52864ਮੁਕੱਦਮਾ — ਪੰਜਵਾਂ ਭਾਗਨਿਰਮਲ ਬਰਾੜਫ਼ਰਾਂਜ਼ ਕਾਫ਼ਕਾ

ਪੰਜਵਾਂ ਭਾਗ

ਕੋੜ੍ਹੇ ਮਾਰਨ ਵਾਲਾ

ਇੱਕ ਜਾਂ ਦੋ ਦਿਨਾਂ ਬਾਅਦ ਕੇ. ਆਪਣੇ ਦਫ਼ਤਰ ਅਤੇ ਉੱਥੋਂ ਹੇਠਾਂ ਉੱਤਰਨ ਵਾਲੀਆਂ ਮੁੱਖ ਪੌੜੀਆਂ ਦੇ ਵਿਚਕਾਰ ਗਲਿਆਰੇ ਵਿੱਚੋਂ ਲੰਘ ਰਿਹਾ ਸੀ, ਅੱਜ ਦੇ ਇਸ ਖ਼ਾਸ ਵਕਤ ਉਹ ਘਰ ਦੇ ਲਈ ਕੂਚ ਕਰਨ ਵਾਲਾ ਲਗਭਗ ਆਖ਼ਰੀ ਆਦਮੀ ਸੀ, ਡਿਸਪੈਚ ਵਿਭਾਗ ਵਿੱਚ ਸਿਰਫ਼ ਦੋ ਸਹਾਇੱਕ ਚਮਕਦੇ ਲੈਂਪ ਦੀ ਰੌਸ਼ਨੀ ਦੇ ਇੱਕ ਧੱਬੇ ਵਿੱਚ ਅਜੇ ਵੀ ਕੰਮ ਕਰ ਰਹੇ ਸਨ, ਜਦੋਂ ਉਸਨੇ ਇੱਕ ਬੂਹੇ ਦੇ ਪਿੱਛਿਓਂ ਸਿਸਕਣ ਦੀ ਆਵਾਜ਼ ਸੁਣੀ ਜਿਹੜੀ (ਜਦਕਿ ਖ਼ੁਦ ਉਸਨੇ ਉਹ ਕਮਰਾ ਕਦੇ ਵੀ ਨਹੀਂ ਵੇਖਿਆ ਸੀ) ਉਹ ਸੋਚਦਾ ਸੀ ਕਿ ਇਹ ਕਬਾੜ ਨਾਲ ਭਰਿਆ ਕਮਰਾ ਹੈ। ਉਹ ਹੈਰਾਨ ਹੋ ਕੇ ਰੁਕ ਗਿਆ ਅਤੇ ਇੱਕ ਖਿਣ ਦੇ ਲਈ ਵਾਪਸ ਧਿਆਨ ਨਾਲ ਸੁਣਨ ਲੱਗਾ ਤਾਂ ਕਿ ਇਹ ਵਿਸ਼ਵਾਸ ਕਰ ਸਕੇ ਕਿ ਉਸਨੂੰ ਗ਼ਲਤਫ਼ਹਿਮੀ ਨਹੀਂ ਹੋਈ ਹੈ। ਥੋੜੀ ਜਿਹੀ ਦੇਰ ਬਾਅਦ, ਸਿਸਕਣ ਦੀ ਆਵਾਜ਼ ਇੱਕ ਵਾਰ ਫਿਰ ਸ਼ੁਰੂ ਹੋ ਗਈ। ਪਹਿਲਾਂ ਤਾਂ ਉਸਨੇ ਸੋਚਿਆ ਕਿ ਇੱਕ ਸਹਾਇੱਕ ਨੂੰ ਬੁਲਾ ਲਿਆ ਜਾਵੇ, ਸ਼ਾਇਦ ਗਵਾਹ ਦੀ ਲੋੜ ਪੈ ਜਾਵੇ, ਪਰ ਫ਼ਿਰ ਉਸਦੇ ਉੱਪਰ ਇੱਕ ਅਜਿਹੀ ਅਜਿੱਤ ਉਤਸੁਕਤਾ ਹਾਵੀ ਹੋ ਗਈ ਕਿ ਉਸਨੇ ਪੂਰੀ ਤਾਕਤ ਨਾਲ ਧੱਕ ਕੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ। ਜਿਵੇਂ ਕਿ ਉਸਦੀ ਕਲਪਨਾ ਸੀ ਉਹ ਸਚਮੁੱਚ ਹੀ ਕਬਾੜ ਨਾਲ ਭਰਿਆ ਹੋਇਆ ਕਮਰਾ ਸੀ। ਹਰ ਤਰ੍ਹਾਂ ਦਾ ਪੁਰਾਣਾ ਛਪਿਆ ਬੇਕਾਰ ਸਮਾਨ ਅੰਦਰ ਭਰਿਆ ਪਿਆ ਸੀ, ਨਾਲ ਹੀ ਮਿੱਟੀ ਦੀਆਂ ਖਾਲੀ ਸਿਆਹੀ ਦੀਆਂ ਬੋਤਲਾਂ ਫ਼ਰਸ਼ 'ਤੇ ਡਿੱਗੀਆਂ ਪਈਆਂ ਸਨ। ਕਮਰੇ ਵਿੱਚ ਤਿੰਨ ਆਦਮੀ ਸਨ, ਜਿਹੜੇ ਭੀੜੀ ਜਿਹੀ ਥਾਂ 'ਤੇ ਹੇਠਾਂ ਝੁਕੇ ਹੋਏ ਸਨ। ਸ਼ੈਲਫ਼ ਤੇ ਜਲ ਰਹੀ ਇੱਕ ਮੋਮਬੱਤੀ ਹਲਕਾ ਜਿਹਾ ਚਾਨਣ ਕਰ ਰਹੀ ਸੀ।

"ਤੂੰ ਇੱਥੇ ਕੀ ਕਰ ਰਿਹਾ ਏਂ?" ਕੇ. ਨੇ ਪੁੱਛਿਆ, ਉਤੇਜਨਾ ਨਾਲ ਕਹੇ ਸ਼ਬਦ ਉਸਦੇ ਮੂੰਹ ਵਿੱਚੋਂ ਬਾਹਰ ਨਿਕਲਦੇ ਚਲੇ ਆ ਰਹੇ ਸਨ, ਪਰ ਉਹ ਜ਼ਿਆਦਾ ਜ਼ੋਰ ਨਾਲ ਨਹੀਂ ਬੋਲਿਆ। ਉਹਨਾਂ ਵਿੱਚੋਂ ਇੱਕ ਆਦਮੀ ਜਿਹੜਾ ਸਾਫ਼ ਤੌਰ ’ਤੇ ਦੂਜੇ ਦੋਵਾਂ ਉੱਤੇ ਹਾਵੀ ਸੀ ਅਤੇ ਜਿਸਦਾ ਧਿਆਨ ਸਭ ਤੋਂ ਪਹਿਲਾਂ ਕੇ. ਦੇ ਵੱਲ ਖਿੱਚਿਆ ਗਿਆ, ਇੱਕ ਤਰ੍ਹਾਂ ਨਾਲ ਕਾਲੇ ਚਮੜੇ ਦੇ ਕੱਪੜੇ ਪਹਿਨੇ ਹੋਏ ਸੀ, ਜਿਹਨਾਂ ਨਾਲ ਉਸਦਾ ਗਲੇ ਅਤੇ ਛਾਤੀ ਤੱਕ ਦਾ ਹਿੱਸਾ ਨੰਗਾ ਸੀ ਅਤੇ ਉਸਦੀਆਂ ਬਾਹਾਂ ਵੀ ਪੂਰੀਆਂ ਨੰਗੀਆਂ ਸਨ। ਉਸਨੇ ਕੋਈ ਜਵਾਬ ਨਾ ਦਿੱਤਾ। ਪਰ ਬਾਕੀ ਦੇ ਦੋਵੇਂ ਆਦਮੀ ਚੀਕ ਪਏ, "ਸ੍ਰੀਮਾਨ ਸਾਨੂੰ ਸਜ਼ਾ ਦਿੱਤੀ ਜਾਣ ਵਾਲੀ ਹੈ ਕਿਉਂਕਿ ਤੁਸੀਂ ਜਾਂਚ ਮੈਜਿਸਟਰੇਟ ਨੂੰ ਸਾਡੀ ਸ਼ਿਕਾਇਤ ਕਰ ਰੱਖੀ ਹੈ।"

ਹੁਣ ਕੇ. ਨੂੰ ਪਤਾ ਲੱਗਿਆ ਕਿ ਉਹ ਦੋਵੇਂ ਤਾਂ ਫ਼ਰਾਂਜ਼ ਅਤੇ ਵਿਲਿਅਮ ਨਾਂ ਦੇ ਵਾਰਡਰ ਹਨ ਅਤੇ ਤੀਜੇ ਆਦਮੀ ਦੇ ਹੱਥ ਵਿੱਚ ਕੋੜਾ ਹੈ, ਜਿਸ ਨਾਲ ਉਹ ਉਹਨਾਂ ਦੀ ਧੁਲਾਈ ਕਰਨ ਵਾਲਾ ਸੀ।

"ਹੁਣ," ਕੇ. ਨੇ ਉਹਨਾਂ 'ਤੇ ਇੱਕ ਤਿੱਖੀ ਨਜ਼ਰ ਸੁੱਟ ਕੇ ਕਿਹਾ, "ਮੈਂ ਕੋਈ ਸ਼ਿਕਾਇਤ ਨਹੀਂ ਕੀਤੀ, ਮੈਂ ਤਾਂ ਸਿਰਫ਼ ਉਨਾ ਹੀ ਕਿਹਾ ਸੀ ਕਿ ਜਿਹੜਾ ਕੁੱਝ ਕਮਰਿਆਂ ਵਿੱਚ ਹੋਇਆ ਸੀ। ਪਰ ਖ਼ੈਰ, ਤੁਸੀਂ ਲੋਕਾਂ ਨੇ ਵੀ ਢੁੱਕਵਾਂ ਵਿਹਾਰ ਨਹੀਂ ਕੀਤਾ ਸੀ।"

“ਪਰ ਸ਼ੀਮਾਨ,” ਵਿਲੀਅਮ ਨੇ ਕਿਹਾ, ਜਦੋਂ ਕਿ ਫ਼ਰਾਜ਼ ਉਸ ਤੀਜੇ ਆਦਮੀ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਉਸਦੇ ਪਿੱਛੇ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, "ਜੇ ਤੁਹਾਨੂੰ ਸਿਰਫ਼ ਇਹੀ ਪਤਾ ਹੁੰਦਾ ਕਿ ਸਾਡੀ ਤਨਖ਼ਾਹ ਕਿੰਨੀ ਘੱਟ ਹੈ ਤਾਂ ਤੁਸੀਂ ਸਾਡੇ ਪ੍ਰਤੀ ਇੰਨਾ ਕਠੋਰ ਰਵੱਈਆ ਕਦੇ ਨਾ ਇਖ਼ਤਿਆਰ ਕਰਦੇ। ਪਾਲਣ ਲਈ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਹੈ, ਅਤੇ ਇਹ ਫ਼ਰਾਂਜ਼ ਵਿਆਹ ਕਰਵਾ ਲੈਣਾ ਚਾਹੁੰਦਾ ਹੈ, ਅਸੀਂ ਜ਼ਿਆਦਾ ਕਮਾਉਣਾ ਚਾਹੁੰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਕਮਾ ਸਕਦੇ ਹਾਂ, ਪਰ ਇਹ ਸਭ ਸਿਰਫ਼ ਕੰਮ ਕਰਨ ਨਾਲ ਹੀ ਸੰਭਵ ਨਹੀਂ, ਚਾਹੇ ਅਸੀਂ ਆਪਣੀ ਜਾਨ ਹੀ ਕਿਉਂ ਨਾ ਖਪਾ ਦੇਈਏ। ਮੈਨੂੰ ਤੁਹਾਡੇ ਸੋਹਣੇ ਕੱਪੜਿਆਂ ਦਾ ਹੀ ਲਾਲਚ ਹੋ ਗਿਆ ਸੀ- ਭਾਵੇਂ ਵਾਰਡਰਾਂ ਨੂੰ ਅਜਿਹੀਆਂ ਹਰਕਤਾਂ ਕਰਨ ਦੀ ਮਨਾਹੀ ਹੈ, ਉਹ ਗ਼ਲਤ ਸੀ, ਪਰ ਪਰੰਪਰਾ ਦੇ ਹਿਸਾਬ ਨਾਲ ਉਹ ਕੱਪੜੇ ਤਾਂ ਵਾਰਡਰਾਂ ਦੇ ਹੀ ਸੀ, ਹਮੇਸ਼ਾ ਇਹੀ ਹੁੰਦਾ ਆਇਆ ਹੈ, ਤੁਸੀਂ ਮੇਰੀ ਗੱਲ ’ਤੇ ਯਕੀਨ ਕਰ ਸਕਦੇ ਹੋ। ਹੁਣ ਇਹ ਵੀ ਵਿਚਾਰਨ ਯੋਗ ਹੈ, ਕਿ ਜਿਹੜਾ ਇੰਨਾ ਬਦਕਿਸਮਤ ਹੋਵੇ ਕਿ ਉਸਨੂੰ ਗਿਰਫ਼ਤਾਰ ਕੀਤਾ ਜਾ ਰਿਹਾ ਹੈ, ਉਸ ਵਿਚਾਰੇ ਨੂੰ ਇਹਨਾਂ ਚੀਜ਼ਾਂ ਦਾ ਕੀ ਮਹੱਤਵ ਰਹਿ ਜਾਂਦਾ ਹੈ? ਪਰ ਜੇ ਉਹ ਇਸਦੇ ਬਾਰੇ ਸ਼ਰੇਆਮ ਗੱਲ ਕਰ ਰਿਹਾ ਹੋਵੇ, ਉਸਨੂੰ ਸਜ਼ਾ ਮਿਲਣੀ ਤਾਂ ਤੈਅ ਹੀ ਹੈ।"

"ਮੈਨੂੰ ਇਸ ਸਭ ਦੇ ਬਾਰੇ 'ਚ ਕੁੱਝ ਵੀ ਪਤਾ ਨਹੀਂ ਹੈ, ਅਤੇ ਮੈਂ ਤੁਹਾਨੂੰ ਸਜ਼ਾ ਦਿਵਾਉਣ ਦੀ ਗੁਜ਼ਾਰਿਸ਼ ਕਦੇ ਵੀ ਨਹੀਂ ਕੀਤੀ ਸੀ। ਮੈਂ ਤਾਂ ਕਿਸੇ ਵੀ ਚੀਜ਼ ਦੇ ਸਿੱਧਾਂਤਕ ਪੱਖ ਨੂੰ ਹੀ ਵੇਖਦਾ ਹਾਂ।"

"ਫ਼ਰਾਂਜ਼," ਵਿਲੀਅਮ ਦੂਜੇ ਵਾਰਡਰ ਦੇ ਵੱਲ ਘੁੰਮ ਕੇ ਬੋਲਿਆ, "ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਇਸ ਸੱਜਣ ਨੇ ਸਾਨੂੰ ਸਜ਼ਾ ਦਿਵਾਉਣ ਲਈ ਗੁਜ਼ਾਰਿਸ਼ ਨਹੀਂ ਕੀਤੀ ਹੈ? ਹੁਣ ਵੇਖ ਲੈ, ਉਸਨੂੰ ਤਾਂ ਇਹ ਪਤਾ ਤੱਕ ਨਹੀਂ ਹੈ ਕਿ ਸਾਨੂੰ ਸਜ਼ਾ ਮਿਲਣ ਵਾਲੀ ਹੈ।"

"ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਨਾ ਕਰ, ਵਿਲੀਅਮ ਬੋਲਿਆ ਅਤੇ ਆਪਣਾ ਹੱਥ, ਮੂੰਹ ਤੱਕ ਚੁੱਕ ਕੇ, ਜਿਸ ’ਤੇ ਕੋੜੇ ਦੀ ਸਿੱਧੀ ਫਟਕਾਰ ਪਈ ਸੀ, ਫੁੱਟ ਪਿਆ, “ਸਾਨੂੰ ਸਜ਼ਾ ਦਿੱਤੇ ਜਾਣ ਦਾ ਇੱਕ ਹੀ ਕਾਰਨ ਹੈ ਕਿਉਂਕਿ ਤੂੰ ਸਾਡੇ ਖਿਲਾਫ਼ ਇਲਜ਼ਾਮ ਲਾਏ ਹਨ, ਨਹੀਂ ਤਾਂ ਸਾਨੂੰ ਅਜਿਹਾ ਕੁੱਝ ਵੀ ਭੁਗਤਣਾ ਨਹੀਂ ਪੈਂਦਾ, ਚਾਹੇ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਕਿ ਅਸੀਂ ਕੀ ਕੀਤਾ ਹੈ। ਕੀ ਇਸਨੂੰ ਨਿਆਂ ਕਿਹਾ ਜਾ ਸਕਦਾ ਹੈ? ਅਸੀਂ ਦੋਵਾਂ ਨੇ ਖ਼ਾਸ ਕਰਕੇ ਮੈਂ, ਵਾਰਡਰਾਂ ਦੇ ਰੂਪ ਵਿੱਚ ਆਪਣਾ ਕੰਮ ਲੰਮੇ ਸਮੇਂ ਤੋਂ ਬਹੁਤ ਚੰਗੀ ਤਰ੍ਹਾਂ ਕੀਤਾ ਹੈ। ਤੈਨੂੰ ਵੀ ਮੰਨਣਾ ਪਵੇਗਾ, ਅਧਿਕਾਰੀਆਂ ਦੇ ਨਜ਼ਰੀਏ ਤੋਂ ਵੇਖੋ ਤਾਂ ਅਸੀਂ ਤੇਰੇ ਉੱਪਰ ਕਰੜੀ ਨਿਗਰਾਨੀ ਰੱਖੀ ਸੀ। ਆਪਣੀ ਨੌਕਰੀ ਵਿੱਚ ਉੱਨਤੀ ਵਿੱਚ ਸਾਡੇ ਕੋਲ ਚੰਗੇ ਮੌਕੇ ਸਨ ਅਤੇ ਅਸੀਂ ਵੀ ਇਸ ਬੇਵਕੂਫ਼ ਦੇ ਵਾਂਗ ਕੋੜੇ ਮਾਰਨ ਵਾਲੇ ਬਣਨ ਵਾਲੇ ਸਾਂ, ਜਿਸਦਾ ਭਾਗ ਇਸ ਅਰਥ ਵਿੱਚ ਚੰਗਾ ਰਿਹਾ ਕਿ ਇਸ 'ਤੇ ਕਿਸੇ ਨੇ ਇਲਜ਼ਾਮ ਨਹੀਂ ਲਾਏ, ਕਿਉਂਕਿ ਅਜਿਹੇ ਇਲਜ਼ਾਮ ਬਹੁਤ ਹੀ ਘੱਟ ਲੱਗਦੇ ਹਨ। ਪਰ ਹੁਣ, ਸ੍ਰੀਮਾਨ, ਹਰ ਚੀਜ਼ ਮਿੱਟੀ ਵਿੱਚ ਮਿਲ ਗਈ ਹੈ, ਸਾਡਾ ਪੂਰਾ ਕੈਰੀਅਰ ਤਬਾਹ ਹੋ ਚੁੱਕਾ ਹੈ, ਹੁਣ ਤਾਂ ਸਾਨੂੰ ਨਿਗਰਾਨੀ ਰੱਖਣ ਜਿਹੇ ਕੰਮਾਂ ਤੋਂ ਵੀ ਘਟੀਆਂ ਕੰਮ ਕਰਦੇ ਰਹਿਣਾ ਪਵੇਗਾ, ਅਤੇ ਸਭ ਤੋਂ ਉੱਪਰ ਤਾਂ ਸਾਨੂੰ ਇਹ ਬਹੁਤ ਪੀੜ ਵਾਲੀ ਸਜ਼ਾ ਵੀ ਸਹਿਣ ਕਰਨੀ ਪਵੇਗੀ।"

"ਕੀ ਇਹ ਕੋੜਾ ਵੀ ਸਚਮੁੱਚ ਉਸ ਸਭ ਜਿਹੀ ਪੀੜ ਦੇਣ ਵਾਲਾ ਹੋਵੇਗਾ?" ਕੇ. ਨੇ ਪੁੱਛਿਆ, ਅਤੇ ਉਸ ਕੋੜੇ ਨੂੰ ਛੂਹ ਕੇ ਵੇਖਿਆ ਜਿਸਨੂੰ ਸਜ਼ਾ ਦੇਣ ਵਾਲਾ ਇਸ ਵੇਲੇ ਉਸਦੇ ਸਾਹਮਣੇ ਹਿਲਾ ਰਿਹਾ ਸੀ।

"ਅਜੇ ਤਾਂ ਸਾਨੂੰ ਪੂਰੀ ਤਰ੍ਹਾਂ ਨੰਗਾ ਕੀਤਾ ਜਾਣ ਵਾਲਾ ਹੈ।" ਵਿਲੀਅਮ ਨੇ ਕਿਹਾ।

"ਆਹ, ਕੇ. ਨੇ ਕੋੜੇ ਮਾਰਨ ਵਾਲੇ ਨੂੰ ਘੁਰ ਕੇ ਵੇਖਦੇ ਹੋਏ ਕਿਹਾ, ਜਿਹੜਾ ਮਲਾਹ ਦੇ ਵਾਂਗ ਕਾਲਾ ਪੈ ਚੁੱਕਾ ਸੀ, ਜਿਸਦਾ ਚਿਹਰਾ ਬਹੁਤ ਜ਼ਾਲਿਮ ਅਤੇ ਅਣਮਨੁੱਖੀ ਵਿਖਾਈ ਦੇ ਰਿਹਾ ਸੀ। “ਕੀ ਇਹਨਾਂ ਦੋਵਾਂ ਨੂੰ ਇਸ ਸਜ਼ਾ ਤੋਂ ਬਚਾਉਣ ਦਾ ਕੋਈ ਤਰੀਕਾ ਨਹੀਂ ਹੈ?" ਉਸਨੇ ਪੁੱਛਿਆ।

"ਨਹੀਂ," ਕੋੜੇ ਮਾਰਨ ਵਾਲਾ ਬੋਲਿਆ ਅਤੇ ਮੁਸਕੁਰਾਉਂਦੇ ਹੋਏ ਆਪਣਾ ਸਿਰ ਹਿਲਾਇਆ।

"ਆਪਣੇ ਕੱਪੜੇ ਲਾਹ ਦਿਓ!” ਉਸਨੇ ਵਾਰਡਰਾਂ ਨੂੰ ਹੁਕਮ ਦਿੱਤਾ। ਅਤੇ ਕੇ. ਨੂੰ ਵੀ ਕਿਹਾ, “ਉਹ ਜੋ ਵੀ ਕਹਿੰਦੇ ਹਨ, ਉਸ ’ਤੇ ਤੈਨੂੰ ਯਕੀਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਜ਼ਾ ਦੇ ਡਰ ਨੇ ਉਹਨਾਂ ਦਾ ਦਿਮਾਗ ਕਮਜ਼ੋਰ ਕਰ ਦਿੱਤਾ ਹੈ। ਉਦਾਹਰਣ ਦੇ ਲਈ ਇਹ ਆਦਮੀ, ਵਿਲੀਅਮ ਦੇ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ, “ਆਪਣੇ ਕੈਰੀਅਰ ਦੇ ਬਾਰੇ ਵਿੱਚ ਤੈਨੂੰ ਜੋ ਵੀ ਕਹਿ ਰਿਹਾ ਸੀ, ਉਹ ਬਹੁਤ ਹਾਸੋਹੀਣਾ ਹੈ। ਵੇਖ ਤਾਂ ਉਹ ਕਿੰਨਾ ਮੋਟਾ ਹੈ। ਕੋੜੇ ਦੀ ਪਹਿਲੀਆਂ ਕੁੱਝ ਫਟਕਾਰਾਂ ਤਾਂ ਇਸਦੇ ਮੋਟਾਪੇ ਵਿੱਚ ਹੀ ਗੁਆਚ ਜਾਣਗੀਆਂ। ਕੀ ਤੂੰ ਦੱਸ ਸਕਦਾ ਏਂ ਕਿ ਇਹ ਏਨਾ ਮੋਟਾ ਕਿਵੇਂ ਹੋਇਆ? ਇਹ ਜਿਹਨਾਂ ਵੀ ਲੋਕਾਂ ਨੂੰ ਗਿਰਫ਼ਤਾਰ ਕਰਨ ਜਾਂਦਾ ਹੈ, ਉਹਨਾਂ ਦਾ ਖਾਣਾ ਡਕਾਰਨ ਦਾ ਆਦੀ ਹੈ। ਕੀ ਇਸਨੇ ਤੇਰਾ ਵੀ ਨਾਸ਼ਤਾ ਨਹੀਂ ਖਾ ਲਿਆ ਸੀ? ਮੈਂ ਤੈਨੂੰ ਦੱਸਿਆ ਸੀ। ਪਰ ਇਸ ਤਰ੍ਹਾਂ ਦੇ ਢਿੱਡ ਵਾਲਾ ਆਦਮੀ ਸ਼ਾਇਦ ਸਜ਼ਾ ਦੇਣ ਵਾਲਾ ਬਣ ਹੀ ਨਹੀਂ ਸਕਦਾ। ਅਜਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ।"

"ਮੇਰੀ ਤਰ੍ਹਾਂ ਦੇ ਸਜ਼ਾ ਦੇਣ ਵਾਲੇ ਮੌਜੂਦ ਹਨ।" ਵਿਲੀਅਮ ਨੇ ਆਪਣੀ ਪਤਲੂਨ ਦੀ ਬੈਲਟ ਢਿੱਲੀ ਕਰਦੇ ਹੋਏ ਦੱਸਿਆ।

“ਨਹੀਂ, ਸਜ਼ਾ ਦੇਣ ਵਾਲਾ ਉਸਦੀ ਧੌਣ ’ਤੇ ਕੋੜਾ ਇਸ ਤਰ੍ਹਾਂ ਫਟਕਾਰਦੇ ਹੋਏ ਕਿ ਉਹ ਘੁੰਮ ਗਿਆ, ਬੋਲਿਆ, “ਤੈਨੂੰ ਇਹ ਸਭ ਸੁਣਨਾ ਨਹੀਂ ਹੈ, ਬਸ ਕੱਪੜੇ ਲਾਹੁਣੇ ਹਨ।"

"ਜੇ ਤੂੰ ਇਹਨਾਂ ਦੋਵਾਂ ਨੂੰ ਛੱਡ ਦੇਵੇਂ ਤਾਂ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ," ਕੇ. ਨੇ ਕਿਹਾ ਅਤੇ, ਸਜ਼ਾ ਦੇਣ ਵਾਲੇ ਵੱਲ ਨਾ ਵੇਖਦੇ ਹੋਏ, ਅਜਿਹਾ ਲੈਣ-ਦੇਣ ਦੋਵਾਂ ਪਾਸੇ ਝੁਕੀਆਂ ਹੋਈਆਂ ਅੱਖਾਂ ਨਾਲ ਹੀ ਸੰਭਵ ਹੈ, ਉਸਨੇ ਆਪਣਾ ਬਟੂਆ ਕੱਢ ਲਿਆ। "ਤਾਂ ਤੂੰ ਫ਼ਿਰ ਮੇਰੀ ਵੀ ਸ਼ਿਕਾਇਤ ਕਰਨ ਵਾਲਾ ਹੋਵੇਂ," ਕੋੜੇ ਮਾਰਨ ਵਾਲਾ ਬੋਲਿਆ, "ਅਤੇ ਮੈਨੂੰ ਵੀ ਇਸ ਸਜ਼ਾ ਦਾ ਭਾਗੀ ਬਣਾਉਣਾ ਚਾਹੁੰਦਾ ਏਂ। ਨਹੀਂ, ਨਹੀਂ।"

"ਸਮਝਣ ਦੀ ਕੋਸ਼ਿਸ਼ ਕਰੋ," ਕੇ. ਨੇ ਕਿਹਾ, "ਜੇ ਮੈਂ ਇਹਨਾਂ ਦੋਵਾਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਹੁੰਦਾ ਤਾਂ ਫ਼ਿਰ ਮੈਂ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਿਉਂ ਕਰਦਾ? ਮੈਂ ਤਾਂ ਅਸਾਨੀ ਨਾਲ ਦਰਵਾਜ਼ਾ ਬੰਦ ਕਰਕੇ ਬਾਹਰ ਨਿਕਲ ਸਕਦਾ ਸੀ। ਮੈਂ ਕੁੱਝ ਵੀ ਸੁਣਨ ਤੋਂ ਇਨਕਾਰ ਕਰ ਦਿੰਦਾ ਅਤੇ ਸਿੱਧਾ ਘਰ ਚਲਾ ਜਾਂਦਾ। ਪਰ ਮੈਂ ਅਜਿਹਾ ਨਹੀਂ ਕਰ ਰਿਹਾ ਹਾਂ, ਪਰ ਇਸਦੇ ਉਲਟ, ਮੈਂ ਦਿਲੋਂ ਇਹ ਚਾਹ ਰਿਹਾ ਹਾਂ ਕਿ ਤੂੰ ਇਹਨਾਂ ਨੂੰ ਛੱਡ ਦੇ। ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਨੂੰ ਸਜ਼ਾ ਮਿਲੇਗੀ ਜਾਂ ਇਹੀ ਕਿ ਇਹਨਾਂ ਨੂੰ ਸਜ਼ਾ ਮਿਲ ਸਕਦੀ ਹੈ, ਤਾਂ ਮੈਂ ਇਹਨਾਂ ਦੇ ਨਾਵਾਂ ਦਾ ਬਿਲਕੁਲ ਜ਼ਿਕਰ ਨਾ ਕਰਦਾ। ਦਰਅਸਲ ਮੈਂ ਤਾਂ ਇਹਨਾਂ ਨੂੰ ਇੱਕ ਦਮ ਦੋਸ਼ੀ ਨਹੀਂ ਮੰਨਦਾ। ਪੁਰਾ ਸੰਗਠਨ ਹੀ ਬੰਦ ਹੈ। ਇਹ ਤਾਂ ਵੱਡੇ ਅਧਿਕਾਰੀ ਹਨ ਜਿਹਨਾਂ ’ਤੇ ਦੋਸ਼ ਲਾਇਆ ਜਾਣਾ ਚਾਹੀਦਾ ਹੈ।"

"ਇਹ ਸਹੀ ਹੈ!" ਵਾਰਡਰ ਚੀਕ ਪਏ ਅਤੇ ਆਪਣੀਆਂ ਨੰਗੀਆਂ ਪਿੱਠਾਂ ’ਤੇ ਫ਼ੌਰਨ ਹੀ ਉਹਨਾਂ ਕੋੜੇ ਦਾ ਝਟਕਾ ਪਾਇਆ।

"ਜੇ ਤੂੰ ਕਿਸੇ ਸੀਨੀਅਰ ਅਧਿਕਾਰੀ ਉੱਤੇ ਇਹ ਕੋੜੇ ਮਾਰ ਰਿਹਾ ਹੁੰਦਾ", ਅਤੇ ਜਿਵੇਂ ਹੀ ਉਹ ਬੋਲ ਰਿਹਾ ਸੀ ਉਸਨੇ ਫ਼ਿਰ ਇੱਕ ਵਾਰ ਕੋੜਾ ਉੱਪਰ ਚੁੱਕ ਕੇ ਹੇਠਾਂ ਮਾਰ ਦਿੱਤਾ, "ਤਾਂ ਮੈਂ ਤੈਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਤੇਰੇ ਕੰਮ ਵਿੱਚ ਅੜਿੱਕਾ ਨਾ ਪਾਉਂਦਾ, ਜਦਕਿ ਹੁਣ ਮੈਂ, ਤੈਨੂੰ ਪੈਸੇ ਦੇਵਾਂਗਾ ਤਾਂ ਕਿ ਤੂੰ ਆਪਣੇ ਆਪ ਨੂੰ ਕਿਸੇ ਬਿਹਤਰ ਕੰਮ ਲਈ ਤਿਆਰ ਕਰ ਸਕੇ।"

"ਤੂੰ ਜੋ ਵੀ ਕਹਿ ਰਿਹਾ ਏਂ, ਮੈਨੂੰ ਉਸ ਉੱਤੇ ਪੂਰਾ ਯਕੀਨ ਹੈ," ਕੋੜੇ ਮਾਰਨ ਵਾਲੇ ਨੇ ਕਿਹਾ, "ਪਰ ਮੈਂ ਆਪਣੇ ਆਪ ਨੂੰ ਰਿਸ਼ਵਤ ਲੈਣ ਤੋਂ ਰੋਕਾਂਗਾ। ਲੋਕਾਂ ਨੂੰ ਸਜ਼ਾ ਦੇਣਾ ਮੇਰਾ ਕੰਮ ਹੈ, ਅਤੇ ਮੈਂ ਇਸਨੂੰ ਕਰਦਾ ਰਹਾਂਗਾ।"

"ਫ਼ਰਾਂਜ਼ ਨਾਮੀ ਵਾਰਡਰ, ਜਿਹੜਾ ਸ਼ਾਇਦ ਯਕੀਨ ਕਰੀ ਬੈਠਾ ਸੀ ਕਿ ਕੇ. ਦੀ ਦਖ਼ਲਅੰਦਾਜ਼ੀ ਕਿਸੇ ਬਿਹਤਰ ਨਤੀਜੇ ’ਤੇ ਪਹੁੰਚੇਗੀ, ਅਤੇ ਜਿਹੜਾ ਹੁਣ ਤੱਕ ਚੁੱਪ ਰਿਹਾ ਸੀ, ਸਿਰਫ਼ ਆਪਣੀ ਪਤਲੂਨ ਪਾ ਕੇ ਬੂਹੇ ਦੇ ਕੋਲ ਚਲਾ ਆਇਆ, ਆਪਣੇ ਗੋਡਿਆਂ ਤੇ ਭਾਰ ਬੈਠ ਗਿਆ ਅਤੇ, ਕੇ. ਦੀ ਬਾਂਹ ਨਾਲ ਝੁਲਦਾ ਹੋਇਆ ਫੁਸਫੁਸਾਇਆ, "ਜੇ ਤੂੰ ਸਾਨੂੰ ਦੋਵਾਂ ਨੂੰ ਨਹੀਂ ਛੁਡਾ ਸਕਦਾ, ਤਾਂ ਘੱਟ ਤੋਂ ਘੱਟ ਮੈਨੂੰ ਛੁਡਾ ਦੇ। ਵਿਲੀਅਮ ਮੇਰੇ ਤੋਂ ਵੱਡਾ ਹੈ ਅਤੇ ਹਰ ਹਾਲਤ ਵਿੱਚ ਮੇਰੇ ਤੋਂ ਘੱਟ ਸੰਜੀਦਾ ਹੈ, ਅਤੇ ਕੁੱਝ ਸਾਲ ਪਹਿਲਾਂ ਉਸਨੂੰ ਹਲਕੀ ਜਿਹੀ ਸਜ਼ਾ ਮਿਲ ਚੁੱਕੀ ਹੈ, ਜਦਕਿ ਮੈਂ ਅਜੇ ਤੱਕ ਬੇਇੱਜ਼ਤੀ ਤੋਂ ਬਚਿਆ ਰਿਹਾ ਹਾਂ, ਅਤੇ ਹੁਣ ਤਾਂ ਇਹ ਇਸੇ ਵਿਲੀਅਮ ਦੇ ਕਾਰਨ ਹੈ ਕਿ ਮੈਂ ਇਸ ਸਥਿਤੀ ਵਿੱਚ ਪਹੁੰਚ ਚੁੱਕਾ ਹਾਂ, ਕਿਉਂਕਿ ਹਰ ਚੰਗਿਆਈ-ਬੁਰਾਈ ਦੇ ਲਈ ਇਹੀ ਮੇਰਾ ਅਧਿਆਪਕ ਹੈ। ਪੌੜੀਆਂ ਦੇ ਹੇਠਾਂ, ਬੈਂਕ ਦੇ ਬਾਹਰ, ਮੇਰੀ ਮੰਗੇਤਰ ਖੜੀ ਉਤਸੁਕਤਾ ਨਾਲ ਉਡੀਕ ਕਰ ਰਹੀ ਹੈ ਕਿ ਇਹ ਸਭ ਕਿਵੇਂ ਖ਼ਤਮ ਹੁੰਦਾ ਹੈ। ਮੈਂ ਕਿੰਨਾ ਤਰਸਯੋਗ ਅਤੇ ਸ਼ਰਮਿੰਦਾ ਮਹਿਸੂਸ ਕਰ ਰਿਹਾ ਹਾਂ।”

ਆਪਣੇ ਚਿਹਰੇ 'ਤੇ ਵਹਿੰਦੀ ਹੰਝੂਆਂ ਦੀ ਧਾਰਾ ਨੂੰ ਉਸਨੇ ਕੇ. ਦੇ ਕੋਟ ਨਾਲ ਪੂੰਝ ਦਿੱਤਾ।

“ਹੁਣ ਮੈਂ ਜ਼ਿਆਦਾ ਦੇਰ ਉਡੀਕ ਕਰਨ ਵਾਲਾ ਨਹੀਂ ਹਾਂ, ਸਜ਼ਾ ਦੇਣ ਵਾਲੇ ਨੇ ਦੋਵਾਂ ਹੱਥਾਂ ਨਾਲ ਕੋੜੇ ਨੂੰ ਮਜ਼ਬੂਤੀ ਨਾਲ ਫੜ ਕੇ ਅਤੇ ਫ਼ਰਾਂਜ਼ ਤੇ ਫਟਕਾਰਦੇ ਹੋਏ ਕਿਹਾ, ਜਦਕਿ ਵਿਲੀਅਮ ਇੱਕ ਕੋਨੇ 'ਚ ਦੁਬਕਿਆ ਰਿਹਾ ਅਤੇ ਚੁੱਪਚਾਪ ਵੇਖਦਾ ਰਿਹਾ। ਫ਼ਿਰ ਫ਼ਰਾਂਜ਼ ਦੇ ਮੂੰਹ ਵਿੱਚੋਂ ਇੱਕ ਸਿਸਕੀ ਫੁੱਟੀ, ਜਿਹੜੀ ਕਿਸੇ ਆਦਮੀ ਦੇ ਅੰਦਰੋਂ ਨਿਕਲਦੀ ਹੋਈ ਨਹੀਂ ਲੱਗ ਰਹੀ ਸੀ, ਜਦਕਿ ਕਿਸੇ ਵੇਦਨਾ ਭਰੇ ਸਾਜ਼ ਤੋਂ ਆਉਂਦੀ ਲੱਗ ਰਹੀ ਸੀ, ਜਿਸ ਤੋਂ ਪੂਰੇ ਦੀ ਪੂਰੀ ਗੈਲਰੀ ਗੂੰਜ ਰਹੀ ਸੀ, ਪੂਰੇ ਭਵਨ ਨੇ ਇਸ ਨੂੰ ਸੁਣ ਲਿਆ ਹੋਵੇਗਾ।

“ਇਸ ਤਰ੍ਹਾਂ ਨਾ ਸਿਸਕ,” ਕੇ. ਚੀਕਿਆ, ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਅਤੇ ਜਿਵੇਂ ਹੀ ਤਨਾਅ ਵਿੱਚ ਉਸਨੇ ਉਸ ਦਿਸ਼ਾ ਵੱਲ ਵੇਖਿਆ ਜਿੱਧਰੋਂ ਸਹਾਇਕ ਨਿਸ਼ਚਿਤ ਤੌਰ ’ਤੇ ਆਉਣ ਵਾਲੇ ਸਨ, ਉਸਨੇ ਫ਼ਰਾਂਜ਼ ਨੂੰ ਧੱਕਾ ਦਿੱਤਾ, ਉਹ ਵਧੇਰੇ ਤੇਜ਼ ਨਹੀਂ ਸੀ ਪਰ ਇੰਨਾ ਤਾਂ ਪੱਕਾ ਹੀ ਸੀ ਕਿ ਅਚੇਤ ਆਦਮੀ ਡਿੱਗ ਪੈਂਦਾ ਅਤੇ ਹੱਥਾਂ ਦੇ ਭਾਰ ਫ਼ਰਸ਼ ’ਤੇ ਘਿਸੜਨ ਲੱਗਦਾ। ਪਰ ਉਹ ਮਾਰ ਤੋਂ ਬਚ ਨਹੀਂ ਸਕਿਆ, ਕੋੜੇ ਨੇ ਉਸਨੂੰ ਫ਼ਰਸ਼ ਉੱਤੇ ਵੀ ਲੱਭ ਹੀ ਲਿਆ। ਜਦੋਂ ਉਹ ਹੇਠਾਂ ਘਿਸੜ ਰਿਹਾ ਸੀ ਤਾਂ ਕੋੜੇ ਦੇ ਕਿਨਾਰੇ ਲਗਾਤਾਰ ਉੱਪਰ ਹੇਠਾਂ ਹੋ ਰਹੇ ਸਨ। ਅਤੇ ਕੁੱਝ ਦੂਰੀ ’ਤੇ ਇੱਕ ਸਹਾਇੱਕ ਪ੍ਰਗਟ ਹੋ ਗਿਆ, ਦੂਜਾ ਉਸਦੇ ਪਿੱਛੇ ਇੱਕ ਕਦਮ ਦੀ ਦੂਰੀ 'ਤੇ ਸੀ। ਕੇ. ਛੇਤੀ ਨਾਲ ਬੂਹੇ ਦੇ ਪਾਰ ਹੋਇਆ, ਅਤੇ ਇੱਕ ਖਿੜਕੀ ਦੇ ਕੋਲ ਆ ਪੁੱਜਾ ਜਿਹੜੀ ਪਿਛਵਾੜੇ ਵੱਲ ਖੁੱਲ੍ਹਦੀ ਸੀ। ਉਸਨੇ ਇਸਨੂੰ ਖੋਲ੍ਹ ਦਿੱਤਾ। ਹੁਣ ਤੱਕ ਸਿਸਕੀਆਂ ਇੱਕ ਦਮ ਬੰਦ ਹੋ ਗਈਆਂ ਸਨ। ਸਹਾਇੱਕਾਂ ਨੂੰ ਕੋਲ ਆਉਣ ਤੋਂ ਰੋਕਣ ਦੇ ਲਈ, ਉਹ ਚੀਕਿਆ, "ਇਹ ਮੈਂ ਹਾਂ।"

“ਨਮਸਕਾਰ, ਸ਼੍ਰੀਮਾਨ,” ਉਹਨਾਂ ਨੇ ਜਵਾਬ ਦਿੱਤਾ, “ਕੀ ਇੱਧਰ ਕੁੱਝ ਹੋਇਆ?"

“ਨਹੀਂ, ਨਹੀਂ,” ਕੇ. ਬੋਲਿਆ, “ਇੱਧਰ ਸ਼ਾਇਦ ਕੋਈ ਕੁੱਤਾ ਗੁੱਰਾ ਰਿਹਾ ਸੀ। “ਫ਼ਿਰ ਵੀ ਸਹਾਇਕ ਜਦ ਨਹੀਂ ਹਿੱਲੇ ਤਾਂ ਉਸਨੇ ਕਿਹਾ, “ਤੁਸੀਂ ਆਪਣੇ ਕੰਮ ਵਿੱਚ ਲੱਗੇ ਰਹਿ ਸਕਦੇ ਹੋਂ।”

ਉਹਨਾਂ ਨਾਲ ਗੱਲਬਾਤ ’ਚ ਫਸਣ ਤੋਂ ਬਚਣ ਦੇ ਲਈ ਉਹ ਖਿੜਕੀ ਤੋਂ ਬਾਹਰ ਝੁਕ ਆਇਆ। ਜਦੋਂ ਕੁੱਝ ਦੇਰ ਬਾਅਦ ਉਹ ਵਾਪਸ ਗੈਲਰੀ ਦੇ ਵੱਲ ਮੁੜਿਆ ਤਾਂ ਉਹ ਜਾ ਚੁੱਕੇ ਸਨ। ਪਰ ਕੇ. ਖਿੜਕੀ ਦੇ ਕੋਲ ਹੀ ਜੰਮਿਆ ਰਿਹਾ, ਉਹ ਵਾਪਸ ਉਸ ਕਬਾੜਖਾਨੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਅਤੇ ਨਾ ਹੀ ਉਹ ਘਰ ਮੁੜਨਾ ਚਾਹੁੰਦਾ ਸੀ। ਪਿੱਛੇ ਇਸ ਸਮੇਂ ਜਿੱਥੇ ਉਸਦੀ ਨਜ਼ਰ ਸੀ, ਇੱਕ ਚੁਰਾਹਾ ਸੀ, ਜਿਸਦੇ ਚਾਰੇ ਪਾਸੇ ਕਾਫ਼ੀ ਵਾਲੇ ਕਮਰੇ ਸਨ, ਜਿੱਥੋਂ ਦੀਆਂ ਸਾਰੀਆਂ ਖਿੜਕੀਆਂ ਹੁਣ ਤੱਕ ਹਨੇਰੇ ਵਿੱਚ ਡੁੱਬ ਚੁੱਕੀਆਂ ਸਨ ਅਤੇ ਸਿਰਫ਼ ਛੱਤਾਂ ਉੱਪਰ ਚਾਨਣੀ ਦੇ ਅਕਸ ਸਨ। ਕੇ. ਨੇ ਆਪਣੀਆਂ ਅੱਖਾਂ ’ਤੇ ਜ਼ੋਰ ਦਿੱਤਾ, ਤਾਂ ਕਿ ਉਸ ਚੁਰਾਹੇ ਦੇ ਹਨੇਰੇ ਕੋਨੇ ਵਿੱਚ ਨਜ਼ਰ ਦੌੜਾਅ ਸਕੇ ਜਿੱਥੇ ਕੁੱਝ ਗੱਡੀਆਂ ਦਾ ਭੀੜ-ਭੜੱਕਾ ਸੀ। ਉਹ ਇਸ ਤੱਥ ਤੋਂ ਕਾਫ਼ੀ ਖਫ਼ਾ ਸੀ ਕਿ ਉਹ ਸਜ਼ਾ ਦੀ ਕਾਰਵਾਈ ਨੂੰ ਰੋਕ ਨਹੀਂ ਸਕਿਆ, ਹਾਲਾਂਕਿ ਇਸ ਅਸਫ਼ਲਤਾ ਨੂੰ ਉਸਦੀ ਗ਼ਲਤੀ ਨਹੀਂ ਮੰਨਿਆ ਜਾ ਸਕਦਾ ਸੀ। ਪੱਕਾ ਹੀ ਫ਼ਰਾਂਜ਼ ਨੂੰ ਡੂੰਘੀ ਸੱਟ ਲੱਗੀ ਹੋਵੇਗੀ, ਪਰ ਅਜਿਹੇ ਨਾਜ਼ੁਕ ਮੌਕਿਆਂ ਉੱਪਰ ਆਪੇ ’ਤੇ ਕਾਬੂ ਰੱਖਣਾ ਜ਼ਰੂਰੀ ਹੁੰਦਾ ਹੈ। ਜੇ ਫ਼ਰਾਂਜ਼ ਨੇ ਸਿਸਕੀਆਂ ਨਾ ਭਰੀਆਂ ਹੁੰਦੀਆਂ ਤਾਂ ਕੇ. ਨੇ ਕੋਈ ਦੂਜਾ ਰਸਤਾ ਲੱਭ ਲਿਆ ਹੁੰਦਾ, ਜਾਂ ਘੱਟ ਤੋਂ ਘੱਟ ਸਜ਼ਾ ਦੇਣ ਵਾਲੇ ਨੂੰ ਰੋਕਣ ਦਾ ਕੋਈ ਹੋਰ ਰਸਤਾ ਲੱਭਣ ਦੀ ਤਰਕੀਬ ਕੱਢ ਲਈ ਹੁੰਦੀ।

ਜੇ ਬਹੁਤ ਸਾਰੇ ਹੇਠਲੇ ਅਧਿਕਾਰੀ ਸੰਵੇਦਨਹੀਣ ਹਨ, ਤਾਂ ਬਾਕੀ ਸਾਰਿਆਂ ਲੋਕਾਂ ਤੋਂ ਕੋੜੇ ਮਾਰਨ ਵਾਲਾ, ਜਿਸਦਾ ਪੇਸ਼ਾ ਹੀ ਅਤਿ ਕਰੂਰਤਾ ਭਰਿਆ ਹੈ, ਵੱਖਰਾ ਕਿਵੇਂ ਹੋਇਆ? ਫੇਰ ਵੀ ਕੇ. ਨੇ ਸਪੱਸ਼ਟ ਮਹਿਸੂਸ ਕੀਤਾ ਕਿ ਨੋਟ ਨਿਕਲਦੇ ਵੇਖ ਕੇ ਉਸਦੀਆਂ ਅੱਖਾਂ ਵਿੱਚ ਕਿਵੇਂ ਚਮਕ ਆ ਗਈ ਸੀ, ਇਹ ਸਾਫ਼ ਵਿਖਾਈ ਦੇ ਰਿਹਾ ਸੀ ਕਿ ਸਜ਼ਾ ਦੇ ਪ੍ਰਤੀ ਉਹ ਵਧੇਰੇ ਕਰੂਰ ਸਿਰਫ਼ ਇਸ ਲਈ ਹੋ ਗਿਆ ਸੀ, ਤਾਂ ਕਿ ਰਿਸ਼ਵਤ ਦੀ ਰਕਮ ਨੂੰ ਹੋਰ ਵਧਾਇਆ ਜਾ ਸਕੇ। ਅਤੇ ਕੇ. ਕੰਜੂਸ ਕਤੱਈ ਨਹੀਂ ਹੋਣ ਵਾਲਾ ਸੀ, ਉਸਦੇ ਲਈ ਵਾਰਡਰਾਂ ਨੂੰ ਛੁਡਾਉਣਾ ਬਹੁਤ ਮਹੱਤਵਪੂਰਨ ਸੀ। ਹੁਣ ਕਿਉਂਕਿ ਉਹ ਇਸ ਭ੍ਰਿਸ਼ਟ ਨਿਆਂ-ਵਿਵਸਥਾ ਨਾਲ ਜੂਝ ਪਿਆ ਹੈ, ਤਾਂ ਇਹ ਸਾਫ਼ ਹੈ ਕਿ ਉਸਨੂੰ ਇਸ ਬਾਰੇ 'ਚ ਵੀ ਦਖ਼ਲਅੰਦਾਜ਼ੀ ਤਾਂ ਕਰਨੀ ਹੀ ਚਾਹੀਦੀ ਹੈ। ਪਰ ਉਸ ਪਲ ਤੋਂ ਜਦੋਂ ਫ਼ਰਾਂਜ਼ ਨੇ ਸਿਸਕਣਾ ਸ਼ੁਰੂ ਕਰ ਦਿੱਤਾ ਸੀ, ਕੁਦਰਤੀ ਤੌਰ 'ਤੇ ਸਾਰੀ ਗੱਲ ਦਾ ਸੱਤਿਆਨਾਸ ਕਰ ਦਿੱਤਾ ਸੀ। ਕੇ. ਸਹਾਇੱਕਾਂ ਨੂੰ ਇਹ ਹੁੰਦਾ ਨਹੀਂ ਵਿਖਾਉਣਾ ਚਾਹੁੰਦਾ ਸੀ, ਅਤੇ ਸ਼ਾਇਦ ਦੂਜੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਵੀ ਕਿ ਉਹ ਆਉਣ ਅਤੇ ਇਸ ਕਬਾੜਖਾਨੇ ਵਿੱਚ ਇੱਕ ਖ਼ਾਸ ਗੈਂਗ ਦੇ ਨਾਲ ਉਸਨੂੰ ਇਸ ਤਰ੍ਹਾਂ ਦਾ ਸਮਝੌਤਾ ਕਰਕੇ ਹੈਰਾਨ ਕਰਨ। ਜੇ ਉਸਨੇ ਅਜਿਹਾ ਕਰਨ ਦੀ ਸੋਚੀ ਹੋਵੇ, ਤਾਂ ਉਸਦੇ ਲਈ ਇਹ ਵਧੇਰੇ ਸੌਖਾ ਹੁੰਦਾ ਕਿ ਉਹ ਆਪਣੇ ਕੱਪੜੇ ਲਾਹ ਕੇ, ਨੰਗਾ ਖੜ੍ਹਾ ਹੋ ਜਾਵੇ ਅਤੇ ਖ਼ੁਦ ਨੂੰ ਵਾਰਡਰਾਂ ਦੀ ਥਾਂ 'ਤੇ ਕੋੜੇ ਮਾਰਨ ਵਾਲੇ ਨੂੰ ਪੇਸ਼ ਕਰ ਦੇਵੇ। ਪਰ ਕੋੜੇ ਮਾਰਨ ਵਾਲਾ ਤਾਂ ਇਸ ਤਰ੍ਹਾਂ ਦੀ ਗੱਲ ਕਦੇ ਨਾ ਮੰਨਦਾ, ਕਿਉਂਕਿ ਅਜਿਹਾ ਕਰਨ ਨਾਲ ਉਸਨੂੰ ਕੋਈ ਫ਼ਾਇਦਾ ਨਾ ਹੁੰਦਾ, ਅਤੇ ਫਿਰ ਉਹ ਗੰਭੀਰਤਾ ਨਾਲ ਆਪਣੇ ਕੰਮ ਵਿੱਚ ਅਸਫ਼ਲ ਹੁੰਦਾ ਪਾਇਆ ਜਾਂਦਾ ਅਤੇ, ਹਰ ਹਾਲਤ ਵਿੱਚ, ਦੋਹਰੀ ਅਸਫ਼ਲਤਾ ਦਾ ਭਾਗੀ ਹੁੰਦਾ, ਕਿਉਂਕਿ ਕੇ. ਜਦੋਂ ਤੱਕ ਕਾਨੂੰਨੀ ਦਾਅਪੇਚਾਂ ਵਿੱਚ ਉਲਝਿਆ ਹੋਇਆ ਹੈ, ਕਚਹਿਰੀ ਦੇ ਮੁਲਾਜ਼ਮਾਂ ਦੀ ਅਜਿਹੇ ਘਟੀਆ ਵਿਹਾਰ ਤੋਂ ਤਾਂ ਬਚਿਆ ਹੋਇਆ ਹੈ। ਮੰਨਣਾ ਜ਼ਰੂਰੀ ਹੈ ਕਿ ਸ਼ਾਇਦ ਕੋਈ ਖ਼ਾਸ ਕਾਇਦੇ ਇੱਥੇ ਹੀ ਲਾਗੂ ਹੁੰਦੇ ਹੋਣ। ਕਿਸੇ ਵੀ ਹਾਲਤ ਵਿੱਚ ਹੁਣ ਕੇ. ਕੋਲ ਕੋਈ ਰਸਤਾ ਨਹੀਂ ਬਚਿਆ ਸੀ, ਬਿਨ੍ਹਾਂ ਇਸਦੇ ਕਿ ਬੂਹੇ ਬੰਦ ਕਰ ਦਿੱਤੇ ਜਾਂਦੇ, ਹਾਲਾਂਕਿ ਅਜਿਹਾ ਕਰ ਦੇਣ ਦੇ ਬਾਵਜੂਦ ਵੀ ਹੁਣ ਤੱਕ ਉਸਦੇ ਲਈ ਪੈਦਾ ਹੋਏ ਸਾਰੇ ਖ਼ਤਰੇ ਮਿਟ ਨਹੀਂ ਜਾਣਗੇ। ਇਹ ਤੱਥ ਕਿ ਉਸਨੇ ਫ਼ਰਾਂਜ਼ ਨੂੰ ਧੱਕਾ ਮਾਰਿਆ ਸੀ, ਅਫ਼ਸੋਸਜਨਕ ਸੀ ਅਤੇ ਉਸਦੀ ਤਰਸਯੋਗ ਸਥਿਤੀ ਉਸਨੂੰ ਮਾਫ਼ ਵੀ ਕਰ ਸਕਦੀ ਸੀ। ਕੁੱਝ ਦੂਰੀ 'ਤੇ ਉਹ ਸਹਾਇਕਾਂ ਦੇ ਕਦਮਾਂ ਦੀ ਅਵਾਜ਼ ਸੁਣ ਸਕਦਾ ਸੀ। ਉਹਨਾਂ ਦਾ ਧਿਆਨ ਖਿੱਚਣ ਦੇ ਮਕਸਦ ਨਾਲ ਉਸਦੇ ਖਿੜਕੀ ਬੰਦ ਕਰ ਦਿੱਤੀ ਅਤੇ ਮੁੱਖ ਪੌੜੀ ਦੇ ਵੱਲ ਚਲਾ ਗਿਆ। ਕਬਾੜਖਾਨੇ ਦੇ ਬੂਹੇ ’ਤੇ ਥੋੜਾ ਜਿਹਾ ਰੁਕ ਕੇ ਉਸਨੇ ਸੁਣਨ ਦੀ ਕੋਸ਼ਿਸ਼ ਕੀਤੀ। ਸਭ ਸ਼ਾਂਤ ਸੀ। ਸ਼ਾਇਦ ਵਾਰਡਰਾਂ ਨੂੰ ਉਹਨਾਂ ਦੀ ਮੌਤ ਤੱਕ ਕੁੱਟਿਆ ਜਾ ਚੁੱਕਾ ਸੀ, ਉਹ ਉਸਦੀ ਤਾਕਤ ਦੇ ਬੋਝ ਹੇਠਾਂ ਦੱਬੇ ਪਏ ਸਨ। ਕੇ. ਨੇ ਆਪਣਾ ਹੱਥ ਬਹੇ ਦੇ ਹੱਥੇ ਵੱਲ ਖਿੱਚ ਦਿੱਤਾ ਸੀ, ਪਰ ਫ਼ਿਰ ਉਸਨੇ ਵਾਪਸ ਹਟਾ ਲਿਆ ਸੀ। ਹੁਣ ਉਹ ਕਿਸੇ ਦੀ ਮਦਦ ਕਰ ਸਕਣ ਦੀ ਹਾਲਤ ਵਿੱਚ ਨਹੀਂ ਸੀ, ਅਤੇ ਹੁਣ ਸਹਾਇਕ ਇੱਕ ਦਮ ਆ ਜਾਣਾ ਤੈਅ ਸੀ। ਉਸਨੇ ਮਨ ਹੀ ਮਨ ਪ੍ਰਤਿੱਗਿਆ ਕੀਤੀ ਕਿ ਉਹ ਇਸ ਘਟਨਾ 'ਤੇ ਚਰਚਾ ਕਰੇਗਾ ਅਤੇ ਉਸਦੇ ਵੱਸ ਵਿੱਚ ਜੋ ਵੀ ਹੋਵੇਗਾ, ਉਸਦੇ ਤਹਿਤ ਉਹ ਉਹਨਾਂ ਲੋਕਾਂ ਨੂੰ ਢੁੱਕਵੀਂ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰੇਗਾ, ਖ਼ਾਸ ਕਰਕੇ ਉਹ ਸੀਨੀਅਰ ਅਧਿਕਾਰੀ (ਜਿਹਨਾਂ ਨੇ ਅਜੇ ਤੱਕ ਆਪਣੀ ਪਛਾਣ ਕੇ. ਨੂੰ ਨਹੀਂ ਦੱਸੀ ਹੈ। ਜਿਹੜੇ ਇਸ ਲਈ ਦੋਸ਼ੀ ਹੋਣਗੇ। ਜਿਵੇਂ ਹੀ ਪੌੜੀਆਂ ਤੋਂ ਉੱਤਰਿਆ, ਉਸਨੇ ਇੱਧਰ-ਉੱਧਰ ਘੁੰਮਦੇ ਲੋਕਾਂ ਉੱਪਰ ਗੌਰ ਕੀਤਾ, ਪਰ ਕਿਤੇ ਵੀ ਅਜਿਹੀ ਕੋਈ ਜਵਾਨ ਔਰਤ ਵਿਖਾਈ ਨਹੀਂ ਦਿੱਤੀ ਜਿਸਨੂੰ ਵੇਖ ਕੇ ਲੱਗਦਾ ਕਿ ਉਹ ਕਿਸੇ ਦੀ ਉਡੀਕ ਵਿੱਚ ਖੜ੍ਹੀ ਹੈ। ਇਸ ਲਈ ਫ਼ਰਾਂਜ਼ ਦੀ ਉਹ ਗੱਲ ਕਿ ਉਸਦੀ ਮੰਗੇਤਰ ਉਸਦੀ ਉਡੀਕ ਕਰ ਰਹੀ ਹੈ, ਅੰਤ ਝੂਠੀ ਸਾਬਤ ਹੋਈ, ਅਤੇ ਪੱਕਾ ਹੀ ਮਾਫ਼ੀਯੋਗ ਲੱਗੀ, ਕਿਉਂਕਿ ਇਸਦਾ ਮਤਲਬ, ਜਿਵੇਂ ਕਿ ਸਾਫ਼ ਹੈ, ਸਿਰਫ਼ ਹਮਦਰਦੀ ਪੈਦਾ ਕਰਨਾ ਸੀ।

ਅਗਲੇ ਦਿਨ ਵੀ ਕੇ. ਦੇ ਦਿਮਾਗ ਵਿੱਚੋਂ ਵਾਰਡਰ ਨਹੀਂ ਉੱਤਰੇ। ਉਹ ਆਪਣੇ ਕੰਮ ਵਿੱਚ ਦਿਲ ਨਹੀਂ ਲਾ ਸਕਿਆ ਅਤੇ ਇਸਨੂੰ ਖ਼ਤਮ ਕਰਨ ਲਈ ਪਿਛਲੇ ਦਿਨ ਦੇ ਮੁਕਾਬਲੇ ਅੱਜ ਜ਼ਿਆਦਾ ਦੇਰ ਤੱਕ ਦਫ਼ਤਰ ਵਿੱਚ ਬੈਠੇ ਰਹਿਣਾ ਪਿਆ। ਘਰ ਵਾਪਸੀ ਤੇ, ਜਦੋਂ ਉਹ ਕਬਾੜਖਾਨੇ ਦੇ ਕੋਲ ਆਇਆ, ਤਾਂ ਉਸਨੇ ਉਸਦਾ ਬੂਹਾ ਖੋਲ੍ਹ ਦਿੱਤਾ, ਜਿਵੇਂ ਆਦਤਨ ਉਹ ਇਹ ਕਰ ਰਿਹਾ ਹੋਵੇ। ਹਨੇਰੇ ਦੇ ਮੁਕਾਬਲੇ ਜਿਸਦੀ ਉਹ ਉਮੀਦ ਕਰ ਰਿਹਾ ਸੀ, ਜਿਹੜਾ ਕੁੱਝ ਵੀ ਉਸਨੂੰ ਵਿਖਾਈ ਦਿੱਤਾ, ਉਸਨੇ ਉਸਨੂੰ ਡਰਾ ਦਿੱਤਾ। ਹਰ ਚੀਜ਼ ਉਵੇਂ ਹੀ ਸੀ, ਜਿਵੇਂ ਕਿ ਪਿਛਲੀ ਸ਼ਾਮ ਬੂਹਾ ਖੁੱਲ੍ਹਣ ਤੇ ਉਸਨੇ ਵੇਖੀ ਸੀ। ਪੁਰਾਣੀਆਂ ਫ਼ਾਇਲਾਂ ਅਤੇ ਸਿਆਹੀ ਦੀਆਂ ਬੋਤਲਾਂ, ਕੋੜੇ ਮਾਰਨ ਵਾਲੇ ਦਾ ਕੋੜਾ ਅਤੇ ਇੱਕ ਦਮ ਨੰਗੇ ਵਾਰਡਰ, ਸ਼ੈਲਫ਼ 'ਤੇ ਜਗਦੀ ਮੋਮਬੱਤੀ - ਸਭ ਕੁੱਝ ਉਹੀ। ਉਸਨੂੰ ਵੇਖਦੇ ਹੀ ਵਾਰਡਰ ਚੀਕ ਪਏ - “ਸ੍ਰੀਮਾਨ ਜੀ! ਸ਼੍ਰੀਮਾਨ ਜੀ!"

ਕੇ. ਨੇ ਫ਼ੌਰਨ ਬੂਹੇ ਭੇੜ ਦਿੱਤੇ ਅਤੇ ਆਪਣੇ ਗੁੱਟ ਉਹਨਾਂ ’ਤੇ ਮਾਰਨ ਲੱਗਾ, ਜਿਵੇਂ ਇਸ ਨਾਲ ਉਹ ਚੰਗੀ ਤਰ੍ਹਾਂ ਬੰਦ ਹੋ ਜਾਣਗੇ। ਹੰਝੂ ਫੁੱਟ ਪੈਣ ਦੀ ਕਗਾਰ 'ਤੇ ਪਹੁੰਚ ਕੇ ਉਹ ਸਹਾਇਕਾਂ ਦੇ ਵੱਲ ਭੱਜਿਆ, ਜਿਹੜੇ ਕਾਪੀ ਕਰਨ ਵਾਲੀਆਂ ਮਸ਼ੀਨਾਂ ਤੇ ਕੰਮ ਕਰ ਰਹੇ ਸਨ ਅਤੇ ਉਸਨੂੰ ਵੇਖ ਕੇ ਹੈਰਾਨੀ ਨਾਲ ਥੋੜ੍ਹਾ ਰੁਕ ਗਏ ਸਨ।

“ਇਹ ਸਹੀ ਵਕਤ ਹੈ ਕਿ ਤੂੰ ਕਬਾੜਖਾਨੇ ਨੂੰ ਖਾਲੀ ਕਰ ਦੇਵੋ।" ਉਹ ਚੀਕ ਪਿਆ, “ਅਸੀਂ ਲੋਕ ਬਹੁਤ ਸਾਰੀ ਗੰਦਗੀ ਵਿੱਚ ਡੁੱਬ ਚੁੱਕੇ ਹਾਂ।"

ਸਹਾਇਕਾਂ ਨੇ ਕਿਹਾ ਕਿ ਉਹ ਇਸ ਨੂੰ ਕੱਲ੍ਹ ਸਾਫ਼ ਕਰਨਗੇ ਅਤੇ ਕੇ. ਨੇ ਸਿਰ ਹਿਲਾ ਦਿੱਤਾ। ਇੰਨੀ ਦੇਰ ਸ਼ਾਮ ਗਏ ਉਹ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦਾ ਸੀ, ਜਿਵੇਂ ਕਿ ਪਹਿਲਾਂ ਉਸਦੀ ਇੱਛਾ ਸੀ। ਉਹ ਥੋੜ੍ਹਾ ਚਿਰ ਬੈਠ ਕੇ, ਕੁੱਝ ਦੇਰ ਦੇ ਲਈ ਸਹਾਇਕਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਉਸਨੇ ਕੁੱਝ ਕਾਪੀਆਂ ਚੁੱਕ ਕੇ ਵੇਖਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਕਿ ਇਹ ਲੱਗੇ ਕਿ ਉਹ ਇਹਨਾਂ ਨੂੰ ਚੈੱਕ ਕਰ ਰਿਹਾ ਹੈ, ਫ਼ਿਰ ਇਹ ਮਹਿਸੂਸ ਕਰਕੇ ਕਿ ਸਹਾਇਕ ਲੋਕ ਠੀਕ ਉਸੇ ਵੇਲੇ ਨਹੀਂ ਤੁਰ ਪੈਣਗੇ ਜਦੋਂ ਉਸਨੇ ਆਪ ਤੁਰਨਾ ਹੈ, ਇਸ ਲਈ ਉਹ ਉੱਠਿਆ ਅਤੇ ਘਰ ਚਲਾ ਆਇਆ। ਇੱਕ ਦਮ ਹਾਰ ਕੇ ਅਤੇ ਦਿਮਾਗ ਵਿੱਚ ਇੱਕ ਡੂੰਘਾ ਖ਼ਾਲੀਪਨ ਲੈ ਕੇ।