52863ਮੁਕੱਦਮਾ — ਚੌਥਾ ਭਾਗਨਿਰਮਲ ਬਰਾੜਫ਼ਰਾਂਜ਼ ਕਾਫ਼ਕਾ

ਚੌਥਾ ਭਾਗ

ਫ਼ਰਾਊਲਨ ਬਸਤਰ ਦੀ ਦੋਸਤ

ਅਗਲੇ ਕੁੱਝ ਦਿਨਾਂ ਵਿੱਚ ਕੇ. ਨੂੰ ਫ਼ਰਾਊਲਨ ਬਸਤਨਰ ਦੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। ਉਸਨੇ ਉਸ ਕੋਲ ਪਹੁੰਚ ਸਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਹਮੇਸ਼ਾ ਉਸ ਤੋਂ ਬਚ ਸਕਣ ਵਿੱਚ ਕਾਮਯਾਬ ਰਹੀ। ਉਹ ਦਫ਼ਤਰੋਂ ਸਿੱਧਾ ਘਰ ਆਉਂਦਾ, ਬਿਨ੍ਹਾਂ ਬੱਤੀ ਜਲਾਏ ਆਪਣੇ ਕਮਰੇ ਵਿੱਚ ਰਹਿੰਦਾ, ਸੋਫ਼ੇ 'ਤੇ ਬਹਿ ਕੇ ਹਾਲ ਨੂੰ ਘੂਰਨ ਤੋਂ ਬਿਨ੍ਹਾਂ ਹੋਰ ਕੁੱਝ ਨਾ ਕਰਦਾ। ਜੇ, ਉਦਾਹਰਨ ਦੇ ਲਈ, ਨੌਕਰਾਣੀ ਪਿੱਛੇ ਜਾ ਕੇ ਬੂਹਾ ਬੰਦ ਕਰ ਦਿੰਦੀ, ਕਿਉਂਕਿ ਉਸਦਾ ਕਮਰਾ ਖ਼ਾਲੀ ਲੱਗਦਾ ਸੀ, ਤਾਂ ਥੋੜ੍ਹੀ ਦੇਰ ਬਾਅਦ ਉਹ ਉੱਠ ਜਾਂਦਾ ਅਤੇ ਉਸਨੂੰ ਦੋਬਾਰਾ ਖੋਲ੍ਹ ਦਿੰਦਾ। ਸਵੇਰ ਨੂੰ ਉਹ ਆਮ ਨਾਲੋਂ ਘੰਟਾ ਪਹਿਲਾਂ ਜਾਗ ਜਾਂਦਾ ਕਿ ਸ਼ਾਇਦ ਉਸਦੀ ਮੁਲਾਕਾਤ ਫ਼ਰਾਊਲਨ ਬਸਤਨਰ ਦੇ ਨਾਲ ਉਸ ਵੇਲੇ ਹੋ ਜਾਵੇ ਜਦੋਂ ਉਹ ਦਫ਼ਤਰ ਦੇ ਲਈ ਨਿਕਲਦੀ ਹੈ।

ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਫਲਤਾ ਉਸਦੇ ਹੱਥ ਨਹੀਂ ਲੱਗੀ। ਫ਼ਿਰ ਉਸਨੇ ਉਸਨੂੰ ਲਿਖਿਆ, ਦੋਵੇਂ ਥਾਂਵਾ 'ਤੇ- ਉਸਦੇ ਦਫ਼ਤਰ ਅਤੇ ਫ਼ਲੈਟ 'ਤੇ, ਅਤੇ ਇੱਕ ਵਾਰ ਫਿਰ ਆਪਣੇ ਰਵੱਈਏ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਸੇ ਵੀ ਤਰ੍ਹਾਂ ਦਾ ਅਫ਼ਸੋਸ ਜ਼ਾਹਰ ਕਰਨ ਦੀ ਪੇਸ਼ਕਸ਼ ਕੀਤੀ, ਉਸਨੇ ਵਾਅਦਾ ਕੀਤਾ ਕਿ ਜਿਹੜੀਆਂ ਹੱਦਾਂ ਉਹ ਤੈਅ ਕਰੇਗੀ, ਉਹ ਉਹਨਾਂ ਦਾ ਉਲੰਘਣ ਕਦੇ ਨਹੀਂ ਕਰੇਗਾ, ਅਤੇ ਉਸਨੇ ਸਿਰਫ਼ ਇਹ ਗੁਜ਼ਾਰਿਸ਼ ਕੀਤੀ ਕਿ ਕਿਸੇ ਮੌਕੇ ਉਹ ਉਸਨੂੰ ਗੱਲ ਕਰਨ ਦਾ ਸਮਾਂ ਦੇਵੇ। ਖ਼ਾਸ ਕਰਕੇ, ਉਸਨੇ ਕਿਹਾ ਕਿ ਉਹ ਫ਼ਰਾਅ ਗਰੁਬਾਖ਼ ਦੇ ਨਾਲ ਉਦੋਂ ਤੱਕ ਕੁੱਝ ਵੀ ਤੈਅ ਨਹੀਂ ਕਰ ਸਕੇਗਾ ਜਦੋਂ ਤੱਕ ਉਸਦੇ ਨਾਲ ਉਸਨੇ ਇਸ ਬਾਰੇ 'ਚ ਗੱਲ ਨਾ ਕਰ ਲਈ ਹੋਵੇ, ਅਤੇ ਅੰਤ ਵਿੱਚ ਉਸਨੇ ਦੱਸਿਆ ਕਿ ਅਗਲੇ ਐਤਵਾਰ ਨੂੰ ਪੂਰਾ ਦਿਨ ਉਹ ਆਪਣੇ ਕਮਰੇ ਵਿੱਚ ਹੀ ਰਹੇਗਾ, ਅਤੇ ਉਸਦੇ ਦੁਆਰਾ ਕੀਤੇ ਜਾਣ ਵਾਲੇ ਇਸ਼ਾਰੇ ਦਾ ਇੰਤਜ਼ਾਰ ਕਰੇਗਾ, ਜਿਸ ਨਾਲ ਉਸਨੂੰ ਇਹ ਯਕੀਨ ਹੋ ਜਾਵੇ ਕਿ ਉਸਦੀ ਬੇਨਤੀ ਦਾ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ, ਜਾਂ ਜਿਸਦੇ ਜ਼ਰੀਏ ਨਾਲ ਘੱਟ ਤੋਂ ਘੱਟ ਇਹ ਤਾਂ ਸਪੱਸ਼ਟ ਹੋ ਜਾਵੇ ਕਿ ਉਸਦੀ ਇਹ ਬੇਨਤੀ ਕਿਉਂ ਪੂਰੀ ਨਹੀਂ ਕੀਤੀ ਜਾ ਸਕਦੀ, ਜਦੋਂ ਕਿ ਉਸਨੇ ਹਰੇਕ ਮੁੱਦੇ 'ਤੇ ਉਸਦੀਆਂ ਇੱਛਾਵਾਂ ਦੀ ਇੱਜ਼ਤ ਕਰਨ ਦਾ ਵਾਅਦਾ ਵੀ ਕੀਤਾ ਹੈ। ਚਿੱਠੀਆਂ ਵਾਪਸ ਨਹੀਂ ਮਿਲੀਆਂ, ਪਰ ਉਹਨਾਂ ਦਾ ਕੋਈ ਜਵਾਬ ਵੀ ਨਹੀਂ ਮਿਲਿਆ।

ਭਾਵੇਂ ਐਤਵਾਰ ਨੂੰ ਇਕ ਅਜਿਹਾ ਸੰਕੇਤ ਜ਼ਰੂਰ ਮਿਲਿਆ ਜਿਹੜਾ ਆਪਣੇ ਆਪ ਵਿੱਚ ਕਾਫ਼ੀ ਬੇਅਰਥ ਸੀ। ਸਵੇਰੇ ਸਵੇਰੇ ਕੇ. ਨੇ ਚਾਬੀ ਦੀ ਮੋਰੀ ਵਿੱਚੋਂ ਵੇਖਿਆ ਕਿ ਬਾਹਰ ਵੱਡੇ ਕਮਰੇ ਵਿੱਚ ਖੁੱਲ੍ਹਣ ਵਾਲੇ ਰਸਤੇ ਵਿੱਚ ਅਸਧਾਰਣ ਢੰਗ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ, ਜਿਹਨਾਂ ਦਾ ਉਦੋਂ ਹੀ ਖੁਲਾਸਾ ਹੋ ਗਿਆ।

ਫ਼ਰੈਂਚ ਦੀ ਇੱਕ ਅਧਿਆਪਿਕਾ, ਉਹ ਦਰਅਸਲ ਮੌਂਤੇਗ ਨਾਂ ਦੀ ਇੱਕ ਜਰਮਨ ਕੁੜੀ ਸੀ, ਦੁਬਲੀ ਪਤਲੀ, ਪੀਲੀ ਜਿਹੀ ਕੁੜੀ, ਜਿਹੜੀ ਥੋੜ੍ਹਾ ਜਿਹਾ ਲੰਗੜਾ ਕੇ ਤੁਰਦੀ ਸੀ, ਜਿਸਦੇ ਕੋਲ ਹੁਣ ਆਪਣਾ ਕਮਰਾ ਸੀ, ਫ਼ਰਾਉਲਨ ਬਸਤਨਰ ਦੇ ਕਮਰੇ ਵਿੱਚ ਜਾ ਰਹੀ ਸੀ। ਘੰਟਿਆਂ ਬੱਧੀ ਉਸਨੂੰ ਇੱਧਰ ਉੱਧਰ ਘੁੰਮਦੇ ਵੇਖਿਆ ਜਾ ਸਕਦਾ ਸੀ। ਵਾਰ-ਵਾਰ ਇਹ ਹੁੰਦਾ ਸੀ ਕਿ ਕਦੇ ਕੋਈ ਕੱਪੜਾ ਜਾਂ ਕਿਤਾਬ ਪਿੱਛੇ ਰਹਿ ਜਾਂਦੀ ਸੀ ਜਾਂ ਉਹ ਭੁੱਲ ਜਾਂਦੀ ਸੀ ਅਤੇ ਉਸਨੂੰ ਲਿਆਉਣ ਲਈ ਉਸਨੂੰ ਖ਼ਾਸ ਤੌਰ 'ਤੇ ਖੇਚਲ ਕਰਨੀ ਪੈਂਦੀ ਸੀ ਅਤੇ ਫ਼ਿਰ ਉਹ ਉਸਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਜਾਇਆ ਕਰਦੀ ਸੀ।

ਜਦੋਂ ਫ਼ਰਾਅ ਗਰੁਬਾਖ਼ ਕੇ. ਦੇ ਲਈ ਨਾਸ਼ਤਾ ਲਿਆਈ, ਉਸ ਸਮੇਂ ਤੋਂ ਜਦੋਂ ਉਸਨੇ ਕੇ. ਨੂੰ ਕਾਫ਼ੀ ਨਾਰਾਜ਼ ਕਰ ਦਿੱਤਾ ਸੀ, ਉਹ ਨੌਕਰਾਣੀ ਨੂੰ ਕੇ. ਦੇ ਕਿਸੇ ਛੋਟੇ ਤੋਂ ਛੋਟੇ ਕੰਮ ਲਈ ਵੀ ਨਹੀਂ ਭੇਜਦੀ ਸੀ- ਹੁਣ ਪੰਜ ਦਿਨਾਂ ਵਿੱਚ ਪਹਿਲੀ ਵਾਰ ਕੇ. ਉਸਦੇ ਨਾਲ ਗੱਲ ਕਰਨ ਤੋਂ ਖ਼ੁਦ ਨੂੰ ਨਹੀਂ ਰੋਕ ਸਕਿਆ।

"ਹਾਲ 'ਚ ਇਹ ਕਿਹੋ ਜਿਹਾ ਬੇਹੁਦਾ ਸ਼ੋਰ ਹੋ ਰਿਹਾ ਹੈ?" ਉਸਨੇ ਪਿਆਲਿਆਂ 'ਚ ਕੌਫ਼ੀ ਪਾਉਂਦੇ ਹੋਏ ਕਿਹਾ, "ਕੀ ਇਸਨੂੰ ਬੰਦ ਨਹੀਂ ਕੀਤਾ ਜਾ ਸਕਦਾ? ਕੀ ਐਤਵਾਰ ਦੇ ਦਿਨ ਵੀ ਕਮਰਿਆਂ ਨੂੰ ਬੰਦ ਰੱਖਣਾ ਪਵੇਗਾ?"

ਭਾਵੇਂ ਫ਼ਰਾਅ ਗਰੁਬਾਖ਼ ਨੇ ਕੇ. ਦੇ ਚਿਹਰੇ ਉੱਤੇ ਨਜ਼ਰ ਨਹੀਂ ਸੁੱਟੀ ਸੀ, ਪਰ ਫ਼ਿਰ ਵੀ ਉਸਨੂੰ ਲੱਗਿਆ ਕਿ ਉਸਨੇ ਰਾਹਤ ਦੀ ਗਹਿਰਾ ਸਾਹ ਲਿਆ ਹੈ। ਕੇ. ਦੇ ਇਹਨਾਂ ਕਰੜੇ ਸਵਾਲਾਂ ਨੂੰ ਵੀ ਉਸਨੇ ਉਸਦੇ ਮਾਫ਼ ਕਰ ਦੇਣ ਵਾਲੇ ਸੰਕੇਤ ਵੱਜੋਂ ਹੀ ਲਿਆ ਜਾਂ ਮਾਫ਼ ਕਰ ਦੇਣ ਦੀ ਉਸਦੀ ਤਤਪਰਤਾ ਦੇ ਰੂਪ ਵਿੱਚ।

"ਸ੍ਰੀਮਾਨ ਕੇ., ਕੁੱਝ ਵੀ ਨਹੀਂ ਹੋ ਰਿਹਾ ਹੈ," ਉਸਨੇ ਜਵਾਬ ਦਿੱਤਾ। "ਇਹ ਫ਼ਰਾਉਲਨ ਮੌਤੇਗ ਆਪਣੀਆਂ ਚੀਜ਼ਾਂ ਬਦਲਣ ਲਈ ਫ਼ਰਾਉਲਨ ਬਸਤਨਰ ਦੇ ਨਾਲ ਚੱਲ ਰਹੀ ਹੈ। "ਇਸ ਤੋਂ ਜ਼ਿਆਦਾ ਉਸਨੇ ਕੁੱਝ ਨਹੀ ਕਿਹਾ, ਪਰ ਇਹ ਇੰਤਜ਼ਾਰ ਕਰਨ ਲੱਗੀ ਕਿ ਇਸ 'ਤੇ ਕੇ. ਕਿਹੋ ਜਿਹਾ ਮਹਿਸੂਸ ਕਰੇਗਾ ਅਤੇ ਕੀ ਉਹ ਉਸਨੂੰ ਅੱਗੇ ਵੀ ਬੋਲਣ ਦੀ ਇਜਾਜ਼ਤ ਦੇਵੇਗਾ। ਪਰ ਕੇ. ਨੇ ਉਸਦੀ ਪ੍ਰੀਖਿਆ ਲੈਣੀ ਚਾਹੀ। ਉਹ ਸੋਚ ਦੀ ਸਥਿਤੀ ਵਿੱਚ ਚਮਚੇ ਨਾਲ ਕੌਫ਼ੀ ਹਿਲਾਉਂਦਾ ਰਿਹਾ ਅਤੇ ਕੁੱਝ ਨਹੀਂ ਬੋਲਿਆ। ਫਿਰ ਉਸਨੇ ਉਸਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ, "ਕੀ ਤੂੰ ਫ਼ਰਾਉਲਨ ਬਸਤਨਰ ਦੇ ਬਾਰੇ ਆਪਣੇ ਭੁਲੇਖੇ ਖਾਰਿਜ ਕਰ ਦਿੱਤੇ ਹਨ?"

"ਸ਼੍ਰੀਮਾਨ ਕੇ.," ਫ਼ਰਾਅ ਗਰੁਬਾਖ਼ ਚੀਕ ਪਈ, ਜਿਹੜੀ ਹੁਣ ਤੱਕ ਇਸੇ ਸਵਾਲ ਦੀ ਉਡੀਕ ਕਰ ਰਹੀ ਸੀ, ਅਤੇ ਉਸਨੇ ਆਪਣੇ ਜੁੜੇ ਹੋਏ ਹੱਥ ਕੇ. ਦੇ ਵੱਲ ਵਧਾ ਦਿੱਤੇ, "ਉਸ ਦਿਨ ਤੁਸੀਂ ਮੇਰੀ ਸਹਿਜੇ ਹੀ ਕਹੀ ਹੋਈ ਗੱਲ ਨੂੰ ਇੰਨੀ ਗੰਭੀਰਤਾ ਨਾਲ ਲੈ ਲਿਆ ਸੀ। ਤੁਹਾਨੂੰ ਜਾਂ ਕਿਸੇ ਹੋਰ ਨੂੰ ਦੁੱਖ ਪੁਚਾਉਣਾ ਕਦੇ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ। ਮੇਰਾ ਮਤਲਬ ਹੈ ਕਿ ਤੁਸੀਂ ਮੈਨੂੰ ਕਾਫ਼ੀ ਸਮੇਂ ਤੋਂ ਜਾਣਦੇ ਹੋਂ, ਸ਼੍ਰੀਮਾਨ ਕੇ., ਤਾਂ ਇਸਦਾ ਪੂਰੀ ਤਰ੍ਹਾਂ ਯਕੀਨ ਮੰਨ ਲਓ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਂ ਪਿਛਲੇ ਕੁੱਝ ਦਿਨਾਂ ਤੋਂ ਕਿੰਨੀ ਤਕਲੀਫ਼ ਭੋਗੀ ਹੈ। ਮੇਰੇ ਕਿਰਾਏਦਾਰਾਂ ਨੇ ਮੇਰੀ ਕਿੰਨੀ ਨਿੰਦਿਆ ਕੀਤੀ ਹੈ। ਅਤੇ ਤੁਸੀਂ ਸ਼੍ਰੀਮਾਨ ਕੇ., ਤੁਸੀਂ ਇਸ ਉੱਤੇ ਯਕੀਨ ਮੰਨ ਲਿਆ। ਤੁਸੀਂ ਤਾਂ ਕਿਹਾ ਕਿ ਮੈਂ ਤੁਹਾਨੂੰ ਬਾਹਰ ਨਿਕਲਣ ਦਾ ਨੋਟਿਸ ਦੇ ਦੇਵਾਂਗੀ।" ਉਸਦੀ ਗੱਲ ਉਸਦੇ ਹੰਝੂਆਂ ਨਾਲ ਭਿੱਜੀ ਹੋਈ ਸੀ, ਉਸਨੇ ਆਪਣਾ ਐਪਰਨ ਆਪਣੇ ਚਿਹਰੇ ਤੱਕ ਪੁਚਾਇਆ ਅਤੇ ਜ਼ੋਰ-ਜ਼ੋਰ ਨਾਲ ਡੁਸਕਣ ਲੱਗੀ।

"ਰੋਵੋ ਨਾ ਫ਼ਰਾਅ ਗਰੁਬਾਖ਼," ਕੇ. ਬੋਲਿਆ ਅਤੇ ਖਿੜਕੀ ਤੋਂ ਬਾਹਰ ਵੇਖਣ ਲੱਗਾ; ਉਹ ਸਿਰਫ਼ ਫ਼ਰਾਉਲਨ ਬਸਤਨਰ ਦੇ ਬਾਰੇ ਵਿੱਚ ਸੋਚ ਰਿਹਾ ਸੀ ਅਤੇ ਇਸ ਤੱਥ ਦੇ ਬਾਰੇ ਵਿੱਚ ਕਿ ਉਹ ਇੱਕ ਅਜਨਬੀ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਆਈ ਹੈ। "ਹੁਣ ਰੋਣਾ ਬੰਦ ਕਰੋ," ਉਹ ਵਾਪਸ ਕਮਰੇ ਵਿੱਚ ਮੁੜਿਆ ਅਤੇ ਹੁਣ ਤੱਕ ਫ਼ਰਾਅ ਗਰੁਬਾਖ਼ ਨੂੰ ਰੋਂਦੇ ਹੋਏ ਵੇਖ ਕੇ ਬੋਲਿਆ, "ਉਸ ਵੇਲੇ ਮੈਂ ਵੀ ਕੁੱਝ ਜ਼ਿਆਦਾ ਗੰਭੀਰਤਾ ਨਾਲ ਨਹੀਂ ਬੋਲ ਰਿਹਾ ਸੀ। ਦੋਵਾਂ ਪਾਸੇ ਹੀ ਥੋੜੀ ਬਹੁਤ ਗ਼ਲਤਫ਼ਹਿਮੀ ਹੋ ਗਈ ਹੈ। ਕਈ ਵਾਰ ਤਾਂ ਇਹ ਪੁਰਾਣੇ ਦੋਸਤਾਂ ਦੇ ਨਾਲ ਵੀ ਹੋ ਜਾਂਦਾ ਹੈ।"

ਫ਼ਰਾਅ ਗਰੁਬਾਖ਼ ਨੇ ਆਪਣੀਆਂ ਅੱਖਾਂ ਤੋਂ ਐਪਰਨ ਹਟਾਇਆ ਤਾਂ ਕਿ ਉਹ ਵੇਖ ਸਕੇ ਕਿ ਕੀ ਉਹ ਸੱਚੀਂ ਸੰਤੁਸ਼ਟ ਹੋ ਗਿਆ ਹੈ।

"ਛੱਡੋ ਵੀ, ਜਿਹੜਾ ਕੁੱਝ ਹੋਣਾ ਸੀ, ਹੋ ਗਿਆ," ਕੇ. ਨੇ ਕਿਹਾ, ਅਤੇ ਕਿਉਂਕਿ ਕੈਪਟਨ (ਫ਼ਰਾਅ ਗਰੁਬਾਖ਼ ਦੇ ਲਹਿਜੇ ਤੋਂ ਲੱਗ ਰਿਹਾ ਸੀ) ਨੇ ਕੁੱਝ ਵੀ ਖੁੱਲ੍ਹ ਕੇ ਨਹੀਂ ਦੱਸਿਆ ਸੀ, ਤਾਂ ਉਸਨੇ ਆਪਣੇ ਕੋਲੋਂ ਜੋੜ ਦਿੱਤਾ, "ਕੀ ਤੂੰ ਸਚਮੁੱਚ ਸੋਚਦੀ ਏਂ ਕਿ ਉਸ ਅਜਨਬੀ ਕੁੜੀ ਦੇ ਕਾਰਨ ਮੈਂ ਤੇਰੇ ਨਾਲ ਲੜ ਪਵਾਂਗਾ?"

"ਹਾਂ, ਇਹੀ ਤਾਂ ਗੱਲ ਹੈ, ਸ਼੍ਰੀਮਾਨ ਕੇ.," ਫ਼ਰਾਅ ਗਰੁਬਾਖ਼ ਨੇ ਕਿਹਾ। ਇਹ ਉਸਦੀ ਬਦਕਿਸਮਤੀ ਸੀ ਕਿ, ਜਿਵੇਂ ਉਹ ਥੋੜਾ ਠੀਕ ਮਹਿਸੂਸ ਕਰਦੀ ਸੀ, ਉਹ ਕੁੱਝ ਬੇਮਤਲਬ ਗੱਲ ਕਹਿ ਦਿੰਦੀ ਸੀ, "ਮੈਂ ਤਾਂ ਆਪਣੇ ਆਪ ਨੂੰ ਪੁੱਛਦੀ ਰਹੀ ਸ਼੍ਰੀਮਾਨ ਕੇ. ਕਿਉਂ ਫ਼ਰਾਉਲਨ ਬਸਤਰ ਦੀ ਪੈਰਵੀ ਕਰਨਗੇ? ਉਹ ਉਸਦੀ ਖਾਤਰ ਮੇਰੇ ਨਾਲ ਕਿਉਂ ਲੜਨਗੇ, ਜਦੋਂ ਕਿ ਉਹ ਜਾਣਦੇ ਹਨ ਕਿ ਉਹਨਾਂ ਦਾ ਇੱਕ ਗੁੱਸੇ ਵਾਲਾ ਸ਼ਬਦ ਮੇਰੀ ਨੀਂਦ ਹਰਾਮ ਕਰ ਦੇਵੇਗਾ। ਆਖ਼ਰ ਮੈਂ ਉਹੀ ਕਿਹਾ ਜੋ ਕੁੱਝ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ।"

ਕੇ. ਨੇ ਇਸਦਾ ਕੋਈ ਜਵਾਬ ਨਾ ਦਿੱਤਾ, ਉਹ ਤਾਂ ਉਸਦਾ ਪਹਿਲਾਂ ਸ਼ਬਦ ਸੁਣਦੇ ਹੀ ਉਸਨੂੰ ਬਾਹਰ ਧੱਕ ਚੁੱਕਾ ਹੁੰਦਾ, ਪਰ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ। ਉਹ ਆਪਣੀ ਕੌਫ਼ੀ ਪੀਣ ਵਿੱਚ ਹੀ ਸੰਤੁਸ਼ਟ ਰਿਹਾ ਅਤੇ ਫ਼ਰਾਅ ਗਰੁਬਾਖ਼ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗ ਗਿਆ ਕਿ ਹੁਣ ਉਸਦੀ ਹੋਂਦ ਉੱਥੇ ਵਿਅਰਥ ਹੈ। ਬਾਹਰ ਹਾਲ ਨੂੰ ਚੀਰਦੀ ਫ਼ਰਾਉਨਲ ਮੌਂਤੋਗ ਦੇ ਘਿਸੜਦੇ ਕਦਮਾਂ ਦੀਆਂ ਅਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ।

"ਕੀ ਤੂੰ ਸੁਣ ਰਹੀ ਏਂ?" ਕੇ. ਨੇ ਬੂਹੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

"ਹਾਂ," ਫ਼ਰਾਅ ਗਰੁਬਾਖ਼ ਨੇ ਆਹ ਭਰ ਕੇ ਜਵਾਬ ਦਿੱਤਾ, "ਮੈਂ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਥੋਂ ਤੱਕ ਕਿ ਨੌਕਰਾਣੀ ਨੂੰ ਵੀ ਉਸਦੀ ਮਦਦ ਕਰਨ ਨੂੰ ਕਿਹਾ ਸੀ, ਪਰ ਉਸਦੇ ਤਾਂ ਆਪਣੇ ਵਿਚਾਰ ਹਨ, ਉਹ ਹਰ ਚੀਜ਼ ਆਪਣੇ ਆਪ ਚੁੱਕਣਾ ਚਾਹੁੰਦੀ ਹੈ। ਫ਼ਰਾਉਲਨ ਮੌਂਤੇਗ ਨੂੰ ਆਪਣਾ ਕਿਰਾਏਦਾਰ ਬਣਾਉਣਾ ਮੇਰੇ ਲਈ ਹਮੇਸ਼ਾ ਦੁੱਖ ਦੇਣ ਵਾਲਾ ਰਿਹਾ ਹੈ, ਪਰ ਫ਼ਰਾਉਲਨ ਬਸਤਨਰ ਉੱਥੇ ਜਾਂਦੀ ਹੈ ਅਤੇ ਉਸਨੂੰ ਆਪਣੇ ਕਮਰਾ ਸਾਝਾਂ ਕਰਨ ਲਈ ਆਪਣੇ ਨਾਲ ਲੈ ਆਉਂਦੀ ਹੈ।"

"ਇਸ ਸਭ ਦੀ ਤੈਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ," ਆਪਣੇ ਕੱਪ ਵਿੱਚ ਖੰਡ ਦੇ ਆਖ਼ਰੀ ਦਾਣਿਆਂ ਨੂੰ ਘੋਲਦੇ ਹੋਏ ਕੇ. ਨੇ ਕਿਹਾ, "ਕੀ ਇਸ ਨਾਲ ਤੈਨੂੰ ਕੋਈ ਨੁਕਸਾਨ ਹੈ?"

"ਨਹੀਂ," ਫ਼ਰਾਅ ਗਰੁਬਾਖ਼ ਨੇ ਜਵਾਬ ਦਿੱਤਾ, "ਦਰਅਸਲ, ਮੈਂ ਤਾਂ ਇਸਦਾ ਸਵਾਗਤ ਕਰਦੀ ਹਾਂ, ਇਸਦਾ ਮਤਲਬ ਤਾਂ ਇਹ ਹੋਇਆ ਕਿ ਮੇਰੇ ਕੋਲ ਇੱਕ ਕਮਰਾ ਮੁਫ਼ਤ ਵਿੱਚ ਬਚਿਆ ਰਿਹਾ ਅਤੇ ਉਸ ਵਿੱਚ ਮੈਂ ਆਪਣੇ ਭਤੀਜੇ ਨੂੰ ਰੱਖ ਸਕਦੀ ਹਾਂ, ਕੈਪਟਨ ਨੂੰ। ਮੈਂ ਲੰਮੇ ਅਰਸੇ ਤੋਂ ਪਰੇਸ਼ਾਨ ਹਾਂ ਕਿ ਉਹ ਤੇਰੇ ਲਈ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ, ਖ਼ਾਸ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਜਦੋਂ ਮੈਂ ਉਸਨੂੰ ਆਪਣੇ ਕਮਰੇ ਦੇ ਠੀਕ ਅੱਗੇ ਵੱਡੇ ਕਮਰੇ ਵਿੱਚ ਰੁਕ ਜਾਣ ਦੀ ਇਜਾਜ਼ਤ ਦੇ ਰੱਖੀ ਹੈ। ਉਹ ਬਹੁਤਾ ਸਮਝਦਾਰ ਨਹੀਂ ਹੈ।"

"ਕਿਆ ਖਿਆਲ ਹੈ!" ਆਪਣੇ ਪੈਰਾਂ ਦੇ ਖੜ੍ਹੇ ਹੋ ਕੇ ਕੇ. ਨੇ ਕਿਹਾ, "ਇਸਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੂੰ ਮੈਨੂੰ ਕੁੱਝ ਬਹੁਤਾ ਹੀ ਸੰਵੇਦਨਸ਼ੀਲ ਕਹਿ ਸਕਦੀ ਏਂ, ਕਿਉਂਕਿ ਫ਼ਰਾਉਲਨ ਮੌਂਤੇਗ ਦਾ ਇੱਧਰ-ਉੱਧਰ ਤੁਰਨਾ-ਫ਼ਿਰਨਾ ਮੇਰੇ ਤੋਂ ਸਹਿ ਨਹੀਂ ਹੋ ਰਿਹਾ- ਵੇਖ ਹੁਣ ਫ਼ਿਰ ਉਹ ਵਾਪਸ ਆ ਰਹੀ ਹੈ।"

ਫ਼ਰਾਅ ਗਰੁਬਾਖ਼ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰ ਰਹੀ ਸੀ, "ਸ੍ਰੀਮਾਨ ਕੇ., ਕੀ ਮੈਂ ਉਸਨੂੰ ਕਹਿ ਦੇਵਾਂ ਕਿ ਬਾਕੀ ਦਾ ਕੰਮ ਬੰਦ ਕਰ ਦੇਵੇ? ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸਨੂੰ ਹੁਣੇ ਕਹਿ ਦਿੰਦਾ ਹਾਂ।"

"ਪਰ ਉਹ ਤਾਂ ਫ਼ਰਾਉਲਨ ਬਸਤਰ ਦੇ ਨਾਲ ਜਾ ਰਹੀ ਹੈ।"

"ਹਾਂ," ਫ਼ਰਾਅ ਗਰੁਬਾਖ਼ ਨੇ ਕਿਹਾ, ਹਾਲਾਂਕਿ ਕੇ. ਦਾ ਇਰਾਦਾ ਕੀ ਸੀ, ਉਹ ਇਹ ਇੱਕ ਦਮ ਸਮਝ ਨਹੀਂ ਸਕੀ ਸੀ।

"ਤਾਂ ਹੀ," ਕੇ. ਬੋਲਿਆ, "ਉਸਨੇ ਆਪਣੀਆਂ ਚੀਜ਼ਾਂ ਚੁੱਕ ਕੇ ਲੈ ਹੀ ਜਾਣੀਆਂ ਨੇ।

ਫ਼ਰਾਅ ਗਰੁਬਾਖ਼ ਨੇ ਸਿਰ ਹਿਲਾ ਦਿੱਤਾ। ਉਸ ਮੌਨ ਲਾਚਾਰੀ ਦੇ ਭਾਵ ਨਾਲ, ਜਿਸ ਵਿੱਚੋਂ ਨਾਫ਼ਰਮਾਨੀ ਸਾਫ਼ ਨਜ਼ਰ ਆ ਰਹੀ ਸੀ, ਇਸ ਨੇ ਕੇ. ਨੂੰ ਹੋਰ ਵਧੇਰੇ ਚਿੜਾ ਦਿੱਤਾ। ਉਹ ਕਮਰੇ ਦੀ ਖਿੜਕੀ ਅਤੇ ਬੂਹੇ ਦੇ ਵਿਚਕਾਰ ਟਹਿਲਣ ਲੱਗਾ, ਤੇਜ਼ੀ ਨਾਲ ਇੱਧਰ-ਉੱਧਰ ਘੁੰਮਦਾ, ਇਸ ਤਰ੍ਹਾਂ ਫ਼ਰਾਅ ਗਰੁਬਾਖ਼ ਦੇ ਲਈ ਉਸਨੇ ਨਾਮੁਮਕਿਨ ਕਰ ਦਿੱਤਾ ਕਿ ਉਹ ਕਮਰੇ 'ਚੋਂ ਬਾਹਰ ਜਾ ਸਕੇ, ਜਿਹੜਾ ਉਹ ਹੁਣ ਤੱਕ ਕਰ ਚੁੱਕੀ ਹੁੰਦੀ।

ਬੂਹੇ 'ਤੇ ਖੜਕਾਹਟ ਹੋਈ, ਕੇ. ਛੇਤੀ ਨਾਲ ਉੱਥੇ ਪਹੁੰਚਿਆ। ਨੌਕਰਾਣੀ ਸੀ, ਉਸਨੇ ਦੱਸਿਆ ਕਿ ਫ਼ਰਾਉਲਨ ਮੌਂਤੇਗ ਉਸਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਅਤੇ ਇਸ ਲਈ ਉਸਨੇ ਉਸਨੂੰ ਖਾਣ ਵਾਲੇ ਕਮਰੇ ਵਿੱਚ ਆਉਣ ਦੀ ਬੇਨਤੀ ਕੀਤੀ ਜਿੱਥੇ ਉਹ ਉਸਦੀ ਉਡੀਕ ਕਰ ਰਹੀ ਸੀ। ਕੇ. ਨੇ ਸੋਚ ਦੀ ਸਥਿਤੀ ਵਿੱਚ ਨੌਕਰਾਣੀ ਨੂੰ ਸੁਣਿਆ ਅਤੇ ਭੈਅਭੀਤ ਜਿਹੀ ਖੜ੍ਹੀ ਫ਼ਰਾਅ ਗਰੁਬਾਖ਼ ਦੇ ਵੱਲ ਘਿਰਣਾ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ। ਇਸ ਨਜ਼ਰ ਤੋਂ ਅਜਿਹਾ ਲੱਗਿਆ ਕਿ ਜਿਵੇਂ ਕੇ. ਨੂੰ ਫ਼ਰਾਉਲਨ ਮੌਂਤੇਗ ਤੋਂ ਕਾਫ਼ੀ ਪਹਿਲਾਂ ਇਸ ਸੱਦੇ ਦੀ ਉਮੀਦ ਹੋਵੇ ਅਤੇ ਕਿ ਫ਼ਰਾਅ ਗਰੁਬਾਖ਼ ਦੇ ਕਿਰਾਏਦਾਰਾਂ ਤੋਂ, ਅੱਜ ਇਸ ਐਤਵਾਰ ਦੀ ਸਵੇਰ ਜਿਹੜੀ ਅਸ਼ਾਂਤੀ ਭੋਗਣੀ ਪਈ ਹੈ, ਇਹ ਸੱਦਾ ਉਸਦਾ ਨਿਚੋੜ ਹੈ। ਉਸਨੇ ਨੌਕਰਾਣੀ ਨੂੰ ਇਹ ਕਹਿਕੇ ਕਿ ਉਹ ਛੇਤੀ ਆ ਰਿਹਾ ਹੈ, ਵਾਪਸ ਭੇਜ ਦਿੱਤਾ ਅਤੇ ਫ਼ਿਰ ਆਪਣੇ ਵਾਰਡਰੋਬ ਦੇ ਕੋਲ ਕੋਟ ਬਦਲਣ ਲਈ ਪਹੁੰਚਿਆ, ਅਤੇ ਫ਼ਿਰ ਫ਼ਰਾਅ ਗਰੁਬਾਖ਼ ਮੁਸ਼ਕਲਾਂ ਪੈਦਾ ਕਰਨ ਵਾਲੇ ਕਿਰਾਏਦਾਰਾਂ ਬਾਰੇ ਹੌਲੀ ਜਿਹੇ ਫੁਸਫੁਸਾਉਣ ਲੱਗੀ, ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ, ਬਿਨ੍ਹਾਂ ਇਸਦੇ ਕਿ ਉਹ ਨਾਸ਼ਤੇ ਵਿੱਚ ਬਚੀਆਂ ਚੀਜ਼ਾਂ ਨੂੰ ਵਾਪਸ ਲੈ ਜਾਵੇ।

"ਪਰ ਤੁਸੀਂ ਤਾਂ ਕਿਸੇ ਚੀਜ਼ ਨੂੰ ਹੱਥ ਤੱਕ ਨਹੀਂ ਲਾਇਆ ਹੈ!" ਫ਼ਰਾਅ ਗੁਰੂਬਾਖ਼ ਨੇ ਕਿਹਾ।

"ਓਹ, ਲੈ ਜਾਓ ਇਹ ਸਭ!" ਕੇ. ਚੀਕ ਪਿਆ। ਉਸਨੂੰ ਲੱਗਿਆ ਜਿਵੇਂ, ਕਿਸੇ ਤਰ੍ਹਾਂ, ਫ਼ਰਾਉਲਨ ਮੌਂਤੇਗ ਉਹਨਾਂ ਸਾਰੀਆਂ ਚੀਜ਼ਾਂ ਵਿੱਚ ਮੌਜੂਦ ਹੈ ਅਤੇ ਉਹਨਾਂ ਨੂੰ ਘਿਰਣਾ-ਯੋਗ ਬਣਾ ਦਿੱਤਾ ਹੈ, ਜਿਸ ਨਾਲ ਉਹ ਚਿੜ ਗਿਆ। ਜਦੋਂ ਉਹ ਹਾਲ 'ਚੋਂ ਲੰਘ ਰਿਹਾ ਸੀ ਤਾਂ ਉਸਨੇ ਫ਼ਰਾਉਲਨ ਬਸਤਨਰ ਦੇ ਕਮਰੇ ਦੇ ਬੰਦ ਬੂਹੇ 'ਤੇ ਨਜ਼ਰ ਸੁੱਟੀ। ਪਰ ਉਸਨੂੰ ਉੱਧਰ ਬੁਲਾਇਆ ਨਹੀਂ ਗਿਆ ਸੀ, ਉਸਨੂੰ ਤਾਂ ਖਾਣ ਵਾਲੇ ਕਮਰੇ ਵਿੱਚ ਬੁਲਾਇਆ ਗਿਆ ਸੀ, ਜਿਸਦੇ ਬੂਹੇ ਨੂੰ ਉਸਨੇ ਬਿਨ੍ਹਾਂ ਖੜਕਾਏ ਖਿੱਚ ਕੇ ਖੋਲ੍ਹ ਲਿਆ।

ਉਹ ਬਹੁਤ ਲੰਮਾ, ਇੱਕ ਖਿੜਕੀ ਵਾਲਾ ਤੰਗ ਕਮਰਾ ਸੀ। ਇਸ ਵਿੱਚ ਖ਼ਾਲੀ ਜਗ੍ਹਾ ਇੰਨੀ ਤੰਗ ਸੀ ਕਿ ਬੂਹੇ ਦੇ ਨਾਲ ਵਾਲੀ ਜਗ੍ਹਾ 'ਤੇ ਟੇਢੇ ਕਰਕੇ ਦੋ ਛੋਟੇ ਬਕਸੇ ਹੀ ਰੱਖੇ ਜਾ ਸਕਦੇ ਸਨ, ਅਤੇ ਬਾਕੀ ਦੀ ਥਾਂ ਲੰਮੇ ਡਾਇਨਿੰਗ ਟੇਬਲ ਨੇ ਪੂਰੀ ਤਰ੍ਹਾਂ ਘੇਰ ਰੱਖੀ ਸੀ, ਜਿਹੜਾ ਬੂਹੇ ਤੋਂ ਸ਼ੁਰੂ ਹੋ ਕੇ, ਵੱਡੀ ਖਿੜਕੀ ਤੱਕ ਜਾ ਪਹੁੰਚਦਾ ਸੀ। ਇਸਦੇ ਫਲਸਰੂਪ ਖਿੜਕੀ ਪਹੁੰਚ ਸਕਣਾ ਅਸੰਭਵ ਸੀ। ਮੇਜ਼ ਪਹਿਲਾਂ ਤੋਂ ਹੀ ਆਪਣੀ ਉਸੇ ਜਗ੍ਹਾ 'ਤੇ ਪਿਆ ਸੀ ਕਿਉਂਕਿ ਐਤਵਾਰ ਨੂੰ ਸਭ ਕਿਰਾਏਦਾਰ ਆਪਣਾ ਭੋਜਨ ਇੱਥੇ ਹੀ ਕਰਦੇ ਸਨ।

ਜਦੋਂ ਕੇ. ਅੰਦਰ ਗਿਆ, ਫ਼ਰਾਉਲਨ ਮੌਤੇਗ ਖਿੜਕੀ ਦੇ ਕੋਲੋਂ ਮੇਜ਼ ਦੇ ਕਿਨਾਰੇ ਚਲਦੀ ਕੇ. ਦੇ ਵੱਲ ਤੁਰ ਆਈ। ਉਹਨਾਂ ਨੇ ਖ਼ਾਮੋਸ਼ੀ ਨਾਲ ਹੀ ਇੱਕ ਦੂਜੇ ਦਾ ਸਵਾਗਤ ਕੀਤਾ। ਫ਼ਿਰ ਫ਼ਰਾਉਲਨ ਮੌਤੇਗ ਨੇ ਹਮੇਸ਼ਾ ਵਾਂਗ ਆਪਣਾ ਸਿਰ ਇੱਕ ਦਮ ਸਿੱਧਾ ਰੱਖਦੇ ਹੋਏ ਕਿਹਾ, "ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਜਾਣਦੇ ਹੋ ਜਾਂ ਨਹੀਂ?"

ਕੇ. ਨੇ ਆਪਣੀਆਂ ਅੱਖਾਂ ਸੁੰਗੇੜ ਕੇ ਉਸਨੂੰ ਗਹੁ ਨਾਲ ਵੇਖਿਆ, "ਜਰੂਰ ਹੀ! ਮੈਂ ਤੈਨੂੰ ਜਾਣਦਾ ਹਾਂ," ਉਸਨੇ ਜਵਾਬ ਦਿੱਤਾ, "ਤੂੰ ਇੱਧਰ ਫ਼ਰਾਅ ਗਰੁਬਾਖ਼ ਦੇ ਘਰ 'ਚ ਕਾਫ਼ੀ ਸਮੇਂ ਤੋਂ ਰਹਿ ਰਹੀ ਏਂ।"

"ਪਰ ਇੱਧਰ ਇਸ ਬਿਲਡਿੰਗ ਵਿੱਚ ਕੀ ਹੁੰਦਾ ਹੈ, ਇਸ ਵਿੱਚ ਤੁਹਾਡੀ ਦਿਲਚਸਪੀ ਨਹੀਂ ਹੈ। ਫ਼ਰਾਉਲਨ ਮੌਂਤੇਗ ਨੇ ਕਿਹਾ।

"ਨਹੀਂ, ਕੇ. ਨੇ ਕਿਹਾ।

ਦੋਵੇਂ ਨੇ ਹੀ ਚੁੱਪਚਾਪ ਮੇਜ਼ ਦੇ ਆਰ-ਪਾਰ ਦੋਵੇਂ ਕਿਨਾਰਿਆਂ ਤੋਂ ਚੁੱਪਚਾਪ ਕੁਰਸੀਆਂ ਖਿੱਚੀਆਂ ਅਤੇ ਇੱਕ ਦੂਜੇ ਦੇ ਸਾਹਮਣੇ ਬੈਠ ਗਏ। ਪਰ ਫ਼ਰਾਉਲਨ ਮੌਂਤੇਗ ਛੇਤੀ ਨਾਲ ਖੜ੍ਹੀ ਹੋਈ, ਕਿਉਂਕਿ ਉਹ ਆਪਣਾ ਪਰਸ ਕੁਰਸੀ ਦੇ ਕੋਲ ਭੁੱਲ ਆਈ ਸੀ ਅਤੇ ਉਸਨੂੰ ਲਿਆਉਣ ਲਈ ਗਈ। ਉਹ ਕਮਰੇ ਦੀ ਲੰਬਾਈ ਮਾਪਦੀ, ਜਦੋਂ ਉਹ ਵਾਪਸ ਆਈ ਤਾਂ ਆਪਣੇ ਪਰਸ ਨੂੰ ਖੁਸ਼ੀ ਨਾਲ ਹਿਲਾਉਂਦੇ ਹੋਏ ਬੋਲੀ, "ਮੈਂ ਤੁਹਾਡੇ ਨਾਲ ਕੁੱਝ ਗੱਲਬਾਤ ਕਰਨਾ ਚਾਹੁੰਦੀ ਸੀ, ਤੁਹਾਡੀ ਦੋਸਤ ਦੇ ਵੱਲੋ। ਉਹ ਖ਼ੁਦ ਆਉਣਾ ਚਾਹੁੰਦੀ ਸੀ, ਪਰ ਅੱਜ ਉਸਦੀ ਤਬੀਅਤ ਇੱਕ ਦਮ ਠੀਕ ਨਹੀਂ ਹੈ। ਉਹ ਕਹਿੰਦੀ ਹੈ ਕਿ ਤੁਸੀਂ ਉਸਨੂੰ ਮਾਫ਼ ਕਰੋਗੇ ਅਤੇ ਉਸਦੀ ਜਗ੍ਹਾ ਮੇਰੀ ਗੱਲ 'ਤੇ ਗੌਰ ਕਰੋਂਗੇ। ਜੋ ਵੀ ਮੈਂ ਤੁਹਾਨੂੰ ਦੱਸਾਂਗੀ, ਉਸਨੇ ਵੀ ਇਸਦੇ ਬਿਨ੍ਹਾਂ ਹੋਰ ਕੁੱਝ ਨਹੀਂ ਦੱਸਣਾ ਸੀ। ਬਲਕਿ ਇਸਦੇ ਉਲਟ ਮੇਰਾ ਵਿਚਾਰ ਹੈ ਕਿ ਮੈਂ ਉਸ ਤੋਂ ਵੀ ਵਧੇਰੇ ਤੁਹਾਨੂੰ ਦੱਸ ਸਕਾਂਗੀ ਕਿਉਂਕਿ ਮੈਂ ਜਜ਼ਬਾਤੀ ਤੌਰ 'ਤੇ ਇਸ ਮੁੱਦੇ ਨਾਲ ਨਹੀਂ ਜੁੜੀ ਹਾਂ। ਕੀ ਤੁਸੀਂ ਵੀ ਅਜਿਹਾ ਨਹੀਂ ਸੋਚਦੇ?"

"ਕਹਿਣ ਲਈ ਹੈ ਹੀ ਕੀ?" ਕੇ. ਨੇ ਜਵਾਬ ਦਿੱਤਾ, ਫ਼ਰਾਉਲਨ ਮੌਂਤੇਗ ਦੀਆਂ ਨਿਹਾਰਦੀਆਂ ਨਜ਼ਰਾਂ ਤੋਂ ਉਹ ਅਕੇਵਾਂ ਮਹਿਸੂਸ ਕਰ ਰਿਹਾ ਸੀ, ਜਿਹੜੀਆਂ ਸਥਿਰ ਹੋ ਕੇ ਉਸਦੇ ਹੋਠਾਂ 'ਤੇ ਆ ਟਿਕੀਆਂ ਸਨ। ਇਹ ਆਪਣੇ ਆਪ ਨੂੰ ਤਾਕਤ ਦਿੰਦੇ ਰਹਿਣ ਦਾ ਉਸਦਾ ਤਰੀਕਾ ਸੀ, ਤਾਂ ਕਿ ਉਹ ਜੋ ਵੀ ਬੋਲੇਗਾ ਉਸਦੀ ਕਾਟ ਉਸਦੇ ਕੋਲ ਮੌਜੂਦ ਹੋਵੇ।

"ਸਾਫ਼ ਹੈ ਕਿ ਫ਼ਰਾਉਲਨ ਬਸਤਰ ਮੇਰੇ ਨਾਲ ਵਿਅਕਤੀਗਤ ਤੌਰ 'ਤੇ ਮਿਲਣਾ ਨਹੀਂ ਚਾਹੁੰਦੀ, ਜਿਸਦੀ ਮੈਂ ਬੇਨਤੀ ਕੀਤੀ ਸੀ।"

"ਅਜਿਹਾ ਹੀ ਹੈ, ਫ਼ਰਾਉਲਨ ਮੌਂਤੇਗ ਨੇ ਕਿਹਾ, "ਜਾਂ ਇੱਕ ਦਮ ਅਜਿਹਾ ਨਹੀਂ ਹੈ, ਤੁਸੀਂ ਹੀ ਇਸਨੂੰ ਹੈਰਾਨੀਜਨਕ ਕਠੋਰਤਾ ਨਾਲ ਪੇਸ਼ ਕਰ ਰਹੇ ਹੋ। ਆਮ ਤੌਰ 'ਤੇ ਕੋਈ ਵੀ ਵਿਅਕਤੀ ਜਾਂ ਤਾਂ ਸਾਹਮਣੇ ਆਉਂਦਾ ਹੀ ਨਹੀਂ ਜਾਂ ਫ਼ਿਰ ਇੱਕ ਦਮ ਸਾਹਮਣੇ ਆ ਜਾਂਦਾ ਹੈ। ਪਰ ਇਹ ਹੋ ਸਕਦਾ ਹੈ ਕਿ ਕੋਈ ਮੁਲਾਕਾਤਾਂ ਨੂੰ ਅਰਥਹੀਣ ਸਮਝੇ ਅਤੇ ਇੱਥੇ ਇਹੀ ਸੱਚਾਈ ਹੈ। ਹੁਣ, ਤੁਹਾਡੀ ਟਿੱਪਣੀ ਦੇ ਬਾਰੇ 'ਚ, ਮੈਨੂੰ ਲੱਗਦਾ ਹੈ ਕਿ, ਖੁੱਲ੍ਹੇ ਤੌਰ 'ਤੇ ਬੋਲਣ ਦੀ ਆਜ਼ਾਦੀ ਹੈ। ਤੁਸੀਂ ਮੇਰੀ ਦੋਸਤ ਨੂੰ ਬੇਨਤੀ ਕੀਤੀ ਸੀ, ਲਿਖ ਕੇ ਜਾਂ ਬੋਲ ਕੇ ਹੀ ਸਹੀ, ਕਿ ਤੁਹਾਡੇ ਦੋਵਾਂ ਵਿੱਚ ਸੰਵਾਦ ਸੰਭਵ ਹੋਵੇ। ਪਰ ਹੁਣ ਮੇਰੀ ਦੋਸਤ ਜਾਣਦੀ ਹੈ, ਘੱਟ ਤੋਂ ਘੱਟ ਮੈਂ ਅਜਿਹੀ ਕਲਪਨਾ ਕਰ ਪਾ ਰਹੀ ਹਾਂ, ਕਿ ਇਹ ਸੰਵਾਦ ਜਿਹੜੇ ਵਿਸ਼ੇ 'ਤੇ ਹੋਵੇਗਾ, ਅਤੇ ਇਸਦੇ ਫਲਸਰੂਪ ਉਹ ਸੰਤੁਸ਼ਟ ਹੋ ਗਈ, ਕਾਰਨ ਮੈਨੂੰ ਨਹੀਂ ਪਤਾ, ਕਿ ਇਸ ਗੱਲਬਾਤ ਦੇ ਹੋ ਜਾਣ ਨਾਲ ਕਿਸੇ ਵੀ ਧਿਰ ਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ। ਇਸਦੇ ਬਿਨਾਂ, ਪਿਛਲੇ ਕੱਲ ਤੱਕ ਉਸਨੇ ਮੈਨੂੰ ਕੁੱਝ ਵੀ ਨਹੀਂ ਦੱਸਿਆ ਸੀ, ਅਤੇ ਫ਼ਿਰ ਅਚਾਨਕ ਐਂਵੇ ਹੀ ਦੱਸ ਦਿੱਤਾ। ਉਸਨੇ ਇਹ ਸੂਚਨਾ ਵੀ ਦਿੱਤੀ ਸੀ ਕਿ ਤੁਸੀਂ ਖ਼ੁਦ ਵੀ ਇਸ ਮਿਲਣੀ ਨੂੰ ਬਹੁਤਾ ਪਸੰਦ ਕਰਨ ਵਾਲੇ ਨਹੀਂ, ਕਿਉਂਕਿ ਉਸਦੇ ਅਨੁਸਾਰ ਤੁਹਾਨੂੰ ਵੀ ਇਹ ਵਿਚਾਰ ਰੜਕਿਆ ਹੈ ਅਤੇ ਉਸਦਾ ਮੰਨਣਾ ਹੈ ਕਿ ਕਿਸੇ ਵਿਸ਼ੇਸ਼ ਸਫ਼ਾਈ ਦੇ ਬਿਨ੍ਹਾਂ ਵੀ ਤੁਸੀਂ ਇਸ ਸਾਰੀ ਚੀਜ਼ ਦੀ ਬੇਅਰਥੀ ਨੂੰ ਮਹਿਸੂਸ ਕਰ ਲਵੋਗੇ। ਜੇ ਇਸ ਸਮੇਂ ਨਾ ਵੀ ਸਹੀ, ਤਾਂ ਵੀ ਇਹ ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ। ਮੈਂ ਇਹ ਕੰਮ ਕਰਨ ਲਈ ਖ਼ੁਦ ਨੂੰ ਪੇਸ਼ ਕੀਤਾ, ਅਤੇ ਥੋੜ੍ਹੀ ਜਿਹੀ ਨਾ-ਨੁੱਕਰ ਕਰਨ ਪਿੱਛੋਂ ਮੇਰੀ ਦੋਸਤ ਲਾਜਵਾਬ ਹੋ ਕੇ ਮੰਨ ਗਈ। ਮੈਨੂੰ ਉਮੀਦ ਹੈ ਕਿ ਇਹ ਕੰਮ ਮੈਂ ਤੁਹਾਡੇ ਹਿਤ ਵਿੱਚ ਹੀ ਕੀਤਾ ਹੈ, ਫੇਰ ਵੀ, ਕਿਸੇ ਵੀ ਗੈਰ ਮਹੱਤਵਪੂਰਨ ਕੰਮ ਵਿੱਚ ਰੱਤੀ ਭਰ ਦੁਬਿਧਾ ਵੀ ਹਾਨੀਕਾਰਕ ਹੋ ਸਕਦੀ ਹੈ, ਅਤੇ ਜੇ, ਜਿਵੇਂ ਕਿ ਇਸੇ ਸਾਰੇ ਮਾਮਲੇ ਵਿੱਚ ਹੈ, ਇਹ ਆਰਾਮ ਨਾਲ ਖ਼ਤਮ ਕੀਤਾ ਜਾ ਸਕਦਾ ਹੈ, ਅਤੇ ਜਿੰਨੀ ਵੀ ਛੇਤੀ ਇਹ ਸੰਭਵ ਹੋਵੇ ਉਨਾ ਹੀ ਚੰਗਾ ਹੈ।" "ਮੈਂ ਤੇਰਾ ਧੰਨਵਾਦੀ ਹਾਂ," ਕੇ. ਨੇ ਫ਼ੌਰਨ ਕਿਹਾ, ਉਹ ਹੌਲੀ ਜਿਹੇ ਉੱਠ ਖੜ੍ਹਾ ਹੋਇਆ ਅਤੇ ਫ਼ਰਾਉਲਨ ਮੌਤੇਗ `ਤੇ ਇੱਕ ਨਜ਼ਰ ਸੁੱਟਣ ਤੋਂ ਬਾਅਦ, ਮੇਜ਼ ਦੇ ਪਾਰ, ਅਤੇ ਉਸਦੇ ਪਿੱਛੋਂ ਖਿੜਕੀ ਦੇ ਬਾਹਰ ਵੇਖਣ ਲੱਗਾ। ਸਾਹਮਣੇ ਵਾਲਾ ਘਰ ਸੂਰਜ ਦੀ ਰੌਸ਼ਨੀ ਵਿੱਚ ਨਹਾ ਰਿਹਾ ਸੀ ਅਤੇ ਉਹ ਬੂਹੇ ਕੋਲ ਚਲਾ ਗਿਆ। ਫ਼ਰਾਉਲਨ ਮੌਤੇਗ ਕੁੱਝ ਕਦਮ ਤੱਕ ਉਸਦੇ ਪਿੱਛੇ ਚਲੀ ਆਈ, ਜਿਵੇਂ ਕਿ ਉਸਨੂੰ ਉਸ ’ਤੇ ਪੂਰਾ ਯਕੀਨ ਨਾ ਹੋਵੇ। ਪਰ ਬੂਹੇ ਦੇ ਕੋਲ ਪਹੁੰਚ ਕੇ ਉਹ ਵਾਪਸ ਮੁੜਨ ਲਈ ਮਜਬੂਰ ਹੋ ਗਏ, ਕਿਉਂਕਿ ਬੂਹਾ ਖੁੱਲ੍ਹਿਆ ਅਤੇ ਕੈਪਟਨ ਅੰਦਰ ਆ ਗਿਆ। ਇਹ ਪਹਿਲੀ ਵਾਰ ਸੀ ਕਿ ਕੇ. ਨੇ ਉਸਨੂੰ ਐਨਾ ਨੇੜਿਓਂ ਵੇਖਿਆ ਸੀ। ਉਹ ਲੱਗਭਗ ਚਾਲੀ ਵਰਿਆਂ ਦਾ ਲੰਮਾ ਅਤੇ ਸੂਰਜ ਦੀ ਧੁੱਪ ਨਾਲ ਸੜੇ ਹੋਏ ਚਿਹਰੇ ਵਾਲਾ ਆਦਮੀ ਸੀ। ਉਸਦਾ ਚਿਹਰਾ ਮੋਟਾ ਜਿਹਾ ਸੀ। ਉਹ ਥੋੜਾ ਝੁਕ ਆਇਆ ਜਿਹੜਾ ਕੇ. ਦੇ ਲਈ ਸਤਿਕਾਰ ਸੀ, ਫ਼ਿਰ ਉਹ ਫ਼ਰਾਉਲਨ ਮੌਤੇਗ ਦੇ ਕੋਲ ਪੁੱਜਾ ਅਤੇ ਸਤਿਕਾਰ ਨਾਲ ਉਸਦੇ ਹੱਥ ਨੂੰ ਚੁੰਮ ਲਿਆ। ਉਹ ਨਿੰਨਤਾ ਨਾਲ ਚੰਗਾ ਵਿਹਾਰ ਕਰ ਰਿਹਾ ਸੀ। ਫ਼ਰਾਉਲਨ ਮੌਤੇਗ ਦੇ ਪ੍ਰਤੀ ਉਸਦਾ ਚੰਗਾ ਵਿਹਾਰ ਕੇ. ਦੁਆਰਾ ਕੀਤੇ ਵਿਹਾਰ ਨਾਲੋਂ ਬਿਲਕੁਲ ਉਲਟ ਸੀ। ਤਾਂ ਵੀ ਫ਼ਰਾਉਨ ਮੌਤੇਗ ਕੇ. ਦੇ ਨਾਲ ਗੁੱਸੇ ਨਹੀਂ ਲੱਗ ਰਹੀ ਸੀ ਅਤੇ ਕੇ. ਨੂੰ ਕੈਪਟਨ ਤੋਂ ਜਾਣੂ ਵੀ ਕਰਾ ਸਕਦੀ ਸੀ ਪਰ ਕੇ. ਨੇ ਉਸ ਨਾਲ ਜਾਣੂ ਹੋਣ ਦੀ ਇੱਛਾ ਜ਼ਾਹਿਰ ਨਹੀਂ ਕੀਤੀ। ਉਹ ਕੈਪਟਨ ਜਾਂ ਫ਼ਰਾਉਲਨ ਮੌਤੇਗ ਦੋਵਾਂ ਨਾਲ ਹੀ ਬਿਲਕੁਲ ਦੋਸਤੀ ਨਹੀਂ ਕਰਨਾ ਚਾਹੁੰਦਾ ਸੀ। ਉਸਦੀਆਂ ਨਜ਼ਰਾਂ 'ਚ , ਹੱਥ ਦਾ ਚੁੰਮਿਆ ਜਾਣਾ ਕਿਸੇ ਸਾਜ਼ਿਸ਼ 'ਚ ਉਹਨਾਂ ਦੇ ਜੁੜ ਜਾਣ ਦਾ ਸੰਕੇਤ ਸੀ, ਜਿਹੜਾ ਸਿੱਧਾ ਗੈਰ-ਦਿਲਚਸਪ ਵਿਖਾਈ ਦੇ ਰਿਹਾ ਸੀ, ਪਰ ਉਸਨੂੰ ਫ਼ਰਾਉਲਨ ਬਸਤਰ ਤੋਂ ਦੂਰ ਕਰ ਦੇਣ ਦੀ ਚਾਲ ਜਿਹਾ ਸੀ। ਪਰ ਕੇ. ਨੇ ਸੋਚਿਆ ਕਿ ਉਹ ਤਾਂ ਇਸ ਤੋਂ ਵੀ ਜ਼ਿਆਦਾ ਦੀ ਖੋਜ ਕਰ ਚੁੱਕਾ ਹੈ, ਉਸਨੂੰ ਮਹਿਸੂਸ ਹੋਇਆ ਕਿ ਫ਼ਰਾਉਲਨ ਮੌਤੇਗ ਨੇ ਇੱਕ ਪ੍ਰਭਾਵਸ਼ਾਲੀ, ਬਲਕਿ ਦੋ-ਧਾਰੀ ਤਲਵਾਰ ਵਰਗਾ ਤਰੀਕਾ ਚੁਣਿਆ ਹੈ। ਉਹ ਫ਼ਰਾਉਲਨ ਬਸਤਰ ਅਤੇ ਕੇ. ਵਿਚਲੇ ਸਬੰਧਾਂ ਦੇ ਮਹੱਤਵ ਨੂੰ ਵਧਾ-ਚੜਾ ਕੇ ਪੇਸ਼ ਕਰ ਰਹੀ ਸੀ ਅਤੇ ਸਭ ਤੋਂ ਉੱਪਰ ਉਹ ਉਸ ਮੁਲਾਕਾਤ, ਜਿਸਦੀ ਉਸਨੇ ਉਮੀਦ ਕੀਤੀ ਸੀ, ਦੇ ਮਹੱਤਵ ਨੂੰ ਵੀ ਵਧਾ-ਚੜ੍ਹਾ ਕੇ ਬਿਆਨ ਕਰ ਰਹੀ ਸੀ, ਅਤੇ ਠੀਕ ਉਸੇ ਵੇਲੇ ਉਹ ਅਜਿਹਾ ਵਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਜਿਵੇਂ ਹਰੇਕ ਚੀਜ਼ ਨੂੰ ਕੇ. ਵਧਾ-ਚੜ੍ਹਾ ਰਿਹਾ ਹੋਵੇ। ਉਹ ਖ਼ੁਦ ਨੂੰ ਢਕ ਰਹੀ ਸੀ। ਕੇ. ਦੀ ਕਿਸੇ ਵੀ ਚੀਜ਼ ਨੂੰ ਵਧਾਉਣ-ਚੜਾਉਣ ਦੀ ਕੋਈ ਇੱਛਾ ਨਹੀਂ ਸੀ, ਜਦੋਂ ਕਿ ਉਹ ਜਾਣਦਾ ਹੈ ਕਿ ਫ਼ਰਾਉਲਨ ਬਸਤਨਰ ਇੱਕ ਮਾਮੂਲੀ ਟਾਇਪਿਸਟ ਹੈ ਅਤੇ ਉਹ ਜ਼ਿਆਦਾ ਦੇਰ ਉਸ ਤੋਂ ਬਚ ਨਹੀਂ ਸਕਦੀ। ਜਦੋਂ ਇਹ ਗੱਲ ਉਸਦੇ ਦਿਮਾਗ ਵਿੱਚ ਆਈ ਤਾਂ ਉਸਨੇ ਫ਼ਰਾਉਲਨ ਬਸਤਨਰ ਬਾਰੇ ਫ਼ਰਾਅ ਗਰੁਬਾਖ਼ ਤੋਂ ਸੁਣੀਆਂ ਗੱਲਾਂ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕਰ ਦਿੱਤਾ। ਜਿਵੇਂ ਹੀ ਉਸਨੇ ਕਮਰਾ ਛੱਡਿਆ ਉਹ ਇਸੇ ਬਾਰੇ 'ਚ ਸੋਚ ਰਿਹਾ ਸੀ, ਅਜਿਹਾ ਕਰਦੇ ਹੋਏ ਉਹ ਦੂਜਿਆਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਸੀ। ਉਹ ਸਿੱਧਾ ਆਪਣੇ ਕਮਰੇ ਵਿੱਚ ਜਾਣਾ ਚਾਹੁੰਦਾ ਸੀ, ਪਰ ਆਪਣੇ ਪਿੱਛੋਂ ਖਾਣ ਵਾਲੇ ਕਮਰੇ ਤੋਂ ਇੱਧਰ ਆਉਂਦੇ ਫ਼ਰਾਉਲਨ ਮੌਤੇਗ ਦੇ ਠਹਾਕੇ ਨਾਲ ਉਸਦੇ ਅੰਦਰ ਇੱਕ ਵਿਚਾਰ ਉੱਗ ਆਇਆ ਕਿ ਸ਼ਾਇਦ ਉਹ ਦੋਵਾਂ, ਫ਼ਰਾਉਲਨ ਮੌਤੇਗ ਅਤੇ ਕੈਪਟਨ ਨੂੰ ਹੈਰਾਨੀ ਵਿੱਚ ਪਾ ਸਕਦਾ ਹੈ। ਉਸਨੇ ਆਰ-ਪਾਰ ਵੇਖਿਆ ਅਤੇ ਇਹ ਜਾਇਜ਼ਾ ਲੈਣ ਲਈ ਰੁਕਿਆ ਕਿ ਆਸ-ਪਾਸ ਦੇ ਕਮਰਿਆਂ ਵਿੱਚੋਂ ਕੋਈ ਉਸਨੂੰ ਟੋਕਣ ਵਾਲਾ ਤਾਂ ਨਹੀਂ ਨਿਕਲ ਆਏਗਾ, ਪਰ ਸਾਰੇ ਪਾਸੇ ਖ਼ਾਮੋਸ਼ੀ ਸੀ। ਸਿਰਫ਼ ਡਾਇਨਿੰਗ ਰੂਮ ਵਿੱਚੋਂ ਗਰੁਬਾਖ਼ ਦੀ ਆਵਾਜ਼ ਆ ਰਹੀ ਸੀ। ਇਹ ਉਸਨੂੰ ਸੁਨਹਿਰਾ ਮੌਕਾ ਲੱਗਾ, ਇਸਲਈ ਕੇ. ਫ਼ਰਾਉਲਨ ਬਸਤਨਰ ਦੇ ਕਮਰੇ ਦੇ ਬਾਹਰ ਪਹੁੰਚਿਆ ਅਤੇ ਉਸਨੇ ਉਸਦਾ ਬਹਾ ਬੇਦਰਦੀ ਨਾਲ ਖੜਕਾ ਦਿੱਤਾ। ਜਦੋਂ ਕੋਈ ਹਿਲਜੁਲ ਨਾ ਹੋਈ ਤਾਂ ਉਸਨੇ ਦੋਬਾਰਾ ਖਟਖਟ ਕੀਤੀ, ਪਰ ਫ਼ਿਰ ਵੀ ਕੋਈ ਜਵਾਬ ਨਾ ਮਿਲਿਆ। ਕੀ ਉਹ ਸੌਂ ਰਹੀ ਸੀ? ਜਾਂ ਫ਼ਿਰ ਉਹ ਸੱਚੀਂ ਠੀਕ ਨਹੀਂ ਹੈ? ਜਾਂ ਫ਼ਿਰ ਉਹ ਅੰਦਰ ਨਾ ਹੋਣ ਦਾ ਨਾਟਕ ਕਰ ਰਹੀ ਹੈ, ਕਿਉਂਕਿ ਉਸਨੂੰ ਸ਼ੱਕ ਹੈ ਕਿ ਖੜਕਾਉਣ ਵਾਲਾ ਸਿਰਫ਼ ਕੇ. ਹੀ ਹੋਵੇਗਾ, ਜਿਹੜਾ ਇੰਨੀ ਖ਼ਾਮੋਸ਼ੀ ਨਾਲ ਖੜਕਾ ਰਿਹਾ ਹੈ। ਕੇ. ਨੇ ਮੰਨ ਲਿਆ ਕਿ ਉਹ ਅੰਦਰ ਨਾ ਹੋਣ ਦਾ ਸਿਰਫ਼ ਵਿਖਾਵਾ ਕਰ ਰਹੀ ਹੈ ਅਤੇ ਉਸਨੇ ਜ਼ੋਰ ਨਾਲ ਖੜਕਾਇਆ ਅਤੇ ਅੰਤ ਇਸਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ, ਤਾਂ ਉਸਨੇ ਧਿਆਨ ਨਾਲ ਹੌਲੀ ਜਿਹੇ ਬੂਹਾ ਖੋਲ੍ਹ ਦਿੱਤਾ। ਉਹ ਇਸ ਵਿਚਾਰ ਦੇ ਬਿਨਾਂ ਨਹੀਂ ਸੀ ਕਿ ਉਹ ਕੁੱਝ ਨਾ ਕੁੱਝ ਗ਼ਲਤ ਕਰ ਰਿਹਾ ਹੈ ਅਤੇ ਇਸਦਾ ਨਤੀਜਾ ਸਮਝੌਤੇ ਦੇ ਲਈ ਚੰਗਾ ਨਹੀਂ ਹੋਵੇਗਾ। ਕਮਰੇ ਦੇ ਅੰਦਰ ਕੋਈ ਨਹੀਂ ਸੀ। ਅਤੇ ਫ਼ਿਰ ਕੇ. ਨੇ ਪਹਿਲਾਂ ਜਿਹੜਾ ਕਮਰਾ ਵੇਖਿਆ ਸੀ, ਉਸ ਵਿੱਚ ਇਸ ਕਮਰੇ ਦੀ ਕੋਈ ਸਮਾਨਤਾ ਨਹੀਂ ਸੀ। ਹੁਣ ਉੱਥੇ ਕੰਧ ਦੇ ਨਾਲ ਇੱਕ ਪਿੱਛੇ ਇੱਕ-ਦੋ ਬਿਸਤਰੇ ਲੱਗੇ ਹੋਏ ਸਨ, ਬੂਹੇ ਦੇ ਨਾਲ ਤਿੰਨ ਕੁਰਸੀਆਂ ਸਨ ਜਿਹਨਾਂ ਉੱਪਰ ਕੱਪੜੇ ਅਤੇ ਅੰਦਰੂਨੀ ਵਸਤਰ ਪਏ ਹੋਏ ਸਨ ਅਤੇ ਇੱਕ ਦਰਾਜ਼ ਖੁੱਲ੍ਹਾ ਪਿਆ ਸੀ। ਫ਼ਰਾਉਲਨ ਮੌਂਤੇਗ ਜਦੋਂ ਉਸਨੂੰ ਡਾਇਨਿੰਗ ਰੂਮ ਵਿੱਚ ਮਿਲੀ ਸੀ ਤਾਂ ਸ਼ਾਇਦ ਉਸ ਸਮੇਂ ਫ਼ਰਾਉਲਨ ਬਸਤਨਰ ਬਾਹਰ ਚਲੀ ਗਈ ਸੀ। ਕੇ. ਇਸ ਤੋਂ ਵਧੇਰੇ ਪਰੇਸ਼ਾਨ ਨਹੀਂ ਹੋਇਆ, ਉਸਨੂੰ ਬਹੁਤ ਘੱਟ ਯਕੀਨ ਸੀ ਕਿ ਫ਼ਰਾਉਲਨ ਬਸਤਨਰ ਇੰਨੀ ਆਸਾਨੀ ਨਾਲ ਫੜੀ ਜਾਵੇਗੀ। ਇਹ ਤਾਂ ਫ਼ਰਾਉਲਨ ਮੌਤੇਗ ਦੇ ਪ੍ਰਤੀ ਉਸਦੀ ਘਿਰਣਾ ਦੇ ਕਾਰਨ ਸੀ ਕਿ ਇਸ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ। ਪਰ ਉਸਦੇ ਲਈ ਇਹ ਬੇਹੱਦ ਨਿਰਾਸ਼ਾਜਨਕ ਸੀ, ਜਦੋਂ ਉਸਨੇ ਬੂਹਾ ਵਾਪਸ ਬੰਦ ਕੀਤਾ, ਕਿ ਫ਼ਰਾਉਲਨ ਮੌਂਤੇਗ ਅਤੇ ਕੈਪਟਨ ਡਾਇਨਿੰਗ ਰੂਮ ਦੇ ਬਾਹਰ ਗੱਲਾਂ ਮਾਰ ਰਹੇ ਸਨ। ਸ਼ਾਇਦ ਉਹ ਉੱਥੇ ਉਦੋਂ ਤੋਂ ਖੜੇ ਸਨ, ਜਦੋਂ ਕੇ. ਨੇ ਬੂਹਾ ਖੋਲਿਆ ਸੀ। ਉਹਨਾਂ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਉਸਨੂੰ ਵੇਖ ਰਹੇ ਸਨ, ਉਹ ਚੁੱਪਚਾਪ ਗੱਲਾਂ ਵਿੱਚ ਮਸਤ ਸਨ ਅਤੇ ਉਹਨਾਂ ਲੋਕਾਂ ਦੇ ਵਾਂਗ ਜਿਹੜੇ ਗੱਲਾਂ ਕਰਦੇ ਹੋਏ ਦੂਜਿਆਂ ਦੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਦੇ ਹਨ, ਕੇ. ਨੂੰ ਲੱਭ ਰਹੇ ਸਨ। ਪਰ ਕੇ. ਉਹਨਾਂ ਦੀ ਨਜ਼ਰ ਵਿੱਚ ਨਹੀਂ ਆਇਆ ਅਤੇ ਉਹ ਕੰਧ ਨਾਲ ਲੱਗ ਕੇ ਤੁਰਦੇ ਹੋਏ ਛੇਤੀ ਨਾਲ ਆਪਣੇ ਕਮਰੇ ਵਿੱਚ ਪਹੁੰਚ ਗਿਆ।