ਦੂਜਾ ਭਾਗ

ਸ਼ੁਰੂਆਤੀ ਪੁੱਛਗਿੱਛ

ਕੇ. ਨੂੰ ਫ਼ੋਨ 'ਤੇ ਦੱਸਿਆ ਗਿਆ ਕਿ, ਅਗਲੇ ਐਤਵਾਰ ਨੂੰ ਉਸਦੇ ਕੇਸ ਦੀ ਸ਼ੁਰੂਆਤੀ ਪੁੱਛਗਿੱਛ ਹੋਵੇਗੀ। ਉਸਨੂੰ ਸੁਚੇਤ ਕੀਤਾ ਗਿਆ ਸੀ ਕਿ ਪੁੱਛਗਿੱਛ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ; ਹਰੇਕ ਹਫ਼ਤੇ ਤਾਂ ਸ਼ਾਇਦ ਨਹੀਂ, ਪਰ ਜ਼ਰੂਰ ਹੀ ਲੰਘਦੇ ਵਕਤ ਦੇ ਨਾਲ ਇਸਦੀ ਗਤੀ ਤੇਜ਼ ਹੁੰਦੀ ਜਾਵੇਗੀ। ਇੱਕ ਪਾਸੇ ਤਾਂ ਇਹ ਹਰੇਕ ਸਬੰਧਿਤ ਆਦਮੀ ਦੇ ਹਿਤ ਵਿੱਚ ਹੋਵਗਾ ਕਿ ਮੁਕੱਦਮਾ ਤੇਜ਼ੀ ਨਾਲ ਆਪਣੇ ਸੁਭਾਵਿਕ ਨਤੀਜੇ 'ਤੇ ਪਹੁੰਚੇ, ਪਰ ਦੂਜੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਹਰ ਕੋਣ ਤੋਂ ਪੜਤਾਲ ਗਹਿਰਾਈ ਨਾਲ ਕੀਤੀ ਜਾਵੇ, ਫ਼ਿਰ ਸਾਰੀ ਵਿਧੀ ਵਿੱਚ ਜ਼ਰੂਰੀ ਦਬਾਅ-ਤਨਾਵਾਂ ਦੇ ਕਾਰਨ ਇਹ ਲੰਮੇ ਅਰਸੇ ਤੱਕ ਜਾਰੀ ਨਹੀਂ ਰੱਖੀ ਜਾ ਸਕਦੀ। ਇਸ ਲਈ ਵਿਚਾਲੇ ਛੋਟੇ ਪੜਾਅ ਦੇ ਕੇ ਇਹ ਪੁੱਛਗਿੱਛ ਕੀਤੇ ਜਾਣ 'ਤੇ ਸਹਿਮਤੀ ਹੋਈ। ਇਸ ਲਈ ਕੇ. ਦੇ ਪੇਸ਼ੇਵਰ ਕੰਮ ’ਚ ਕੋਈ ਅੜਿੱਕਾ ਨਾ ਪਾਉਣ ਦੇ ਕਾਰਨ ਹੀ ਐਤਵਾਰ ਨੂੰ ਪੁੱਛਗਿੱਛ ਦਾ ਦਿਨ ਮਿੱਥਿਆ ਗਿਆ। ਉਹਨਾਂ ਨੇ ਦੱਸਿਆ ਕਿ ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਕੇ, ਇਸ ਉੱਪਰ ਆਪਣੀ ਸਹਿਮਤੀ ਦੇਵੇਗਾ, ਪਰ ਜੇਕਰ ਉਸਨੂੰ ਕਿਸੇ ਹੋਰ ਦਿਨ ਦੀ ਦਰਕਾਰ ਹੁੰਦੀ ਹੈ ਤਾਂ ਉਹ ਇਹ ਵੀ ਮੰਨ ਲੈਣਗੇ। ਉਦਾਹਰਨ ਦੇ ਤੌਰ 'ਤੇ; ਸੁਣਵਾਈ ਤਾਂ ਉਹਨਾਂ ਦੀ ਚੋਣ ਸੀ ਕਿ ਰਾਤਾਂ ਨੂੰ ਵੀ ਹੋ ਸਕਦੀ ਹੈ ਪਰ ਫ਼ਿਰ ਕੇ, ਇਸਦੇ ਲਈ ਮਾਨਸਿਕ ਤੌਰ 'ਤੇ ਠੀਕ ਅਤੇ ਖ਼ੁਸ਼ ਨਹੀਂ ਹੋਵੇਗਾ। ਜੇ ਕੇ. ਨੂੰ ਕੋਈ ਇਤਰਾਜ਼ ਨਾ ਹੋਵੇ, ਤਾਂ ਉਹ ਹਰ ਹਾਲ ’ਚ ਇਸਨੂੰ ਐਤਵਾਰ ਨੂੰ ਹੀ ਕਰਨਾ ਚਾਹੁਣਗੇ। ਇਹ ਤਾਂ ਪੱਕਾ ਹੀ ਮੰਨ ਲਿਆ ਗਿਆ ਸੀ ਕਿ ਉਹ ਇਸ ਲਈ ਜ਼ਰੂਰੀ `ਤੇ ਹਾਜ਼ਰ ਹੋਏਗਾ ਹੀ, ਇਸ ਲਈ ਉਸਨੂੰ ਇਹ ਸਭ ਕਹਿਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ ਗਈ। ਜਿਸ ਘਰ ਵਿੱਚ ਇਹ ਸੁਣਵਾਈ ਹੋਣਾ ਤੈਅ ਹੋਇਆ, ਉਸਦਾ ਨੰਬਰ ਉਸਨੂੰ ਦੱਸ ਦਿੱਤਾ ਗਿਆ ਸੀ। ਇਹ ਘਰ ਸ਼ਹਿਰ ਤੋਂ ਜ਼ਰਾ ਹਟ ਕੇ ਇੱਕ ਅੱਧ-ਸ਼ਹਿਰੀ ਗ਼ਲੀ ਵਿੱਚ ਸੀ, ਜਿੱਥੇ ਕੇ. ਕਦੇ ਨਹੀਂ ਗਿਆ ਸੀ।

ਜਦੋਂ ਉਸਨੂੰ ਇਹ ਸੂਚਨਾ ਦਿੱਤੀ ਗਈ ਤਾਂ ਕੇ. ਨੇ ਕੋਈ ਜਵਾਬ ਦਿੱਤੇ ਬਿਨ੍ਹਾਂ ਰਿਸੀਵਰ ਰੱਖ ਦਿੱਤਾ। ਉਸਨੇ ਫ਼ੌਰਨ ਫ਼ੈਸਲਾ ਲਿਆ ਕਿ ਉਹ ਹਰ ਹਾਲ 'ਚ ਐਤਵਾਰ ਨੂੰ ਉੱਥੇ ਜਾਇਆ ਕਰੇਗਾ। ਇਹ ਜ਼ਰੂਰੀ ਸੀ, ਕਿਉਂਕਿ ਮੁਕੱਦਮਾ ਚੱਲ ਪਿਆ ਸੀ ਅਤੇ ਉਸਨੇ ਇਸਦੀ ਪੈਰਵਾਈ ਕਰਨੀ ਸੀ ਅਤੇ ਪਹਿਲੀ ਸੁਣਵਾਈ ਹੀ ਆਖ਼ਰੀ ਹੋ ਸਕਦੀ ਸੀ। ਅਜੇ ਤੱਕ ਉਹ ਉਦਾਸ ਜਿਹਾ ਟੈਲੀਫ਼ੋਨ ਦੇ ਕੋਲ ਖੜਾ ਸੀ, ਜਦੋਂ ਉਸਨੇ ਆਪਣੇ ਪਿੱਛੇ ਖੜੇ ਡਿਪਟੀ ਮੈਨੇਜਰ ਦੀ ਅਵਾਜ਼ ਸੁਣੀ, ਜਿਹੜਾ ਫ਼ੋਨ ਕਰਨ ਦੀ ਕੋਸ਼ਿਸ਼ ਵਿੱਚ ਸੀ, ਪਰ ਫ਼ੋਨ 'ਤੇ ਕੇ. ਦੇ ਹੋਣ ਕਾਰਨ ਉਹ ਫ਼ੋਨ ਮਿਲਾ ਨਹੀਂ ਪਾ ਰਿਹਾ ਸੀ।

"ਕੀ ਕੋਈ ਬੁਰੀ ਖ਼ਬਰ ਹੈ?" ਡਿਪਟੀ ਮੈਨੇਜਰ ਨੇ ਵੈਸੇ ਹੀ ਪੁੱਛਿਆ, ਜਿਵੇਂ ਉਸਨੂੰ ਕਿਸੇ ਅਸਲ ਸੂਚਨਾ ਦੀ ਲੋੜ ਨਾ ਹੋਵੇ ਅਤੇ ਆਪਣੇ ਅਜਿਹੇ ਕਿਸੇ ਫ਼ਿਕਰੇ ਦੁਆਰਾ ਉਹ ਕੇ. ਨੂੰ ਫ਼ੋਨ ਕੋਲੋਂ ਹਟਾਉਣਾ ਚਾਹੁੰਦਾ ਹੋਵੇ।

"ਨਹੀਂ, ਨਹੀਂ।" ਕੇ. ਨੇ ਆਪਣੇ ਪੈਰ ਪਿੱਛੇ ਖਿਸਕਾਉਂਦੇ ਹੋਏ ਕਿਹਾ, ਪਰ ਉਹ ਉੱਥੋਂ ਜਿਆਦਾ ਪਿੱਛੇ ਨਹੀਂ ਹਟਿਆ। ਡਿਪਟੀ ਮੈਨੇਜਰ ਨੇ ਰਿਸੀਵਰ ਚੁੱਕਿਆ ਅਤੇ ਆਪਣੀ ਪੂਰੀ ਤਾਕਤ ਨਾਲ ਬੋਲਣ ਲੱਗਾ, ਜਦੋਂ ਕਿ ਅਜੇ ਤੱਕ ਉਸਨੂੰ ਆਪਰੇਟਰ ਦੀ ਉਡੀਕ ਹੀ ਸੀ

"ਇੱਕ ਗੱਲ ਹੈ ਕੇ., ਕੀ ਤੂੰ ਸ਼ਨੀਵਾਰ ਨੂੰ ਮੇਰੇ ਘਰ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਏਂ? ਉੱਥੇ ਬਹੁਤ ਸਾਰੇ ਲੋਕ ਹੋਣਗੇ, ਜਿਸ ਵਿੱਚ ਜ਼ਰੂਰ ਹੀ ਤੇਰੇ ਕੁੱਝ ਦੋਸਤ ਵੀ ਹੋਣਗੇ। ਸਰਕਾਰੀ ਵਕੀਲ ਹਿਸਟੀਰਰ ਵੀ ਹੋਵੇਗਾ। ਕੀ ਤੂੰ ਆਏਂਗਾ? ਜਰੂਰ ਆਈਂ।"

ਕੇ. ਨੇ ਡਿਪਟੀ ਮੈਨੇਜਰ ਦੀ ਗੱਲ ਉੱਤੇ ਗੌਰ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਹੱਦ ਤੱਕ ਤਾਂ ਉਸਦੇ ਲਈ ਇਹ ਜ਼ਰੂਰੀ ਸੀ, ਕਿਉਂਕਿ ਡਿਪਟੀ ਮੈਨੇਜਰ ਦਾ ਇਹ ਸੱਦਾ, ਜਿਸਦੇ ਨਾਲ ਉਹਦੀ ਬਹੁਤੀ ਬਣਦੀ ਨਹੀਂ ਸੀ, ਇੱਕ ਢੰਗ ਨਾਲ ਉਸਦੇ ਨਾਲ ਸਬੰਧਾਂ ਨੂੰ ਨਵੇਂ ਸਿਰੇ ਤੋਂ ਗੰਢਣ ਦੀ ਕੋਸ਼ਿਸ਼ ਸੀ। ਇਸ ਤੋਂ ਇਹ ਸਾਬਿਤ ਹੋ ਰਿਹਾ ਸੀ ਕਿ ਬੈਂਕ `ਚ ਉਸਦਾ ਰੁਤਬਾ ਉੱਚਾ ਰਿਹਾ ਸੀ ਅਤੇ ਬੈਂਕ ਦੇ ਇਸ ਦੂਜੇ ਨੰਬਰ ਦੇ ਉੱਚ-ਅਧਿਕਾਰੀ ਦੁਆਰਾ ਉਸਦੀ ਦੋਸਤੀ ਨੂੰ, ਜਾਂ ਘੱਟ ਤੋਂ ਘੱਟ ਉਸਦੇ ਨਿਰਪੱਖ ਵਿਹਾਰ ਨੂੰ ਕਿੰਨੀ ਮਾਨਤਾ ਜਾ ਰਹੀ ਸੀ। ਉਹ ਸੱਦਾ ਦੇ ਕੇ ਡਿਪਟੀ ਮੈਨੇਜਰ ਖੁਦ ਨੂੰ ਨਿਮਰ ਵਿਖਾ ਰਿਹਾ ਸੀ, ਹਾਲਾਂਕਿ ਉਹ ਇਹ ਸਭ ਬਹੁਤ ਚਾਲੁ ਜਿਹੇ ਢੰਗ ਨਾਲ ਕਰ ਰਿਹਾ ਸੀ, ਅਤੇ ਰਿਸੀਵਰ 'ਤੇ ਆਪਰੇਟਰ ਦੁਆਰਾ ਫ਼ੋਨ ਜੋੜਨ ਦਾ ਇੰਤਜ਼ਾਰ ਰਿਹਾ ਸੀ। ਪਰ ਕੇ. ਨੇ ਨਿਮਰਤਾ ਨਾਲ ਕਿਹਾ,

"ਬਹੁਤ ਬਹੁਤ ਧੰਨਵਾਦ, ਪਰ ਬਦਕਿਸਮਤੀ ਨਾਲ ਇਸ ਐਤਵਾਰ ਨੂੰ ਮੇਰੇ ਕੋਲ ਸਮਾਂ ਨਹੀਂ ਹੈ, ਕਿਉਂਕਿ ਮੈਂ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੋਇਆ ਹਾਂ।"

"ਸ਼ਰਮ ਦੀ ਗੱਲ ਹੈ।" ਡਿਪਟੀ ਮੈਨੇਜਰ ਨੇ ਕਿਹਾ ਅਤੇ ਫ਼ੋਨ 'ਤੇ ਗੱਲ ਕਰਨ ਲੱਗਾ, ਜਿਹੜਾ ਹੁਣੇ-ਹੁਣੇ ਜੁੜ ਗਿਆ ਸੀ। ਇਹ ਛੋਟੀ ਗੱਲਬਾਤ ਨਹੀਂ ਸੀ ਪਰ ਕੇ. ਇੰਨਾ ਦੁਖੀ ਸੀ ਕਿ ਉਹ ਸਾਰਾ ਵਕ਼ਤ ਫ਼ੋਨ ਦੇ ਕੋਲ ਖੜਾ ਰਿਹਾ। ਜਦੋਂ ਡਿਪਟੀ ਮੈਨੇਜਰ ਫ਼ੋਨ 'ਤੋਂ ਵਿਹਲਾ ਹੋਇਆ ਤਾਂ ਉਹ ਸੁਚੇਤ ਹੋ ਕੇ ਅਤੇ ਆਪਣੀ ਫ਼ੋਨ ਦੇ ਕੋਲ ਗੈਰਜ਼ਰੂਰੀ ਮੌਜੂਦਗੀ ਦੇ ਪ੍ਰਤੀ ਬਹਾਨਾ ਜਿਹਾ ਬਣਾਉਂਦਾ ਬੋਲਿਆ,

"ਕਿਸੇ ਨੇ ਹੁਣੇ ਮੈਨੂੰ ਫ਼ੋਨ ਕੀਤਾ ਸੀ ਅਤੇ ਕਿਤੇ ਜਾਣ ਲਈ ਕਿਹਾ, ਪਰ ਉਹ ਸਹੀ ਸਮਾਂ ਤਾਂ ਦੱਸਣਾ ਹੀ ਭੁੱਲ ਗਏ।"

"ਠੀਕ ਹੈ, ਉਹਨਾਂ ਨੂੰ ਦੋਬਾਰਾ ਫ਼ੋਨ ਕਰਕੇ ਪੁੱਛ ਲਓ।" ਡਿਪਟੀ ਮੈਨੇਜਰ ਨੇ ਜਵਾਬ ਦਿੱਤਾ।

"ਓਹ, ਇਹ ਇੰਨਾ ਕੋਈ ਜ਼ਰੂਰੀ ਨਹੀਂ ਹੈ।" ਉਸਨੇ ਕਿਹਾ, ਪਰ ਪਹਿਲਾਂ ਹੀ ਜਿਹੜਾ ਕਮਜ਼ੋਰ ਜਿਹਾ ਬਹਾਨਾ ਉਹਨੇ ਪੇਸ਼ ਕੀਤਾ ਸੀ, ਉਹ ਇਸ ਨਾਲ ਹੋਰ ਕਮਜ਼ੋਰ ਪੈ ਗਿਆ ਸੀ। ਜਿਵੇਂ ਹੀ ਡਿਪਟੀ ਮੈਨੇਜਰ ਉੱਥੋਂ ਜਾਣ ਲਈ ਵਾਪਸ ਮੁੜਿਆ ਤਾਂ ਕਿਸੇ ਹੋਰ ਵਿਸ਼ੇ ਉੱਤੇ ਗੱਲ ਕਰ ਰਿਹਾ ਸੀ। ਕੇ. ਨੇ ਜਵਾਬ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਖ ਤੌਰ 'ਤੇ ਇਹੀ ਸੋਚ ਰਿਹਾ ਸੀ ਕਿ ਉਹ ਐਤਵਾਰ ਸਵੇਰੇ ਨੌਂ ਵਜੇ ਚਲਾ ਜਾਵੇਗਾ ਕਿਉਂਕਿ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਕੋਰਟ ਇਸੇ ਸਮੇਂ ਆਪਣਾ ਕੰਮ ਸ਼ੁਰੂ ਕਰਦੇ ਹਨ।

ਐਤਵਾਰ ਨੂੰ ਮੌਸਮ ਕਾਫ਼ੀ ਖ਼ੁਸ਼ਕ ਸੀ। ਕੇ. ਕਾਫ਼ੀ ਥੱਕਿਆ ਹੋਇਆ ਸੀ। ਗੁਆਂਢ 'ਚ ਰਾਤ ਭਰ ਕੋਈ ਤਿਉਹਾਰ ਚਲਦਾ ਰਿਹਾ ਸੀ ਅਤੇ ਕੇ. ਪਿਛਲੀ ਪੂਰੀ ਰਾਤ ਬੈਠਾ ਰਿਹਾ ਸੀ ਅਤੇ ਸਵੇਰੇ ਦੇਰ ਨਾਲ ਉੱਠਿਆ। ਉਹ ਜਲਦਬਾਜ਼ੀ ਵਿੱਚ ਤਿਆਰ ਹੋਇਆ, ਅਤੇ ਪਿਛਲੇ ਪੂਰੇ ਹਫ਼ਤੇ ਉਸਨੇ ਜਿਹੜੀਆਂ ਯੋਜਨਾਵਾਂ ਬਣਾਈਆਂ ਸਨ, ਉਹਨਾਂ ਉੱਤੇ ਜ਼ਿਆਦਾ ਵਿਚਾਰ ਕੀਤੇ ਬਿਨ੍ਹਾਂ, ਉਸਨੇ ਕੱਪੜੇ ਪਾਏ ਅਤੇ ਨਾਸ਼ਤਾ ਕੀਤੇ ਬਗੈਰ ਉਹ ਅਰਧ-ਸ਼ਹਿਰੀ ਖੇਤਰ ਵੱਲ ਭੱਜਿਆ, ਜਿਵੇਂ ਕਿ ਤੈਅ ਹੋਇਆ ਸੀ। ਹਾਲਾਂਕਿ ਇੱਧਰ-ਉੱਧਰ ਧਿਆਨ ਦੇਣ ਦਾ ਵਕ਼ਤ ਉਸਦੇ ਕੋਲ ਨਹੀਂ ਸੀ, ਪਰ ਹੈਰਾਨੀ ਭਰੇ ਸੰਜੋਗ ਨਾਲ, ਉਹ ਆਪਣੇ ਕੇਸ ਨਾਲ ਸੰਬਧਿਤ ਤਿੰਨ ਕਰਮਚਾਰੀਆਂ ਰੈਬਨਸਟੇਨਰ, ਕੁਲੀਚ ਅਤੇ ਕੈਮਨਰ ਦੇ ਸਾਹਮਣੇ ਆ ਗਿਆ। ਪਹਿਲੇ ਦੋਵੇਂ ਤਾਂ ਉਸਦੇ ਅੱਗੇ ਇੱਕ ਟ੍ਰਾਮ ਵਿੱਚ ਜਾ ਰਹੇ ਸਨ, ਜਦਕਿ ਕੈਮਨਰ ਇੱਕ ਕੈਫ਼ੇ ਦੇ ਬਰਾਂਡੇ ਵਿੱਚ ਬੈਠਾ ਸੀ, ਅਤੇ ਜਿਵੇਂ ਹੀ ਕੇ. ਉੱਥੋਂ ਲੰਘਿਆ, ਉਸਨੇ ਅਚੇਤ ਜਿਹੀ ਅਵਸਥਾ ਵਿੱਚ ਆਪਣੇ ਸਿਰ ਨੂੰ ਝੁਕਾ ਦਿੱਤਾ। ਉਹਨਾਂ ਸਾਰਿਆਂ ਨੇ ਸ਼ਾਇਦ ਉਸਨੂੰ ਹੈਰਾਨੀ ਨਾਲ ਵੇਖਿਆ, ਅਤੇ ਇਸ ਸੋਚ ਵਿੱਚ ਲੱਗ ਰਹੇ ਸਨ ਕਿ ਉਹਨਾਂ ਦਾ ਬੌਸ ਇੰਨੀ ਪਰੇਸ਼ਾਨੀ ਵਿੱਚ ਕਿੱਧਰ ਜਾ ਰਿਹਾ ਹੈ। ਇੱਕ ਤਰ੍ਹਾਂ ਦੀ ਲਾਪਰਵਾਹੀ ਜਿਹੀ ਵਿੱਚ ਕੇ. ਪੈਦਲ ਹੀ ਤੁਰਿਆ ਜਾ ਰਿਹਾ ਸੀ। ਆਪਣੇ ਇਸ ਕੇਸ ਵਿੱਚ ਉਹ ਦੂਜਿਆਂ ਦੀ ਭੋਰਾ ਵੀ ਮਦਦ ਲੈਣ ਦੀ ਚਾਹਵਾਨ ਨਹੀਂ ਸੀ, ਅਤੇ ਨਾ ਹੀ ਉਹ ਕਿਸੇ ਦਾ ਅਹਿਸਾਨ ਲੈਣਾ ਚਾਹੁੰਦਾ ਸੀ ਅਤੇ ਇਸੇ ਲਈ ਉਹ ਆਪਣੀਆਂ ਨਿੱਜੀ ਸਰਗਰਮੀਆਂ ਦੀ ਕੋਈ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੋਣ ਦੇਣਾ ਚਾਹੁੰਦਾ ਸੀ। ਇਸ ਤੋਂ ਬਿਨ੍ਹਾਂ ਉਹ ਕਮੀਸ਼ਨ ਦੇ ਸਾਹਮਣੇ ਖ਼ੁਦ ਨੂੰ ਸਮੇਂ ਦਾ ਬਹੁਤਾ ਪਾਬੰਦ ਵਿਖਾ ਕੇ, ਆਪਣੀ ਹੇਠੀ ਵੀ ਨਹੀਂ ਕਰਵਾਉਣਾ ਚਾਹੁੰਦਾ ਸੀ। ਫ਼ਿਰ ਵੀ, ਉਰ ਠੀਕ ਨੌਂ ਵਜੇ ਪੁੱਜਣ ਲਈ ਭੱਜਦਾ ਹੋਇਆ ਗਿਆ, ਹਾਲਾਂਕਿ ਉਹਦਾ ਉੱਥੇ ਪਹੁੰਚਣ ਲਈ ਕੋਈ ਸਮਾਂ ਵੀ ਨਹੀਂ ਮਿੱਥਿਆ ਗਿਆ ਸੀ।

ਉਸਨੂੰ ਯਕੀਨ ਸੀ ਕਿ ਉਹ ਉਸ ਭਵਨ ਨੂੰ ਦੂਰੋਂ ਹੀ ਪਛਾਣ ਲਏਗਾ। ਆਖ਼ਰ ਉੱਥੇ ਕੋਈ ਨਿਸ਼ਾਨ ਹੋਵੇਗਾ, ਭਾਂਵੇ ਜਿਸਦੀ ਉਸਨੂੰ ਠੀਕ-ਠੀਕ ਜਾਣਕਾਰੀ ਜਾਂ ਕਲਪਨਾ ਨਹੀਂ ਸੀ ਪਰ ਹੋ ਸਕਦਾ ਹੈ ਕਿ ਉਸ ਭਵਨ ਦੇ ਮੁੱਖ ਦਰਵਾਜ਼ੇ ਉੱਤੇ ਕੋਈ ਖ਼ਾਸ ਕਿਸਮ ਦੇ ਆਵਾਜਾਈ ਲੱਗੀ ਹੋਵੇ। ਪਰ ਜੂਲੀਅਸ ਟਰੈੱਸ, ਜਿੱਥੇ ਕਿ ਉਸਨੂੰ ਹੋਣਾ ਚਾਹੀਦਾ ਸੀ ਅਤੇ ਜਿਸਦੇ ਸਿਰੇ 'ਤੇ ਪਹੁੰਚ ਕੇ ਕੇ. ਕੁੱਝ ਦੇਰ ਲਈ ਰੁਕਿਆ। ਦੋਵੇਂ ਪਾਸੇ ਲਗਭਗ ਇੱਕੋ ਜਿਹੇ ਮਕਾਨ ਕਤਾਰ ਵਿੱਚ ਖੜੇ ਸਨ। ਭੂਰੇ ਰੰਗ ਦੇ ਸਧਾਰਨ ਜਿਹੇ ਘਰ, ਜਿਹਨਾਂ ਵਿੱਚ ਗਰੀਬ ਜਿਹੇ ਲੋਕ ਰਹਿੰਦੇ ਲੱਗਦੇ ਸਨ। ਅੱਜ ਇਸ ਐਤਵਾਰ ਦੀ ਸਵੇਰ ਨੂੰ, ਬਹੁਤੇ ਲੋਕ ਖਿੜਕੀਆਂ ਦੇ ਕੋਲ ਖੜੇ ਸਨ, ਸਿਗਰਟਾਂ ਦਾ ਧੂੰਆਂ ਛੱਡਦੇ ਹੋਏ ਜਾਂ ਸਾਵਧਾਨੀ ਅਤੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਸੰਭਾਲਦੇ ਹੋਏ। ਬਾਕੀ ਦੀਆਂ ਖਾਲੀ ਖਿੜਕੀਆਂ 'ਤੇ ਬਿਸਤਰੇ ਸੁੱਕ ਰਹੇ ਸਨ ਅਤੇ ਇਹਨਾਂ ਉੱਤੇ ਕਿਸੇ ਔਰਤ ਦਾ ਸਿਰ ਕੁੱਝ ਪਲ ਲਈ ਉੱਭਰ ਕੇ ਫ਼ਿਰ ਗਾਇਬ ਹੋ ਜਾਂਦਾ। ਲੋਕ ਗ਼ਲੀ ਦੇ ਆਰ-ਪਾਰ ਗੱਲਾਂ ਕਰ ਰਹੇ ਸਨ, ਅਤੇ ਇਸੇ ਤਰ੍ਹਾਂ ਦੀ ਇੱਕ ਉੱਚੀ ਆਵਾਜ਼ ਕੇ. ਦੇ ਸਿਰ ਉੱਤੇ ਗੂੰਜ ਉੱਠੀ ਸੀ। ਲੰਮੀ ਗ਼ਲੀ ਵਿੱਚ ਯੋਜਨਾਬੱਧ ਢੰਗ ਨਾਲ ਬਣੀਆਂ ਅਤੇ ਗ਼ਲੀ ਦੀਆਂ ਉਚਾਈਆਂ ਦੇ ਹੇਠਾਂ ਸਥਿਤ, ਜਿੱਥੇ ਕੁੱਝ ਪੌੜੀਆਂ ਉੱਤਰ ਕੇ ਪਹੁੰਚਿਆ ਜਾ ਸਕਦਾ ਸੀ, ਛੋਟੀਆਂ-ਛੋਟੀਆਂ ਦੁਕਾਨਾਂ ਸਨ, ਜਿੱਥੇ ਕਈ ਤਰ੍ਹਾਂ ਦਾ ਸਮਾਨ ਵਿਕ ਰਿਹਾ ਸੀ। ਔਰਤਾਂ ਦੁਕਾਨਾਂ ਦੇ ਅੰਦਰ-ਬਾਹਰ ਆ ਜਾ ਰਹੀਆਂ ਸਨ ਜਾਂ ਪਾਇਦਾਨਾਂ 'ਤੇ ਖੜ੍ਹੀਆਂ ਗੱਪਾਂ ਮਾਰ ਰਹੀਆਂ ਸਨ। ਇੱਕ ਫੁੱਲ ਵੇਚਣ ਵਾਲਾ ਜਿਹੜਾ ਆਪਣਾ ਟੋਕਰਾ ਚੁੱਕੀ ਲੋਕਾਂ ਵੱਲ ਵਧ ਰਿਹਾ ਸੀ, ਨੇ ਕੇ. ਨਾਲ ਟੱਕਰ ਮਾਰਕੇ ਲਗਭਗ ਧੱਕ ਦਿੱਤਾ ਕਿਉਂਕਿ ਉਹ ਫ਼ੈਸਲਾ ਨਹੀਂ ਕਰ ਸਕਿਆ ਕਿ ਉਹ ਕਿੱਥੇ ਜਾ ਰਿਹਾ ਹੈ। ਠੀਕ ਉਸੇ ਵੇਲੇ ਇੱਕ ਗ੍ਰਾਮੋਫ਼ੋਨ, ਜਿਹੜਾ ਸ਼ਹਿਰ ਦੀਆਂ ਬਿਹਤਰ ਥਾਵਾਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕਿਆ ਸੀ, ਕਾਤਿਲਾਨਾ ਢੰਗ ਨਾਲ ਚੀਕ ਪਿਆ।

ਕੇ. ਹੌਲੀ-ਹੌਲੀ ਗ਼ਲੀ ਦੇ ਕਾਫ਼ੀ ਅੱਗੇ ਤੱਕ ਚਲਾ ਗਿਆ, ਜਿਵੇਂ ਉਹਦੇ ਕੋਲ ਅਜੇ ਬਹੁਤ ਵਕ਼ਤ ਪਿਆ ਹੋਵੇ ਜਾਂ ਕੋਈ ਪੁੱਛਗਿੱਛ ਕਰਨ ਵਾਲਾ ਮੈਜਿਸਟਰੇਟ ਉਸਨੂੰ ਕਿਸੇ ਖਿੜਕੀ ਵਿੱਚੋਂ ਵੇਖ ਰਿਹਾ ਹੋਵੇ ਅਤੇ ਉਸਨੂੰ ਪਤਾ ਲੱਗ ਗਿਆ ਹੋਵੇ ਕਿ ਉਹ ਪਹੁੰਚ ਗਿਆ ਹੈ। ਨੌਂ ਵਜੇ ਤੋਂ ਥੋੜ੍ਹਾ ਜ਼ਿਆਦਾ ਵਕ਼ਤ ਸੀ। ਉਹ ਭਵਨ ਗ਼ਲੀ ਦੇ ਕਾਫ਼ੀ ਅੱਗੇ ਜਾ ਕੇ ਸੀ ਅਤੇ ਕਾਫ਼ੀ ਵੱਡਾ ਸੀ। ਉਸਦਾ ਮੁੱਖ ਦਰਵਾਜ਼ਾ ਤਾਂ ਖ਼ਾਸ ਤੌਰ ਤੇ ਉੱਚਾ ਅਤੇ ਚੌੜਾ ਸੀ। ਸਾਫ਼ ਤੌਰ 'ਤੇ ਇਹ ਉਹਨਾਂ ਟਰੱਕਾਂ ਦੇ ਅੰਦਰ ਆਉਣ ਲਈ ਬਣਿਆ ਹੋਇਆ ਸੀ, ਜਿਹੜੇ ਵੱਖ-ਵੱਖ ਭੰਡਾਰਾਂ ਨਾਲ ਸਬੰਧਿਤ ਸਨ ਅਤੇ ਜਿਹੜੇ ਇਸ ਸਮੇਂ ਬੰਦ ਕਰ ਦਿੱਤੇ ਗਏ ਸਨ ਅਤੇ ਜਿਹਨਾਂ ਦੇ ਬਾਹਰ ਫ਼ਰਮਾਂ ਦੇ ਨਾਂ ਉੱਕਰੇ ਹੋਏ ਸਨ। ਕੇ. ਇਹਨਾਂ ਵਿੱਚੋਂ ਕੁੱਝ ਕੁ ਨੂੰ ਤਾਂ ਜਾਣਦਾ ਸੀ, ਕਿਉਂਕਿ ਕਾਰੋਬਾਰ ਦੇ ਸਿਲਸਿਲੇ ਵਿੱਚ ਉਹਨਾਂ ਦਾ ਉਸਦੇ ਬੈਂਕ ਵਿੱਚ ਆਉਣ ਜਾਣ ਸੀ। ਆਪਣੇ ਆਮ ਸੁਭਾਅ ਦੇ ਠੀਕ ਉਲਟ ਉਸਨੇ ਇਹਨਾਂ ਸਭ ਬਾਹਰੀ ਚੀਜ਼ਾਂ ਉੱਤੇ ਆਪਣੀ ਚੌਕਸੀ ਭਰੀ ਨਜ਼ਰ ਰੱਖੀ ਅਤੇ ਇੱਥੋਂ ਤੱਕ ਕਿ ਉਹ ਗੇਟ ਦੇ ਅੰਦਰ ਜਾਣ ਤੋਂ ਪਹਿਲਾਂ ਕੁੱਝ ਦੇਰ ਖੜ੍ਹਾ ਰਿਹਾ। ਉਸਦੇ ਕੋਲ ਹੀ ਇੱਕ ਡੱਬੇ ਉੱਪਰ ਇੱਕ ਨੰਗੇ ਪੈਰ ਆਦਮੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਹੱਥ ਨਾਲ ਧੱਕੇ ਜਾਣ ਵਾਲੇ ਠੇਲੇ ਉੱਤੇ ਦੋ ਮੁੰਡੇ ਝੂਲ ਰਹੇ ਸਨ। ਪਾਣੀ ਦੇ ਇੱਕ ਪੰਪ ਦੇ ਸਾਹਮਣੇ, ਗਾਊਨ ਪਹਿਨੀ, ਇੱਕ ਬਿਮਾਰ ਜਿਹੀ ਕੁੜੀ ਖੜ੍ਹੀ ਸੀ, ਜਿਸਨੇ ਆਪਣੀ ਬਾਲਟੀ 'ਚੋ ਪਾਣੀ ਸੁੱਟਦੇ ਹੋਏ, ਇੱਕ ਸਰਸਰੀ ਜਿਹੀ ਨਿਗ੍ਹਾ ਕੇ. ਉੱਤੇ ਸੁੱਟੀ। ਯਾਰਡ ਦੇ ਅਲੱਗ ਕੋਨੇ ਵਿੱਚ ਦੋ ਆਰ-ਪਾਰ ਖਿੜਕੀਆਂ ਦੇ ਵਿੱਚ ਇੱਕ ਰੱਸੀ ਖਿੱਚੀ ਹੋਈ ਸੀ। ਉਸਦੇ ਹੇਠਾਂ ਇੱਕ ਆਦਮੀ ਖੜ੍ਹਾ ਸੀ, ਜਿਹੜਾ ਉੱਚੀਆਂ ਅਵਾਜ਼ਾਂ ਮਾਰਮਾਰ ਕੇ ਕੰਮ ਕਰਵਾ ਰਿਹਾ ਸੀ।

ਕੇ. ਉਸ ਕਮਰੇ ਵਿੱਚ ਜਿੱਥੇ ਸੁਣਵਾਈ ਹੋਣੀ ਸੀ, ਪਹੁੰਚਣ ਲਈ ਪੌੜੀਆਂ ਦੇ ਵੱਲ ਮੁੜਿਆ, ਪਰ ਇੱਕ ਵਾਰ ਫ਼ਿਰ ਉਹ ਥਿੜਕ ਗਿਆ, ਕਿਉਂਕਿ ਉਸ ਪੌੜੀ ਦੇ ਇਲਾਵਾ ਉਸਨੂੰ ਤਿੰਨ ਪੌੜੀਆਂ ਵਿਖਾਈ ਦਿੱਤੀਆਂ, ਅਤੇ ਇਸਦੇ ਬਿਨ੍ਹਾਂ ਯਾਰਡ ਵਿੱਚੋਂ ਇੱਕ ਰਸਤਾ ਦੂਜੇ ਕਮਰੇ ਵਿੱਚ ਜਾਂਦਾ ਵਿਖਾਈ ਦਿੱਤਾ। ਉਹ ਮਨ ਹੀ ਮਨ ਗੁੱਸੇ ਹੋਇਆ ਕਿ ਕਮਰੇ ਦਾ ਸਹੀ ਖ਼ਾਕਾ ਉਸਨੂੰ ਨਹੀਂ ਦਿੱਤਾ ਗਿਆ। ਉਸਦੇ ਨਾਲ ਪੱਕਾ ਹੀ ਹੈਰਾਨੀਜਨਕ ਲਾਪਰਵਾਹੀ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਉਸਨੇ ਇਹ ਪੱਕਾ ਫ਼ੈਸਲਾ ਕੀਤਾ ਕਿ ਉਹ ਪੂਰੀ ਦ੍ਰਿੜਤਾ ਅਤੇ ਸਫ਼ਾਈ ਨਾਲ ਉਹਨਾਂ ਨੂੰ ਇਹ ਦੱਸੇਗਾ। ਪਰ ਜਿਵੇਂ ਹੀ ਉਹ ਪੌੜੀਆਂ ਚੜਨ ਲੱਗਾ, ਉਸ ਵੇਲੇ ਉਸਨੂੰ ਵਾਰਡਰ ਵਿਲੀਅਮ ਦੀ ਉਹ ਟਿੱਪਣੀ ਯਾਦ ਆ ਗਈ ਕਿ ਕੋਰਟ ਅਤੇ ਦੋਸ਼ੀ ਦੇ ਵਿਚਕਾਰ ਇੱਕ ਪਰੰਪਰਿਕ ਸੰਮੋਹਨ ਹੁੰਦਾ ਹੈ। ਉਸਨੇ ਇਹ ਸਿੱਟਾ ਕੱਢਿਆ ਕਿ ਉਹ ਕਮਰਾ ਜਿੱਥੇ ਸੁਣਵਾਈ ਹੋਣਾ ਤੈਅ ਹੋਇਆ ਸੀ, ਉੱਪਰ ਹੀ ਹੈ ਅਤੇ ਕੇ. ਚਾਹੇ ਕੋਈ ਵੀ ਪੌੜੀਆਂ ਚੜ੍ਹੇ, ਉੱਥੇ ਹੀ ਜਾ ਪਹੁੰਚੇਗਾ।

ਉੱਪਰ ਚੜ੍ਹਦੇ ਵੇਲੇ ਕੇ. ਨੇ ਪੌੜੀਆਂ 'ਤੇ ਖੇਡਦੇ ਹੋਏ ਬੱਚਿਆਂ 'ਚ ਦਖ਼ਲ ਦਿੱਤਾ- ਇਸ ਲਈ ਉਹ ਕੇ. ਵੱਲ ਗੁੱਸੇ ਨਾਲ ਝਾਕੇ।

"ਅਗਲੀ ਵਾਰ ਜੇ ਮੈਨੂੰ ਫ਼ਿਰ ਇੱਧਰ ਆਉਣਾ ਪਿਆ, "ਉਸਨੇ ਖ਼ੁਦ ਨੂੰ ਕਿਹਾ- "ਕਿਉਂਕਿ ਉਹਨਾਂ ਦਾ ਮਨ ਜਿੱਤਣ ਲਈ ਜਾਂ ਤਾਂ ਮੈਨੂੰ ਮਠਿਆਈ ਲਿਆਉਣੀ ਪਵੇਗੀ ਜਾਂ ਫ਼ਿਰ ਸੋਟੀ, ਜਿਹਨਾਂ ਨਾਲ ਮੈਂ ਇਹਨਾਂ ਦੀ ਧੁਲਾਈ ਕਰ ਸਕਾਂ।"

ਪਹਿਲੀ ਮੰਜ਼ਿਲ 'ਤੇ ਪੈਰ ਰੱਖਣ ਤੋਂ ਠੀਕ ਪਹਿਲਾਂ ਉਸਨੂੰ ਪਲ ਭਰ ਲਈ ਉਡੀਕ ਕਰਨੀ ਪਈ, ਜਦੋਂ ਫ਼ਰਸ਼ ਘਸਾਉਣ ਵਾਲੀ ਮਸ਼ੀਨ ਰੁਕ ਗਈ ਤਾਂ ਦੋ ਮੁੰਡਿਆਂ ਨੇ, ਜਿਹਨਾਂ ਦੇ ਚਿਹਰੇ ਬਦਮਾਸ਼ਾਂ ਵਾਂਗ ਸ਼ਾਤਿਰ ਸਨ, ਉਸਦੀ ਪਤਲੂਨ ਨੂੰ ਫੜ ਲਿਆ। ਜੇ ਉਹਨੇ ਉਹਨਾਂ ਤੋਂ ਖ਼ੁਦ ਨੂੰ ਛੁਡਾਉਣ ਲਈ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਸਨੂੰ ਪੱਕਾ ਹੀ ਸੱਟ ਵੱਜ ਜਾਂਦੀ ਅਤੇ ਉਹ ਡਰ ਗਿਆ ਕਿ ਉਹ ਇਹ ਭੱਦਾ ਦ੍ਰਿਸ਼ ਪੇਸ਼ ਕਰ ਦੇਣਗੇ।

ਅਸਲੀ ਖੋਜ ਤਾਂ ਪਹਿਲੀ ਮੰਜ਼ਿਲ 'ਤੇ ਜਾ ਕੇ ਸ਼ੁਰੂ ਹੋਈ। ਕਿਉਂਕਿ ਉਹ ਸਿੱਧਾ ਜਾਂਚ ਕਮੀਸ਼ਨ ਦੇ ਬਾਰੇ ਪੁੱਛਗਿੱਛ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਲਾਂਜ਼ ਨਾਮ ਦੇ ਇੱਕ ਮਿਸਤਰੀ ਦੀ ਭਾਲ ਸ਼ੁਰੂ ਕਰ ਦਿੱਤੀ- ਇਹ ਨਾਂ ਉਸਨੂੰ ਇੱਕ ਦਮ ਯਾਦ ਆ ਗਿਆ, ਕਿਉਂਕਿ ਇਹ ਫ਼ਰਾਅ ਗੁਰਬਾਖ਼ ਦੇ ਭਤੀਜੇ ਕੈਪਟਨ ਦਾ ਨਾਂ ਸੀ। ਉਸਨੇ ਹਰ ਫ਼ਲੈਟ 'ਜਾ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਲਾਂਜ਼ ਨਾਂ ਦਾ ਕੋਈ ਮਿਸਤਰੀ ਇੱਧਰ ਰਹਿੰਦਾ ਹੈ। ਇਹ ਕਮਰਿਆਂ ਵਿੱਚ ਝਾਕਣ ਦਾ ਇੱਕ ਤਰੀਕਾ ਸੀ। ਫ਼ਿਰ ਉਸਨੂੰ ਇਹ ਅਹਿਸਾਸ ਹੋਇਆ ਕਿ ਇਹ ਕੰਮ ਤਾਂ ਉਂਝ ਵੀ ਸੌਖਾ ਹੈ, ਕਿਉਂਕਿ ਜ਼ਿਆਦਾਤਰ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਬੱਚੇ ਉਹਨਾਂ ਵਿੱਚ ਅੰਦਰ ਬਾਹਰ ਆ ਜਾ ਰਹੇ ਸਨ। ਉਹ ਸਭ ਕਮਰੇ ਇੱਕ ਬਾਰੀ ਵਾਲੇ ਜਾਂ ਛੋਟੇ ਸਨ, ਜਿਹਨਾਂ ਵਿੱਚ ਖਾਣਾ ਬਣਾਉਣ ਜਿੰਨੀ ਜਗਾ ਵੀ ਬਾਕੀ ਨਹੀਂ ਸੀ। ਪਰ ਹਰ ਇੱਕ ਔਰਤ ਇੱਕ ਬਾਂਹ ਵਿੱਚ ਬੱਚਾ ਸੰਭਾਲੀ ਅਤੇ ਦੂਜੇ ਖ਼ਾਲੀ ਹੱਥ ਨਾਲ ਸਟੋਵ ਦੇ ਕੋਲ ਕੰਮ 'ਚ ਰੁੱਝੀ ਨਜ਼ਰ ਆਉਂਦੀ ਸੀ। ਅੱਧ-ਜਵਾਨ ਕੁੜੀਆਂ ਸਿਰਫ਼ ਐਪਰਨ ਪਾਈ ਇੱਧਰ-ਉੱਧਰ ਭੱਜ ਰਹੀਆਂ ਸਨ। ਸਾਰੇ ਖੁੱਲ੍ਹੇ ਕਮਰਿਆਂ 'ਚ ਪਏ ਬਿਸਤਰੇ ਵਰਤੋਂ ਵਿੱਚ ਲੱਗ ਰਹੇ ਸਨ। ਉਹਨਾਂ ਵਿੱਚ ਜਾਂ ਤਾਂ ਲੋਕ ਗੂੜ੍ਹੀ ਨੀਂਦੇ ਸੁੱਤੇ ਹੋਏ ਸਨ ਜਾਂ ਫ਼ਿਰ ਉਹਨਾਂ 'ਤੇ ਬਿਮਾਰ ਆਦਮੀਆਂ ਨੇ ਕਬਜ਼ਾ ਕੀਤਾ ਹੋਇਆ ਸੀ। ਬੰਦ ਬੂਹਿਆਂ ਵਾਲੇ ਫ਼ਲੈਟਾਂ 'ਤੇ ਖਟਖਟ ਕਰਕੇ ਕੇ. ਪੁੱਛ ਰਿਹਾ ਸੀ ਕਿ, ਕੀ ਲਾਂਜ਼ ਨਾਂ ਦਾ ਕੋਈ ਮਿਸਤਰੀ ਇੱਧਰ ਰਹਿੰਦਾ ਹੈ। ਅਕਸਰ ਬੂਹਾ ਕਿਸੇ ਔਰਤ ਵਲੋਂ ਖੋਲ੍ਹਿਆ ਜਾਂਦਾ, ਜਿਹੜੀ ਉਸਦਾ ਸੁਆਲ ਧਿਆਨ ਨਾਲ ਸੁਣਦੀ, ਫ਼ਿਰ ਮੁੜਕੇ ਕਮਰੇ ਵਿੱਚ ਕਿਸੇ ਦੂਜੇ ਆਦਮੀ ਨੂੰ ਪੁੱਛਦੀ, ਜਿਹੜਾ ਹੁਣੇ-ਹੁਣੇ ਬਿਸਤਰੇ ਵਿੱਚ ਉੱਠ ਕੇ ਬਹਿ ਗਿਆ ਹੁੰਦਾ।

"ਇਹ ਸੱਜਣ ਪੁੱਛ ਰਿਹਾ ਹੈ ਕਿ ਇੱਧਰ ਕੋਈ ਲਾਂਜ਼ ਨਾਂ ਮਿਸਤਰੀ ਰਹਿੰਦਾ ਹੈ।

"ਲਾਂਜ਼ ਮਿਸਤਰੀ? ਬਿਸਤਰੇ ਵਿੱਚ ਉੱਠ ਬੈਠੇ ਆਦਮੀ ਨੇ ਪੁੱਛਿਆ।

"ਹਾਂ।" ਕੇ. ਦਾ ਜਵਾਬ ਸੀ, ਹਾਲਾਂਕਿ ਇਹ ਸਪੱਸ਼ਟ ਸੀ, ਕਿ ਜਾਂਚ ਕਮੀਸ਼ਨ ਉਸ ਕਮਰੇ ਵਿੱਚ ਤਾਂ ਤੈਨਾਤ ਨਹੀਂ ਸੀ, ਅਤੇ ਉਸਦੀ ਇਹ ਪੁੱਛਗਿੱਛ ਬੇਮਤਲਬ ਸੀ।

ਉਹਨਾਂ ਵਿੱਚੋਂ ਬਹੁਤਿਆਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਕੇ. ਦੇ ਲਈ ਲਾਂਜ਼ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ। ਉਹ ਇਸ ਉੱਤੇ ਲੰਮੇ ਸਮੇਂ ਤੱਕ ਵਿਚਾਰ ਕਰਦੇ, ਉਦੋਂ ਉਹਨਾਂ ਨੂੰ ਕਿਸੇ ਮਿਸਤਰੀ ਦੀ ਯਾਦ ਆ ਜਾਂਦੀ। ਪਰ ਅੰਤ 'ਚ ਉਹ ਲਾਂਜ਼ ਤਾਂ ਹੁੰਦਾ ਨਹੀਂ ਸੀ, ਜਾਂ ਜ਼ਿਆਦਾ ਤੋਂ ਜ਼ਿਆਦਾ ਉਹਦਾ ਨਾਂ ਥੋੜ੍ਹਾ ਬਹੁਤ ਲਾਂਜ਼ ਨਾਲ ਮਿਲਦਾ ਜੁਲਦਾ ਹੁੰਦਾ। ਉਹ ਆਪਣੇ ਗੁਆਂਢੀਆਂ ਨਾਲ ਇਸ ਬਾਰੇ ਪੁੱਛਗਿੱਛ ਕਰਦੇ ਜਾਂ ਉਹ ਕੇ. ਨਾਲ ਤੁਰ ਕੇ ਕਿਸੇ ਦੂਰ ਦੇ ਬੂਹੇ ਤੱਕ ਪਹੁੰਚ ਜਾਂਦੇ, ਜਿੱਥੇ ਲਾਂਜ਼ ਦੇ ਰਹਿਣ ਦੀ ਸੰਭਾਵਨਾ ਹੁੰਦੀ ਜਾਂ ਉੱਥੇ ਰਹਿਣ ਵਾਲੇ ਕਿਸੇ ਬੰਦੇ ਨੂੰ ਲਾਂਜ਼ ਬਾਰੇ ਕੋਈ ਜਾਣਕਾਰੀ ਹੋਣ ਦੀ ਸੰਭਾਵਨਾ ਹੁੰਦੀ। ਅੰਤ ਹਾਲਤ ਇਹ ਹੋ ਗਈ ਕਿ ਕੇ. ਨੂੰ ਕੋਈ ਸਵਾਲ ਕਰਨ ਦੀ ਲੋੜ ਨਾ ਰਹੀ, ਪਰ ਉਸਨੂੰ ਮੰਜ਼ਿਲ ਦਰ ਮੰਜ਼ਿਲ ਇਸੇ ਤਰ੍ਹਾਂ ਘੁਮਾਇਆ ਜਾਂਦਾ ਰਿਹਾ। ਪਹਿਲਾਂ ਇਹ ਯੋਜਨਾ, ਜਿਹੜੀ ਉਸਨੂੰ ਇੱਕ ਦਮ ਵਿਹਾਰਕ ਲੱਗੀ ਸੀ, ਹੁਣ ਉਸਨੂੰ ਇਸ ਉੱਤੇ ਅਫ਼ਸੋਸ ਹੋਣ ਲੱਗਾ। ਪੰਜਵੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ, ਉਸਨੇ ਇਸ ਸਾਰੀ ਗੱਲ ਨੂੰ ਖ਼ਤਮ ਕਰ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਇਸਨੂੰ ਅਮਲ 'ਚ ਲਿਆਉਣ ਲਈ ਉਸਨੇ ਆਪਣੇ ਨਾਲ ਤੁਰ ਰਹੇ ਆਦਮੀ ਨੂੰ ਅਲਵਿਦਾ ਆਖ ਦਿੱਤੀ, ਜਿਹੜਾ ਉਸਨੂੰ ਹੋਰ ਅੱਗੇ ਲੈ ਜਾਣ ਲਈ ਨਾਲ ਤੁਰ ਰਿਹਾ ਸੀ। ਇਸੇ ਦੇ ਨਾਲ ਉਹ ਆਪ ਵੀ ਮੁੜ ਗਿਆ ਅਤੇ ਹੇਠਾਂ ਵੱਲ ਹੋ ਤੁਰਿਆ। ਉਦੋਂ ਉਸਨੂੰ ਆਪਣੇ ਇਸ ਵਿਅਰਥ ਵਿਹਾਰ 'ਤੇ ਬਹੁਤ ਗੁੱਸਾ ਆਇਆ। ਉਹ ਵਾਪਸ ਮੁੜਿਆ ਅਤੇ ਪੰਜਵੀ ਮੰਜ਼ਿਲ 'ਤੇ ਪਹੁੰਚ ਕੇ ਜਿਹੜਾ ਵੀ ਬੂਹਾ ਸਾਹਮਣੇ ਮਿਲਿਆ, ਉਸਨੂੰ ਖਟਖਟਾ ਦਿੱਤਾ। ਉਸ ਛੋਟੇ ਜਿਹੇ ਕਮਰੇ ਵਿੱਚ ਜਿਸ ਪਹਿਲੀ ਚੀਜ਼ 'ਤੇ ਉਸਦੀ ਨਜ਼ਰ ਪਈ, ਉਹ ਕੰਧ 'ਤੇ ਲਟਕੀ ਹੋਈ ਇੱਕ ਵੱਡੀ ਸਾਰੀ ਘੜੀ ਸੀ, ਜਿਸਨੇ ਉਸਦੇ ਧਿਆਨ 'ਚ ਲਿਆਂਦਾ ਕਿ ਦਸ ਵੱਜ ਚੁੱਕੇ ਹਨ।
"ਕੀ ਇੱਥੇ ਲਾਂਜ਼ ਨਾਂ ਦਾ ਮਿਸਤਰੀ ਰਹਿੰਦਾ ਹੈ?" ਉਸਨੇ ਪੁੱਛਿਆ।
"ਅੰਦਰ ਆਓ।" ਟੱਬ ਵਿੱਚ ਬੱਚਿਆਂ ਦੇ ਪੋਤੜੇ ਪਾ ਕੇ ਧੋਂਦੀ ਹੋਈ, ਚਮਕੀਲੀਆਂ ਕਾਲੀਆਂ ਅੱਖਾਂ ਵਾਲੀ ਉਸ ਔਰਤ ਨੇ ਕਿਹਾ। ਉਸਨੇ ਪਾਣੀ ਵਿੱਚ ਆਪਣੇ ਹੱਥ ਨਾਲ ਅਗਲੇ ਖੁੱਲ੍ਹੇ ਬੂਹੇ ਵੱਲ ਇਸ਼ਾਰਾ ਕੀਤਾ।
ਕੇ. ਨੂੰ ਲੱਗਿਆ ਕਿ ਉਹ ਇੱਕ ਵਿਸ਼ਾਲ ਭੀੜ ਦੇ ਅੰਦਰ ਵੜ ਰਿਹਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੀ ਭੀੜ-ਜਦੋਂ ਉਹ ਅੰਦਰ ਵੜਿਆ ਤਾਂ ਉਸ ਵੇਲੇ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਲੋਕਾਂ ਦੀ ਭੀੜ ਨਾਲ ਦੋ ਬਾਰੀਆਂ ਵਾਲਾ ਉਹ ਕਮਰਾ ਭਰਿਆ ਪਿਆ ਸੀ। ਉਸਦੇ ਠੀਕ ਹੇਠਲੇ ਕਮਰੇ ਦੇ ਚਾਰੇ ਪਾਸੇ ਇੱਕ ਗੈਲਰੀ ਸੀ, ਇਹ ਵੀ ਲੋਕਾਂ ਨਾਲ ਭਰੀ ਹੋਈ ਸੀ। ਉਹ ਛੱਤ ਦੇ ਨਾਲ ਆਪਣਾ ਸਿਰ ਲਾਏ ਬਿਨ੍ਹਾਂ ਖੜੇ ਨਹੀਂ ਹੋ ਸਕਦੇ ਸਨ। ਕੇ. ਇਸ ਅਫ਼ਸੋਸ ਨਾਲ ਬਾਹਰ ਚਲਾ ਆਇਆ ਕਿ ਉਸ ਭੀੜ ਵਿੱਚ ਸਾਹ ਲੈ ਸਕਣਾ ਸੌਖਾ ਨਹੀਂ ਹੈ। ਉਸਨੂੰ ਲੱਗਿਆ ਕਿ ਉਸ ਔਰਤ ਨੇ ਉਸਨੂੰ ਗ਼ਲਤ ਸਮਝ ਲਿਆ ਹੈ, ਇਸ ਲਈ ਉਸਨੇ ਉਹਦੇ ਕੋਲ ਆ ਕੇ ਕਿਹਾ- "ਮੈਂ ਇੱਕ ਮਿਸਤਰੀ ਦੀ ਗੱਲ ਕਰ ਰਿਹਾ ਹਾਂ, ਜਿਸਦਾ ਨਾਂ ਲਾਂਜ਼ ਹੈ...।"

"ਬਿਲਕੁਲ ਠੀਕ।" ਔਰਤ ਨੇ ਜਵਾਬ ਦਿੱਤਾ- "ਅੰਦਰ ਆਓ।"

ਸ਼ਾਇਦ ਕੇ. ਉਸਦੀ ਇਹ ਗੱਲ ਨਾ ਮੰਨਦਾ, ਪਰ ਉਹ ਉਸਨੂੰ ਬੂਹੇ ਤੱਕ ਲੈ ਆਈ ਅਤੇ ਉਸਨੂੰ ਖੋਲ੍ਹਦੇ ਹੋਏ ਬੋਲੀ- "ਅੰਦਰ ਆਓ, ਮੈਂ ਬੂਹਾ ਬੰਦ ਕਰ ਦਿੰਦੀ ਹਾਂ। ਇਸ ਪਿੱਛੋਂ ਕੋਈ ਅੰਦਰ ਨਹੀਂ ਆਏਗਾ।

"ਬਹੁਤ ਸਮਝਦਾਰੀ ਦੀ ਗੱਲ ਹੈ।" ਕੇ. ਨੇ ਕਿਹਾ- "ਪਰ ਇਹ ਤਾਂ ਪਹਿਲਾਂ ਹੀ ਕਾਫ਼ੀ ਭਰਿਆ ਹੋਇਆ ਹੈ।" ਇਹ ਕਹਿ ਕੇ ਉਹ ਅੰਦਰ ਚਲਾ ਗਿਆ।

ਬੂਹੇ ਦੇ ਕੋਲ ਦੋ ਆਦਮੀਆਂ ਦੇ ਵਿਚਾਲੇ ਇੱਕ ਆਦਮੀ ਪੈਸੇ ਗਿਣਨ ਦੇ ਪੋਜ਼ 'ਚ ਆਪਣੇ ਦੋਵੇਂ ਹੱਥ ਫੈਲਾਈ ਖੜ੍ਹਾ ਸੀ, ਜਦਕਿ ਦੂਜਾ ਗਹੁ ਨਾਲ ਉਸਨੂੰ ਵੇਖ ਰਿਹਾ ਸੀ। ਕੇ. ਦੇ ਵੱਲ ਇੱਕ ਹੀ ਹੱਥ ਵਧਿਆ। ਉਹ ਇੱਕ ਛੋਟੇ ਕੱਦ ਦੇ ਲਾਲ ਗੱਲ੍ਹਾਂ ਵਾਲੇ ਨੌਜਵਾਨ ਦਾ ਸੀ।

"ਆਓ, ਇੱਧਰੋਂ ਆਓ। ਉਸਨੇ ਕਿਹਾ।

ਕੇ. ਉਸ ਜਵਾਨ ਮੁੰਡੇ ਦੇ ਪਿੱਛੇ ਤੁਰ ਪਿਆ। ਉਸ ਭੀੜ ਦੇ ਵਿੱਚ ਤੰਗ ਜਿਹਾ ਰਸਤਾ ਮੌਜੂਦ ਸੀ। ਸ਼ਾਇਦ ਇਹ ਉਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਇੱਕ ਰੇਖਾ ਖਿੱਚ ਦੇਣ ਜਿਹਾ ਸੀ, ਜਿਹੜੀਆਂ ਕਿ ਆਰ-ਪਾਰ ਮੌਜੂਦ ਸਨ। ਇਹ ਵਿਚਾਰ ਇਸ ਤੱਥ ਨਾਲ ਪੱਕਾ ਹੋ ਗਿਆ ਕਿ ਸੱਜੇ ਅਤੇ ਖੱਬੇ ਹੱਥ ਦੀਆਂ ਪਹਿਲੀਆਂ ਕਤਾਰਾਂ ਵਿੱਚੋਂ ਕੋਈ ਵੀ ਚਿਹਰਾ ਉਹਦੇ ਵੱਲ ਨਹੀਂ ਮੁੜਿਆ। ਉਸਨੂੰ ਉਹਨਾਂ ਦੀ ਪਿੱਠ ਵਿਖਾਈ ਦੇ ਰਹੀ ਸੀ, ਜਿਹੜੇ ਆਪਣੀ ਬੋਲਚਾਲ ਜਾਂ ਇਸ਼ਾਰਿਆਂ ਨਾਲ ਸਿਰਫ਼ ਆਪਣੀ ਪਾਰਟੀ ਦੇ ਲੋਕਾਂ ਨਾਲ ਮੁਖ਼ਾਤਿਬ ਸਨ। ਉਹਨਾਂ ਵਿੱਚੋਂ ਬਹੁਤੇ ਕਾਲੇ ਕੱਪੜਿਆਂ ਵਿੱਚ ਸਨ, ਜਿਹੜੇ ਉਹਨਾਂ ਦੇ ਪੁਰਾਣੇ ਆਰਾਮਦੇਹ ਸੂਟਾਂ ਵਾਂਗ ਸਨ ਅਤੇ ਉਹਨਾਂ ਉੱਪਰ ਖੁਲ੍ਹੇ ਅਤੇ ਲੰਮੇ ਕੋਟ ਲਟਕ ਰਹੇ ਸਨ। ਜੇ ਉਹ ਇਹਨਾਂ ਕੱਪੜਿਆਂ ਵਿੱਚ ਨਾ ਹੁੰਦੇ ਤਾਂ ਪੱਕਾ ਹੀ ਕੇ. ਇਸ ਭੀੜ ਨੂੰ ਸਥਾਨਕ ਰਾਜਨੀਤਿਕ ਸਭਾ ਮੰਨ ਲੈਂਦਾ।

ਵੱਡੇ ਕਮਰੇ ਦੇ ਦੂਜੇ ਕੋਨੇ ਵਿੱਚ, ਜਿੱਥੇ ਕੇ. ਨੂੰ ਪਹੁੰਚਾ ਦਿੱਤਾ ਗਿਆ ਸੀ, ਇੱਕ ਨੀਵਾਂ ਜਿਹਾ ਮੰਚ ਸੀ। ਉਹ ਵੀ ਭੀੜ ਨਾਲ ਭਰਿਆ ਸੀ। ਇਸ ਵਿੱਚ ਇੱਕ ਛੋਟਾ ਜਿਹਾ ਮੇਜ਼ ਟੇਢਾ ਪਿਆ। ਇਸਦੇ ਪਿੱਛੇ, ਮੰਚ ਦੇ ਇੱਕ ਕਿਨਾਰੇ ਇੱਕ ਬੌਣਾ ਅਤੇ ਮੋਟਾ ਜਿਹਾ ਆਦਮੀ ਡੂੰਘੇ ਜਿਹੇ ਸਾਹ ਲੈਂਦਾ ਖੜਾ ਸੀ। ਠੀਕ ਉਸੇ ਵੇਲੇ ਦੱਬੇ ਹਾਸੇ ਦੇ ਵਿੱਚ ਉਹ ਇੱਕ ਹੋਰ ਆਦਮੀ ਨਾਲ ਗੱਲਾਂ ਮਾਰ ਰਿਹਾ ਸੀ। ਉਹ ਦੂਜਾ ਆਦਮੀ ਆਪਣੀਆਂ ਲੱਤਾਂ ਲੰਮੀਆਂ ਕਰੀ ਅਤੇ ਕੁਰਸੀ ਦੇ ਹੱਥੇ 'ਤੇ ਆਪਣੀ ਕੂਹਣੀ ਟਿਕਾਈ ਖੜਾ ਸੀ। ਉਹ ਆਪਣੀ ਬਾਂਹ ਹਵਾ 'ਚ ਏਦਾਂ ਝੁਲਾ ਰਿਹਾ ਸੀ, ਜਿਵੇਂ ਕੋਈ ਕਾਰਟੂਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਹ ਮੁੰਡਾ ਜਿਹੜਾ ਕੇ. ਨੂੰ ਉੱਥੇ ਲੈ ਗਿਆ ਸੀ, ਉਸਦੀ ਹੋਂਦ ਸਾਬਿਤ ਕਰਨ ਵਿੱਚ ਕੁੱਝ ਔਖ ਮਹਿਸੂਸ ਕਰ ਰਿਹਾ ਸੀ। ਉਹ ਮੰਚ ਦੇ ਕੋਲ ਪਹੁੰਚ ਕੇ ਬੋਲਣ ਦੀ ਕੋਸ਼ਿਸ਼ ਵਿੱਚ ਸੀ, ਪਰ ਉੱਪਰ ਬੈਠੇ ਆਦਮੀ ਨੇ ਉਸ ਵੱਲ ਧਿਆਨ ਨਾ ਦਿੱਤਾ। ਜਦੋਂ ਮੰਚ ਉੱਤੇ ਬੈਠੇ ਇੱਕ ਆਦਮੀ ਨੇ ਉਸਦਾ ਧਿਆਨ ਮੁੰਡੇ ਵੱਲ ਦਵਾਇਆ, ਉਦੋਂ ਉਹ ਉਹਦੇ ਵੱਲ ਮੁੜਿਆ ਅਤੇ ਉਸਦੀ ਗੱਲ ਸੁਣਨ ਲਈ ਰਤਾ ਕੁ ਝੁਕ ਗਿਆ। ਉਸ ਵੇਲੇ ਉਸਨੇ ਆਪਣੀ ਘੜੀ ਵੇਖੀ ਅਤੇ ਤੇਜ਼ੀ ਨਾਲ ਕੇ. ਤੇ ਆਪਣੀ ਨਜ਼ਰ ਦੌੜਾਈ।

"ਤੈਨੂੰ ਤਾਂ ਇੱਥੇ ਇੱਕ ਘੰਟਾ ਪੰਜ ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਸੀ।" ਉਸਨੇ ਕਿਹਾ।

ਕੇ. ਨੇ ਕੋਈ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਇਸ ਲਈ ਵਕ਼ਤ ਨਹੀਂ ਮਿਲਿਆ, ਕਿਉਂਕਿ ਜਿਵੇਂ ਹੀ ਉਸ ਆਦਮੀ ਨੇ ਆਪਣਾ ਵਾਕ ਪੂਰਾ ਕੀਤਾ, ਤਾਂ ਵੱਡੇ ਕਮਰੇ ਦੇ ਸੱਜੇ ਪਾਸੇ ਇੱਕ ਤਫ਼ਸੀਲੀ ਫੁਸਫੁਸਾਹਟ ਫੈਲ ਗਈ।

"ਤੈਨੂੰ ਤਾਂ ਇੱਥੇ ਇੱਕ ਘੰਟਾ ਪੰਜ ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਸੀ।" ਹੁਣ ਉਸ ਆਦਮੀ ਨੇ ਹੋਰ ਉੱਚੀ ਅਵਾਜ਼ 'ਚ ਕਿਹਾ ਅਤੇ ਇੱਕ ਵਾਰ ਫਿਰ ਤੇਜ਼ੀ ਨਾਲ ਕਮਰੇ ਵਿੱਚ ਨਜ਼ਰ ਘੁਮਾਈ। ਫੁਸਫੁਸਾਹਟ ਤੇਜ਼ ਹੋ ਗਈ ਸੀ, ਅਤੇ ਇਸ ਪਿੱਛੋਂ ਉਹ ਆਦਮੀ ਕੁੱਝ ਨਹੀਂ ਬੋਲਿਆ ਇਸ ਲਈ ਇਸ ਫੁਸਫੁਸਾਹਟ ਨੂੰ ਖ਼ਤਮ ਹੋਣ ਵਿੱਚ ਕਾਫ਼ੀ ਵਕਤ ਲੱਗਾ। ਜਿਸ ਸਮੇਂ ਕੇ. ਹਾਲ ਵਿੱਚ ਪੁੱਜਾ ਸੀ, ਉਹਦੇ ਮੁਕਾਬਲੇ ਹੁਣ ਉੱਥੇ ਕਾਫ਼ੀ ਸ਼ਾਂਤੀ ਸੀ। ਭਾਵੇਂ ਗੈਲਰੀ 'ਚ ਮੌਜੂਦ ਕੁੱਝ ਬੰਦੇ ਆਪਣੀਆਂ ਟਿੱਪਣੀਆਂ ਤੋਂ ਬਾਜ਼ ਨਹੀਂ ਆ ਰਹੇ ਸਨ। ਉਸ ਹਲਕੇ ਹਨੇਰੇ ਜਿਹੇ ਭਰੇ ਧੁੰਦਲਕੇ ਅਤੇ ਮੁਟਿਆਲੇ ਵਾਤਾਵਰਨ ਵਿੱਚ ਜਿੰਨਾ ਵੀ ਮਹਿਸੂਸ ਕੀਤਾ ਜਾ ਸਕਦਾ ਸੀ, ਉਹਨਾਂ ਲੋਕਾਂ ਨੇ ਬਾਕੀ ਹਾਜ਼ਰ ਲੋਕਾਂ ਦੀ ਤੁਲਨਾ ਵਿੱਚ ਭੱਦੇ ਢੰਗ ਦੇ ਕੱਪੜੇ ਪਾਏ ਹੋਏ ਸਨ। ਕੁੱਝ ਲੋਕ ਸਿਰਹਾਣੇ ਨਾਲ ਲਿਆਏ ਸਨ ਅਤੇ ਇਹਨਾਂ ਨੂੰ ਕੰਧ ਨਾਲ ਲਾ ਕੇ ਉੱਪਰ ਆਪਣੇ ਸਿਰ ਟਿਕਾਏ ਹੋਏ ਸਨ, ਜਿਵੇਂ ਉਹ ਖ਼ੁਦ ਨੂੰ ਤਕਲੀਫ਼ ਤੋਂ ਬਚਾਉਣਾ ਚਾਹੁੰਦੇ ਹੋਣ। ਕੇ. ਨੇ ਫ਼ੈਸਲਾ ਕੀਤਾ ਕਿ ਉਹ ਬੋਲਣ ਦੇ ਬਜਾਏ ਹਾਲਾਤ ਦਾ ਜਾਇਜ਼ਾ ਲੈਂਦਾ ਰਹੇਗਾ, ਇਸ ਲਈ ਕਥਿਤ ਦੇਰੀ ਦੇ ਲਈ ਉਸਨੇ ਆਪਣੀ ਸੁਰੱਖਿਆ 'ਤੇ ਉਤਰਨ ਦੀ ਬਜਾਏ ਉਸਨੇ ਸਿਰਫ਼ ਇੰਨਾ ਕਿਹਾ "ਮੈਂ ਦੇਰ ਨਾਲ ਤਾਂ ਆਇਆਂ ਹਾਂ ਪਰ ਹੁਣ ਤਾਂ ਮੌਜੂਦ ਹਾਂ।"

ਇੱਕ ਵਾਰ ਫ਼ਿਰ ਹਾਲ ਦੇ ਸੱਜੇ ਕੋਨੇ 'ਚੋਂ ਇੱਕ ਪ੍ਰਸ਼ੰਸਾ ਭਰਿਆ ਸ਼ੋਰ ਉੱਠਿਆ। ਇਹਨਾਂ ਲੋਕਾਂ ਦਾ ਮਨ ਜਿੱਤ ਲੈਣਾ ਸੌਖਾ ਹੈ, ਕੇ. ਨੇ ਸੋਚਿਆ, ਅਤੇ ਆਪਣੇ ਠੀਕ ਪਿੱਛੇ ਖੱਬੇ ਪਾਸੇ ਦੇ ਸਮੂਹ ਦੀ ਚੁੱਪ ਤੋਂ ਥੋੜ੍ਹਾ ਵਿਚਲਿਤ ਹੋਇਆ, ਜਿੱਧਰੋਂ ਸਿਰਫ਼ ਇੱਕ-ਦੋ ਤਾੜੀਆਂ ਦੀ 'ਵਾਜ ਆਈ ਸੀ। ਉਸਨੇ ਮਨ ਹੀ ਮਨ ਇੱਕ ਅਜਿਹੀ ਸਕੀਮ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹਨਾਂ ਸਾਰਿਆਂ 'ਤੇ ਉਸਦਾ ਪ੍ਰਭਾਵ ਪੈ ਜਾਏ ਜਾਂ ਘੱਟ ਤੋਂ ਘੱਟ ਦੂਜਿਆਂ ਦੇ ਮਨ ਅਸਥਾਈ ਤੌਰ 'ਤੇ ਤਾਂ ਜਿੱਤ ਲਏ ਜਾਣ।

"ਹਾਂ।" ਉਸ ਆਦਮੀ ਨੇ ਕਿਹਾ- "ਪਰ ਹੁਣ ਮੈਂ ਤੇਰੀ ਸੁਣਵਾਈ ਕਰਨ ਲਈ ਬੰਨ੍ਹਿਆ ਨਹੀਂ ਹਾਂ।" ਇੱਕ ਵਾਰ ਫ਼ਿਰ ਫੁਸਫੁਸਾਹਟ ਫੈਲਣ ਲੱਗੀ, ਪਰ ਇਸ ਵਾਰ ਇਹ ਅਸਪੱਸ਼ਟ ਸੀ, ਕਿਉਂਕਿ ਉਸ ਆਦਮੀ ਨੇ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਬੋਲਣਾ ਜਾਰੀ ਰੱਖਿਆ- "ਫ਼ਿਰ ਵੀ, ਅੱਜ ਮੈਂ ਤੇਰੀ ਗੱਲ ਸੁਣ ਲੈਂਦਾ ਹਾਂ। ਪਰ ਅੱਗੇ ਤੋਂ ਇਸ ਗ਼ੈਰ-ਜੁੰਮੇਵਾਰੀ ਦਾ ਦੁਹਰਾਅ ਨਹੀਂ ਹੋਣਾ ਚਾਹੀਦਾ। ਅਤੇ ਹੁਣ ਅੱਗੇ ਵਧੋ।"

ਕਿਸੇ ਨੇ ਮੰਚ ਦੇ ਉੱਪਰੋਂ ਛਾਲ ਮਾਰ ਦਿੱਤੀ ਤਾਂ ਕਿ ਕੇ. ਦੇ ਲਈ ਥਾਂ ਬਣ ਜਾਵੇ ਅਤੇ ਉਹ ਉੱਪਰ ਚੜ੍ਹ ਆਇਆ। ਉਹ ਮੇਜ਼ ਦੇ ਨਾਲ ਲੱਗ ਕੇ ਜਾ ਖੜ੍ਹਾ ਹੋਇਆ। ਉਹਦੇ ਪਿੱਛੇ ਲੋਕਾਂ ਦਾ ਭੀੜ-ਭੜੱਕਾ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਪਿੱਛੇ ਧੱਕਦੇ ਰਹਿਣ ਤੇ ਹੀ ਉੱਥੇ ਖੜਾ ਰਿਹਾ ਜਾ ਸਕਦਾ ਸੀ ਤਾਂ ਕਿ ਜਾਂਚ-ਮੈਜਿਸਟਰੇਟ ਅਤੇ ਉਸਦੇ ਮੇਜ਼ ਨਾਲ ਉਹ ਨਾ ਟਕਰਾਵੇ, ਅਜਿਹਾ ਹੋਣ ਤੇ ਉਸਦਾ ਹੇਠਾਂ ਡਿੱਗ ਜਾਣ ਦਾ ਖ਼ਤਰਾ ਸੀ।

ਜਾਂਚ-ਮੈਜਿਸਟਰੇਟ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਿਲਕੁਲ ਆਰਾਮ ਨਾਲ ਆਪਣੀ ਕੁਰਸੀ 'ਤੇ ਬੈਠਾ ਰਿਹਾ। ਉਸਨੇ ਆਪਣੇ ਪਿੱਛੇ ਖੜ੍ਹੇ ਆਦਮੀ ਨੂੰ ਆਖ਼ਰੀ ਸ਼ਬਦ ਕਹਿ ਕੇ ਅਤੇ ਆਪਣੇ ਮੇਜ਼ 'ਤੇ ਪਈ ਸਿਰਫ਼ ਇੱਕ ਚੀਜ਼, ਡਾਇਰੀ ਵੱਲ ਆਪਣਾ ਹੱਥ ਵਧਾਇਆ ਜਿਹੜੀ ਸਕੂਲ ਦੇ ਬੱਚਿਆਂ ਦੀ ਕਾਪੀ ਦੇ ਨਾਲ ਮਿਲਦੀ-ਜੁਲਦੀ ਸੀ, ਜਿਹੜੀ ਕਾਫ਼ੀ ਪੁਰਾਣੀ ਸੀ ਅਤੇ ਵਧੇਰੇ ਵਰਤੋਂ ਹੋਣ ਕਾਰਨ ਬੇਰੰਗ ਜਿਹੀ ਹੋ ਗਈ ਸੀ।

"ਠੀਕ ਹੈ।" ਜਾਂਚ ਮੈਜਿਸਟਰੇਟ ਨੇ ਡਾਇਰੀ ਵਿੱਚ ਨਜ਼ਰ ਘੁਮਾ ਕੇ ਕਿਹਾ। ਫਿਰ ਕੇ. ਦੇ ਵੱਲ ਮੁੜਿਆ ਜਿਵੇਂ ਕੋਈ ਤੱਥ ਬਿਆਨ ਕਰ ਰਿਹਾ ਹੋਵੇ- "ਤੂੰ ਘਰਾਂ 'ਚ ਰੰਗ-ਰੋਗਨ ਕਰਨ ਵਾਲਾ ਏਂ?"

"ਨਹੀਂ, ਮੈਂ ਇੱਕ ਵੱਡੇ ਬੈਂਕ 'ਚ ਕੰਮ ਕਰਨ ਵਾਲਾ ਸੀਨੀਅਰ ਕਲਰਕ ਹਾਂ।", ਕੇ. ਨੇ ਜਵਾਬ ਦਿੱਤਾ। ਹੇਠਾਂ ਸੱਜੇ ਪਾਸੇ ਦੀ ਪਾਰਟੀ ਇਸ ਜਵਾਬ ਤੇ ਹੱਸ ਪਈ, ਜਿਹੜੀ ਲਗਭਗ ਇਹ ਕਿਆਸ ਦੇ ਰਹੀ ਸੀ ਕਿ ਕੇ. ਉਹਨਾਂ ਦੀ ਸੰਗਤ ਵੀ ਕਰ ਸਕਣ ਦੇ ਕਾਬਿਲ ਨਹੀਂ ਹੈ। ਲੋਕਾਂ ਨੇ ਆਪਣੇ ਹੱਥ ਗੋਡਿਆਂ ਉੱਤੇ ਰੱਖ ਲਏ ਸਨ ਅਤੇ ਕੁੱਝ ਇੱਦਾਂ ਹਿੱਲ ਸਨ ਕਿ ਜਿਵੇਂ ਉਹਨਾਂ ਨੂੰ ਖੰਘ ਦਾ ਜਾਨਲੇਵਾ ਦੌਰਾ ਪੈ ਗਿਆ ਹੋਵੇ। ਇੱਥੋਂ ਤੱਕ ਕਿ ਗੈਲਰੀ ਵਿੱਚ ਵੀ ਕੁੱਝ ਲੋਕ ਹੱਸ ਪਏ ਸਨ। ਜਾਂਚ ਮੈਜਿਸਟਰੇਟ ਜਿਸਦਾ ਹੇਠਾਂ ਬੈਠੇ ਲੋਕਾਂ ਉੱਤੇ ਕੋਈ ਵੱਸ ਨਹੀਂ ਲੱਗ ਰਿਹਾ ਸੀ, ਕਾਫ਼ੀ ਨਰਾਜ਼ ਹੋਇਆ। ਉਸਨੇ ਗੈਲਰੀ 'ਚ ਬੈਠੇ ਲੋਕਾਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਧਮਕਾਇਆ ਵੀ। ਉਸਦੀਆਂ ਸ਼੍ਹੇਲੀਆਂ ਜਿਹੜੀਆਂ ਅਜੇ ਤੱਕ ਧਿਆਨ ਖਿੱਚਣ 'ਚ ਸਫਲ ਨਹੀਂ ਹੋ ਸਕੀਆਂ ਸਨ, ਅੱਖਾਂ ਦੇ ਉੱਪਰ ਉੱਗ ਆਈਆਂ ਸੰਘਣੀਆਂ ਕਾਲੀਆਂ ਝਾੜੀਆਂ ਦੇ ਵਾਂਗ ਫੜਫੜਾਉਣ ਲੱਗੀਆਂ। ਪਰ ਖੱਬੇ ਹੱਥ ਕਮਰੇ ਦਾ ਅੱਧਾ ਹਿੱਸਾ ਅਜੇ ਵੀ ਖ਼ਾਮੋਸ਼ ਸੀ। ਕਤਾਰ ਵਿੱਚ ਲੋਕਾਂ ਦੇ ਚਿਹਰੇ ਮੰਚ 'ਤੇ ਜੰਮੇ ਹੋਏ ਸਨ। ਉਹ ਉੱਥੇ ਹੋ ਰਹੀ ਗੱਲਬਾਤ ਨੂੰ ਓਨੀ ਹੀ ਸ਼ਾਂਤੀ ਨਾਲ ਸੁਣ ਰਹੇ ਸਨ, ਜਿੰਨਾ ਕਿ ਦੂਜੀ ਪਾਰਟੀ ਦੁਆਰਾ ਕੀਤੇ ਜਾ ਰਹੇ ਸ਼ੋਰਸ਼ਰਾਬੇ ਨੂੰ। ਜਦ ਉਹਨਾਂ ਦੇ ਆਪਣੇ ਕੁੱਝ ਲੋਕਾਂ ਨੇ ਦੂਜੀ ਪਾਰਟੀ ਦਾ ਪੱਖ ਵੀ ਲੈ ਲਿਆ ਤਾਂ ਵੀ ਉਹ ਉਸਨੂੰ ਸਹਿਣ ਕਰਦੇ ਰਹੇ। ਖੱਬੇ ਹੱਥ ਬੈਠਾ ਇਹ ਸਮੂਹ (ਜਿਹੜਾ ਕਿ ਸੰਖਿਆ ਵਿੱਚ ਘੱਟ ਸੀ) ਵੀ ਦਰਅਸਲ ਸੱਜੇ ਹੱਥ ਬੈਠੇ ਸਮੂਹ ਦੇ ਵਾਂਗ ਹੀ ਗੈਰਜ਼ਰੂਰੀ ਹੁੰਦਾ, ਪਰ ਉਹਨਾਂ ਦੇ ਇਸ ਸ਼ਾਂਤ ਵਿਹਾਰ ਨੇ ਉਹਨਾਂ ਨੂੰ ਜ਼ਰੂਰੀ ਬਣਾ ਦਿੱਤਾ ਸੀ। ਹੁਣ ਜਦੋਂ ਕੇ. ਬੋਲਣ ਲੱਗਾ ਤਾਂ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਨਾਂ ਦਾ ਹੀ ਪੱਖ ਸਾਹਮਣੇ ਰੱਖ ਰਿਹਾ ਹੈ।

"ਸ਼੍ਰੀਮਾਨ ਮੈਜਿਸਟਰੇਟ ਸਾਹਿਬ। ਤੁਹਾਡਾ ਇਹ ਸਵਾਲ ਹੈ ਕਿ ਮੈਂ ਰੰਗਰੋਗਨ ਕਰਨ ਵਾਲਾ ਕਾਮਾ ਹਾਂ। ਹਾਲਾਂਕਿ ਤੁਸੀਂ ਸਵਾਲ ਤਾਂ ਕੀਤਾ ਹੀ ਨਹੀਂ ਹੈ, ਤੁਸੀਂ ਤਾਂ ਸਿਰਫ਼ ਇੱਕ ਬਿਆਨ ਦਿੱਤਾ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਮੇਰੇ ਖਿਲਾਫ਼ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲਿਆਉਣ ਦਾ ਪ੍ਰਬੰਧ ਕੀਤਾ ਹੈ। ਠੀਕ ਹੈ, ਤੁਸੀਂ ਇਹ ਤਰਕ ਦੇ ਸਕਦੇ ਹੋਂ ਕਿ ਇਹ ਕਾਨੂੰਨੀ ਕਾਰਵਾਈ ਨਹੀਂ ਹੈ, ਪਰ ਫ਼ਿਰ ਵੀ ਤੁਸੀਂ ਸਹੀ ਹੋਵੋਗੇ, ਕਿਉਂਕਿ ਜੇਕਰ ਮੈਂ ਇਸਨੂੰ ਮਾਨਤਾ ਦੇ ਦੇਵਾਂ, ਤਾਂ ਵੀ ਇਹ ਅਸਲ 'ਚ ਕਾਨੂੰਨੀ ਕਾਰਵਾਈ ਹੈ। ਪਰ ਇਸ ਵਕ਼ਤ ਤਾਂ ਮੈਂ ਇਸਨੂੰ ਦਿਆਲਤਾ ਦੇ ਭਾਵ ਨਾਲ ਹੀ ਮਾਨਤਾ ਦੇ ਰਿਹਾ ਹਾਂ। ਕਿਸੇ ਹੋਰ ਭਾਵ ਨਾਲ ਕਿਸੇ ਦੇ ਲਈ ਇਹ ਕਰ ਸਕਣਾ ਸੰਭਵ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਅਪਮਾਨਜਨਕ ਹੈ, ਫ਼ਿਰ ਵੀ ਤੁਹਾਡੇ ਗਿਆਨ ਲਈ ਮੈਂ ਇਹ ਸਾਰਾ ਖ਼ੁਲਾਸਾ ਕੀਤਾ ਹੈ।"

ਕੇ. ਨੇ ਬੋਲਣਾ ਬੰਦ ਕੀਤਾ ਅਤੇ ਹਾਲ 'ਤੇ ਇੱਕ ਨਜ਼ਰ ਸੁੱਟੀ। ਉਹ ਤਲਖ਼ੀ ਨਾਲ ਬੋਲਿਆ ਸੀ। ਅਸਲ 'ਚ ਜਿੰਨਾ ਤਲਖ਼ੀ ਨਾਲ ਉਹ ਬੋਲਣਾ ਚਾਹੁੰਦਾ ਸੀ, ਉਸ ਤੋਂ ਕਿਤੇ ਜ਼ਿਆਦਾ ਉਹ ਬੋਲ ਗਿਆ ਸੀ, ਪਰ ਫ਼ਿਰ ਵੀ ਉਹ ਬਿਲਕੁਲ ਸਹੀ ਸੀ। ਜੋ ਵੀ ਉਸਨੇ ਕਿਹਾ, ਉਸਦੀ ਇੱਧਰ-ਉੱਧਰ ਤਾਰੀਫ਼ ਹੋਣੀ ਤਾਂ ਬਣਦੀ ਸੀ, ਪਰ ਉਸਦੇ ਪੂਰੇ ਕਥਨ ਦਾ ਇੱਕ ਖ਼ਾਲਸ ਚੁੱਪੀ ਨੇ ਹੀ ਸਵਾਗਤ ਕੀਤਾ। ਲੋਕ ਚਿੰਤਾ 'ਚ ਡੁੱਬੇ ਹੋਏ ਬੰਦੇ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ਾਇਦ ਇਹ ਚੁੱਪ ਉਸ ਧਮਾਕੇ ਦੀ ਭੂਮਿਕਾ ਹੀ ਸੀ, ਜਿਹੜੀ ਹਰ ਚੀਜ਼ ਦਾ ਅੰਤ ਕਰ ਦੇਵੇਗੀ। ਉਦੋਂ ਹੀ ਹਾਲ ਦੇ ਉਸ ਪਾਰ ਦਰਵਾਜ਼ੇ ਦੇ ਖੁੱਲ੍ਹਣ ਨਾਲ ਰੁਕਾਵਟ ਪੈ ਗਈ ਅਤੇ ਉਹ ਜਵਾਨ ਧੋਬਣ ਜਿਹੜੀ ਸ਼ਾਇਦ ਆਪਣਾ ਕੰਮ ਪੂਰਾ ਕਰ ਚੁੱਕੀ ਸੀ, ਅੰਦਰ ਚਲੀ ਆਈ ਅਤੇ ਪੂਰੀ ਸਾਵਧਾਨੀ ਦੇ ਬਾਵਜੂਦ ਉਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਾਂਚ ਮੈਜਿਸਟਰੇਟ ਦੀ ਪ੍ਰਤੀਕਿਰਿਆ ਨੇ ਕੇ. ਨੂੰ ਆਨੰਦ ਦਿੱਤਾ, ਕਿਉਂਕਿ ਸ਼ਬਦਾਂ ਦਾ ਤਤਕਾਲ ਪ੍ਰਭਾਵ ਉਸ ਉੱਪਰ ਪੈ ਗਿਆ ਲੱਗਦਾ ਸੀ। ਹੁਣ ਤੱਕ ਉਹ ਖੜਾ ਹੋ ਕੇ ਸੁਣ ਰਿਹਾ ਸੀ, ਕਿਉਂਕਿ ਜਦੋਂ ਉਹ ਗੈਲਰੀ ਦੇ ਲੋਕਾਂ ਨੂੰ ਮੁਖ਼ਾਤਿਬ ਹੋਇਆ, ਤਾਂ ਕੇ. ਦੇ ਵਾਕ ਨੇ ਉਸਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ। ਹੁਣ ਇਸ ਛੋਟੇ ਜਿਹੇ ਅੰਤਰਾਲ ਵਿੱਚ ਉਹ ਹੌਲੀ ਜਿਹੀ ਬੈਠ ਗਿਆ, ਜਿਵੇਂ ਉਸਨੂੰ ਉਮੀਦ ਹੋਵੇ ਕਿ ਕੋਈ ਉਸ ਵੱਲ ਧਿਆਨ ਨਹੀਂ ਦੇਵੇਗਾ। ਜਿਵੇਂ ਆਪਣੀ ਅੰਦਰਲੀ ਸਥਿਤੀ ਨੂੰ ਠੀਕ ਕਰਨ ਲਈ ਉਸਨੇ ਆਪਣੀ ਡਾਇਰੀ ਦੋਬਾਰਾ ਚੱਕ ਲਈ।

"ਇਸ ਤੋਂ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਣ ਵਾਲਾ ਨਹੀਂ ਹੈ।" ਕੇ. ਕਹਿਣ ਲੱਗਾ, "ਸ੍ਰੀਮਾਨ ਜੀ, ਤੁਹਾਡੀ ਇਹ ਛੋਟੀ ਜਿਹੀ ਡਾਇਰੀ ਵੀ ਇਹੀ ਸਿੱਧ ਕਰਦੀ ਹੈ ਕਿ ਮੈਂ ਸਹੀ ਕਹਿ ਰਿਹਾ ਹਾਂ।"

ਉਸ ਖ਼ਾਮੋਸ਼ ਸਭਾ 'ਚ ਆਪਣੇ ਹੀ ਸ਼ਾਂਤ ਸ਼ਬਦ ਸੁਣਕੇ ਸੰਤੁਸ਼ਟ ਹੋਏ ਕੇ. ਨੇ ਜਾਂਚ ਮੈਜਿਸਟਰੇਟ ਦੇ ਹੱਥ 'ਚੋਂ ਡਾਇਰੀ ਖੋਹ ਲਈ ਅਤੇ ਜਿਵੇਂ ਉਹ ਨਾ ਚਾਹੁੰਦੇ ਹੋਇਆਂ ਇਹ ਸਭ ਕਰ ਰਿਹਾ ਹੋਵੇ, ਉਸਦੇ ਵਿਚਾਲਿਓਂ ਇੱਕ ਪੰਨਾ ਆਪਣੀਆਂ ਉਂਗਲਾਂ ਨਾਲ ਫੜ ਕੇ, ਦੂਜੇ ਪਾਸੇ ਭੱਦੀ ਲਿਖਾਈ ਵਾਲੇ ਪੀਲੇ ਕਿਨਾਰਿਆਂ ਦੇ ਕਾਗ਼ਜ਼ ਲਟਕਾ ਦਿੱਤੇ।

"ਇਹ ਹੈ ਜਾਂਚ ਮੈਜਿਸਟਰੇਟ ਦਾ ਰਿਕਾਰਡ।" ਮੇਜ਼ 'ਤੇ ਡਾਇਰੀ ਸੁੱਟਦੇ ਹੋਏ ਉਸਨੇ ਕਿਹਾ, "ਜਾਰੀ ਰੱਖੋ, ਜੇ ਤੁਹਾਨੂੰ ਇਹੀ ਪਸੰਦ ਹੈ ਤਾਂ ਇਸਨੂੰ ਪੜ੍ਹਦੇ ਜਾਓ। ਸ਼੍ਰੀਮਾਨ ਜੀ, ਮੈਂ ਤੁਹਾਡੇ ਇਸ ਵਹੀਖਾਤੇ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਇਸਨੂੰ ਪੜ ਨਹੀਂ ਸਕਦਾ। ਸਿਰਫ਼ ਆਪਣੀਆਂ ਦੋ ਉਂਗਲਾਂ ਨਾਲ ਇਸਨੂੰ ਛੂਹ ਸਕਦਾ ਹਾਂ। ਇਸਨੂੰ ਚੁੱਕ ਕੇ ਮੈਂ ਆਪਣੇ ਹੱਥ ਖਰਾਬ ਨਹੀਂ ਕਰਨਾ ਚਾਹੁੰਦਾ।" ਇਹ ਜਾਂਚ ਮੈਜਿਸਟਰੇਟ ਦੀ ਹਲੀਮੀ ਦਾ ਸੰਕੇਤ ਸੀ,(ਜਾਂ ਘੱਟ ਤੋਂ ਘੱਟ ਇਸਨੂੰ ਇਸ ਤਰ੍ਹਾਂ ਲਿਆ ਜਾ ਸਕਦਾ ਸੀ) ਕਿ ਉਸਨੇ ਆਪਣਾ ਹੱਥ ਵਧਾ ਕੇ ਡਾਇਰੀ ਨੂੰ ਫੜ ਲਿਆ ਅਤੇ ਉਸਨੂੰ ਫਿਰ ਤੋਂ ਠੀਕ ਕਰਕੇ ਪੜਨ ਲੱਗਾ।

ਅਗ਼ਲੀ ਸਤਰ ਵਿੱਚ ਬੈਠੇ ਲੋਕਾਂ ਦੇ ਚਿਹਰੇ ਕੇ. ਨੂੰ ਇੰਨੀ ਹੈਰਾਨੀ ਨਾਲ ਵੇਖ ਰਹੇ ਸਨ ਅਤੇ ਉਰ ਉਹਨਾਂ ਵੱਲ ਵਿਸ਼ਵਾਸ ਭਰ ਤੱਕਣੀ ਨਾਲ ਝਾਕਿਆ। ਉਹ ਸਭ ਬਜ਼ਰਗ ਲੋਕ ਸਨ ਅਤੇ ਉਹਨਾਂ ਵਿੱਚੋਂ ਕੁੱਝ ਕੁ ਦੀਆਂ ਦਾੜ੍ਹੀਆਂ ਪੂਰੀਆਂ ਚਿੱਟੀਆਂ ਸਨ। ਜਾਂਚ ਮੈਜਿਸਟਰੇਟ ਦੀ ਬੇਇੱਜ਼ਤੀ ਹੋਣ ਅਤੇ ਕੇ. ਦੇ ਵਾਕ ਪੂਰਾ ਕਰ ਚੁੱਕਣ ਤੋਂ ਬਾਅਦ ਵੀ ਉਹ ਆਪਣੀ ਉਲਝਨ ਤੋਂ ਮੁਕਤ ਹੁੰਦੇ ਨਹੀਂ ਲੱਗ ਰਹੇ ਸਨ। ਕੀ ਉਹ ਵਧੇਰੇ ਪ੍ਰਮਾਣਿਕ ਲੋਕ ਸਨ ਜਿਹੜੇ ਪੂਰੀ ਸਭਾ 'ਤੇ ਆਪਣੀ ਛਾਪ ਛੱਡ ਸਕਦੇ ਸਨ?

"ਮੈਨੂੰ ਕੀ ਹੋਇਆ ਹੈ?" ਹੁਣ ਪਹਿਲਾਂ ਤੋਂ ਵਧੇਰੇ ਸ਼ਾਂਤੀ ਨਾਲ ਕੇ. ਨੇ ਅੱਗੇ ਕਹਿਣਾ ਸ਼ੁਰੂ ਕੀਤਾ। ਉਹ ਪਹਿਲੀ ਸਤਰ ਵਿੱਚ ਬੈਠੇ ਲੋਕਾਂ ਦੇ ਚਿਹਰੇ ਵਾਰ-ਵਾਰ ਫਰੋਲ ਰਿਹਾ ਸੀ। (ਇਸ ਤੋਂ ਉਸਦੇ ਕਥਨ ਨੂੰ ਇੱਕ ਤਰ੍ਹਾਂ ਨਾਲ ਵਧੇਰੇ ਆਸਬੱਧਤਾ ਦਾ ਪ੍ਰਭਾਵ ਮਿਲ ਰਿਹਾ ਸੀ), "ਮੇਰੇ ਨਾਲ ਜੋ ਕੁੱਝ ਵੀ ਹੋਇਆ ਹੈ ਉਹ ਤਾਂ ਸਿਰਫ਼ ਇੱਕ ਨਿੱਕੀ ਜਿਹੀ ਘਟਨਾ ਹੈ, ਅਤੇ ਇਸ ਲਈ ਜ਼ਿਆਦਾ ਮਹੱਤਵਪੂਰਨ ਵੀ ਨਹੀਂ ਹੈ, ਕਿਉਂਕਿ ਮੈਂ ਇਸਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ, ਪਰ ਬਹੁਤੇ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੈ, ਇਹ ਉਸਦਾ ਸੰਕੇਤ ਤਾਂ ਹੈ। ਮੈਂ ਉਹਨਾਂ ਲੋਕਾਂ ਲਈ ਹੀ ਬੋਲ ਰਿਹਾ ਹਾਂ, ਆਪਣੇ ਲਈ ਨਹੀਂ।"

ਨਾ ਚਾਹੁੰਦੇ ਹੋਏ ਵੀ ਉਸਨੇ ਆਪਣੀ 'ਵਾਜ ਉੱਚੀ ਕਰ ਲਈ ਸੀ। ਕਿਤੇ ਕਿਸੇ ਆਦਮੀ ਨੇ ਆਪਣੇ ਹੱਥ ਉੱਚੇ ਚੁੱਕ ਕੇ ਤਾੜੀ ਵਜਾ ਦਿੱਤੀ ਅਤੇ ਚੀਕ ਪਿਆ- "ਵਾਹ, ਕਿਉਂ ਨਹੀਂ, ਵਾਹ-ਵਾਹ। ਅਤੇ ਵਾਰ-ਵਾਰ ਵਾਹ-ਵਾਹ।" ਅਗ਼ਲੀ ਸਤਰ ਵਿੱਚ ਕੁੱਝ ਕੁ ਆਪਣੀਆਂ ਦਾੜ੍ਹੀਆਂ ਵਿੱਚ ਹੱਥ ਫੇਰ ਰਹੇ ਸਨ, ਪਰ ਉਸ ਚੀਕ ਦੀ ਪ੍ਰਤੀਕਿਰਿਆ ਵਿੱਚ ਕੋਈ ਵੀ ਪਿੱਛੇ ਨਹੀਂ ਘੁੰਮਿਆ। ਇੱਥੋਂ ਤੱਕ ਕਿ ਕੇ. ਨੇ ਵੀ ਇਸਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ, ਪਰ ਇਸ ਨਾਲ ਉਸਦਾ ਹੌਸਲਾ ਤਾਂ ਵਧਿਆ ਹੀ ਸੀ। ਹੁਣ ਉਸਨੂੰ ਅਹਿਸਾਸ ਹੋਇਆ ਕਿ ਹਰ ਆਦਮੀ ਅਜਿਹੀ ਪ੍ਰਸ਼ੰਸਾ ਵਿੱਚ ਹੀ ਰਹਿਣ ਲੱਗ ਜਾਵੇ, ਇਹ ਤਾਂ ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਇਹੀ ਕਾਫ਼ੀ ਸੀ ਕਿ ਉਹਨਾਂ ਵਿੱਚੋਂ ਬਹੁਤੇ ਇਸ ਸਮੱਸਿਆ 'ਤੇ ਗੰਭੀਰਤਾ ਨਾਲ ਸੋਚਣ ਲੱਗੇ ਸਨ ਅਤੇ ਸਿਰਫ਼ ਦੋ-ਤਿੰਨ ਲੋਕਾਂ ਨੂੰ ਮਨਾ ਕੇ ਜਿੱਤ ਲਿਆ ਜਾਵੇ।

"ਭਾਸ਼ਣ ਦੇਣ ਵਾਲੇ ਦੇ ਰੂਪ ਵਿੱਚ ਚਮਕ ਉੱਠਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।" ਇਸ ਵਿਚਾਰ ਨੂੰ ਅਮਲ ਵਿੱਚ ਲਿਆਉਣ ਲਈ ਕੇ. ਨੇ ਕਿਹਾ, "ਅਸਲ 'ਚ ਸ਼ਾਇਦ ਮੈਂ ਇਸ ਵਿੱਚ ਮਾਹਿਰ ਵੀ ਨਹੀਂ ਹਾਂ। ਜਾਂਚ ਮੈਜਿਸਟਰੇਟ ਹਰ ਹਾਲਤ ਵਿੱਚ ਮੇਰੇ ਤੋਂ ਬਿਹਤਰ ਬੋਲ ਸਕਦੇ ਹਨ, ਪਰ ਇਹ ਤਾਂ ਉਹਨਾਂ ਦੇ ਕੰਮ ਦਾ ਹਿੱਸਾ ਹੈ। ਮੈਂ ਤਾਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਇੱਕ ਸਰਵਜਨਕ ਸ਼ਿਕਾਇਤ 'ਤੇ ਸਰਵਜਨਕ ਤਰੀਕੇ ਨਾਲ ਚਰਚਾ ਹੋਵੇ। ਸੁਣੋ, ਲਗਭਗ ਦਸ ਦਿਨ ਪਹਿਲਾਂ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਗਿਰਫ਼ਤਾਰ ਹੋ ਜਾਣ ਦੇ ਕਾਰਨ ਮੈਂ ਖ਼ੁਦ ਨੂੰ ਹਾਸੋਹੀਣਾ ਮੰਨਦਾ ਹਾਂ, ਪਰ ਠੀਕ ਇਸ ਵੇਲੇ ਇਹ ਚਰਚਾ ਦਾ ਬਿੰਦੂ ਨਹੀਂ ਹੈ। ਇੱਕ ਸਵੇਰ ਬਿਸਤਰੇ ਵਿੱਚ ਹੀ ਗਿਰਫ਼ਤਾਰ ਕਰ ਕੇ ਮੈਨੂੰ ਹੈਰਾਨ ਕਰ ਦਿੱਤਾ ਗਿਆ। ਸ਼ਾਇਦ ਹੁਕਮ ਦਿੱਤੇ ਗਏ ਸਨ, ਇਹ ਬਿਲਕੁਲ ਸੰਭਵ ਹੈ, ਜਿਵੇਂ ਕਿ ਜਾਂਚ ਮੈਜਿਸਟਰੇਟ ਸਾਹਬ ਨੇ ਫ਼ਰਮਾਇਆ ਹੈ ਕਿ ਕਿਸੇ ਰੰਗ-ਰੋਗਨ ਕਰਨ ਵਾਲੇ ਨੂੰ ਫੜਿਆ ਜਾਣਾ ਸੀ, ਜਿਸ ਉੱਤੇ ਮੇਰੇ ਹੀ ਵਾਂਗ ਇਲਜ਼ਾਮ ਲੱਗੇ ਹੋਣਗੇ ਪਰ ਉਹ ਮੈਨੂੰ ਹੀ ਗਿਰਫ਼ਤਾਰ ਕਰ ਲਿਆਏ। ਮੇਰੇ ਕਮਰੇ ਤੋਂ ਅਗਲੇ ਕਮਰੇ ਉੱਪਰ ਦੋ ਅਜੀਬ ਵਾਰਡਰਾਂ ਨੇ ਕਬਜ਼ਾ ਕਰ ਲਿਆ। ਜੇ ਮੈਂ ਖ਼ਤਰਨਾਕ ਕਿਸਮ ਦਾ ਗੁੰਡਾ ਹੁੰਦਾ ਤਾਂ ਇਸ ਤੋਂ ਜ਼ਿਆਦਾ ਸਾਵਧਾਨੀ ਨਾ ਵਰਤੀ ਜਾਂਦੀ। ਫ਼ਿਰ ਉਹ ਵਾਰਡਰ ਤਾਂ ਗਿਰੇ ਹੋਏ ਬਦਮਾਸ਼ ਸਨ। ਉਹ ਇੱਧਰ-ਉੱਧਰ ਦੀਆਂ ਫ਼ਾਲਤੂ ਗੱਲਾਂ ਕਰਦੇ ਰਹੇ। ਉਹ ਰਿਸ਼ਵਤ ਚਾਹੁੰਦੇ ਸਨ। ਉਹਨਾਂ ਦੀ ਮੇਰੇ ਕੱਪੜਿਆਂ ਉੱਪਰ ਅੱਖ ਸੀ। ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਕਿ ਉਹ ਮੇਰੇ ਲਈ ਖਾਣਾ ਲਿਆ ਕੇ ਦੇਣਗੇ, ਜਦਕਿ ਨਿਰੀ ਬੇਸ਼ਰਮੀ ਨਾਲ, ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਮੇਰਾ ਖਾਣਾ ਹੜੱਪ ਕਰ ਲਿਆ। ਇੱਥੇ ਹੀ ਬਸ ਨਹੀਂ ਹੋਈ। ਮੈਨੂੰ ਤੀਜੇ ਕਮਰੇ ਵਿੱਚ ਇੰਸਪੈਕਟਰ ਦੇ ਕੋਲ ਲਿਜਾਇਆ ਗਿਆ। ਉਹ ਕਮਰਾ ਉਸ ਔਰਤ ਦਾ ਸੀ, ਜਿਸਦਾ ਮੈਂ ਬਹੁਤ ਜ਼ਿਆਦਾ ਸਨਮਾਨ ਕਰਦਾ ਹਾਂ। ਭਾਂਵੇ ਇਹ ਸਭ ਮੈਂ ਨਹੀਂ ਕੀਤਾ ਪਰ ਫ਼ਿਰ ਵੀ ਇਹ ਮੇਰੀ ਵਜ੍ਹਾ ਨਾਲ ਹੀ ਤਾਂ ਹੋਇਆ ਸੀ। ਮੈਂ ਉਸ ਵੇਲੇ ਮਹਿਜ਼ ਦਰਸ਼ਕ ਬਣਿਆ ਰਹਿਣ ਤੇ ਮਜਬੂਰ ਸੀ, ਜਦੋਂ ਇੰਸਪੈਕਟਰ ਅਤੇ ਦੋ ਵਾਰਡਰਾਂ ਦੀ ਹਾਜ਼ਰੀ ਵਿੱਚ ਮੇਰੇ ਕਮਰੇ ਨੂੰ ਖ਼ਰਾਬ ਕੀਤਾ ਜਾ ਰਿਹਾ ਸੀ। ਮੇਰੇ ਲਈ ਸ਼ਾਂਤ ਬਣੇ ਰਹਿਣਾ ਸੌਖਾ ਨਹੀਂ ਸੀ। ਪਰ ਫ਼ਿਰ ਵੀ ਮੈਂ ਸ਼ਾਂਤ ਬਣਿਆ ਰਿਹਾ ਅਤੇ ਬਹੁਤ ਸ਼ਾਂਤੀ ਨਾਲ ਮੈਂ ਇੰਸਪੈਕਟਰ ਤੋਂ ਪੁੱਛਿਆ ਅਤੇ ਜੇ ਉਹ ਇੱਥੇ ਮੌਜੂਦ ਹੁੰਦਾ ਤਾਂ ਉਹ ਆਪ ਇਸਨੂੰ ਮੰਨਦਾ ਕਿ ਮੈਨੂੰ ਦੱਸਿਆ ਜਾਵੇ ਕਿ ਮੈਨੂੰ ਕਿਉਂ ਗਿਰਫ਼ਤਾਰ ਕੀਤਾ ਗਿਆ ਹੈ। ਪਰ ਉਹ ਇੰਸਪੈਕਟਰ ਜਿਹੜਾ ਮੈਨੂੰ ਠੀਕ ਇਸ ਵੇਲੇ ਆਪਣੇ ਸਾਹਮਣੇ, ਉਸ ਔਰਤ ਦੀ ਕੁਰਸੀ 'ਤੇ ਹੰਕਾਰ ਦੀ ਮੂਰਤ ਬਣਿਆ ਬੈਠਾ ਦਿਸ ਰਿਹਾ ਹੈ, ਤੋਂ ਮੈਨੂੰ ਕੀ ਜਵਾਬ ਮਿਲਿਆ? ਦਰਅਸਲ ਉਸ ਆਦਮੀ ਨੇ ਮੈਨੂੰ ਕੋਈ ਵੀ ਜਵਾਬ ਨਹੀਂ ਦਿੱਤਾ। ਉਹ ਸ਼ਾਇਦ ਇਸ ਬਾਰੇ 'ਚ ਕੁੱਝ ਵੀ ਨਹੀਂ ਜਾਣਦਾ ਸੀ। ਉਸਨੇ ਤਾਂ ਮੈਨੂੰ ਬਸ ਗਿਰਫ਼ਤਾਰ ਕਰ ਲਿਆ ਸੀ ਅਤੇ ਜਿਵੇਂ ਉਸਨੂੰ ਆਪਣੀ ਜ਼ਿੰਦਗੀ ਦਾ ਇਹੋ ਆਖ਼ਰੀ ਫ਼ਿਕਰ ਸੀ। ਪਰ ਇਹ ਵੀ ਸ਼ਾਇਦ ਕਾਫ਼ੀ ਨਹੀਂ ਸੀ। ਉਹ ਮੇਰੇ ਬੈਂਕ ਦੇ ਤਿੰਨ ਛੋਟੇ ਕਲਰਕਾਂ ਨੂੰ ਆਪਣੇ ਨਾਲ ਲੈ ਆਇਆ ਸੀ, ਜਿਹੜੇ ਉਸ ਔਰਤ ਦੇ ਕਮਰੇ ਨੂੰ ਵਿਗਾੜਨ ਵਿੱਚ ਲੱਗੇ ਹੋਏ ਸਨ। ਹਾਲਾਂਕਿ ਉਹਨਾਂ ਕਲਰਕਾਂ ਨੂੰ ਉੱਥੇ ਲਿਆਉਣ ਦਾ ਇੱਕ ਕਾਰਨ ਹੋਰ ਵੀ ਸੀ। ਉਹ ਮੇਰੀ ਮਕਾਨ ਮਾਲਕਿਨ ਅਤੇ ਉਸਦੀ ਨੌਕਰਾਣੀ ਨਾਲ ਮਿਲ ਕੇ, ਮੇਰੇ ਗਿਰਫ਼ਤਾਰ ਹੋਣ ਦੀ ਖ਼ਬਰ ਫੈਲਾਉਣ ਲਈ ਉੱਥੇ ਲਿਆਂਦੇ ਗਏ ਸਨ, ਤਾਂ ਕਿ ਜਨਤਕ ਤੌਰ 'ਤੇ ਮੇਰੀ ਬੇਇੱਜ਼ਤੀ ਹੋਵੇ ਅਤੇ ਇਸ ਤੋਂ ਵੀ ਵਧਕੇ ਬੈਂਕ ਵਿੱਚ ਇੱਜ਼ਤ ਮਿੱਟੀ ਵਿੱਚ ਜਾਵੇ। ਹਾਲਾਂਕਿ ਇਸ ਵਿੱਚੋਂ ਬਹੁਤਾ ਕੁੱਝ ਸਫ਼ਲ ਨਹੀਂ ਹੋ ਸਕਿਆ ਅਤੇ ਇੱਥੋਂ ਤੱਕ ਕਿ ਮੇਰੀ ਮਕਾਨ ਮਾਲਕਿਨ, ਜਿਹੜੀ ਕਿ ਬਹੁਤ ਸਧਾਰਨ ਔਰਤ ਹੈ, ਅਤੇ ਜਿਸਦੇ ਨਾਮ ਦਾ ਜ਼ਿਕਰ ਮੈਂ ਇੱਥੇ ਬਹੁਤ ਸਤਿਕਾਰ ਨਾਲ ਲੈਣਾ ਚਾਹੁੰਦਾ ਹਾਂ- ਫ਼ਰਾਅ ਗਰੁਬਾਖ਼- ਤਾਂ ਫ਼ਰਾਅ ਗਰੁਬਾਖ਼ ਇੰਨੀ ਸਮਝਦਾਰ ਸੀ ਕਿ ਉਸਨੇ ਵੀ ਇਸ ਗਿਰਫ਼ਤਾਰੀ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ, ਜਿਵੇਂ ਕਿ ਗਲੀ ਦੇ ਗੁੰਡੇ ਬਿਨ੍ਹਾਂ ਕਿਸੇ ਕਾਰਨ ਦੇ ਹਮਲਾ ਕਰ ਦਿੰਦੇ ਹਨ। ਮੈਂ ਇੱਥੇ ਇੱਕ ਗੱਲ਼ ਫ਼ਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਇਸ ਸਾਰੀ ਘਟਨਾ ਨੇ ਮੇਰੇ ਅੰਦਰ ਕੁੱਝ ਨਫ਼ਰਤ ਅਤੇ ਇੱਕ ਬੋਝਲ ਸੰਤਾਪ ਪੈਦਾ ਕਰਨ ਦੇ ਬਿਨ੍ਹਾਂ ਮੈਨੂੰ ਕੁੱਝ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ ਹੈ। ਪਰ ਕੀ ਇਸੇ ਸਭ ਦੇ ਕੁੱਝ ਖ਼ਤਰਨਾਕ ਨਤੀਜੇ ਹੋ ਸਕਦੇ ਸਨ?"

ਕੇ. ਨੇ ਆਪਣੇ ਭਾਸ਼ਨ ਨੂੰ ਜਦੋਂ ਇੱਥੇ ਰੋਕਿਆ ਅਤੇ ਚੁੱਪਚਾਪ ਬੈਠੇ ਜਾਂਚ ਮੈਜਿਸਟਰੇਟ ਉੱਤੇ ਨਜ਼ਰ ਸੁੱਟੀ ਤਾਂ ਉਸਨੂੰ ਲੱਗਿਆ ਕਿ ਮੈਜਿਸਟਰੇਟ ਨੇ ਸਾਰਮਣੇ ਬੈਠੀ ਭੀੜ ਵਿੱਚੋਂ ਕਿਸੇ ਨੂੰ ਅੱਖ ਨਾਲ ਕੋਈ ਇਸ਼ਾਰਾ ਕੀਤਾ ਹੈ।

ਕੇ. ਮੁਸਕਾਇਆ ਅਤੇ ਬੋਲਿਆ, "ਮੈਂ ਵੇਖ ਲਿਆ ਹੈ ਕਿ ਠੀਕ ਮੇਰੇ ਨਾਲ ਬਿਰਾਜਮਾਨ ਮੈਜਿਸਟਰੇਟ ਸਾਹਬ ਨੇ ਹੁਣੇ ਹੁਣੇ ਤੁਹਾਡੇ ਵਿੱਚੋਂ ਕਿਸੇ ਨੂੰ ਇੱਕ ਗੁਪਤ ਇਸ਼ਾਰਾ ਕੀਤਾ ਹੈ। ਇਸ-ਲਈ ਤੁਹਾਡੇ ਵਿੱਚ ਕੁੱਝ ਲੋਕ ਮੌਜੂਦ ਹਨ ਜਿਹੜੇ ਇੱਧਰੋਂ ਮੁਕੱਦਮੇ ਦੇ ਸਬੰਧ ਵਿੱਚ ਨਿਰਦੇਸ਼ ਪ੍ਰਾਪਤ ਕਰਦੇ ਹਨ। ਮੈਨੂੰ ਨਹੀਂ ਪਤਾ ਕਿ ਇਸ ਇਸ਼ਾਰੇ ਦਾ ਮਤਲਬ ਕੀ ਸੀ ਜਾਂ ਇਹ ਕੋਈ ਪ੍ਰਸ਼ੰਸਾ ਵਗੈਰਾ ਲੈਣ ਲਈ ਜਾਰੀ ਕੀਤਾ ਗਿਆ ਸੀ, ਪਰ ਕਿੰਨੇ ਅਣਚਾਹੇ ਢੰਗ ਨਾਲ ਇਹ ਸਭ ਕੀਤਾ ਗਿਆ। ਮੈਂ ਜਾਣਦਾ ਹਾਂ ਕਿ ਇਸ ਇਸ਼ਾਰੇ ਦਾ ਸਹੀ ਮਤਲਬ ਲੱਭ ਲੈਣ ਦੀਆਂ ਮੈਂ ਸਾਰੀਆਂ ਸੰਭਾਵਨਾਵਾਂ ਗੁਆ ਚੁੱਕਾ ਹਾਂ। ਪਰ ਮੇਰੇ ਪ੍ਰਤੀ ਇਹ ਨਿਰਪੱਖਤਾ ਦਾ ਭਾਵ ਹੈ। ਮੈਂ ਜਨਤਕ ਤੌਰ 'ਤੇ ਸ਼੍ਰੀਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੇ ਗੁਪਤ ਇਸ਼ਾਰੇ ਦੇ ਬਜਾਏ, ਸਿੱਧੀ ਅਤੇ ਸਪੱਸ਼ਟ ਅਵਾਜ਼ 'ਚ ਇੱਥੇ ਮੌਜੂਦ ਆਪਣੇ ਏਜੰਟਾਂ ਨੂੰ ਕੁੱਝ ਵੀ ਅਜਿਹਾ ਕਰਨ ਦਾ ਨਿਰਦੇਸ਼ ਦੇ ਦੇਣ, ਜਿਵੇਂ ਕਿ 'ਹੁਣ ਰੌਲਾ ਪਾਓ।" ਜਾਂ ਫ਼ਿਰ ਹੁਣ ਤਾੜੀਆਂ ਵਜਾ ਦਿਓ'।

ਘਬਰਾਹਟ ਜਿਹੀ ਵਿੱਚ ਜਾਂਚ ਮੈਜਿਸਟਰੇਟ ਕੁਰਸੀ 'ਤੇ ਬੈਠਾ ਆਪਣੀ ਸਥਿਤੀ ਬਦਲਣ ਵਿੱਚ ਲੱਗਾ ਰਿਹਾ। ਉਸਦੇ ਪਿੱਛੇ ਖੜਾ ਆਦਮੀ, ਜਿਸਦੇ ਨਾਲ ਉਹ ਪਹਿਲਾਂ ਵੀ ਗੱਲਬਾਤ ਕਰ ਰਿਹਾ ਸੀ, ਉਸ ਉੱਤੇ ਫ਼ਿਰ ਝੁਕ ਆਇਆ। ਜਿਵੇਂ ਉਹ ਉਸਨੂੰ ਹੌਸਲਾ ਦੇ ਰਿਹਾ ਹੋਵੇ ਜਾਂ ਕੋਈ ਖ਼ਾਸ ਕਿਸਮ ਦੀ ਸੂਚਨਾ। ਹੇਠਾਂ ਬੈਠੇ ਲੋਕ ਹੌਲੀ ਨਾਲ ਪਰ ਖੁਲ੍ਹ ਕੇ ਗੱਲਾਂ ਵਿੱਚ ਲੀਨ ਹੋ ਗਏ। ਉਹ ਦੋ ਪਾਰਟੀਆਂ ਜਿਹੜੀਆਂ ਵਿਰੋਧੀ ਵਿਚਾਰ ਲਈ ਜਾਪਦੀਆਂ ਸਨ, ਹੁਣ ਆਪਸ ਵਿੱਚ ਕਾਫ਼ੀ ਘੁਲਮਿਲ ਗਈਆਂ ਸਨ। ਕੁੱਝ ਲੋਕ ਕੇ. ਦੇ ਵੱਲ ਅਤੇ ਕੁੱਝ ਮੈਜਿਸਟਰੇਟ ਵੱਲ ਇਸ਼ਾਰੇ ਕਰ ਰਹੇ ਸਨ। ਕਮਰੇ ਵਿੱਚ ਛਾਇਆ ਧੁੰਦ ਦਾ ਬੱਦਲ ਦਰਦਨਾਕ ਹੋ ਆਇਆ ਸੀ ਅਤੇ ਕੁੱਝ ਦੂਰ ਵੀ ਲੋਕਾਂ ਨੂੰ ਪਛਾਣ ਸਕਣ ਵਿੱਚ ਵਿਘਨ ਪਾ ਰਿਹਾ ਸੀ। ਗੈਲਰੀ ਵਿੱਚ ਬੈਠੇ ਲੋਕਾਂ ਲਈ ਤਾਂ ਇਹ ਹੋਰ ਵੀ ਤਕਲੀਫ਼ਦੇਹ ਸੀ, ਅਤੇ ਇਸਦਾ ਅੰਦਾਜ਼ਾ ਲਾਉਣ ਲਈ ਕਿ ਉੱਪਰ ਕੀ ਹੋ ਰਿਹਾ ਹੈ, ਉਹਨਾਂ ਨੂੰ ਜਾਂਚ ਮੈਜਿਸਟਰੇਟ ਦੇ ਆਸ-ਪਾਸ ਵੇਖਣ ਲਈ ਬਹੁਤ ਜ਼ਿਆਦਾ ਧਿਆਨ ਦੇਣਾ ਪੈ ਰਿਹਾ ਸੀ। ਉਹ ਬਾਕੀ ਬੈਠੇ ਲੋਕਾਂ ਨੂੰ ਇੱਕ ਦਮ ਮਰੀਅਲ ਅਵਾਜ਼ ਵਿੱਚ ਇਸ ਬਾਰੇ ਪੁੱਛ ਰਹੇ ਸਨ, ਅਤੇ ਜਵਾਬ ਦੇਣ ਵਾਲੇ ਵੀ ਮੂੰਹ 'ਤੇ ਹੱਥ ਰੱਖ ਕੇ ਉਨੀ ਹੀ ਹੌਲੀ ਅਵਾਜ਼ ਵਿੱਚ ਜਵਾਬ ਦੇ ਰਹੇ ਸਨ।

"ਮੈਂ ਛੇਤੀ ਹੀ ਖ਼ਤਮ ਕਰ ਦੇਵਾਂਗਾ।" ਕੇ. ਨੇ ਕਿਹਾ ਅਤੇ ਮੇਜ਼ ਤੇ ਮੁੱਕਾ ਮਾਰਿਆ। ਇਸ ਤੋਂ ਘਬਰਾ ਕੇ ਜਾਂਚ ਮੈਜਿਸਟਰੇਟ ਅਤੇ ਉਸਦੇ ਸਹਾਇੱਕ ਨੇ ਫ਼ੌਰਨ ਆਪਣੀਆਂ ਧੌਣਾਂ ਝਟਕਾਈਆਂ। "ਮੈਂ ਇਸ ਸਾਰੇ ਵਾਕਿਆ ਤੋਂ ਅਲੱਗ ਹਾਂ, ਇਸਲਈ ਮੈਂ ਸ਼ਾਂਤੀਪੂਰਨ ਇਸਦਾ ਜਾਇਜ਼ਾ ਲੈ ਸਕਦਾ ਹਾਂ ਅਤੇ ਤੁਸੀਂ (ਜੇ ਤੁਸੀਂ ਸਮਝਦੇ ਹੋਂ ਕਿ ਇਸ ਕਾਲਪਨਿਕ ਕਚਹਿਰੀ ਦਾ ਕੋਈ ਮਹੱਤਵ ਹੈ)। ਮੇਰੀਆਂ ਗੱਲਾਂ ਸੁਣਕੇ ਤੁਸੀਂ ਆਪਣੇ ਫ਼ਾਇਦੇ ਦੇ ਲਈ ਕਾਫ਼ੀ ਕੁੱਝ ਸਿੱਖ ਸਕਦੇ ਹੋਂ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਜੋ ਕੁੱਝ ਮੈਂ ਕਹਿ ਰਿਹਾ ਹਾਂ, ਉਸਦੇ ਬਾਰੇ 'ਚ ਆਪਸੀ ਗੱਲਬਾਤ ਨੂੰ ਰਤਾ ਪਾਸੇ ਰੱਖ ਦਿਓ, ਕਿਉਂਕਿ ਮੇਰੇ ਕੋਲ ਸਮੇਂ ਦੀ ਕਮੀ ਹੈ ਅਤੇ ਮੈਂ ਹੁਣ ਛੇਤੀ ਹੀ ਇੱਥੋਂ ਜਾਣਾ ਹੈ।

ਅਚਾਨਕ ਉੱਥੇ ਖ਼ਾਮੋਸ਼ੀ ਛਾ ਗਈ। ਸਭਾ 'ਚ ਕੇ. ਦੀ ਪਕੜ ਇੰਨੀ ਮਜ਼ਬੂਤ ਹੋ ਚੁੱਕੀ ਸੀ ਕੀ ਹੁਣ ਉੱਥੇ ਕੋਈ ਸ਼ੋਰ-ਸ਼ਰਾਬਾ ਜਾਂ ਵਿਘਨ ਨਹੀਂ ਪਿਆ ਅਤੇ ਨਾ ਹੀ ਕਿਸੇ ਸ਼ਬਦ ਨੇ ਸਿਰ ਚੁੱਕਿਆ। ਲੋਕ ਸਤੁੰਸ਼ਟ ਹੋ ਗਏ ਸਨ ਜਾਂ ਹੋਣ ਵਾਲੇ ਸਨ।

"ਇਸ ਵਿੱਚ ਕੋਈ ਸ਼ੱਕ ਨਹੀਂ ਹੈ, "ਕੇ. ਨੇ ਹੌਲੀ ਜਿਹੀ ਕਿਹਾ, ਕਿਉਂਕਿ ਇਸ ਸਮੇਂ ਉਹ ਪੂਰੀ ਸਭਾ ਦੀ ਕੇਂਦਰਤਾ ਦਾ ਅਨੰਦ ਲੈ ਰਿਹਾ ਸੀ। ਇਸ ਖ਼ਾਮੋਸ਼ੀ ਵਿੱਚ ਇੱਕ ਭਨਭਨਾਹਟ ਉੱਭਰੀ, ਜਿਹੜੀ ਬਹੁਤ ਜ਼ਿਆਦਾ ਉਤਸਾਹ ਵਧਾਉਣ ਵਾਲੀ ਸੀ, "ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਚਹਿਰੀ ਅਧਿਕਾਰ ਖੇਤਰ ਦੇ ਬਾਹਰੀ ਸਰੂਪ ਵਿੱਚ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੀ ਗਿਰਫ਼ਤਾਰੀ ਅਤੇ ਅੱਜ ਦੀ ਇਸ ਪੁੱਛਗਿੱਛ ਦੇ ਪਿੱਛੇ ਇੱਕ ਬਹੁਤ ਵੱਡਾ ਸੰਗਠਨ ਹੈ। ਇੱਕ ਅਜਿਹਾ ਸੰਗਠਨ ਜਿਹੜਾ ਨਾ ਸਿਰਫ਼ ਭ੍ਰਿਸ਼ਟ ਵਾਰਡਰਾਂ, ਮੂਰਖ ਇੰਸਪੈਕਟਰਾਂ ਅਤੇ ਜਾਂਚ ਮੈਜਿਸਟਰੇਟਾਂ ਨੂੰ ਨਿਯੁਕਤ ਕਰਦਾ ਹੈ, ਜਿਹਨਾਂ ਦੇ ਬਾਰੇ ਵੱਧ ਤੋਂ ਵੱਧ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਜਾਣਦੇ ਹਨ, ਇੱਥੋਂ ਤੱਕ ਕਿ ਇਹ ਸੀਨੀਅਰ ਅਤੇ ਉੱਚੇ ਦਰਜੇ ਦੇ ਅਧਿਕਾਰੀਆਂ ਤੋਂ ਮੁਕਤ ਨਿਆਂਇਕ ਵਿਵਸਥਾ ਦਾ ਇਸਤੇਮਾਲ ਵੀ ਕਰਦਾ ਹੈ, ਜਿਹਨਾਂ ਦੇ ਕੋਲ ਨੌਕਰਾਂ, ਕਲਰਕਾਂ, ਪੁਲਸੀਆਂ ਅਤੇ ਹੋਰ ਸਹਾਇਕਾਂ- ਸ਼ਾਇਦ ਜੱਲਾਦਾਂ, ਨਹੀਂ ਮੈਂ ਇਸ ਸ਼ੱਕ ਦੀ ਵਰਤੋਂ ਤੋਂ ਡਰਦਾ ਹਾਂ- ਤੱਕ ਦੀ ਇੱਕ ਵਿਸ਼ਾਲ ਫ਼ੌਜ ਹੈ। ਅਤੇ ਦੋਸਤੋ, ਇਸ ਮਹਾਨ ਸੰਗਠਨ ਦਾ ਮਹੱਤਵ? ਇਹ ਬੇਕਸੂਰ ਲੋਕਾਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਖਿਲਾਫ਼ ਗ਼ਲਤ ਕਾਰਵਾਈਆਂ ਕਰਦੇ ਹਨ, ਜਿਸਦਾ ਨਤੀਜਾ ਸਿਫ਼ਰ ਨਿਕਲਦਾ ਹੈ। ਜਦ ਇਹ ਪੂਰਾ ਸੰਗਠਨ ਇੰਨਾ ਬੇਕਾਰ ਹੈ, ਤਾਂ ਭਲਾ ਇਹਨਾਂ ਅਧਿਕਾਰੀਆਂ ਵਿੱਚ ਇਸ ਘਟੀਆ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਹ ਮੁਮਕਿਨ ਨਹੀਂ ਹੈ। ਇੱਥੋਂ ਤੱਕ ਕਿ ਕੋਈ ਵੱਡੇ ਤੋਂ ਵੱਡਾ ਫੱਨੇ ਖ਼ਾਂ ਜੱਜ ਵੀ ਇਸ ਬਾਰੇ 'ਚ ਕੁੱਝ ਨਹੀਂ ਕਰ ਸਕਦਾ। ਤਾਂ ਹੀ ਵਾਰਡਰ ਲੋਕ ਜਿਹਨਾਂ ਨੂੰ ਗਿਰਫ਼ਤਾਰ ਕਰਦੇ ਹਨ, ਉਹਨਾਂ ਦੇ ਕੱਪੜੇ ਤੱਕ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਾਂ ਹੀ ਬੇਅਕਲ ਇੰਸਪੈਕਟਰ ਅਣਜਾਣੇ ਫ਼ਲੈਟਾਂ ਵਿੱਚ ਆ ਵੜਦੇ ਹਨ। ਤਾਂ ਹੀ ਬੇਕਸੂਰ ਲੋਕਾਂ ਨੂੰ ਠੀਕ ਢੰਗ ਨਾਲ ਸੁਣਨ ਦੀ ਬਜਾਏ ਵਿਸ਼ਾਲ ਸਭਾਵਾਂ ਵਿੱਚ ਸੱਦ ਕੇ ਹੇਠੀ ਕੀਤੀ ਜਾਂਦੀ ਹੈ। ਵਾਰਡਰ ਲੋਕ ਹਿਕਾਰਤ ਨਾਲ ਕਿਸੇ ਡੀਪੂਆਂ ਦੀ ਗੱਲ ਕਰਦੇ ਹਨ, ਜਿੱਥੇ ਕੈਦੀਆਂ ਦੀ ਸੰਪੱਤੀ ਰੱਖੀ ਦੱਸੀ ਜਾਂਦੀ ਹੈ। ਪਰ ਮੈਂ ਇਹਨਾਂ ਡੀਪੂਆਂ ਵਿੱਚ ਨਜ਼ਰ ਪਾ ਕੇ ਵੇਖਣਾ ਚਾਹੁੰਦਾ ਹਾਂ, ਜਿੱਥੇ ਗਿਰਫ਼ਤਾਰ ਲੋਕਾਂ ਦੀ ਮਿਹਨਤ ਨਾਲ ਕਮਾਈ ਗਈ ਸੰਪੱਤੀ ਸੜਨ ਲਈ ਰੱਖ ਦਿੱਤੀ ਗਈ ਹੈ, ਜੇ ਸਚਮੁੱਚ ਇਹ ਡੀਪੂ ਦੇ ਕਰਮਚਾਰੀਆਂ ਦੁਆਰਾ ਚੋਰੀ ਕੀਤੇ ਜਾਣ ਤੋਂ ਬਚੀ ਹੋਈ ਹੋਵੇ।"

ਹਾਲ ਦੇ ਆਖ਼ਰੀ ਕੋਨੇ 'ਚੋਂ ਉੱਠੇ ਠਹਾਕੇ ਨੇ ਕੇ. ਦੇ ਭਾਸ਼ਣ ਵਿੱਚ ਵਿਘਨ ਪਾ ਦਿੱਤਾ। ਉੱਧਰ ਕੀ ਹੋ ਰਿਹਾ ਸੀ, ਉਸਨੂੰ ਵੇਖਣ ਲਈ ਉਸਨੇ ਅੱਖਾਂ ਉੱਤੇ ਹੱਥ ਰੱਖ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਘੱਟ ਰੌਸ਼ਨੀ ਵਿੱਚ ਫੈਲੀ ਧੁੰਦ ਅੱਖਾਂ ਨੂੰ ਚੁੰਧਿਆ ਰਹੀ ਸੀ। ਇਹ ਉਹੀ ਧੋਬਣ ਸੀ, ਜਿਸਦੇ ਅੰਦਰ ਆਉਂਦਿਆਂ ਹੀ ਕੇ. ਨੂੰ ਲੱਗਿਆ ਸੀ ਕਿ ਉਹ ਇੱਥੇ ਵਿਘਨ ਪਾਉਣ ਵਾਲੀ ਸਾਬਤ ਹੋਏਗੀ। ਇਹ ਉਸਦੀ ਗ਼ਲਤੀ ਸੀ ਜਾਂ ਨਹੀਂ, ਇਹ ਤੈਅ ਕਰ ਸਕਣਾ ਹੁਣ ਅਸੰਭਵ ਸੀ। ਕੇ. ਹੁਣ ਜੋ ਵੀ ਵੇਖ ਸਕਣ ਦੇ ਸਮਰੱਥ ਸੀ, ਉਹ ਸਿਰਫ਼ ਇੰਨਾ ਸੀ ਕਿ ਇੱਕ ਆਦਮੀ ਨੇ ਉਸਨੂੰ ਕਮਰੇ ਦੇ ਇੱਕ ਕੋਨੇ ਵਿੱਚ ਧੱਕ ਦਿੱਤਾ ਸੀ ਅਤੇ ਉਸਨੂੰ ਆਪਣੇ ਸਰੀਰ ਨਾਲ ਦਬਾ ਰਿਹਾ ਸੀ। ਪਰ ਠਹਾਕੇ ਲਾਉਣ ਵਾਲੀ ਉਹ ਨਹੀਂ ਸੀ। ਉਹ ਇੱਕ ਹੋਰ ਆਦਮੀ ਸੀ, ਜਿਸਦਾ ਮੂੰਹ ਖੁੱਲ੍ਹਾ ਹੋਇਆ ਸੀ ਅਤੇ ਹੁਣ ਉਹ ਛੱਤ ਵੱਲ ਝਾਕ ਰਿਹਾ ਸੀ। ਉਹਨਾਂ ਦੋਵਾਂ ਦੇ ਆਸੇ-ਪਾਸੇ ਇੱਕ ਛੋਟਾ ਜਿਹਾ ਘੇਰਾ ਬਣ ਗਿਆ ਸੀ, ਅਤੇ ਗੈਲਰੀ 'ਚ ਮੌਜੂਦ ਲੋਕ ਹੁਣ ਰੁਮਾਂਚਿਤ ਲੱਗ ਰਹੇ ਸਨ ਕਿ ਕੇ. ਨੇ ਇਸ ਕਾਰਵਾਈ ਵਿੱਚ ਜਿਹੜੀ ਗੰਭੀਰਤਾ ਭਰ ਦਿੱਤੀ ਸੀ, ਉਹ ਘੱਟ ਤੋਂ ਘੱਟ ਬਿਖਰ ਤਾਂ ਰਹੀ ਸੀ। ਕੇ. ਤੇ ਪਹਿਲਾ ਪ੍ਰਭਾਵ ਫ਼ੌਰਨ ਘੁੰਮ ਜਾਣ ਦਾ ਹੋਇਆ, ਕਿਉਂਕਿ ਉਹ ਸੋਚ ਰਿਹਾ ਸੀ ਕਿ ਇੱਥੇ ਹਰ ਕੋਈ ਵਿਵਸਥਾ ਫੇਰ ਉਸੇ ਤਰ੍ਹਾਂ ਕਰ ਦੇਣ ਦਾ ਚਾਹਵਾਨ ਸੀ ਅਤੇ ਘੱਟ ਤੋਂ ਘੱਟ ਉਸ ਦੰਪਤੀ ਨੂੰ ਉਸ ਕਮਰੇ 'ਚੋਂ ਦਫ਼ਾ ਹੋਣਾ ਹੋਵੇਗਾ, ਪਰ ਉਸਦੇ ਸਾਹਮਣੇ ਵਾਲੀਆਂ ਮੂਹਰਲੀਆਂ ਸਤਰਾਂ ਇੱਕ ਦਮ ਸਥਿਰ ਬੈਠੀਆਂ ਰਹੀਆਂ। ਕੋਈ ਹਿੱਲਿਆ-ਜੁੱਲਿਆ ਨਹੀਂ ਅਤੇ ਨਾ ਹੀ ਕੇ. ਨੂੰ ਅੱਗੇ ਬੋਲਣ ਲਈ ਕਿਹਾ ਗਿਆ। ਇਸਦੇ ਉਲਟ, ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਬੁੱਢੇ ਨੇ ਉਸਨੂੰ ਰੋਕਣ ਲਈ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਅਤੇ ਇੱਕ ਹੱਥ (ਪਿੱਛੇ ਘੁੰਮਣ ਲਈ ਉਸਦੇ ਕੋਲ ਸਮਾਂ ਨਹੀਂ ਸੀ) ਨਾਲ ਉਸਦਾ ਕਾੱਲਰ ਪਿੱਛੋਂ ਫੜ ਲਿਆ। ਕੇ. ਹੁਣ ਅਸਲ ਵਿੱਚ ਉਸ ਦੰਪਤੀ ਬਾਰੇ ਨਹੀਂ ਸੋਚ ਰਿਹਾ ਸੀ, ਕਿਉਂਕਿ ਉਸਨੂੰ ਲੱਗ ਰਿਹਾ ਸੀ ਕਿ ਆਜ਼ਾਦੀ 'ਤੇ ਇਹ ਸਿੱਧਾ ਹਮਲਾ ਹੈ, ਜਿਵੇਂ ਕਿ ਇਹ ਉਸਨੂੰ ਗਿਰਫ਼ਤਾਰ ਕਰਨ ਦੀ ਗੰਭੀਰ ਕੋਸ਼ਿਸ਼ ਹੈ, ਅਤੇ ਉਹ ਦਲੇਰੀ ਨਾਲ ਮੰਚ ਤੋਂ ਹੇਠਾਂ ਛਾਲ ਮਾਰ ਗਿਆ।

ਹੁਣ ਉਹ ਭੀੜ ਦੇ ਸਾਹਮਣੇ ਨਜ਼ਰ ਦੀ ਉਚਾਈ ਤੱਕ ਸੀ। ਕੀ ਉਸਨੇ ਇਹਨਾਂ ਲੋਕਾਂ ਦੇ ਬਾਰੇ ਗ਼ਲਤ ਧਾਰਨਾ ਬਣਾ ਲਈ ਸੀ? ਕੀ ਆਪਣੇ ਬਿਆਨ ਦੇ ਪ੍ਰਭਾਵ ਨੂੰ ਉਸਨੇ ਜ਼ਿਆਦਾ ਮੰਨ ਲਿਆ ਸੀ? ਕੀ ਜਦ ਉਹ ਬੋਲ ਰਿਹਾ ਸੀ ਤਾਂ ਲੋਕ ਸਿਰਫ਼ ਨਾਟਕ ਕਰ ਰਹੇ ਸਨ, ਅਤੇ ਜਦੋਂ ਉਹ ਆਪਣੇ ਫ਼ੈਸਲੇ ਤੇ ਪਹੁੰਚ ਰਿਹਾ ਸੀ ਤਾਂ ਉਹ ਇਸ ਤੋਂ ਅੱਕਣ ਲੱਗੇ ਸਨ? ਉਸਦੇ ਆਸੇ-ਪਾਸੇ ਇਹਨਾਂ ਚਿਹਰਿਆਂ ਦੀ ਸੱਚਾਈ ਕੀ ਸੀ? ਉਹਨਾਂ ਦੀਆਂ ਛੋਟੀਆਂ ਕਾਲੀਆਂ ਪੁਤਲੀਆਂ ਇੱਧਰ-ਉੱਧਰ ਝਾਕ ਰਹੀਆਂ ਸਨ, ਉਹਨਾਂ ਦੀਆਂ ਗੱਲ੍ਹਾਂ ਸ਼ਰਾਬੀਆਂ ਦੀਆਂ ਗੱਲ੍ਹਾਂ ਦੇ ਵਾਂਗ ਧਸੀਆਂ ਹੋਈਆਂ ਸਨ, ਉਹਨਾਂ ਦੀਆਂ ਲੰਮੀਆਂ ਦਾੜ੍ਹੀਆਂ ਸਖ਼ਤ ਅਤੇ ਵਿਰਲੀਆਂ ਸਨ, ਅਤੇ ਕਿਸੇ ਨੇ ਜੇਕਰ ਉਹਨਾਂ ਦਾ ਠੀਕ ਜਾਇਜ਼ਾ ਲੈਂਦਾ ਤਾਂ ਉਸਨੂੰ ਲੱਗਦਾ ਕਿ ਉਸਦੇ ਹੱਥਾਂ 'ਤੇ ਸਿੰਗ ਉੱਗ ਆਏ ਹੋਣ। ਪਰ ਇਹਨਾਂ ਦਾੜ੍ਹੀਆਂ ਦੇ ਹੇਠਾਂ, ਅਤੇ ਇਹੀ ਅਸਲ ਖੋਜ ਸੀ ਜਿਹੜੀ ਕੇ. ਨੇ ਕਰ ਲਈ ਸੀ, ਕੋਟ ਦੇ ਕਾੱਲਰਾਂ 'ਤੇ ਤਮਗੇ ਚਮਕ ਰਹੇ ਸਨ। ਕਈ ਰੰਗਾਂ ਅਤੇ ਵੱਖ-ਵੱਖ ਅਕਾਰਾਂ ਦੇ ਤਮਗੇ। ਜਿੱਥੋਂ ਤੱਕ ਉਹ ਵੇਖ ਸਕਦਾ ਸੀ, ਹਰ ਕਿਸੇ ਨੇ ਇਹ ਤਮਗੇ ਲਾਏ ਹੋਏ ਸਨ। ਪਹਿਲਾਂ ਜਿਹੜੀਆਂ ਸੱਜੇ ਅਤੇ ਖੱਬੇ ਪਾਸੇ ਦੋ ਪਾਰਟੀਆਂ ਵੱਖੋ-ਵੱਖ ਵਿਖਾਈ ਦੇ ਰਹੀਆਂ ਸਨ, ਹੁਣ ਉਹ ਇੱਕਠੀਆਂ ਹੋ ਗਈਆਂ ਸਨ, ਅਤੇ ਅਚਾਨਕ ਇੱਕ ਦਮ ਜਦ ਉਹ ਘੁੰਮ ਗਿਆ ਤਾਂ ਉਸਨੇ ਵੇਖਿਆ ਕਿ ਜਾਂਚ ਮੈਜਿਸਟਰੇਟ ਦੇ ਕਾੱਲਰ 'ਤੇ ਵੀ ਉਹੋ ਜਿਹੋ ਤਮਗੇ ਸਨ, ਜਿਹੜਾ ਹੁਣ ਸ਼ਾਂਤ ਬੈਠਾ ਉਹਨਾਂ ਨੂੰ ਹੀ ਵੇਖ ਰਿਹਾ ਸੀ।

"ਹੁਣ ਮੈਨੂੰ ਪਤਾ ਲੱਗਾ, ਕੇ. ਨੇ ਆਪਣੀਆਂ ਬਾਹਾਂ ਹਵਾ 'ਚ ਘੁਮਾਉਂਦੇ ਹੋਏ ਜ਼ੋਰ ਨਾਲ ਕਿਹਾ ਕਿਉਂਕਿ ਇਸ ਇੱਕ ਦਮ ਪਤਾ ਲੱਗੀ ਗੱਲ ਦਾ ਵਿਆਖਿਆਨ ਤਾਂ ਕਰਨਾ ਹੀ ਸੀ, "ਤੁਸੀਂ ਸਾਰੇ ਅਧਿਕਾਰੀ ਹੋਂ। ਉਹੀ ਭ੍ਰਿਸ਼ਟ ਗਰੁੱਪ ਜਿਸ ਉੱਤੇ ਮੈਂ ਹਮਲਾ ਕਰ ਰਿਹਾ ਸੀ। ਤੁਸੀਂ ਲੋਕ ਜਾਸੂਸਾਂ ਦੇ ਵਾਂਗ ਇੱਥੇ ਆ ਵੜੇ ਹੋਂ। ਤੁਸੀਂ ਇੱਥੇ ਨਕਲੀ ਪਾਰਟੀਆਂ ਬਣਾ ਲਈਆਂ ਅਤੇ ਪਰੀਖਣ ਦੇ ਲਈ ਕੁੱਝ ਨੇ ਤਾਂ ਮੇਰੀ ਤਾਰੀਫ਼ ਵੀ ਕੀਤੀ। ਤੁਸੀਂ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਕਿਸੇ ਬੇਕਸੂਰ ਵਿਅਕਤੀ ਨੂੰ ਕਿਵੇਂ ਟਿਕਾਣੇ ਲਾਇਆ ਜਾਂਦਾ ਹੈ। ਠੀਕ ਹੈ, ਤੁਹਾਡਾ ਵਕ਼ਤ ਬਰਬਾਦ ਨਹੀਂ ਹੋਇਆ ਹੈ, ਮੈਨੂੰ ਉਮੀਦ ਹੈ, ਕਿਉਂਕਿ ਤੁਹਾਨੂੰ ਕੁੱਝ ਤਾਂ ਅਨੰਦ ਮਿਲਿਆ ਹੀ ਹੋਏਗਾ ਕਿ ਕੋਈ ਤਾਂ ਤੁਹਾਡੇ ਤੋਂ ਇੱਕ ਬੇਕਸੂਰ ਦਾ ਪੱਖ ਲੈਣ ਦੀ ਉਮੀਦ ਕਰ ਰਿਹਾ ਸੀ, ਜਾਂ ਫ਼ਿਰ ਮੈਨੂੰ ਬੋਲਣ ਦੇਵੋ, ਨਹੀਂ ਤਾਂ ਮੈਂ ਤੁਹਾਡਾ ਸਿਰ ਭੰਨ ਦੇਵਾਂਗਾ।" ਕੇ. ਉਸ ਕੰਬਦੇ ਹੋਏ ਬੁੱਢੇ 'ਤੇ ਚੀਕਿਆ, ਜਿਹੜਾ ਖ਼ਾਸ ਤੌਰ 'ਤੇ ਉਸਦੇ ਬਿਲਕੁਲ ਕੋਲ ਪਹੁੰਚ ਗਿਆ ਸੀ, "ਜਾਂ ਤੂੰ ਠੀਕ ਹੀ ਕੁੱਝ ਨਵਾਂ ਸਿੱਖ ਲਿਆ ਹੈ। ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੋਕ ਇਸ ਪੇਸ਼ੇ ਤੋਂ ਖੁਸ਼ ਹੋਂ, ਜਿਹੜਾ ਤੁਸੀਂ ਆਪਣੇ ਲਈ ਚੁਣਿਆ ਹੈ।"

ਉਸਨੇ ਛੇਤੀ ਨਾਲ ਮੇਜ਼ ਦੇ ਕਿਨਾਰੇ ਪਿਆ ਆਪਣਾ ਹੈਟ ਚੁੱਕਿਆ ਅਤੇ ਇੱਕ ਹੈਰਾਨਕੁੰਨ ਖਾਮੋਸ਼ੀ ਦੇ ਹੁੰਦਿਆਂ, ਆਪਣਾ ਰਸਤਾ ਚੀਰਦਾ ਹੋਇਆ ਬੂਹੇ ਤੱਕ ਆ ਗਿਆ। ਪਰ ਜਾਂਚ ਮੈਜਿਸਟਰੇਟ ਤਾਂ ਕੇ. ਤੋਂ ਵੀ ਜ਼ਿਆਦਾ ਤੇਜ਼ ਦਿਸਿਆ, ਕਿਉਂਕਿ ਉਹ ਪਹਿਲਾਂ ਹੀ ਬੂਹੇ ਤੇ ਖੜਾ ਉਸਦੀ ਉਡੀਕ ਕਰ ਰਿਹਾ ਸੀ।

"ਇੱਕ ਮਿੰਟ!" ਉਸਨੇ ਕਿਹਾ। ਕੇ. ਨੇ ਇੱਕ ਹਲਕੀ ਜਿਹੀ ਉਬਾਸੀ ਲਈ, ਕਿਉਂਕਿ ਉਹ ਜਾਂਚ ਮੈਜਿਸਟਰੇਟ ਦੀ ਬਜਾਏ ਬੂਹੇ ਤੇ ਨਜ਼ਰਾਂ ਟਿਕਾਈ ਖੜਾ ਸੀ, ਜਿਸਦੇ ਹੈਂਡਲ ਨੂੰ ਮਜ਼ਬੂਤੀ ਨਾਲ ਫੜਿਆ ਜਾ ਚੁੱਕਾ ਸੀ। "ਮੈਂ ਸਿਰਫ਼ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ," ਜਾਂਚ ਮੈਜਿਸਟਰੇਟ ਨੇ ਕਿਹਾ, "ਕਿਉਂਕਿ ਹੁਣ ਤੱਕ ਤੈਨੂੰ ਇਹ ਨਹੀਂ ਲੱਗਿਆ ਹੋਵੇਗਾ, ਕਿ ਅੱਜ ਤੂੰ ਉਹ ਸਭ ਫ਼ਾਇਦੇ, ਜਿਹੜੇ ਸੁਣਵਾਈ ਦੇ ਦੌਰਾਨ ਕਿਸੇ ਗਿਰਫ਼ਤਾਰ ਆਦਮੀ ਨੂੰ ਦਿੱਤੇ ਜਾ ਸਕਦੇ ਸਨ, ਆਪ ਹੀ ਗਵਾ ਲਏ ਹਨ।"

ਕੇ. ਹੱਸ ਪਿਆ। ਉਸਦੀ ਨਜ਼ਰ ਹੁਣ ਵੀ ਬੂਹੇ ਤੇ ਜੰਮੀ ਹੋਈ ਸੀ- "ਬਦਮਾਸ਼ੋ!" ਉਹ ਚੀਕਿਆ। "ਆਪਣੀ ਸਾਰੀ ਸੁਣਵਾਈ ਆਪਣੇ ਕੋਲ ਰੱਖੋ।" ਅਤੇ ਉਸਨੇ ਬੂਹਾ ਖੋਲ੍ਹਿਆ ਅਤੇ ਛੇਤੀ ਨਾਲ ਪੌੜੀਆਂ ਉੱਤਰ ਗਿਆ। ਪਿੱਛੇ ਸਭਾ ਵਿੱਚ ਉਹੀ ਰੌਲਾ ਉੱਭਰ ਆਇਆ, ਕਿਉਂਕਿ ਹੁਣ ਉਹ ਇਸ ਗੱਲ ਉੱਤੇ ਚਰਚਾ ਕਰਨ ਲੱਗੀ ਸੀ ਕਿ ਆਖ਼ਰ ਇੱਧਰ ਹੁਣ ਤੱਕ ਹੋਇਆ ਕੀ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਧਿਆਪਕ ਦੇ ਚਲੇ ਜਾਣ ਤੋਂ ਬਾਅਦ ਵਿਦਿਆਰਥੀ ਕਰਦੇ ਹਨ।