ਮਾਤਾ ਹਰੀ/”੨੯ ਤ੍ਰੀਖ਼ ਨੂੰ ਕਿਉਂ ......?„
ਕਾਂਡ ੧
"੨੯ ਤ੍ਰੀਖ ਨੂੰ ਕਿਉ ....!"
ਮਾਤਾ ਹਰੀ ਹਰ ਜੀਅ ਹਾਜ਼ਰ ਸਮਝੀ ਜਾਣ ਲਗ ਪਈ ਸੀ। ਕੀ ‘‘ਸਰਵ-ਵਿਆਪੀ" ਹੋਣ ਦੇ ਨਾਲ ਨਾਲ "ਸਰਵ-ਗਿਆਨਣ" ਵੀ ਸੀ? ਜੇ ਆਖ ਲਈਏ "ਕਾਫੀ ਹਦ ਤਕ’’ ਤਾਂ ਖਵਰੇ ਭੁਲ ਨਹੀਂ ਹੋਣ ਲਗੀ। ਏਸ ਮਸਲੇ ਦਾ ਅਰਥ ਏਸ ਗੱਲ ਵਿਚ ਸੀ ਕਿ ਮਾਤਾ ਹਰੀ ਦੇ ਕੰਮਾਂ ਦਾ ਅਸਰ ਉਨ੍ਹਾਂ ਉਤੇ ਵੀ ਪੈ ਜਾਂਦਾ ਸੀ, ਜਿਨ੍ਹਾਂ ਨਾਲ ਉਹਦਾ ਜ਼ਾਤੀ ਵਾਹ ਕਦੀ ਵੀ ਨਹੀਂ ਸੀ ਪਿਆ ਹੁੰਦਾ।
ਲੋਕੀ ਜਾਸੂਸ ਨਾਲ ਘ੍ਰਿਨਾ ਕਰਦੇ ਹਨ। ਉਹ ਮਰਨ ਨੂੰ ਤਾਂ ਤਿਆਰ ਹੋ ਸਕਦੇ ਹਨ, ਪਰ ਉਹ ਇਕ ਗੁਮਨਾਮ ਅਤੇ ਅਣਦਿਸੇ ਜਾਸੂਸ ਕੋਲੋਂ ਡਰਦੇ ਹਨ ਜਿਹੜਾ ਮਿੱਤ੍ਰਤਾ ਦੇ ਪੜਦੇ ਹੇਠਾਂ ਧਰੋਹ ਕਮਾ ਜਾਂਦਾ ਹੈ, ਅਤੇ ਉਨ੍ਹਾਂ ਲੋਕਾਂ ਨੂੰ ਸੁਸਤੀ ਵਿਚ ਪਾ ਦੇਂਦਾ ਹੈ, ਜਿਨ੍ਹਾਂ ਏਸ ਛਿੱਪੇ ਹੋਏ ਕੰਮ ਨੂੰ ਉਘੇੜਨ ਲਈ ਸੁਚੇਤ ਰਹਿਣਾ ਸੀ।
ਆਓ, ਅਸੀਂ ਕੁਝ ਬਰਤਾਨਵੀ ਸਪਾਹੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਈਏ। ਉਹ ਕਿਸੇ ਹੁਕਮ ਨੂੰ ਉਡੀਕ ਰਹੇ ਸਨ। ਹੁਣੇ ਜਹੇ ਇਕ ਪਟਰੋਲ ਕਰਨ ਵਾਲਾ ਸਪਾਹੀ "ਅਣ-ਜੀਵ’’ ਦੀਪ ਤੋਂ ਵਾਪਸ ਆਇਆਂਂ ਸੀ। ਉਹਨੇ ਇਕ ਗਲ ਦਸੀ, ਜਿਸਦਾ ਅਰਥ ਲੋੜੀਂਦਾ ਸੀ। ਹਰ ਇਕ ਸਪਾਹੀ “ਅਣ-ਜੀਵ" ਦੀਪ ਦੇ ਚੱਪੇ ਚੱਪੇ ਨੂੰ ਜਾਣਦਾ ਸੀ, ਪਰ ਰਾਤ ਕਈ ਵਾਰ ਮਖ਼ੌਲ ਕਰ ਜਾਂਦੀ ਹੈ ਅਖਾਂ ਅਤੇ ਸੁਰਤ ਨਾਲ! ਉਸ ਸਪਾਹੀ ਨੇ ਜੋ ਕੁਝ ਆ ਦਸਿਆ ਉਸ ਨੇ ਬੜੀ ਹਿਲਜੁਲ ਕਰ ਦਿਤੀ। ਪੂਰੀ ਪੜਤਾਲ ਪਿਛੋਂ ਪਤਾ ਲਗਾ ਕਿ ਉਥੇ ਕੇਵਲ ਇਕ ਤਖ਼ਤਾ ਜਿਹਾ ਪਿਆ ਵੇਖ ਕੇ ਸਪਾਹੀ ਡਰ ਗਿਆ ਸੀ।
ਉਸ ਤਖ਼ਤੇ ਉਤੇ ਲਿਖਿਆ ਸੀ: “੨੯ ਤਰੀਖ਼ ਨੂੰ ਕਿਉਂ ਉਡੀਕੀਏ?
ਏਸ ਸੁਨੇਹੇ ਨੇ ਸਾਰਿਆਂ ਸਪਾਹੀਆਂ ਨੂੰ ਬੜਾ ਹੀ ਤੰਗ ਕੀਤਾ ਸੀ। ਸਪਾਹੀਆਂ ਨੇ ਅਫ਼ਸਰਾਂ ਨੂੰ ਏਸ ਗੁੰਝਲ ਦੇ ਸੁਲਝਾਣ ਲਈ ਆਖਿਆ; ਪਰ ਕੋਈ ਹਲ ਨਾ ਮਿਲਿਆ। ਬਹੁਤੇ ਰੁਝੇਵੇਂ ਵਿਚ ਖਵਰੇ ਏਸ ਗੱਲ ਵਲ ਕੋਈ ਧਿਆਨ ਨਾ ਦਿਤਾ ਜਾ ਸਕਦਾ ਅਤੇ ਨੁਕਸਾਨ ਹੋ ਜਾਂਦਾ, ਪਰ ਦੂਜੇ ਦਿਨ ਜਦ ਉਨ੍ਹਾਂ ਕੁਝ ਸਪਾਹੀਆਂ ਵਲ, ਜਿਹੜੇ ਲੁਕ ਕੇ ਕੁਝ ਕੰਮ ਕਰ ਰਹੇ ਸਨ, ਫੇਰੀ ਪਾਈ ਤਾਂ ਕਮ ਸਿਰੇ ਚੜ੍ਹ ਗਿਆ।
ਇਨ੍ਹਾਂ ਸਪਾਹੀਆਂ ਨੂੰ ਦਿਨ ਵੇਲੇ ਸਿਖਲਾਇਆ ਜਾ ਰਿਹਾ ਸੀ ਕਿ ਰਾਤ ਨੂੰ "ਅਣ-ਜੀਵ" ਦੀਪ ਉਤੇ ਕਿਵੇਂ ਛਾਪਾ ਮਾਰਨਾ ਸੀ। ਕਾਲੀਆਂ ਐਨਕਾਂ ਨਾਲ ਹਨੇਰਾ ਕੀਤਾ ਜਾਂਦਾ ਸੀ। ਏਹ ਸਪਾਹੀ ਬੜਾ ਲੁਕ ਲੁਕ ਕੇ ਕੰਮ ਕਰਦੇ ਸਨ, ਅਤੇ ਜਦ ਕਦੀ ਕੋਈ ਇਨ੍ਹਾਂ ਕੋਲ ਆ ਕੇ ਮਾਮੂਲੀ ਤੋਂ ਮਾਮੂਲੀ ਗੱਲ ਵੀ ਕਰਦਾ ਸੀ, ਤਾਂ ਵੀ ਉਹ ਬੇਹਦ ਖੁਸ਼ ਹੁੰਦੇ ਸਨ ਅਤੇ ਏਹਦੇ ਵਿਚ ਵਡੀ ਦਿਲਚਸਪੀ ਲੈਂਦੇ ਸਨ। ਉਨ੍ਹਾਂ ਨੂੰ ਵੀ ਏਸ ਗੁੰਝਲ ਦਾ ਪਤਾ ਦਿਤਾ ਗਿਆ: "੨੯ ਤਰੀਖ ਨੂੰ ਕਿਉਂ ਉਡੀਕੀਏ?
ਏਸ ਗੱਲ ਨੇ ਇਥੇ ਵੀ ਬੜੀ ਹਿਲਜੁਲ ਪਾ ਦਿਤੀ, ਪਰ ਸਵਾਲ ਹਲ ਹੋ ਗਿਆ। ਪਤਾ ਲਗਾ ਕਿ ੨੯ ਤਰੀਖ਼ ਨੂੰ ਛਾਪਾ ਮਾਰਨਾ ਸੀ।
ਪਰ ਭੇਦ ਗੁਝਾ ਨਾ ਰਿਹਾ। ਉਦੋਂ ੨੬ ਤਰੀਖ ਸੀ। ਇਤਨੇ ਲਕੋਏ ਹੋਏ ਭੇਦ ਦੇ ਨਿਕਲ ਜਾਣ ਦੇ ਬਾਵਜੂਦ ਵੀ ਛਾਪਾ ਮਾਰਿਆ ਗਿਆ—ਉਵੇਂ, ਜਿਵੇਂ ਪ੍ਰੋਗ੍ਰਾਮ ਬਣਾਇਆ ਸੀ, ਪਰ ਤ੍ਰੀਖ ਨੂੰ ਬਦਲ ਕੇ। ੨੭ ਤਰੀਖ ਦੀ ਰਾਤ ਨੂੰ ਚੁਪ-ਚਾਪ ਖੁੰਦਰਾਂ ਵਿਚੋਂ ਨਿਕਲ ਕੇ “ਅਣ-ਜੀਵ’’ ਦੀਪ ਉਤੇ ਛਾਪਾ ਮਾਰ ਦਿਤਾ ਗਿਆ। ਵੈਰੀ ਅਨਭੋਲ ਹੀ ਪਕੜੇ ਗਏ। ਏਸ ਛਾਪੇ ਵਿਚ ਬੜੀ ਹੀ ਜਿੱਤ ਮੰਨੀ ਜਾਣੀ ਸੀ ਜੇਕਰ ਉਸ ਛਾਪੇ ਵਿਚ ਜਵਾਨ ਅਫ਼ਸਰ ਨਾ ਮਾਰਿਆ ਜਾਂਦਾ ਤਾਂ। ਮੇਜਰ ਟਾਮਸ ਕੇਲਸਨ ਦਸਦਾ ਹੈ ਕਿ "ਜਦ ਛਾਪੇ ਤੋਂ ਵਾਪਸ ਮੁੜ ਰਹੇ ਸਾਂ ਤਾਂ ਉਸ ਅਫਸਰ ਨੂੰ ਪਟ ਵਿਚ ਗੋਲੀ ਲਗ ਗਈ। ਮੈਂ ਉਹਨੂੰ ਚੁਕ ਕੇ ਆਪਣੇ ਮੋਰਚਿਆਂ ਵਿਚ ਵਾਪਸ ਲਿਜਾ ਰਿਹਾ ਸਾਂ ਕਿ ਮੁੜ ਇਕ ਹੋਰ ਗੋਲੀ ਉਹਦੇ ਗਲੇ ਥਾਂੜੀ ਲੰਘ ਗਈ ਤੇ ਉਹ ਮੇਰਿਆਂ ਮੋਢਿਆਂ ਉਤੇ ਲੋਥ ਹੋ ਕੇ ਪਿਆ ਸੀ। ਜਦੋਂ ਇਹ ਹਾਦਸਾ ਹੋਇਆ, ਉਹ ਦੇ ਕੁਝ ਚਿਰ ਪਹਿਲਾਂ ਉਹ ਅਫ਼ਸਰ ਮੈਨੂੰ ਆਪਣੀ ਛੁਟੀ ਬਾਰੇ
ਜਿਹੜੀ ਉਹਨੇ ਪੈਰਸ ਵਿਚ ਕਟੀ ਸੀ ਕੁਝ ਦਸਣ ਲਗਾ ਸੀ। ਉਹ ਦੀਆਂ ਬੁਲ੍ਹੀਆਂ ਨੇ ਏਹ ਸ਼ਬਦ ਘੜੇ ਹੀ ਸਨ ‘ਜੇਕਰ ਅਸਾਂ ਨੂੰ ਮਰ ਜਾਨੀ ਉਹ ਨਾਚੀ ਮਿਲ ਜਾਂਦੀ....' ਤਦ ਉਹ ਵੱਡੀ ਚੁਪ ਨਾਲ ਚੁਪ ਹੋ ਗਈਆਂ ਸਨ!“ਜਦ ਮੈਂ ਫ਼ਰਾਂਸ ਵਿਚ ਸਾਂ ਤਾਂ ਏਸ ਜਵਾਨ ਅਫ਼ਸਰ ਮਿ: ਹਾਗ ਬਾਰੇ ਕੁਝ ਪੁਛਾਂ ਕੀਤੀਆਂ ਕਿ ਕਿਵੇਂ ਉਹਨੇ ਆਪਣੀ ਥੋੜੀ ਛੁਟੀ ਪੈਰਸ ਵਿਚ ਗੁਜਾਰੀ ਸੀ। ਜੋ ਕੁਝ ਪਤਾ ਲਗਾ ਉਸ ਵੇਲੇ ਮਾਮੂਲੀ ਦਿਸਿਆ, ਪਰ ਪਿਛੋਂ...........।"
ਉਹ ਕਾਲੀਆਂ ਐਨਕਾਂ ਜਿਹੜੀਆਂ ਲਿਆਉਣੀਆ ਸਨ, ਮਿ: ਹਾਗ ਅਤੇ ਉਹਦਾ ਇਕ ਸਾਥੀ ਪੈਰਸ ਲੈਣ ਗਏ ਸਨ, ਕਿਉਂਕਿ ਉਹ ਹੋਰ ਕਿਧਰੋਂ ਮਿਲਣੀਆਂ ਮੁਸ਼ਕਲ ਸਨ। ਏਹ ਦੋਵੇਂ ਜਵਾਨ ਸ਼ਹਿਰ ਦੇ ਵਾਕਫ਼ ਨਹੀਂ ਸਨ ਤੇ ਨਾ ਹੀ ਉਥੋਂ ਦੀ ਬੋਲੀ ਜਾਣਦੇ ਸਨ, ਏਸ ਲਈ ਏਹ ਮਾਮੂਲੀ ਖ਼ਰੀਦ ਵੀ ਉਨ੍ਹਾਂ ਲਈ ਵੱਡਾ ਬਿਉਪਾਰ ਬਣ ਗਿਆ। ਉਹ ਹਰ ਰਾਹੀ ਕੋਲੋਂ ਦੁਕਾਨ ਨਦੀ ਪਛਦੇ ਸਨ। ਹੌਲੀ ਹੌਲੀ ਇਹ ਗੱਲ ਧੁੰਮ ਗਈ ਅਤੇ ਲੋਕੀ ਉਨ੍ਹਾਂ ਦਾ ਮਖੌਲ ਉਡਾਣ ਲਗ ਪਏ। ਜਦ ਉਹ ਤੰਗ ਆ ਕੇ ਜੋਸ਼ ਜਹੇ ਵਿਚ ਆ ਗਏ ਅਤੇ ਇਵੇਂ ਹੋਰ ਵੀ ਹਾਸੋਹੀਣ ਬਣ ਗਏ, ਤਾਂ ਇਕ ਚੰਗੀ ਕੁੜੀ ਨੇ ਮਦਦ ਆ ਕੀਤੀ। ਕੁਝ ਗੱਲ ਬਾਤ ਦੇ ਪਿਛੇ ਮਿ: ਹਾਗ ਅਤੇ ਉਹਦਾ ਸਾਥੀ ਉਹਦੇ ਨਾਲ ਐਨਕਾਂ ਦੀ ਭਾਲ ਵਿਚ ਤੁਰ ਪਏ। ਕੁਝ ਚਿਰ ਪਿਛੋਂ ਆਪਣੇ ਡੇਰੇ ਤੇ ਵਾਪਸ ਆ ਗਏ ਅਤੇ ਉਹ ਦੋਵੇਂ ਸਪਾਹੀ ਖੁਸ਼ ਸਨ ਕਿ ਉਹ ਚੰਗੀ ਕੁੜੀ ਜਦ ਐਨਕਾਂ ਤਿਆਰ ਹੋ ਗਈਆਂ ਆਪੇ ਭੇਜ ਦਏਗੀ।
ਪਰ ਏਹ ਚੰਗੀ ਕੁੜੀ ਕੌਣ ਸੀ? ਏਹ ਮਾਤਾ ਹਰੀ ਸੀ!
ਉਹਨੇ ਸਾਰਾ ਭੇਦ ਲੈਲਿਆ ਸੀ: ਏਹ ਪਤਾ ਕਰਨ ਲਈ ਕਿ ਕਿਥੇ ਤੇ ਕਦੋ ਏਹ ਛਾਪਾ ਵਜਣਾ ਸੀ, ਉਹਨੇ ਜਾਣ ਬੁਝ ਕੇ ਐਨਕਾਂ ਦਵਾਣ ਵਿਚ ਦੇਰ ਕਰਾਈ। ਦੂਜੇ ਡਾਕ ਰਾਹੀਂ ਭੇਜਣ ਦਾ ਇਕਰਾਰ ਏਸ ਲਈ ਕੀਤਾ ਕਿ ਸਾਰੇ ਪਤੇ ਦਾ ਪਤਾ ਚੰਗੀ ਤਰ੍ਹਾਂ ਲਗ ਜਾਏ; ਤੀਜੇ ਏਹ ਦਸ ਕੇ ਕਿ ਉਹ ਏਸ ਗਲ ਬਾਰੇ ਬੜੀ ਦਿਲਚਸਪੀ ਨਾਲ ਅਖ਼ਬਾਰਾਂ ਵਿਚ ਹਾਲ ਪੜ੍ਹੇਗੀ, ਉਹਨੇ ਸਪਾਹੀਆਂ ਕੋਲੋਂ ਤ੍ਰੀਖ ਦਾ ਪੱਕਾ ਪਤਾ ਲਾ ਲਿਆ ਸੀ।
ਏਸ ਲਈ "੨੯ ਤ੍ਰੀਖ ਨੂੰ ਕਿਉਂ ਉਕੀਏ?"