{ਚੌਥੇ ਐਕਟ ਦਾ ਅੰਤਲਾ ਭਾਗ ਇੰਗਲੈਂਡ ਵਿੱਚ;
ਬਾਕੀ ਸਾਰਾ ਨਾਟਕ ਸਕਾਟਲੈਂਡ ਵਿੱਚ; ਅਤੇ ਖਾਸ ਤੌਰ ਤੇ ਮੈਕਬੈਥ ਦੇ ਕਿਲੇ ਵਿੱਚ।}

ਐਕਟ-1

ਸੀਨ-1

ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ;

{ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼}

ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ?
ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ?
ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ,
ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ।
ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ।
ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ?
ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ।
ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ।
ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ ।
ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ,
ਸੁਹਣਾ ਹੈ ਬਦ, ਬਦ ਹੀ ਸੁਹਣਾ;
ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ।
{ਅਲੋਪ ਹੋ ਜਾਂਦੀਆਂ ਹਨ}

ਸੀਨ-2


ਫੋਰੈਸ ਨੇੜੇ ਇੱਕ ਪੜਾਅ।

{ਅੰਦਰੋਂ 'ਖਬਰਦਾਰੀ' ਦੀ ਇਤਲਾਅ ਦੀ ਆਵਾਜ਼।
ਪ੍ਰਵੇਸ਼ ਮਹਾਰਾਜ ਡੰਕਣ, ਲੈਨੌਕਸ, ਸਹਾਇਕਾਂ ਅਤੇ ਚਾਕਰਾਂ ਨਾਲ; ਇੱਕ
ਲਹੂ-ਲਹਾਣ ਸੈਨਿਕ ਨੂੰ ਮਿਲਦੇ ਹਨ}

ਡੰਕਣ:ਕਿਹੜਾ ਹੈ ਇਹ ਲਹੂ-ਲਹਾਣ? ਦੇ ਸਕਦੈ ਇਤਲਾਅ ਆਪਣੀ;-
ਲਗਦੈ ਜਿਵੇਂ ਦਿੱਖ ਤੋਂ ਇਹਦੀ, ਤਾਜ਼ਾ ਅਤਿ ਖਬਰ ਲਿਆਇਐ:
ਕਿ ਕਿੱਥੋਂ ਤੀਕ ਬਗ਼ਾਵਤ ਪੁੱਜੀ।
ਮੈਲਕੌਲਮ:ਇਹ ਤਾਂ ਸਾਰਜੰਟ ਹੈ ਉਹੀ,
ਬੜੇ ਹੀ ਜੇਰੇ, ਜੋਸ਼ ਨਾਲ ਜਿਸ, ਲੜ ਬਚਾਇਆ ਕੈਦ ਤੋਂ ਮੈਨੂੰ।-
'ਜੀ ਆਇਆਂ ਨੂੰ' ਬਹਾਦੁਰ ਮਿੱਤਰ!
ਸ਼ਾਹ ਨੂੰ ਦੱਸ ਦੇ ਹਾਲਤ ਸਾਰੀ, ਓਸ ਲੜਾਈ ਵਾਲੀ,-
ਓਸ ਘੜੀ ਤੱਕ, ਜਦ ਤੂੰ ਰਣ ਨੂੰ ਛੱਡ ਕੇ ਆਇਆ।
ਸੈਨਿਕ:ਹਾਲਤ ਬੜੀ ਮਸ਼ਕੂਕ ਸੀ ਓਦੋਂ;
ਥੱਕੇ ਹਾਰੇ ਦੋ ਤੈਰਾਕ, ਇੱਕ ਦੂਜੇ ਨੂੰ ਜੱਫੇ ਪਾਵਣ, ਚੰਬੜੀਂ ਜਾਵਣ,
ਤੈਰਾਕੀ ਵਾਲੀ ਕਲਾ ਆਪਣੀ ਮੰਦੀ ਪਾਵਣ।
ਨਿਰਦਈ ਮੈਕਡੋਨਾਲਡ ਹੋਇਆ ਆਕੀ, ਆਕੀ ਹੋਣ ਦੇ ਲਾਇਕ ਹੈ ਬੱਸ-
ਕੁੱਲ ਦੁਸ਼ਟਤਾ ਪ੍ਰਕ੍ਰਿਤੀ ਦੀ- ਆਪੋ ਵਿੱਚ ਪਈ ਜ਼ਰਬਾਂ ਖਾਂਦੀ-
ਸਿਰ ਤੇ ਜੀਹਦੇ ਨਾਜ਼ਲ ਹੋਈ;
ਪੱਛਮੀ ਦੀਪਾਂ ਵੱਲੋਂ ਆਏ, ਸਹਾਇਕ ਉਹਦੇ ਬੇਸ਼ੁਮਾਰ,-
ਅਣਗਿਣਤ ਪਿਆਦੇ, ਸ਼ਾਹਸਵਾਰ;
'ਹੋਣੀ' ਦੀ ਮੁਸਕਾਣ ਵੀ ਏਦਾਂ ਦੇਵੇ ਥਾਪੀ, ਜਿਉਂ ਬਾਗ਼ੀ ਦੀ ਰੰਡੀ ਹੋਵੇ!
ਐਪਰ ਸਭ ਕਮਜ਼ੋਰ ਪਿਆ ਸੀ: ਸੂਰਾ ਪੂਰਾ ਮੈਕਬੈਥ ਜੋ ,
ਠੀਕ ਹੀ ਨਾਮ ਧਰਾਇਆ ਓਹਨੇ:-ਲਲਕਾਰ ਪਛਾੜਿਆ ਹੋਣੀ ਤਾਈਂ,
ਖੜਗ ਫੌਲਾਦੀ ਐਸੀ ਵਾਹੀ, ਐਸੇ ਐਸੇ ਕੀਤੇ ਕਾਰੇ:
ਖੱਪਰ ਲੱਥਣ, ਉੱਡਣ ਭਾਫਾਂ, ਲਹੂ ਤੇਜ਼ਾਬੀ ਧਰਤੀ ਸਾੜੇ;-
ਆਪ 'ਵੀਰਤਾ' ਘੱਲਿਆ ਨਾਇਕ, ਵੱਢ-ਕੱਟ ਉਹਨੇ ਰਾਹ ਬਣਾਇਆ,-
ਮਰਦੂਦ ਨਫਰ ਜਦ ਸਨਮੁਖ ਆਇਆ; ਤੇ ਫਿਰ ਹੱਥ ਮਿਲਾਇਆ ਨਾਂਹੀ,
ਨਾਂ ਕੋਈ ਅਲਵਿਦਾਆ ਹੀ ਆਖੀ,-
ਸਿਰ ਤੋਂ ਨਾਭੀ ਤੱਕ ਬੱਸ ਉਹਨੂੰ ਚੀਰ ਹੀ ਦਿੱਤਾ;


ਵੱਢਿਆ ਫੇਰ ਸੀਸ ਓਸਦਾ, ਟੰਗਿਆ ਕਿੰਗਰੇ ਕਿਲੇ ਦੇ ਆ ਕੇ।
ਮਹਾਰਾਜ ਡੰਕਣ:ਵਾਹ, ਬਹਾਦੁਰ ਭਰਾ ਚਚੇਰੇ! ਵਾਹ, ਪਤਵੰਤੇ ਭਾਈ ਮੇਰੇ!
ਸੈਨਿਕ:ਜਿੱਥੋਂ ਰਵੀਰਾਜ ਦੀਆਂ ਰੌਸ਼ਨ ਕਿਰਨਾਂ, ਰਥ ਨੂਰ ਦਾ ਖਿੱਚ ਲਿਆਵਣ,
ਓਥੋਂ ਹੀ ਤੂਫਾਨ-ਤਲਾਤੁਮ, ਰੋਹ ਸਾਗਰ ਦਾ,
ਘੋਰ ਗਰਜਣਾ ਸੰਗ ਲਿਆਵਣ:-
ਨਾਵਾਂ ਤੋੜਨ, ਪੋਤ ਪਲਟਾਵਣ, ਸਾਹਿਲ ਦੀ ਹਿੱਕ ਦਹਿਲਾਵਣ;
ਬਿਲਕੁਲ ਏਵੇਂ ਉਸੇ ਸਰੋਤੋਂ, ਦੁੱਖ-ਦਰਦ ਵੀ ਝਰ ਝਰ ਆਉਂਦੇ,
ਸੁੱਖ ਸਹਿਜ ਦੀ ਨਿਰਮਲ ਧਾਰਾ, ਜਿਸ ਸਰੋਤੋਂ ਫੁਟਦੀ ਲੱਗੇ।
ਸਕਾਟਲੈਂਡ ਦੇ ਸ਼ਾਹ ਬਹਾਦੁਰ, ਧਿਆਨ ਦਿਓ ਇਸ ਵੱਲੇ:-
'ਵੀਰਤਾ' ਸੰਗ ਸੁਸ਼ਸਤਰ ਹੋ ਕੇ, ਰਣ-ਖੇਤਰ ਨੂੰ 'ਨਿਆਂ' ਜਦ ਧਾਇਆ:
ਟਪੂਸੀਮਾਰ ਸਿਪਾਹ ਪੈਦਲ ਨੇ, ਪਿੱਠ ਨੂੰ ਅੱਡੀਆਂ ਨੂੰ ਲਾਇਆ;
ਐਪਰ ਲਾਟ ਨੌਰਵੇ ਵਾਲਾ, ਤਾੜ ਰਿਹਾ ਸੀ ਪਾਸੇ ਮੌਕਾ ,
ਸਾਬਤ ਸਪਲਾਈ ਹਥਿਆਰਾਂ ਵਾਲੀ, ਬੰਦੇ ਹੋਰ ਨਰੋਏ ਲੈ ਕੇ,
ਉਹ ਰਣਖੇਤਰ ਧਾਇਆ;
ਪੂਰੇ ਜੋਸ਼ ਨਾ' ਲਸ਼ਕਰ ਉਹਦੇ, ਤਾਜ਼ਾ ਬੋਲਿਆ ਹੱਲਾ।
ਮਹਾਰਾਜ ਡੰਕਣ:ਫਿਰ ਤਾਂ ਮੇਰੇ ਜਰਨੈਲਾਂ ਨੂੰ: ਬੈਂਕੋ ਬਹਾਦੁਰ ਮੈਕਬੈਥ ਨੂੰ
ਬੜੀ ਮਾਯੂਸੀ ਹੋਈ ਹੋਣੀ?
ਸੈਨਿਕ:ਜੀ ਸਰਕਾਰ;
ਜਿੱਦਾਂ ਬਾਜ਼ਾਂ ਉੱਤੇ ਟੁੱਟਣ ਚਿੜੀਆਂ, ਜਾਂ ਖਰਗ਼ੋਸ਼ ਸ਼ੇਰ ਤੇ ਝਪਟੇ।
ਸੱਚ ਕਹਾਂ ਤਾਂ ਕਹਿਣਾ ਪੈਂਦੈ:-
ਦਗਣ ਦੁਨਾਲੀਆਂ ਤੋਪਾਂ ਜਿੱਦਾਂ, ਮੂੰਹ ਥੀਂ ਨਾਲ ਬਰੂਦ ਦੇ ਭਰੀਆਂ,
ਦੋਹਰੇ ਚੌਹਰੇ ਵਾਰ ਉਨ੍ਹਾਂ ਨੇ, ਇਉਂ ਦੁਸ਼ਮਣ ਤੇ ਕੀਤੇ:-
ਜਿਉਂ ਅਸ਼ਨਾਨ ਸੀ ਕਰਨਾ ਉਹਨਾਂ, ਵਗਦੇ ਜ਼ਖਮਾਂ ਥੱਲੇ;
ਜਾਂ ਫਿਰ ਯਾਦ ਜ਼ੁਬਾਨੀ ਕਰਨਾ,ਲਾ ਲਾ ਪੁਸ਼ਤੇ ਕੁਸ਼ਿਤਆਂ ਵਾਲੇ
ਹੱਡਮਹਿਲ (ਗੋਲਗੋਥਾ) ਦਾ ਤਾਜ਼ਾ ਨਕਸ਼ਾ,-
ਇਸ ਬਾਰੇ ਕੁੱਝ ਕਹਿ ਨਹੀਂ ਸਕਦਾ:-
ਐਪਰ ਹੁਣ ਤਾਂ ਮੂਰਛਾ ਪੈਂਦੀ; ਜ਼ਖਮ ਮੇਰੇ ਹੁਣ ਮਰਹਮ ਮੰਗਦੇ।
ਡੰਕਣ ਮਹਾਰਾਜ:ਕਿੰਨੇ ਸੁਹਣੇ ਸ਼ਬਦ ਨੇ ਤੇਰੇ, ਸੋਂਹਦੇ ਤੈਨੂੰ ਜ਼ਖਮਾਂ ਵਾਂਗੂੰ;
ਪਤ-ਪਤੀਜ ਦੀ ਖੁਸ਼ਬੂ ਆਉਂਦੀ, ਇਹਨਾਂ ਦੋਵਾਂ ਵਿੱਚੋਂ।-
ਜਾਓ, ਹੋ--! ਜੱਰਾਹ ਬੁਲਵਾਓ, ਕਰਵਾਓ ਚਾਰਾ ਇਹਦਾ।
{ਸਹਾਇਕ ਸੈਨਿਕ ਨੂੰ ਲੈ ਜਾਂਦੇ ਹਨ}
ਆਹ ਭਲਾ ਹੁਣ ਕੌਣ ਆ ਰਿਹੈ?
ਮੈਲਕੌਲਮ:ਸਰਦਾਰ ਜਗੀਰੂ, 'ਰਾਜ' ਦਾ ਅਦਨਾ, ਰੌਸ ਨਾਮ ਹੈ ਇਹਦਾ:


ਬੜਾ ਪਤਵੰਤਾ, ਬੜਾ ਹੈ ਜੋਧਾ।
ਲੈਨੌਕਸ:ਕਿੰਨੀ ਕਾਹਲੀ ਪਈ ਹੈ ਇਹਨੂੰ, ਨਜ਼ਰ ਅੱਖਾਂ ਚੋਂ ਆਵੇ!
'ਦਿੱਖ' ਵੀ ਵੇਖੋ, ਲੱਗੇ ਅਜਨਬੀ, ਅਜਬ ਹੀ ਬਾਤਾਂ ਪਾਵੇ!

{ਪ੍ਰਵੇਸ਼ ਸਰਦਾਰ ਰੌਸ ਦਾ}

ਰੌਸ:ਸ਼ਾਹ ਸਲਾਮਤ, ਜ਼ਿੰਦਾਬਾਦ!
ਡੰਕਣ ਮਹਾਰਾਜ:ਕਿੱਧਰੋਂ ਆਇਐਂ ਬਹਾਦੁਰ ਸਰਦਾਰਾ?
ਰੌਸ:ਮਹਾਰਾਜ ਅਧਿਰਾਜ, ਫਾਈਫ ਤੋਂ ਆਇਆਂ;
ਪ੍ਰਚਮ ਜਿੱਥੇ ਨੌਰਵੇ ਵਾਲੇ, ਨੇਮ ਅੰਬਰ ਦੇ ਤੋੜੀਂ ਜਾਂਦੇ,
ਸਾਡੇ ਲੋਕਾਂ ਨੂੰ ਮਾਰ ਕੇ ਪੱਖਾ, ਲਹੂ ਰਗਾਂ ਵਿੱਚ ਠਾਰੀਂ ਜਾਂਦੇ।
ਟਿੱਡੀ ਦਲ ਲੈ ਚੜ੍ਹਿਆ ਨੌਰਵੇ, ਲੈ ਸਰਦਾਰ ਕਾਡਰ ਦਾ ਨਾਲੇ,-
ਆਕੀ ਮਹਾਨ, ਦੇਸ਼ ਧ੍ਰੋਹੀ, ਕੂੜ, ਕਮੀਨਾ, ਮੱਕਾਰ ਕਮਾਲੇ
ਵਿਸ਼ਵਾਸ ਘਾਤੀ, ਨਿਸ਼ਠਾਹੀਣ, ਮਹਾਂ ਵਿਦਰੋਹੀ,-
ਦੋਵਾਂ ਰਲ਼ ਉਤਪਾਤ ਮਚਾਇਆ;-
'ਰਣ-ਚੰਡੀ' ਫਿਰ ਘੱਲਿਆ ਸੂਰਾ, ਪਹਿਰਨ ਲੋਹ-ਸੰਜੋਆ ਪਾ ਕੇ,
ਜੀਹਨੇ ਜਾ ਫਿਰ ਆਢਾ ਲਾਇਆ:
ਵਾਰ ਦੇ ਬਦਲੇ ਵਾਰ ਮੋੜਿਆ, ਹੱਥ-ਪਲੱਥਾ ਪੂਰਾ ਕੀਤਾ;-
ਜੰਗ ਦੀ ਤੱਕੜੀ ਦੋਵੇਂ ਪੱਲੀਂ, ਪਾ ਕੇ ਖੁਦ ਨੂੰ ਨਾਲ ਓਸਦੇ,
ਡੰਡੀ ਐਸੀ ਕਰ ਤੀ ਸਿੱਧੀ : ਜੋਸ਼ ਨੂੰ ਉਹਦੇ ਕਰ ਤਾ ਠੰਡਾ;-
ਮੁੱਕੀ ਗੱਲ, ਬੱਸ ਜੰਗ ਜਿੱਤ ਲੀ।
ਮਹਾਰਾਜ ਡੰਕਣ:ਵਾਹਵਾ! ਲੱਖ ਖੁਸ਼ੀਆਂ ਪਾਤਸ਼ਾਹੀਆਂ !
ਰੌਸ:ਤੇ ਹੁਣ ਸ਼ਾਹ ਸਵੀਨੋ ਨੌਰਵੇ ਵਾਲਾ, ਕਰੇ ਗੁਜ਼ਾਰਸ਼ ਸੁਲਹ ਕਰਨ ਦੀ,
ਜੋ ਸਾਨੂੰ ਮਨਜ਼ੂਰ ਨਹੀਂ ਹੈ;
ਇੰਚਕੌਮ ਚਰਚ 'ਚ ਲਾਸ਼ਾਂ, ਦਫਨਾਉਣ ਅਸੀਂ ਨਹੀਂ ਦਿੰਦੇ,
ਮਹਾਰਾਜ ਡੰਕਣ:ਕਾਡਰ ਦੇ ਸਰਦਾਰ ਅਸਾਡੇ ਦਿਲੀ ਹਿਤਾਂ ਨੂੰ,
ਹੁਣ ਹੋਰ ਦਗ਼ਾ ਨਹੀਂ ਦੇਣਾ ਏਦਾਂ:-
ਜਾਓ, ਮੌਤ ਤੁਰੰਤ ਉਹਦੀ ਦਾ, ਆਮ ਐਲਾਨ ਕਰ ਦਿਓ ਜਾ ਕੇ,
ਤੇ ਪਦਵੀ, ਜਾਗੀਰ ਓਸ ਦੀ, ਮਹਾਨ ਮੈਕਬੈਥ ਦੀ ਝੋਲੀ ਪਾਓ।
ਰੌਸ:ਜੀ, ਹੁਕਮ ਸਰਕਾਰ!
ਮਹਾਰਾਜ ਡੰਕਣ:ਜੋ ਉਸ ਖੋਇਆ, ਸਾਊ ਮੈਕਬੈਥ ਨੇ ਹੈ ਪਾਇਆ।
{ਪ੍ਰਸਥਾਨ}

ਸੀਨ-3


ਇੱਕ ਝਾੜ-ਖੰਡ

{ਗੜਗੜਾਹਟ ਹੁੰਦੀ ਹੈ-ਪ੍ਰਵੇਸ਼ ਤਿੰਨ ਚੁੜੇਲਾਂ ਦਾ}

ਪਹਿਲੀ ਚੁੜੇਲ:ਕਿੱਥੇ ਰਹੀ ਤੂੰ ਭੈਣ ਮੇਰੀਏ?
ਦੂਜੀ ਚੁੜੇਲ:ਸੂਰ ਮਾਰਦੀ।
ਤੀਜੀ ਚੁੜੇਲ:ਤੇ ਭੈਣੇਂ ਤੂੰ ਕਿੱਥੇ ਸੀ ਗੀ?
ਪਹਿਲੀ ਚੁੜੇਲ:ਪੱਲੇ ਪਾ ਅਖਰੋਟ ਸੀ ਬੈਠੀ, ਇੱਕ ਨਾਵਕ ਦੀ ਬੀਵੀ
ਚਬੜ ਚਬੜ ਸੀ ਚੱਬੀਂ ਜਾਂਦੀ, ਚੱਬੀਂ ਜਾਂਦੀ, ਚੱਬੀਂ ਜਾਂਦੀ :
-ਦੇਹ ਮੈਨੂੰ ਵੀ , ਮੈਂ ਆਖਿਆ:-
'ਤਿੱਤਰ ਹੋ ਚੁੜੇਲੇ ਏਥੋਂ'! ਪੁੱਠ-ਰੱਜੀ ਹਰਾਂਬੜ ਚੀਕੀ ।
ਗਿਆ ਅਲੈਪੋ ਕੰਤ ਓਸਦਾ, 'ਸ਼ੇਰ' ਪੋਤ ਦਾ ਸੀ ਕਪਤਾਨ:
ਐਪਰ ਛਾਨਣੀ ਹੋ ਸਵਾਰ, ਮੈਂ ਆਪੂੰ ਠਿੱਲ ਜਾਣਾ ਓਧਰ,
ਬਿਲਕੁਲ 'ਲੰਡੂ' ਚੂਹੇ ਵਾਂਗੂ: ਇਹ ਕੁੱਝ ਕਰਨਾ, ਸੱਚੀਂ ਕਰਨਾ,
ਹਾਂ, ਮੈਂ ਪੱਕਾ ਕਰਨਾ।
ਦੂਜੀ ਚੁੜੇਲ:ਬਾਦਬਾਨ ਵਿੱਚ ਤੇਰੇ ਮੈਂ ਪੌਣ ਭਰੂੰਗੀ।
ਪਹਿਲੀ ਚੁੜੇਲ:ਤੂੰ ਕਿਰਪਾਲੂ ਬੜੀ ਹੈਂ ਭੈਣੇਂ।
ਤੀਜੀ ਚੁੜੇਲ:ਪੌਣ ਦੂਸਰੀ ਮੈਂ ਦਿਉਂਗੀ।
ਪਹਿਲੀ ਚੂੜੇਲ:ਬਾਕੀ ਕੁੱਲ ਮੈਂ ਆਪ ਲਵਾਂ ਗੀ ;
ਤੇ ਸੱਭੇ ਉਹ ਬੰਦਰਗਾਹਾਂ, ਵਗਦੀਆਂ ਜਿੱਥੇ ਉਹ ਹਵਾਵਾਂ,
ਉਹ ਸਾਰੇ ਖੂੰਜੇ, ਸਾਰੀਆਂ ਥਾਵਾਂ, ਜੋ ਨਾਵਕ ਦੇ ਨਕਸ਼ੀਂ ਲਿਖੀਆਂ।
ਸੁੱਕਾ ਘਾਹ ਬਣਾ ਦੂੰ ਉਹਨੂੰ, ਰਸ ਮੈਂ ਪੀ ਜੂੰ ਸਾਰਾ,
ਰਾਤ ਦਿਨੇ ਉਹ ਰਹੂ ਉਣੀਂਦਾ, ਪਲਕਾਂ ਬੋਝਲ ਰਹਿਣੀਆਂ ਝੁਕੀਆਂ:
ਬੰਧੂਏ ਵਾਂਗ ਰਹੂ ਉਹ ਬੰਦਾ, ਸੱਤ-ਰਾਤਾਂ ਉਹ ਥੱਕਾ-ਟੁੱਟਾ,-
ਨੌਂ ਗੁਣਾ ਨੌਂ ਘਟਣਾ ਉਹਨੇ, ਸੁੱਕਦੇ, ਸੜਦੇ, ਝੁਰਦੇ ਰਹਿਣਾ,
ਭਾਵੇਂ ਕਸ਼ਤੀ ਨਹੀਂ ਗ਼ਰਕਣੀ , ਝੱਖੜ ਤਾਂ ਪਰ ਝੱਲਣੇ ਪੈਣੇ;
ਵੇਖੋ, ਆਹ ਕੀ ਮੈਂ ਲਿਆਈ।
ਦੂਜੀ ਚੁੜੇਲ:ਵਖਾ ਖਾਂ ਮੈਨੂੰ; ਮੈਨੂੰ ਵਖਾ।
ਪਹਿਲੀ ਚੁੜੇਲ:ਗੂਠਾ ਇੱਕ ਜਹਾਜ਼ੀ ਦਾ ਹੈ, ਡੁੱਬਾ ਸੀ ਜੋ ਘਰ ਨੂੰ ਮੁੜਦਾ।
{ਅੰਦਰੋਂ ਨਗਾਰੇ ਦੀ ਆਵਾਜ਼}
ਤੀਜੀ ਚੁੜੇਲ:ਨਗਾਰਾ ਵੱਜਦੈ, ਹਾਂ ਨਗਾਰਾ! ਮੈਕਬੈਥ ਆਉਂਦਾ ਲਗਦੈ।


ਸਾਰੀਆਂ:'ਹੋਣੀ' ਜਾਈਓ ਡਾਕਣੀਓ, ਹੱਥ ਹੱਥਾਂ 'ਚ ਪਾਓ ਭੈਣੋ,
ਜਲ-ਥਲ ਸਾਰੇ ਫੇਰੀ ਪਾਈਏ, ਏਦਾਂ, ਓਦਾਂ ਚੱਕਰ ਲਾਈਏ,
ਤਿੰਨ ਤੇਰੇ ਵੱਲ, ਤਿੰਨ ਮੇਰੇ ਵੱਲ, ਤਿੰਨ ਦੁਬਾਰਾ ਨੌਂ ਤੱਕ ਗਿਣੀਏ:-
ਖਾਮੋਸ਼!-ਕਿ ਮੰਤਰ ਪੂਰਾ ਹੋਇਆ।
{ਪ੍ਰਵੇਸ਼ ਮੈਕਬੈਥ ਅਤੇ ਬੈਂਕੋ ਦਾ}
ਮੈਕਬੈਥ:ਏਨਾ ਚੰਗਾ, ਏਨਾ ਮੰਦਾ ਦਿਹੁੰ ਕਦੇ ਨੀਂ ਡਿੱਠਾ।
ਬੈਂਕੋ:ਕਿੰਨੀ ਦੂਰ ਹੈ ਫੌਰੈਸ ਏਥੋਂ?-ਪਰ ਆਹ ਕੌਣ ਨੇ,
ਸੁੱਕੀਆਂ, ਸੜੀਆਂ; ਪਹਿਰਨ ਪਹਿਨੇ ਜੰਗਲੀ ਏਨੇ:
ਏਸ ਦੁਨੀ ਦੀਆਂ ਨਹੀਂ ਇਹ ਵਾਸੀ; ਪਰ ਏਥੇ ਹੀ ਖੜੀਆਂ!
ਹੋਰ ਗ੍ਰਹਿ ਤੋਂ ਆਈਆਂ ਲੱਗਣ?
ਓ ਬੋਲੋ ! ਜੀਵਤ ਹੋ ਕਿ… ?
ਜਾਂ ਫਿਰ ਹੋਂ ਕੁੱਝ ਐਸੀ 'ਮਾਇਆ', ਪੁੱਛੇ ਬੰਦਾ ਜੀਹਦੇ ਬਾਰੇ?
ਲਗਦੈ ਗੱਲ ਸਮਝ ਲੀ ਮੇਰੀ , ਤਾਂ ਹੀ ਇੱਕ-ਦਮ ਹਰ ਇੱਕ ਨੇ,
ਸੁੱਕੀ, ਸੜੀ ਉਂਗਲ ਆਪਣੀ, ਰੱਖ ਲੀ ਫਟਿਆਂ ਬੁੱਲ੍ਹਾਂ ਉੱਤੇ:-
ਮੈਨੂੰ ਤਾਂ ਤੁਸੀਂ ਤੀਵੀਆਂ ਲੱਗੋਂ, ਦਾੜ੍ਹੀਆਂ ਉਲਟੀ ਦੇਣ ਗਵਾਹੀ:
ਸਾਬਤ ਕਰਨ ਕੁੱਝ ਹੋਰ ਤੁਹਾਨੂੰ।
ਮੈਕਬੈਥ:ਬੋਲੋ, ਜੇਕਰ ਜੀਭ ਮਿਲੀ ਹੈ:-ਕੌਣ ਤੁਸੀਂ ਹੋ?
ਪਹਿਲੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਗਲਾਮਿਜ਼ ਦੇ ਸਰਦਾਰ!
ਦੂਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਕਾਡਰ ਦੇ ਸਰਦਾਰ!
ਤੀਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਜਿਸ ਤਖਤ ਬੈਠਣਾ,
ਤਾਜ ਪਹਿਨਣਾ!
ਬੈਂਕੋ:ਸਾਊ ਸਾਹਿਬ, ਇਹ ਤ੍ਰਭਕਣ, ਚੌਂਕਾਹਟ ਕੈਸੀ?
ਹਾਲਾਤ ਤਾਂ ਏਨੇ ਸੁਹਣੇ ਦਿੱਸਣ, ਡਰ ਕਿਉਂ ਤੁਹਾਨੂੰ ਲਗਦਾ ਜਾਪੇ?-
ਧਰਮ ਨਾਲ ਤੁਸੀਂ ਆਖੋ: ਕਿ ਨਹੀਂ ਸੁਪਨਿਆਂ ਦੇ ਵਣਜਾਰੇ,
ਜਾਂ ਫਿਰ ਅੰਦਰੋਂ ਬਾਹਰੋਂ ਇੱਕੋ, ਨਹੀਂ ਹੋ ਭੇਖਾਧਾਰੀ?-
"ਭਾਈਵਾਲ ਪਤਵੰਤੇ ਦੀ ਤੁਸੀਂ ਜੈ-ਜੈਕਾਰ ਬੜੀ ਹੈ ਕੀਤੀ,
ਵਰਤਮਾਨ ਦੀ ਮਿਹਰ-ਮਾਇਆ ਦਾ ਜ਼ਿਕਰ ਵੀ ਕੀਤੈ:-
ਭਵਿੱਖਬਾਣੀ ਵੀ ਉੱਤਮ ਕੀਤੀ:- ਸੁਖ-ਸਮ੍ਰਿਧੀ , ਮਰਾਤਬ ਮਿਲਨੇ,
ਤਖਤ-ਤਾਜ ਦੀ ਆਸ ਬੰਨ੍ਹਾਈ;-
ਸੁੰਦਰ ਸੁਪਨ 'ਚ ਖੜਾ ਹੈ ਖੋਇਆ, ਹੋਸ਼ ਨਹੀਂ ਹੈ ਕਾਈ:-
ਮੇਰੇ ਨਾਲ ਹੀ ਗੱਲ ਕਰੋ ਹੁਣ, ਬੀਜ ਸਮੇਂ ਦੇ ਜੇ ਪਹਿਚਾਣੋਂ,
ਦੱਸੋ ਜੇ ਦੱਸ ਸੱਕੋਂ:
ਕਿਹੜਾ ਅੰਕੁਰ ਕਦੋਂ ਫੁੱਟਣਾ, ਕਿਸ ਦਾਣੇ ਦੇ ਵਿੱਚੋਂ,


ਤੇ ਕਿਹੜੇ ਦਾਣੇ ਫੋਕਾ ਜਾਣਾ? ਗੱਲ ਕਰੋ ਬੱਸ ਮੇਰੇ ਨਾਲ;
ਨਾਂ ਤਾਂ ਕੋਈ ਮੰਗ ਹੈ ਮੇਰੀ, ਨਾਂਹੀ ਭੈ ਕਿਸੇ ਦੀ ਮੰਨਾਂ
ਖੈਰਖਾਹੀ ਜਾਂ ਰੂ-ਰਿਆਇਤ ਕੁੱਝ ਨਾਂ ਤੁਹਾਤੋਂ ਚਾਹਾਂ,
ਬਿਨਾਂ ਕਿਸੇ ਨਫਰਤ ਤੋਂ ਦੱਸੋ ਜੋ ਭਵਿੱਖ 'ਚ ਪੱਲੇ ਪੈਣੈ"।
ਪਹਿਲੀ ਚੁੜੇਲ:'ਜੀ ਆਇਆਂ ਨੂੰ'!
ਦੂਜੀ ਚੁੜੇਲ:'ਜੀ ਆਇਆਂ ਨੂੰ'!
ਤੀਜੀ ਚੁੜੇਲ:'ਜੀ ਆਇਆਂ ਨੂ'!
ਪਹਿਲੀ ਚੁੜੇਲ:ਮੈਕਬੈਥ ਨਾਲੋਂ ਘੱਟ ਹੈਂ ਥੋੜਾ, ਪਰ ਹੈਂ ਮਹਾਨ।
ਦੂਜੀ ਚੁੜੇਲ:ਭਾਵੇਂ ਓਨਾਂ ਖੁਸ਼ ਨਹੀਂ ਹੈਂ, ਪਰ ਖੁਸ਼ ਬੜਾ ਹੈਂ।
ਤੀਜੀ ਚੁੜੇਲ:ਸ਼ਾਹ ਜਣੇਂਗਾ, ਪਰ ਆਪ ਕਦੇ ਨਹੀਂ ਬਣਨਾ ਸ਼ਾਹ
ਸੋ 'ਜੀ ਆਇਆਂ ਨੂੰ', ਮੈਕਬੈਥ ਅਤੇ ਬੈਂਕੋ! ਜੈ, ਦੋਵਾਂ ਦੀ।
ਪਹਿਲੀ ਚੁੜੇਲ:ਬੈਂਕੋ ਅਤੇ ਮੈਕਬੈਥ, 'ਜੀ ਆਇਆਂ ਨੂੰ'!
ਮੈਕਬੈਥ:ਠਹਿਰੋ ਜ਼ਰਾ ਅਪੂਰਨ ਵਕਤੇ, ਹੋਰ ਕੁੱਝ ਵੀ ਦੱਸੋ ਮੈਨੂੰ
ਸਿੰਨਲ ਦੀ ਮੌਤ ਬਣਾਇਆ ਮੈਨੂੰ ਗਲਾਮਿਜ਼ ਦਾ ਸਰਦਾਰ,-
ਏਨੀ ਗੱਲ ਤਾਂ ਮੈ ਜਾਣਦਾਂ; ਪਰ ਕਾਡਰ ਦੀ ਸਰਦਾਰੀ ਕਿੱਦਾਂ?
ਕਾਡਰ ਸਰਦਾਰ ਤਾਂ ਹਾਲੀਂ ਜਿਉਂਦੈ, ਧਨੀ ਬੜਾ ਸ਼ਰੀਫ ਹੈ ਬੰਦਾ;
ਤੇ ਤਖਤ ਨਸ਼ੀਨੀ?-
ਕਾਡਰ ਦੀ ਸਰਦਾਰੀ ਨਾਲੋਂ ਕਿਤੇ ਘੱਟ ਵਿਸ਼ਵਾਸ ਹੈ ਆਉਂਦਾ।
ਕੌਡੀ ਕਿੱਥੋਂ ਇਹ ਦੂਰ ਦੀ ਲੱਭੀ, ਦੱਸੋ ਮੈਨੂੰ ?
ਕਿਉਂ ਫਿਰ ਏਸ ਵੀਰਾਨੇ ਅੰਦਰ ਰੋਕਿਆ ਸਾਨੂੰ, ਸਲਾਮ ਕਹਿਣ ਨੂੰ,
ਅਜੀਬ-ਓ-ਗ਼ਰੀਬ ਭਵਿੱਖ ਕਹਿਣ ਨੂੰ?
ਬੋਲੋ, ਹੁਕਮ ਹੈ ਮੇਰਾ ਤੁਹਾਨੂੰ।
{ਚੁੜੇਲਾਂ ਅਲੋਪ ਹੋ ਜਾਂਦੀਆਂ ਹਨ}
ਬੈਂਕੋ:ਜਲ ਦੇ ਹੋਣ ਬੁਲਬੁਲੇ ਜਿੱਦਾਂ, ਥਲ ਦੇ ਆਪਣੇ ਹੋਣ ਬੁਲਬੁਲੇ;
ਇਹ ਵੀ ਹੈ ਸਨ ਉਹਨਾਂ ਵਿੱਚੋਂ-ਕਿੱਧਰ ਹੁਣ ਅਲੋਪ ਹੋ ਗੀਆਂ?
ਮੈਕਬੈਥ:ਵਿੱਚ ਹਵਾ ਅਲੋਪ ਹੋਗੀਆਂ;- ਸਰੀਰ ਠੋਸ ਜੋ ਦਿੱਸੇ ਸਾਨੂੰ,
ਖੁਰ ਗਏ ਵਾਂਗ ਪ੍ਰਾਣਾਂ, ਪੌਣ ਦੇ ਅੰਦਰ।-
ਕਾਸ਼! ਕਿ ਥੋੜਾ ਹੋਰ ਰੁਕਦੀਆਂ!
ਬੈਂਕੋ:ਸੱਚੀਂ ਸਨ ਉਹ ਸ਼ੈਆਂ ਏਥੇ, ਗੱਲ ਜਿਨ੍ਹਾਂ ਦੀ ਆਪਾਂ ਕਰਦੇ,
ਜਾਂ ਜੜ੍ਹ ਧਤੂਰਾ ਘੋਟ ਕੇ ਪੀਤੀ, ਤਰਕ ਨੂੰ ਜਿਹੜੀ ਜੰਦਰਾ ਮਾਰੇ?
ਮੈਕਬੈਥ:ਸ਼ਾਹ ਹੋਣਗੇ ਬੱਚੇ ਤੇਰੇ।
ਬੈਂਕੋ:ਤੇ ਤੂੰ ਆਪੂੰ ਸ਼ਾਹ ਹੋ ਜਾਣੈ।
ਮੈਕਬੈਥ:ਕਾਡਰ ਦਾ ਸਰਦਾਰ ਵੀ ਬਣਨੈ; ਗੱਲ ਨਹੀਂ ਸੀ ਏਦਾਂ ਤੁਰਦੀ?

ਬੈਂਕੋ: ਸੁਰ, ਸ਼ਬਦ ਸੀ ਬਿਲਕੁਲ ਏਹੋ। ਪਰ ਕੌਣ ਇਹ ਆਉਂਦੈ?
{ਪ੍ਰਵੇਸ਼ ਰੌਸ ਅਤੇ ਅੰਗਸ ਦਾ }

ਰੌਸ:ਮੈਕਬੈਥ, ਜਿੱਤ ਤੇਰੀ ਤੇ ਸ਼ਾਹ ਨੇ, ਖੁਸ਼ੀ ਬੜੀ ਮਨਾਈ:
ਨਿੱਜੀ ਤੌਰ ਤੇ ਜੋ ਤੂੰ ਕੀਤਾ ਇਹ ਬਗ਼ਾਵਤ ਠੱਲਣ ਖਾਤਰ,
ਅਚੰਭਾ ਅਤੇ ਪ੍ਰਸੰਸਾ ਉਹਦੀ ਕਰਨ ਦਲੀਲਾਂ, ਕੀ ਦੇਵੇ ਕੀ ਰੱਖੇ
ਸ਼ਾਂਤ ਹੋ ਖਾਮੋਸ਼ੀ ਅੰਦਰ, ਮਨ ਦੀ ਅੱਖੀਂ,
ਰਹਿੰਦੇ ਦਿਨ ਜਦ ਤੱਕਿਆ ਉਹਨੇ
ਸ਼ੱਤਰੂ-ਸਫਾਂ 'ਚ ਘਿਰਿਆਂ ਹੋਇਆ, ਨਿੱਡਰ ਸ਼ੇਰ ਸੀ ਤੂੰ ਧਾੜਦਾ,-
ਪੂਰਨੇ ਜੋ ਤੁਧ ਸੂਰੇ ਪਾਏ, ਬਿੰਬ ਮਰਗ ਦੇ ਉਹ ਬਣਾਏ,
ਵੇਖ 'ਅਚੰਭਾ' ਵੀ ਸ਼ਰਮਾਏ!-
ਵਰ੍ਹਨ ਕਾਕੜੇ ਜਿਵੇਂ ਅਕਾਸ਼ੋਂ, ਹਰਕਾਰੇ ਚੜ੍ਹ ਹਰਕਾਰਾ ਆਏ;
ਵਧ ਚੜ੍ਹ ਕਰਨ ਪ੍ਰਸੰਸਾ ਤੇਰੀ, ਹਰ ਕੋਈ ਤੇਰੇ ਸੋਹਲੇ ਗਾਏ,
ਜ਼ਿੰਦਾਬਾਦ ਰਿਆਸਤ ਹੋਵੇ, ਤਾਂਹੀਓਂ ਤੂੰ ਇਹ ਪੂਰਨੇ ਪਾਏ
ਅੰਬਰੋਂ ਜਿੱਦਾਂ ਵਰਖਾ ਡੁਲ੍ਹੇ, ਇਉਂ ਪ੍ਰਸੰਸਾ ਡੁੱਲ੍ਹੀਂ ਜਾਏ,
ਸ਼ਾਹ ਖੁਸ਼ੀ ਨਾਲ ਫੁੱਲੀਂ ਜਾਏ।
ਅੰਗਸ:ਸ਼ਾਹ ਮਾਲਿਕ ਨੇ ਭੇਜਿਐ ਸਾਨੂੰ, ਧੰਨਵਾਦ ਕਹਿਣ ਨੂੰ ਤੈਨੂੰ,
ਵਾਜੇ-ਗਾਜੇ, ਸਨਮਾਨ ਸਹਿਤ ਹੁਣ, ਪੇਸ਼ ਹਜ਼ੂਰ ਦੇ ਕਰਨੈ ਤੈਨੂੰ;
ਕੁੱਝ ਅਦਾ ਨਹੀਂ ਕਰਨਾ ਤੈਨੂੰ।
ਰੌਸ:ਸਨਮਾਨ ਮਹਾਨ ਉਡੀਕੇ ਤੈਨੂੰ, ਪੇਸ਼ਗੀ ਵਜੋਂ ਹੁਕਮ ਹੈ ਸ਼ਾਹੀ-
ਨਿਛਾਵਰ ਕੀਤੀ ਤੇਰੇ ਉੱਤੇ, ਕਾਡਰ ਦੀ ਸਰਦਾਰੀ,-
ਨਾਂਅ ਤੇਰੇ ਨਾਲ ਜੋੜ ਨਵੇਲਾ ਰੁਤਬਾ,
ਜੀ ਆਇਆਂ ਨੂੰ ਕਹੀਏ ਤੈਨੂੰ, ਕਾਡਰ ਦੇ ਸਰਦਾਰਾ!
ਬੈਂਕੋ: ਆਹ ਕੀ ! ਸੱਚ ਭਲਾ ਸ਼ੈਤਾਨ ਕਿਹਾ ਸੀ?
ਮੈਕਬੈਥ:ਕਾਡਰ ਦਾ ਸਰਦਾਰ ਜਿਉਂਦੈ
ਅੰਗਸ:'ਹੈਸੀ' ਸਰਦਾਰ ਜੋ ਜਿਉਂਦੈ ਭਾਵੇਂ;
ਕਿਉਂ ਪਹਿਰਨ ਪਹਿਨਾਓ ਮੈਨੂੰ, ਮੰਗਿਆ ਤੰਗਿਆ?
ਪਰ ਸਖਤ ਨਿਆਂ ਦੀ ਨਜ਼ਰੀਂ, ਸੂਲ਼ੀ ਦਾ ਹੱਕਦਾਰ ਹੋ ਗਿਐ।
ਭਾਵੇਂ ਗੁਪਤ ਸਹਾਇਤਾ ਦੇ ਕੇ, ਬਾਗ਼ੀ ਨੂੰ ਉਸ ਮੌਕਾ ਦਿੱਤਾ,
ਜਾਂ ਫਿਰ
ਨੌਰਵੇ ਨਾਲ ਸੀ ਰਲ਼ਿਆ, ਲੈ ਕੇ ਸਾਰੀ ਸੈਨਾ ਆਪਣੀ,
ਮਹਾਂ ਮਸ਼ੱਕਤ ਕੀਤੀ ਉਹਨੇ,ਅਪਣਾ ਵਤਨ ਤਬਾਹ ਕਰਨ ਦੀ-
ਪੱਕਾ ਮੈਂ ਕੁੱਝ ਕਹਿ ਨਹੀਂ ਸਕਦਾ


ਪਰ ਪ੍ਰਮਾਣਤ, ਆਪ ਕਬੂਲੀ , ਗੱਦਾਰੀ ਨੇ
ਟੀਸੀਓਂ ਥੱਲੇ ਲਾਹ ਲਿਆ ਉਹਨੂੰ।
ਮੈਕਬੈਥ:ਕਾਡਰ ਦਾ ਸਰਦਾਰ ਗਲਾਮਿਜ਼!
(ਪਾਸੇ ਹੋ ਕੇ) ਹਾਲੀਂ ਹੋਰ ਵੀ ਚੰਗਾ ਹੋਣੈ।-
(ਰੌਸ ਵਗੈਰਾ ਨੂੰ) ਸ਼ੁਕਰੀਆ, ਤਕਲੀਫ ਤੁਸਾਂ ਨੇ ਕੀਤੀ।
(ਬੈਂਕੋ ਨੂੰ) ਔਲਾਦ ਤੇਰੀ ਨੇ ਸ਼ਾਹ ਬਣ ਜਾਣੈ: ਆਸ ਨਹੀਂ ਕੀ ਤੈਨੂੰ?
ਕਾਡਰ ਜਦ ਸੀ ਬਖਸ਼ਿਆ ਮੈਨੂੰ,
ਘੱਟ ਵਚਨ ਨੀਂ ਦਿੱਤਾ ਉਹਨਾਂ,ਤੇਰੇ ਨਿੱਕਿਆਂ ਤਾਈਂ।
ਬੈਂਕੋ: ਪੇਸ਼ੀਨਗੋਈ ਜੇ ਪੱਕੀ ਮੰਨੀਏ, ਰੌਸ਼ਨ ਮਕੱਦਰ ਹੋ ਵੀ ਸਕਦੈ
ਤਖਤ-ਨਸ਼ੀਨੀ ਹੋ ਸਕਦੀ ਏ, ਕਾਡਰ ਦੀ ਸਰਦਾਰੀ ਨਾਲੇ।
ਐਪਰ ਗੱਲ ਹੈਰਾਨੀ ਵਾਲੀ: ਅਕਸਰ ਨੁਕਸਾਨ ਕਰਨ ਨੂੰ ਸਾਡਾ,
ਨ੍ਹੇਰ ਦੇ ਯੰਤਰ ਦੱਸਣ ਸਾਨੂੰ ਸੱਚੀਆਂ ਗੱਲਾਂ;
ਭਰੋਸਾ ਸਾਡਾ ਜਿੱਤ ਲੈਂਦੇ ਨੇ, ਨਿੱਕੇ ਮੋਟੇ ਲਾਲਚ ਵਾਲੇ ਸੱਚ ਦੱਸ ਕੇ:
ਅਤਿ ਗਹਿਰੇ ਇਨਜਾਮਾਂ ਤੀਕਰ ਦਗ਼ਾ ਦੇਣ ਨੂੰ ਸਾਨੂੰ।
ਭਰਾਵੋ, ਬਿਨੇ ਕਰਾਂ ਮੈਂ, ਸੁਣੋ ਜ਼ਰਾ।
ਮੈਕਬੈਥ: ਪੇਸ਼ੀਨਗੋਈਆਂ ਦੋ ਸੱਚੀਆਂ ਹੋਈਆਂ:-
{ਪਾਸੇ ਹੋ ਕੇ}ਸ਼ੁਭ ਭੂਮਕਾ ਤਾਜ-ਤਖਤ ਦੇ ਵਿਸ਼ੇ ਮੁਬਾਰਕ ਵਾਲੀ, ਗਈ ਹੈ
ਲਿੱਖੀ।
ਸ਼ੁਕਰੀਆ, ਮੇਰੇ ਸਾਊ ਸੱਜਣੋਂ!
{ਪਾਸੇ ਹੋ ਕੇ} ਪਰਾਲੌਕਿਕ ਸੱਦ ਜੋ ਏਹੇ, ਨਾਂ ਚੰਗੀ ਨਾਂ ਮਾੜੀ:-
ਜੇ ਮਾੜੀ ਹੈ ਕਿਉਂ ਫਿਰ ਮੈਨੂੰ, ਸਫਲਤਾ ਵਾਲੀ ਮਿਲੀ ਪੇਸ਼ਗੀ?
ਆਰੰਭ ਸੱਚ ਦਾ ਕਿਉਂ ਫਿਰ ਹੋਇਆ? ਕਾਡਰ ਦਾ ਸਰਦਾਰ ਅੱਜ ਹਾਂ।
ਜੇ ਚੰਗੀ ਹੈ ਕਿਉਂ ਫਿਰ ਮੈਨੂੰ ਉਹ ਸੁਝਾਅ ਸਤਾਵੇ ਏਨਾ,
ਮਹਾਂ ਭਿਅੰਕਰ ਬਿੰਬ ਇਹ ਜੀਹਦਾ, ਖੜੇ ਰੌਂਗਟੇ ਕਰਦਾ ਮੇਰੇ,
ਬੈਠਾ ਬੈਠਾ ਦਿਲ ਇਹ ਮੇਰਾ, ਭੰਨ ਪਸਲੀਆਂ ਡਿੱਗਦਾ ਜਾਵੇ,-
ਕਿਉਂ ਸੁਭਾਅ ਤੋਂ ਉਲਟਾ ਜਾਵੇ?
ਵਰਤਮਾਨ ਦੇ ਡਰ ਭੌ ਸਾਰੇ, ਖੌਫਨਾਕ ਕਲਪਣਾ ਕੋਲੋਂ ਘੱਟ ਨੇ ਸਾਰੇ:
ਵਿਚਾਰ ਉਸ ਕਤਲ ਦਾ ਜਿਹੜਾ, ਖਿਆਲੀ ਬੱਸ ਪਲਾਓ ਹੈ ਹਾਲੀਂ
ਕਾਇਆ ਮੇਰੀ ਮਾਨਸ ਵਾਲੀ ਇਉਂ ਕੰਬਾਵੇ,
ਅਮਲ, ਕਰਮ ਤਾਂ ਕਿਆਸ, ਅਟਕਲਾਂ ਅੰਦਰ ਹੀ ਬੱਸ ਦੱਬਿਆ ਜਾਵੇ;
ਐਪਰ ਜੋ ਨਹੀਂ ਹੁੰਦਾ, ਬੱਸ ਕੁੱਝ ਨਹੀਂ ਹੁੰਦਾ ।
ਬੈਂਕੋ: ਸ਼ਰੀਕ ਮੇਰਾ ਇਹ ਵੇਖੋ, ਗੁੰਮ-ਸੁੰਮ ਕਿਵੇਂ ਖੜਾ ਏ।
ਮੈਕਬੈਥ (ਪਾਸੇ):ਜੇ'ਅਵਸਰ' ਨੇ ਸ਼ਾਹ ਬਨਾਉਣੈ, ਤਾਜ ਵੀ ਅਵਸਰ ਨੇ ਪਹਿਨਾਉਣੈ,


ਹਫੜਾਦਫੜੀ, ਭੱਜ-ਨੱਠ, ਤੇ ਹੜਕ-ਭੜਕ ਦੀ ਲੋੜ ਨਹੀਂ।
ਬੈਂਕੋ:(ਪਾਸੇ) ਸਨਮਾਨ ਮਿਲੇ ਨੇ ਨਵੇਂ ਨਵੇਲੇ, ਆਦਤ ਨਹੀਂ ਏਨ੍ਹਾਂ ਦੀ ਇਹਨੂੰ,
ਪਹਿਰਨ ਜਿਵੇਂ ਬਿਗਾਨੇ ਹੁੰਦੇ, ਕਾਂਟ-ਛਾਂਟ ਕੇ ਸੂਤ ਨੀਂ ਆਉਂਦੇ:
ਬੱਸ ਆਦਤ ਪਾਉਣੀ ਪੈਂਦੀ।
ਮੈਕਬੈਥ (ਪਾਸੇ):ਭਾਵੇਂ ਕੁੱਝ ਵੀ ਹੋਈਂ ਜਾਵੇ, ਰੇਤ ਘੜੀ ਦੀ ਰੁਕਦੀ ਨਾਹੀਂ
ਉੱਬੜ-ਖਾਬੜ ਦਿਨਾਂ ਦੇ ਟੀਲੇ, ਸਮੇਂ ਦਾ ਚੱਕਰ ਚੜ੍ਹਦਾ ਜਾਵੇ।
ਬੈਂਕੋ:ਮੈਕਬੈਥ ਮਾਨਯੁਗ ਜੀ, ਨਜ਼ਰਅੰਦਾਜ਼ ਕਰੋ ਨਾਂ ਏਦਾਂ,
ਸੇਵਾ ਲਈ ਖੜੇ ਅਸੀਂ ਵੀ, ਸਾਡੇ ਲਈ ਵੀ ਫੁਰਸਤ ਕੱਢੋ।
ਮੈਕਬੈਥ:ਖਿਮਾ ਕਰੋ ਕੁੱਝ ਮਿਹਰ ਉਪਾਵੋ: ਦਿਮਾਗ਼ ਕੁੰਦ ਸੀ ਹੋਇਆ ਮੇਰਾ,
ਭੁੱਲੀਆਂ, ਵਿੱਸਰੀਆਂ ਯਾਦੀਂ ਖੋਇਆ।
ਮਿਹਰਬਾਨ ਸਾਊ ਸੱਜਣੋ, ਤਕਲੀਫ ਤੁਸਾਂ ਨੇ ਜੋ ਵੀ ਕੀਤੀ,
ਦਿਲ-ਦਿਮਾਗ਼ ਤੇ ਗਈ ਹੈ ਲਿੱਖੀ, ਤੇ ਮੈਂ ਰੋਜ਼ ਫੋਲ ਕੇ ਵਰਕੇ
ਰਹੂੰ ਏਸ ਨੂੰ ਪੜ੍ਹਦਾ।-ਆਓ ਚੱਲੀਏ ਸ਼ਾਹ ਵੱਲ ਆਪਾਂ।-
(ਬੈਂਕੋ ਨੂੰ) ਜੋ ਵਾਪਰਿਐ, ਇਤਫਾਕਨ ਹੋਇਐ, ਇਸ ਤੇ ਵੀ ਵਿਚਾਰ ਹੈ
ਕਰਨਾ; ਸੋਚਣ, ਸਮਝਣ ਬਾਅਦ ਏਸ ਨੂੰ, ਆਪਾਂ ਰਲ ਮਿਲ ਗੱਲ ਕਰਾਂਗੇ।
ਬੈਂਕੋ:ਬੜੀ ਖੁਸ਼ੀ ਨਾਲ।
ਮੈਕਬੈਥ:ਓਦੋਂ ਤੱਕ ਬੱਸ ਏਨਾਂ ਕਾਫੀ:-ਆਓ, ਮਿੱਤਰੋ! ਚਾਲੇ ਪਾਈਏ।
{ਪ੍ਰਸਥਾਨ}

ਸੀਨ-4


ਫੌਰਿਸ। ਮਹਿਲ ਦਾ ਇੱਕ ਕਮਰਾ

{ਬਿਗੁਲ ਦੀ ਆਵਾਜ਼: ਪ੍ਰਵੇਸ਼ ਮਹਾਰਾਜ ਡੰਕਣ, ਮੈਲਕੌਲਮ, ਡੋਨਲਬੇਨ,
ਲੈਨੌਕਸ, ਅਤੇ ਸਹਾਇਕ}

ਮਹਾਰਾਜ ਡੰਕਣ:ਚਾੜ੍ਹਿਆ ਸੂਲੀ ਕਾਡਰ?
ਲੈ ਕੇ ਜੋ ਫਰਮਾਨ ਗਏ ਸੀ, ਮੁੜ ਆਏ ਕਿ?
ਮੇਲਕੌਲਮ:ਉਹ ਹਾਲੇ ਨੀਂ ਆਏ ਮਾਲਿਕ।
ਐਪਰ ਮੇਰੀ ਗੱਲ ਹੋਈ ਐ ਉਸ ਬੰਦੇ ਦੇ ਨਾਲ,
ਜੀਹਨੇ ਉਹਦਾ ਕਤਲ ਵੇਖਿਆ: ਰਪਟ ਓਸਦੀ ਏਹੋ ਕਹਿੰਦੀ:-
ਸਾਫ ਸਾਫ ਗੱਦਾਰੀ ਅਪਣੀ, ਖੁੱਲ੍ਹ ਕੇ ਕਰੀ ਕਬੂਲ਼ ਓਸਨੇ;
ਬੜਾ ਪਛਤਾਵਾ ਕੀਤਾ; ਨਾਲੇ ਹਜ਼ੂਰ ਤੋਂ ਖਿਮਾ ਵੀ ਮੰਗੀ:


ਜੀਵਨ ਵਿੱਚ ਕੁੱਝ ਨਹੀਂ ਸੀ ਏਨਾ ਸੋਂਹਦਾ, ਸ਼ਾਨ ਜਿੰਨੀ ਸੀ ਮਰਨ 'ਚ ਉਹਦੇ;
ਏਦਾਂ ਮੋਇਆ ਮਰਦਾਂ ਵਾਂਗੂੰ, ਜਿਵੇਂ ਰੀਹਰਸਲ ਬੜੀ ਸੀ ਕੀਤੀ।
ਅਤਿ ਪਿਆਰੀ ਸ਼ੈਅ ਜਾਨ ਸੀ, ਇਉਂ ਵਗਾਹ ਕੇ ਮਾਰੀ
ਕਾਣੀ ਕੌਡੀ ਹੋਵੇ ਜਿੱਦਾਂ ਓਸ ਲਈ ਮਾਮੂਲੀ।
ਮਹਾਰਾਜ ਡੰਕਣ:ਕੋਈ ਐਸਾ ਇਲਮ ਨਹੀਂ ਹੈ, ਚਿਹਰਾ ਪੜ੍ਹ ਕੇ ਮਨ ਦੀ ਦੱਸੇ
ਸਾਊ, ਅਸੀਲ ਬੰਦਾ ਸੀ ਐਸਾ, ਪਰਮ ਵਿਸ਼ਵਾਸ ਸੀ ਮੇਰਾ ਉਸ ਤੇ।
{ਪ੍ਰਵੇਸ਼ ਮੈਕਬੈਥ, ਬੈਂਕੋ, ਰੌਸ, ਅਤੇ ਅੰਗਸ ਦਾ}
ਆਓ, ਅਤਿ ਸ੍ਰੇਸ਼ਟ, ਯੋਗ ਭਰਾਵਾ!
ਨਾਸ਼ੁਕਰੀ ਦਾ ਪਾਪ ਸੀ ਬੋਝਲ, ਹੁਣ ਥੀਂ ਦਿਲ ਤੇ ਮੇਰੇ:
ਲੰਘਿਆ ਸੀ ਤੂੰ ਏਨਾ ਮੂਹਰੇ, ਛੁਹ ਨਾਂਂ ਸਕੀ ਪੱਲਾ ਤੇਰਾ
ਹਵਾ ਵਾਂਗ ਇਨਾਮ-ਕਰਾਮ, ਅਤੇ ਤਲਾਫੀ ਫੌਰਨ ਘੱਲੀ।
ਘੱਟ ਦਾ ਵੀ ਹੱਕਦਾਰ ਜੇ ਹੁੰਦੋਂ, ਕਿੰਨਾ ਸ਼ੁਕਰ, ਖਜ਼ਾਨਾ ਕਿੰਨਾ,
ਇਹ ਅਨੁਪਾਤ ਤਾਂ ਮੇਰਾ ਈ ਹੁੰਦਾ!-
ਬੱਸ ਏਨਾ ਹੀ ਕਹਿਣਾ ਬਣਦੈ:-ਹੱਕ ਤੇਰਾ ਹੈ ਕਿਤੇ ਜ਼ਿਆਦਾ,
ਵੱਧ ਤੋਂ ਵੱਧ ਜੋ ਦੇ ਸਕਦਾ ਹਾਂ।
ਮੈਕਬੈਥ: ਖਿਦਮਤ ਸ਼ਾਹੀ , ਸੇਵਾ, ਬਦਲੇ ਜੋ ਇਵਜ਼ਾਨਾ ਮਿਲਦੈ,
ਹੱਕ ਅਦਾ ਕਰੀਂ ਉਹ ਜਾਂਦੈ।
ਮਹਾਰਾਜ ਅਧਿਰਾਜ ਦਾ ਕੰਮ ਹੈ:
ਫਰਜ਼-ਫਰਾਇਜ਼ ਬੱਸ ਅਸਾਡੇ, ਕਰਦੇ ਰਹਿਣ ਕਬੂਲ।-
ਫਰਜ਼-ਫਰਾਇਜ਼ ਬਣਦੇ ਸਾਡੇ, ਤਖਤ-ਤਾਜ, ਰਿਆਸਤ ਵੱਲੇ;
ਨੌਕਰ, ਚਾਕਰ, ਮੁਸਾਹਿਬ, ਬੱਚੇ, ਫਰਜ਼ ਨਿਭਾਵਣ ਏਹੋ ਸਾਰੇ;
ਪਤ ਸ਼ਾਹੀ ਤੇ ਮੋਹ ਦੀ ਖਾਤਰ, ਵਤਨਾਂ ਦੀ ਸੁਰੱਖਿਆ ਖਾਤਰ,
ਉਹ ਸਭ ਕਰ ਕੇ ਜੋ ਉਹਨਾਂ ਨੂੰ ਕਰਨਾ ਬਣਦੈ।
ਮਹਾਰਾਜ ਡੰਕਣ:ਜੀ ਆਇਆਂ ਨੂੰ! ਅੱਜ ਮੈਂ ਤੇਰਾ ਬੂਟਾ ਲਾ ਤਾ,
ਕਰੂੰ ਮਸ਼ੱਕਤ, ਲਾਊਂ ਪਾਣੀ, ਫਲ਼ ਵੀ ਪੱਕਾ ਲੱਗੂ ਤੈਨੂੰ।-
ਕੁਲੀਨ ਬੈਂਕੋ, ਤੇਰਾ ਹੱਕ ਵੀ ਘੱਟ ਨਹੀਂ ਹੈ,
ਨਾਂ ਫਿਰ ਲੱਗੇ ਦੁਨੀਆ ਤਾਈਂ, ਏਦੂੰ ਘੱਟ ਕਮਾਈ ਕੀਤੀ:-
ਆ ਤੈਨੂੰ ਮੈਂ ਜੱਫੀ ਪਾਵਾਂ, ਦਿਲ ਨਾਲ ਲਾ ਕੇ ਰੱਖਾਂ ਤੈਨੂੰ।
ਬੈਂਕੋ:ਜੇ ਜੜ੍ਹ ਲੱਗੇ ਮੇਰੀ ਐਸੀ ਥਾਂਵੇਂ, ਵਧਾਂ, ਫੁੱਲਾਂ ਤੇ ਫਲ਼ ਤੇ ਆਵਾਂ!
ਜੀਓ ਝਾੜ ਸਭ ਰਾਸ ਤਿਹਾਰੀ।
ਮਹਾਰਾਜ ਡੰਕਣ:ਖੁਸ਼ੀਆਂ ਅਤਿਅੰਤ ਭਰਪੂਰ ਮੇਰੀਆਂ,
ਚੰਚਲ, ਸ਼ੋਖ, ਸ਼ਰਾਰਤ ਭਰੀਆਂ, ਲੁੱਕਾ-ਛਿੱਪੀ ਖੇਡਦੀਆਂ ਨੇ
ਗ਼ਮ ਦੇ ਤਰਦੇ ਹੰਝੂਆਂ ਨਾਲ।


ਸੰਬੰਧੀਓ, ਪੁੱਤਰੋ, ਸੂਬੇਦਾਰੋ, ਤੇ ਮੇਰੇ ਨਜ਼ਦੀਕੀ ਸੱਜਣੋ!
ਇਤਲਾਅ ਕੁੱਲ ਨੂੰ ਹੋਵੇ:-
ਕਿ ਰਾਜ-ਭਾਗ ਦਾ ਵਾਰਸ ਅਸਾਂ ਸਥਾਪਤ ਕੀਤੈ:-
ਜੇਠਾ ਪੁੱਤ ਮੈਲਕੌਲਮ ਜੋ ਯੁਵਰਾਜ ਅਸਾਡਾ,
ਕੰਬਰਲੈਂਡ ਦਾ ਹੁਣ ਤੋਂ ਸ਼ਹਿਜ਼ਾਦਾ ਟਿੱਕਿਐ:
ਇਹ ਸਨਮਾਨ ਇਕੱਲੇ ਤਾਈਂ ਐਪਰ ਨਹੀਓਂ ਮਿਲਿਆ,
ਟਿੱਕੇ ਵੇਲੇ ਨਾਲ ਹੋਣਗੇ ਉਹ ਵੀ ਹਾਜ਼ਰ,
ਪਤ, ਮਹਿਮਾ ਦੇ ਚਿੰਨ੍ਹ ਪਹਿਨਣ ਦਾ ਹੱਕ ਜੋ ਰੱਖਣ ਪੂਰਾ:
ਤਾਰਿਆ ਵਾਂਗੂੰ ਚਮਕਣ ਗੇ ਇਹ, ਉਨ੍ਹਾਂ ਦੇ ਸੀਨੇ।-
ਆਓ ਹੁਣ ਇਨਵਰਨਸ ਚੱਲੀਏ;-
ਹੋਰ ਵੀ ਕਸ ਕੇ ਬੰਨ੍ਹ ਲੋ ਸਾਨੂੰ ਮੋਹ ਦੀ ਡੋਰੀ।
ਮੈਕਬੈਥ:ਮਸ਼ੱਕਤ ਹੀ ਆਰਾਮ ਅਸਾਡਾ, ਨਿਰਾ ਆਰਾਮ ਹਰਾਮ ਹੈ ਸਾਨੂੰ,
ਹਜ਼ੂਰ ਦੀ ਖਾਤਰ ਕਦੇ ਨਹੀਂ ਕਰਨਾ:
ਆਪੂੰ ਮੈਂ ਹਰਕਾਰਾ ਬਣਨੈ, ਬੀਵੀ ਤਾਈਂ ਖੁਸ਼ਖਬਰੀ ਵਾਲੀ
ਖੁਸ਼ੀ ਵੀ ਖੁਦ ਹੀ ਆਪਣੇ ਬੋਝੇ ਪਾਉਣੀ ਕਿ
ਕਦਮ ਮੁਬਾਰਕ ਘਰ ਅਸਾਡੇ ਆਪ ਦੇ ਪੈਣੇ। ਸੋ, ਦੋ ਕਰ ਜੋੜ ਇਜਾਜ਼ਤ ਮੰਗਾਂ।
ਮਹਾਰਾਜ:ਮੇਰੇ ਯੋਗ ਕਾਡਰ ਸਰਦਾਰ!
ਮੈਕਬੈਥ(ਪਾਸੇ):
ਕੰਬਰਲੈਂਡ ਦਾ ਸ਼ਹਿਜ਼ਾਦਾ!-
ਏਹੋ ਤਾਂ ਉਹ ਕਦਮ ਹੈ ਐਸਾ, ਜਿਸ ਤੋਂ ਪਤਨ ਹੋ ਜਾਣਾ ਮੇਰਾ
ਜਾਂ ਫਿਰ ਟੱਪ ਮੈਂ ਜਾਣਾ ਇਸ ਤੋਂ, ਰਾਹ ਮੇਰੇ ਦੀ ਹਰ ਰੁਕਾਵਟ।
ਨੂਰੀ ਰਿਸ਼ਮਾਂ ਕੱਜੋ ਤਾਰਿਓ!
ਘੋਰ ਅਕਾਂਖਿਆ ਸਿਆਹ ਮੇਰੀ ਨੂੰ, ਰੌਸ਼ਨ ਮੂਲ ਨਹੀਂ ਕਰਨਾ :
ਅੱਖ ਇਸ਼ਾਰਾ ਕਰੇ ਹੱਥ ਨੂੰ ! ਕਰ ਛੱਡ ਉਹੀਓ ਕੁੱਝ ਜੋ ਹੋਣਾ,
ਨਜ਼ਰ ਅਸਾਡੀ ਸਦਾ ਹੀ ਡਰਦੀ, ਜਿਸ ਕਾਰੇ ਨੂੰ ਤੱਕਣੋਂ।
{ਪ੍ਰਸਥਾਨ}
ਮਹਾਰਾਜ:
ਸੱਚੀਂ, ਸਨਮਾਨਤ ਬੈਂਕੋ,-ਪੂਰਾ ਕਿੱਡਾ ਸੂਰਾ ਹੈ ਉਹ!
ਪਰਮ ਪ੍ਰਸੰਸਾ ਨਾਲ ਓਸਦੀ , ਮੈਂ ਭਰਪੂਰ ਪਿਆ ਹਾਂ।
ਆਓ ਉਹਦੇ ਮਗਰੇ ਚੱਲੀਏ, ਮਜ਼ੇ ਭੋਜ ਦੇ ਚੱਲ ਮਾਣੀਏ
ਸੁਆਗਤ ਸਾਡਾ ਭਰਪੂਰ ਕਰਨ ਨੂੰ, ਨਾਲ ਫਿਕਰ ਦੇ ਗਿਐ ਅਗੇਤੇ:
ਬੇਮਿਸਾਲ ਬੜਾ ਹੈ ਇਹ ਸੰਬੰਧੀ ਸਾਡਾ!
{ਤੂਤੀਨਾਦ-ਪ੍ਰਸਥਾਨ}


ਸੀਨ-5


ਇਨਵਰਨੈਸ
ਮੈਕਬੈਥ ਦੇ ਕਿਲੇ 'ਚ ਇੱਕ ਕਮਰਾ

{ਲੇਡੀ ਮੈਕਬੈਥ ਇੱਕ ਪੱਤਰ ਪੜ੍ਹਦਿਆਂ ਮੰਚ ਤੇ ਪ੍ਰਵੇਸ਼ ਕਰਦੀ ਹੈ}

ਲੇਡੀ ਮੈਕਬੈਥ:"ਜਿੱਤਾਂ ਦੇ ਦਿਨ ਮਿਲੀਆਂ ਮੈਨੂੰ, ਪੂਰੀ ਮਾਲੂਮਾਤ ਕਰਨ ਤੋਂ ਮੈਨੂੰ ਪਤਾ ਵੀ ਲੱਗਾ,
ਕਿ ਪਰਾਲੌਕਿਕ ਕੋਈ ਇਲਮ ਵੀ ਹੁੰਦੈ ਉਹਨਾਂ ਪੱਲੇ।
ਸਵਾਲ ਪੁੱਛਣ ਨੂੰ ਹੋਰ ਵਧੇਰੇ, ਅੱਗ ਬਲ਼ਦੀ ਸੀ ਮੇਰੇ ਅੰਦਰ,
ਪਰ ਅਕਸਮਾਤ ਉਹ ਹਵਾ ਹੋ ਗੱਈਆਂ, ਘੁਲਮਿਲ ਗਈਆਂ ਹਵਾ ਦੇ ਨਾਲੇ।
ਅਚੰਭੇ-ਮੁਗਧ ਖੜਾ ਸੀ ਜਦ ਮੈਂ, ਫਰਮਾਨ ਸ਼ਾਹੀ ਉਹ ਲੈ ਕੇ ਆਏ:-
'ਕਾਡਰ ਦਾ ਸਰਦਾਰ' ਆਖ ਹਰਕਾਰੇ, ਜੈ ਜੈਕਾਰ ਸੀ ਕਰਦੇ ਆਏ:
ਪੁਰਇਸਰਾਰ ਭੈਣਾਂ ਨੇ ਵੀ , ਸਲਾਮ ਕੀਤਾ ਸੀ ਏਹੋ ਕਹਿ ਕੇ:
ਦੇਹ ਹਵਾਲਾ ਭਵਿੱਖ ਕਾਲ ਦਾ, ਜੈ ਜੈਕਾਰ ਬੁਲਾਈ ਮੇਰੀ:
ਸਿਰ ਤੇ ਮੁਕਟ ਸਜਾਉਣਾ ਜੀਹਨੇ, ਸ਼ਹਿਨਸ਼ਾਹ ਅਖਵਾਉਣਾ ਅੱਗੇ!-
ਮੈਂ ਸੋਚਿਆ ਅਰਧਾਂਗਣ ਮੇਰੀ, ਬੜੀ ਪਿਆਰੀ ਤਾਈਂਂ, ਦਿਆਂ ਖੁਸ਼ਖਬਰੀ ;
ਤਾਂ ਜੋ ਲਾਇਲਮੀ ਦੇ ਕਾਰਨ ਰਹੇ ਨਾਂ ਵਾਂਝੀ, ਹਿੱਸੇ ਬਹਿੰਦੀਆਂ ਖੁਸ਼ੀਆਂ ਕੋਲੋਂ,
ਵਡਭਾਗਾਂ ਦੇ ਏਸ ਵਚਨ ਜੋ ਬਖਸ਼ੀਆਂ ਸਾਨੂੰ।
ਰਾਜ਼ ਏਸ ਨੂੰ ਰਾਜ਼ ਹੀ ਰੱਖੀਂ, ਸਾਂਭ ਲਵੀਂ ਦਿਲ ਆਪਣੇ;
ਤੇ ਫਿਰ ਲੈ ਹੁਣ ਅਲਵਿਦਾਅ!"
ਗਲਾਮਿਜ਼ ਤਾਂ ਤੂੰ ਪਹਿਲੋਂ ਹੀ ਹੈਂ, ਕਾਡਰ ਵੀ ਹੁਣ ਤੇਰਾ ਹੋਇਆ;
ਜੋ ਵਚਨ ਭਵਿੱਖ ਦਾ ਹੋਇਆ, ਉਹ ਵੀ ਹੁਣ ਤੂੰ ਬਣ ਹੀ ਜਾਣੈਂ:
ਸੁਭਾਅ ਤੇਰੇ ਤੋਂ ਪਰ ਡਰ ਲਗਦੈ; ਪਿਆਲਾ ਮਿਹਰਾਂ ਵਾਲਾ ਤੇਰਾ,
ਖਲਕ-ਖੁਦਾ ਦੇ ਮੋਹ-ਅੰਮ੍ਰਿਤ ਨਾਲ, ਨੱਕੋ-ਨੱਕ ਹੈ ਏਨਾ ਭਰਿਆ
ਕਿ ਰਾਹ ਛੁਟੇਰਾ ਫੜ ਨਹੀਂ ਸਕਣਾਂ!
ਤੂੰ ਮਹਾਨ ਕਦੇ ਨਹੀਂ ਬਣਨਾ, ਭਾਵੇਂ ਅਕਾਂਖਿਆ ਬੜੀ ਹੈ ਤੇਰੀ :
ਪਾਪ ਬਿਨਾਂ ਤੂੰ ਚਾਹੇਂ ਸਭ ਕੁਛ।
ਜੋ ਚਾਹੇਂ ਤੂੰ ਸਭ ਤੋਂ ਜ਼ਿਆਦਾ, ਨੇਕੀ ਨਾਲ ਹੀ ਪਾਣਾ ਚਾਹੇਂ;
ਧਰੋਹ-ਫਰੇਬ ਤੂੰ ਕਰਨਾ ਨਾਹੀਂ, ਨਹੱਕੀ ਫਿਰ ਵੀ ਜਿੱਤ ਜਿੱਤਣੀ :
ਮਹਾਨ ਗਲਾਮਿਜ਼, ਮੌਕਾ ਵੇਖ, ਪੁਕਾਰੇ ਤੈਨੂੰ:-
ਜੇ ਪਾਉਣੈ ਤਾਂ ਕਰਨਾ ਪੈਣੈ,
ਉਹ ਜੋ ਤੂੰ ਕਰਨ ਤੋਂ ਡਰਦਾ, ਅਣਕੀਤਾ ਛੱਡਣ ਤੋਂ ਬਾਹਲ਼ਾ।


ਆ ਜਾ ਛੇਤੀ ਪਾਸ ਮੇਰੇ ਤੂੰ, ਜੋਸ਼ ਆਪਣਾ ਕੰਨੀਂ ਤੇਰੇ, ਆ ਮੈਂ ਫੂੰਕਾਂ;
ਜੁਰਅਤ ਵਾਲੇ ਬੋਲ ਬੋਲ ਕੇ,ਹਰ ਰੁਕਾਵਟ ਰਾਹ ਦੀ ਤੇਰੇ,ਦੂਰ ਕਰਾਂ ਮੈਂ,
ਸੋਨ-ਚੱਕਰ ਜੋ ਪਾਣ ਤੋਂ ਤੈਨੂੰ ਰੋਕ ਰਹੀ ਹੈ:-
ਅਲੌਕਿਕ ਮਿਲੀ ਸਹਾਇਤਾ ਤੈਨੂੰ, ਭਰੀ ਮੁਕੱਦਰ ਨੇ ਅੰਗੜਾਈ,
ਸਿਰ ਸਜਾਉਣਾ ਸਭ ਚਾਹੁੰਦੇ ਨੇ, ਤਾਜ ਸੁਨਿਹਰੀ ਤੇਰੇ।
{ਪ੍ਰਵੇਸ਼ ਇੱਕ ਸਹਾਇਕ ਦਾ}

ਹੁਣ ਕੀ ਖਬਰ ਲਿਆਇਐਂ ਵੇ ਤੂੰ?
ਸਹਾਇਕ:ਅੱਜ ਰਾਤੀਂ ਮਹਾਰਾਜ ਨੇ ਆਉਣੈ।
ਲੇਡੀ ਮੈਕਬੈਥ:ਤੂੰ ਤਾਂ ਲਗਦੈ ਪਾਗਲ ਹੋਇਐਂ। ਸੁਆਮੀ ਤੇਰਾ ਨਹੀਂ ਕੀ ਸ਼ਾਹ ਦੇ ਕੋਲੇ?
ਆਪ ਖਬਰ ਕਰਨੀ ਸੀ ਉਹਨੇ, ਤਾਂ ਜੋ ਹੋਏ ਤਿਆਰੀ ਏਥੇ।
ਸਹਾਇਕ:ਜੇ ਭਾਵੇ ਇਹ ਗੱਲ ਆਪ ਨੂੰ, ਖਬਰ ਲਿਆਇਆਂ ਸੱਚੀ:-
ਸੂਬੇਦਾਰ ਪਧਾਰ ਰਹੇ ਨੇ ਮਾਰੋ ਮਾਰੀ :-
ਇੱਕ ਸਾਥੀ ਮੇਰਾ ਉਹਨਾਂ ਤਾਈਂ, ਛੱਡ ਕੇ ਪਿੱਛੇ ਆਇਐ
ਸਾਹੋ ਸਾਹ ਉਹ ਹੁਣੇ ਅੱਪੜਿਐ, ਮਰਨ ਕਨਾਰੇ ਹੰਭਿਆ ਆਇਐ;
ਬੱਸ ਮੁਸ਼ਕਲ ਨਾਲ ਸੁਨੇਹਾ ਦਿੱਤੈ।
ਲੇਡੀ ਮੈਕਬੈਥ:ਸੇਵਾ, ਖਾਤਰ ਕਰੋ ਓਸਦੀ , ਏਡੀ ਵੱਡੀ ਖਬਰ ਲਿਆਇਐ! (ਸਹਾਇਕ
ਜਾਂਦਾ ਹੈ)
ਕੋਠੇ ਉੱਤੇ ਕਾਂ ਕਾਂ ਕਰਦੇ, ਢੋਢਰ ਕਾਂ ਦਾ ਗਲ਼ ਬੈਠਿਐ:
ਬਾਰ ਬਾਰ ਐਲਾਨ ਕਰ ਰਿਹੈ,_
ਕਿਲੇ ਦੇ ਕਿੰਗਰਿਆਂ ਹੇਠ ਅਸਾਡੇ, ਮਰਨ ਆਰਿਹੈ ਡੰਕਣ ਰਾਜਾ।-
ਆਓ ਪ੍ਰੇਤ-ਪਰਛਾਈਓਂ ਆਓ, ਕਤਲ, ਖੂਨ ਦੇ ਖਿਆਲ ਬਣਾਓ
ਤੀਵੀਓਂ ਮਰਦ ਬਣਾ ਦਿਓ ਮੈਨੂੰ, ਲਿੰਗ ਬਦਲ ਦਿਓ ਮੇਰਾ;
ਸਿਰ ਤੋਂ ਪੈਰ ਥੀਂ ਭਰ ਨਿਰਦੈਤਾ, ਲਬਾ-ਲਬ ਭਰਪੂਰ ਕਰ ਦਿਓ!
ਰੱਤ ਕਰ ਦਿਓ ਗੂੜ੍ਹੀ ਗਾੜ੍ਹੀ:
ਪਛਤਾਵੇ, ਹਮਦਰਦੀ ਵਾਲੇ ਰੋਕ ਦਿਓ ਰਾਹ ਸਾਰੇ:
ਜ਼ਮੀਰ ਨਾਂ ਕੋਸੇ ਫਿਤ੍ਰਤ ਤਾਈਂ, ਮੰਤਵ ਘੋਰ 'ਚ ਵਿਘਨ ਨਾਂ ਪਾਵੇ,
ਨਾਂ 'ਇਨਜਾਮ' ਤੇ 'ਏਸ' ਵਿਚਾਲੇ, ਕੋਈ ਸੁਲਾਹ ਕਰਾਵੇ !
ਆਓ ਓ, ਹੱਤਿਆਰੇ ਵਣਜਾਰਿਓ ਆਓ!
ਤੀਆ-ਸਤਨੀਂ ਦੁੱਧ ਨਹੀਂ ਮੇਰੇ, ਆਪਣੇ ਅਦਿੱਖ ਪਦਾਰਥਾਂ ਅੰਦਰ,
'ਪਿੱਤ' ਵਿਸ਼ੈਲੀ ਭਰ ਲੈ ਜਾਓ:
ਫਿਤਨੇ-ਫਤੂਰ ਤੇ ਸ਼ਰਅੰਗੇਜ਼ੀ ਕੁਦਰਤ ਵਾਲੀ ਖੜੀ ਉਡੀਕੇ,
ਲੈ ਹਥਿਆਰ ਕੁੱਲ ਆਪਣੇ, ਭਰੋ ਹਾਜ਼ਰੀ, ਨੇੜੇ ਜਾਓ!


ਆ ਨੀ, ਰਾਤ ਹਨੇਰੀ , ਕਾਲੀ-ਬੋਲੀ ,
ਕਾਲੇ ਭੂਰੇ ਧੂੰਏਂ ਵਾਲਾ ਤੱਪੜ ਪਹਿਰੀਂ ਆ ਜਾ-- ਛਾ ਜਾ,
ਨੇਰ੍ਹ ਦੇ ਡੂੰਘੇ ਸਾਗਰ ਅੰਦਰ ਡੋਬ ਦੇ ਧਰਤੀ !
ਤਿੱਖੀ ਨਜ਼ਰ ਖੰਜਰ ਦੀ ਮੇਰੇ, ਵੇਖ ਸੱਕੇ ਨਾਂ ਘਾਓ ਜੋ ਕੀਤਾ,
ਨਾਂ ਹੀ ਅੰਬਰ ਮਾਰੇ ਝਾਤੀ, ਕਾਲਖ ਦੇ ਕੰਬਲ ਨੂੰ ਫਾੜੇ:
ਤੇ ਫਿਰ ਕੂਕੇ ਆਪਮੁਹਾਰਾ, "ਰੁਕ ਜਾ, ਰੁਕ ਜਾ, ਰੁਕ ਜਾ।"
{ਪ੍ਰਵੇਸ਼ ਮੈਕਬੈਥ}

ਮਹਾਨ ਗਲਾਮਿਜ਼! ਸਨਮਾਨਿਤ ਕਾਡਰ!
ਦੋਵਾਂ ਨਾਲੋਂ ਕਿਤੇ ਮਹਾਨ! ਇਸ ਛਿਣ ਪਿੱਛੋਂ ਸਾਰਿਆਂ ਕਰਨੀ
ਸਦਾ ਹੀ ਤੇਰੀ ਜੈ ਜੈਕਾਰ!
ਤੇਰੇ ਖਤਾਂ ਨੇ ਚੁੱਕ ਪੁਚਾਇਐ, ਬੇਖਬਰ ਇਸ 'ਅੱਜ' ਦੇ ਪਾਰ,
ਮਹਿਸੂਸ ਕਰਾਂ ਮੈਂ ਹਥਲੇ ਛਿਣ ਵਿੱਚ, ਭਵਿੱਖ ਦਾ ਖੁੱਲ੍ਹਾ ਦੁਆਰ।
ਮੈਕਬੈਥ:ਪਰਮ ਪਿਆਰੀ ਮਹਿਬੂਬਾ ਮੇਰੀ, ਅੱਜ ਰਾਤੀਂ ਸ਼ਾਹ ਡੰਕਨ ਆਉਣੈ।
ਲੇਡੀ ਮੈਕਬੈਥ:ਤੇ ਫਿਰ ਕਦ ਉਸ ਵਾਪਸ ਜਾਣੈ?
ਮੈਕਬੈਥ:ਕੱਲ ਹੀ ਜਾਣ ਦੀ ਮਨਸ਼ਾ ਉਹਦੀ।
ਲੇਡੀ ਮੈਕਬੈਥ:
ਓ, ਕੱਲ ਦਾ ਸੂਰਜ ਕਦੇ ਨਹੀਂ ਚੜ੍ਹਨਾ!
ਚਿਹਰਾ ਤੇਰਾ ਮੇਰੇ ਸਰਦਾਰਾ, ਖੁੱਲ੍ਹੀ ਪੋਥੀ ਐਸੀ,
ਅਚਰਜ ਤੇਰੇ ਰਾਜ਼, ਮਾਮਲੇ, ਪੜ੍ਹ ਲੈਂਦਾ ਜੋ ਚਾਹੇ:-
ਸਮੇਂ ਨਾਲ ਜੇ ਫਰੇਬ ਕਮਾਈਏ, ਸਮੇਂ ਵਾਂਗ ਹੀ ਹੋ ਕੇ ਰਹੀਏ;
ਹੱਥ, ਨਜ਼ਰ, ਜ਼ੁਬਾਂ ਤਿੰਨੇ ਹੀ, 'ਜੀ ਆਇਆਂ ਨੂੰ ' ਆਖਣ ਕੱਠੇ:
ਦਿੱਖ ਫੁੱਲ ਮਾਸੂਮਾਂ ਜਿਹੀ, ਵਿੱਚੋਂ ਰਹੀਏ ਨਾਗ ਨਿਖੱਟੇ।
ਖਾਤਰ-ਸੇਵਾ ਕਰਨੀ ਪੈਣੀ, ਪ੍ਰਾਹੁਣਾ ਆਇਐ ਆਪਣੇ ਵਿਹੜੇ;
ਕਾਰਜ ਮਹਾਨ ਇਸ ਰਾਤ੍ਰੀ ਵਾਲਾ, ਤੁਸੀਂ ਲਾ ਦਿਓ ਮੇਰੇ ਜ਼ਿੰਮੇ;
ਦਿਨ-ਰੈਣ ਸਭ ਭਵਿੱਖ ਸਾਡੇ ਦੇ, ਰੌਸ਼ਨ ਇਹਨੇ ਕਰ ਨੇ ਦੇਣੇ
ਸੰਪੂਰਨ ਸੱਤਾ ਸੁਲਤਾਨੀ ਦੇਣੀ, ਮੁਲਕ-ਮਿਲਖ ਕੁੱਲ ਦੇਣੇ ਇਹਨੇ।
ਮੈਕਬੈਥ:ਅੱਛਾ, ਇਸ ਬਾਰੇ ਫਿਰ ਗੱਲ ਕਰਾਂਗੇ।
ਲੇਡੀ ਮੈਕਬੈਥ:ਬੱਸ ਨਿਰਭੈ, ਨਿਰਛਲ਼ ਰੱਖੋ ਚਿਹਰਾ;
ਕਰਮ ਤੇ ਕਿਰਪਾ ਸਜ਼ਾ ਹੋ ਜਾਂਦੇ, ਭੈ ਜੇ ਪੀਲ਼ਾ ਪਾਵੇ :
ਬਾਕੀ ਗੱਲ ਮੇਰੇ ਤੇ ਛੱਡੋ।
{ਪ੍ਰਸਥਾਨ}


ਸੀਨ-6


ਉਹੀ, ਕਿਲੇ ਦੇ ਸਾਹਮਣੇ।

{ਪੀਪਨੀ-ਵਾਦਕ ਮੁੰਡੇ, ਮੈਕਬੈਥ ਦੇ ਸਹਾਇਕ, ਹਜ਼ੂਰੀ ਵਿੱਚ।
ਪ੍ਰਵੇਸ਼ ਮਹਾਰਾਜ ਡੰਕਨ, ਮੈਲਕੌਲਮ, ਡੋਨਲਬੇਨ, ਬੈਂਕੋ, ਲੈਨੌਕਸ, ਮੈਕਡਫ,
ਰੌਸ, ਅੰਗਸ, ਅਤੇ ਸਹਾਇਕ}

ਮਹਾਰਾਜ ਡੰਕਨ:ਕਿਲੇ ਦੀ ਕੁਰਸੀ, ਆਲ਼ਾ-ਦੁਆਲ਼ਾ ਬੜਾ ਹੀ ਸੁਹਣਾ, ਬੜਾ ਸੁਖਾਵਾਂ
ਸਿਹਤ-ਬਖਸ਼, ਤੇਜ਼-ਅਸਰ, ਸੁਗੰਧਤ ਮਿੱਠੀਆਂ ਰੁਮਕਣ ਵਾਵਾਂ:
ਸੂਖਮ ਸੁਹਜ ਅਹਿਸਾਸ ਜਗਾਵਣ, ਮਸਤ ਮਸਤ, ਲਤੀਫ ਹਵਾਵਾਂ।
ਬੈਂਕੋ:ਪੰਖੇਰੂ ਪ੍ਰਾਹੁਣਾ ਹੁਨਾਲ ਦਾ ਏਹੇ, ਪ੍ਰੇਤ-ਭਾਂਤ ਜੋ ਮੰਦਰਗਮਨੀ,
ਪੱਕੀ ਰਿਹਾਇਸ਼ ਬਣਾ ਫਸੀਲੇ, ਪ੍ਰਮਾਣਿਤ ਕਰਦੈ ਪ੍ਰੇਮ- ਸਚਾਈ:-
ਖੁਸ਼ਬੂ ਖੁਸ਼ਬੂ ਸੁਆਸ ਸਵਰਗੀ, ਮੁੜ ਮੁੜ ਖਿੱਚ ਲਿਅਉਂਦੈ ਏਥੇ;
ਨਾਂ ਕਿੰਗਰਾ ਨਾਂ ਕੋਈ ਬਨੇਰਾ, ਨਾਂ ਪੁਸ਼ਤਾ ਨਾਂ ਕੋਈ ਵਧੇਰਾ-,
ਨਾਂ ਸੁਲੱਭਤ ਘੁਰਨਾ ਕੋਈ, ਇਸ ਪੰਖੀ ਨੇ ਖਾਲੀ ਛੱਡਿਐ ਏਸ ਫਸੀਲੇ,
ਜਿੱਥੇ ਵੰਸ਼ ਵਧਾਵਣ ਖਾਤਰ ਪੀਂਘ-ਪੰਘੂੜਾ, ਹਾਰ-ਬਿਸਤਰਾ,
ਹਾਲੀਂ ਨਹੀਂ ਬਣਾਇਆ ਇਹਨੇ:
ਇਹ ਪੰਖੇਰੂ, ਮੈਂ ਵੇਖਿਐ, ਆਸ਼ਕ ਵਾਂਗੂੰ ਮੁੜ ਘਿੜ ਏਥੇ ਆਈਂ ਜਾਂਦੈ,
ਨਸਲ ਆਪਣੀ ਹਰ ਵਰ੍ਹਿਆਏ, ਸ਼ਤ ਪ੍ਰਤੀ ਸ਼ਤ ਵਧਾਈਂ ਜਾਂਦੇ :
ਪੌਣ-ਪਾਣੀ ਏਸ ਕਿਲੇ ਦਾ ਸਿਹਤਮੰਦ, ਨਫੀਸ ਹੈ ਏਨਾ।
{ਪ੍ਰਵੇਸ਼ ਲੇਡੀ ਮੈਕਬੈਥ ਦਾ}
ਮਹਾਰਾਜ ਡੰਕਨ:ਸਤਿਕਾਰਤ ਮੇਜ਼ਬਾਂ ਵੇਖੋ ਆਈ !-
ਮੋਹ ਰੱਈਅਤ ਦਾ ਮਿਲੇ ਅਸਾਨੂੰ, ਅਕਸਰ ਇਹ ਤਕੱਲੁਫ ਹੁੰਦੈ,
ਸ਼ੁਕਰ-ਗੁਜ਼ਾਰੀ ਤਕੱਲੁਫ ਦੀ ਵੀ, ਤਕੱਲੁਫ ਵੀ ਤਾਂ ਮੋਹ ਹੀ ਹੁੰਦੈ ।
ਇਸ ਵਿੱਚੋਂ ਹੀ ਦਿਆਂ ਨਸੀਹਤ: ਕਿਵੇਂ ਖੁਦਾ ਤੋਂ ਮੰਗੋਂ ਦਾਤਾਂ :
'ਕ੍ਰਿਪਾ-ਕਰਮ ਕਰੇ ਉਹ ਦਾਤਾ ਸਾਡਾ !', ਤਕੱਲੁਫ ਦਾ ਫਲ ਮਿਲੇ ਤੁਸਾਨੂੰ;
ਤਾਂ ਤੇ ਕਰੋਂ ਸ਼ੁਕਰੀਆ ਸਾਡਾ: ਤਕਲੀਫ ਤਕੱਲੁਫ ਦੀ ਜੋ ਦਿੱਤੀ ।
ਲੇਡੀ ਮੈਕਬੈਥ:ਤਿਆਰੀ ਖਾਤਰਦਾਰੀ ਵਾਲੀ, ਨਿੱਕੇ ਮੋਟੇ ਹਰ ਪਹਿਲੂ ਤੋਂ, ਦੂਣੀ ਭਾਵੇਂ ਚੌਣੀ ਹੋਈ,
ਐਪਰ ਸਨਮਾਨਾਂ, ਅਹਿਸਾਨਾਂ ਅੱਗੇ , ਹੀਣੀ , ਤੁੱਛ, ਤੇ ਹਲਕੀ ਹੋਈ,
ਮਹਾਰਾਜ ਅਧਿਰਾਜ ਦੁਆਰਾ, ਕਰਮ, ਨਿਵਾਜ਼ਿਸ਼, ਰਹਿਮਤ ਹੋਈ,
ਗ਼ਰੀਬ-ਖਾਨੇ ਤੇ ਮਰਾਤਬ ਵਾਲੀ , ਅੰਬਰ-ਫਾੜ ਜੋ ਬਾਰਸ਼ ਹੋਈ
ਸਰਕੀ ਧਰਤ ਕੋਟ ਦੁਆਲੇ, ਨਿਵਾਜ਼ਿਸ਼ ਦੀ ਢਾਹ ਲਗਦੀ ਹੋਈ:


ਪਹਿਲੋਂ ਈ ਢੇਰ ਬੜਾ ਸੀ ਲੱਗਾ, ਭੂਤ ਦੀਆਂ ਬਖਸ਼ੀਸ਼ਾਂ ਵਾਲਾ
'ਅੱਜ' ਦੀਆਂ ਜਦ ਜੁੜੀਆਂ ਆਕੇ, ਢੇਰ ਦਾ ਟਿੱਬਾ ਦਿੱਸਣ ਲੱਗਾ;
ਹਾਜ਼ਰ ਸਦਾ ਹਜ਼ੂਰੀ ਮਾਲਿਕ! ਅਸੀਂ 'ਫਕੀਰ' ਹਾਂ ਦਰ ਦੇ ਤੇਰੇ-।
ਮਹਾਰਾਜ ਡੰਕਨ: ਸੂਬੇਦਾਰ ਕਾਡਰ ਹੈ ਕਿੱਥੇ-?
ਅੱਡੀਆਂ ਵੱਢਦੇ ਆਏ ਪਿੱਛੇ, ਮਾਨਣ ਲਈ ਮਹਿਮਾਨ-ਨਵਾਜ਼ੀ:
ਉੱਤਮ ਸ਼ਾਹਸਵਾਰੀ ਉਹਦੀ, ਮੋਹ ਮਹਾਨ, ਬੜੇ ਹੀ ਤਿੱਖੇ ਤਿੱਖੀ ਅੱਡੀ ਵਰਗੇ
ਮੰਜ਼ਲ ਤੇ ਪਹੁੰਚਾਇਆ ਉਹਨੂੰ, ਐਪਰ ਸਾਥੋਂ ਪਹਿਲਾਂ-।
ਹੁਸਨ, ਜਮਾਲ ਕਮਾਲ ਦੀ ਮਾਲਿਕ, ਓ ਮੁਅਜ਼ਿਜ਼ ਮੇਜ਼ਬਾਨ ਅਸਾਡੀ,
ਅੱਜ ਰਾਤੀਂ ਮਹਿਮਾਨ ਹਾਂ ਤੇਰੇ-।
ਲੇਡੀ ਮੈਕਬੈਥ: ਹਾਜ਼ਰ ਸਦਾ ਹਜ਼ੂਰੀ, ਚਾਕਰ ਸਰਕਾਰੀ;
ਤਨ, ਮਨ, ਧਨ ਤਾਂ ਸਭ ਆਪਦੇ, ਜੋ ਸਾਡੇ ਨੇ ਉਹ ਵੀ ਤੁਹਾਡੇ
ਤਨ ਤੋਂ, ਮਨ ਤੋਂ, ਧਨ ਤੋਂ:-
ਕੁੱਲ ਹਿਸਾਬ ਬਾ-ਤਫਸੀਲ ਕਰਜ਼ ਦਾ ਸਾਡੇ, ਬਾ-ਫੁਰਸਤ ਸ਼ਾਹੀ ਕਰ ਲੋ;
ਰੋਮ ਰੋਮ ਜੇ ਖਿੱਚੋਂ ਸਾਡਾ, ਤਾਂ ਵੀ ਦੇਣ ਨਹੀਂ ਮੁੜਨਾ ਤੁਹਾਡਾ;
ਰਿਣੀ ਸਦਾ ਰਹਾਂਗੇ ਤੁਹਾਡੇ।
ਮਹਾਰਾਜ ਡੰਕਨ: ਇਜਾਜ਼ਤ ਚਾਹਾਂ ਮੇਜ਼ਬਾਂ ਬਾਨੋ! ਹੱਥ ਦਿਓ ਜ਼ਰਾ ਮੈਨੂੰ ਆਪਣਾ:
ਮੇਜ਼ਬਾਂ ਤੱਕ ਲੈ ਕੇ ਚੱਲੋ :
ਬੜਾ ਪ੍ਰੇਮ ਹੈ ਨਾਲ ਉਸਦੇ, ਕਰਮ, ਨਿਵਾਜਿਸ਼ ਸਾਡੇ ਉਸ ਤੇ, ਸਦਾ ਹੀ ਰਹਿਣੇ।
{ਪ੍ਰਸਥਾਨ}

ਸੀਨ-7


ਉਹੀ-ਕਿਲੇ ਵਿੱਚ ਇੱਕ ਛੋਟਾ ਹਾਲ।

{ਪੀਪਨੀਵਾਦਕ ਮੁੰਡੇ, ਮਸ਼ਾਲਚੀ, ਅਤੇ ਭੋਜਨਆਲੇ ਦਾ ਇੱਕ ਅਫਸਰ ਅਤੇ
ਭੋਜਨ ਪਰੋਸਨ ਵਾਲੇ ਕਈ ਨੌਕਰ ਚਾਕਰ ਭਿੰਨ ਭਿੰਨ ਵਿਅੰਜਨਾਂ ਦੇ ਥਾਲ
ਆਦਕ ਲਈ ਐਧਰ ਓਧਰ ਫਿਰਦੇ ਨਜ਼ਰ ਆਉਂਦੇ ਹਨ।ਮੈਕਬੈਥ ਦਾ ਪ੍ਰਵੇਸ਼
ਹੁੰਦਾ ਹੈ।}

ਮੈਕਬੈਥ: ਜੇ ਕਾਰਾ ਇਹ ਕਰਨੈ, ਜਦ ਕਦ ਕਰਨੈ, ਚੰਗਾ ਰਹੂਗਾ ਫੌਰਨ ਕਰਨਾ-।
ਜੇ ਹੱਤਿਆ ਇਨਜਾਮ (ਪ੍ਰਭਾਵ) ਨੂੰ ਆਪਣੇ ਠੱਲ੍ਹ ਪਾ ਸੱਕੇ,
ਅੰਤ ਓਸਦਾ ਸੁਲੱਭ ਸਫਲਤਾ ਪੱਲੇ ਪਾ ਸੱਕੇ;
ਇੱਕੋ 'ਵਾਰ' ਆਹ ਕਾਰੀ ਮੇਰਾ, ਸਮੇਂ-ਸਾਗਰ ਦੇ ਰੇਤਲੇ ਤਟ ਤੋਂ,


ਨਕਸ਼ ਓਸਦੀ ਹਸਤੀ ਵਾਲਾ, ਪੂੰਝ ਕੇ ਰੱਖ ਦੂ,-
ਮਾਰ ਛੜੱਪਾ ਫਿਰ ਟੱਪ ਜਾਈਏ, ਆਉਂਦੇ ਅਸੀਂ ਭਵਿੱਖ ਨੂੰ।
ਐਪਰ ਅਜਿਹੇ ਮਾਮਲਿਆਂ ਵਿੱਚ, ਹਾਲੀਂ ਨਿਆਂ ਦਾ ਦਖਲ ਵੀ ਹੁੰਦੈ;
ਖੂਨਖਰਾਬੇ ਦੇ ਮਸ਼ਵਰੇ ਅਸੀਂ ਜੋ ਦਿੰਦੇ, ਪਲੇਗ ਵਾਂਗ ਉਹ ਮੁੜ ਆ ਪੈਂਦੇ
ਸਾਡੇ ਹੀ ਸਿਰ: ਭਰਿਆ ਜ਼ਹਿਰ ਪਿਆਲਾ ਸਾਡਾ, ਸਾਡੇ ਹੀ ਮੂੰਹ ਨੂੰ ਮੁੜ ਆ ਲਗਦਾ,
'ਜੋ ਬੀਜੋ ਸੋ ਵੱਢੋ' ਵਾਲਾ, 'ਨਿਆਂ ਸਮਪੱਖੀ' ਨਿਆਂ ਹੀ ਕਰਦਾ-।
ਦੋਹਰਾ ਹੈ ਵਿਸ਼ਵਾਸ ਓਸ ਨੂੰ, ਤਾਂਹੀਂ ਆਇਐ ਏਥੇ:-
ਪਹਿਲਾ ਮੈਂ ਕੁਟੰਬੀ ਉਹਦਾ, ਫਿਰ ਮੈਂ ਉਹਦੀ ਰੱਈਅਤ;
ਤੱਗੜੇ ਬੜੇ ਨੇ ਕਾਰਨ ਦੋਵੇਂ, ਇਸ ਕਾਰੇ ਨੂੰ ਰੋਕਣ ਖਾਤਰ:
ਤੇ ਫਿਰ ਮੇਜ਼ਬਾਨ ਹੋ ਉਹਦਾ, ਕਾਤਲ ਨੂੰ ਨਾਂ ਵਾੜਾਂ ਅੰਦਰ,
ਨਾਂ ਹੀ ਖੰਜਰ ਖੁਦ ਉਠਾਕੇ, ਭੰਗ ਭਰੋਸਾ ਕਰਾਂ ਓਸਦਾ-।
ਨਾਲੇ ਡੰਕਨ ਨੇ ਕੁੱਝ ਏਦਾਂ, ਨਿਮਰਤਾ ਸਹਿਤ ਨਿਭਾਈ ਹਕੂਮਤ
ਤਖਤ-ਤਾਜ, ਦਰਬਾਰ ਨੂੰ ਆਪਣੇ, ਲੀਕ ਕਦੇ ਨਹੀਂ ਲਾਈ;
ਗੁਣ, ਵਸਫ ਸਭ ਫਰਿਸ਼ਤੇ ਉਹਦੇ, ਵਿੱਚ ਦਰਗਾਹੇ ਕਰਨ ਵਕਾਲਤ,
ਅਸਰ ਭਰਪੂਰ ਦਲੀਲਾਂ ਅੰਦਰ, ਸਾਜ਼-ਨਫੀਰੀ-ਲੱਜ਼ਤ ਹੋਣੀ:-
ਡੰਕਨ ਨੇਕ ਨੂੰ ਹਸ਼ਰ ਦੇ ਵੇਲ਼ੇ, ਦੋਜ਼ਖ ਉਹਨਾਂ ਜਾਣ ਨਹੀਂ ਦੇਣਾ:
ਨਵ-ਜੰਮਾ, ਨੰਗਾ ਬਾਲ-ਗੋਪਾਲ 'ਤਰਸ' ਜੋ ਆਪਣਾ ਨਾਂਅ ਧਰਾਵੇ,
ਬੇਮੁਹਾਰ ਤੂਫਾਨਾਂ ਸਿਰ ਜੋ ਚੜ੍ਹਿਆ ਆਵੇ,
ਜਾਂ ਨੰਨ੍ਹਾ, ਮਾਸੂਮ ਫਰਿਸ਼ਤਾ, ਮੂੰਹ ਗੋਭਲਾ, ਮੋਹਣੀ ਮੂਰਤ,
ਬੇਲਗਾਮ ਪਵਨ-ਅਸ਼ਵ ਦੀ ਕਰੇ ਸਵਾਰੀ,
ਬੁੱਲ੍ਹਿਆਂ ਦੇ ਅਦ੍ਰਿਸ਼ ਹਰਕਾਰੇ, ਬੇਮੁਹਾਰ, ਬੇਸ਼ੁਮਾਰ ਅੱਗੇ ਲਾਈਂ ਆਵੇ:-
ਖੇਹ ਕੌੜੀ ਉਸ 'ਦੁਰ- ਕਾਰੇ ਵਾਲੀ, ਮੈਂ ਜੋ ਕਰਨਾ, ਬੁਲ੍ਹਿਆਂ ਸੰਗ ਉਡਾਵੇ,-
ਜਨ-ਅੱਖਾਂ ਵਿੱਚ ਐਸੀ ਪਾਵੇ, ਕੁੱਲ ਦੁਨੀ ਕੁਰਲਾਈਂ ਜਾਵੇ:
ਵਾਯੂ ਦੇਵ ਨੂੰ ਹੜ੍ਹ ਹੰਝੂਆਂ ਦਾ ਡੂੰਘੀ ਖਾਈ ਜਾ ਡੁਬਾਵੇ।-
ਮਨਸ਼ਾ-ਅਸ਼ਵ ਸਵਾਰੀ ਕਰਦਾਂ, ਪਰ ਲੋਹ-ਅੱਡੀ ਨਹੀਂ ਰਕਾਬੇ,
ਕੀ ਚੋਭਾਂ ਹੁਣ ਇਹਦੀ ਵੱਖੀ, ਪੰਖ ਏਸ ਨੂੰ ਕਿੱਦਾਂ ਲਾਵਾਂ!
ਅਕਾਂਖਿਆ ਤਾਂ ਕਠ-ਘੋੜੀ
ਉਤੇ ਬੜਕੀ ਜਾਂਦੀ,ਟੱਪ ਖਲੋਣ ਨੂੰ ਫਿਰਦੀ ਉੱਤੋਂ,
ਪਰ ਇਸ ਡਿੱਗਣਾ ਅਗਲੇ ਪਾਸੇ, ਧੌਣ ਭਨਾਉਣੀ ਭੋਂਏਂ ਪੈ ਕੇ।
{ਪ੍ਰਵੇਸ਼ ਲੇਡੀ ਮੈਕਬੈਥ}

ਕੀ ਏ ਹੁਣ ! ਖਬਰ ਏ ਕੋਈ?
ਲੇਡੀ ਮੈਕਬੈਥ:ਭੋਜਨ ਲਗ ਭਗ ਕਰ ਲਿਐ ਉਹਨੇ।
ਤੁਸੀਂ ਭਲਾ ਕਿਉਂ ਬਾਹਰ ਆਏ ?


ਮੈਕਬੈਥ:ਕੀ ਉਸ ਪੁੱਛਿਐ ਮੇਰੇ ਬਾਰੇ ?
ਲੇਡੀ ਮੈਕਬੈਥ:ਪਤਾ ਨਹੀਂ ਤੁਹਾਨੂੰ ?
ਮੈਕਬੈਥ:ਹੁਣ ਨਹੀਂ ਅਸੀਂ ਇਹ 'ਕਾਰਾ' ਕਰਨਾ:
ਹਾਲੀਂ ਹੁਣੇ ਤਾਂ ਸ਼ਾਹ ਸਨਮਾਨਿਐ ਮੈਨੂੰ;
ਸੋਨ ਸੁਨਿਹਰੀ ਸ਼ਬਦਾਂ ਦੇ ਵਿੱਚ, ਹਰ ਤਬਕੇ ਦੇ ਲੋਕਾਂ ਅੰਦਰ,
ਮਿਲੀਆਂ ਨੇ ਵਡਿਆਈਆਂ ਮੈਨੂੰ;
ਨਵੀਂ ਨਵੇਲੀ ਲਿਸ਼ਕ-ਪੁਸ਼ਕ ਇਹ ਕਿਉਂ ਨਾਂ ਸੀਸ ਸਜਾਵਾਂ ਅਪਣੇ,
ਏਡੀ ਛੇਤੀ ਦੱਸ ਭਲਾ ਕਿਉਂ ਇਹਨੂੰ ਮੁਫਤ ਗੁਆਵਾਂ ?
ਲੇਡੀ ਮੈਕਬੈਥ:ਕੀ ਉਹ 'ਆਸ' ਸ਼ਰਾਬੀ ਹੈਸੀ, ਰੂਪ ਧਾਰ ਸੀ ਜੀਹਦਾ ਤੁਰਿਆ ?
ਮਸਤ, ਮਖਮੂਰ, ਸੌਦਾਈ ਹੈਸੀ, ਜਦ ਇਹ ਫੁਰਨਾ ਫੁਰਿਆ?
ਹਾਲਮਸਤ ਹੁਣ ਟੁੰਨ ਪਈ ਹੈ, ਜੱਗ ਜਹਾਨੇ ਹੋਸ਼ ਨਹੀਂ ਹੈ?
ਹੁਣ ਜਦ ਆ ਜਗਾਵਣ ਲੱਗਾ, ਕਿੰਨੀ ਇਹ ਅਣਜਾਣ ਬਣੀ ਹੈ,
ਪੀਲ਼ੀ ਭੂਕ ਡਰੀ ਡਰੀ ਹੈ, ਭੂਤ ਦੇ ਦ੍ਰਿੜ੍ਹ ਇਰਾਦਿਆਂ ਕੋਲੋਂ?
ਇਹ ਪਲ ਕੇਹਾ ਆਇਆ ਵੇਖੋ, ਮੋਹ ਤੇਰੇ ਦਾ ਲੇਖਾ ਜਦ ਮੈਂ ਏਦਾਂ ਕਰਦੀ!
ਆਪਣੇ 'ਕਾਜ, ਦਲੇਰੀ' ਕੋਲੋਂ, ਇੱਛਾ ਜੀਹਦੀ ਦਿਲ ਵਿੱਚ ਪਲ਼ਦੀ,
ਹੁਣ ਤੈਨੂੰ ਕੀ ਭੈ ਆਉਂਦਾ ਹੈ?
ਮੁਲੰਮੇ ਵਾਲੀ ਲਿਸ਼ਕ ਪੁਸ਼ਕ ਨੂੰ, ਜੋ ਜੀਵਨ ਦਾ ਗਹਿਣਾ ਸਮਝੇਂ
ਮਾਨਣ ਨੂੰ ਤਰਜੀਹ ਦੇਵੇਂਗਾ, ਆਪਣੀ ਨਜ਼ਰੇ ਗਿਰ ਜਾਵੇਂ ਗਾ,
ਕਾਇਰਤਾ ਨੂੰ ਗਲ਼ ਲਾਵੇਂਗਾ?
'ਮੈਂ ਕਰੂੰਗਾ' ਕਹਿਣ ਦੀ ਥਾਵੇਂ, 'ਜਿਗਰਾ ਨਹੀਂ' ਕਹਿ ਨੱਸੇਂਗਾ,-
ਬੇਚਾਰੀ ਉਸ ਬਿੱਲੀ ਵਾਲੀ ਲੋਕ-ਕਹਾਵਤ ਸੱਚ ਕਰੇਂਗਾ-?
ਮੈਕਬੈਥ:ਸ਼ਾਂਤ ਹੋ , ਗੁਜਾਰਿਸ਼ ਮੇਰੀ:ਸਭ ਕੁਝ ਕਰਨ ਦਾ ਜੇਰਾ ਹੈਸੀ,
ਜੋ ਮਰਦਾਂ ਨੂੰ ਸੁੰਹਦਾ;
ਕੋਈ ਨਹੀਂ ਹੈ ਦੁਨੀ 'ਚ ਐਸਾ, ਏਦੂੰ ਵੱਧ ਜੋ ਜੁਰਅਤ ਕਰਦਾ।
ਲੇਡੀ ਮੈਕਬੈਥ:ਕੌਣ ਦਰਿੰਦਾ ਹੈ ਸੀ ਫਿਰ ਉਹ, ਜੀਹਨੇ ਤੈਥੋਂ ਮੇਰੇ ਅੱਗੇ
ਇਸ ਕਾਰੇ ਦੇ ਪਰਯੋਜਨ ਦੀ, ਏਡੀ ਭਿਅੰਕਰ ਗੱਲ ਕਰਾਈ?
ਜੁਰਅਤ ਐਸੀ ਕਰ ਕੇ ਹੀ ਤੂੰ 'ਮਰਦ' ਕਹੌਣੈ;
ਐਪਰ 'ਮਰਦ' ਬਣਨ ਲਈ ਤੈਨੂੰ, ਬੰਦਿਓਂ ਵੱਧ ਕੁੱਝ ਬਣਨਾ ਪੈਣੈ।
ਥਾਂ, ਸਮਾਂ ਅਨਕੂਲ ਨਹੀਂ ਸਨ, ਫਿਰ ਵੀ ਤੂੰ ਤਜਵੀਜ਼ ਬਣਾਈ;
ਦੋਵੇਂ ਜਦ ਅਨਕੂਲ ਹੋਏ ਨੇ, ਫੂਕ ਆਪਣੀ ਤੂੰ ਸਰਕਾਈ-।
ਕਿੰਨਾ ਸੂਖਮ ਮਜ਼ਾ ਰਸੀਲਾ! ਬਾਲ ਮਾਸੂਮ ਜੇ ਚੁੰਘੇ ਮੈਨੂੰ,
ਮੁਸਕਾਵੇ ਮੇਰੇ ਨੈਣੀਂ ਤੱਕੇ, ਮਸਤ ਮਾਤ੍ਰੀ ਪ੍ਰੇਮ ਹੰਢਾਵੇ,
ਮਾਰੇ ਢੁੱਡਾਂ, ਕਰੇ ਤ੍ਰਿਪਤੀ, ਪਰਮ ਆਨੰਦ ਮੇਰੀ ਰੂਹ ਨੂੰ ਆਵੇ:
ਪਰ ਕਿਧਰੇ ਜੇ ਬਣਦੈਂ ਮੌਕਾ, ਸੌਂਹ ਚੁੱਕਾਂ ਜੇ ਤੇਰੇ ਵਾਂਗੂੰ,


ਨੋਚਾਂ ਚੂਚੀ ਬੋੜੇ ਮੂੰਹੋਂ, ਧੋਬੀ ਵਾਂਗ ਪੱਥਰ ਤੇ ਮਾਰਾਂ ;
ਰੇਸ਼ਾ ਰੇਸ਼ਾ ਮਗ਼ਜ਼ ਓਸਦਾ ਰੇਤ ਖਿੰਡਾਵਾਂ,ਫਾੜ ਦਿਆਂ ਖਰਬੂਜ਼ੇ ਵਾਂਗੂੰ।
ਮੈਕਬੈਥ:ਪਰ ਜੇ ਸਫਲ ਨਾਂ ਹੋਏ ਆਪਾਂ?
ਲੇਡੀ ਮੈਕਬੈਥ:ਅਸਫਲ-!
'ਢਿੰਬਰੀ' ਕਸੇਂ ਜੇ ਹੌਂਸਲੇ ਵਾਲੀ, ਜਿਉਂ ਇੱਕਤਾਰੇ ਤੰਦ ਕੱਸੀ ਦੀ:
ਅਸਫਲ ਹੋਣ ਦਾ ਅਵਸਰ ਹੈ ਨਹੀਂ।
ਲੰਮੀ ਬੜੀ ਮੁਸਾਫਤ ਪਿੱਛੋਂ, ਥੱਕ ਹਾਰ ਉਸ ਢਹਿਣੈ ਮੰਜੀ,
ਮਿੱਠੜੀ ਨੀਂਦ ਨੇ ਗਾ ਗਾ ਲੋਰੀ, ਵਾਲੀਂ ਉਹਦੇ ਕਰਨੀ ਕੰਘੀ;
ਸੌਂ ਜਾਣਾ ਜਦ ਡੰਕਨ ਰਾਜੇ, ਸੰਤਰੀਆਂ ਨੂੰ ਟੁੰਨ ਮੈਂ ਕਰ ਦੂੰ,
ਪਹਿਲੇ ਤੋੜ ਦੀ ਦਾਰੂ ਵਾਲੇ, ਖੁਸ਼ਬੂ ਵਾਲਾ ਅਰਕ ਮਿਲਾ ਕੇ,
ਜਾਮ ਜਸ਼ਨ ਦੇ ਭਰ ਭਰ ਦੇਣੇ, ਸਿੱਟੀ-ਵਿੱਟੀ ਮੈਂ ਗੁੰਮ ਕਰ ਦੂੰ;
ਚੇਤਾ ਉਡ ਜੂ ਪੰਖ ਲਗਾਕੇ, ਮੱਥੀਂ ਧੂੰਆ ਭਰ ਜੂ,
ਤਰਕ, ਦਲੀਲ, ਸਮਝ, ਤਮੀਜ਼, ਦਾਰੂ-ਭੱਠੀ ਭੱਖਦੀ ਪੈ ਜੂ :
ਸੂਕਰ-ਨੀਂਦ ਜਦ ਸੌਂ ਗੇ ਪੇਟੂ, ਗੜੁੱਚ ਦਾਰੂ ਵਿੱਚ ਹੋ ਕੇ,
ਮੁਰਦਿਆਂ ਵਾਂਗੂ ਲਿਟੇ ਰਹਿਣਗੇ, ਐਸੀ ਮਾੜੀ ਹਾਲਤ ਹੋ ਜੂ;
ਅੰਗ-ਰੱਖਿਅਕ ਨਹੀਂ ਹੋਣਾ ਕੋਈ, ਡੰਕਨ ਰਾਜਾ ਨੰਗਾ ਹੋ ਜੂ;
ਕੀ ਫਿਰ ਆਪਾਂ ਕਰ ਨਹੀਂ ਸਕਦੇ, ਇੱਕ ਦੂਜੇ ਸੰਗ ਮਿਲ ਕੇ?
ਮਹਾਂ ਦੋਸ਼ ਏਸ ਕਤਲ ਦਾ, ਸਿਰ ਨਸ਼ੱਈਆਂ ਮੜ੍ਹ ਨਹੀਂ ਸਕਦੇ?
ਮੈਕਬੈਥ:ਮਰਦ-ਬੱਚੇ ਹੀ ਪੈਦਾ ਕਰਨੇ ਅੱਗੇ ਲਈ ਵੀ ਤੂੰ,
ਲੋਹ-ਅੰਸ਼ ਹੈ ਨਿਡਰ ਮਿੱਟੀ, ਨਰ ਉਪਜਾਵਣ ਵਾਲੀ ਤੇਰੀ!
ਰੰਗ ਦੱਈਏ ਜੇ 'ਸੁੱਤਿਆਂ' ਤਾਈਂ, ਡੰਕਨ ਸ਼ਾਹ ਦੇ ਲਹੂ 'ਚ ਆਪਾਂ,
ਸ਼ਾਹੀ ਆਰਾਮ-ਗਾਹ ਅੰਦਰ ਹੀ , ਏਨ੍ਹਾਂ ਦੇ ਹੀ ਵਰਤ ਕੇ ਖੰਜਰ,
ਗਲ਼ ਡੰਕਨ ਦਾ ਵੱਢ ਦੱਈਏ ਜੇ, ਕਰੀਏ ਕੰਮ ਤਮਾਮ ਜੇ ਆਪਾਂ;
ਮੰਨੂ ਨਹੀਂ ਕੀ ਦੁਨੀਆ ਸਾਰੀ, ਅੰਗ-ਰਕਸ਼ਕਾਂ ਕੀਤਾ ਕਾਰਾ?
ਲੇਡੀ ਮੈਕਬੈਥ:ਹਿੰਮਤ ਕੌਣ ਕਰੂ ਕੁੱਝ ਹੋਰ ਕਹਿਣ ਦੀ,
ਕੋਠੇ ਚੜ੍ਹ ਜਦ ਆਪਾਂ ਪਿੱਟਣੈ, ਕੁਹਰਾਮ ਮਚਾਉਣੈ,
ਮਰਗ ਦਾ ਉਹਦੀ ਮਾਤਮ ਕਰਨੈ, ਰੌਲਾ ਪਾਉਣੈ?
ਮੈਕਬੈਥ:ਮਨ ਮੇਰਾ ਹੁਣ ਪੱਕਾ ਬਣਿਐ, ਦੇਹ-ਧਨੁਖ ਦਾ ਚਿੱਲਾ ਚੜ੍ਹਿਐ,
ਹਰ ਅੰਗ ਪੂਰਾ ਤਣਿਐ ਮੇਰਾ, ਏਸ ਭਿਅੰਕਰ ਕਾਰੇ ਦਾ ਜਿਸ ਕਾਰਕ ਬਣਨੈ।
ਚਲ ਏਥੋਂ ਹੁਣ ਪਹਿਨ ਮਖੌਟਾ, ਖਿੱਲੀ ਸਮੇਂ ਦੀ ਜਾਹ ਉਡਾ,
ਐਸਾ ਸੁੰਦਰ ਕਰ ਵਖਾਵਾ, ਸਮੇਂ ਦੇ ਅੱਖੀਂ ਘੱਟਾ ਪਾ:
ਏੇਸ ਮਖੌਟੇ ਸਭ ਲੁਕ ਜਾਣਾ, ਦਿਲ ਅੰਦਰ ਜੋ ਫਰੇਬ, ਦਗ਼ਾ।
{ਪ੍ਰਸਥਾਨ}