਇਆ:
ਆਓ, ਵੇਲੇ ਸਿਰ ਆਓ, ਨੈਪਕਿਨ ਆਪਣੇ ਨਾਲ ਲਿਆਓ;
ਏਥੇ ਇਸ ਲਈ ਬਹੂ ਪਸੀਨਾ।- {ਦਸਤਕ}ਠੱਕ ਠੱਕ, ਠੱਕ ਠੱਕ!
ਸ਼ੈਤਾਨ ਦੋਮ ਦੇ ਨਾਂ ਦਾ ਸਦਕਾ! ਬੋਲੋ ਬਈ, ਹੁਣ- ਕੌਣ ਐ?
ਧਰਮ ਨਾਲ, ਜੋ ਆਇਐ ਬੰਦਾ ਇਹ ਦੋ-ਅਰਥੀ ਗੱਲਾਂ ਕਰਦਾ,
ਦੋਵੇਂ ਪੱਲੇ ਕਰ ਬਰਾਬਰ, ਦੋਵਾਂ ਦੀ ਇਹ ਸ਼ਾਹਦੀ ਭਰਦਾ;
ਦੂਜੇ ਵਿਰੁੱਧ ਇੱਕ ਪੱਲੇ ਦੀ, ਡੰਡੀ ਨੀਵੀਂ ਕਰਦਾ, ਕਸਮਾਂ ਖਾਂਦਾ,
ਓਸੇ ਸਾਹੇ ਕਰਮ ਉਲਟਾਕੇ, ਦੂਜਾ ਪਾਸਾ ਨੀਵਾਂ ਕਰਦਾ, ਕਸਮਾਂ ਖਾਂਦਾ;
ਵਡ-ਗੱਦਾਰੀ ਕੀਤੀ ਇਹਨੇ, ਰਾਮ-ਰਹੀਮ, ਰੱਬ ਦੇ ਨਾਂਅ ਤੇ,
ਪਰ ਦਰਗਾਹੇ ਪੈ ਗਿਆ ਛਿੱਥਾ, ਜੀਭ ਦੁਸਾਂਗੜ ਕੰਮ ਨਾਂ ਆਈ :
ਆ ਜਾ ਬਈ ਤੂੰ ਕਹਿ ਦੋ-ਅਰਥੀ।(ਦਸਤਕ) ਠੱਕ ਠੱਕ, ਠੱਕ ਠੱਕ!
ਹੁਣ ਕੌਣ ਐ! ਕਸਮ ਖੁਦਾ ਦੀ ! ਇਹ ਤਾਂ ਕੋਈ ਅੰਗਰੇਜ਼ੀ ਦਰਜ਼ੀ
ਨਕਲ ਮਾਰਦਾ ਗਿਆ ਜੋ ਫੜਿਐ, ਫਰਾਂਸ ਦਿਆਂ ਲਿਬਾਸਾਂ ਵਾਲੀ:
ਆ ਬਈ 'ਮਾਸਟਰ' ਆ ਜਾ ਏਥੇ, ਇਸਤ੍ਰੀ ਤੇਰੀ ਭਖਣੀ ਚੰਗੀ।-
(ਦਸਤਕ) ਠੱਕ ਠੱਕ, ਠੱਕ ਠੱਕ : ਚੈਨ ਤਾਂ ਇਸ ਥਾਂ ਕਦੇ ਨਹੀਂ ਮਿਲਣੀ!
ਕਿਹੜੈਂ ਬਈ ਹੁਣ?-
ਐਪਰ ਥਾਂ ਇਹ ਸੀਤ ਹੈ ਏਨੀ, ਦੋਜ਼ਖ ਤਾਂ ਇਹ ਬਣ ਨਹੀਂ ਸਕਦੀ ।
ਇਹ ਸ਼ੈਤਾਨੀ ਦਰਬਾਨੀ ਹੁਣ ਤਾਂ ਨਹੀਂਓਂ ਕਰਨੀ:-
ਸੋਚਿਆ ਸੀ ਕਿ ਹਰ ਕਿੱਤਿਓਂ, ਇੱਕ ਇੱਕ ਆਣ ਦਿਆਂ ਮੈਂ ਅੰਦਰ,
ਪੁਸ਼ਪੀ-ਰਾਹ ਬਸੰਤੀ ਜੀਹਨਾਂ, ਅਮਰ ਧੂਏਂ ਤੇ ਸ਼ਿਵਾਂ ਦੇ ਪੁੱਜਣੈ-।
(ਦਸਤਕ) ਆਇਆ ਜੀ, ਮੈਂ ਫੌਰਨ ਆਇਆ!
ਅਰਜ਼ ਗੁਜ਼ਾਰਾਂ:-ਦਾਸ ਦਰਬਾਨ ਨੂੰ ਚੇਤੇ ਰੱਖਣਾ।
{ਦਰਵਾਜ਼ਾ ਖੋਲ੍ਹਦਾ ਹੈ, ਲੈਨੌਕਸ ਅਤੇ ਮੈਕਡਫ ਪ੍ਰਵੇਸ਼ ਕਰਦੇ ਹਨ}

ਮੈਕਡਫ:ਬੜਾ ਪਛੜ ਕੇ ਸੁੱਤਾ ਮਿੱਤਰਾ, ਜਾਂ ਫਿਰ ਸਦਾ ਹੀ ਦੇਰ ਨਾ' ਸੌਨੈਂ?


ਦਰਬਾਨ:ਸਾਹਿਬ, ਨਾਲ ਈਮਾਨ ਕਹਾਂ ਮੈਂ, ਪੀਂਦਿਆਂ ਪੀਂਦਿਆਂ ਮੁਰਗ਼ ਬੋਲਿਆ:
ਸਾਹਿਬ ਤੁਸੀਂ ਤਾਂ ਆਪ ਸਿਆਣੇ, ਦਾਰੂ ਤਿੰਨ ਚੀਜ਼ਾਂ ਨੂੰ ਬੜਾ ਉਕਸਾਉਂਦੀ।
ਮੈਕਡਫ:ਕਿਹੜੀਆਂ ਖਾਸ ਨੇ ਤਿੰਨੇ ਚੀਜ਼ਾਂ, ਦਾਰੂ ਜੀਹਨਾਂ ਇਉਂ ਭੜਕਾਉਂਦੀ?
ਦਰਬਾਨ:ਨੱਕ ਦੀ ਲਾਲੀ , ਨੀਂਦ ਪਿਆਰੀ , ਬਾਰ ਬਾਰ ਪੇਸ਼ਾਬ , ਜੁਨਾਬ।
ਕਾਮਫੂਸ 'ਚ ਸੁੱਟੇ ਤੀਲੀ, ਪਰ ਛੇਤੀ ਹੀ ਛਿੜਕੇ ਆਬ;
ਲਾ ਚੁਆਤੀ ਸ਼ਹਿਵਤ ਵਾਲੀ, ਸ਼ੀਘਰ ਪਤਨ ਦਾ ਹੱਲਾ ਕਰਦੀ ,
ਥੰਮ੍ਹੀ ਖਿੱਚ ਮਰਦਮੀ ਵਾਲੀ, ਥੋਥਾ ਟਾਂਡਾ ਮਰਦ ਦਾ ਕਰਦੀ :
'ਦਾਰੂ, ਕਾਮ' ਦੇ ਵਾਕਅੰਸ਼ ਹੀ, ਸਾਹਿਬ ! ਹਨ ਦੋ-ਅਰਥੇ:-
(ਪਾਣੀ ਵਾਂਗੂੰ ਸਤਾਅ ਬਰਾਬਰ, ਊਂਚ, ਨੀਚ ਨਹੀਂ ਕਰਦੇ)
ਏਹੋ ਇਹਨੂੰ ਹਯਾਤ ਬਖਸ਼ਦੀ, ਅਧਵਾਟੇ ਫਿਰ ਏਹੋ ਮਾਰੇ;
ਫੌਰਨ ਕੱਸੇ ਸਰੀਰ ਏਸਦਾ, ਫੌਰਨ ਢਿੱਲਿਆਂ ਕਰਦੀ ;
ਦੇਹ ਤਰਗ਼ੀਬ ਤਿਆਰ ਵੀ ਕਰਦੀ, ਦਿਲ ਵੀ ਛੋਟਾ ਕਰਦੀ;
ਸਾਵਧਾਨ ਕਹਿ ਖੜਾ ਕਰੇ, ਵਿਸ਼ਰਾਮ ਵੀ ਝਬਦੇ ਕਰਦੀ :
ਮੁਕਦੀ ਗੱਲ 'ਨੀਂਦ' ਵਿੱਚ ਵੀ, ਦੋ-ਅਰਥੀ ਹੀ ਗੱਲ ਇਹ ਕਰਦੀ :
ਲੰਮਾ ਪਿਆ ਛੱਡ ਕੇ ਪਿੱਛੇ, ਕੋਰਾ ਝੂਠਾ ਬੰਦਾ ਕਰਦੀ ।
ਮੈਕਡਫ:ਤਾਂ ਤੇ ਫਿਰ ਯਕੀਨ ਏ ਮੈਨੂੰ, ਇਸ ਦਾਰੂ ਨੇ ਰਾਤੀਂ ਤੈਨੂੰ,
ਆਪਾ ਵਿਸਰਾਇਆ, ਲੰਮਾ ਪਾਇਆ।
ਦਰਬਾਨ:ਜੀ , ਜੁਨਾਬ, ਇੰਝ ਹੀ ਕੀਤਾ ਇਹਨੇ, ਗਲ਼ ਤੋਂ ਮੈਨੂੰ ਕਾਬੂ ਕੀਤਾ;
ਐਪਰ ਮੈਂ ਵੀ ਘੱਟ ਨਹੀਂ ਸੀ, ਮੁੜਵਾਂ ਵਾਰ 'ਝੂਠ' ਤੇ ਕੀਤਾ;
ਖਿਆਲ 'ਚ ਮੇਰੇ ਮੈਂ ਤੱਗੜਾ ਸੀ, ਕਿਤੇ ਜ਼ਿਆਦਾ ਇਹਦੇ ਨਾਲੋਂ,
ਪੈਰੋਂ ਇਹਨੇ ਕੱਢ ਲਿਆ ਪਰ, ਬਦਲ ਪੈਂਤਰਾ ਮੈਂ ਡਟਿਆ ਸੀ,
ਲਾਹ ਸੁੱਟਣ ਨੂੰ ਇਹਨੂੰ ।
ਮੈਕਡਫ:ਮਾਲਿਕ ਤੇਰੇ ਉੱਠ ਖਲੋਤੇ?-
ਸਾਡੀ ਦਸਤਕ ਆਣ ਜਗਾਇਐ, ਆਉਂਦੇ ਨੇ ਉਹ ਸਾਹਵੇਂ।
{ਪ੍ਰਵੇਸ਼ ਮੈਕਬੈਥ}

ਲੈਨੌਕਸ:ਸ਼ੁਭ ਪ੍ਰਭਾਤ, ਸਾਊ ਸਰਕਾਰ!
ਮੈਕਬੈਥ:ਦੋਵਾਂ ਨੂੰ ਹੀ ਸ਼ੁਭ ਪ੍ਰਭਾਤ!
ਮੈਕਡਫ:ਮਹਾਰਾਜ ਜਾਗ ਪਏ, ਸਨਮਾਨਿਤ ਸਰਦਾਰ?
ਮੈਕਬੈਥ:ਅਜੇ ਨਹੀਂ।
ਮੈਕਡਫ:ਹੁਕਮ ਸੀ ਮੈਨੂੰ, ਵੇਲ਼ੇ ਸਿਰ ਆਵਾਂ, ਘੜੀ ਕੁ ਲਗਭਗ ਮੈਂ ਪਛੜਿਆਂ।
ਮੈਕਬੈਥ:ਆਓ, ਮੈਂ ਲੈ ਚਲਦਾਂ ਤੁਹਾਨੂੰ।
ਮੈਕਡਫ:ਜ਼ਹਿਮਤ ਮੁਆਫ; ਦਿੱਤੀ ਤਕਲੀਫ ਤੁਹਾਨੂੰ।


ਮੈਕਬੈਥ:ਜੋ ਮਸ਼ੱਕਤ ਖੁਸ਼ੀਆਂ ਬਖਸ਼ੋ,ਆਪ ਬਣੇ ਤਕਲੀਫ਼ ਦੀ ਦਾਰੂ।
ਆਹ ਰਿਹਾ ਦਰਵਾਜ਼ਾ।
ਮੈਕਡਫ:ਗੁਸਤਾਖੀ ਕਰਦਾਂ,ਆਵਾਜ਼ ਦੇ ਰਿਹਾਂ। ਬੱਸ ਏਨੀ ਸੀ ਸੇਵਾ ਲੱਗੀ।
{ਪ੍ਰਸਥਾਨ ਮੈਕਡਫ}

ਲੈਨੌਕਸ:ਮੁੜ ਜਾਣੈਂ ਅੱਜ ਸ਼ਾਹ ਨੇ?
ਮੈਕਬੈਥ:ਹਾਂ,ਏਹੋ ਸੀ ਹੁਕਮ ਉਨ੍ਹਾਂ ਦਾ।
ਲੈਨੌਕਸ:ਰਾਤ ਬੜੀ 'ਆਵਾਰਾ' ਬੀਤੀ,ਬੜਾ ਸੀ ਝੱਖੜ,ਤੂਫਾਨ ਬੜਾ ਸੀ
ਜਿਹੜੇ ਕਮਰੇ ਅਸੀਂ ਸੀ ਸੁੱਤੇ,ਚਿਮਨੀਆਂ ਹੀ ਉੱਡ ਗਈਆਂ ਓਥੇ:
ਜਿਵੇਂ ਕਹਿੰਦੇ ਨੇ:ਵਾ' ਵਿਰਲਾਪੀ ਲਗ ਰਹੀ ਸੀ:
ਵੈਣ,ਕੀਰਨੇ ਪੈਂਦੇ ਜਿੱਦਾਂ,ਮਰਗ ਕਿਸੇ ਤੇ:-
ਖੌਫ਼ਨਾਕ ਅੰਦਾਜ਼ 'ਚ ਜਿੱਦਾਂ,ਭਵਿੱਖਬਾਣੀ ਸੀ ਕੋਈ ਹੁੰਦੀ:
ਅਫਰਾਤਫਰੀ,ਖਾਨਾ-ਜੰਗੀ,ਅੱਗਾਂ ਨਾਲ ਤਬਾਹੀ ਵਾਲੀ:
ਤਾਜ਼ਾਂ ਰਚੀਆਂ ਸਾਜ਼ਸ਼ਾਂ ਵਾਲੀ,ਬਦਬਖਤ, ਉਦਾਸ ਜ਼ਮਾਨੇ ਵਾਲੀ:
ਬੂਦਮ ਬਦਨਾਮ ਨ੍ਹੇਰ ਦਾ ਪੰਛੀ,ਸਾਰੀ ਰਾਤ ਰਿਹਾ ਹੂਕਦਾ:
ਕਈ ਤਾਂ ਕਹਿੰਦੇ ਧੂਆਂ ਸ਼ਿਵ ਦਾ ਜਾਗ ਪਿਆ ਸੀ:
ਧਰਤ ਬੇਚਾਰੀ ਨਾਲ ਤਪਸ਼ ਦੇ ਕੰਬ ਰਹੀ ਸੀ-।
ਮੈਕਬੈਥ:ਬੜੀ ਤੂਫਾਨੀ ਰਾਤ ਸੀ ਇਹੇ।
ਲੈਨੌਕਸ:ਨਿੱਕੀ ਆਯੂ ਵਿੱਚ ਮੈਂ ਆਪਣੀ,ਸਾਨੀ ਰਾਤ ਨਾਂ ਇਹਦੀ ਵੇਖੀ।
{ਮੈਕਡਫ ਦਾ ਮੁੜ ਪ੍ਰਵੇਸ਼}


ਮੈਕਡਫ:ਓ ਭਿਆਨਕ,ਕਹਿਰ ਭਿਆਨਕ!-
ਦਿਲ,ਜ਼ੁਬਾਂ ਤਾਂ ਚਿਤਵ ਨਹੀਂ ਸਕਦੇ, ਨਾਂ ਹੀ ਤੈਨੂੰ ਨਾਂਅ ਦੇ ਸਕਦੇ!
ਮੈਕਬੈਥ/ਲੈਨੌਕਸ:ਕੀ ਹੋ ਗਿਆ? ਕਿ ਹੋ ਗਿਆ?
ਮੈਕਡਫ:ਅਫਰਾਤਫਰੀ, ਘਬਰਾਹਟ ਨੇ ਹੁਣ,ਆਪਣਾ ਹੀ ਸ਼ਾਹਕਾਰ ਬਣਾਇਐ
ਮਹਾਂ ਨਾਪਾਕ ਕਤਲ ਨੇ ਢਾਹ ਕੇ ਢੇਰੀ ਕੀਤੈ,
ਪਰਮ ਪਿਤਾ ਦਾ ਅਭੀਸ਼ੇਕਤ ਮੰਦਰ,ਨਾਲੇ ਚੋਰੀ ਕਰ ਲੈਗਿਆ,
ਇਮਾਰਤ ਵਾਲੀ ਜਿੰਦ-ਜਾਨ ਨੂੰ।
ਮੈਕਬੈਥ:ਕੀ ਆਖਦੈਂ?--ਜਿੰਦ?
ਲੈਨੌਕਸ:ਮਹਾਰਾਜ ਅਧਿਰਾਜ-ਮਤਲਬ ਹੈ ਤੇਰਾ?
ਮੈਕਡਫ:ਕਮਰੇ ਅੰਦਰ ਜਾ ਕੇ ਵੇਖੋ,
ਘੋਰ ਭਿਆਨਕ ਨਾਗਕੇਸ਼ੀ ਨਵੀਂ ਖੜੀ ਹੈ, ਦਰਸ ਕਰੋ:
ਨਜ਼ਰ ਗੁਆਓ,ਅੰਨ੍ਹੇ ਹੋ ਜਾਓ,ਨੈਣੀਂ ਜ਼ਹਿਰ ਚੁਆਓ।


ਮੈਥੋਂ ਕੁੱਝ ਨਾਂ ਪੁੱਛੋ; ਵੇਖੋ ਜਾ ਕੇ, ਫੇਰ ਕਰੋ ਗੱਲ ਕੋਈ ਆਪੇ।
{ਪ੍ਰਸਥਾਨ ਲੈਨੌਕਸ ਅਤੇ ਮੈਕਬੈਥ ਦਾ}

ਜਾਗੋ, ਹੋ, ਜਾਗੋ!-ਖਤਰੇ ਵਾਲਾ ਟੱਲ ਵਜਾਓ:-
ਹੋ ਗਿਆ ਦੇਸ਼ ਧ੍ਰੋਹ, ਖੂਨ ਹੋਗਿਆ!
ਡੋਨਲਬੇਨ, ਬੈਂਕੋ, ਮੈਲਕੌਲਮ ! ਜਾਗੋ-ਹੋ-ਜਾਗੋ !
ਖੰਭਾਂ ਭਰੇ ਨਰਮ, ਮੁਲਾਇਮ ਬਿਸਤਰ ਤਿਆਗੋ,
ਮੌਤ ਜਿਹੀ ਇਹ ਨਿੰਦਰਾ ਲਾਹ ਕੇ ਸੁੱਟੋ, ਤੇ ਅਸਲ ਮੌਤ ਦੇ ਦਰਸ ਕਰੋ!
ਉੱਠੋ, ਉੱਠੋ, ਆ ਕੇ ਵੇਖੋ: ਬਿੰਬ ਮਹਾਂ ਪਰਲੋ ਦਾ ਅੱਖੀਂ!
ਮੈਲਕੌਲਮ! ਬੈਂਕੋ ! ਉੱਠੋਂ ਬਿਸਤਰ-ਕਬਰਾਂ ਵਿੱਚੋ, ਉੱਠੋ,
ਰੂਹਾਂ ਵਾਂਗੂੰ ਟੁਰ ਕੇ ਆਓ, ਘੋਰ ਭਿਆਨਕ ਏਸ ਕਹਿਰ ਦਾ,
ਕਰੋ ਟਾਕਰਾ ਸਾਹਵੇਂ ਆ ਕੇ!
{ਖਤਰੇ ਦਾ ਘੜਿਆਲ ਵੱਜਦਾ ਹੈ}
{ਲੇਡੀ ਮੈਕਬੈਥ ਦਾ ਮੁੜ ਪ੍ਰਵੇਸ਼}

ਲੇਡੀ ਮੈਕਬੈਥ:ਇਹ ਕੀ ਕਾਰਾ ਹੋਇਆ?
ਏਨੀ ਘੋਰ ਭਿਆਨਕ ਕਿਉਂ ਆਵਾਜ਼ ਤੂਤੀ ਦੀ,
ਘਰੀਂ ਸੁੱਤਿਆਂ ਜਗਾ ਬੁਲਾਵੇ ? ਬੋਲੋ ਹੋ, ਕੁੱਝ ਤੇ ਬੋਲੋ!
ਮੈਕਬੈਥ:ਬੇਗਮ ਸਾਹਿਬਾ, ਤੇਰੇ ਸੁਣਨ ਦੀ ਗੱਲ ਨਹੀਂ ਹੈ, ਮੈਂ ਦੱਸ ਨਾਂ ਸੱਕਾਂ,
ਕੋਮਲ ਕਾਇਆ ਸਹਿ ਨਾਂ ਸੱਕੇ, ਮਾਰ ਮੁਕਾਊ ਕੰਨੀਂ ਪੈਂਦੀ ।
{ਬੈਂਕੋ ਦਾ ਮੁੜ ਪ੍ਰਵੇਸ਼}

ਓ ਬੈਂਕੋ, ਬੈਂਕੋ ! ਸਾਡੇ ਮਹਾਰਾਜ ਦਾ ਖੂਨ ਹੋ ਗਿਆ !

ਲੇਡੀ ਮੈਕਬੈਥ:ਸਦ-ਅਫਸੋਸ, ਸਦ-ਅਫਸੋਸ! ਘਰੇ ਅਸਾਡੇ !
ਬੈਂਕੋ:ਜ਼ੁਲਮ ਬੜਾ ਹੈ, ਭਾਵੇਂ ਕਿਤੇ ਵੀ ਹੋਵੇ।-
ਮੈਕਡਫ ਪਿਆਰੇ ਕਰਾਂ ਗੁਜ਼ਾਰਿਸ਼, ਖੰਡਨ ਕਰਦੇ ਗੱਲ ਕਹੀ ਦਾ,
ਕਹਿ ਦੇ ਕੁੱਝ ਨਹੀਂ ਇੰਜ ਦਾ ਹੋਇਆ।
{ਲੈਨੌਕਸ ਅਤੇ ਮੈਕਬੈਥ ਦਾ ਮੁੜ ਪ੍ਰਵੇਸ਼}

ਜੇ ਮੈਂ ਘੜੀ ਕੁ ਇਸ ਹੋਣੀ ਤੋਂ ਪਹਿਲਾਂ ਮਰਦਾ,
ਜੀ ਲਈ ਹੁੰਦੀ ਮੈਂ ਫਿਰ ਰੱਬ ਦੀ ਰਹਿਮਤ ਸਾਰੀ ;
ਏਸ ਪਲ ਉਪ੍ਰੰਤ ਐਪਰ, ਨਸ਼ਵਰਤਾ ਬੇਮਾਅਨੀ ਹੋ ਗੀ :
ਸਭ ਮਾਇਆ ਦਾ ਖੇਲ-ਪੰਡਾਰਾ, ਸ਼ੁਹਰਤ, ਸ਼ਾਨ, ਰਹਿਮਤ ਮੋਏ :


ਜੀਵਨ-ਮਦਰਾ ਮੁੱਕੀ ਸਾਰੀ , ਸ਼ਰਾਬਖਾਨੇ ਦੀ ਸ਼ੇਖੀ ਜੋਗੀ ,
ਬੱਸ ਥੱਲੇ ਦੀ ਤਲਛਟ ਰਹਿ ਗੀ।
{ਮੈਲਕੌਲਮ ਅਤੇ ਡੋਨਲਬੇਨ ਦਾ ਪ੍ਰਵੇਸ਼}

ਡੋਨਲਬੇਨ:ਕੀ ਹੋ ਗਿਆ?
ਮੈਕਬੈਥ:ਤਾਂ ਤੇ ਤੈਨੂੰ ਪਤਾ ਨਹੀਂ ਹੈ!
ਉਹ ਝਰਨਾ ਜੋ ਸਿਰ ਸੀ ਤੇਰਾ, ਲਹੂ ਤੇਰੇ ਦਾ ਸੋਮਾ ਹੈਸੀ :
ਬੰਦ ਹੋ ਗਿਆ; ਧੁਰੋਂ ਸਮਝ, ਸਰੋਤ ਏਸ ਦਾ ਠੱਪ ਹੋ ਗਿਆ।
ਮੈਕਡਫ:ਪਿਤਾ ਮਹਾਰਾਜ ਤੁਹਾਡੇ ਦਾ ਅੱਜ ਕਤਲ ਹੋ ਗਿਆ।
ਮੇਲਕੌਲਮ:ਓ, ਇਹ ਕਿਸ ਕੀਤਾ?
ਲੈਨੌਕਸ:ਲਗਦੈ ਉਹਦੇ ਕਮਰੇ ਵਾਲਿਆਂ ਕੀਤਾ:
ਮੂੰਹ, ਸਿਰ, ਹੱਥ ਉਨ੍ਹਾਂ ਦੇ ਸਾਰੇ, ਲਹੂ 'ਚ ਲਥਪਥ ਹੋਏ ਪਏ ਸੀ ;
ਖੰਜਰ ਵੀ ਸਨ ਰੱਤ ਦੇ ਭਿੱਜੇ, ਅਣਪੂੰਝੇ ਮਿਲੇ ਸਰ੍ਹਾਣਿਆਂ ਉੱਤੇ:
ਅੱਖਾਂ ਟੱਡੀਂ ਵੇਖ ਰਹੇ ਸੀ ਪਾਗਲਾਂ ਵਾਂਗੂੰ;
ਭਰੋਸਾ ਨਹੀਂ ਸੀ ਕਿਸੇ ਜੀਵਨ ਦਾ, ਅਜਿਹੇ ਦੁਸ਼ਟਾਂ ਲਾਗੇ।
ਮੈਕਬੈਥ:ਹਾਏ, ਹੁਣ ਪਛਤਾਵਾ ਹੁੰਦੈ, ਹੜ੍ਹ ਗ਼ੁੱਸੇ ਦਾ ਕਾਹਨੂੰ ਆਇਆ,
ਤੈਸ਼ ਤੂਫਾਨੀ ਅੰਦਰ ਕਿਉਂ ਮੈਂ, ਇਉਂ ਦੁਸ਼ਟਾਂ ਨੂੰ ਮਾਰ ਮੁਕਾਇਆ।
ਮੈਕਡਫ:ਇਹ ਕਿਉਂ ਕੀਤਾ?
ਮੈਕਬੈਥ:ਹੈ ਕੋਈ ਐਸਾ? ਇੱਕੋ ਵੇਲ਼ੇ, ਹੈਰਾਨ, ਸਿਆਣਾ, ਧੀਰ ਵੀ ਹੋਵੇ,
ਵਫਾਦਾਰ, ਸਮਪੱਖੀ ਵੀ , ਤੈਸ਼ 'ਚ ਅੰਨ੍ਹਾ ਵੀਰ ਵੀ ਹੋਵੇ।
ਐਸਾ ਤਾਂ ਕੋਈ ਹੋ ਨਹੀਂ ਸਕਦਾ :
ਪ੍ਰਚੰਡ ਪਿਆਰ ਮੇਰੇ ਦੀ ਤੇਜ਼ ਤੱਰਾਰੀ, ਤਰਕ-ਰੋਕ ਨੂੰ ਕਰ ਗਈ ਲਾਂਭੇ।
ਡੰਕਨ ਮਿਰਤ ਪਿਆ ਸੀ ਓਥੇ:
ਚਾਂਦੀ-ਰੰਗੀ ਚਮੜੀ ਉਹਦੀ, ਸੁਨਹਿਰੀ ਲਹੂ ਦੀ ਝਾਲਰ ਵਾਲੀ ;
ਖੁੱਲ੍ਹੇ ਮੂੰਹ ਫੱਟਾਂ ਦੇ ਉਹਦੇ, ਪ੍ਰਕ੍ਰਿਤੀ ਵਿੱਚ ਪੈ ਗੇ ਪਾੜੇ:
ਜਿਉਂ ਤਬਾਹਕੁਨ ਬਰਬਾਦੀ ਵਾਲੇ, ਕੱਢੇ ਹੋਣ ਦਰਵਾਜ਼ੇ:
ਆਪਣੇ ਕਾਰੇ ਦੇ ਰੰਗ ਰੰਗੇ, ਖੰਜਰ ਗੁਸਤਾਖ ਰੱਤ ਦੇ ਭਿੱਜੇ,
ਕਾਤਲਾਂ ਕੋਲ ਪਏ ਸੀ ਓਥੇ:
ਫੇਰ ਭਲਾ ਰੁਕ ਸਕਦਾ ਕਿੱਦਾਂ, ਪਰੇਮੀ ਦਿਲ ਕੋਈ ਜੇਰੇ ਵਾਲਾ,
ਜੁਰਅਤ ਜੋ ਕਰ ਸਕਦਾ ਹੋਵੇ, ਪਿਆਰ ਵਖਾਵਣ ਵਾਲੀ ?
ਲੇਡੀ ਮੈਕਬੈਥ:ਮੈਨੂੰ ਕੋਈ ਲੈ ਚੱਲੋ ਏਥੋਂ, ਹੋ!
ਮੈਕਡਫ:ਜਾਓ, ਸੰਭਾਲੋ ਬੇਗਮ ਤਾਈਂ।
ਮੈਲਕੌਲਮ:ਸਾਡੇ ਮੂੰਹ ਭਲਾ ਕਿਉਂ ਬੰਦ, ਦਲੀਲਾਂ ਸਾਡੀਆਂ ਵਰਤਣ ਇਹੇ?


ਡੋਨਲਬੇਨ:ਕੀ ਆਪਾਂ ਕਹਿ ਸਕਦੇ ਏਥੇ, ਬਰਮੇ ਦੇ ਸੁਰਾਖ 'ਚ ਜਿੱਥੇ
ਲੁਕ ਬੈਠੀ ਹੈ ਹੋਣੀ ਸਾਡੀ , ਪਤਾ ਨੀਂ ਕਦ ਆ ਫੜੇ ਗਲਾਂ ਤੋਂ।
ਆਓ ਏਥੋਂ ਚਲਦੇ ਹੋਈਏ, ਹਾਲੇ ਹੰਝੂ ਆਏ ਨਹੀਂ ਅੱਖੀਂ।
ਮੈਲਕੌਲਮ:ਨਾਂ ਇਹ ਵੇਲਾ ਇਜ਼ਹਾਰ ਕਰਨ ਦਾ, ਡੂੰਘੀ ਸੋਗਵਾਰੀ ਨੂੰ ਆਪਣੀ।
ਬੈਂਕੋ:ਬੇਗਮ ਨੂੰ ਸੰਭਾਲੋ ਕੋਈ!
{ਸਹਾਇਕ ਲੇਡੀ ਮੈਕਬੈਥ ਨੂੰ ਲੈ ਕੇ ਜਾਂਦੇ ਹਨ}

ਜਦ ਆਪਾਂ ਪਾ ਲਈਏ ਕਾਬੂ, ਖੁੱਲ੍ਹੇ ਆਮ ਰੋਣ-ਧੋਣ ਦੀ ਕਮਜ਼ੋਰੀ ਉੱਤੇ,
ਬੇ-ਪਰਦਾ ਜੋ ਦੁੱਖ ਭੋਗਦੀ :
ਮਿਲੀਏ ਫੇਰ, ਵਿਸ਼ਲੇਸ਼ਨ ਕਰੀਏ, ਖੂਨੀ ਏਸ ਮਹਾਂ ਕਾਰੇ ਦਾ ਸੱਚ ਖੋਜੀਏ।
ਅੰਦਰ ਦੀ ਆਵਾਜ਼, ਡਰ, ਭੈ, ਨੈਤਕ ਸੰਕੋਚਾਂ, ਅੰਦਰੋਂ ਤੱਗ ਹਿਲਾਵਣ ਸਾਡਾ:
ਪਰਮਪਿਤਾ ਦੀ ਛਤਰ-ਛਾਇਆ 'ਚ ਮੈਂ ਖੜਾ ਹਾਂ;
ਉਸ ਥਾਂ ਤੋਂ, ਉਸ ਕਾਰਨ ਹੀ ਮੈਂ, ਹਥਿਆਰ ਚੁੱਕਨਾ
ਦੋਖ, ਧਰੋਹ ਦੀ ਖਤਰਨਾਕ ਇਸ ਸਾਜ਼ਿਸ਼ ਨੂੰ ਹੈ ਨੰਗਿਆਂ ਕਰਨਾ-।
ਮੈਕਡਫ:ਮੈਂ ਵੀ ਇਸ ਵਿੱਚ ਨਾਲ ਹਾਂ ਤੇਰੇ।
ਸਾਰੇ:ਅਸੀਂ ਵੀ ਸਾਰੇ ਨਾਲ ਹਾਂ ਤੇਰੇ।
ਮੈਕਬੈਥ:ਆਓ ਆਪਾਂ ਕੁਝ ਪਲ ਖਾਤਰ, ਓੜ੍ਹ ਲੱਬਾਦੇ ਮਰਦਾਂ ਵਾਲੇ,
ਜੁੜ ਕੇ ਹਾਲ 'ਚ ਸਭਾ ਬੁਲਾਈਏ।
ਸਾਰੇ:ਠੀਕ ਆਖਿਐ।
{ਮੈਲਕੌਲਮ ਅਤੇ ਡੋਨਲਬੇਨ ਬਿਨਾਂ ਸਭ ਜਾਂਦੇ ਹਨ}

ਮੈਲਕੌਲਮ:ਤੂੰ ਕੀ ਕਹਿਨੈ? ਇਹਨਾਂ ਨਾਲ ਨਾਂ ਰਲੀਏ ਆਪਾਂ :
ਉੱਤੋਂ ਉੱਤੋਂ ਸੋਗ ਮਨਾਉਣਾ, ਫਰਜ਼ ਨਿਭਾਉਣਾ, ਝੂਠਿਆਂ ਨੂੰ ਤਾਂ ਸੌਖਾ ਲਗਦਾ।
ਮੈਂ ਤਾਂ ਟੁਰ ਜਾਣੈ ਇੰਗਲੈਂਡੇ।
ਡੋਨਲਬੇਨ:ਆਇਰਲੈਂਡ ਨੂੰ ਮੈਂ ਟੁਰ ਜਾਣੈ;
ਵੱਖਰੇ ਥਾਵੀਂ, ਵੱਖਰੀ ਕਿਸਮਤ, ਰੱਖੂ ਸੁਰੱਖਿਅਤ ਸਾਨੂੰ:
ਜਿੱਥੇ ਹੁਣ ਅਸੀਂ ਖੜੇ ਹਾਂ, ਆਸਤੀਨਾਂ, ਮੁਸਕਾਨਾਂ ਅੰਦਰ ਲੁਕੇ ਨੇ ਖੰਜਰ:
ਜਿੰਨੇ ਖੂਨ ਦੇ ਨੇੜੇ, ਓਨੇ ਹੀ ਨੇ ਖੂਨ ਪਿਆਸੇ-।
ਮੈਲਕੌਲਮ:ਆਹ ਜੋ ਘਾਤਕ ਤੀਰ ਛੁੱਟਿਐ, ਹਾਲੀਂ ਨਹੀਂ ਨਿਸ਼ਾਨੇ ਲੱਗਾ;
ਏਸੇ ਵਿੱਚ ਸੁਰੱਖਿਆ ਸਾਡੀ, ਨਿਸ਼ਾਨਾ ਇਹਦਾ ਖਤਾ ਕਰਾਈਏ।
ਚਲ ਫਿਰ ਮਾਰ ਅਸ਼ਵ ਨੂੰ ਅੱਡੀ, ਵਿਦਾਅ ਲੈਣ ਦੀ ਲੋੜ ਨਹੀਂ;
ਬੱਸ ਹੁਣ ਖਿਸਕੀਏ ਏਥੋਂ।
ਨਾਲੇ ਚੋਰੀ ਕਾਹਦੀ ਚੋਰੀ, ਬੇ ਰਹਿਮੀ ਦੇ ਚੁੰਗਲ ਵਿੱਚੋਂ ਖਿਸਕਾ ਜਾਣ ਦੀ,


ਜੇ ਜ਼ਰੂਰੀ ਹੋ ਜੇ ਏਦਾਂ, ਆਪਣਾ ਆਪ ਬਚਾਵਣ ਖਾਤਰ।
{ਪ੍ਰਸਥਾਨ}

ਸੀਨ-2


ਓਹੀ-ਕਿਲੇ ਤੋਂ ਬਾਹਰ।-

{ਪ੍ਰਵੇਸ਼ ਰੌਸ ਅਤੇ ਇੱਕ ਬੁੱਢੇ ਦਾ}

ਬੁੱਢਾ:ਤਿੰਨ ਵੀਹਾਂ ਤੇ ਦਸ ਵਰ੍ਹਿਆਂ ਦੀ, ਹਰ ਗੱਲ ਚੰਗੀ ਯਾਦ ਹੈ ਮੈਨੂੰ:
ਘੜੀਆਂ ਘੋਰ ਭਿਅੰਕਰ ਏਸ ਦੌਰਾਨ, ਗੱਲਾਂ ਅਜੀਬ ਅਨੇਕ ਵੇਖੀਆਂ;
ਪਰ ਇਸ ਰਾਤ ਦੇ ਦੁੱਖ ਮਹਾਨ, ਸਾਰੀਆਂ ਉੱਤੇ ਮਿੱਟੀ ਪਾਈ।
ਰੌਸ:ਚੰਗੇ ਬਾਪੂ ਵੇਖ ਲੈ ਆਪੇ:
ਅੰਬਰ ਉੱਪਰ ਦੁਖੀ ਬੜੇ ਨੇ, ਬੰਦੇ ਦੀ ਬਦ-ਕਰਨੀ ਉੱਤੇ,
ਲਹੂਲਹਾਣ ਮੰਚ ਤੇ ਉਹਦੇ, ਵੱਜਰ ਪੁਰਜ਼ੋਰ ਘੁਮਾਈਂ ਜਾਂਦੇ :
ਘੜੀ ਤਾਂ ਆਖੇ ਦਿਨ ਹੈ ਚੜ੍ਹਿਆ, ਸਿੱਲ੍ਹੀ ਰਾਤ ਹਨੇਰੀ ਨੇ ਪਰ
ਰਾਹੀ ਵਾਲਾ ਲੈਂਪ ਬੁਝਾਇਐ;
ਨ੍ਹੇਰੀ ਰਾਤ ਨੇ ਕਾਬੂ ਪਾਇਐ, ਜਾਂ ਫਿਰ ਦਿਨ ਹੀ ਸ਼ਰਮਸਾਰ ਹੈ:
ਕਿ ਰੌਸ਼ਨ ਚਿਹਰਾ ਘੋਰ ਨ੍ਹੇਰ ਨੇ, ਧਰਤੀ ਵਿੱਚ ਹੈ ਜਾ ਦਫਨਾਇਆ,
ਜਿਸ ਚਿਹਰੇ ਨੇ ਏਸ ਧਰਤ ਦਾ, ਮੁਖੜਾ ਚੁੰਮ ਰੌਸ਼ਨਾਣਾ ਹੈ ਸੀ?
ਬੁੱਢਾ: ਬੜਾ ਅਸੁਭਾਵਿਕ, ਗ਼ੈਰ-ਕੁਦਰਤੀ , ਬਿਲਕੁਲ 'ਕੀਤੇ ਕਾਰੇ' ਵਰਗਾ।
ਪਿਛਲੇ ਮੰਗਲਵਾਰੇ ਇੱਕ ਸ਼ਿਕਰੇ ਨੂੰ, ਹੰਕਾਰੀ ਬੜੀ ਪਰਵਾਜ਼ 'ਚੋਂ ਉਹਦੀ,
ਚੂਹੇ-ਖਾਣੇ ਇੱਕ ਉੱਲੂ ਨੇ, ਮਾਰ ਝਪੱਟਾ ਬਾਜ਼ ਵਾਂਗਰਾਂ ਮਾਰ ਸੁੱਟਿਆ।
ਰੌਸ: ਤੇ ਡੰਕਨ ਦੇ ਅਸ਼ਵ ਅਨੋਖੇ,-ਅਚਰਜ ਬੜੀ ਪਰ ਪੱਕੀ ਗੱਲ ਹੈ-
ਤੇਜ਼-ਤਰਾਰ ਤੇ ਸੁੰਦਰ, ਸੁਹਣੇ, ਅਸਲ ਨਸਲ ਦੇ ਪੱਕ-ਨਮੂਨੇ,
ਬਦਲ ਅਚਾਨਕ ਫਿਤਰਤ ਅਪਣੀ, ਰਿਅ੍ਹਾ ਜਾਂਗਲੀ ਹੋ ਗੇ ਸਾਰੇ,
ਤਬੇਲੇ, ਖੁਰਲੀ ਤੋੜ ਭੰਨ ਕੇ, ਮਾਰ ਛੜੱਪੇ ਭੱਜ ਗੇ ਸਾਰੇ,
ਤਾਅਬੇਦਾਰੀ ਭੁੱਲੀ ਸਾਰੀ, ਇਨਸਾਨ ਵਿਰੁੱਧ ਜਿਉਂ ਜੰਗ ਐਲਾਨੀ।
ਬੁੱਢਾ:ਸੁਣਿਐ ਇੱਕ ਦੂਜੇ ਨੂੰ ਵੱਢ ਰਹੇ ਸੀ?
ਰੌਸ:ਇਹੋ ਉਹਨਾਂ ਕੀਤਾ; ਡੇਲੇ ਮੇਰੇ ਵੇਖ ਉਨ੍ਹਾਂ ਨੂੰ ਰਹਿਗੇ ਟੱਡੇ।
ਮੈਕਡਫ ਸਾਊ ਆ ਰਿਹੈ ਸਾਹਮਣੇ।
{ਪ੍ਰਵੇਸ਼ ਮੈਕਡਫ}


ਕੀ ਹਾਲ ਜੁਨਾਬ, ਨੇ ਦੁਨੀਆਂ ਵਾਲੇ?
ਮੈਕਡਫ:ਕੀ ਗੱਲ, ਪਤਾ ਨਹੀਂ ਤੁਹਾਨੂੰ?
ਰੌਸ:ਪਤਾ ਲੱਗਿਐ ਕੀਹਨੇ ਕੀਤੈ ਇਹ ਅਤਿ ਖੂਨੀ ਕਾਰਾ?
ਮੈਕਡਫ:ਉਹਨਾਂ ਜਿਹੜੇ ਕਤਲ ਹੋ ਗਏ ਮੈਕਬੈਥ ਹੱਥੋਂ।
ਰੌਸ:ਸਦ-ਅਫਸੋਸ, ਮੰਦਭਾਗ ਦਿਹਾੜਾ ! ਕੀ ਇਰਾਦਾ ਸੀ ਉਨ੍ਹਾਂ ਦਾ?
ਮੈਕਡਫ:ਲਗਦੈ ਸ਼ਹਿ ਸੀ ਕੋਈ ; ਗੰਢ-ਤੁਪ ਕਿਸੇ ਹੋਰ ਨਾਲ ਸੀ ਹੋਈ :
ਮੈਲਕੌਲਮ ਤੇ ਡੋਨਲਬੇਨ, ਦੋਵੇਂ ਕਾਕੇ, ਚੋਰੀ ਚੋਰੀ ਭੱਜ ਗਏ ਨੇ,
ਸ਼ੱਕ ਤਾਂ ਬੱਸ ਉਨ੍ਹਾਂ ਤੇ ਜਾਂਦੀ।
ਬੁੱਢਾ:ਇਹ ਤਾਂ ਮੂਲੋਂ ਗ਼ੈਰ-ਕੁਦਰਤੀ! ਅਸੀਮ ਅਕਾਂਖਿਆ ਦਰਿੰਦ ਹਲਕਿਆ,
ਖੁਦ ਅਪਣੇ ਹੀ ਜੀਵਨ-ਸਾਧਨ, ਆਪਣੇ ਹੱਥੀਂ ਨਸ਼ਟ ਕਰੇ !
ਬਹੁਤ ਸੰਭਵ ਹੈ ਫਿਰ ਤਾਂ, ਮੈਕਬੈਥ ਨੂੰ ਰਾਜ ਮਿਲੇ।
ਮੈਕਡਫ:ਨਾਂਅ ਦਾ ਤਾਂ ਐਲਾਨ ਹੋ ਗਿਐ ; ਉਹ ਸਕੋਨੇ ਪੁੱਜ ਗਿਐ,
ਰਾਜ ਅਭਿਸ਼ੇਕ ਦੀ ਖਾਤਰ।
ਰੌਸ:ਦੇਹ ਡੰਕਨ ਦੀ ਕਿੱਥੇ ਹੈ ਹੁਣ?
ਮੈਕਡਫ:ਕੌਲਮਕਿਲ ਲੈ ਗਏ ਨੇ ਉਹਨੂੰ, ਪੁਰਖਾਂ ਵਾਲੇ ਪਾਕ ਭੰਡਾਰ,
ਜਿੱਥੇ 'ਫੁੱਲ' ਮਹਿਫੂਜ਼ ਉਨ੍ਹਾਂ ਦੇ।
ਰੌਸ:ਤੁਸੀਂ ਵੀ ਚੱਲੇ ਸਕੋਨੇ ਵੱਲੇ?
ਮੈਕਡਫ:ਨਹੀਂ ਭਰਾ ਚਚੇਰੇ; ਮੈਂ ਤਾਂ ਚੱਲਾਂ ਫਾਈਫ ਵੱਲੇ।
ਰੌਸ:ਚੰਗਾ, ਮੈਂ ਤਾਂ ਓਧਰ ਚੱਲਾਂ।
ਮੈਕਡਫ:ਅਲਵਿਦਾਅ, ਰੱਬ ਕਰੇ ਸਭ ਚੰਗਾ ਹੁੰਦਾ ਵੇਖੋਂ ਓਥੇ !
ਖਿਲਅਤ ਮਤੇ ਪੁਰਾਣੀ ਆਪਣੀ, ਨਵੀਂ ਤੋਂ ਮੇਚ ਸੁਖੱਲੀ ਆਵੇ!
ਰੌਸ:ਬਾਪੂ, ਅਲਵਿਦਾਅ!
ਬੁੱਢਾ:ਰੱਬ ਦੀ ਰਹਿਮਤ ਨਾਲ ਐ ਤੇਰੇ;
ਉਹਨਾਂ ਤੇ ਵੀ, ਜੀਹਨਾਂ ਬਦੀ ਨੂੰ ਨੇਕੀ ਕਰਨਾ,
ਸ਼ੱਤਰੂ ਮਿੱਤਰ ਬਣਾਉਨੇ ਆਪਣੇ !
{ਪ੍ਰਸਥਾਨ}