ਮੁਕੱਦਮਾ/ਤੀਜਾ ਭਾਗ
ਤੀਜਾ ਭਾਗ
ਖ਼ਾਲੀ ਪੁੱਛਗਿੱਛ ਕਮਰੇ ਵਿੱਚ- ਵਿਦਿਆਰਥੀ ਕਚਹਿਰੀ ਦੇ ਦਫ਼ਤਰ
ਅਗਲੇ ਪੂਰੇ ਹਫ਼ਤੇ, ਹਰ ਰੋਜ਼ ਕੇ. ਤਾਜ਼ਾ ਸੁਨੇਹੇ ਦੀ ਉਡੀਕ ਕਰਦਾ ਰਿਹਾ। ਉਸਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਸਾਰੀ ਸੁਣਵਾਈ ਦਾ ਜਿਸ ਤਰ੍ਹਾਂ ਉਸਨੇ ਬਾਈਕਾਟ ਕੀਤਾ ਸੀ, ਉਸਨੂੰ ਸੰਜੀਦਗੀ ਨਾਲ ਲਿਆ ਗਿਆ ਹੋਵੇ। ਇਸ ਤਰ੍ਹਾਂ ਸ਼ਨੀਵਾਰ ਸ਼ਾਮ ਤੱਕ ਉਡੀਕ ਕਰਦੇ ਰਹਿਣ ਤੱਕ ਵੀ ਸੁਨੇਹਾ ਨਹੀਂ ਆਇਆ ਤਾਂ ਉਸਨੇ ਕਲਪਨਾ ਕਰ ਲਈ ਕਿ ਕਿਸੇ ਹੋਰ ਤਰੀਕੇ ਨਾਲ ਉਸਨੂੰ ਉਸੇ ਘਰ ਵਿੱਚ ਸੁਣਵਾਈ ਲਈ ਹਾਜ਼ਰ ਹੋਣਾ ਪਵੇਗਾ। ਇਸ ਲਈ ਐਤਵਾਰ ਨੂੰ ਉਹ ਉੱਥੇ ਚਲਾ ਗਿਆ ਅਤੇ ਇਸ ਵਾਰ ਗ਼ਲੀਆਂ ਨੂੰ ਲੰਘਦਾ ਸਿੱਧਾ ਪੌੜੀਆਂ ਚੜ੍ਹ ਕੇ ਉੱਪਰ ਜਾ ਪਹੁੰਚਿਆ। ਜਿਹੜੇ ਕੁੱਝ ਲੋਕ ਉਸਨੂੰ ਯਾਦ ਕਰਦੇ ਸਨ, ਉਹਨਾਂ ਨੇ ਬੂਹੇ 'ਤੇ ਉਸਦਾ ਸਵਾਗਤ ਕੀਤਾ, ਪਰ ਇਸ ਵਾਰ ਉਸਨੂੰ ਕਿਸੇ ਤੋਂ ਰਸਤਾ ਪੁੱਛਣ ਦੀ ਲੋੜ ਹੀ ਨਹੀਂ ਸੀ ਅਤੇ ਬਿਨ੍ਹਾਂ ਦੇਰੀ ਕੀਤੇ ਉਹ ਸਹੀ ਬੂਹੇ 'ਤੇ ਜਾ ਪੁੱਜਾ। ਖਟਖਟਾਉਂਦਿਆਂ ਹੀ ਬੂਹੇ ਖੁੱਲ੍ਹ ਗਏ। ਬੂਹੇ ਉੱਤੇ ਜਿਹੜੀ ਔਰਤ ਸੀ ਅਤੇ ਜਿਸ ਨਾਲ ਉਹ ਪਹਿਲਾਂ ਵੀ ਮਿਲ ਚੁੱਕਾ ਸੀ, ਉਸ ਉੱਤੇ ਨਜ਼ਰ ਸੁੱਟਣ ਤੋਂ ਬਗੈਰ ਉਹ ਸਿੱਧਾ ਅਗਲੇ ਕਮਰੇ ਵਿੱਚ ਪਹੁੰਚ ਗਿਆ।
"ਅੱਜ ਸੁਣਵਾਈ ਨਹੀਂ ਹੋਵੇਗੀ। ਔਰਤ ਨੇ ਕਿਹਾ।
"ਕੀ ਮਤਲਬ ਸੁਣਵਾਈ ਨਹੀਂ ਹੋਵੇਗੀ?" ਬੇਯਕੀਨੀ ਜਿਹੀ ਨਾਲ ਉਸਨੇ ਪੁੱਛਿਆ। ਪਰ ਉਸ ਔਰਤ ਨੇ ਅਗਲੇ ਕਮਰੇ ਦਾ ਬੂਹਾ ਖੋਲ੍ਹ ਕੇ ਉਸਨੂੰ ਸਤੁੰਸ਼ਟ ਕਰ ਦਿੱਤਾ। ਇਹ ਕਮਰਾ ਸਚਮੁੱਚ ਖ਼ਾਲੀ ਸੀ ਅਤੇ ਪਿਛਲੇ ਐਤਵਾਰ ਦੇ ਮੁਕਾਬਲੇ ਵਿੱਚ ਇਸਦਾ ਖ਼ਾਲੀਪਨ ਅੱਜ ਕੁੱਝ ਵਧੇਰੇ ਬਦਕਿਸਮਤ ਜਿਹਾ ਲੱਗ ਰਿਹਾ ਸੀ। ਮੰਚ ਦੀ ਅਡੋਲ ਪਏ ਮੇਜ਼ 'ਤੇ ਕੁੱਝ ਕਿਤਾਬਾਂ ਮਰੀਆਂ ਜਿਹੀਆਂ ਪਈਆਂ ਸਨ।
"ਕੀ ਇਹਨਾਂ ਕਿਤਾਬਾਂ 'ਤੇ ਮੈਂ ਇੱਕ ਨਜ਼ਰ ਪਾ ਸਕਦਾ ਹਾਂ?" ਕੇ. ਨੇ ਪੁੱਛਿਆ। ਇਹ ਸਭ ਕਿਸੇ ਖ਼ਾਸ ਉਤਸੁਕਤਾ ਨਾਲ ਨਹੀਂ ਹੋਇਆ ਸੀ। ਪਰ ਸਿਰਫ਼ ਇਸ ਲਈ ਕਿ ਉਹ ਇੰਨਾ ਲੰਮਾ ਰਸਤਾ ਤੈਅ ਕਰਕੇ ਬਗ਼ੈਰ ਗੱਲ ਤੋਂ ਹੀ ਇੱਥੇ ਚਲਾ ਆਇਆ ਸੀ।
"ਨਹੀ! ਔਰਤ ਨੇ ਬੂਹਾ ਬੰਦ ਕਰਦਿਆਂ ਕਿਹਾ- "ਇਸਦੀ ਇਜਾਜ਼ਤ ਨਹੀਂ ਹੈ। ਇਹ ਜਾਂਚ ਮੈਜਿਸਟਰੇਟ ਦੀਆਂ ਕਿਤਾਬਾਂ ਹਨ।"
"ਓਹ! ਮੈਂ ਜਾਣਦਾ ਹਾਂ," ਕੇ. ਨੇ ਕਿਹਾ ਅਤੇ ਸਿਰ ਹਿਲਾ ਦਿੱਤਾ- "ਜ਼ਰੂਰ ਹੀ ਇਹ ਕਾਨੂੰਨ ਦੀਆਂ ਕਿਤਾਬਾਂ ਹੋਣਗੀਆਂ ਅਤੇ ਅਜਿਹੀ ਨਿਆਂ ਪ੍ਰਕਿਰਿਆ ਦੀ ਇਹ ਲੋੜ ਹੈ ਕਿ ਜਦੋਂ ਕਿਸੇ ਨੂੰ ਸਜ਼ਾਯਾਫ਼ਤਾ ਘੋਸ਼ਿਤ ਕੀਤਾ ਜਾਣਾ ਹੋਵੇ ਤਾਂ ਉਸਦਾ ਅਣਭਿੱਜ ਅਤੇ ਬੇਕਸੂਰ ਹੋਣਾ ਜ਼ਰੂਰੀ ਹੈ।
"ਹਾਂ, ਇਹ ਜ਼ਰੂਰੀ ਹੈ, "ਔਰਤ ਨੇ ਕਿਹਾ, ਜਿਹੜੀ ਉਸਦਾ ਮਤਲਬ ਠੀਕ ਤਰ੍ਹਾਂ ਸਮਝ ਨਹੀਂ ਸਕੀ ਸੀ।
"ਤਾਂ ਇਸ ਹਾਲਤ ਵਿੱਚ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ।" ਕੇ. ਬੋਲਿਆ।
"ਕੀ ਮੈਨੂੰ ਜਾਂਚ ਮੈਜਿਸਟਰੇਟ ਨੂੰ ਕੋਈ ਸੁਨੇਹਾ ਦੇਣਾ ਪਵੇਗਾ?" ਔਰਤ ਨੇ ਪੁੱਛਿਆ।
"ਕੀ ਤੂੰ ਉਸਨੂੰ ਜਾਣਦੀ ਏਂ?" ਕੇ. ਨੇ ਕਿਹਾ।
"ਹਾਂ ਬਿਲਕੁਲ, ਮੇਰਾ ਪਤੀ ਕਚਹਿਰੀ ਵਿੱਚ ਅਰਦਲੀ ਹੈ।"
ਕੇ. ਨੇ ਹੁਣ ਤੱਕ ਇਹ ਮਹਿਸੂਸ ਨਹੀਂ ਕੀਤਾ ਸੀ, ਕਿ ਉਹ ਕਮਰਾ ਜਿਸ ਵਿੱਚ ਕੁੱਝ ਦੇਰ ਪਹਿਲਾਂ ਇੱਕ ਹੱਥ-ਮੂੰਹ ਧੋਣ ਵਾਲੀ ਚਿਲਮਚੀ ਦੇ ਬਿਨ੍ਹਾਂ ਕੁੱਝ ਨਹੀਂ ਸੀ, ਹੁਣ ਪੂਰੀ ਤਰ੍ਹਾਂ ਇੱਕ ਰਹਿਣ ਵਾਲੇ ਕਮਰੇ ਵਾਂਗ ਸਜਿਆ ਹੋਇਆ ਸੀ। ਔਰਤ ਨੇ ਉਸਦੀ ਇਸ ਹੈਰਾਨਗੀ ਨੂੰ ਪਛਾਣ ਕੇ ਕਿਹਾ, "ਹਾਂ, ਸਾਡੀ ਇੱਥੇ ਮੁਫ਼ਤ ਰਹਿਣ ਦੀ ਵਿਵਸਥਾ ਹੈ, ਪਰ ਜਿਸ ਦਿਨ ਕਚਹਿਰੀ ਲੱਗਣੀ ਹੁੰਦੀ ਹੈ ਤਾਂ ਸਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਕਮਰੇ ਤੋਂ ਬਾਹਰ ਕਰ ਦੇਣੀਆਂ ਪੈਂਦੀਆਂ ਹਨ। ਮੇਰੇ ਪਤੀ ਦੀ ਨੌਕਰੀ ਵਿੱਚ ਕੁੱਝ ਔਖ ਵੀ ਹੈ।
"ਮੇਰੀ ਹੈਰਾਨੀ ਕਮਰੇ ਦੇ ਕਾਰਨ ਨਹੀਂ ਹੈ।" ਕੇ. ਨੇ ਕਿਹਾ ਅਤੇ ਗੁੱਸੇ ਨਾਲ ਉਸਦੇ ਵੱਲ ਝਾਕਿਆ- "ਇਸ ਦੇ ਬਜਾਏ ਇਹ ਤੱਥ ਜਾਣਕੇ ਕਿ ਤੂੰ ਸ਼ਾਦੀਸ਼ੁਦਾ ਏਂ।"
"ਸ਼ਾਇਦ ਤੂੰ ਪਿਛਲੀ ਸੁਣਵਾਈ ਦੇ ਦੌਰਾਨ ਹੋਈ ਉਸ ਘਟਨਾ ਵੱਲ ਮੇਰਾ ਧਿਆਨ ਖਿੱਚ ਰਿਹਾ ਏਂ, ਜਦ ਤੇਰੇ ਭਾਸ਼ਣ ਦੇ ਵਿੱਚ ਮੈਂ ਵਿਘਨ ਪਾਇਆ ਸੀ?" ਔਰਤ ਨੇ ਪੁੱਛਿਆ।
"ਹਾਂ।" ਕੇ. ਨੇ ਕਿਹਾ, "ਹੁਣ ਉਹ ਸਭ ਖ਼ਤਮ ਹੋ ਚੁੱਕਾ ਹੈ ਅਤੇ ਮੈਂ ਭੁੱਲ ਚੁੱਕਾ ਹਾਂ, ਪਰ ਉਦੋਂ ਉਸਨੇ ਮੈਨੂੰ ਇੱਕ ਦਮ ਬਹੁਤ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਤੂੰ ਮੈਨੂੰ ਆਪ ਕਹਿ ਰਹੀ ਏਂ ਕਿ ਤੂੰ ਵਿਆਹੀ ਹੋਈ ਏਂ।"
"ਉਸ ਭਾਸ਼ਣ ਵਿੱਚ ਵਿਘਨ ਪਾਉਣ ਨਾਲ ਤੇਰਾ ਨੁਕਸਾਨ ਨਹੀਂ ਹੋਇਆ ਸੀ। ਪੱਕਾ ਹੀ ਲੋਕਾਂ ਨੇ ਇਸ ਬਾਰੇ 'ਚ ਬਹੁਤਾ ਸੋਚਿਆ ਨਹੀਂ ਸੀ।"
"ਸ਼ਾਇਦ ਨਹੀਂ।" ਕੇ. ਨੇ ਇਸ ਵਿਸ਼ੇ ਤੋਂ ਹਟਦੇ ਹੋਏ ਕਿਹਾ,"ਪਰ ਤੇਰੇ ਲਈ ਇਹ ਕੋਈ ਬਹਾਨਾ ਨਹੀਂ ਹੈ।"
"ਜੋ ਕੋਈ ਵੀ ਮੈਨੂੰ ਜਾਣਦਾ ਹੈ, ਉਸਨੂੰ ਇਹ ਸਿਰਫ਼ ਬਹਾਨਾ ਲੱਗਦਾ ਹੈ। ਉਦੋਂ ਤੂੰ ਜਿਸ ਆਦਮੀ ਨੂੰ ਮੇਰਾ ਅਲਿੰਗਨ ਕਰਦੇ ਹੋਏ ਵੇਖਿਆ ਸੀ, ਉਹ ਤਾਂ ਯੁਗਾਂ ਤੋਂ ਮੈਨੂੰ ਦੁੱਖ ਦੇ ਰਿਹਾ ਹੈ। ਬਹੁਤ ਸਾਰੇ ਲੋਕਾਂ ਲਈ ਮੈਂ ਸੋਹਣੀ ਨਾ ਹੋਵਾਂ ਪਰ ਉਸਦੇ ਲਈ ਹਾਂ। ਉਸਨੂੰ ਰੋਕਣ ਲਈ ਮੇਰੇ ਕੋਲ ਕੁੱਝ ਨਹੀਂ ਹੈ। ਇੱਥੋਂ ਤੱਕ ਕਿ ਮੇਰੇ ਪਤੀ ਨੇ ਵੀ ਹੁਣ ਇਸ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ। ਜੇ ਉਸਨੇ ਆਪਣੀ ਇਸ ਨੌਕਰੀ ਨੂੰ ਬਰਕਰਾਰ ਰੱਖਣਾ ਹੈ ਤਾਂ ਉਸਨੂੰ ਇਹ ਸਭ ਮੰਨਦੇ ਰਹਿਣਾ ਪਵੇਗਾ, ਕਿਉਂਕਿ ਉਹ ਆਦਮੀ ਅਜੇ ਤੱਕ ਇੱਕ ਵਿਦਿਆਰਥੀ ਹੈ ਅਤੇ ਇਸ ਤਰ੍ਹਾਂ ਉਸਦੇ ਤਾਕਤਵਰ ਹੋਣ ਦੀ ਉਮੀਦ ਹੈ। ਉਹ ਹਮੇਸ਼ਾ ਮੇਰੇ ਪਿੱਛੇ ਲੱਗਿਆ ਰਹਿੰਦਾ ਹੈ। ਹੁਣੇ ਤੇਰੇ ਆਉਣ ਤੱਕ ਉਹ ਇੱਥੇ ਹੀ ਸੀ।"
"ਇਹ ਸਭ ਪੁਰਾਣੀਆਂ ਗੱਲਾਂ ਹਨ, ਇਸ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ।" ਕੇ. ਨੇ ਕਿਹਾ।
"ਤੂੰ ਇੱਥੋਂ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਚਾਹੁੰਦਾ ਏਂ?" ਔਰਤ ਨੇ ਹੌਲੀ ਅਤੇ ਧਿਆਨ ਨਾਲ ਪੁੱਛਿਆ, ਜਿਵੇਂ ਉਹ ਆਪਣੇ ਲਈ ਅਤੇ ਕੇ. ਦੇ ਲਈ ਕੁੱਝ ਖ਼ਤਰਨਾਕ ਕਹਿ ਰਹੀ ਹੋਵੇ- "ਇਹ ਅੰਦਾਜ਼ਾ ਮੈਂ ਤੇਰੇ ਉਸ ਭਾਸ਼ਣ ਤੋਂ ਲਾਇਆ ਸੀ, ਜਿਸਨੂੰ ਆਪਣੇ ਹਿਸਾਬ ਨਾਲ ਮੈਂ ਬਹੁਤ ਪਸੰਦ ਕੀਤਾ ਸੀ। ਭਾਵੇਂ ਮੈਂ ਉਸਦਾ ਇਕ ਹਿੱਸਾ ਹੀ ਸੁਣਿਆ ਸੀ। ਸ਼ੁਰੂ ’ਚ ਮੈਂ ਸੁਣ ਨਹੀਂ ਸਕੀ ਸੀ, ਅਤੇ ਅੰਤ ’ਚ ਮੈਂ ਉਸ ਵਿਦਿਆਰਥੀ ਨਾਲ ਫ਼ਰਸ਼ ’ਤੇ ਪਈ ਸੀ। ਇੱਥੇ ਤਾਂ ਸਭ ਕੁੱਝ ਕਿੰਨਾ ਭਿਆਨਕ ਹੈ।" ਕੇ. ਦਾ ਹੱਥ ਫੜ੍ਹਕੇ ਇੱਕ ਵਕਫ਼ੇ ਤੋਂ ਬਾਅਦ ਉਸਨੇ ਕਿਹਾ- "ਤੂੰ ਕੀ ਸੋਚਦਾ ਏਂ ਕਿ ਤੂੰ ਇਹਨਾਂ ਚੀਜ਼ਾਂ ਨੂੰ ਬਿਹਤਰ ਬਣਾ ਲਵੇਂਗਾ?" ਕੇ. ਮੁਸਕਾਇਆ ਅਤੇ ਉਸਦੀ ਨਰਮ ਉਂਗਲਾਂ 'ਚ ਆਪਣੇ ਹੱਥ ਨੂੰ ਹਲਕਾ ਜਿਹਾ ਘੁਮਾਇਆ। "ਸਚਮੁੱਚ ਇਹ ਮੇਰਾ ਕੰਮ ਨਹੀਂ ਹੈ, "ਉਸਨੇ ਕਿਹਾ, "ਕਿ ਚੀਜ਼ਾਂ ਨੂੰ ਬਿਹਤਰ ਬਣਾਇਆ ਜਾਵੇ, ਜਿਵੇਂ ਕਿ ਤੂੰ ਕਹਿ ਰਹੀ ਏਂ ਅਤੇ ਜੇ ਤੂੰ ਕੁੱਝ ਜਾਂਚ ਮੈਜਿਸਟਰੇਟ ਨੂੰ ਕਹਿ ਦੇਵੇਂ, ਉਦਾਹਰਨ ਦੇ ਲਈ, ਜਾਂ ਤਾਂ ਉਹ ਤੇਰੇ ਉੱਪਰ ਹੱਸ ਪਵੇਗਾ ਜਾਂ ਤੈਨੂੰ ਸਜ਼ਾ ਦਿਵਾਏਗਾ। ਦਰਅਸਲ ਮੈਂ ਆਪਣੀ ਮਰਜ਼ੀ ਨਾਲ ਇਹ ਦਖ਼ਲ ਦੇਣ ਬਾਰੇ ਸੋਚ ਵੀ ਨਹੀਂ ਸਕਦਾ ਸੀ, ਅਤੇ ਇੱਥੇ ਇਸ ਕਾਨੂੰਨੀ ਵਿਵਸਥਾ ਨੂੰ ਸੁਧਾਰਨ ਦੀ ਲੋੜ ਤੇ ਆਪਣੀ ਨੀਂਦ ਖਰਾਬ ਨਹੀਂ ਕਰਦਾ। ਕਿਉਂਕਿ ਹੁਣ ਮੈਨੂੰ ਗਿਰਫ਼ਤਾਰ ਕੀਤਾ ਜਾਣਾ ਹੈ, ਮੈਂ ਸਚਮੁੱਚ ਗਿਰਫ਼ਤਾਰ ਹੋ ਚੁੱਕਾ ਹਾਂ- ਤਾਂ ਸਮਝੋ ਇਹ ਮੇਰੀ ਜ਼ਿੰਮੇਵਾਰੀ ਹੋ ਗਈ ਹੈ, ਅਤੇ ਅਸਲ 'ਚ, ਇਹ ਮੇਰੇ ਹਿਤ ਲਈ ਜ਼ਰੂਰੀ ਹੈ। ਪਰ ਜੇ ਕਿਸੇ ਹੱਦ ਤੱਕ ਜਾਂ ਕਿਸੇ ਵੀ ਢੰਗ ਨਾਲ ਮੈਂ ਤੇਰੀ ਮਦਦ ਕਰ ਸਕਾਂ, ਤਾਂ ਕੁਦਰਤੀ ਤੌਰ 'ਤੇ ਮੈਨੂੰ ਅਜਿਹਾ ਕਰਨ ਵਿੱਚ ਖ਼ੁਸ਼ੀ ਹੋਵੇਗੀ। ਅਤੇ ਹਾਂ, ਇਹ ਕਿਸੇ ਦਿਆਲਤਾ ਦੇ ਕਾਰਨ ਨਾ ਹੋ ਕੇ ਇਸ ਲਈ ਹੋਵੇਗਾ ਕਿ ਤੂੰ ਵੀ ਮੇਰੀ ਮਦਦ ਕਰ ਸਕਦੀ ਏਂ।"
"ਮੈਂ ਇਹ ਸਭ ਕਿਵੇਂ ਕਰ ਸਕਦੀ ਹਾਂ?" ਔਰਤ ਨੇ ਪੁੱਛਿਆ।
"ਅੱਛਾ, ਜਿਵੇਂ ਜਾਂਚ ਮੈਜਿਸਟਰੇਟ ਦੀਆਂ ਕਿਤਾਬਾਂ ਮੈਨੂੰ ਵਿਖਾ ਕੇ, ਉਦਾਹਰਨ ਦੇ ਲਈ।"
"ਪਰ ਹਾਂ! ਔਰਤ ਚੀਕ ਪਈ ਅਤੇ ਉਸਨੂੰ ਆਪਣੇ ਪਿੱਛੇ ਛੇਤੀ ਨਾਲ ਖਿੱਚਣ ਲੱਗੀ। ਕਿਤਾਬਾਂ ਪੁਰਾਣੀਆਂ ਹੋਈਆਂ ਪਈਆਂ ਸਨ ਅਤੇ ਉਂਗਲਾਂ ਲੱਗਲੱਗ ਕੇ ਖਰਾਬ ਹੋਈਆਂ ਪਈਆਂ ਸਨ। ਉਹਨਾਂ ਵਿੱਚੋਂ ਇੱਕ ਦੀ ਜਿਲਦ ਵਿਚਾਲਿਓਂ ਦੋਫਾੜ ਹੋ ਗਈ ਸੀ ਅਤੇ ਦੋਵੇਂ ਹਿੱਸੇ ਧਾਗਿਆਂ ਨਾਲ ਇੱਕ-ਦੂਜੇ ਨਾਲ ਜੋੜੇ ਗਏ ਸਨ।
"ਇਸ ਜਗ੍ਹਾ 'ਤੇ ਹਰ ਚੀਜ਼ ਕਿੰਨੀ ਗੰਦੀ ਹੈ?" ਆਪਣਾ ਸਿਰ ਹਿਲਾਉਂਦੇ ਹੋਏ ਕੇ. ਨੇ ਕਿਹਾ, ਅਤੇ ਜਦੋਂ ਤੱਕ ਕੇ, ਉੱਥੇ ਪਹੁੰਚਦਾ ਔਰਤ ਨੇ ਆਪਣੇ ਐਪਰਨ ਦੇ ਨਾਲ ਕਿਤਾਬਾਂ ਤੋਂ ਧੂੜ ਸਾਫ਼ ਕਰ ਦਿੱਤੀ। ਕੇ. ਨੇ ਢੇਰ 'ਤੇ ਪਈ ਸਭ ਤੋਂ ਉੱਪਰਲੀ ਕਿਤਾਬ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਸਦੇ ਵਿੱਚ ਇੱਕ ਅਸ਼ਲੀਲ ਤਸਵੀਰ ਹੈ। ਇੱਕ ਆਦਮੀ ਅਤੇ ਔਰਤ ਨੰਗ-ਧੜੰਗ ਹੋ ਕੇ ਸੋਫ਼ੇ ਤੇ ਬੈਠੇ ਸਨ। ਕਲਾਕਾਰ ਦਾ ਇਰਾਦਾ ਬਿਲਕੁਲ ਸਪੱਸ਼ਟ ਸੀ ਪਰ ਉਸਦੀ ਕਲਾ ਇੰਨੀ ਕਮਜ਼ੋਰ ਸੀ ਕਿ ਤਸਵੀਰ ਤੋਂ ਕੁੱਝ ਖ਼ਾਸ ਨਹੀਂ ਉੱਭਰਦਾ ਸੀ, ਬਿਨ੍ਹਾਂ ਇਸਦੇ ਕਿ ਆਦਮੀ ਅਤੇ ਔਰਤ ਦੇ ਠੋਸ ਸਰੂਪ ਬੇਕਾਰ ਤਰੀਕੇ ਨਾਲ ਉੱਪਰ ਵੱਲ ਨੂੰ ਜੰਮੇ ਵਿਖਾਈ ਦਿੰਦੇ ਸਨ ਅਤੇ ਨਕਲੀ ਲੱਗਦੇ ਸਨ ਅਤੇ ਆਪਣੀ ਭੱਦੀ ਚਿਤਰਕਾਰੀ ਦੇ ਕਾਰਨ ਇੱਕ-ਦੂਜੇ ਦਾ ਸਾਹਮਣਾ ਕਰ ਸਕਣ ਦੇ ਕਾਬਿਲ ਨਹੀਂ ਲੱਗਦੇ ਸਨ। ਕੇ. ਨੇ ਇਸ ਪਿੱਛੋਂ ਉਸ ਕਿਤਾਬ ਦੇ ਅਗਲੇ ਪੰਨੇ ਵੀ ਪਲਟੇ, ਪਰ ਦੂਜੀ ਕਿਤਾਬ ਦੇ ਟਾਇਟਲ ਨੂੰ ਖੋਲ੍ਹ ਲਿਆ। ਇਹ ਇੱਕ ਨਾਵਲ ਸੀ- 'ਗ੍ਰੇਟੇ ਨੇ ਉਸਦੇ ਪਤੀ ਹੰਸ ਨੂੰ ਕਿਵੇਂ ਦੁੱਖ ਦਿੱਤੇ।'
"ਇਹੀ ਨੇ ਉਹ ਕਾਨੂੰਨ ਦੀਆਂ ਕਿਤਾਬਾਂ ਜਿਹੜੀਆਂ ਇੱਥੇ ਪੜ੍ਹੀਆਂ ਜਾਂਦੀਆਂ ਹਨ, "ਕੇ. ਨੇ ਕਿਹਾ, "ਅਤੇ ਇਹੀ ਉਹ ਲੋਕ ਹਨ ਜਿਹੜੇ ਮੈਨੂੰ ਨਿਆਂ ਦਿਵਾਉਣਗੇ?"
"ਮੈਂ ਤੇਰੀ ਮਦਦ ਕਰਾਂਗੀ, ਕੀ ਤੂੰ ਮੈਨੂੰ ਇਹ ਕਰਨ ਦੇਵੇਂਗਾ?" ਔਰਤ ਨੇ ਕਿਹਾ।
"ਕੀ ਤੂੰ ਆਪਣੇ ਲਈ ਮੁਸੀਬਤ ਮੁੱਲ ਲਏ ਬਿਨ੍ਹਾਂ ਸੱਚੀਂ ਇਹ ਸਭ ਕਰ ਸਕਦੀ ਏਂ? ਤੂੰ ਹੁਣੇ ਕਿਹਾ ਸੀ ਕਿ ਤੇਰਾ ਪਤੀ ਸੀਨੀਅਰ ਅਧਿਕਾਰੀਆਂ ਦੇ ਰਹਿਮ ਉੱਤੇ ਹੈ।"
ਤਾਂ ਵੀ ਮੈਂ ਤੇਰੀ ਮਦਦ ਕਰਾਂਗੀ, "ਔਰਤ ਨੇ ਕਿਹਾ- "ਆ ਆਪਾਂ ਇਸੇ 'ਤੇ ਗੱਲ ਕਰਦੇ ਹਾਂ। ਤੂੰ ਮੇਰੇ ਲਈ ਪੈਦਾ ਹੋਣ ਵਾਲੇ ਖ਼ਤਰੇ ਬਾਰੇ ਫ਼ਿਕਰ ਨਾ ਕਰ। ਮੈਂ ਖ਼ਤਰਿਆਂ ਤੋਂ ਉਦੋਂ ਹੀ ਡਰਦੀ ਹਾਂ, ਜਦੋਂ ਮੈਂ ਡਰਨਾ ਚਾਹਾਂ।" ਉਸਨੇ ਮੰਚ ਵੱਲ ਇਸ਼ਾਰਾ ਕੀਤਾ ਅਤੇ ਉਸਨੂੰ ਆਪਣੇ ਨਾਲ ਇੱਕ ਪੌੜੀ 'ਤੇ ਬੈਠ ਜਾਣ ਲਈ ਕਿਹਾ।
"ਤੇਰੀਆਂ ਕਾਲੀਆਂ ਅੱਖਾਂ ਬਹੁਤ ਸੁੰਦਰ ਹਨ।" ਜਦੋਂ ਉਹ ਬੈਠ ਗਏ ਤਾਂ ਔਰਤ ਨੇ ਕੇ. ਦੇ ਚਿਹਰੇ 'ਤੇ ਨਜ਼ਰ ਗੱਡ ਕੇ ਕਿਹਾ- "ਲੋਕ ਕਹਿੰਦੇ ਹਨ ਕਿ ਮੇਰੀਆਂ ਅੱਖਾਂ ਵੀ ਸੋਹਣੀਆਂ ਹਨ ਪਰ ਤੇਰੀਆਂ ਅੱਖਾਂ ਜ਼ਿਆਦਾ ਸੋਹਣੀਆਂ ਨੇ। ਤੈਨੂੰ ਵੇਖਦੇ ਹੀ ਮੈਨੂੰ ਇਹ ਪਤਾ ਲੱਗ ਗਿਆ ਸੀ। ਉਸੇ ਵੇਲੇ ਜਦੋਂ ਤੂੰ ਪਹਿਲੀ ਵਾਰ ਇੱਧਰ ਆਇਆ ਸੀ। ਪਿੱਛੋਂ ਹਾਲ 'ਚ ਮੈਂ ਤੇਰੀ ਵਜ੍ਹਾ ਨਾਲ ਦਾਖ਼ਲ ਹੋਈ। ਹਾਲਾਂਕਿ ਮੈਂ ਇਸ ਤਰ੍ਹਾਂ ਨਹੀਂ ਕਰਦੀ ਅਤੇ ਨਾ ਹੀ ਮੈਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਹੈ।"
ਤਾਂ ਇਹ ਗੱਲ ਹੈ, ਕੇ. ਨੇ ਸੋਚਿਆ। ਇਹ ਆਪ ਹੀ ਤਿਆਰ ਹੈ। ਇਹ ਵੀ ਉਨੀ ਹੀ ਭ੍ਰਿਸ਼ਟ ਹੈ, ਜਿੰਨਾ ਕਿ ਇੱਥੇ ਹਰ ਕੋਈ ਹੈ। ਇੱਥੇ ਕਾਫ਼ੀ ਕਰਮਚਾਰੀ ਉਪਲਬਧ ਹਨ ਅਤੇ ਇਸ ਲਈ ਉਹ ਹਰੇਕ ਅਜਨਬੀ ਦੀ, ਚਾਹੇ ਉਹ ਕੋਈ ਵੀ ਹੋਵੇ, ਆਓ ਭਗਤ ਉਸਦੀਆਂ ਅੱਖਾਂ ਦੀ ਸਿਫ਼ਤ ਤੋਂ ਹੀ ਕਰਦੀ ਹੈ। ਅਤੇ ਕੇ. ਚੁੱਪਚਾਪ ਉੱਠ ਖੜਾ ਹੋਇਆ, ਜਿਵੇਂ ਕਿ ਆਪਣੇ ਵਿਚਾਰਾਂ ਨਾਲ ਉਹ ਉੱਚੀ ਅਵਾਜ਼ 'ਚ ਉਸਨੂੰ ਜਾਣੂ ਕਰਾ ਚੁੱਕਾ ਹੋਵੇ ਅਤੇ ਇਸ ਤਰ੍ਹਾਂ ਉਸਦੇ ਪ੍ਰਤੀ ਆਪਣੇ ਨਜ਼ਰੀਏ ਨੂੰ ਸਪੱਸ਼ਟ ਕਰ ਚੁੱਕਾ ਹੋਵੇ।
"ਮੈਂ ਨਹੀਂ ਸਮਝਦਾ ਕਿ ਤੂੰ ਮੇਰੀ ਕੁੱਝ ਮਦਦ ਕਰ ਸਕੇਂਗੀ।" ਉਸਨੇ ਕਿਹਾ, "ਕਿਉਂਕਿ ਠੀਕ ਢੰਗ ਨਾਲ ਮੇਰੀ ਮਦਦ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਤੂੰ ਸਿਰਫ਼ ਹੇਠਲੇ ਦਰਜੇ ਦੇ ਅਧਿਕਾਰੀਆਂ ਨੂੰ ਜਾਣਦੀ ਏਂ, ਜਿਹੜੇ ਇੱਥੇ ਝੁੰਡਾਂ ਦੀ ਸ਼ਕਲ 'ਚ ਚਲੇ ਆਉਂਦੇ ਹਨ। ਤੂੰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਏਂ, ਅਤੇ ਉਹਨਾਂ ਤੋਂ ਕਾਫ਼ੀ ਕੁੱਝ ਕਰਵਾ ਵੀ ਸਕਦੀ ਏਂ, ਇਸ 'ਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਪਰ ਉਹਨਾਂ ਤੋਂ ਜਿੰਨਾ ਕੁੱਝ ਵੀ ਕਰਵਾਇਆ ਜਾ ਸਕਦਾ ਹੈ, ਉਸਦਾ ਇਸ ਕੇਸ ਦੇ ਨਤੀਜੇ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਤੂੰ ਇਸ ਸਭ ਕਰਕੇ ਆਪਣੇ ਦੋਸਤ ਗਵਾ ਲਏਂਗੀ ਅਤੇ ਮੈਂ ਇਹੀ ਨਹੀਂ ਚਾਹੁੰਦਾ। ਹੁਣ ਤੱਕ ਇਹਨਾਂ ਲੋਕਾਂ ਨਾਲ ਤੇਰੇ ਜੋ ਵੀ ਸਬੰਧ ਹਨ, ਉਹਨਾਂ ਨੂੰ ਜਾਰੀ ਰੱਖ, ਕਿਉਂਕਿ ਅਸਲ 'ਚ ਮੈਨੂੰ ਲਗਦਾ ਹੈ ਕਿ ਇਹ ਸਬੰਧ ਤੇਰੇ ਲਈ ਜ਼ਰੂਰੀ ਹਨ। ਇਹ ਸਭ ਕੁੱਝ ਮੈਂ ਇੱਕ ਅੰਦਰੂਨੀ ਅਫ਼ਸੋਸ ਨਾਲ ਕਹਿ ਰਿਹਾ ਹਾਂ ਤਾਂ ਕਿ ਕਿਸੇ ਵੀ ਢੰਗ ਨਾਲ ਆਪਣੇ ਪ੍ਰਤੀ ਤੇਰੀ ਵਡਿਆਈ ਦਾ ਕੁੱਝ ਤਾਂ ਬਦਲਾ ਦੇ ਸਕਾਂ। ਹਾਂ, ਮੈਨੂੰ ਇਹ ਕਹਿਣ ਵਿੱਚ ਸੰਕੋਚ ਵੀ ਨਹੀਂ ਹੈ ਕਿ ਮੈਂ ਤੈਨੂੰ ਕਾਫ਼ੀ ਪਸੰਦ ਵੀ ਕਰਦਾ ਹਾਂ, ਖ਼ਾਸ ਕਰਕੇ ਉਸ ਸਮੇਂ ਜਦੋਂ ਤੂੰ ਉਸ ਉਦਾਸੀ ਨਾਲ ਮੈਨੂੰ ਵੇਖਦੀ ਏਂ ਜਿਵੇਂ ਹੁਣੇ ਤੂੰ ਮੈਨੂੰ ਵੇਖ ਰਹੀ ਏਂ, ਹਾਲਾਂਕਿ ਤੇਰੇ ਲਈ ਕਿਸੇ ਵੀ ਕੀਮਤ 'ਤੇ ਉਦਾਸ ਹੋਣ ਦਾ ਕੋਈ ਕਾਰਨ ਨਹੀਂ ਹੈ। ਤੂੰ ਲੋਕਾਂ ਦੇ ਉਸ ਸਮੂਹ ਨਾਲ ਸਬੰਧ ਰੱਖਦੀ ਏਂ, ਜਿਸਦੇ ਖਿਲਾਫ਼ ਮੈਂ ਲੜਨਾ ਹੈ ਪਰ ਅਸਲ 'ਚ ਤੂੰ ਚੰਗੀ ਤਰ੍ਹਾਂ ਢਲੀ ਹੋਈ ਏਂ। ਤੂੰ ਉਸ ਵਿਦਿਆਰਥੀ ਨਾਲ ਪਿਆਰ ਕਰਦੀ ਏਂ, ਜਾਂ ਮੰਨ ਲੈ ਤੂੰ ਉਹਨੂੰ ਪਿਆਰ ਨਹੀਂ ਵੀ ਕਰਦੀ ਤਾਂ ਵੀ ਆਪਣੇ ਪਤੀ ਦੇ ਮੁਕਾਬਲੇ ਉਸਦਾ ਵਧੇਰੇ ਮਾਣ ਰੱਖਦੀ ਏਂ। ਤੇਰੇ ਕਥਨ ਤੋਂ ਕੋਈ ਵੀ ਇਹ ਅੰਦਾਜ਼ਾ ਬੜੀ ਸੌਖ ਨਾਲ ਲਾਇਆ ਜਾ ਸਕਦਾ ਹੈ।
"ਨਹੀਂ!" ਉਹ ਚੀਕ ਪਈ। ਉਹ ਉੱਥੇ ਹੀ ਖੜੀ ਰਹੀ ਅਤੇ ਕੇ. ਦੇ ਹੱਥ 'ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ, ਜਿਹੜਾ ਉਸਨੇ ਇੱਕ ਦਮ ਪਿੱਛੇ ਨਹੀਂ ਖਿੱਚਿਆ ਸੀ। "ਹੁਣ ਤੂੰ ਇੱਥੋਂ ਨਹੀਂ ਜਾ ਸਕਦਾ, ਮੇਰੇ ਬਾਰੇ ਗ਼ਲਤ ਧਾਰਨਾ ਬਣਾ ਕੇ ਤੂੰ ਇੱਥੋਂ ਹਰਗਿਜ਼ ਨਹੀਂ ਜਾ ਸਕਦਾ। ਕੀ ਤੂੰ ਸਚਮੁੱਚ ਜਾ ਸਕਦਾ ਏਂ? ਕੀ ਮੈਂ ਇੰਨੀ ਗਿਰੀ ਹੋਈ ਹਾਂ ਕਿ ਤੂੰ ਕੁੱਝ ਦੇਰ ਹੋਰ ਰੁਕਣ ਦਾ ਭੋਰਾ ਫ਼ਾਇਦਾ ਵੀ ਮੈਨੂੰ ਨਹੀਂ ਦੇ ਸਕਦਾ?"
ਤੂੰ ਮੈਨੂੰ ਗ਼ਲਤ ਸਮਝ ਲਿਆ ਹੈ।" ਕੇ. ਨੇ ਕਿਹਾ ਅਤੇ ਬੈਠ ਗਿਆ, "ਜੇ ਤੇਰੇ ਲਈ ਮੇਰਾ ਰੁਕਣਾ ਸਚਮੁੱਚ ਜ਼ਰੂਰੀ ਹੈ ਤਾਂ ਮੈਨੂੰ ਇੱਥੇ ਰੁਕਣ 'ਚ ਖੁਸ਼ੀ ਮਹਿਸੂਸ ਹੋਵੇਗੀ। ਮੇਰੇ ਕੋਲ ਵਕ਼ਤ ਹੈ। ਕਿਉਂਕਿ ਮੈਂ ਇਹੀ ਤਾਂ ਸੋਚ ਕੇ ਇੱਧਰ ਆਇਆ ਸੀ ਕਿ ਅੱਜ ਵੀ ਸੁਣਵਾਈ ਹੋਵੇਗੀ। ਅਜੇ ਤੱਕ ਮੈਂ ਤੈਨੂੰ ਜੋ ਕੁੱਝ ਕਿਹਾ ਉਸਦਾ ਮਤਲਬ ਸਿਰਫ਼ ਇਹੀ ਸੀ ਕਿ ਤੂੰ ਮੇਰੇ ਕੇਸ 'ਚ ਕੁੱਝ ਵੀ ਕਰਨ ਦੀ ਕੋਸ਼ਿਸ਼ ਨਾ ਕਰ। ਪਰ ਇਸ ਤੋਂ ਤੈਨੂੰ ਗੁੱਸਾ ਕਰਨ ਦੀ ਲੋੜ ਨਹੀਂ ਹੈ। ਜੇ ਤੂੰ ਸੋਚੇਂ ਕਿ ਮੈਂ ਮੁਕੱਦਮੇ ਦੇ ਨਤੀਜੇ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਅਤੇ ਮੈਂ ਉਹਨਾਂ ਦੇ ਫ਼ੈਸਲੇ 'ਤੇ ਹੱਸ ਪਵਾਂਗਾ। ਇਹ ਤਾਂ ਮਹਿਜ਼ ਉਸ ਕਲਪਨਾ ਦੀ ਦੇਣ ਹੈ, ਜਿਸਦੇ ਮੁਤਾਬਿਕ ਇਹ ਮੰਨ ਕੇ ਚੱਲਿਆ ਜਾਵੇਗਾ ਕਿ ਮੁਕੱਦਮਾ ਕਿਸੇ ਅਸਲ ਅੰਤ 'ਤੇ ਜਾ ਪਹੁੰਚੇਗਾ, ਜਿਸ 'ਤੇ ਮੈਨੂੰ ਗੰਭੀਰ ਸ਼ੱਕ ਹੈ। ਮੈਂ ਸਮਝਦਾ ਹਾਂ ਕਿ ਮੁਕੱਦਮੇ ਦੀ ਇਹ ਕਾਰਵਾਈ ਪਹਿਲਾਂ ਹੀ ਰੋਕੀ ਜਾ ਚੁੱਕੀ ਹੈ ਜਾਂ ਛੇਤੀ ਹੀ ਰੋਕੀ ਜਾਣ ਵਾਲੀ ਹੈ। ਇਹ ਅਧਿਕਾਰੀਆਂ ਦੀ ਸੁਸਤਾ ਕਰਕੇ ਜਾਂ ਉਹਨਾਂ ਦੇ ਭੁਲੱਕੜ ਸੁਭਾਅ ਕਰਕੇ ਹੋਵੇਗਾ ਹੀ, ਜਾਂ ਹੋ ਸਕਦਾ ਹੈ ਕਿ ਉਹ ਡਰ ਗਏ ਹੋਣ। ਇਹ ਵੀ ਸੰਭਵ ਹੈ ਕਿ ਉਹ ਇਸ ਕੇਸ 'ਤੇ ਕਾਰਵਾਈ ਕਰਦੇ ਰਹਿਣ ਦਾ ਵਿਖਾਵਾ ਕਰਦੇ ਰਹਿਣ, ਇਸ ਉਮੀਦ ਵਿੱਚ ਕਿ ਉਹਨਾਂ ਨੂੰ ਮੋਟੀ ਰਿਸ਼ਵਤ ਮਿਲੇਗੀ, ਪਰ ਇਹ ਇੱਕ ਦਮ ਵਿਅਰਥ ਹੋਵੇਗਾ, ਕਿਉਂਕਿ ਮੈਂ ਤੈਨੂੰ ਸਾਫ਼ ਦੱਸ ਦਿੰਦਾ ਹਾਂ ਕਿ ਮੈਂ ਕਿਸੇ ਨੂੰ ਰਿਸ਼ਵਤ ਦੇਣ ਵਾਲਾ ਨਹੀਂ ਹਾਂ। ਤੂੰ ਇੱਕ ਤਰੀਕੇ ਨਾਲ ਮੇਰੀ ਮਦਦ ਕਰ ਸਕਦੀ ਏਂ। ਹਾਲਾਂਕਿ ਜੇ ਤੂੰ ਜਾਂਚ ਮੈਜਿਸਟਰੇਟ ਜਾਂ ਕਿਸੇ ਦੂਜੇ ਨੂੰ, ਜਿਹੜਾ ਇਸ ਸਾਰੀ ਬੇਕਾਰ ਸਥਿਤੀ ਦੇ ਬਾਰੇ ਕੋਈ ਜਾਣਕਾਰੀ ਆਰ-ਪਾਰ ਕਰਨਾ ਚਾਹੁੰਦਾ ਹੋਵੇ, ਅਤੇ ਨਾ ਹੀ ਉਹਨਾਂ ਸਭ ਭੁਲਾਵਿਆਂ ਤੋਂ ਜਿਹੜੇ ਉਹ ਆਪਣੀ ਬੁੱਕਲ ਵਿੱਚ ਲੁਕਾਈ ਘੁੰਮ ਰਹੇ ਹਨ, ਮੈਨੂੰ ਕਿਸੇ ਵੀ ਹਾਲਤ 'ਚ ਰਿਸ਼ਵਤ ਦੇਣ ਲਈ ਨਹੀਂ ਉਕਸਾ ਸਕਣਗੇ। ਤੂੰ ਉਹਨਾਂ ਨੂੰ ਸਪੱਸ਼ਟ ਦੱਸ ਸਕਦੀ ਏਂ ਕਿ ਇਹ ਸਭ ਵਿਅਰਥ ਹੋਵੇਗਾ, ਪਰ ਹਰ ਹਾਲਤ 'ਚ ਸ਼ਾਇਦ ਉਹ ਇਹ ਜਾਣ ਚੁੱਕੇ ਹੋਣਗੇ ਕਿ ਅਤੇ ਜੇ ਨਾ ਵੀ ਜਾਣਦੇ ਹੋਣ, ਤਾਂ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਉਹ ਹੁਣ ਇਸਨੂੰ ਜਾਣ ਲੈਣ ਜਾਂ ਨਾ। ਇਸਦਾ ਸਿਰਫ਼ ਇਹ ਫ਼ਾਇਦਾ ਹੋਵੇਗਾ ਕਿ ਇਸ ਨਾਲ ਉਹਨਾਂ ਦੀ ਕੁੱਝ ਮਿਹਨਤ ਬਚ ਜਾਵੇਗੀ, ਅਤੇ ਹਾਂ ਮੈਨੂੰ ਕੁੱਝ ਅਣਸੁਖਾਵੀਆਂ ਗੱਲਾਂ ਤੋਂ ਕੁੱਝ ਰਾਹਤ ਮਿਲੇਗੀ ਜਿਸਨੂੰ ਮੈਂ ਖੁਸ਼ੀ ਨਾਲ ਸਵੀਕਾਰ ਕਰਾਂਗਾ, ਹਾਲਾਂਕਿ, ਜੇ ਮੈਂ ਜਾਣਦਾ ਹੋਵਾਂ ਤਾਂ ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈ। ਅਤੇ ਮੈਂ ਇਹ ਪੱਕਾ ਕਰਾਂਗਾ ਕਿ ਉਹਨਾਂ ਦੇ ਮੂੰਹ 'ਤੇ ਚਪੇੜ ਜ਼ਰੂਰ ਪਵੇ। ਕੀ ਤੇ ਜਾਂਚ ਮੈਜਿਸਟਰੇਟ ਨੂੰ ਸਚਮੁੱਚ ਜਾਣਦੀ ਏਂ?"
"ਹਾਂ! ਔਰਤ ਨੇ ਕਿਹਾ- "ਉਹੀ ਪਹਿਲਾ ਆਦਮੀ ਮੇਰੇ ਦਿਮਾਗ ਵਿੱਚ ਸੀ ਜਦੋਂ ਮੈਂ ਤੈਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ। ਮੈਂ ਨਹੀਂ ਜਾਣਦੀ ਕਿ ਉਹ ਇੱਕ ਛੋਟਾ ਅਧਿਕਾਰੀ ਹੈ, ਪਰ ਹੁਣ ਜਦ ਤੂੰ ਇਹ ਕਹਿ ਰਿਹਾ ਏਂ ਤਾਂ ਇਹ ਸੱਚ ਹੀ ਹੋਵੇਗਾ। ਫ਼ਿਰ ਵੀ ਮੈਨੂੰ ਵਿਸ਼ਵਾਸ ਹੈ ਕਿ ਉਹ ਜਿਹੜੀਆਂ ਵੀ ਰਪਟਾਂ ਆਪਣੇ ਉੱਪਰਲੇ ਅਧਿਕਾਰੀਆਂ ਨੂੰ ਭੇਜਦਾ ਹੈ, ਉਹਨਾਂ ਦਾ ਕੁੱਝ ਪ੍ਰਭਾਵ ਹੈ। ਅਤੇ ਉਹ ਅਜਿਹੇ ਕਿੰਨਿਆਂ ਨੂੰ ਹੀ ਲਿਖਦਾ ਹੈ। ਤੂੰ ਕਹਿੰਦਾ ਏਂ ਕਿ ਇਹ ਅਧਿਕਾਰੀ ਲੋਕ ਸੁਸਤ ਹਨ, ਪਰ ਜ਼ਰੂਰ ਹੀ ਸਭ ਲੋਕ ਅਜਿਹੇ ਨਹੀਂ ਹਨ, ਅਤੇ ਖ਼ਾਸ ਕਰਕੇ ਇਹ ਜਾਂਚ ਮੈਜਿਸਟਰੇਟ ਤਾਂ ਬਿਲਕੁਲ ਨਹੀਂ। ਇਹ ਤਾਂ ਬੇਹਿਸਾਬ ਲਿਖਦਾ ਹੈ। ਉਦਾਹਰਨ ਦੇ ਲਈ, ਪਿਛਲੇ ਐਤਵਾਰ ਵੀ ਸੁਣਵਾਈ ਦੇਰ ਸ਼ਾਮ ਤੱਕ ਚਲਦੀ ਰਹੀ ਸੀ। ਹਰ ਆਦਮੀ ਆਪਣੇ ਘਰ ਚਲਾ ਗਿਆ, ਪਰ ਜਾਂਚ ਮੈਜਿਸਟਰੇਟ ਇਸ ਹਾਲ ਵਿੱਚ ਹੀ ਬੈਠਾ ਰਿਹਾ। ਮੈਂ ਉਸ ਲਈ ਲੈਂਪ ਜਗਾਇਆ। ਮੇਰੇ ਕੋਲ ਰਸੋਈ 'ਚ ਲਾਉਣ ਲਈ ਇੱਕ ਛੋਟਾ ਜਿਹਾ ਲੈਂਪ ਸੀ ਪਰ ਉਹ ਉਸੇ ਨਾਲ ਹੀ ਸੰਤੁਸ਼ਟ ਹੋ ਗਿਆ ਅਤੇ ਲਿਖਣ ਲੱਗ ਪਿਆ। ਇੰਨੇ ਨੂੰ ਮੇਰਾ ਪਤੀ ਘਰ ਆ ਗਿਆ ਕਿਉਂਕਿ ਉਸ ਐਤਵਾਰ ਨੂੰ ਉਸਨੂੰ ਆਪਣੇ ਕੰਮ ਤੋਂ ਛੁੱਟੀ ਸੀ। ਅਸੀਂ ਫ਼ਿਰ ਸਮਾਨ ਨੂੰ ਮੁੜ ਸਜਾ ਕੇ ਕਮਰੇ ਨੂੰ ਰਹਿਣ ਕਾਬਿਲ ਬਣਾਇਆ ਅਤੇ ਫ਼ਿਰ ਕੁੱਝ ਗੁਆਂਢੀ ਇੱਧਰ ਆ ਗਏ ਅਤੇ ਮੋਮਬੱਤੀ ਦੀ ਰੌਸ਼ਨੀ ਵਿੱਚ ਸਾਡੇ ਨਾਲ ਗੱਲਾਂ ਕਰਦੇ ਰਹੇ। ਸੰਖੇਪ ਵਿੱਚ, ਅਸੀਂ ਜਾਂਚ ਮੈਜਿਸਟਰੇਟ ਬਾਰੇ ਭੁੱਲ ਗਏ ਅਤੇ ਸੌਂ ਗਏ। ਅਚਾਨਕ ਰਾਤ ਨੂੰ- ਸ਼ਾਇਦ ਸਵੇਰ ਹੋ ਚੁੱਕੀ ਸੀ- ਮੈਂ ਜਾਗ ਪਈ ਅਤੇ ਵੇਖਿਆ ਕਿ ਜਾਂਚ ਮੈਜਿਸਟਰੇਟ ਸਾਡੇ ਬਿਸਤਰੇ ਕੋਲ ਖੜੇ ਹਨ ਅਤੇ ਆਪਣੇ ਹੱਥ ਨਾਲ ਲੈਂਪ ਦੀ ਰੌਸ਼ਨੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਹ ਮੇਰੇ ਪਤੀ ਉੱਪਰ ਨਾ ਪਏ। ਇਹ ਹਾਲਾਂਕਿ ਇੱਕ ਫ਼ਜ਼ੂਲ ਜਿਹੀ ਸਾਵਧਾਨੀ ਸੀ, ਕਿਉਂਕਿ ਮੇਰਾ ਪਤੀ ਇੰਨੀ ਗੂੜ੍ਹੀ ਨੀਂਦ ਸੌਂਦਾ ਹੈ ਕਿ ਅਜਿਹੀ ਕੋਈ ਵੀ ਰੌਸ਼ਨੀ ਉਸਨੂੰ ਨਹੀਂ ਜਗਾ ਸਕਦੀ। ਮੈਂ ਐਨਾ ਡਰ ਗਈ ਸੀ ਕਿ ਮੇਰੇ ਮੂੰਹੋਂ ਚੀਕ ਨਿਕਲ ਗਈ, ਪਰ ਮੈਜਿਸਟਰੇਟ ਸਾਹਬ ਅਦਬ ਨਾਲ ਪੇਸ਼ ਆਏ। ਉਹਨਾਂ ਨੇ ਮੈਨੂੰ ਸਾਵਧਾਨ ਰਹਿਣ ਲਈ ਕਿਹਾ ਅਤੇ ਮੇਰੇ ਕੰਨ 'ਚ ਫੁਸਫੁਸਾ ਦਿੱਤਾ ਕਿ ਉਹ ਹੁਣ ਤੱਕ ਲਿਖੀ ਜਾ ਰਹੇ ਸਨ ਅਤੇ ਹੁਣ ਇਸ ਲੈਂਪ ਨੂੰ ਵਾਪਸ ਕਰਨ ਆਏ ਹਨ ਅਤੇ ਉਹ ਮੈਨੂੰ ਇਸ ਤਰ੍ਹਾਂ ਸੌਂਦੀ ਹੋਈ ਨੂੰ ਵੇਖ ਕੇ ਕਦੇ ਭੁੱਲ ਨਹੀਂ ਸਕਣਗੇ। ਮੈਂ ਤੈਨੂੰ ਇਹ ਸਭ ਏਸੇ ਲਈ ਦੱਸ ਰਹੀ ਹਾਂ ਕਿ ਤੈਨੂੰ ਪਤਾ ਲੱਗੇ ਕਿ ਮੈਜਿਸਟਰੇਟ ਸਾਹਬ ਕਿੰਨੀਆਂ ਰਪਟਾਂ ਲਿਖਦੇ ਹਨ, ਖ਼ਾਸ ਕਰਕੇ ਤੇਰੇ ਕੇਸ ਦੇ ਬਾਰੇ 'ਚ, ਕਿਉਂਕਿ ਉਸ ਐਤਵਾਰ ਨੂੰ ਤੇਰੇ ਤੋਂ ਹੋਈ ਪੁੱਛਗਿੱਛ ਹੀ ਮੁੱਖ ਵਿਸ਼ਾ ਸੀ। ਅਤੇ, ਸਚਮੁੱਚ ਹੀ, ਐਨੀਆਂ ਲੰਮੀਆਂ ਰਪਟਾਂ ਲਿਖਣਾ ਤਾਂ ਬਿਲਕੁਲ ਹੀ ਗੈਰਜ਼ਰੂਰੀ ਨਹੀਂ ਹੋ ਸਕਦਾ। ਇਸਤੋਂ ਇਲਾਵਾ, ਜੋ ਕੁੱਝ ਹੋਇਆ ਤੂੰ ਉਸ ਤੋਂ ਮਹਿਸੂਸ ਕਰ ਸਕਦਾ ਏਂ ਕਿ ਮੈਜਿਸਟਰੇਟ ਸਾਹਬ ਮੇਰੇ 'ਤੇ ਲੱਟੂ ਜਿਹੇ ਹੋ ਗਏ ਹਨ ਅਤੇ ਖ਼ਾਸ ਕਰਕੇ ਇਸ ਸ਼ੁਰੂਆਤੀ ਵਕਤ 'ਚ, ਜਦ ਉਹਨਾਂ ਦੀ ਨਜ਼ਰ ਮੇਰੇ 'ਤੇ ਪਈ ਹੈ, ਮੈਂ ਉਹਨਾਂ ਦੇ ਉੱਪਰ ਪ੍ਰਭਾਵ ਬਣਾ ਸਕਦੀ ਹਾਂ। ਅਤੇ ਹੁਣ ਮੇਰੇ ਕੋਲ ਇੱਕ ਹੋਰ ਸਬੂਤ ਹੈ ਕਿ ਉਹ ਮੇਰੇ ਬਾਰੇ ਕਿੰਨਾ ਕੁੱਝ ਸੋਚਦੇ ਹਨ। ਪਿਛਲੇ ਕੱਲ੍ਹ ਉਹਨਾਂ ਨੇ ਉਸ ਵਿਦਿਆਰਥੀ ਦੇ ਕੋਲ, ਜਿਹੜਾ ਉਹਨਾਂ ਦੇ ਨਾਲ ਕੰਮ ਕਰਦਾ ਹੈ ਅਤੇ ਜਿਸ ਉੱਤੇ ਉਹਨਾਂ ਨੂੰ ਬੇਹੱਦ ਯਕੀਨ ਹੈ, ਮੇਰੇ ਲਈ ਰੇਸ਼ਮੀ ਜੋੜਾ ਭੇਜਿਆ, ਸ਼ਾਇਦ ਇਸ ਬਹਾਨੇ ਕਿ ਮੈਂ ਸੁਣਵਾਈ ਦੇ ਲਈ ਹਾਲ ਦੀ ਸਫ਼ਾਈ ਕੀਤੀ ਸੀ, ਪਰ ਇਹ ਤਾਂ ਇੱਕ ਬਹਾਨਾ ਹੀ ਸੀ, ਕਿਉਂਕਿ ਉਹ ਸਾਰਾ ਕੰਮ ਤਾਂ ਮੈਂ ਕਰਨਾ ਹੀ ਹੁੰਦਾ ਅਤੇ ਇਸਦੇ ਲਈ ਮੇਰੇ ਪਤੀ ਨੂੰ ਤਨਖ਼ਾਹ ਮਿਲਦੀ ਹੈ। ਕਿੰਨਾ ਖੂਬਸੂਰਤ ਜੋੜਾ ਹੈ, ਵੇਖ।" ਉਸਨੇ ਆਪਣੀ ਸਕਰਟ ਗੋਡਿਆਂ ਤੱਕ ਉੱਪਰ ਚੁੱਕ ਕੇ ਕਿਹਾ- "ਹਾਂ, ਇਹ ਪਿਆਰਾ ਜੋੜਾ, ਪਰ ਸੱਚੀਂ ਇਹ ਜ਼ਿਆਦਾ ਨਰਮ ਹੈ ਅਤੇ ਮੇਰੇ ਕਾਬਿਲ ਨਹੀਂ ਹੈ।"
ਅਚਾਨਕ ਉਹ ਰੁਕ ਗਈ ਅਤੇ ਆਪਣਾ ਹੱਥ ਕੇ. ਦੇ ਹੱਥ 'ਤੇ ਰੱਖ ਦਿੱਤਾ, ਜਿਵੇਂ ਕਿ ਉਸਨੂੰ ਹੌਂਸਲਾ ਦੇ ਰਹੀ ਹੋਵੇ, ਅਤੇ ਫੁਸਫੁਸਾਈ-
"ਸ਼..ਸ਼... ਬਰਥੋਲਡ ਸਾਨੂੰ ਵੇਖ ਰਿਹਾ ਹੈ।
ਕੇ. ਨੇ ਆਪਣੀਆਂ ਨਜ਼ਰਾਂ ਚੁੱਕੀਆਂ। ਪੁੱਛਗਿੱਛ ਕਮਰੇ ਦੇ ਬੂਹੇ 'ਤੇ ਇੱਕ ਨੌਜੁਆਨ ਖੜਾ ਸੀ। ਉਹ ਮਧਰਾ ਸੀ ਅਤੇ ਉਸਦੀਆਂ ਲੱਤਾਂ ਥੋੜ੍ਹੀਆਂ ਜਿਹੀਆਂ ਕਮਾਨੀਦਾਰ ਸਨ ਅਤੇ ਉਸਨੇ ਆਪਣੇ ਆਪ ਨੂੰ ਸਤਿਕਾਰਤ ਵਿਖਾਉਣ ਲਈ ਆਪਣੇ ਚਿਹਰੇ ਤੇ ਛੋਟੀ, ਘੱਟ ਸੰਘਣੀ ਅਤੇ ਭੂਰੀ ਦਾੜ੍ਹੀ ਉਗਾ ਰੱਖੀ ਸੀ, ਜਿਸਨੂੰ ਇਸ ਸਮੇਂ ਉਹ ਆਪਣੇ ਹੱਥ ਨਾਲ ਮਰੋੜੀ ਜਾ ਰਿਹਾ ਸੀ। ਕੇ. ਨੇ ਉਸਨੂੰ ਦਿਲਚਸਪੀ ਨਾਲ ਵੇਖਿਆ, ਕਿਉਂਕਿ ਅੱਜ ਦੀ ਇਸ ਹੈਰਾਨਕੁੰਨ ਕਾਨੂੰਨੀ ਵਿਵਸਥਾ ਵਿੱਚ ਉਹ ਪਹਿਲਾ ਵਿਦਿਆਰਥੀ ਸੀ, ਜਿਸ ਨਾਲ ਉਸਦੀ ਮੁਲਾਕਾਤ ਹੋਈ ਸੀ, ਜਿਵੇਂ ਕਿ ਇਹ ਸਭ ਸੀ, ਆਦਮੀਅਤ ਦੀਆਂ ਸ਼ਰਤਾਂ 'ਤੇ ਇੱਕ ਅਜਿਹਾ ਆਦਮੀ ਜਿਸਨੂੰ ਸ਼ਾਇਦ ਨੌਕਰਸ਼ਾਹੀ ਦੇ ਕਿਸੇ ਉੱਚੇ ਦਰਜੇ 'ਤੇ ਅੰਤ ਨੂੰ ਪਹੁੰਚਣਾ ਸੀ। ਦੂਜੇ ਪਾਸੇ ਵਿਦਿਆਰਥੀ ਕੇ. ਦੇ ਵੱਲ ਕੋਈ ਖ਼ਾਸ ਧਿਆਨ ਨਹੀਂ ਦੇ ਰਿਹਾ ਸੀ, ਉਸਨੇ ਆਪਣੀ ਦਾੜ੍ਹੀ ਤੋਂ ਇੱਕ ਪਲ ਲਈ ਹੱਥ ਹਟਾ ਕੇ, ਉਸ ਔਰਤ ਦੇ ਵੱਲ ਇੱਕ ਉਂਗਲ ਨਾਲ ਇਸ਼ਾਰਾ ਕੀਤਾ, ਅਤੇ ਖਿੜਕੀ ਦੇ ਕੋਲ ਚਲਾ ਗਿਆ। ਔਰਤ ਕੇ. ਦੇ ਹੋਰ ਕੋਲ ਆ ਕੇ ਫੁਸਫੁਸਾਈ-
"ਮੇਰੇ ਤੇ ਗੁੱਸਾ ਨਾ ਕਰੀਂ, ਮੈਂ ਤੈਨੂੰ ਖ਼ਾਸ ਤੌਰ ਤੇ ਇਹ ਕਹਿ ਰਹੀ ਹਾਂ, ਅਤੇ ਕਿਰਪਾ ਕਰਕੇ ਮੇਰੇ ਬਾਰੇ 'ਚ ਬੁਰਾ ਨਾ ਸੋਚੀਂ, ਹੁਣ ਮੈਂ ਉਹਦੇ ਕੋਲ ਜਾ ਰਹੀ ਹਾਂ। ਉਹ ਇੱਕ ਘਿਰਨਾਜਨਕ ਆਦਮੀ ਹੈ, ਜ਼ਰਾ ਉਹਦੀਆਂ ਟੇਢੀਆਂ ਲੱਤਾਂ ਵੱਲ ਤਾਂ ਵੇਖ।ਪਰ ਮੈਂ ਸਿੱਧੀ ਵਾਪਸ ਆ ਜਾਵਾਂਗੀ ਅਤੇ ਫ਼ਿਰ ਮੈਂ ਤੇਰੇ ਨਾਲ ਚੱਲਾਂਗੀ ਜੇ ਤੂੰ ਮੈਨੂੰ ਆਪਣੇ ਨਾਲ ਲੈ ਕੇ ਚੱਲੇਂਗਾ ਤਾਂ। ਮੈਂ ਉੱਥੇ ਜਾਵਾਂਗੀ ਜਿੱਥੇ ਤੂੰ ਚਾਹਵੇਂਗਾ, ਅਤੇ ਤੂੰ ਮੇਰੇ ਨਾਲ ਉਹ ਸਭ ਕਰ ਸਕਦਾ ਏਂ, ਜੋ ਤੂੰ ਕਰਨਾ ਚਾਹਵੇਂ। ਮੈਨੂੰ ਜਿੰਨਾ ਵੀ ਸੰਭਵ ਹੋ ਸਕੇ, ਇੱਥੋਂ ਦੂਰ ਜਾਣ 'ਚ ਖੁਸ਼ੀ ਮਹਿਸੂਸ ਹੋਵੇਗੀ ਅਤੇ ਮੇਰੀ ਤਾਂ ਇੱਛਾ ਹੈ ਕਿ ਕਾਸ਼ ਇਹ ਹਮੇਸ਼ਾ ਲਈ ਸੰਭਵ ਹੋ ਸਕਦਾ।"
ਉਸਨੇ ਕੁੱਝ ਦੇਰ ਲਈ ਕੇ. ਦੇ ਹੱਥ ਨੂੰ ਛੋਹਿਆ, ਅਤੇ ਫ਼ਿਰ ਦੌੜਦੀ-ਕੁੱਦਦੀ ਖਿੜਕੀ ਦੇ ਕੋਲ ਆ ਪਹੁੰਚੀ। ਕੇ. ਖ਼ਾਲੀਪਨ ਵਿੱਚ ਉਸਦੇ ਹੱਥ ਤੱਕ ਅਣਚਾਹਿਆਂ ਪਹੁੰਚ ਸਕਣ ਦੀ ਕੋਸ਼ਿਸ਼ ਵਿੱਚ ਸੀ। ਔਰਤ ਅਸਲ ਵਿੱਚ ਹੀ ਉਸਨੂੰ ਆਕਰਸ਼ਿਤ ਕਰ ਚੁੱਕੀ ਸੀ, ਅਤੇ ਕਾਫ਼ੀ ਸੋਚ ਵਿਚਾਰ ਦੇ ਬਾਅਦ, ਉਹ ਅਜਿਹੇ ਕਿਸੇ ਅਸਲ ਕਾਰਨ ਦੇ ਨਹੀਂ ਸੋਚ ਸਕਿਆ, ਕਿ ਉਹ ਇਸ ਆਕਰਸ਼ਣ ਦੇ ਪ੍ਰਤੀ ਖ਼ੁਦ ਨੂੰ ਕਿਉਂ ਸਮਰਪਿਤ ਨਾ ਕਰ ਦੇਵੇ। ਉਹ ਪਲ ਭਰ ਦਾ ਵਿਰੋਧ ਕਿ ਇਹ ਔਰਤ ਉਸਨੂੰ ਕਚਹਿਰੀ ਦੇ ਜਾਲ ਵਿੱਚ ਫਸਾ ਦੇਵੇਗੀ, ਆਸਾਨੀ ਨਾਲ ਖ਼ਤਮ ਹੋ ਗਿਆ। ਆਖ਼ਰ ਕਿਵੇਂ ਉਹ ਉਸਨੂੰ ਜਾਲ ਵਿੱਚ ਜਕੜ ਲਵੇਗੀ? ਕੀ ਅਜੇ ਤੱਕ ਉਹ ਆਜ਼ਾਦ ਨਹੀਂ ਸੀ, ਇੰਨਾ ਆਜ਼ਾਦ ਕਿ ਉਹ ਉਸ ਕਚਹਿਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕੇ, ਘੱਟ ਤੋਂ ਘੱਟ ਐਨਾ ਤਾਂ ਜ਼ਰੂਰ ਹੀ ਜਿੱਥੋਂ ਤੱਕ ਉਹ ਉਸ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ? ਕੀ ਉਸ ਛੋਟੀ ਜਿਹੀ ਹੱਦ ਤੱਕ ਵੀ ਉਸਦੇ ਕੋਲ ਆਤਮਵਿਸ਼ਵਾਸ ਰੱਖਣ ਦੀ ਸਮਰੱਥਾ ਨਹੀਂ ਹੈ? ਅਤੇ ਉਸਦੇ ਦੁਆਰਾ ਮਦਦ ਕਰਨ ਦੀ ਪੇਸ਼ਕਸ਼? ਇਹ ਕਾਫ਼ੀ ਹੱਦ ਤੱਕ ਸੱਚੀ ਲੱਗਦੀ ਹੈ, ਅਤੇ ਸ਼ਾਇਦ ਇਹ ਇੱਕ ਦਮ ਬੇਕਾਰ ਨਹੀਂ ਹੈ। ਅਤੇ ਸ਼ਾਇਦ ਉਸ ਜਾਂਚ ਮੈਜਿਸਟਰੇਟ ਅਤੇ ਉਸਦੇ ਨੀਚ ਨੌਕਰਾਂ ਤੋਂ ਬਦਲਾ ਲੈਣ ਦਾ ਇਸਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ, ਕਿ ਇਸ ਔਰਤ ਨੂੰ ਲੁਭਾ ਕੇ ਉਹਨਾਂ ਤੋਂ ਦੂਰ ਆਪਣੇ ਲਈ ਲੈ ਜਾਇਆ ਜਾਵੇ। ਫ਼ਿਰ ਸ਼ਾਇਦ ਇਹ ਵੀ ਹੋਵੇ, ਕਿ ਰੋਜ਼ ਇਹ ਮੈਜਿਸਟਰੇਟ ਕੇ. ਦੇ ਬਾਰੇ ਤਿਆਰ ਕੀਤੀਆਂ ਜਾਣ ਵਾਲੀਆਂ ਆਪਣੀਆਂ ਝੂਠੀਆਂ ਰਿਪੋਰਟਾਂ ਵਿੱਚ ਡੁੱਬੇ ਰਹਿਣ ਤੋਂ ਬਾਅਦ, ਅੱਧੀ ਰਾਤ ਨੂੰ ਉਸ ਔਰਤ ਦੇ ਬਿਸਤਰੇ ਕੋਲ ਆਏ ਅਤੇ ਉਹ ਉਸਨੂੰ ਖ਼ਾਲੀ ਮਿਲੇ। ਅਤੇ ਖ਼ਾਸ ਕਰਕੇ ਇਸ ਲਈ ਖ਼ਾਲੀ ਮਿਲੇ ਕਿਉਂਕਿ ਹੁਣ ਉਹ ਕੇ. ਦੀ ਹੋ ਚੁੱਕੀ ਹੈ। ਕਿਉਂਕਿ ਖਿੜਕੀ ਦੇ ਕੋਲ ਮੌਜੂਦ ਉਹ ਔਰਤ ਭਾਰੀ ਅਤੇ ਮੋਟੇ ਸਟਫ਼ ਦੇ ਕਾਲੇ ਕੱਪੜਿਆਂ 'ਚ ਲਿਪਟਿਆ ਉਹ ਦਿਲਕਸ਼, ਕੋਮਲ ਅਤੇ ਗਰਮ ਸਰੀਰ ਪੂਰੀ ਤਰ੍ਹਾਂ ਕੇ. ਦਾ ਹੈ ਅਤੇ ਕਿਸੇ ਹੋਰ ਦਾ ਨਹੀਂ।
ਔਰਤ ਦੇ ਪਤੀ ਆਪਣੀਆਂ ਭਾਵਨਾਵਾਂ ਨੂੰ ਇਸ ਤਰੀਕੇ ਨਾਲ ਵਿਚਾਰ ਕੇ, ਉਹ ਸੋਚਣ ਲੱਗਾ ਕਿ ਖਿੜਕੀ ਦੇ ਕੋਲ ਚੱਲ ਰਹੀ ਸ਼ਾਂਤੀ ਭਰੀ ਗੱਲਬਾਤ ਕਾਫ਼ੀ ਲੰਮੀ ਹੋ ਚੱਲੀ ਹੈ, ਇਸ ਲਈ ਉਸਨੇ ਮੰਚ 'ਤੇ ਆਪਣੀਆਂ ਉਂਗਲਾਂ ਜ਼ੋਰ ਨਾਲ ਵਜਾਈਆਂ ਅਤੇ ਫ਼ਿਰ ਆਪਣੀ ਕਲਾਈ ਨੂੰ ਉਸ ਉੱਤੇ ਮਾਰਿਆ। ਉਸ ਵਿਦਿਆਰਥੀ ਨੇ ਔਰਤ ਦੇ ਮੋਢਿਆਂ ਤੋਂ ਆਪਣੀ ਨਜ਼ਰ ਚੁੱਕ ਕੇ ਇੱਕ ਪਲ ਦੇ ਲਈ ਕੇ. ਦੇ ਵੱਲ ਵੇਖਿਆ, ਪਰ ਆਪਣੇ ਆਪ ਨੂੰ ਵਿਚਲਿਤ ਹੋਣ ਦਿੱਤਾ, ਅਤੇ ਉਹ ਉਸਦੇ ਹੋਰ ਨੇੜੇ ਆ ਗਿਆ ਅਤੇ ਉਸਦੇ ਦੁਆਲੇ ਆਪਣੀਆਂ ਬਾਹਾਂ ਦਾ ਘੇਰਾ ਬਣਾ ਦਿੱਤਾ। ਉਸ ਔਰਤ ਨੇ ਆਪਣਾ ਸਿਰ ਇੱਕ ਦਮ ਝੁਕਾਅ ਲਿਆ, ਜਿਵੇਂ ਉਹ ਉਸਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਹੋਵੇ। ਕਿਉਂਕਿ ਉਹ ਉਸਦੀਆਂ ਗੱਲਾਂ ਬਿਨ੍ਹਾਂ ਕਿਸੇ ਦਖ਼ਲ ਦਿੱਤੇ ਸੁਣੀ ਜਾ ਰਹੀ ਸੀ ਅਤੇ ਉਸ ਉੱਤੇ ਝੁਕ ਆਈ ਸੀ, ਇਸ ਲਈ ਉਸਨੇ ਉਸਨੂੰ ਗਲੇ ਦੇ ਕੋਲੋਂ ਚੰਮ ਲਿਆ। ਕੇ. ਨੇ ਇਸਨੂੰ ਉਸ ਬੇਦਰਦੀ ਦੇ ਸਬੂਤ ਵਜੋਂ ਵੇਖਿਆ, ਜਿਸਦੇ ਬਾਰੇ 'ਚ ਔਰਤ ਉਸਨੂੰ ਸ਼ਿਕਾਇਤ ਕਰ ਚੁੱਕੀ ਸੀ, ਅਤੇ ਜਿਸਦੇ ਨਾਲ ਉਹ ਵਿਦਿਆਰਥੀ ਉਸਦੇ ਪ੍ਰਤੀ ਪੇਸ਼ ਆਉਂਦਾ ਹੈ। ਕੇ. ਉੱਠ ਖੜਾ ਹੋਇਆ ਅਤੇ ਕਮਰੇ 'ਚ ਚਹਿਲਕਦਮੀ ਕਰਨ ਲੱਗਾ, ਵਿਦਿਆਰਥੀ 'ਤੇ ਆਰ-ਪਾਰ ਦੀ ਨਜ਼ਰ ਮਾਰਦੇ ਹੋਏ ਅਤੇ ਇਹ ਵਿਚਾਰਦੇ ਹੋਏ ਕਿ ਉਹ ਉਸ ਤੋਂ ਛੇਤੀ ਕਿਵੇਂ ਛੁਟਕਾਰਾ ਪਾ ਸਕਦਾ ਹੈ, ਵਿਦਿਆਰਥੀ ਬੇਚੈਨ ਹੋ ਰਿਹਾ ਸੀ। ਉਸਦੀ ਬੇਚੈਨੀ ਉਸਨੂੰ ਇਸ ਹੱਦ ਤੱਕ ਲੈ ਪਹੁੰਚੀ ਸੀ ਕਿ ਅਜੀਬ ਤਰੀਕੇ ਨਾਲ ਜ਼ਮੀਨ 'ਤੇ ਪੈਰ ਮਾਰਨ ਲਈ ਮਜਬੂਰ ਹੋ ਗਿਆ। ਇਸੇ ਹੱਦ 'ਤੇ ਆ ਕੇ ਉਸਨੇ ਕਿਹਾ- "ਜੇ ਤੈਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੂੰ ਜਾ ਸਕਦਾ ਏਂ। ਦਰਅਸਲ ਤੂੰ ਤਾਂ ਪਹਿਲਾਂ ਹੀ ਫੁਟ ਸਕਦਾ ਸੀ- ਕਿਸੇ ਨੂੰ ਤੇਰੀ ਇੱਥੇ ਕਮੀ ਨਾ ਲੱਗਦੀ। ਹਾਂ, ਹੋਰ ਕੀ, ਜਦੋਂ ਮੈਂ ਇੱਧਰ ਆਇਆ ਸੀ ਤੈਨੂੰ ਠੀਕ ਉਸੇ ਵੇਲੇ ਰਫੂਚੱਕਰ ਹੋ ਜਾਣਾ ਚਾਹੀਦਾ ਸੀ, ਓਨੀ ਛੇਤੀ ਨਾਲ ਜਿੰਨੀ ਤੂੰ ਕਰ ਸਕਦਾ ਸੀ।
ਇਹ ਕਹਿਣਾ ਤਾਂ ਸ਼ਾਇਦ ਕਿਸੇ ਵੀ ਵੱਡੇ ਕਾਰਨ ਦੇ ਗੁੱਸੇ ਦੀ ਨਿਸ਼ਾਨੀ ਹੋ ਸਕਦਾ ਸੀ, ਪਰ ਇਹ ਤਾਂ ਕਾਨੂੰਨੀ ਦਾਅਪੇਚਾਂ ਦੇ ਹੰਕਾਰ ਦਾ ਸੰਕੇਤ ਵੀ ਸੀ, ਜਿਹੜਾ ਉਹ ਆਪਣੀ ਨਾਪਸੰਦ ਦੇ ਇੱਕ ਮੁੱਦਈ ਦੇ ਪ੍ਰਤੀ ਜਾਰੀ ਕਰ ਰਿਹਾ ਸੀ। ਕੇ. ਉਸਦੇ ਕੋਲ ਖੜਾ ਰਿਹਾ ਅਤੇ ਮੁਸਕੁਰਾ ਕੇ ਬੋਲਿਆ- "ਮੈਂ ਪਰੇਸ਼ਾਨੀ ਵਿੱਚ ਹਾਂ, ਇਹ ਬਿਲਕੁਲ ਸੱਚ ਹੈ, ਪਰ ਮੈਨੂੰ ਪਰੇਸ਼ਾਨ ਹੋਣ ਤੋਂ ਰੋਕਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਨੂੰ ਇਕੱਲਾ ਛੱਡ ਦਿਓ। ਅਤੇ ਜੇ ਤੂੰ ਇੱਥੇ ਪੜਾਈ ਦੇ ਲਈ ਆਇਆ ਏਂ, ਮੈਂ ਸੁਣਿਆ ਕਿ ਤੂੰ ਇੱਕ ਵਿਦਿਆਰਥੀ ਏਂ, ਤਾਂ ਮੈਂ ਖੁਸ਼ੀ ਨਾਲ ਇਹ ਜਗ੍ਹਾ ਤੈਨੂੰ ਦੇ ਸਕਦਾ ਹਾਂ ਅਤੇ ਖ਼ੁਦ ਇਸ ਔਰਤ ਦੇ ਨਾਲ ਕਿਤੇ ਹੋਰ ਚਲਾ ਜਾਂਦਾ ਹਾਂ। ਜੱਜ ਬਣਨ ਤੋਂ ਪਹਿਲਾਂ ਤੈਨੂੰ ਹਰ ਹਾਲ 'ਚ ਕਾਫ਼ੀ ਪੜਾਈ ਕਰਨੀ ਪਵੇਗੀ। ਭਾਵੇਂ ਮੈਂ ਤੇਰੀ ਨਿਆਂ ਵਿਵਸਥਾ ਦਾ ਬਹੁਤਾ ਵਾਕਿਫ਼ ਨਹੀਂ ਹਾਂ, ਪਰ ਮੈਂ ਸਮਝਦਾ ਹਾਂ ਕਿ ਇਸਦਾ ਅਰਥ ਸਿਰਫ਼ ਭੱਦੇ ਭਾਸ਼ਣ ਦੇ ਸਕਣਾ ਨਹੀਂ ਹੈ ਜਿਹੜੇ ਪੱਕਾ ਹੀ ਤੂੰ ਬੇਅਦਬ ਕੁਸ਼ਲਤਾ ਨਾਲ ਕਰ ਸਕਣ 'ਚ ਮਾਹਿਰ ਹੋ ਗਿਆ ਏਂ।
"ਇਸ ਆਦਮੀ ਨੂੰ ਇੰਨੀ ਅਜ਼ਾਦੀ ਨਾਲ ਇੱਧਰ-ਉੱਧਰ ਘੁੰਮਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਸੀ।" ਉਸ ਵਿਦਿਆਰਥੀ ਨੇ ਕਿਹਾ, ਜਿਵੇਂ ਉਹ ਕੇ. ਦੇ ਇਸ ਬੇਇੱਜ਼ਤੀ ਭਰੇ ਭਾਸ਼ਣ ਦੇ ਪ੍ਰਤੀ ਆਪਣਾ ਸਪੱਸ਼ਟੀਕਰਨ ਉਸ ਔਰਤ ਨੂੰ ਦੇਣਾ ਚਾਹੁੰਦਾ ਹੋਵੇ, "ਇਹ ਇੱਕ ਗ਼ਲਤੀ ਸੀ। ਮੈਂ ਜਾਂਚ ਮੈਜਿਸਟਰੇਟ ਨੂੰ ਵੀ ਇਹੀ ਕਹਿ ਰਿਹਾ ਸੀ। ਸੁਣਵਾਈ ਦੇ ਵਿਚਾਲੇ ਵਕਫ਼ਿਆਂ 'ਚ ਇਸਨੂੰ ਇਸੇ ਕਮਰੇ ਵਿੱਚ ਨਜ਼ਰਬੰਦ ਰੱਖਿਆ ਜਾਣਾ ਚਾਹੀਦਾ ਸੀ। ਕਈ ਵਾਰ ਜਾਂਚ ਮੈਜਿਸਟਰੇਟ ਸਾਹਬ ਨੂੰ ਸਮਝ ਸਕਣਾ ਵੀ ਔਖਾ ਹੋ ਜਾਂਦਾ।"
"ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕੇ. ਨੇ ਕਿਹਾ ਅਤੇ ਉਸ ਔਰਤ ਵੱਲ ਆਪਣਾ ਹੱਥ ਵਧਾ ਦਿੱਤਾ- "ਆ ਚੱਲੀਏ।"
"ਓਹ! ਅੱਛਾ, ਨਹੀਂ ਨਹੀਂ, ਤੂੰ ਉਸਨੂੰ ਨਹੀਂ ਪਾ ਸਕਦਾ।" ਅਤੇ ਇੱਕ ਸ਼ਕਤੀ ਦੇ ਨਾਲ ਜਿਸਦੇ ਹੋਣ ਦੀ ਉਸ ਨੌਜੁਆਨ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਉਸਨੇ ਉਸ ਔਰਤ ਨੂੰ ਇੱਕ ਬਾਂਹ ਤੋਂ ਖਿੱਚਿਆ ਅਤੇ ਉਸ 'ਤੇ ਤਰਸ ਭਰੀ ਨਿਗ੍ਹਾ ਸੁੱਟੀ ਬੂਹੇ ਵੱਲ ਵਧਿਆ। ਅਜਿਹਾ ਕਰਦੇ ਵੇਲੇ ਉਹ ਬੇਸ਼ੱਕ ਅਜਿਹਾ ਵਿਖਾ ਰਿਹਾ ਸੀ ਕਿ ਉਹ ਕੇ. ਤੋਂ ਥੋੜ੍ਹਾ ਡਰਿਆ ਜ਼ਰੂਰ ਹੈ, ਹਾਲਾਂਕਿ ਅਜੇ ਤੱਕ ਉਸ ਔਰਤ ਨੂੰ ਸਹਿਲਾਉਂਦੇ ਹੋਏ ਅਤੇ ਆਪਣੇ ਖ਼ਾਲੀ ਹੱਥ ਨਾਲ ਉਸਦੀ ਬਾਂਹ ਨੂੰ ਦਬਾਈ ਉਹ ਕੇ. ਨੂੰ ਚਿੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਦੋ ਕਦਮ ਤੱਕ ਕੇ, ਉਸ ਵੱਲ ਭੱਜਿਆ, ਉਸਨੂੰ ਫੜ੍ਹਨ ਦੀ ਕੋਸ਼ਿਸ਼ ਵਿੱਚ ਅਤੇ ਜੇ ਜ਼ਰੂਰੀ ਲੱਗਦਾ ਤਾਂ ਉਸਦਾ ਗਲਾ ਦਬਾਉਣ ਦੇ ਲਈ, ਪਰ ਉਦੋਂ ਹੀ ਔਰਤ ਨੇ ਕਿਹਾ- "ਇਹ ਠੀਕ ਨਹੀਂ ਹੈ, ਮੈਜਿਸਟਰੇਟ ਸਾਹਬ ਨੇ ਮੈਨੂੰ ਬੁਲਾਵਾ ਭੇਜਿਆ ਹੈ। ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਇਹ ਛੋਟਾ ਹੈਵਾਨ..." ਅਤੇ ਜਿਵੇਂ ਉਹ ਬੋਲ ਹੀ ਰਹੀ ਸੀ, ਉਸਨੇ ਆਪਣਾ ਹੱਥ ਉਸ ਵਿਦਿਆਰਥੀ ਦੇ ਚਿਹਰੇ ਤੇ ਫੇਰਿਆ, "ਇਹ ਹੈਵਾਨ ਮੈਨੂੰ ਜਾਣ ਨਹੀਂ ਦੇਵੇਗਾ।"
"ਅਤੇ ਤੂੰ ਆਪਣਾ ਬਚਾਅ ਨਹੀਂ ਕਰਵਾਉਣਾ ਚਾਹੁੰਦੀ।" ਵਿਦਿਆਰਥੀ ਦੇ ਮੋਢੇ 'ਤੇ ਹੱਥ ਰੱਖ ਕੇ ਕੇ. ਚੀਕਿਆ। ਵਿਦਿਆਰਥੀ ਨੇ ਉਸਦੇ ਹੱਥ 'ਤੇ ਆਪਣੇ ਦੰਦ ਖਭੋ ਦਿੱਤੇ।
"ਨਹੀਂ!" ਉਹ ਔਰਤ ਜ਼ੋਰ ਨਾਲ ਚਿੱਲਾਈ ਅਤੇ ਦੋਵਾਂ ਹੱਥਾਂ ਨਾਲ ਕੇ. ਨੂੰ ਪਰੇ ਧੱਕਦੀ ਹੋਈ ਬੋਲੀ, "ਨਹੀਂ, ਨਹੀਂ, ਇਸਦੇ ਇਲਾਵਾ ਕੁੱਝ ਵੀ, ਆਖਰ ਤੂੰ ਕੀ ਬਕਵਾਸ ਸੋਚ ਰਿਹਾ ਏਂ। ਉਹ ਮੇਰੀ ਬਰਬਾਦੀ ਦਾ ਫ਼ਰਮਾਨ ਹੋਵੇਗਾ। ਉਸਨੂੰ 'ਕੱਲਾ ਛੱਡ ਦਿਓ। ਆਖਰਕਾਰ ਉਹ ਤਾਂ ਮੈਜਿਸਟਰੇਟ ਸਾਹਬ ਦੇ ਹੁਕਮ ਦੀ ਤਾਮੀਲ ਹੀ ਕਰ ਰਿਹਾ ਹੈ ਅਤੇ ਮੈਨੂੰ ਉਸਦੇ ਕੋਲ ਲੈ ਜਾ ਰਿਹਾ ਹੈ।"
"ਫੇਰ ਉਸਨੂੰ ਜਾਣ ਦੇ, ਅਤੇ ਤੂੰ, ਹੁਣ ਮੈਂ ਤੇਰੀ ਸ਼ਕਲ ਵੀ ਵੇਖਣਾ ਨਹੀਂ ਚਾਹੁੰਦਾ।" ਕੇ. ਨੇ ਬਹੁਤ ਜ਼ਿਆਦਾ ਨਿਰਾਸ਼ਾ ਅਤੇ ਗੁੱਸੇ ਨਾਲ ਕਿਹਾ, ਅਤੇ ਵਿਦਿਆਰਥੀ ਦੀ ਪਿੱਠ 'ਤੇ ਜ਼ੋਰ ਨਾਲ ਧੱਫਾ ਮਾਰਿਆ, ਜਿਸ ਨਾਲ ਉਹ ਥੋੜਾ ਜਿਹਾ ਤੰਗ ਹੋਇਆ ਪਰ ਛੇਤੀ ਹੀ ਸੰਭਲ ਕੇ ਖੜਾ ਹੋ ਗਿਆ ਅਤੇ ਖੁਸ਼ ਵਿਖਾਈ ਦੇਣ ਲੱਗਾ ਕਿ ਉਹ ਡਿੱਗਿਆ ਨਹੀਂ। ਕੇ. ਉਹਨਾਂ ਦੇ ਪਿੱਛੇ ਹੌਲੀ ਹੌਲੀ ਚੱਲਣ ਲੱਗਾ। ਉਹ ਯਕੀਨ ਹੋ ਗਿਆ ਸੀ ਕਿ ਇਹ ਉਸਦੀ ਪਹਿਲੀ ਫ਼ੈਸਲਾਕੁੰਨ ਹਾਰ ਹੈ, ਜਿਹੜੀ ਇਹਨਾਂ ਲੋਕਾਂ ਤੋਂ ਮਿਲੀ ਹੈ। ਕੁਦਰਤੀ ਤੌਰ 'ਤੇ ਇਹ ਬੇਚੈਨ ਹੋਣ ਦਾ ਕੋਈ ਕਾਰਨ ਨਹੀਂ ਸੀ। ਹਾਰ ਤਾਂ ਉਸਦੇ ਹੱਥ ਇਸ ਲਈ ਲੱਗੀ ਕਿਉਂਕਿ ਉਸਨੇ ਲੜਾਈ ਲੜੀ ਸੀ। ਜਦੋਂ ਤੱਕ ਉਹ ਘਰ 'ਚ ਰਹੇ ਅਤੇ ਆਪਣੀ ਆਮ ਜ਼ਿੰਦਗੀ ਜਿਉਂਦਾ ਰਹੇ, ਤਾਂ ਉਹ ਇਹਨਾਂ ਲੋਕਾਂ ਤੋਂ ਹਜ਼ਾਰ ਗੁਣਾ ਬਿਹਤਰ ਹੋਵੇਗਾ ਅਤੇ ਇਹਨਾਂ ਨੂੰ ਇੱਕ ਲੱਤ ਮਾਰ ਕੇ ਹੀ ਭਜਾ ਦਿੰਦਾ। ਅਤੇ ਜਿਵੇਂ ਹੀ ਉਹ ਆਪਣੇ ਅੰਦਰ ਕਈ ਹਾਸੇ ਵਾਲੇ ਦ੍ਰਿਸ਼ਾਂ ਬਾਰੇ 'ਚ ਸੋਚਣ ਲੱਗਾ ਜਿਹੜੇ ਇਸ ਵੇਲੇ ਉਹ ਸੋਚ ਸਕਦਾ ਸੀ, ਜਿਵੇਂ ਇਹ ਤਰਸਯੋਗ ਵਿਦਿਆਰਥੀ, ਘੁੰਗਰਾਲੇ ਵਾਲ਼ਾਂ ਵਾਲਾ ਇਹ ਬੱਚਾ, ਐਲਸਾ ਦੇ ਬਿਸਤਰ ਤੇ ਇਹ ਸੂਰ ਦਾ ਬੱਚਾ ਆਪਣੇ ਹੱਥ ਜੋੜੀ ਤਰਸ ਦੀ ਭੀਖ ਮੰਗਦਾ ਹੋਇਆ। ਇਹਨਾਂ ਤਸਵੀਰਾਂ ਤੋਂ ਕੇ. ਨੂੰ ਇੰਨੀ ਤਸੱਲੀ ਹੋਈ ਕਿ ਉਸਨੇ ਉਸੇ ਪਲ ਫ਼ੈਸਲਾ ਲਿਆ ਕਿ ਜੇ ਕਦੀ ਮੌਕਾ ਮਿਲਿਆ ਤਾਂ ਉਹ ਇਸ ਵਿਦਿਆਰਥੀ ਨੂੰ ਐਲਸਾ ਦੇ ਕੋਲ ਲੈ ਚੱਲੇਗਾ।
ਕੇ. ਉਤਸੁਕਤਾ ਨਾਲ ਬੂਹੇ ਤੱਕ ਤੁਰ ਆਇਆ, ਇਹ ਜਾਨਣ ਲਈ ਕਿ ਉਸ ਔਰਤ ਨੂੰ ਕਿੱਥੇ ਲੈ ਜਾਇਆ ਜਾ ਰਿਹਾ ਹੈ। ਪਰ ਤੈਅ ਹੋ ਗਿਆ ਕਿ ਉਹਨਾਂ ਨੂੰ ਬਹੁਤਾ ਦੂਰ ਨਹੀਂ ਜਾਣਾ ਸੀ। ਇਸ ਫ਼ਲੈਟ ਦੇ ਇੱਕ ਦਮ ਪਾਰ ਲੱਕੜ ਦੀ ਇੱਕ ਤੰਗ ਪੌੜੀ ਉੱਪਰ ਜਾ ਰਹੀ ਸੀ, ਸ਼ਾਇਦ ਸਭ ਤੋਂ ਉੱਪਰਲੀ ਮੰਜ਼ਿਲ 'ਤੇ, ਇਸ ਪੌੜੀ ਵਿੱਚ ਇੱਕ ਮੋੜ ਸੀ। ਇਸ ਲਈ ਇਹ ਤੈਅ ਕਰ ਸਕਣਾ ਮੁਸ਼ਕਿਲ ਸੀ ਕਿ ਪੌੜੀ ਕਿੱਥੇ ਜਾ ਕੇ ਖ਼ਤਮ ਹੁੰਦੀ ਹੈ। ਵਿਦਿਆਰਥੀ ਉਸ ਔਰਤ ਨੂੰ ਪੌੜੀਆਂ ਦੇ ਉੱਪਰ ਲੈ ਗਿਆ। ਹਾਲਾਂਕਿ ਉਹ ਬਹੁਤ ਹੌਲੀ ਅਤੇ ਉੱਖੜੇ ਸਾਹਾਂ ਨਾਲ ਇਹ ਕਰ ਸਕਿਆ ਕਿਉਂਕਿ ਉਹ ਐਨਾ ਭੱਜ ਚੁੱਕਾ ਸੀ ਕਿ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਔਰਤ ਨੇ ਕੇ. ਦੇ ਵੱਲ ਹੱਥ ਹਿਲਾਇਆ, ਅਤੇ ਆਪਣੇ ਮੋਢੇ ਉੱਪਰ ਹੇਠਾਂ ਹਿਲਾ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਅਗਵਾਹੀ ਵਿੱਚ ਉਹ ਨਿਰਪੱਖ ਹੈ, ਪਰ ਉਸਦੇ ਇਸ ਸੰਕੇਤ ਵਿੱਚ ਕੋਈ ਅਫ਼ਸੋਸ ਨਹੀਂ ਝਲਕਦਾ ਸੀ। ਕੇ. ਨੇ ਉਸਨੂੰ ਭਾਵਨਾ-ਹੀਣ ਨਜ਼ਰ ਨਾਲ ਵੇਖਿਆ, ਜਿਵੇਂ ਕਿ ਉਹ ਕੋਈ ਅਜਨਬੀ ਹੋਵੇ। ਉਹ ਨਾ ਤਾਂ ਇਹ ਵਿਖਾਉਣਾ ਚਾਹੁੰਦਾ ਸੀ ਕਿ ਉਹ ਨਿਰਾਸ਼ ਹੈ ਅਤੇ ਨਾ ਹੀ ਅਜਿਹਾ ਕੁੱਝ ਕਿ ਨਿਰਾਸ਼ਾ ਉਸਦੇ ਲਈ ਅਜਿਹੀ ਚੀਜ਼ ਹੈ, ਜਿਸ ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕੇ।
ਉਹ ਜੋੜਾ ਹੁਣ ਅਲੋਪ ਹੋ ਗਿਆ ਸੀ ਪਰ ਕੇ. ਅਜੇ ਤੱਕ ਬੂਹੇ 'ਤੇ ਖੜਾ ਸੀ। ਉਹ ਨਾ ਸਿਰਫ਼ ਇਹ ਮੰਨ ਲੈਣ ਲਈ ਮਜਬੂਰ ਸੀ ਕਿ ਉਸ ਔਰਤ ਨੇ ਉਸਨੂੰ ਧੋਖਾ ਦਿੱਤਾ ਹੈ, ਪਰ ਇਹ ਵੀ ਕਿ ਉਹ ਉਦੋਂ ਵੀ ਝੂਠ ਬੋਲ ਰਹੀ ਸੀ, ਜਦੋਂ ਉਸਨੇ ਕਿਹਾ ਕਿ ਉਸਨੂੰ ਜਾਂਚ ਮੈਜਿਸਟਰੇਟ ਦੇ ਕੋਲ ਲਿਜਾਇਆ ਜਾ ਰਿਹਾ ਹੈ। ਉਹ ਉਸ ਉੱਪਰੀ ਮੰਜ਼ਿਲ 'ਤੇ ਪੱਕਾ ਹੀ ਉਸਦੀ ਉਡੀਕ ਵਿੱਚ ਨਹੀਂ ਬੈਠਾ ਹੋਵੇਗਾ। ਲੱਕੜ ਦੀ ਪੌੜੀ ਕੁੱਝ ਵੀ ਸਪੱਸ਼ਟ ਨਹੀਂ ਕਰ ਪਾ ਰਹੀ ਸੀ, ਕੋਈ ਚਾਹੇ ਉਸਨੂੰ ਕਿੰਨਾ ਵੀ ਚਿਰ ਵੇਖਦਾ ਰਹੇ। ਪਰ ਜਦੋਂ ਕੇ. ਨੇ ਪੌੜੀ ਦੇ ਕੋਲ ਇੱਕ ਛੋਟਾ ਜਿਹਾ ਨੋਟਿਸ ਚਿਪਕਿਆ ਹੋਇਆ ਵੇਖਿਆ ਤਾਂ ਉਸਦੇ ਕੋਲ ਜਾ ਕੇ ਉਸਨੂੰ ਪੜ੍ਹਨ ਲੱਗਾ। ਇਹ ਬੱਚਿਆਂ ਵਾਲੀ ਲਿਖਾਈ ਵਿੱਚ ਲਿਖੀ ਹੋਈ ਸੀ- "ਕਚਹਿਰੀ ਦਾ ਦਫ਼ਤਰ ਉੱਪਰ ਹੈ।"
ਕੀ ਕਚਹਿਰੀ ਦੇ ਦਫ਼ਤਰ ਫ਼ਲੈਟਾਂ ਦੇ ਇਸ ਬਲਾੱਕ ਦੀ ਸਭ ਤੋਂ ਉੱਪਰੀ ਮੰਜ਼ਿਲ 'ਤੇ ਹਨ? ਇਹ ਵਿਵਸਥਾ ਕੋਈ ਜ਼ਿਆਦਾ ਸਨਮਾਨ ਪੈਦਾ ਕਰਨ ਵਾਲੀ ਨਹੀਂ ਸੀ ਅਤੇ ਕਿਸੇ ਵੀ ਦੋਸ਼ੀ ਲਈ ਇਹ ਸੋਚਣਾ ਆਸ ਵਧਾਉਣ ਵਾਲਾ ਹੋ ਸਕਦਾ ਸੀ ਕਿ ਅਜਿਹੀਆਂ ਕਚਹਿਰੀਆਂ ਦੇ ਦਫ਼ਤਰ ਸਥਾਪਿਤ ਕਰਨ ਲਈ ਕੋਰਟ ਕੋਲ ਪੈਸੇ ਦੀ ਕਿੰਨੀ ਕਮੀ ਹੈ; ਇੱਕ ਅਜਿਹੀ ਜਗ੍ਹਾ 'ਤੇ ਜਿੱਥੇ ਰਹਿਣ ਵਾਲੇ ਕਿਰਾਏਦਾਰ ਜਿਹੜੇ ਆਪ ਵੀ ਬਹੁਤ ਗਰੀਬ ਸਨ, ਆਪਣਾ ਸਾਰਾ ਕੂੜਾ-ਕਰਕਟ ਸੁੱਟਦੇ ਹਨ। ਭਾਵੇਂ ਇਹ ਵੀ ਸੰਭਵ ਸੀ ਕਿ ਪੈਸਾ ਆਮ ਹੋਵੇ ਪਰ ਅਧਿਕਾਰੀ ਉਸਦੀ ਵਰਤੋਂ ਆਪਣੇ ਹਿਤਾਂ ਲਈ ਕਰਦੇ ਹੋਣ। ਇਸਦੇ ਪਿੱਛੋਂ ਹੀ ਨਿਆਂ ਪ੍ਰਕਿਰਿਆ ਵਿੱਚ ਇਸਦੇ ਪ੍ਰਯੋਗ ਦੀ ਵਾਰੀ ਆਉਂਦੀ ਸੀ। ਅਸਲ ਵਿੱਚ, ਕੇ. ਦੇ ਹੁਣ ਤੱਕ ਦੇ ਤਜੁਰਬਿਆਂ ਦੀ ਨਜ਼ਰ ਤੋਂ ਵੇਖਿਆ ਜਾਵੇ, ਤਾਂ ਇਹੀ ਜ਼ਿਆਦਾ ਸੰਭਾਵਨਾ ਬਣਦੀ ਸੀ। ਹਾਲਾਂਕਿ ਇਸ ਕੇਸ 'ਚ ਕਚਹਿਰੀ ਦਾ ਭ੍ਰਿਸ਼ਟਾਚਾਰ ਦੋਸ਼ੀ ਲਈ ਅਪਮਾਨਜਨਕ ਸੀ ਅਤੇ ਇਹ ਕਚਹਿਰੀ ਦੀ ਸੰਭਾਵਿਤ ਗਰੀਬੀ ਤੋਂ ਵਧੇਰੇ ਜ਼ਰੂਰੀ ਸੀ। ਹੁਣ ਕੇ. ਸਮਝਣ ਲੱਗਾ ਸੀ ਕਿ ਪਹਿਲੀ ਸੁਣਵਾਈ ਤੇ ਉਹ ਉਸਨੂੰ ਉੱਪਰੀ ਮੰਜ਼ਿਲ ਤੇ ਲਿਜਾਣ ਲਈ ਕਿਉਂ ਸ਼ਰਮਿੰਦਾ ਸਨ ਅਤੇ ਉਦੋਂ ਹੀ ਉਸਨੇ ਆਪਣੇ ਹੀ ਫ਼ਲੈਟਾਂ 'ਚ ਤੰਗ ਕਰਦੇ ਰਹੇ ਸਨ। ਕੇ. ਨੇ ਹੁਣ ਜਾਣਿਆ ਕਿ ਉਸਦੀ ਆਪਣੀ ਸਥਿਤੀ ਅਤੇ ਇਸ ਜੱਜ ਦੀ ਹਾਲਤ 'ਚ ਕਿੰਨਾ ਫ਼ਰਕ ਸੀ। ਉਹ ਉਸ ਸਿਖਰ 'ਤੇ ਕਿਵੇਂ ਆਰਾਮ ਨਾਲ ਬੈਠਾ ਹੈ ਜਦਕਿ ਕੇ. ਬੈਂਕ ਦੇ ਉਸ ਵੱਡੇ ਕਮਰੇ ਵਿੱਚ ਬੈਠਦਾ ਹੈ, ਜਿਸਦੇ ਨਾਲ ਇੱਕ ਹੋਰ ਛੋਟਾ ਕਮਰਾ ਜੁੜਿਆ ਹੋਇਆ ਹੈ ਅਤੇ ਉੱਥੋਂ ਉਹ ਸ਼ਹਿਰ ਦੇ ਰੁੱਝੇ ਚੌਰਾਹੇ ਨੂੰ ਆਪਣੀ ਖਿੜਕੀ ਦੇ ਪਾਰ ਵੇਖ ਸਕਦਾ ਹੈ। ਹਾਂ, ਉਸਦੇ ਕੋਲ ਰਿਸ਼ਵਤਖੋਰੀ ਜਾਂ ਗ਼ਬਨ ਤੋਂ ਪ੍ਰਾਪਤ ਹੋਈ ਕੋਈ ਵਾਧੂ ਆਮਦਨ ਨਹੀਂ ਸੀ, ਅਤੇ ਉਹ ਆਪਣੇ ਕਿਸੇ ਸਹਾਇਕ ਨੂੰ ਬਾਹਾਂ ਵਿੱਚ ਕਿਸੇ ਔਰਤ ਨੂੰ ਲੈ ਕੇ ਆਪਣੇ ਕਮਰੇ ਵਿੱਚ ਬੁਲਾਉਣ ਦਾ ਹੁਕਮ ਨਹੀਂ ਦੇ ਸਕਦਾ ਸੀ। ਪਰ ਕੇ, ਘੱਟ ਤੋਂ ਘੱਟ ਆਪਣੀ ਇਸ ਜ਼ਿੰਦਗੀ 'ਚ ਇਸਨੂੰ ਛੱਡ ਦੇਣ ਦਾ ਚਾਹਵਾਨ ਸੀ।
ਕੇ. ਅਜੇ ਤੱਕ ਉਸ ਨੋਟਿਸ ਦੇ ਸਾਹਮਣੇ ਹੀ ਖੜਾ ਸੀ ਜਦੋਂ ਇੱਕ ਆਦਮੀ ਪੌੜੀ ਚੜ੍ਹ ਕੇ ਉੱਪਰ ਆਇਆ। ਉਸਨੇ ਖੁੱਲ੍ਹ ਬੂਹੇ ਦੇ ਅੱਗੇ ਨਜ਼ਰ ਮਾਰ ਕੇ ਡਰਾਇੰਗ ਰੂਮ ਦਾ ਜਾਇਜ਼ਾ ਲਿਆ, ਜਿੱਥੋਂ ਕਚਹਿਰੀ ਦਾ ਕਮਰਾ ਵੀ ਵਿਖਾਈ ਦਿੰਦਾ ਸੀ ਅਤੇ ਕਾਫ਼ੀ ਦੇਰ ਤੱਕ ਕੇ. ਨੂੰ ਪੁੱਛਦਾ ਰਿਹਾ ਕਿ ਕੀ ਉਸਨੇ ਕੁੱਝ ਦੇਰ ਪਹਿਲਾਂ ਇੱਥੇ ਕਿਸੇ ਔਰਤ ਨੂੰ ਵੇਖਿਆ ਸੀ।
"ਤੂੰ ਤਾਂ ਕਚਹਿਰੀ ਦਾ ਅਰਦਲੀ ਲੱਗਦਾ ਏਂ, ਕੀ ਇਹ ਸੱਚ ਹੈ? ਕੇ. ਨੇ ਉਸ ਤੋਂ ਪੁੱਛਿਆ।
"ਹਾਂ," ਉਸ ਆਦਮੀ ਨੇ ਜਵਾਬ ਦਿੱਤਾ- "ਓਹ ਹਾਂ! ਤੂੰ ਤਾਂ ਮੁੱਦਈ ਕੇ. ਏਂ। ਮੈਂ ਹੁਣ ਤੈਨੂੰ ਪਛਾਣ ਲਿਆ ਹੈ। ਤੇਰੇ ਨਾਲ ਮਿਲ ਕੇ ਖੁਸ਼ੀ ਹੋਈ। ਇਹ ਕਹਿਕੇ ਉਸਨੇ ਆਪਣਾ ਹੱਥ ਕੇ. ਵੱਲ ਵਧਾ ਦਿੱਤਾ। ਇਹ ਕੁੱਝ ਅਜਿਹਾ ਸੀ ਜਿਸਦੀ ਕੇ. ਨੂੰ ਕੱਤਈ ਉਮੀਦ ਨਹੀਂ ਸੀ।
"ਪਰ ਅੱਜ ਤਾਂ ਕੋਈ ਸੁਣਵਾਈ ਤੈਅ ਨਹੀਂ ਹੈ।" ਅਰਦਲੀ ਨੇ ਉਦੋਂ ਕਿਹਾ, ਜਦੋਂ ਉਹ ਚੁੱਪ ਰਿਹਾ।
"ਮੈਨੂੰ ਪਤਾ ਹੈ।" ਕੇ. ਨੇ ਅਰਦਲੀ ਦੇ ਕੋਟ ਦਾ ਜਾਇਜ਼ਾ ਲੈਂਦੇ ਹੋਏ ਕਿਹਾ, ਜਿਸਦਾ ਦਫ਼ਤਰੀ ਤਮਗਾ ਸੋਨੇ ਦੇ ਲੇਪ ਚੜ੍ਹੇ ਹੋਏ ਦੋ ਬਟਨਾਂ ਤੋਂ ਬਣਿਆ ਪ੍ਰਤੀਤ ਹੁੰਦਾ ਸੀ, ਜਿਹਨਾਂ ਦੇ ਉੱਪਰ ਹੇਠਾਂ ਕੁੱਝ ਸਧਾਰਨ ਬਟਨ ਵੀ ਸਨ, ਜਦਕਿ ਸੋਨੇ ਦੇ ਬਟਨ ਕਿਸੇ ਅਧਿਕਾਰੀ ਦੇ ਓਵਰਕੋਟ ਤੋਂ ਕੱਢੇ ਗਏ ਲੱਗਦੇ ਸਨ।
"ਹੁਣੇ ਕੁੱਝ ਦੇਰ ਪਹਿਲਾਂ ਮੈਂ ਤੇਰੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ। ਹੁਣ ਉਹ ਇੱਥੇ ਮੌਜੂਦ ਨਹੀਂ ਹੈ। ਵਿਦਿਆਰਥੀ ਉਸਨੂੰ ਜਾਂਚ ਮੈਜਿਸਟਰੇਟ ਦੇ ਕੋਲ ਲੈ ਗਿਆ ਹੈ।"
"ਵੇਖ ਲੈ। ਅਰਦਲੀ ਨੇ ਕਿਹਾ, "ਉਸਨੂੰ ਹਮੇਸ਼ਾ ਮੇਰੇ ਤੋਂ ਦੂਰ ਲੈ ਜਾਇਆ ਜਾਂਦਾ। ਹਾਲਾਂਕਿ ਅੱਜ ਐਤਵਾਰ ਹੈ ਅਤੇ ਮੈਂ ਕੋਈ ਕੰਮ ਨਹੀਂ ਕਰਨਾ ਸੀ, ਫ਼ਿਰ ਵੀ ਇੱਥੋਂ ਦੂਰ ਕਰਨ ਲਈ ਉਹਨਾਂ ਨੇ ਮੈਨੂੰ ਕਿਸੇ ਗੈਰਜ਼ਰੂਰੀ ਸੁਨੇਹੇ ਦੇ ਨਾਲ ਬਾਹਰ ਭੇਜ ਦਿੱਤਾ। ਅਤੇ ਇਹ ਵੀ ਨਹੀਂ ਕਿ ਉਹਨਾਂ ਨੇ ਮੈਨੂੰ ਬਹੁਤ ਦੂਰ ਵੀ ਭੇਜਿਆ, ਇਸ ਲਈ ਮੇਰੇ ਕੋਲ ਕੁੱਝ ਤਾਂ ਉਮੀਦ ਬਾਕੀ ਬਚੀ ਹੋਈ ਸੀ ਕਿ ਜੇ ਮੈਂ ਸੱਚੀ ਥੋੜ੍ਹਾ ਕਾਹਲ ਨਾਲ ਕੰਮ ਲਵਾਂ ਤਾਂ ਸ਼ਾਇਦ ਸਮੇਂ ਤੇ ਵਾਪਸ ਪਹੁੰਚ ਸਕਾਂ। ਇਸ ਲਈ ਮੈਂ ਇੰਨਾ ਤੇਜ਼ੀ ਨਾਲ ਭੱਜਿਆ ਜਿੰਨਾ ਮੈਂ ਭੱਜ ਸਕਦਾ ਸੀ, ਅਤੇ ਜਦ ਮੈਂ ਉਸ ਦਫ਼ਤਰ ਵਿੱਚ ਪਹੁੰਚਿਆ ਜਿੱਥੋਂ ਦੇ ਲਈ ਭੇਜਿਆ ਗਿਆ ਸੀ, ਉੱਥੇ ਮੈਂ ਬੂਹੇ ਦੀ ਵਿਰਲ 'ਚੋਂ ਆਪਣਾ ਸੁਨੇਹਾ ਸਾਹ ਰੋਕ ਕੇ ਹੌਲ਼ੀ ਜਿਹੀ ਸੁਣਾ ਦਿੱਤਾ। ਕੁੱਝ ਇਸ ਤਰ੍ਹਾਂ ਕਿ ਉਹ ਕੁੱਝ ਸਮਝ ਹੀ ਨਾ ਸਕਣ, ਫ਼ਿਰ ਉਸੇ ਤਰ੍ਹਾਂ ਭੱਜ ਕੇ ਮੈਂ ਵਾਪਸ ਆ ਗਿਆ ਪਰ ਇੱਥੇ ਆਕੇ ਪਤਾ ਲੱਗਿਆ ਕਿ ਉਹ ਵਿਦਿਆਰਥੀ ਤਾਂ ਮੇਰੇ ਤੋਂ ਵੀ ਤੇਜ਼ ਨਿਕਲਿਆ, ਹਾਂ ਉਸਦਾ ਰਸਤਾ ਛੋਟਾ ਸੀ, ਕਿਉਂਕਿ ਉਸਨੇ ਉੱਪਰੀ ਮੰਜ਼ਿਲ ਤੋਂ ਸਿਰਫ਼ ਪੌੜੀਆਂ ਹੀ ਉੱਤਰਨਾ ਸੀ। ਜੇ ਉਹਨਾਂ ਉੱਪਰ ਮੇਰੀ ਨਿਰਭਰਤਾ ਇੰਨੀ ਜ਼ਿਆਦਾ ਨਾ ਹੁੰਦੀ, ਤਾਂ ਸਦੀਆਂ ਪਹਿਲਾਂ ਮੈਂ ਉਸ ਵਿਦਿਆਰਥੀ ਨੂੰ ਕੰਧ ਨਾਲ ਲਟਕਾ ਚੁੱਕਾ ਹੁੰਦਾ। ਇੱਥੇ, ਇਸ ਨੋਟਿਸ ਦੇ ਕੋਲ। ਮੈਂ ਹਮੇਸ਼ਾ ਇਹੀ ਕਰ ਸਕਣ ਦਾ ਖ਼ਾਬ ਵੇਖਦਾ ਹਾਂ। ਇੱਥੇ, ਠੀਕ ਇੱਥੇ, ਫ਼ਰਸ਼ ਤੋਂ ਥੋੜ੍ਹਾ ਜਿਹਾ ਉੱਪਰ, ਉਸਦੀਆਂ ਟੇਢੀਆਂ ਲੱਤਾਂ ਝੂਲ ਰਹੀਆਂ ਹਨ, ਅਤੇ ਇਸ ਸਾਰੀ ਜਗ੍ਹਾ ਤੇ ਲਹੂ ਦੇ ਕਤਰੇ ਬਿਖਰੇ ਹੋਏ ਹਨ। ਪਰ ਅਜੇ ਤੱਕ ਤਾਂ ਇਹ ਇੱਕ ਸੁਪਨਾ ਹੀ ਹੈ।"
"ਕੀ ਕੋਈ ਦੂਜਾ ਰਸਤਾ ਨਹੀਂ ਹੈ?? ਕੇ. ਨੇ ਮੁਸਕੁਰਾਉਂਦੇ ਹੋਏ ਪੁੱਛਿਆ।
"ਮੈਂ ਕਿਸੇ ਦੂਜੇ ਰਸਤੇ ਬਾਰੇ ਨਹੀਂ ਸੋਚ ਪਾਇਆ।" ਅਰਦਲੀ ਨੇ ਕਿਹਾ- "ਅਤੇ ਹੁਣ ਤਾਂ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਪਹਿਲਾਂ ਤਾਂ ਉਹ ਉਸਨੂੰ ਆਪਣੇ ਘਰ ਹੀ ਲਿਜਾਇਆ ਕਰਦਾ ਸੀ ਪਰ ਹੁਣ ਉਸਨੂੰ ਮੈਜਿਸਟਰੇਟ ਦੇ ਕੋਲ ਭੇਜਣ ਲੱਗਾ ਹੈ ਅਤੇ ਜਿਸਦੀ ਮੈਨੂੰ ਕਾਫ਼ੀ ਪਹਿਲਾਂ ਤੋਂ ਉਮੀਦ ਸੀ।"
"ਪਰ ਕੀ ਤੇਰੀ ਪਤਨੀ ਦੀ ਕੋਈ ਗ਼ਲਤੀ ਨਹੀਂ ਹੈ? ਕੇ. ਨੇ ਪੁੱਛਿਆ, ਅਤੇ ਇਹ ਸਵਾਲ ਪੁੱਛਦੇ ਹੋਏ ਉਹ ਆਪਣੇ ਆਪ ਉੱਤੇ ਕਾਬੂ ਰੱਖਣ ਲਈ ਬੰਨ੍ਹਿਆ ਗਿਆ ਸੀ, ਇੰਨੀ ਤੀਬਰ ਇੱਛਾ ਦਾ ਵੈਗ ਉਸਦੇ ਅੰਦਰ ਉੱਠ ਆਇਆ ਸੀ।
"ਪਰ ਹਾਂ," ਅਰਦਲੀ ਨੇ ਕਿਹਾ, "ਅਸਲ 'ਚ ਉਹੀ ਇੱਕ ਤਾਂ ਹੈ ਜਿਸਦੀ ਸਭ ਤੋਂ ਜ਼ਿਆਦਾ ਗ਼ਲਤੀ ਹੈ। ਉਸਨੇ ਖ਼ੁਦ ਨੂੰ ਉਸਦੇ ਨਾਲ ਜੋੜ ਰੱਖਿਆ ਹੈ। ਜਿੱਥੇ ਤੱਕ ਉਸਦਾ ਸਵਾਲ ਹੈ ਉਹ ਹਰ ਔਰਤ ਦੇ ਪਿੱਛੇ ਦੌੜਦਾ ਹੈ। ਇਸੇ ਜਗ੍ਹਾ ਤੇ ਪੰਜ ਫ਼ਲੈਟਾਂ ਤੋਂ ਬਾਹਰ ਸੁੱਟਿਆ ਜਾ ਚੁੱਕਾ ਹੈ, ਜਿੱਥੇ ਵੀ ਉਸਨੇ ਵੜਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਭਵਨ 'ਚ ਮੇਰੀ ਪਤਨੀ ਸਭ ਤੋਂ ਜ਼ਿਆਦਾ ਸੋਹਣੀ ਹੈ ਅਤੇ ਮੈਂ ਹੀ ਸ਼ਾਇਦ ਇੱਕ ਅਜਿਹਾ ਵਿਅਕਤੀ ਹਾਂ ਜਿਹੜਾ ਆਪਣੀ ਰੱਖਿਆ ਕਰਨ ਦਾ ਅਧਿਕਾਰ ਨਹੀਂ ਰੱਖਦਾ।"
"ਜੇ ਸਚਮੁੱਚ ਅਜਿਹਾ ਹੀ ਹੈ, ਤਾਂ ਜ਼ਰੂਰ ਹੀ ਬਾਕੀ ਕੁੱਝ ਕਰ ਸਕਣ ਲਈ ਨਹੀਂ ਬਚਦਾ।" ਕੇ. ਨੇ ਜਵਾਬ ਦਿੱਤਾ।
"ਪਰ ਕਿਉਂ?" ਅਰਦਲੀ ਨੇ ਪੁੱਛਿਆ, "ਸਿਰਫ਼ ਤੂੰ ਇੰਨਾ ਕਰਨਾ ਹੈ, ਕਿ ਜਦ ਕਦੇ ਉਹ ਵਿਦਿਆਰਥੀ ਮੇਰੀ ਪਤਨੀ ਛੋਹ ਰਿਹਾ ਹੋਵੇ ਤਾਂ ਉਸਦੀ, ਉਹ ਬਹੁਤ ਡਰਪੋਕ ਹੈ, ਚੰਗੀ ਤਰ੍ਹਾਂ ਮੁਰੱਮਤ ਕਰਨੀ ਹੈ ਅਤੇ ਇਸ ਪਿੱਛੋਂ ਦੋਬਾਰਾ ਇੱਦਾਂ ਕਰਨ ਦੀ ਉਸਦੀ ਹਿੰਮਤ ਨਹੀਂ ਹੋਵੇਗੀ। ਪਰ ਮੈਂ ਆਪ ਅਜਿਹਾ ਨਹੀਂ ਕਰ ਸਕਦਾ, ਅਤੇ ਕੋਈ ਦੂਜਾ ਆਦਮੀ ਇਸ ਤਰ੍ਹਾਂ ਮੇਰੀ ਮਦਦ ਨਹੀਂ ਕਰ ਸਕੇਗਾ, ਕਿਉਂਕਿ ਉਹ ਸਭ ਉਸਦੀ ਤਾਕਤ ਤੋਂ ਡਰੇ ਹੋਏ ਹਨ। ਸਿਰਫ਼ ਤੇਰੀ ਤਰ੍ਹਾਂ ਦੀ ਕੋਈ ਆਦਮੀ ਹੀ ਇਹ ਕਰ ਸਕਦਾ ਹੈ।
"ਮੈਂ ਇਹ ਸਭ ਕਿੱਦਾਂ ਕਰ ਸਕਦਾ ਹਾਂ?" ਕੇ. ਨੇ ਹੈਰਾਨੀ ਨਾਲ ਪੁੱਛਿਆ।
"ਤੂੰ ਕਿਉਂਕਿ ਦੋਸ਼ੀ ਵਿਅਕਤੀ ਏਂ। ਅਰਦਲੀ ਨੇ ਕਿਹਾ।
"ਹਾਂ, ਕੇ. ਬੋਲਿਆ, "ਪਰ ਫੇਰ ਤਾਂ ਮੇਰੇ ਕੋਲ ਭੈਅ ਖਾਣ ਦਾ ਇਹ ਮਹੱਤਵਪੂਰਨ ਕਾਰਨ ਹੋ ਜਾਵੇਗਾ ਕਿ ਉਹ ਸ਼ੁਰੂਆਤੀ ਪੜਤਾਲ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ, ਹਾਲਾਂਕਿ ਉਹ ਮੁਕੱਦਮੇ ਦੇ ਆਖਰੀ ਨਤੀਜੇ ਨੂੰ ਸ਼ਾਇਦ ਪ੍ਰਭਾਵਿਤ ਨਾ ਵੀ ਕਰ ਸਕੇ।"
"ਹਾਂ, ਇਹੀ ਤਾਂ," ਅਰਦਲੀ ਨੇ ਕੁੱਝ ਇਸ ਢੰਗ ਨਾਲ ਕਿਹਾ ਜਿਵੇਂ ਕੇ. ਦੀ ਵਿਚਾਰ ਉਨਾ ਹੀ ਸਹੀ ਹੈ, ਜਿੰਨਾ ਉਸਦਾ ਖ਼ਦ ਦਾ ਹੈ। "ਪਰ ਆਮਤੌਰ 'ਤੇ ਅਸੀਂ ਸਭ ਉਦੋਂ ਤੱਕ ਕਾਰਵਾਈ ਸ਼ੁਰੂ ਨਹੀਂ ਕਰ ਸਕਦੇ ਜਦੋਂ ਤੱਕ ਉਸ ਵਿੱਚ ਸੰਭਾਵਨਾਵਾਂ ਨਾ ਵਿਖਾਈ ਦੇਣ।"
"ਮੈਂ ਤੇਰੀ ਗੱਲ ਨਾਲ ਸਹਿਮਤ ਹਾਂ," ਕੇ. ਨੇ ਕਿਹਾ, "ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਜੇ ਸਮਾਂ ਨਾ ਮਿਲਿਆ ਤਾਂ ਮੈਂ ਅਜਿਹਾ ਨਹੀਂ ਕਰਾਂਗਾ।"
"ਮੈਂ ਤੇਰਾ ਬਹੁਤ ਧੰਨਵਾਦੀ ਹੋਵਾਂਗਾ," ਅਰਦਲੀ ਨੇ ਇੱਕ ਸਪੱਸ਼ਟ ਉਪਚਾਰਿਕਤਾ ਨਾਲ ਕਿਹਾ, ਪਰ ਉਹ ਸਚਮੁੱਚ ਇਸ ਸੰਭਾਵਨਾ 'ਤੇ ਵਿਚਾਰ ਕਰਦਾ ਪ੍ਰਤੀਤ ਨਹੀਂ ਹੁੰਦਾ ਸੀ ਕਿ ਉਸਦੀ ਇਹ ਡੂੰਘੀ ਇੱਛਾ ਇਸ ਤਰ੍ਹਾਂ ਪੂਰੀ ਹੋ ਜਾਵੇਗੀ।
"ਸ਼ਾਇਦ ਤੇਰੇ ਬਾਕੀ ਅਧਿਕਾਰੀ ਵੀ, ਅਸਲ 'ਚ ਸ਼ਾਇਦ ਉਹ ਸਾਰੇ ਦੇ ਸਾਰੇ, ਇਸੇ ਵਿਹਾਰ ਦੇ ਕਾਬਿਲ ਹਨ।"
"ਹਾਂ, ਹਾਂ" ਅਰਦਲੀ ਨੇ ਕਿਹਾ, "ਜਿਵੇਂ ਉਹਨਾਂ ਦੋਵਾਂ ਕੋਲ ਇਸ ਗੱਲ ਦਾ ਸਬੂਤ ਹੋਵੇ। ਫ਼ਿਰ ਉਸਨੇ ਕੇ. ਨੂੰ ਇੱਕ ਵਿਸ਼ਵਾਸਯੋਗ ਨਜ਼ਰ ਨਾਲ ਵੇਖਿਆ, ਅਜਿਹੀ ਨਜ਼ਰ ਨਾਲ ਜਿਹੜੀ ਉਹ ਅਜੇ ਤੱਕ ਦੀ ਇਸ ਦੋਸਤਾਨਾ ਗੱਲਬਾਤ 'ਚ ਸ਼ਾਮਿਲ ਨਹੀਂ ਸੀ ਅਤੇ ਅੱਗੇ ਬੋਲਿਆ, "ਲੋਕ ਤਾਂ ਹਮੇਸ਼ਾ ਵਿਦਰੋਹ ਚਾਹੁੰਦੇ ਹਨ," ਪਰ ਇਸ ਸਾਰੀ ਚਰਚਾ ਤੋਂ ਥੋੜ੍ਹਾ ਪਰੇਸ਼ਾਨ ਹੋ ਰਿਹਾ ਸੀ, ਅਤੇ ਉਸਨੇ ਇਸਨੂੰ ਇਹ ਕਹਿਕੇ ਤੋੜ ਦਿੱਤਾ, "ਹੁਣ ਮੈਨੂੰ ਕਚਹਿਰੀ ਦੇ ਦਫ਼ਤਰ 'ਚ ਹਾਜ਼ਰੀ ਲਵਾਉਣੀ ਚਾਹੀਦੀ ਹੈ। ਕੀ ਤੂੰ ਮੇਰੇ ਨਾਲ ਆਉਣਾ ਚਾਹੇਂਗਾ?"
"ਪਰ ਮੈਨੂੰ ਉੱਥੇ ਕੋਈ ਕੰਮ ਨਹੀਂ ਹੈ।" ਕੇ. ਨੇ ਕਿਹਾ।
"ਪਰ ਤੂੰ ਠੀਕ ਤਰ੍ਹਾਂ ਦਫ਼ਤਰ ਨੂੰ ਤਾਂ ਵੇਖ ਸਕਦਾ ਏਂ। ਕੋਈ ਤੇਰੇ ਵੱਲ ਧਿਆਨ ਦੇਣ ਵਾਲਾ ਨਹੀਂ ਹੈ।"
"ਤਾਂ ਫੇਰ ਉਹ ਵੇਖੇ ਜਾਣ ਯੋਗ ਹੈ?" ਕੇ. ਨੇ ਝਿਜਕਦੇ ਹੋਏ ਪੁੱਛਿਆ, ਭਾਵੇਂ ਉਸਦੀ ਉੱਥੇ ਜਾਣ ਦੀ ਬੜੀ ਇੱਛਾ ਸੀ।
"ਮੈਂ ਸੋਚਿਆ ਕਿ ਤੈਨੂੰ ਉੱਥੇ ਜਾਣਾ ਚੰਗਾ ਲੱਗੇਗਾ।" ਅਰਦਲੀ ਨੇ ਕਿਹਾ।
"ਠੀਕ ਹੈ," ਕੇ. ਨੇ ਕਿਹਾ, "ਮੈਂ ਤੇਰੇ ਨਾਲ ਚਲਦਾਂ ਹਾਂ।" ਅਤੇ ਉਹ ਅਰਦਲੀ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਪੌੜੀਆਂ ਚੜ੍ਹਨ ਲੱਗਾ। ਜਿਵੇਂ ਹੀ ਉਹ ਅੰਦਰ ਦਾਖ਼ਲ ਹੋਇਆ ਉਹ ਲਗਭਗ ਡਿੱਗ ਪੈਣ ਵਾਲਾ ਸੀ, ਕਿਉਂਕਿ ਬੂਹੇ ਦੇ ਦੂਜੇ ਪਾਸੇ ਇੱਕ ਹੋਰ ਪੌੜੀ ਸੀ। "ਜਨਤਾ ਦੇ ਬਾਰੇ ਉਹ ਬਹੁਤਾ ਸੋਚਦੇ ਨਹੀਂ ਹਨ।" ਉਸਨੇ ਕਿਹਾ।
"ਉਹ ਕਿਸੇ ਦੇ ਬਾਰੇ ਵੀ ਜ਼ਿਆਦਾ ਨਹੀਂ ਸੋਚਦੇ," ਅਰਦਲੀ ਬੋਲਿਆ, "ਜ਼ਰਾ ਇਸ ਉਡੀਕ ਘਰ 'ਤੇ ਤਾਂ ਗੌਰ ਕਰ।"
ਇਹ ਇੱਕ ਲੰਮਾ ਅੰਦਰ ਆਉਣ ਦਾ ਰਸਤਾ ਸੀ, ਜਿਸਦੇ ਖੁਰਦਰੇ ਬੂਹੇ ਉੱਪਰੀ ਮੰਜ਼ਿਲ ਦੇ ਅਲੱਗ-ਅਲੱਗ ਖਾਨਿਆਂ 'ਚ ਜਾ ਕੇ ਖੁੱਲ੍ਹਦੇ ਸਨ। ਭਾਵੇਂ ਦਿਨ ਦੀ ਰੌਸ਼ਨੀ ਦਾ ਸਿੱਧਾ ਸੰਪਰਕ ਇਸਦੇ ਨਾਲ ਨਹੀਂ ਸੀ, ਪਰ ਉੱਥੇ ਹਨੇਰਾ ਨਹੀਂ ਸੀ, ਕਿਉਂਕਿ ਗਲਿਆਰੇ ਦੇ ਕਿਨਾਰਿਆਂ 'ਤੇ ਲੱਕੜ ਦੀ ਸਾਫ਼ ਕੰਧ ਦੇ ਬਜਾਏ ਛੱਤ ਤੱਕ ਪਹੁੰਚਦੇ ਲੱਕੜ ਦੇ ਖਾਨੇ ਬਣੇ ਹੋਏ ਸਨ, ਜਿਸ ਵਿੱਚੋਂ ਕੁੱਝ ਰੌਸ਼ਨੀ ਅੰਦਰ ਆ ਰਹੀ ਸੀ ਅਤੇ ਇਸ ਵਿੱਚ ਆਪਣੇ ਮੇਜ਼ਾਂ 'ਤੇ ਕੰਮ ਕਰਦੇ ਅਧਿਕਾਰੀ ਨਜ਼ਰ ਆ ਰਹੇ ਸਨ, ਜਾਂ ਉਹ ਨੱਕਾਸ਼ੀਦਾਰ ਕੰਧਾਂ ਦੇ ਨਾਲ ਖੜੇ ਵਿਖਾਈ ਦੇ ਰਹੇ ਸਨ ਅਤੇ ਬਾਹਰ ਗਲੀਆਰੇ 'ਚ ਮੌਜੂਦ ਲੋਕਾਂ ਨੂੰ ਮੋਰੀਆਂ ਵਿੱਚੋਂ ਵੇਖ ਰਹੇ ਸਨ। ਸ਼ਾਇਦ ਇਸ ਲਈ ਕਿ ਉਸ ਦਿਨ ਐਤਵਾਰ ਸੀ, ਗ਼ਲੀ ਵਿੱਚ ਜ਼ਿਆਦਾ ਲੋਕ ਨਹੀਂ ਸਨ। ਜਿਹੜੇ ਉੱਥੇ ਸਨ, ਉਹ ਵੀ ਬਹੁਤ ਘੱਟ ਉਤਸੁਕਤਾ ਜਿਹੀ 'ਚ ਲੱਗੇ। ਉਹ ਗ਼ਲੀ ਦੇ ਦੋਵਾਂ ਕਿਨਾਰਿਆਂ 'ਤੇ ਪਏ ਲੱਕੜ ਦੇ ਦੋ ਬੈਂਚਾਂ 'ਤੇ ਇੱਕ ਦੂਜੇ ਤੋਂ ਕੁੱਝ ਕੁੱਝ ਸਮਾਨ ਦੂਰੀ 'ਤੇ ਬੈਠੇ ਸਨ। ਉਹਨਾਂ ਦੇ ਕੱਪੜੇ ਬਹੁਤ ਮੈਲੇ ਵਿਖਾਈ ਦੇ ਰਹੇ ਸਨ, ਹਾਲਾਂਕਿ ਉਹਨਾਂ ਦੇ ਚਿਹਰੇ ਦੇ ਹਾਵ-ਭਾਵ, ਉਹਨਾਂ ਦੀ ਨਿਮਰਤਾ, ਉਹਨਾਂ ਦੀਆਂ ਦਾੜ੍ਹੀਆਂ ਦਾ ਪ੍ਰਬੰਧਨ ਅਤੇ ਕੁੱਝ ਅਜਿਹੇ ਵੇਰਵੇ ਜਿਹਨਾਂ ਦੀ ਸਹੀ ਵਿਆਖਿਆ ਸੰਭਵ ਨਹੀਂ ਹੈ, ਦੇ ਹਿਸਾਬ ਨਾਲ ਉਹ ਲੋਕ ਸਮਾਜ ਦੀ ਉੱਚੇ ਵਰਗ ਨਾਲ ਸਬੰਧ ਰੱਖਣ ਵਾਲੇ ਲੱਗਦੇ ਸਨ, ਕਿਉਂਕਿ ਕੱਪੜੇ ਟੰਗਣ ਲਈ ਕਿੱਲਾਂ ਉੱਥੇ ਮੌਜੂਦ ਨਹੀਂ ਸਨ, ਉਹਨਾਂ ਨੇ ਆਪਣੇ ਟੋਪ ਬੈਂਚਾਂ ਦੇ ਹੇਠਾਂ ਰੱਖੇ ਹੋਏ ਸਨ- ਸ਼ਾਇਦ ਇੱਕ ਦੂਜੇ ਦੀ ਰੀਸ ਨਾਲ। ਬੂਹੇ ਦੇ ਕੋਲ ਬੈਠੇ ਲੋਕਾਂ ਨੇ ਜਦੋਂ ਕੇ. ਅਤੇ ਅਰਦਲੀ ਨੂੰ ਵੇਖਿਆ ਤਾਂ ਉਹ ਸਵਾਗਤ ਦੀ ਮੁਦਰਾ ਵਿੱਚ ਉੱਠ ਖੜੇ ਹੋਏ, ਅਤੇ ਜਦੋਂ ਦੂਜੇ ਲੋਕਾਂ ਨੇ ਵੀ ਉਹਨਾਂ ਨੂੰ ਅਜਿਹਾ ਕਰਦੇ ਵੇਖਿਆ ਤਾਂ ਉਹਨਾਂ ਨੇ ਵੀ ਯਕੀਨ ਕਰ ਲਿਆ ਕਿ ਉਹਨਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ, ਇਸ ਲਈ ਉਹ ਦੋਵੇਂ ਜਿਵੇਂ-ਜਿਵੇਂ ਅੱਗੇ ਵਧੇ, ਦੋਵਾਂ ਪਾਸੇ ਬੈਠੇ ਲੋਕ ਉੱਠਦੇ ਗਏ। ਉਹ ਇੱਕ ਦਮ ਸਿੱਧੇ ਤਣ ਕੇ ਖੜੇ ਨਹੀਂ ਹੋਏ, ਉਹ ਝੁਕੇ ਹੋਏ ਸਨ, ਗੋਡੇ ਟੇਢੇ ਸਨ, ਅਸਲ 'ਗ਼ਲੀ 'ਚ ਵਿਚਰਦੇ ਭਿਖਾਰੀਆਂ ਦੇ ਵਾਂਗ ਸਨ। ਅਰਦਲੀ ਜਿਹੜਾ ਕੁੱਝ ਪਿੱਛੇ ਚੱਲ ਰਿਹਾ ਸੀ, ਕੇ. ਨੇ ਉਸਦੀ ਉਡੀਕ ਕੀਤੀ ਅਤੇ ਕਿਹਾ- "ਉਹ ਕਿੰਨੇ ਨਿਮਰ ਹਨ।"
"ਹਾਂ, ਅਰਦਲੀ ਨੇ ਕਿਹਾ, "ਉਹ ਸਭ ਮੁੱਦਈ ਹਨ। ਦਰਅਸਲ ਜਿੰਨੇ ਵੀ ਲੋਕ ਤੈਨੂੰ ਇੱਥੇ ਵਿਖਾਈ ਦੇ ਰਹੇ ਹਨ, ਸਭ ਮੁੱਦਈ ਹਨ।"
"ਸਚਮੁੱਚ!" ਕੇ. ਨੇ ਕਿਹਾ, "ਫੇਰ ਤਾਂ ਉਹ ਸਾਰੇ ਮੇਰੇ ਸਾਥੀ ਹਨ।" ਅਤੇ ਉਹ ਸਭ ਤੋਂ ਕੋਲ ਖੜੇ ਆਦਮੀ ਵੱਲ ਮੁੜਿਆ। ਉਹ ਇੱਕ ਲੰਮਾ, ਪਤਲਾ ਆਦਮੀ ਸੀ ਜਿਸਦੇ ਵਾਲ ਚਿੱਟੇ ਹੋ ਗਏ ਸਨ।
"ਤੂੰ ਇੱਥੇ ਕਿਸਦੀ ਉਡੀਕ ਕਰ ਰਿਹਾ ਏਂ? ਕੇ. ਨੇ ਸ਼ਾਲੀਨਤਾ ਨਾਲ ਉਸਤੋਂ ਪੁੱਛਿਆ।
"ਪਰ ਇਸ ਗੈਰਯਕੀਨੀ ਜਿਹੇ ਢੰਗ ਨਾਲ ਪੁੱਛਣ ਕਰਕੇ ਉਹ ਵਿਅਕਤੀ ਪਰੇਸ਼ਾਨ ਜਿਹਾ ਹੋ ਗਿਆ, ਅਤੇ ਉਸਦੀ ਇਹ ਪਰੇਸ਼ਾਨੀ ਵੇਖਣਾ ਵਧੇਰੇ ਦਰਦ ਭਰਿਆ ਸਾਬਿਤ ਹੋਇਆ ਕਿਉਂਕਿ ਸਾਫ਼ ਤੌਰ 'ਤੇ ਉਹ ਆਦਮੀ ਹੰਢਿਆ-ਵਰਤਿਆ ਵਿਖਾਈ ਦੇ ਰਿਹਾ ਸੀ ਅਤੇ ਬਾਹਰ ਕਿਤੇ ਵੀ ਉਹ ਆਪਣੀਆਂ ਭਾਵਨਾਵਾਂ ਦਾ ਮਾਲਕ ਹੋਵੇਗਾ ਅਤੇ ਦੂਜਿਆਂ ਤੋਂ ਉੱਪਰ ਉਸਨੂੰ ਜਿਹੜੀ ਉਦਾਰਤਾ ਹਾਸਲ ਸੀ, ਉਹ ਉਸਨੂੰ ਛੱਡਣ ਵਾਲਾ ਨਹੀਂ ਸੀ। ਪਰ ਉਹ ਇੱਥੇ ਬਿਲਕੁਲ ਸਿੱਧੇ-ਸਾਧੇ ਸਵਾਲ ਦਾ ਉੱਤਰ ਦੇਣੋਂ ਅਸਮਰੱਥ ਵਿਖਾਈ ਦੇ ਰਿਹਾ ਸੀ ਅਤੇ ਉਸਨੇ ਦੂਜੇ ਕੁੱਝ ਲੋਕਾਂ ਨੂੰ ਇੰਝ ਵੇਖਿਆ ਜਿਵੇਂ ਉਹ ਉਹਨਾਂ ਤੋਂ ਮਦਦ ਚਾਹੁੰਦਾ ਹੋਵੇ। ਜੇ ਉਹ ਉਸਦੀ ਮਦਦ ਨਾ ਕਰਨ ਤਾਂ ਉਸਤੋਂ ਜਵਾਬ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਫੇਰ ਅਰਦਲੀ ਅੱਗੇ ਆਇਆ ਅਤੇ ਉਸ ਆਦਮੀ ਨੂੰ ਹੌਸਲਾ ਦੇਣ ਦੇ ਇਰਾਦੇ ਨਾਲ ਬੋਲਿਆ- "ਇਹ ਜਨਾਬ ਤੁਹਾਡੇ ਤੋਂ ਸਿਰਫ਼ ਇਹ ਪੁੱਛ ਰਹੇ ਹਨ ਕਿ ਤੁਸੀਂ ਇੱਥੇ ਕੀ ਕਰ ਰਹੇ ਹੋਂ। ਆਰਾਮ ਨਾਲ ਜਵਾਬ ਦਿਓ।" ਅਰਦਲੀ ਦੀ ਇਸ ਆਵਾਜ਼ ਦਾ ਜਿਸ ਤੋਂ ਉਹ ਸ਼ਾਇਦ ਵਧੇਰੇ ਵਾਕਫ਼ ਸੀ, ਉਸ 'ਤੇ ਜ਼ਿਆਦਾ ਪ੍ਰਭਾਵ ਪਿਆ।
"ਮੈਂ ਉਡੀਕ ਕਰ ਰਿਹਾ ਹਾਂ," ਉਸਨੇ ਬੋਲਣਾ ਸ਼ੁਰੂ ਕੀਤਾ ਤੇ ਰੁਕ ਗਿਆ। ਸ਼ਾਇਦ ਉਸਨੇ ਇਸ ਤਰੀਕੇ ਨਾਲ ਸ਼ੁਰੂ ਕਰਨ ਦੀ ਇਸਲਈ ਸੋਚੀ ਤਾਂਕਿ ਉਹ ਆਪਣੇ ਤੋਂ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦੇ ਸਕਣ ਦੀ ਆਪਣੀ ਅੰਦਰਲੀ ਇੱਛਾ ਜ਼ਾਹਰ ਕਰ ਸਕੇ। ਪਰ ਫ਼ਿਰ ਉਹ ਤੈਅ ਨਹੀਂ ਕਰ ਸਕਿਆ ਕਿ ਇਸ ਤੋਂ ਅੱਗੇ ਕਿਵੇਂ ਆਪਣੀ ਗੱਲਬਾਤ ਜਾਰੀ ਰੱਖੇ। ਉਡੀਕ ਕਰ ਰਹੇ ਲੋਕਾਂ 'ਚੋਂ ਕੁੱਝ ਕੁ ਕੋਲ ਆ ਗਏ ਅਤੇ ਉਹਨਾਂ ਤਿੰਨਾਂ ਨੂੰ ਘੇਰ ਕੇ ਖੜੇ ਹੋ ਗਏ, ਅਰਦਲੀ ਨੇ ਉਹਨਾਂ ਨੂੰ ਕਿਹਾ, "ਪਿੱਛੇ ਹਟ ਜਾਓ, ਅਤੇ ਗੈਲਰੀ ਨੂੰ ਵਿਹਲਾ ਕਰੋ।" ਉਹ ਪਿੱਛੇ ਤਾਂ ਹਟ ਗਏ ਪਰ ਇਸ ਗੱਲਬਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੰਨਾ ਨਹੀਂ। ਇਸ ਵਕਫ਼ੇ 'ਚ ਉਹ ਆਦਮੀ ਜਿਸ ਤੋਂ ਸਵਾਲ ਪੁੱਛਿਆ ਗਿਆ ਸੀ, ਨੇ ਆਪਣੇ ਵਿਚਾਰ ਇਕੱਠੇ ਕੀਤੇ ਅਤੇ (ਇੱਥੋਂ ਤੱਕ ਕਿ ਉਹ ਹੁਣ ਥੋੜ੍ਹਾ ਮੁਸਕੁਰਾ ਵੀ ਰਿਹਾ ਸੀ) ਜਵਾਬ ਦਿੱਤਾ, "ਇੱਕ ਮਹੀਨਾ ਪਹਿਲਾਂ ਮੈਂ ਆਪਣੇ ਕੇਸ ਦੇ ਸਬੂਤ ਇੱਥੇ ਪੇਸ਼ ਕੀਤੇ ਸਨ ਅਤੇ ਹੁਣ ਮੈਂ ਉਹਨਾਂ ਦੇ ਨਤੀਜੇ ਦੀ ਉਡੀਕ ਕਰ ਰਿਹਾ ਹਾਂ।"
"ਤੂੰ ਕਾਫ਼ੀ ਜ਼ਹਿਮਤ ਚੁੱਕ ਰਿਹਾ ਏਂ।" ਕੇ. ਬੋਲਿਆ।
"ਹਾਂ, ਉਸ ਆਦਮੀ ਨੇ ਜਵਾਬ ਦਿੱਤਾ, "ਆਖ਼ਰ ਇਹ ਮੇਰਾ ਹੀ ਤਾਂ ਕੇਸ ਹੈ।"
"ਹਰ ਆਦਮੀ ਤੇਰੀ ਤਰ੍ਹਾਂ ਹੀ ਨਹੀਂ ਸੋਚਦਾ," ਕੇ. ਨੇ ਕਿਹਾ, "ਜਿਵੇਂ ਕਿ ਮੈਂ ਵੀ ਮੁੱਦਈ ਹਾਂ, ਪਰ ਯਕੀਨਨ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਮੈਂ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤੇ ਹਨ, ਅਤੇ ਨਾ ਹੀ ਅਜਿਹਾ ਕੋਈ ਦੂਜਾ ਕੰਮ ਕੀਤਾ ਹੈ। ਕੀ ਤੂੰ ਸਮਝਦਾ ਏਂ ਕਿ ਅਜਿਹਾ ਕਰਨਾ ਜ਼ਰੂਰੀ ਹੈ?"
"ਮੈਨੂੰ ਸਚਮੁੱਚ ਪਤਾ ਨਹੀਂ ਹੈ," ਉਸ ਆਦਮੀ ਨੇ ਇੱਕ ਵਾਰ ਫੇਰ ਪੂਰੀ ਤਰ੍ਹਾਂ ਘਬਰਾਈ ਹੋਈ ਅਵਾਜ਼ 'ਚ ਬੋਲਿਆ। ਸਾਫ਼ ਤੌਰ 'ਤੇ ਉਹ ਸੋਚ ਰਿਹਾ ਸੀ ਕਿ ਕੇ. ਉਸ ਨਾਲ ਮਜ਼ਾਕ ਕਰ ਰਿਹਾ ਹੈ, ਦੂਜੀ ਗ਼ਲਤੀ ਕਰ ਦੇਣ ਦੇ ਡਰ ਤੋਂ, ਉਸਨੇ ਫ਼ਿਰ ਉਹੀ ਗੱਲ ਦੁਹਰਾਉਣੀ ਠੀਕ ਸਮਝੀ, ਪਰ ਕੇ. ਦੀ ਬੇਸਬਰ ਜਿਹੀ ਨਜ਼ਰ ਵੇਖ ਕੇ ਉਹ ਇੰਨਾ ਹੀ ਕਹਿ ਸਕਿਆ, "ਮੈਂ ਆਪਣੇ ਵੱਲੋਂ ਸਬੂਤ ਪੇਸ਼ ਕਰ ਦਿੱਤੇ ਹਨ।" "ਲੱਗਦਾ ਹੈ ਤੈਨੂੰ ਯਕੀਨ ਨਹੀਂ ਹੈ ਕਿ ਮੈਂ ਮੇਰੇ 'ਤੇ ਵੀ ਕੇਸ ਚੱਲ ਰਿਹਾ ਹੈ?" ਕੇ. ਨੇ ਉਸ ਤੋਂ ਪੁੱਛਿਆ।
"ਓਹ, ਪਰ ਮੈਨੂੰ ਯਕੀਨ ਹੈ, ਸਚਮੁੱਚ," ਉਸ ਆਦਮੀ ਨੇ ਕਿਹਾ ਅਤੇ ਇੱਕ ਪਾਸੇ ਹਟ ਗਿਆ, ਹਾਲਾਂਕਿ ਉਸਦੇ ਜਵਾਬ ਤੋਂ ਇਹ ਲੱਗਿਆ ਕਿ ਉਹ ਡਰਿਆ ਹੋਇਆ ਹੈ, ਨਾ ਕਿ ਇਹ ਕਿ ਉਸਨੂੰ ਕੇ. ਤੇ ਯਕੀਨ ਹੈ।
"ਤਾਂ ਤੂੰ ਮੇਰੇ 'ਤੇ ਯਕੀਨ ਨਹੀਂ ਕਰ ਰਿਹਾ?" ਕੇ. ਨੇ ਪੁੱਛਿਆ ਅਤੇ ਮਨ ਵਿੱਚ ਉਸ ਆਦਮੀ ਦੇ ਨਿਮਰ ਵਿਹਾਰ ਤੋਂ ਉੱਤੇਜਿਤ ਹੋ ਕੇ, ਉਸਨੇ ਉਸਦੀ ਬਾਂਹ ਫੜ ਲਈ, ਜਿਵੇਂ ਕਿ ਜ਼ਬਰਦਸਤੀ ਉਸਨੂੰ ਯਕੀਨ ਦਿਵਾਉਣ 'ਤੇ ਤੁਲਿਆ ਹੋਵੇ। ਪਰ ਉਸਦਾ ਇਰਾਦਾ ਉਸ ਆਦਮੀ ਨੂੰ ਦੁੱਖ ਪੁਚਾਉਣ ਦਾ ਨਹੀਂ ਸੀ ਅਤੇ ਉਸਨੇ ਉਸਨੂੰ ਹੌਲੀ ਜਿਹੀ ਹੀ ਫੜਿਆ ਸੀ, ਪਰ ਉਹ ਆਦਮੀ ਜ਼ੋਰ ਨਾਲ ਚੀਕ ਪਿਆ, ਜਿਵੇਂ ਕਿ ਕੇ. ਨੇ ਉਸਨੂੰ ਸਿਰਫ ਦੋ ਉਂਗਲਾਂ ਨਾਲ ਨਾ ਫੜ ਕੇ, ਚਿਮਟੇ ਨਾਲ ਫੜ ਲਿਆ ਹੋਵੇ। ਇਸ ਬੇਵਜ੍ਹਾ ਚੀਕ-ਚਿਹਾੜੇ ਨੇ ਕੇ. ਦੇ ਸੰਜਮ ਨੂੰ ਤੋੜ ਦਿੱਤਾ। ਜੇ ਉਹ ਲੋਕ ਯਕੀਨ ਨਹੀਂ ਕਰਦੇ ਕਿ ਉਹ ਵੀ ਇੱਕ ਮੁੱਦਈ ਹੈ, ਤਾਂ ਚੰਗਾ ਹੀ ਹੈ। ਸ਼ਾਇਦ ਇਹ ਆਦਮੀ ਤਾਂ ਉਸਨੂੰ ਜੱਜ ਹੀ ਮੰਨੀ ਬੈਠਾ ਹੋਵੇ। ਅਤੇ ਹੁਣ, ਜਾਣ ਦੀ ਤਿਆਰੀ ਵਿੱਚ, ਉਸਨੇ ਉਸ ਆਦਮੀ ਨੂੰ ਸੱਚੀਂ ਜ਼ੋਰ ਨਾਲ ਫੜ ਕੇ, ਪਿੱਛੇ ਧੱਕ ਕੇ ਬੈਂਚ 'ਤੇ ਸੁੱਟ ਦਿੱਤਾ ਅਤੇ ਅੱਗੇ ਨਿਕਲ ਗਿਆ।
"ਬਹੁਤੇ ਮੁੱਦਈ ਇਸੇ ਤਰਾਂ ਸੰਜੀਦਾ ਹੁੰਦੇ ਹਨ।" ਅਰਦਲੀ ਨੇ ਕਿਹਾ। ਉਹਨਾਂ ਦੇ ਪਿੱਛੇ ਜਿਹੜੇ ਲੋਕ ਉਡੀਕ ਵਿੱਚ ਬੈਠੇ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਆਦਮੀ ਉਸਦੇ ਆਲੇ-ਦੁਆਲੇ ਇੱਕਠੇ ਹੋ ਗਏ, ਜਿਹੜਾ ਹੁਣ ਤੱਕ ਆਪਣੇ ਚੀਕਚਿਹਾੜੇ ਤੋਂ ਮੁਕਤ ਹੋ ਗਿਆ ਸੀ, ਅਤੇ ਉਹ ਉਸ ਤੋਂ ਇਸ ਘਟਨਾ ਦੀ ਪੁੱਛਗਿੱਛ ਕਰਦੇ ਪ੍ਰਤੀਤ ਹੋ ਰਹੇ ਸਨ। ਹੁਣ ਕੇ. ਦੇ ਕੋਲ ਇੱਕ ਵਾਰਡਰ ਆ ਗਿਆ ਜਿਹੜਾ ਆਪਣੇ ਸਰੀਰ 'ਤੇ ਧਾਰਨ ਕੀਤੇ ਗਏ ਖ਼ੰਜਰ ਤੋਂ ਪਛਾਣਿਆ ਜਾਂਦਾ ਸੀ। ਖ਼ੰਜਰ ਦੀ ਮਿਆਨ (ਘੱਟੋ-ਘੱਟ ਉਸਦੇ ਰੰਗ ਦੇ ਅਧਾਰ 'ਤੇ) ਐਲੂਮੀਨੀਅਮ ਦੀ ਬਣੀ ਹੋਈ ਸੀ। ਵਾਰਡਰ, ਜਿਹੜਾ ਉਸ ਚੀਕ-ਚਿਹਾੜੇ ਕਾਰਨ ਇੱਧਰ ਆ ਪੁੱਜਾ ਸੀ, ਨੇ ਪੁੱਛਿਆ ਕਿ ਇੱਧਰ ਕੀ ਹੋਇਆ ਸੀ। ਅਰਦਲੀ ਨੇ ਉਸਨੂੰ ਕੁੱਝ ਸ਼ਬਦਾਂ ਦੇ ਨਾਲ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਰਡਰ ਨੇ ਕਿਹਾ ਕਿ ਉਹ ਆਪ ਪਤਾ ਕਰੇਗਾ, ਇਸ ਲਈ ਉਸਨੇ ਸਲੂਟ ਮਾਰਿਆ ਅਤੇ ਤੇਜ਼ ਪਰ ਛੋਟੇ ਕਦਮਾਂ, ਜਿਹਨਾਂ 'ਤੇ ਗਠੀਏ ਦੇ ਹਾਵੀ ਹੋਣ ਦਾ ਅੰਦੇਸ਼ਾ ਸੀ, ਨਾਲ ਚਲਾ ਗਿਆ। ਕੇ. ਨੇ ਉਸ ਆਦਮੀ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਸੋਚਿਆ ਅਤੇ ਨਾ ਹੀ ਗੈਲਰੀ ਵਿੱਚ ਮੌਜੂਦ ਲੋਕਾਂ ਦੇ ਬਾਰੇ ਵਿੱਚ, ਉਸਨੇ ਵੇਖਿਆ ਕਿ ਬਿਨ੍ਹਾਂ ਬੂਹੇ ਦੇ ਇੱਕ ਖੁੱਲ੍ਹਾਪਣ ਜਿਹਾ ਹੈ ਜਿੱਥੋਂ ਉਹ ਅੰਦਰ ਦਾਖਲ ਹੋ ਸਕਦਾ ਹੈ। ਉਸਨੇ ਅਰਦਲੀ ਤੋਂ ਪੁੱਛਿਆ ਕਿ ਕੀ ਅੰਦਰ ਜਾਣ ਦਾ ਇਹ ਸਹੀ ਰਸਤਾ ਹੈ ਅਤੇ ਅਰਦਲੀ ਨੇ ਸਿਰ ਹਿਲਾ ਦਿੱਤਾ। ਇਸ ਲਈ ਕੇ. ਮੁੜ ਗਿਆ। ਉਸਨੂੰ ਅੰਦਰੋ-ਅੰਦਰੀ ਆਪਣੇ ਉੱਪਰ ਗੁੱਸਾ ਆ ਰਿਹਾ ਸੀ ਕਿ ਉਸਨੂੰ ਅਰਦਲੀ ਤੋਂ ਇੱਕ-ਦੋ ਕਦਮ ਅੱਗੇ ਚੱਲਣਾ ਪੈ ਰਿਹਾ ਹੈ, ਕਿਉਂਕਿ ਇਸ ਤੋਂ ਇਸ ਜਗ੍ਹਾ 'ਤੇ ਇਹ ਪ੍ਰਭਾਵ ਪੈਂਦਾ ਸੀ ਕਿ ਉਸਨੂੰ ਗਿਰਫ਼ਤਾਰ ਕਰਕੇ ਲਿਜਾਇਆ ਜਾ ਰਿਹਾ ਹੈ। ਇਸ ਲਈ ਉਸਨੇ ਅਰਦਲੀ ਦਾ ਵਾਰ-ਵਾਰ ਰੁਕ ਕੇ ਇੰਤਜ਼ਾਰ ਨਾ ਕਰਨ ਦਾ ਮਨ ਬਣਾਇਆ, ਪਰ ਉਹ ਫੇਰ ਉਸਦੇ ਪਿੱਛੇ ਆ ਜਾਂਦਾ ਸੀ। ਉਸਨੇ ਇਸ ਮਨ ਦੀ ਹਾਲਤ 'ਤੇ ਕਾਬੂ ਕਰਨ ਦੇ ਇਰਾਦੇ ਨਾਲ ਉਸਨੂੰ ਕਿਹਾ, "ਠੀਕ ਹੈ, ਹੁਣ ਕਿਉਂਕਿ ਇੱਥੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਇਹ ਜਾਣ ਲੈਣ ਪਿੱਛੋਂ ਮੈਨੂੰ ਇੱਥੋਂ ਚੱਲਣਾ ਚਾਹੀਦਾ ਹੈ।"
"ਪਰ ਅਜੇ ਤਾਂ ਤੂੰ ਇੱਥੇ ਕੁੱਝ ਵੇਖਿਆ ਵੀ ਨਹੀਂ ਹੈ।" ਇੱਕ ਦਮ ਇਮਾਨਦਾਰੀ ਦੇ ਭਾਵ ਨਾਲ ਅਰਦਲੀ ਨੇ ਕਿਹਾ।
"ਮੈਂ ਹਰੇਕ ਚੀਜ਼ ਵੇਖਣ ਦਾ ਇੱਛੁਕ ਨਹੀਂ ਹਾਂ," ਕੇ. ਜਿਹੜਾ ਹੁਣ ਵਾਕਈ ਥੱਕ ਗਿਆ ਸੀ, ਬੋਲਿਆ, "ਮੈਂ ਵਾਪਸ ਜਾ ਰਿਹਾ ਹਾਂ। ਕੋਈ ਬਾਹਰ ਦਾ ਰਸਤਾ ਕਿਵੇਂ ਲੱਭ ਸਕਦਾ ਹੈ?"
"ਸ਼ਾਇਦ ਤੂੰ ਇੱਥੇ ਗੁਆਚ ਤਾਂ ਨਹੀਂ ਗਿਆ ਏਂ?" ਅਰਦਲੀ ਨੇ ਹੈਰਾਨੀ ਨਾਲ ਪੁੱਛਿਆ। "ਸਿੱਧਾ ਉੱਪਰ ਕਿਨਾਰੇ ਤੱਕ ਚਲਾ ਜਾ ਅਤੇ ਸੱਜੇ ਮੁੜ ਜਾਵੀਂ, ਫੇਰ ਗੈਲਰੀ 'ਚ ਸਿੱਧਾ ਤੁਰ ਕੇ ਤੂੰ ਬੂਹੇ ਤੱਕ ਪਹੁੰਚ ਜਾਵੇਗਾ।
"ਮੇਰੇ ਨਾਲ ਆ," ਕੇ. ਨੇ ਕਿਹਾ, "ਅਤੇ ਮੈਨੂੰ ਰਸਤਾ ਵਿਖਾ। ਮੈਂ ਭੁੱਲ ਜਾਵਾਂਗਾ, ਇਸ ਵਿੱਚ ਕਿੰਨੇ ਹੀ ਮੋੜ ਹਨ।"
"ਇਹੀ ਤਾਂ ਇੱਕ ਰਸਤਾ ਹੈ, ਜਿੱਥੋਂ ਤੂੰ ਜਾ ਸਕਦਾ ਏਂ," ਅਰਦਲੀ ਨੇ ਥੋੜ੍ਹੇ ਜਿਹੇ ਗੁੱਸੇ ਦੇ ਭਾਵ ਨਾਲ ਕਿਹਾ, "ਹੁਣ ਮੈਂ ਦੋਬਾਰਾ ਵਾਪਸ ਨਹੀਂ ਜਾ ਸਕਦਾ, ਮੈਂ ਆਪਣਾ ਸੁਨੇਹਾ ਦੇਣਾ ਹੈ ਅਤੇ ਤੇਰੇ ਕਾਰਨ ਮੈਂ ਕਾਫ਼ੀ ਵਕਤ ਬਰਬਾਦ ਕਰ ਚੁੱਕਾ ਹਾਂ।"
"ਮੇਰੇ ਨਾਲ ਆ।" ਕੇ. ਨੇ ਦੁਹਰਾਇਆ, ਹੁਣ ਵਧੇਰੇ ਤੀਬਰਤਾ ਨਾਲ, ਜਿਵੇਂ ਹੁਣ ਉਸਨੇ ਅਰਦਲੀ ਨੂੰ ਝੂਠ ਬੋਲਦੇ ਹੋਏ ਫੜ ਲਿਆ ਹੋਵੇ। "ਇਸ ਤਰ੍ਹਾਂ ਰੌਲਾ ਪਾਉਣ ਦੀ ਲੋੜ ਨਹੀਂ ਹੈ," ਅਰਦਲੀ ਫੁਸਫੁਸਾਇਆ, "ਇੱਥੇ ਚਾਰੇ ਪਾਸੇ ਦਫ਼ਤਰ ਹਨ। ਜੇ ਤੂੰ ਇੱਕੱਲਾ ਵਾਪਸ ਨਹੀਂ ਜਾਣਾ ਚਾਹੁੰਦਾ ਤਾਂ ਮੇਰੇ ਨਾਲ ਥੋੜ੍ਹਾ ਜਿਹਾ ਅੱਗੇ ਚੱਲ ਜਾਂ ਫ਼ਿਰ ਇੱਥੇ ਹੀ ਰੁਕ ਕੇ ਮੇਰੀ ਉਡੀਕ ਕਰ ਜਦੋਂ ਤੱਕ ਮੈਂ ਆਪਣਾ ਸੁਨੇਹਾ ਨਾ ਦੇ ਆਵਾਂ ਅਤੇ ਫ਼ਿਰ ਮੈਂ ਤੇਰੇ ਨਾਲ ਖੁਸ਼ੀ-ਖੁਸ਼ੀ ਵਾਪਸ ਤੁਰ ਪਵਾਂਗਾ।
"ਨਹੀਂ, ਨਹੀਂ, ਕੇ. ਬੋਲਿਆ, "ਮੈਂ ਉਡੀਕ ਨਹੀਂ ਕਰਾਂਗਾ। ਹੁਣ ਤੈਨੂੰ ਮੇਰੇ ਨਾਲ ਆਉਣਾ ਹੀ ਪਵੇਗਾ।"
ਕੇ. ਨੇ ਅਜੇ ਤੱਕ ਇਸ ਜਗ੍ਹਾ 'ਤੇ ਰਤਾ ਵੀ ਧਿਆਨ ਨਾਲ ਨਜ਼ਰ ਨਹੀਂ ਘੁਮਾਈ ਸੀ, ਜਿੱਥੇ ਇਸ ਜਗ੍ਹਾ 'ਤੇ ਉਹ ਮੌਜੂਦ ਸੀ, ਅਤੇ ਉੱਥੇ ਮੌਜੂਦ ਲੱਕੜ ਦੇ ਕਈ ਬੂਹਿਆਂ ਵਿੱਚੋਂ ਜਦੋਂ ਇੱਕ ਖੁਲ੍ਹਿਆ ਤਾਂ ਹੀ ਉਸਦਾ ਧਿਆਨ ਉੱਧਰ ਗਿਆ। ਇੱਕ ਕੁੜੀ ਜਿਹੜੀ ਕੇ. ਦੀ ਉੱਚੀ ਅਵਾਜ਼ ਸੁਣ ਕੇ ਇੱਧਰ ਆ ਗਈ ਸੀ, ਸਾਹਮਣੇ ਪੇਸ਼ ਹੋਈ ਅਤੇ ਬੋਲੀ-
"ਤੁਸੀਂ ਕੀ ਚਾਹੁੰਦੇ ਹੋਂ ਸ਼੍ਰੀਮਾਨ?" ਉਸਦੇ ਪਿੱਛੇ ਫੈਲੇ ਹਲਕੇ ਹਨੇਰੇ ਵਿੱਚ ਕੇ. ਨੇ ਵੇਖਿਆ ਕਿ ਕੋਈ ਤੁਰਿਆ ਆ ਰਿਹਾ ਹੈ। ਕੇ. ਨੇ ਆਪਣੀ ਨਜ਼ਰ ਅਰਦਲੀ ਵੱਲ ਭਜਾਈ। ਆਖ਼ਰ ਉਸਨੇ ਹੀ ਤਾਂ ਕਿਹਾ ਸੀ ਕਿ ਕੇ. ਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ ਅਤੇ ਫ਼ਿਰ ਵੀ ਇੱਥੇ ਦੋ ਅਜਿਹੇ ਲੋਕ ਮੌਜੂਦ ਹੋ ਗਏ ਸਨ। ਹੁਣ ਬਹੁਤਾ ਵਕ਼ਤ ਨਹੀਂ ਲੱਗੇਗਾ ਕਿ ਅਧਿਕਾਰੀ ਉਸਦੇ ਵੱਲ ਧਿਆਨ ਦੇਣ ਲੱਗਣਗੇ, ਉਸਦੀ ਮੌਜੂਦਗੀ ਦੇ ਬਾਰੇ ਵਿੱਚ ਸਫ਼ਾਈ ਮੰਗਣਗੇ। ਹੁਣ ਕਿਉਂਕਿ ਇੱਕ ਦਮ ਢੁੱਕਵਾਂ ਅਤੇ ਮੰਨਣਯੋਗ ਸਪੱਸ਼ਟੀਕਰਨ ਤਾਂ ਇਹੀ ਸੀ ਕਿ ਉਹ ਅਗਲੀ ਸੁਣਵਾਈ ਦੀ ਤਰੀਕ ਪੁੱਛਣ ਲਈ ਇੱਥੇ ਆਇਆ ਹੈ, ਪਰ ਇਹ ਸਪੱਸ਼ਟੀਕਰਨ ਅਜਿਹਾ ਸੀ ਕਿ ਉਹ ਦੇਣ ਦਾ ਕਤੱਈ ਇੱਛੁਕ ਨਹੀਂ ਸੀ, ਖ਼ਾਸ ਕਰਕੇ ਕਿਉਂਕਿ ਇਹ ਸੱਚਾਈ ਨਹੀਂ ਸੀ, ਕਿਉਂਕਿ ਉਸਦੇ ਇੱਥੇ ਆਉਣ ਦਾ ਕਾਰਨ ਸਿਰਫ਼ ਜਿਗਿਆਸਾ ਸੀ, ਜਾਂ ਇਹ ਸਾਬਤ ਕਰਨ ਦੀ ਇੱਛਾ ਸੀ ਕਿ ਇਸ ਕਾਨੂੰਨੀ ਵਿਵਸਥਾ ਦਾ ਅੰਦਰੂਨੀ ਚਿਹਰਾ ਵੀ ਬਾਹਰੀ ਚਿਹਰੇ ਜਿੰਨਾ ਹੀ ਵਿਰੋਧੀ ਲੱਗਣ ਵਾਲਾ ਹੈ। ਅਤੇ ਹੁਣ ਲੱਗ ਰਿਹਾ ਸੀ ਕਿ ਉਸਦੀ ਇਹ ਕਲਪਨਾ ਸਹੀ ਸੀ, ਅਤੇ ਹੁਣ ਉਹ ਇਸ ਮਨੋ-ਸਥਿਤੀ ਵਿੱਚ ਨਹੀਂ ਸੀ ਕਿ ਕਿਸੇ ਸੀਨੀਅਰ ਅਧਿਕਾਰੀ ਦਾ ਸਾਹਮਣਾ ਕਰ ਸਕੇ, ਜਿਹੜਾ ਕਿਸੇ ਵੀ ਦਰਵਾਜ਼ੇ 'ਚੋਂ ਨਿਕਲ ਕੇ ਉਸਦੇ ਸਾਹਮਣੇ ਆ ਸਕਦਾ ਸੀ। ਹੁਣ ਉਹ ਵਾਪਸ ਜਾਣਾ ਚਾਹੁੰਦਾ ਸੀ। ਜਾਂ ਤਾਂ ਅਰਦਲੀ ਦੇ ਨਾਲ, ਜਾਂ 'ਕੱਲਾ ਹੀ, ਜੇ ਉਸਨੇ ਜਾਣਾ ਹੀ ਹੈ ਤਾਂ।
ਪਰ ਉੱਥੇ ਚੁੱਪਚਾਪ ਖੜੇ ਰਹਿਣ ਕਰਕੇ ਲੋਕਾਂ ਦਾ ਧਿਆਨ ਉਸ ਵੱਲ ਹੋ ਗਿਆ ਸੀ, ਅਤੇ ਅਸਲ 'ਚ ਉਹ ਕੁੜੀ ਅਤੇ ਅਰਦਲੀ ਦੋਵੇਂ ਹੀ ਉਸਨੂੰ ਇੰਝ ਵੇਖ ਰਹੇ ਸਨ ਜਿਵੇਂ ਆਉਣ ਵਾਲੇ ਪਲ ਵਿੱਚ ਹੀ ਉਸਦੇ ਅੰਦਰ ਕੋਈ ਬਹੁਤ ਵੱਡੀ ਤਬਦੀਲੀ ਆਉਣ ਵਾਲੀ ਹੋਵੇ ਅਤੇ ਉਹ ਉਸਨੂੰ ਹੁੰਦੇ ਹੋਏ ਵੇਖਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੇ ਸਨ। ਉਹ ਆਦਮੀ ਜਿਸਨੂੰ ਕੇ. ਨੇ ਕੁੱਝ ਦੂਰੀ 'ਤੇ ਪਹਿਲਾਂ ਵੇਖਿਆ ਸੀ, ਹੁਣ ਬੂਹੇ 'ਤੇ ਕੋਲ ਆ ਖੜਾ ਸੀ। ਉਸਨੇ ਬੂਹੇ ਦੇ ਉੱਪਰ ਲੱਗੀ ਕੁੜੀ ਨੂੰ ਆਪਣੇ ਹੱਥਾਂ ਨਾਲ ਫੜਿਆ ਹੋਇਆ ਸੀ ਅਤੇ ਬੇਚੈਨ ਆਦਮੀ ਦੀ ਤਰ੍ਹਾਂ ਆਪਣੀਆਂ ਅੱਡੀਆਂ ਉੱਪਰ ਕਰਕੇ ਤੁਰਿਆ ਆ ਰਿਹਾ ਸੀ। ਪਰ ਕੁੜੀ ਨੇ ਸਭ ਤੋਂ ਪਹਿਲਾਂ ਇਹ ਮਹਿਸੂਸ ਕੀਤਾ ਕਿ ਕੇ. ਦਾ ਰਵੱਈਆ ਉਸਦੇ ਅੰਦਰ ਕਿਸੇ ਬੇਚੈਨੀ ਦੇ ਕਾਰਨ ਹੀ ਅਜਿਹਾ ਹੈ; ਉਹ ਇੱਕ ਕੁਰਸੀ ਲਿਆਈ ਅਤੇ ਕਿਹਾ- "ਕੀ ਤੁਸੀਂ ਬੈਠਣਾ ਚਾਹੇਂਗਾ?"
ਉਹ ਫ਼ੌਰਨ ਬੈਠ ਗਿਆ, ਅਤੇ ਜਿਵੇਂ ਹੋਰ ਵਧੇਰੇ ਆਰਾਮ ਕਰਨ ਲਈ, ਉਸਨੇ ਆਪਣੀਆਂ ਕੂਹਾਣੀਆਂ ਕੁਰਸੀ ਦੀਆਂ ਬਾਹਾਂ 'ਤੇ ਟਿਕਾ ਦਿੱਤੀਆਂ।
"ਤੁਸੀਂ ਕੁੱਝ ਬੇਆਰਾਮੀ ਮਹਿਸੂਸ ਕਰ ਰਹੇ ਹੋਂ, ਕਿ ਨਹੀਂ?" ਉਸਨੇ ਉਸ ਤੋਂ ਪੁੱਛਿਆ। ਹੁਣ ਉਸਨੇ ਕੁੜੀ ਦੇ ਚਿਹਰੇ ਨੂੰ ਠੀਕ ਸਾਹਮਣੇ ਵੇਖਿਆ, ਉਸ ਉੱਤੇ ਉਹ ਦੁੱਖ ਦਾ ਭਾਵ ਮੌਜੂਦ ਸੀ ਜਿਹੜਾ ਬਹੁਤ ਸਾਰੀਆਂ ਸੋਹਣੀਆਂ ਅਤੇ ਜਵਾਨ ਔਰਤਾਂ ਦੇ ਚਿਹਰੇ 'ਤੇ ਜਵਾਨੀ ਦੇ ਦਿਨਾਂ 'ਚ ਆ ਜਾਂਦਾ ਹੈ।
"ਇਸਦੀ ਫ਼ਿਕਰ ਨਾ ਕਰੋ," ਉਹ ਬੋਲੀ, "ਇੱਥੇ ਸਭ ਕੁੱਝ ਅਸਧਾਰਨ ਨਹੀਂ ਹੈ, ਲਗਭਗ ਹਰੇਕ ਨੂੰ ਇਹ ਝਟਕਾ ਲੱਗਦਾ ਹੀ ਹੈ, ਜਦੋਂ ਉਹ ਪਹਿਲੀ ਵਾਰ ਇੱਥੇ ਆਉਂਦਾ ਹੈ। ਤੂੰ ਵੀ ਇੱਥੇ ਪਹਿਲੀ ਵਾਰ ਹੀ ਆਇਆ ਏਂ, ਕਿ ਨਹੀਂ? ਤਾਂ ਫ਼ਿਰ ਇੱਥੇ ਕੁੱਝ ਵੀ ਅਸਧਾਰਨ ਨਹੀਂ ਹੈ, ਸੂਰਜ ਦੀ ਗਰਮੀ ਛੱਤ ਦੀ ਲੱਕੜ ਤੋਂ ਹੇਠਾਂ ਆਉਂਦੀ ਹੈ, ਅਤੇ ਗਰਮ ਲੱਕੜ ਹਵਾ ਨੂੰ ਇੱਕ ਦਮ ਬੰਦ ਅਤੇ ਭਾਰਾ ਬਣਾ ਦਿੰਦੀ ਹੈ। ਇਸ ਲਈ ਇਹ ਜਗ੍ਹਾ ਦਫ਼ਤਰਾਂ ਲਈ ਠੀਕ ਨਹੀਂ ਹੈ। ਇਸਦੇ ਬਾਕੀ ਜਿਹੜੇ ਵੀ ਫ਼ਾਇਦੇ ਹੋਣ, ਪਰ ਜਿੱਥੋਂ ਤੱਕ ਹਵਾ ਦਾ ਸਵਾਲ ਹੈ, ਉਹਨਾਂ ਦਿਨਾਂ ਵਿੱਚ ਜਦੋਂ ਮੁੱਦਈ ਲੋਕਾਂ ਦੀ ਭੀੜ ਇੱਥੇ ਆਉਂਦੀ-ਜਾਂਦੀ ਹੈ (ਅਤੇ ਇਸ ਤੋਂ ਮਤਲਬ ਹੈ ਕਿ ਲਗਭਗ ਹਰ ਰੋਜ਼) ਤੁਸੀਂ ਇੱਥੇ ਠੀਕ ਤਰ੍ਹਾਂ ਸਾਹ ਨਹੀਂ ਲੈ ਸਕਦੇ। ਅਤੇ ਜਦੋਂ ਤੁਸੀਂ ਆਪਣੀ ਕਲਪਨਾ 'ਤੇ ਜ਼ੋਰ ਦਿਓ ਕਿ ਜਦੋਂ ਇੱਧਰ ਕੱਪੜੇ ਸੁਕਾਉਣ ਲਈ ਪਾਏ ਹੋਣ, ਹੁਣ ਕਿਰਾਏਦਾਰਾਂ ਨੂੰ ਤਾਂ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ, ਤਾਂ ਇਹ ਹੈਰਾਨੀ ਤਾਂ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਖ਼ੁਦ ਨੂੰ ਬਿਮਾਰ ਮਹਿਸੂਸ ਕਰਨ ਲੱਗੋਂ। ਹਾਲਾਂਕਿ ਆਦਮੀ ਇਸ ਹਵਾ ਦੇ ਪ੍ਰਤੀ ਆਪਣੇ ਆਪ ਨੂੰ ਢਾਲ ਲੈਂਦਾ ਹੈ। ਜਦੋਂ ਵੀ ਤੁਸੀਂ ਦੂਜੀ ਜਾਂ ਤੀਜੀ ਵਾਰ ਇੱਧਰ ਵਾਪਸ ਆਓਗੇ ਤਾਂ ਤੁਹਾਨੂੰ ਇਹ ਘੁਟਣ ਸ਼ਾਇਦ ਹੀ ਮਹਿਸੂਸ ਹੋਵੇ। ਕੀ ਤੁਹਾਨੂੰ ਹੁਣ ਬਿਹਤਰ ਮਹਿਸੂਸ ਹੋ ਰਿਹਾ ਹੈ?"
ਕੇ. ਨੇ ਕੋਈ ਜਵਾਬ ਨਾ ਦਿੱਤਾ, ਆਪਣੇ ਅੰਦਰ ਉੱਗ ਆਈ ਕਮਜ਼ੋਰੀ ਦੇ ਕਾਰਨ ਖ਼ੁਦ ਨੂੰ ਇਹਨਾਂ ਲੋਕਾਂ ਦੇ ਤਰਸ 'ਤੇ ਵੇਖ ਕੇ ਉਸਨੂੰ ਬਹੁਤ ਗੁੱਸਾ ਆਇਆ, ਅਤੇ ਇਸਤੋਂ ਇਲਾਵਾ, ਹੁਣ ਉਸਨੂੰ ਮਹਿਸੂਸ ਹੋਇਆ ਕਿ ਉਹ ਕਿਉਂ ਬਿਮਾਰ ਜਿਹਾ ਮਹਿਸੂਸ ਕਰ ਰਿਹਾ ਹੈ। ਉਸਨੂੰ ਇਸ ਤੋਂ ਕੋਈ ਰਾਹਤ ਨਹੀਂ ਮਹਿਸੂਸ ਹੋ ਰਹੀ ਸੀ, ਅਤੇ ਇਸ ਤੋਂ ਉਲਟ ਉਹ ਬਦਤਰ ਮਹਿਸੂਸ ਕਰ ਰਿਹਾ ਸੀ। ਕੁੜੀ ਨੇ ਇਸਨੂੰ ਅਚਾਨਕ ਪਛਾਣ ਲਿਆ ਅਤੇ ਕੇ. ਨੂੰ ਥੋੜ੍ਹੀ ਹਵਾ ਦੇਣ ਦੇ ਇਰਾਦੇ ਨਾਲ, ਉਸਨੇ ਕੰਧ ਦੇ ਨਾਲ ਲੱਗਿਆ ਡੰਡਾ ਉਸਦੀ ਹੁਕ ਤੋਂ ਹਟਾਇਆ ਅਤੇ ਇੱਕ ਦੂਹਰੀ ਖਿੜਕੀ ਦੇ ਬੂਹੇ ਖੋਲ੍ਹ ਦਿੱਤੇ ਜਿਹੜੇ ਕੇ. ਦੇ ਸਿਰ ਉੱਪਰ ਸਨ ਅਤੇ ਜਿਹਨਾਂ ਵਿੱਚੋਂ ਤਾਜ਼ਾ ਹਵਾ ਅੰਦਰ ਆ ਰਹੀ ਸੀ। ਪਰ ਉਸਦੇ ਖੁੱਲ੍ਹਦਿਆਂ ਹੀ ਇੰਨੀ ਕਾਲਖ ਅੰਦਰ ਆ ਗਈ ਕਿ ਕੁੜੀ ਨੂੰ ਇੱਕ ਦਮ ਖਿੜਕੀ ਬੰਦ ਕਰਨੀ ਪਈ ਅਤੇ ਕੇ. ਦੇ ਹੱਥ ਤੇ ਆ ਪਈ ਉਸ ਕਾਲੀ ਗਰਦ ਨੂੰ ਆਪਣੇ ਰੁਮਾਲ ਨਾਲ ਪੂੰਝਣਾ ਪਿਆ, ਕਿਉਂਕਿ ਕੇ. ਬਹੁਤ ਘਬਰਾਇਆ ਹੋਇਆ ਸੀ ਅਤੇ ਆਪਣੀ ਮਦਦ ਆਪ ਕਰਨ ਵਿੱਚ ਸਮਰੱਥ ਨਹੀਂ ਜਾਪਦਾ ਸੀ। ਉਹ ਉੱਠ ਕੇ ਤੁਰ ਪੈਣਾ ਪਸੰਦ ਕਰਦਾ ਪਰ ਉਸਨੂੰ ਉਨੀ ਹੀ ਦੇਰ ਹੋਣ ਵਾਲੀ ਸੀ।
"ਕੀ ਤੁਸੀਂ ਇੱਥੇ ਰੁਕ ਨਹੀਂ ਸਕਦੇ, ਅਸੀਂ ਆਉਣ-ਜਾਣ ਵਾਲੇ ਲੋਕਾਂ ਦੇ ਰਸਤੇ ਵਿੱਚ ਆ ਰਹੇ ਹਾਂ..." ਅੱਖਾਂ ਹੀ ਅੱਖਾਂ ਵਿੱਚ ਕੇ. ਨੇ ਪੁੱਛਿਆ ਕਿ ਉਹ ਕਿਸ ਦੇ ਰਸਤੇ ਵਿੱਚ ਆ ਰਿਹਾ ਹੈ। "ਜੇ ਤੁਸੀਂ ਚਾਹੋਂ ਤਾਂ ਮੈਂ ਤੁਹਾਨੂੰ ਰੋਗੀਆਂ ਦੇ ਕਮਰੇ ਤੱਕ ਲੈ ਚਲਾਂਗੀ। ਕਿਰਪਾ ਕਰਕੇ ਮੇਰੀ ਮਦਦ ਕਰੋ।" ਉਸਨੇ ਗੈਲਰੀ 'ਚ ਖੜੇ ਇੱਕ ਆਦਮੀ ਨੂੰ ਕਿਹਾ, ਜਿਹੜਾ ਫ਼ੌਰਨ ਉਸਦੇ ਨੇੜੇ ਆ ਗਿਆ। ਪਰ ਕੇ. ਉੱਥੇ ਨਹੀਂ ਜਾਣਾ ਚਾਹੁੰਦਾ ਸੀ, ਇਸ ਤੋਂ ਅੱਗੇ ਲਿਜਾਏ ਜਾਣ ਤੋਂ ਉਹ ਖ਼ਾਸ ਤੌਰ 'ਤੇ ਬਚਣਾ ਚਾਹੁੰਦਾ ਸੀ, ਕਿਉਂਕਿ ਉਹ ਜਿੰਨਾ ਵੀ ਅੱਗੇ ਜਾਵੇਗਾ ਉਨੇ ਹੀ ਜ਼ਿਆਦਾ ਹਾਲਾਤ ਵਿਗੜਦੇ ਜਾਣਗੇ। ਇਸ ਲਈ ਉਸਨੇ ਕਿਹਾ, "ਹੁਣ ਮੈਂ ਚੱਲ ਸਕਦਾ ਹਾਂ, ਪਰ ਕਿਉਂਕਿ ਇੰਨੇ ਆਰਾਮ ਵਿੱਚ ਬੈਠੇ ਰਹਿਣ ਪਿੱਛੋਂ ਉਹ ਇੰਨਾ ਖਰਾਬ ਹੋ ਗਿਆ ਸੀ ਕਿ ਜਦੋਂ ਉਹ ਖੜਾ ਹੋਇਆ ਤਾਂ ਕੰਬ ਰਿਹਾ ਸੀ। ਅਤੇ ਉਦੋਂ ਉਸਨੂੰ ਲੱਗਿਆ ਕਿ ਉਹ ਆਪਣੇ ਪੈਰਾਂ ਉੱਪਰ ਖੜ੍ਹਾ ਨਹੀਂ ਹੋ ਸਕੇਗਾ।
"ਮੈਂ ਇਹੀ ਨਹੀਂ ਕਰ ਸਕਦਾ, "ਉਸਨੇ ਆਪਣਾ ਸਿਰ ਹਿਲਾਉਂਦੇ ਹੋਏ ਕਿਹਾ, ਅਤੇ ਆਹ ਭਰ ਕੇ ਵਾਪਸ ਬੈਠ ਗਿਆ। ਫ਼ਿਰ ਉਹ ਅਰਦਲੀ ਦੇ ਬਾਰੇ ਸੋਚਣ ਲੱਗਾ, ਜਿਹੜਾ ਹਰ ਚੀਜ਼ ਦੇ ਬਾਵਜੂਦ ਉਸਨੂੰ ਬੜੇ ਅਰਾਮ ਨਾਲ ਬਾਹਰ ਲਿਜਾ ਸਕਦਾ ਹੈ, ਪਰ ਉਹ ਤਾਂ ਬਹੁਤ ਪਹਿਲਾਂ ਗਾਇਬ ਹੋ ਚੁੱਕਾ ਸੀ। ਉਸਨੇ ਕੁੜੀ ਅਤੇ ਉਸਦੇ ਕੋਲ ਵਾਲੇ ਵਿਅਕਤੀ ਦੇ ਵਿਚਾਲੇ ਝਾਕਿਆ, ਜਿਹੜੇ ਦੋਵੇਂ ਉਸਦੇ ਅੱਗੇ ਮੌਜੂਦ ਸਨ, ਪਰ ਉਸਨੂੰ ਅਰਦਲੀ ਦਾ ਕੋਈ ਨਿਸ਼ਾਨ ਵਿਖਾਈ ਨਾ ਦਿੱਤਾ।
"ਮੈਨੂੰ ਯਕੀਨ ਹੈ," ਉਸ ਆਦਮੀ ਨੇ ਕਿਹਾ, ਜਿਸਨੇ ਬਹੁਤ ਪ੍ਰਭਾਵਸ਼ਾਲੀ ਕੱਪੜੇ ਪਾਏ ਹੋਏ ਸਨ ਅਤੇ ਭੂਰੇ ਰੰਗ ਦਾ ਕੋਟ ਖ਼ਾਸ ਤੌਰ ਤੇ ਪਾਇਆ ਹੋਇਆ ਸੀ, ਜਿਸਦੇ ਕਿਨਾਰੇ ਦੋ ਤਿੱਖੇ ਅਤੇ ਲੰਮੇ ਬਿੰਦੂਆਂ "ਤੇ ਜਾ ਕੇ ਖ਼ਤਮ ਹੁੰਦੇ ਸਨ, "ਇਸ ਭਲੇ ਆਦਮੀ ਦੀ ਤਬੀਅਤ ਦੀ ਖ਼ਰਾਬੀ ਇੱਥੋਂ ਦੇ ਵਾਤਾਵਰਨ ਕਰਕੇ ਹੈ, ਅਤੇ, ਇਸ ਲਈ ਇਸਦੇ ਲਈ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ, ਦਰਅਸਲ ਜਿਹੜੀ ਉਸਨੂੰ ਸਭ ਤੋਂ ਸਭ ਤੋਂ ਵਧੀਆ ਲੱਗੇਗੀ ਕਿ ਇਸਨੂੰ ਇਸ ਅਦਾਲਤ ਦੇ ਇਹਨਾਂ ਦਫ਼ਤਰਾਂ ਤੋਂ ਬਾਹਰ ਲੈ ਜਾਇਆ ਜਾਵੇ, ਨਾ ਕਿ ਇਸਨੂੰ ਰੋਗੀਆਂ ਦੇ ਕਮਰੇ ਵਿੱਚ ਲਿਜਾਇਆ ਜਾਵੇ।"
"ਇਹ ਸਹੀ ਹੈ, "ਕੇ. ਚੀਕਿਆ, ਉਹ ਇੰਨਾ ਖੁਸ਼ ਹੋ ਗਿਆ ਕਿ ਉਹ ਉਸ ਆਦਮੀ ਦੀ ਗੱਲ ਵਿਚਾਲਿਓਂ ਕੱਟ ਕੇ ਕਹਿਣ ਲੱਗਾ, "ਮੈਂ ਜ਼ਰੂਰ ਹੀ ਫ਼ਿਰ ਚੰਗਾ ਮਹਿਸੂਸ ਕਰਾਂਗਾ, ਮੈਂ ਸਚਮੁੱਚ ਇੰਨਾ ਕਮਜ਼ੋਰ ਤਾਂ ਨਹੀਂ ਹਾਂ, ਮੈਨੂੰ ਆਪਣੀਆਂ ਬਾਹਾਂ ਦੇ ਹੇਠਾਂ ਥੋੜ੍ਹੀ ਜਿਹੀ ਮਦਦ ਦੀ ਲੋੜ ਹੈ, ਮੈਂ ਤੁਹਾਨੂੰ ਜ਼ਿਆਦਾ ਤਕਲੀਫ਼ ਨਹੀਂ ਦੇਵਾਂਗਾ, ਫ਼ਿਰ ਮੈਂ ਬਹੁਤਾ ਦੂਰ ਵੀ ਤਾਂ ਨਹੀਂ ਜਾਣਾ, ਮੈਨੂੰ ਦਰਵਾਜ਼ੇ ਤੱਕ ਲੈ ਚੱਲੋ, ਉਦੋਂ ਮੈਂ ਥੋੜ੍ਹੀ ਦੇਰ ਲਈ ਪੌੜੀਆਂ ਤੇ ਬੈਠ ਜਾਵਾਂਗਾ ਅਤੇ ਬਹੁਤਾ ਵਕ਼ਤ ਲਾਏ ਬਿਨ੍ਹਾਂ ਠੀਕ ਹੋ ਜਾਵਾਂਗਾ। ਤੈਨੂੰ ਦੱਸ ਦੇਵਾਂ ਕਿ ਮੈਂ ਅਜਿਹੇ ਹਮਲਿਆਂ ਦਾ ਆਦੀ ਹਾਂ ਅਤੇ ਦਫ਼ਤਰਾਂ ਦੀ ਹਵਾ ਤੋਂ ਜਾਣੂ ਹਾਂ, ਪਰ ਇੱਥੇ ਤਾਂ ਸਚਮੁੱਚ ਬਹੁਤ ਖ਼ਰਾਬ ਲੱਗ ਰਿਹਾ ਹੈ। ਤੂੰ ਆਪ ਵੀ ਤਾਂ ਇਹੀ ਕਹਿ ਰਿਹਾ ਏਂ। ਇਸ ਲਈ ਕੀ ਤੂੰ ਮੇਰੇ ਨਾਲ ਥੋੜ੍ਹਾ ਜਿਹਾ ਤੁਰਨ 'ਤੇ ਬੁਰਾ ਤਾਂ ਨਹੀਂ ਮੰਨੇਗਾ? ਮੈਂ ਭਾਰੀਪਨ ਮਹਿਸੂਸ ਕਰ ਰਿਹਾ ਹਾਂ, ਆਪ ਵੇਖ ਲੈ, ਅਤੇ ਜਦੋਂ ਮੈਂ ਖੜ੍ਹਾ ਹੋਵਾਂਗਾ ਤਾਂ ਇਹ ਮੇਰੇ ਤੇ ਹਾਵੀ ਹੋ ਜਾਵੇਗਾ।" ਉਸਨੇ ਆਪਣੇ ਮੋਢੇ ਉਚਕਾਏ ਤਾਂ ਕਿ ਉਹਨਾਂ ਦੋਵਾਂ ਨੂੰ ਉਸਨੂੰ ਸਹਾਰਾ ਦੇਣ 'ਚ ਸੌਖ ਰਹੇ।
ਉਹ ਆਦਮੀ ਉਸਦੇ ਸੁਝਾਵਾਂ ਨੂੰ ਸਮਝਿਆ ਨਹੀਂ ਅਤੇ ਇਸਦੇ ਉਲਟ ਉਸਨੇ ਆਪਣੀ ਪਤਲੂਨ ਦੀ ਜੇਬ 'ਚੋਂ ਹੱਥ ਬਾਹਰ ਨਹੀਂ ਕੱਢੇ ਅਤੇ ਕਾਫ਼ੀ ਉੱਚੀ ਅਵਾਜ਼ ਵਿੱਚ ਹੱਸ ਪਿਆ।
"ਵੇਖੋ," ਉਸਨੇ ਕੁੜੀ ਨੂੰ ਕਿਹਾ, "ਮੈਂ ਤਾਂ ਉਦੋਂ ਹੀ ਸਮਝ ਚੁੱਕਾ ਸੀ। ਇਹ ਤਾਂ ਸਿਰਫ਼ ਇਹੀ ਹੈ ਕਿ ਇਹ ਸੱਜਣ ਇੱਥੇ ਕਿਸੇ ਦੂਜੀ ਜਗ੍ਹਾ ਦੇ ਵਾਂਗ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ।"
ਕੁੜੀ ਵੀ ਹੱਸ ਪਈ, ਪਰ ਉਸਨੇ ਆਪਣੀਆਂ ਉਂਗਲਾਂ ਦੇ ਪੈਰਾਂ ਨਾਲ ਹੌਲੇ ਜਿਹੇ ਉਸ ਆਦਮੀ ਦੀ ਬਾਂਹ 'ਤੇ ਹਰਕਤ ਕੀਤੀ, ਜਿਵੇਂ ਕਿ ਕੇ. ਨੂੰ ਲੈ ਕੇ ਉਹ ਕਿਸੇ ਭੱਦੇ ਮਜ਼ਾਕ ਵਿੱਚ ਉਲਝ ਗਿਆ ਹੋਵੇ।
"ਪਰ ਤੂੰ ਕੀ ਸੋਚ ਸਕਦੀ ਏਂ?" ਉਹ ਆਦਮੀ ਲਗਾਤਾਰ ਹੱਸਦਾ ਹੋਇਆ ਬੋਲਿਆ, "ਮੈਂ ਸੱਚੀਂ ਹੀ ਇਸ ਆਦਮੀ ਨੂੰ ਬਾਹਰ ਲੈ ਜਾਵਾਂਗਾ।"
"ਤਾਂ ਫ਼ਿਰ ਇਹ ਠੀਕ ਹੈ," ਕੁੜੀ ਨੇ ਆਪਣੇ ਸੋਹਣੇ ਸਿਰ ਨੂੰ ਪਲ ਭਰ ਦੇ ਝੁਕਾਉਂਦੇ ਕਿਹਾ, "ਉਸਦੇ ਹਾਸੇ 'ਤੇ ਬਹੁਤਾ ਧਿਆਨ ਨਾ ਦੇ।" ਉਹ ਕੇ. ਨੂੰ ਬੋਲੀ, ਜਿਹੜਾ ਹੁਣ ਫ਼ਿਰ ਉਸਦੇ ਸਾਹਮਣੇ ਉਦਾਸ ਜਿਹਾ ਖੜ੍ਹਾ ਇੱਕ-ਟਕ ਵੇਖੀ ਜਾ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਸਪੱਸ਼ਟੀਕਰਨ ਦੀ ਜ਼ਰੂਰਤ ਵਿੱਚ ਨਹੀਂ ਲੱਗ ਰਿਹਾ ਸੀ। "ਇਹ ਸੱਜਣ, ਤੁਹਾਨੂੰ ਇਹਨਾਂ ਨਾਲ ਜਾਣੂੰ ਕਰਾ ਦੇਵਾਂ ਤਾਂ ਬੁਰਾ ਨਾ ਮੰਨੀਂ, ਕੀ ਬੁਰਾ ਤਾਂ ਨਹੀਂ ਮੰਨੇਂਗਾ? (ਉਸ ਆਦਮੀ ਨੇ ਆਪਣਾ ਹਿਲਾ ਕੇ ਆਪਣੀ ਸਹਿਮਤੀ ਦੇ ਦਿੱਤੀ) ਤਾਂ ਇਹ ਸੱਜਣ ਸੂਚਨਾ ਅਧਿਕਾਰੀ ਹਨ। ਮੁੱਦਈ ਲੋਕ ਜਿਹੜੇ ਆਪਣੇ ਕੇਸ ਦੀ ਉਡੀਕ ਵਿੱਚ ਕੋਈ ਵੀ ਜਾਣਕਾਰੀ ਚਾਹੁੰਦੇ ਹੋਣ, ਇਹ ਉਹਨਾਂ ਨੂੰ ਜਾਣਕਾਰੀ ਦਿੰਦੇ ਹਨ, ਅਤੇ ਕਿਉਂਕਿ ਸਾਡੀ ਨਿਆਂਇੱਕ ਵਿਵਸਥਾ ਤੋਂ ਆਮ ਜਨਤਾ ਬਹੁਤੀ ਵਾਕਫ਼ ਨਹੀਂ ਹੈ, ਇਸ ਲਈ ਪੁੱਛਗਿੱਛ ਕਰਨ ਵਾਲੇ ਥੋੜ੍ਹੇ ਨਹੀਂ ਹਨ। ਇਹਨਾਂ ਕੋਲ ਹਰ ਸਵਾਲ ਦਾ ਜਵਾਬ ਹੈ। ਕਦੇ ਤੁਸੀਂ ਚਾਹੋਂ ਤਾਂ ਇਹਨਾਂ ਤੋਂ ਕੁੱਝ ਵੀ ਪੁੱਛ ਸਕਦੇ ਹਾਂ। ਪਰ ਇਹਨਾਂ 'ਚ ਸਿਰਫ਼ ਇਹੀ ਖ਼ਾਸੀਅਤ ਨਹੀਂ ਹੈ, ਇੱਕ ਹੋਰ ਹੈ, ਉਹ ਇਹ ਕਿ ਇਹ ਬਹੁਤ ਸੋਹਣੇ ਕੱਪੜੇ ਪਾਉਂਦੇ ਹਨ। ਅਸੀਂ, ਯਾਨੀ ਕਿ ਇੱਥੇ ਕੰਮ ਕਰਨ ਵਾਲੇ, ਇਸ ਨਤੀਜੇ 'ਤੇ ਪੁੱਜੇ ਹਾਂ ਕਿ ਸੂਚਨਾ ਅਧਿਕਾਰੀ ਜਿਹਨਾਂ ਦਾ ਵਾਸਤਾ ਸਿਰਫ਼ ਮੁੱਦਈਆਂ ਨਾਲ ਪੈਂਦਾ ਹੈ- ਦਰਅਸਲ ਇਹਨਾਂ ਨੂੰ ਹੀ ਉਹਨਾਂ ਨਾਲ ਸਭ ਤੋਂ ਪਹਿਲਾਂ ਮਿਲਣਾ ਪੈਂਦਾ ਹੈ- ਸੋਹਣੇ ਕੱਪੜਿਆਂ ਵਿੱਚ ਸਜੇ ਹੋਣੇ ਚਾਹੀਦੇ ਹਨ ਤਾਂ ਕਿ ਸਿੱਧੇ-ਸਿੱਧੇ, ਪਹਿਲੀ ਹੀ ਮੁਲਾਕਾਤ ਵਿੱਚ ਪ੍ਰਭਾਵਿਤ ਹੋ ਸਕਣ। ਮੈਨੂੰ ਤਾਂ ਡਰ ਹੈ ਕਿ ਸਾਡੇ ਵਿੱਚੋਂ ਬਾਕੀ ਲੋਕ, ਜਿਵੇਂ ਕਿ ਤੁਸੀਂ ਇੱਕ ਦਮ ਮੈਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਹੋਂ ਕਿ ਬਹੁਤ ਭੱਦੇ ਅਤੇ ਫ਼ੈਸ਼ਨਹੀਣ ਢੰਗ ਨਾਲ ਆਪਣੇ ਆਪ ਨੂੰ ਤਿਆਰ ਕਰੀ ਰੱਖਦੇ ਹਾਂ। ਵੈਸੇ ਤੁਸੀਂ ਸਹਿਮਤ ਹੋ ਤਾਂ ਕੱਪੜਿਆਂ ਤੇ ਖਰਚ ਕਰਨ ਦੀ ਕੋਈ ਤੁਕ ਨਹੀਂ ਹੈ, ਕਿਉਂਕਿ ਅਸੀਂ ਤਾਂ ਸਦਾ ਅਦਾਲਤ ਦੇ ਇਹਨਾਂ ਦਫ਼ਤਰਾਂ ਵਿੱਚ ਹੀ ਰਹਿੰਦੇ ਹਾਂ, ਅਤੇ ਆਮ ਤੌਰ 'ਤੇ ਇੱਥੇ ਸੌਂਦੇ ਵੀ ਹਾਂ। ਪਰ ਜਿਵੇਂ ਕਿ ਮੈਂ ਕਿਹਾ, ਅਸੀਂ ਇਹ ਜ਼ਰੂਰ ਸੋਚਦੇ ਹਾਂ ਕਿ ਸੂਚਨਾ ਅਧਿਕਾਰੀ ਨੂੰ ਠੀਕ ਢੰਗ ਨਾਲ ਸੱਜਿਆ ਹੋਣਾ ਚਾਹੀਦਾ ਹੈ। ਪਰ ਕਿਉਂਕਿ ਪ੍ਰਸ਼ਾਸਨ, ਜਿਹੜਾ ਇਸ ਸਬੰਧ ਵਿੱਚ ਅਲੱਗ ਹੈ, ਕੁੱਝ ਵੀ ਨਹੀਂ ਦਿੰਦਾ ਤਾਂ ਅਸੀਂ ਮਿਲਜੁਲ ਕੇ ਇੱਕੱਠਾ ਕਰ ਲਿਆ ਹੈ, ਇੱਥੋਂ ਤੱਕ ਕਿ ਮੁੱਦਈ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਪਾਇਆ ਹੈ ਅਤੇ ਫ਼ਿਰ ਅਸੀਂ ਇਹਨਾਂ ਲਈ ਇੱਕ ਸੁੰਦਰ ਸੂਟ ਖਰੀਦਿਆ ਅਤੇ ਹੋਰ ਕੱਪੜੇ ਵੀ। ਇਸ ਲਈ ਚੰਗਾ ਪ੍ਰਭਾਵ ਬਣਾਉਣ ਦੇ ਲਈ ਇਹਨਾਂ ਕੋਲ ਹਰ ਚੀਜ਼ ਠੀਕ ਹੈ, ਪਰ ਇਹ ਆਪਣੇ ਹਾਸੇ ਨਾਲ ਹਰ ਚੀਜ਼ ਨੂੰ ਖਰਾਬ ਕਰ ਦਿੰਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ ਫ਼ਿਰਦੇ ਹਨ।"
"ਹਾਂ, ਇਹ ਸਭ ਤਾਂ ਠੀਕ ਹੈ," ਉਸ ਆਦਮੀ ਨੇ ਘਿਰਣਾ ਜਿਹੀ ਨਾਲ ਕਿਹਾ, "ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ, ਕੁੜੀਏ, ਤੂੰ ਆਪਣੇ ਇਹ ਸਾਰੇ ਛੋਟੇ-ਮੋਟੇ ਭੇਦ ਉਸ ਆਦਮੀ ਸਾਹਮਣੇ ਕਿਉਂ ਖੋਲ੍ਹ ਰਹੀ ਏਂ, ਜਾਂ ਇਹ ਸਭ ਤੂੰ ਉਸਦੇ ਉੱਪਰ ਕਿਉਂ ਥੋਪ ਰਹੀ ਏਂ, ਕਿਉਂਕਿ ਉਹ ਤਾਂ ਇਹ ਸਭ ਸੁਣਨ ਲਈ ਰੱਤੀ ਭਰ ਵੀ ਤਿਆਰ ਨਹੀਂ ਹੈ। ਜ਼ਰਾ ਵੇਖ ਉਹ ਕਿਵੇਂ ਬੈਠਾ ਹੋਇਆ ਹੈ, ਸਾਫ਼ ਤੌਰ 'ਤੇ ਉਹ ਆਪਣੇ ਹੀ ਫ਼ਿਕਰਾਂ ਵਿੱਚ ਗੁਆਚਿਆ ਹੋਇਆ ਹੈ।"
ਕੇ. ਦਾ ਮਨ ਉਸਦਾ ਵਿਰੋਧ ਕਰਨ ਦਾ ਨਹੀਂ ਹੋਇਆ। ਕੁੜੀ ਦਾ ਮਤਲਬ ਸ਼ਾਇਦ ਚੰਗਾ ਹੀ ਹੋਵੇਗਾ, ਸ਼ਾਇਦ ਉਹ ਉਸਦੀਆਂ ਅੰਦਰੂਨੀ ਸਮੱਸਿਆਵਾਂ ਤੋਂ ਉਸਦਾ ਧਿਆਨ ਹਟਾਉਣਾ ਚਾਹੁੰਦੀ ਸੀ ਜਾਂ ਇੱਕ ਅਜਿਹਾ ਮੌਕਾ ਉਸਨੂੰ ਦੇਣਾ ਚਾਹੁੰਦੀ ਸੀ ਕਿ ਉਹ ਆਪਣੇ ਆਪ ਨੂੰ ਸੰਭਾਲ ਸਕੇ, ਪਰ ਉਸਨੇ ਅਜਿਹਾ ਕਰਨ ਲਈ ਗ਼ਲਤ ਢੰਗ ਚੁਣ ਲਿਆ ਸੀ।
"ਮੈਨੂੰ ਉਸਨੂੰ ਇਹ ਸਾਫ਼ ਕਰਨਾ ਜ਼ਰੂਰੀ ਸੀ ਕਿ ਆਖਰ ਤੂੰ ਹੱਸ ਕਿਉਂ ਰਿਹਾ ਸੀ," ਕੁੜੀ ਨੇ ਕਿਹਾ, "ਤੈਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿੰਨਾ ਬੇਇੱਜ਼ਤੀ ਕਰਨ ਵਾਲਾ ਹੈ।"
"ਮੇਰਾ ਵਿਚਾਰ ਇਹ ਹੈ ਕਿ ਜੇ ਅੰਤ ਨੂੰ ਉਸਨੂੰ ਮੈਂ ਹੀ ਬਾਹਰ ਲੈ ਕੇ ਜਾਣਾ ਹੈ, ਤਾਂ ਉਹ ਇਸ ਤੋਂ ਵੀ ਜ਼ਿਆਦਾ ਬੇਇੱਜ਼ਤੀ ਨੂੰ ਭੁੱਲ ਜਾਵੇਗਾ।"
ਕੇ. ਨੇ ਕੁੱਝ ਨਹੀਂ ਕਿਹਾ, ਉਸਨੇ ਤਾਂ ਸਿਰ ਚੁੱਕ ਕੇ ਵੀ ਨਹੀਂ ਵੇਖਿਆ, ਉਹ ਤਾਂ ਆਪਣੀ ਉਸ ਚਰਚਾ ਨੂੰ ਇਸ ਤਰ੍ਹਾਂ ਸੁਣਦਾ ਰਿਹਾ ਜਿਵੇਂ ਉਹ ਕੋਈ ਚੀਜ਼ ਹੋਵੇ, ਕਿਉਂਕਿ ਅਸਲ 'ਚ ਉਹ ਇਹੀ ਚਾਹੁੰਦਾ ਸੀ। ਪਰ ਉਦੋਂ ਹੀ ਉਸਨੇ ਆਪਣੀ ਇੱਕ ਬਾਂਹ 'ਤੇ ਸੂਚਨਾ ਅਧਿਕਾਰੀ ਦਾ ਅਤੇ ਦੂਜੀ ਬਾਂਹ ਤੇ ਉਸ ਕੁੜੀ ਦਾ ਹੱਥ ਮਹਿਸੂਸ ਕੀਤਾ।
"ਉੱਪਰ ਉੱਠੋ, ਕਮਜ਼ੋਰ ਆਦਮੀ," ਸੂਚਨਾ ਅਧਿਕਾਰੀ ਨੇ ਕਿਹਾ।
"ਮੈਂ ਤੁਹਾਡੇ ਦੋਵਾਂ ਦਾ ਬਹੁਤ ਧੰਨਵਾਦੀ ਹਾਂ, ਬੇਹੱਦ ਹੈਰਾਨੀ ਨਾਲ ਕੇ. ਨੇ ਕਿਹਾ। ਉਹ ਹੌਲੀ ਜਿਹੇ ਉੱਠ ਖੜ੍ਹਾ ਹੋਇਆ ਅਤੇ ਆਪਣੇ ਆਪ ਉਹਨਾਂ ਦੇ ਹੱਥਾਂ ਨੂੰ ਸਰੀਰ ਦੇ ਉਹਨਾਂ ਹਿੱਸਿਆਂ ਤੱਕ ਲੈ ਗਿਆ, ਜਿੱਥੇ ਉਸਨੂੰ ਉਹਨਾਂ ਦੀ ਸਭ ਤੋਂ ਵਧੇਰੇ ਲੋੜ ਮਹਿਸੂਸ ਹੋ ਰਹੀ ਸੀ।
"ਇਹ ਲੱਗਣਾ ਚਾਹੀਦਾ," ਗੈਲਰੀ 'ਚ ਕਦਮ ਰੱਖਦਿਆਂ ਹੀ ਕੁੜੀ ਨੇ ਕੇ. ਦੇ ਕੰਨ 'ਚ ਹੌਲੀ ਜਿਹੇ ਕਿਹਾ, "ਮੈਂ ਇਸ ਸੂਚਨਾ ਅਧਿਕਾਰੀ ਨੂੰ ਠੀਕ ਢੰਗ ਨਾਲ ਪੇਸ਼ ਕਰਨ ਵਿੱਚ ਲੱਗੀ ਹੋਈ ਸੀ, ਪਰ ਯਕੀਨ ਮੰਨ, ਮੈਂ ਤਾਂ ਉਹੀ ਕਹਿਣਾ ਚਾਹੁੰਦੀ ਸੀ, ਜੋ ਸੱਚ ਸੀ। ਉਹ ਸੱਚੀਂ ਪੱਥਰ ਦਿਲ ਨਹੀਂ ਹੈ। ਮੁੱਦਈ ਜਦੋਂ ਬਿਮਾਰ ਮਹਿਸੂਸ ਕਰਨ ਲੱਗਣ ਤਾਂ ਉਹਨਾਂ ਨੂੰ ਬਾਹਰ ਲੈ ਕੇ ਜਾਣਾ ਉਸਦੀ ਜ਼ਿੰਮੇਵਾਰੀ ਨਹੀਂ ਹੈ, ਪਰ ਫਿਰ ਵੀ ਉਹ ਇਹ ਕਰ ਦਿੰਦਾ ਹੈ, ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ। ਸ਼ਾਇਦ ਅਸੀਂ ਸਾਰੇ ਮਦਦ ਕਰਨਾ ਚਾਹੁੰਦੇ ਹਾਂ, ਪਰ ਅਦਾਲਤ ਦੇ ਮੁਲਾਜ਼ਮਾਂ ਦੇ ਤੌਰ 'ਤੇ ਸਾਨੂੰ ਪੱਥਰ ਦਿਲ ਹੋਣ ਦਾ ਨਾਟਕ ਕਰਨਾ ਪੈਂਦਾ ਹੈ ਅਤੇ ਵਿਖਾਉਣਾ ਪੈਂਦਾ ਹੈ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦੇ। ਅਸਲ 'ਚ ਮੇਰਾ ਖ਼ਾਸ ਤੌਰ 'ਤੇ ਇਹੀ ਅਫ਼ਸੋਸ ਹੈ।"
"ਕੀ ਤੂੰ ਥੋੜ੍ਹੀ ਦੇਰ ਲਈ ਇੱਥੇ ਬੈਠਣਾ ਚਾਹੇਂਗਾ?" ਸੂਚਨਾ ਅਧਿਕਾਰੀ ਨੇ ਪੁੱਛਿਆ। ਉਹ ਗੈਲਰੀ ਦੇ ਬਾਹਰ ਦੇ ਰਸਤੇ ਪਹੁੰਚੇ ਹੀ ਸਨ, ਅਤੇ ਦਰਅਸਲ ਠੀਕ ਉਸ ਮੁੱਦਈ ਦੇ ਸਾਹਮਣੇ ਆ ਖੜ੍ਹੇ ਹੋਏ ਸਨ, ਜਿਸ ਨਾਲ ਕੇ. ਨੇ ਪਹਿਲਾਂ ਗੱਲਬਾਤ ਕੀਤੀ ਸੀ। ਉਸ ਆਦਮੀ ਦੇ ਸਾਹਮਣੇ ਕੇ. ਲਗਭਗ ਸ਼ਰਮਿੰਦਾ ਹੋ ਗਿਆ, ਜਿਸਦੇ ਸਾਹਮਣੇ ਉਹ ਪਹਿਲਾਂ ਤਨ ਕੇ ਖੜ੍ਹਾ ਸੀ, ਜਦੋਂ ਕਿ ਇਸ ਵੇਲੇ ਉਸਨੂੰ ਖੜ੍ਹਾ ਰਹਿਣ ਲਈ ਦੋ ਆਦਮੀਆਂ ਦੀ ਮਦਦ ਦੀ ਲੋੜ ਸੀ। ਸੂਚਨਾ ਅਧਿਕਾਰੀ ਕੇ. ਨੇ ਦੇ ਹੈਟ ਨੂੰ ਆਪਣੀਆਂ ਉਂਗਲਾਂ ਦੀ ਨੋਕ 'ਤੇ ਸੰਤੁਲਿਤ ਕੀਤਾ ਹੋਇਆ ਸੀ। ਕੇ. ਦੇ ਵਾਲ ਹੁਣ ਬਿਲਕੁਲ ਅਸਤ-ਵਿਅਸਤ ਹੋਏ ਪਏ ਸਨ ਅਤੇ ਉਸਦੀਆਂ ਪਸੀਨੇ ਨਾਲ ਭਿੱਜੀਆਂ ਸ਼੍ਹੇਲੀਆਂ 'ਤੇ ਡਿੱਗ ਰਹੇ ਸਨ। ਪਰ ਉਸ ਮੁੱਦਈ ਨੇ ਜਿਵੇਂ ਕੁੱਝ ਵੀ ਮਹਿਸੂਸ ਨਹੀਂ ਕੀਤਾ। ਉਹ ਸੂਚਨਾ ਅਧਿਕਾਰੀ ਦੇ ਸਾਹਮਣੇ ਨਿਮਰਤਾ ਨਾਲ ਖੜ੍ਹਾ ਰਿਹਾ, ਜਿਹੜਾ ਉਸਦੇ ਸਿਰੋਂ ਪਾਰ ਦੂਰ ਕਿਤੇ ਵੇਖ ਰਿਹਾ ਸੀ, ਅਤੇ ਉਸਦੀ ਹੋਂਦ ਨੂੰ ਨਕਾਰ ਰਿਹਾ ਸੀ।
"ਮੈਂ ਜਾਣਦਾ ਹਾਂ, ਉਸਨੇ ਕਿਹਾ, "ਕਿ ਮੇਰੇ ਹਲਫ਼ਨਾਮੇ ਦਾ ਜਵਾਬ ਅੱਜ ਨਹੀਂ ਦਿੱਤਾ ਜਾ ਸਕਦਾ। ਪਰ ਮੈਂ ਉਸੇ ਦੇ ਲਈ ਆਇਆ ਸੀ, ਮੈਂ ਸੋਚਿਆ ਕਿ ਮੈਂ ਇੱਥੇ ਉਡੀਕ ਕਰ ਸਕਦਾ ਹਾਂ। ਅੱਜ ਐਤਵਾਰ ਹੈ, ਮੇਰੇ ਕੋਲ ਕਾਫ਼ੀ ਵਕਤ ਹੈ ਅਤੇ ਇੱਥੇ ਮੈਂ ਕਿਸੇ ਦਾ ਰਸਤਾ ਵੀ ਨਹੀਂ ਰੋਕਿਆ ਹੋਇਆ।
"ਇੰਨੇ ਜ਼ਿਆਦਾ ਬਹਾਨੇ ਬਣਾਉਣ ਦੀ ਤੈਨੂੰ ਕੀ ਲੋੜ ਹੈ," ਸੂਚਨਾ ਅਧਿਕਾਰੀ ਨੇ ਕਿਹਾ, "ਇੰਨੀ ਤਕਲੀਫ਼ ਲਈ ਤਾਂ ਤੇਰੀ ਸਿਫ਼ਾਰਿਸ਼ ਹੋਣੀ ਚਾਹੀਦੀ ਹੈ, ਵੈਸੇ ਤਾਂ ਇਹ ਵੀ ਸਹੀ ਹੈ ਕਿ ਬੇਵਜ਼ਾ ਤੂੰ ਇਹ ਥੋੜ੍ਹੀ ਜਿਹੀ ਥਾਂ ਘੇਰੀ ਬੈਠਾ ਏਂ, ਫੇਰ ਵੀ, ਜੇ ਮੈਨੂੰ ਇਹ ਅੜਿੱਕਾ ਮਹਿਸੂਸ ਨਾ ਵੀ ਹੋਵੇ ਤਾਂ ਮੈਂ ਤੈਨੂੰ ਆਪਣਾ ਕੰਮ ਹੁੰਦੇ ਹੋਏ ਵੇਖਣ ਤੋਂ ਨਹੀਂ ਰੋਕਾਂਗਾ। ਜਦੋਂ ਲੋਕਾਂ ਨੂੰ ਬੇਸ਼ਰਮ ਹੋ ਕੇ ਆਪਣਾ ਫ਼ਰਜ਼ ਠੀਕ ਤਰ੍ਹਾਂ ਨਾ ਨਿਭਾਉਂਦੇ ਹੋਏ ਮੈਂ ਵੇਖ ਚੁੱਕਾ ਹਾਂ, ਤਾਂ ਮੈਂ ਤੇਰੇ ਜਿਹੇ ਲੋਕਾਂ ਨਾਲ ਸੰਜਮ ਨਾਲ ਪੇਸ਼ ਆਉਣਾ ਵੀ ਸਿੱਖ ਚੁੱਕਾ ਹਾਂ। ਬੈਠ ਜਾ।"
"ਵੇਖ ਮੁੱਦਈਆਂ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ, ਉਹ ਕਿੰਨਾ ਬਿਹਤਰ ਜਾਣਦਾ ਹੈ," ਕੁੜੀ ਫੁਸਫੁਸਾਈ। ਕੇ. ਨੇ ਸਿਰ ਹਿਲਾ ਦਿੱਤਾ, ਪਰ ਇੱਕ ਦਮ ਹੈਰਾਨ ਹੋ ਗਿਆ ਜਦੋਂ ਸੂਚਨਾ ਅਧਿਕਾਰੀ ਨੇ ਆਪਣਾ ਸਵਾਲ ਦੁਹਰਾ ਦਿੱਤਾ, "ਕੀ ਤੂੰ ਇੱਥੇ ਬੈਠਣਾ ਨਹੀਂ ਚਾਹੁੰਦਾ?"
"ਨਹੀਂ, ਕੇ. ਨੇ ਜਵਾਬ ਦਿੱਤਾ, "ਮੈਂ ਅਰਾਮ ਨਹੀਂ ਕਰਨਾ ਚਾਹੁੰਦਾ।"
ਇਹ ਸਭ ਉਸਨੇ ਬਹੁਤ ਦ੍ਰਿੜਤਾ ਨਾਲ ਕਿਹਾ, ਪਰ ਅਸਲ 'ਚ ਬੈਠ ਜਾਣ ਦੀ ਉਸਦੀ ਤੀਬਰ ਇੱਛਾ ਸੀ। ਇਹ ਤਾਂ ਸਮੁੰਦਰ ਤੋਂ ਪੈਦਾ ਹੋਈ ਬਿਮਾਰੀ ਵਰਗਾ ਕੁੱਝ ਸੀ। ਉਸਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਖ਼ਤਰਨਾਕ ਲਹਿਰਾਂ ਵਾਲੇ ਸਮੁੰਦਰ ਦੇ ਉੱਪਰ ਤੈਰਦੇ ਜਹਾਜ਼ ਉੱਤੇ ਮੌਜੂਦ ਹੈ। ਉਸਨੂੰ ਲੱਗਿਆ ਕਿ ਪਾਣੀ ਲੱਕੜ ਦੀਆਂ ਕੰਧਾਂ ਉੱਪਰ ਰਹਿ-ਰਹਿ ਕੇ ਹਮਲਾ ਕਰ ਰਿਹਾ ਹੈ, ਜਿਵੇਂ ਕਿ ਗੈਲਰੀ ਦੇ ਆਖਰੀ ਕਿਨਾਰੇ ਤੋਂ, ਟੁੱਟਦੀਆਂ ਲਹਿਰਾਂ ਦੀ ਤਰ੍ਹਾਂ ਖੌਫ਼ਨਾਕ ਅਵਾਜ਼ਾਂ ਅੰਦਰ ਚਲੀਆਂ ਆ ਰਹੀਆਂ ਹਨ, ਜਿਵੇਂ ਕਿ ਇਹ ਗੈਲਰੀ ਕਿਸੇ ਢਲਾਨਦਾਰ ਕੋਣ 'ਤੇ ਟਕਰਾ ਰਿਹਾ ਹੈ, ਅਤੇ ਇਸਦੇ ਦੋਵੇਂ ਪਾਸੇ ਮੌਜੂਦ ਮੁੱਦਈ ਵਾਰੋ-ਵਾਰੀ ਉੱਪਰ ਹੇਠਾਂ ਹੋ ਰਹੇ ਹਨ। ਕੁੜੀ ਅਤੇ ਉਸ ਆਦਮੀ ਦੀ ਸ਼ਾਂਤੀ, ਜਿਹੜੇ ਉਸਨੂੰ ਨਿਰਦੇਸ਼ ਦੇਈ ਜਾ ਰਹੇ ਸਨ, ਇਸ ਸਭ ਨੂੰ ਸਮਝ ਸਕਣ ਵਿੱਚ ਹੋਰ ਮੁਸ਼ਕਲਾਂ ਪੈਦਾ ਕਰ ਰਹੇ ਸਨ। ਉਹ ਉਹਨਾਂ ਦੇ ਤਰਸ ਉੱਤੇ ਸੀ, ਜੇ ਉਹ ਉਸਨੂੰ ਛੱਡ ਦੇਣ ਤਾਂ ਉਹ ਕੁੱਤੇ ਦੇ ਵਾਂਗ ਹੇਠਾਂ ਡਿੱਗ ਪਵੇਗਾ। ਉਹਨਾਂ ਦੀਆਂ ਛੋਟੀਆਂ-ਛੋਟੀਆਂ ਅੱਖਾਂ 'ਚੋਂ ਆਰ-ਪਾਰ ਹੋਣ ਵਾਲੀਆਂ ਨਜ਼ਰਾਂ ਚਮਕੀਆਂ, ਕੇ. ਉਹਨਾਂ ਦੀ ਧੀਮੀ ਚਾਲ ਨੂੰ ਮਹਿਸੂਸ ਕਰ ਰਿਹਾ ਸੀ, ਪਰ ਉਹਨਾਂ ਦੇ ਵਿਚਕਾਰ ਉਹ ਡਿੱਗ ਨਹੀਂ ਰਿਹਾ ਸੀ, ਕਿਉਂਕਿ ਕਦਮ ਦਰ ਕਦਮ ਉਹ ਉਸਨੂੰ ਘਸੀਟੀ ਜਾ ਰਹੇ ਸਨ।
ਅੰਤ ਉਸਨੇ ਮਹਿਸੂਸ ਕਰ ਲਿਆ ਕਿ ਉਹ ਉਸਦੇ ਨਾਲ ਗੱਲਾਂ ਕਰ ਰਹੇ ਸਨ, ਪਰ ਉਹੀ ਉਹਨਾਂ ਨੂੰ ਨਹੀਂ ਸਮਝ ਪਾ ਰਿਹਾ ਹੈ, ਉਹ ਸਿਰਫ਼ ਉਸੇ ਸ਼ੋਰ ਨੂੰ ਸੁਣ ਰਿਹਾ ਸੀ ਜਿਹੜਾ ਹਰ ਚੀਜ਼ ਦੇ ਅੰਦਰ ਭਰਿਆ ਪਿਆ ਸੀ ਅਤੇ ਜਿਸਦੇ ਰਾਹੀਂ ਸਾਇਰਨ ਦੀ ਤਰ੍ਹਾਂ ਲਗਾਤਾਰ ਵੱਜਦੀ ਇੱਕ ਅਵਾਜ਼ ਨਿਕਲਦੀ ਲੱਗ ਰਹੀ ਸੀ।
"ਹੋਰ ਉੱਚੇ," ਆਪਣੇ ਸਿਰ ਨੂੰ ਝੁਕਾਈ ਉਸਨੇ ਘੁਸਰ-ਮੁਸਰ ਕੀਤੀ ਅਤੇ ਉਸਨੂੰ ਸ਼ਰਮ ਮਹਿਸੂਸ ਹੋਈ ਕਿਉਂਕਿ ਉਹ ਜਾਣਦਾ ਸੀ ਕਿ ਉਹ ਤਾਂ ਕਾਫ਼ੀ ਉੱਚਾ ਹੀ ਬੋਲ ਰਹੇ ਸਨ, ਚਾਹੇ ਉਸਨੇ ਕੁੱਝ ਵੀ ਨਾ ਸਮਝਿਆ ਹੋਵੇ। ਫੇਰ ਆਖ਼ਰਕਾਰ, ਜਿਵੇਂ ਉਸਦੇ ਸਾਹਮਣੇ ਦੀ ਕੰਧ ਦੋਫਾੜ ਹੋ ਗਈ, ਤਾਜ਼ਾ ਹਵਾ ਦਾ ਇੱਕ ਬੁੱਲਾ ਉਸਦੇ ਵੱਲ ਵਧਿਆ ਅਤੇ ਕਿਤੇ ਕੋਲ ਹੀ ਉਸਨੇ ਕਿਸੇ ਨੂੰ ਬੋਲਦੇ ਹੋਏ ਸੁਣਿਆ, "ਪਹਿਲਾਂ ਤਾਂ ਉਹ ਜਾਣਾ ਚਾਹੁੰਦਾ ਹੈ, ਅਤੇ ਜਦੋਂ ਤੁਸੀਂ ਉਸਨੂੰ ਸੌ ਵਾਰ ਦੱਸੋਂ ਕਿ ਬਾਹਰ ਜਾਣ ਦਾ ਰਸਤਾ ਇੱਧਰ ਹੈ ਤਾਂ ਉਹ ਹਿੱਲਦਾ ਵੀ ਨਹੀਂ।"
ਕੇ. ਨੂੰ ਹੁਣ ਮਹਿਸੂਸ ਕੀਤਾ ਕਿ ਉਹ ਬੂਹੇ ਦੇ ਕੋਲ ਖੜ੍ਹਾ ਹੈ, ਜਿਹੜਾ ਸਿੱਧਾ ਬਾਹਰ ਖੁੱਲ੍ਹਦਾ ਹੈ ਅਤੇ ਜਿਹੜਾ ਕੁੜੀ ਨੇ ਉਸਦੇ ਜਾਣ ਲਈ ਖੋਲ੍ਹ ਦਿੱਤਾ ਸੀ। ਹੁਣ ਉਸਨੂੰ ਮਹਿਸੂਸ ਹੋਇਆ ਕਿ ਅਚਾਨਕ ਉਸਦੀ ਸਾਰੀ ਤਾਕਤ ਵਾਪਸ ਪਰਤ ਆਈ ਹੈ ਅਤੇ ਆਜ਼ਾਦੀ ਨੂੰ ਮਹਿਸੂਸ ਕਰਨ ਲਈ ਉਸਨੇ ਛੇਤੀ ਨਾਲ ਪਹਿਲੀ ਪੌੜੀ 'ਤੇ ਪੈਰ ਧਰਿਆ ਤੇ ਆਪਣੇ ਮੁੱਦਈਆਂ ਨੂੰ ਅਲਵਿਦਾ ਆਖ ਦਿੱਤੀ, ਜਿਹੜੇ ਉਸਦੇ ਵੱਲ ਝੁਕ ਆਏ ਸਨ। "ਬਹੁਤ- ਬਹੁਤ ਧੰਨਵਾਦ," ਉਸਨੇ ਦੁਹਰਾਇਆ ਅਤੇ ਉਹਨਾਂ ਦੇ ਹੱਥ ਵਾਰ-ਵਾਰ ਘੱਟ ਦਿੱਤੇ, ਅਤੇ ਫ਼ਿਰ ਇੱਕ ਦਮ ਇਹ ਕਰਨਾ ਬੰਦ ਕਰ ਦਿੱਤਾ, ਜਦੋਂ ਉਸਨੂੰ ਲੱਗਿਆ ਕਿ ਉਹ ਪੌੜੀਆਂ ਵਿੱਚ ਵਹਿੰਦੀ ਆ ਰਹੀ ਕੁੱਝ ਤਾਜ਼ੀ ਹਵਾ 'ਚ ਬਹੁਤ ਬਿਮਾਰ ਮਹਿਸੂਸ ਕਰ ਰਹੇ ਹਨ। ਉਹ ਅਦਾਲਤ ਦੇ ਦਫ਼ਤਰਾਂ ਦੇ ਇੰਨੇ ਜ਼ਿਆਦਾ ਆਦੀ ਸਨ। ਉਹ ਹੁਣ ਉਸਦੀ ਗੱਲ ਦਾ ਜਵਾਬ ਦੇਣ ਵਿੱਚ ਲਗਭਗ ਅਸਮਰੱਥ ਸਨ, ਅਤੇ ਕੁੜੀ ਤਾਂ ਸ਼ਾਇਦ ਡਿੱਗ ਹੀ ਪਈ ਹੁੰਦੀ, ਜੇ ਕੇ. ਨੇ ਛੇਤੀ ਨਾਲ ਬੂਹਾ ਬੰਦ ਨਾ ਕਰ ਦਿੱਤਾ ਹੁੰਦਾ। ਫ਼ਿਰ ਕੇ. ਕੁੱਝ ਪਲ ਦੇ ਲਈ ਸਥਿਰ ਖੜ੍ਹਾ ਰਿਹਾ, ਆਪਣੀ ਜੇਬ 'ਚ ਪਏ ਸ਼ੀਸ਼ੇ ਦੀ ਮਦਦ ਨਾਲ ਉਸਨੇ ਆਪਣੇ ਵਾਲ ਠੀਕ ਕੀਤੇ, ਫ਼ਰਸ਼ 'ਤੇ ਪਿਆ ਆਪਣਾ ਟੋਪ ਚੁੱਕਿਆ (ਸੂਚਨਾ ਅਧਿਕਾਰੀ ਸ਼ਾਇਦ ਇਸਨੂੰ ਇੱਧਰ ਸੁੱਟ ਗਿਆ ਸੀ) ਅਤੇ ਫ਼ਿਰ ਉਹ ਇੰਨੀ ਊਰਜਾ ਨਾਲ ਪੌੜੀਆਂ ਤੋਂ ਹੇਠਾਂ ਭੱਜਿਆ ਅਤੇ ਇੰਨੇ ਤੇਜ਼ ਕਦਮਾਂ ਨਾਲ ਕਿ ਉਹ ਆਪਣੇ ਮੂਡ ਦੇ ਇਸ ਤਰ੍ਹਾਂ ਬਦਲ ਜਾਣ ਤੋਂ ਲਗਭਗ ਡਰ ਗਿਆ। ਉਸਦਾ ਆਮ ਨਾਲੋਂ ਵਧੇਰੇ ਕਮਜ਼ੋਰ ਸਰੀਰ ਇਸ ਤਰ੍ਹਾਂ ਦੀਆਂ ਹੈਰਾਨੀਆਂ ਦੇ ਪ੍ਰਤੀ ਉਸਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕਰਦਾ ਸੀ। ਕੀ ਉਸਦਾ ਸਰੀਰ ਹੁਣ ਕਿਸੇ ਵਿਦਰੋਹ 'ਤੇ ਉੱਤਰਿਆ ਹੋਇਆ ਹੈ ਅਤੇ ਉਸਦੇ ਲਈ ਕਿਸੇ ਨਵੇਂ ਮੁਕੱਦਮੇ ਦੀ ਤਿਆਰੀ ਕਰ ਰਿਹਾ ਹੈ, ਕਿ ਹੁਣ ਕੇ. ਨੇ ਪੁਰਾਣੇ ਵਾਲੇ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਹਿ ਲਿਆ ਹੈ? ਪਹਿਲਾਂ ਹੀ ਸੰਜੋਗ ਨਾਲ ਡਾਕਟਰ ਦੇ ਕੋਲ ਜਾਣ ਦੇ ਵਿਚਾਰ ਨੂੰ ਉਸਨੇ ਪੂਰੀ ਤਰ੍ਹਾਂ ਨਹੀਂ ਤਿਆਗਿਆ ਸੀ, ਪਰ ਕਿਸੇ ਵੀ ਕੀਮਤ 'ਤੇ, ਅਤੇ ਹੁਣ ਉਹ ਖ਼ੁਦ ਆਪਣੇ ਆਪ ਨੂੰ ਸਲਾਹ ਦੇ ਸਕਦਾ ਸੀ ਕਿ ਉਹ ਭਵਿੱਖ ਵਿੱਚ ਆਪਣੀ ਐਤਵਾਰੀ ਸਵੇਰ ਦਾ ਵਧੇਰੇ ਬਿਹਤਰ ਇਸਤੇਮਾਲ ਕਰੇਗਾ।