ਮਹਿਕ ਪੰਜਾਬ ਦੀ/ਪੰਜਾਬੀ ਲੋਕ ਜੀਵਨ




ਭਾਗ ਪਹਿਲਾ

ਪੰਜਾਬੀ ਲੋਕ ਜੀਵਨ



ਦੇਸ ਮੇਰੇ ਦੇ ਬਾਂਕੇ ਗੱਭਰੂ
ਮਸਤ ਅਲ੍ਹੜ ਮੁਟਿਆਰਾਂ
ਨੱਚਦੇ ਟੱਪਦੇ ਗਿੱਧਾ ਪਾਉਂਦੇ
ਗਾਉਂਦੇ ਰਹਿੰਦੇ ਵਾਰਾਂ
ਪ੍ਰੇਮ ਲੜੀ ਵਿੱਚ ਇੰਜ ਪਰੋਤੇ
ਜਿਊਂ ਕੂੰਜਾਂ ਦੀਆਂ ਡਾਰਾਂ
ਮੌਤ ਨਾਲ਼ ਇਹ ਕਰਨ ਮਖੌਲਾਂ
ਮਸਤੇ ਵਿੱਚ ਪਿਆਰਾਂ
ਕੁਦਰਤ ਦੇ ਮੈਂ ਚਾਕਰ ਅੱਗੇ
ਇਹ ਅਰਜ਼ ਗੁਜ਼ਾਰਾਂ
ਦੇਸ ਪੰਜਾਬ ਦੀਆਂ——
ਖਿੜੀਆਂ ਰਹਿਣ ਬਹਾਰਾਂ

ਜੱਟਾਂ ਤੇ ਹੋਰ ਜਾਤੀਆਂ ਦਾ ਸੁਭਾਅ ਤੇ ਕਿਰਦਾਰ

ਲੋਕ ਸਾਹਿਤ ਕਿਸੇ ਖਿੱਤੇ 'ਚ ਵਸਦੇ ਲੋਕਾਂ ਦੇ ਜੀਵਨ ਦਾ ਦਰਪਣ ਹੁੰਦਾ ਹੈ। ਉਹਨਾਂ ਦੇ ਸੁਭਾਅ ਅਤੇ ਕਿਰਦਾਰ ਨੂੰ ਜਾਨਣ ਲਈ ਉਸ ਖਿੱਤੇ ਦੇ ਲੋਕ ਸਾਹਿਤ ਦਾ ਅਧਿਐਨ ਜ਼ਰੂਰੀ ਹੈ।

ਪੰਜਾਬ ਦਾ ਲੋਕ ਸਾਹਿਤ ਪੰਜਾਬ ਦੀ ਸਿਰਮੌਰ ਜਾਤੀ ਜੱਟਾਂ ਅਤੇ ਪੰਜਾਬ ਚ ਵਸਦੀਆਂ ਹੋਰ ਜਾਤੀਆਂ ਬਾਰੇ ਬੜੀ ਬੇਬਾਕੀ ਨਾਲ਼ ਉਹਨਾਂ ਦੇ ਸੁਭਾ ਅਤੇ ਕਿਰਦਾਰ ਨੂੰ ਪੇਸ਼ ਕਰਦਾ ਹੈ। ਇਹ ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਦੇ ਰੂਪ ਵਿੱਚ ਉਪਲਬਧ ਹੈ। ਪੰਜਾਬੀ ਲੋਕ ਸਾਹਿਤ ਵਿੱਚ ਅਨੇਕਾਂ ਲੋਕ ਅਖਾਣ ਅਤੇ ਲੋਕ ਕਹਾਣੀਆਂ ਪ੍ਰਚੱਲਤ ਹਨ ਜਿਹੜੀਆਂ ਜੱਟਾਂ ਦੇ ਕਿਰਦਾਰ ਅਤੇ ਸੁਭਾਅ ਦਾ ਵਰਨਣ ਕਰਦੀਆਂ ਹਨ। ਜਟ ਮੁੱਢੋਂ-ਮੁੱਢੋਂ ਭੋਲਾ ਭਾਲ਼ਾ ਅਤੇ ਸਾਦੇ ਸੁਭਾਅ ਦਾ ਮਾਲਕ ਰਿਹਾ ਹੈ। ਜਿਸ ਦੇ ਕਾਰਨ ਉਸ ਨੂੰ ਹੋਰਨਾਂ ਜਾਤਾਂ ਦੇ ਲੋਕੀ ਆਨੇ-ਬਹਾਨੇ ਕਰਕੇ ਲੁੱਟਦੇ ਰਹੇ ਹਨ——

ਜੱਟ ਕੀ ਜਾਣੇ ਲੌਗਾਂ ਦਾ ਭਾਅ
.........
ਜੱਟ ਫ਼ਕੀਰ ਗਲ਼ ਗੰਢਿਆਂ ਦੀ ਮਾਲ਼ਾ

ਕਿੰਨੀ ਸਾਦਗੀ ਹੈ ਜਟ ਦੇ ਸੁਭਾਅ ਵਿੱਚ। ਜੱਟ ਦਾ ਸੁਭਾਅ ਜਿੱਥੇ ਭੋਲ਼ਾ ਤੇ ਸਾਦਾ ਹੁੰਦਾ ਹੈ ਉੱਥੇ ਉਸਦੀ ਅੜਬਾਈ ਦਾ ਕੋਈ ਮੁਕਾਬਲਾ ਨਹੀਂ——

ਜੱਟ ਗੰਨਾ ਨੀ ਦਿੰਦਾ
ਗੁੜ ਦੀ ਭੇਲੀ ਦੇ ਦੇਂਦਾ ਹੈ

ਜੱਟ ਵਿਗੜਨ ਲੱਗਿਆਂ ਦੇਰ ਨਹੀਂ ਲਾਉਂਦਾ——

ਜੱਟ ਤੋਂ ਭਲਾ ਮੂਲ ਨਾ ਭਾਲ਼
ਜੱਟ ਵਿਗਾੜੇ ਮੁਰਸ਼ਦ ਨਾਲ਼
ਜੱਟ ਬੋਲੇ ਤਦ ਕਢੇ ਗਾਲ਼
ਸਿਰ ਤੋਂ ਲਾਹ ਕੇ ਮਾਰੇ ਭੌਂ
ਲੈਣਾ ਇਕ ਨਾ ਦੇਣੇ ਦੋ

ਜੱਟ ਦੇ ਸੁਭਾਅ ਦੀ ਇਕ ਹੋਰ ਵੱਡੀ ਘਾਟ ਹੈ ਕਿ ਉਹ ਕੀਤੇ ਨੂੰ ਬਹੁਤ ਛੇਤੀ ਭੁੱਲ ਜਾਂਦਾ ਹੈ-

ਜੱਟ ਨਾ ਜਾਣੇ ਗੁਣ ਕਰਾ
ਚਣਾ ਨਾ ਜਾਣੇ ਵਾਹ

ਪਰ ਜੱਟ ਦੀ ਸਾਂਝ-ਭਿਆਲੀ ਬੜੀ ਪ੍ਰਸਿੱਧ ਹੈ। ਉਹ ਦੂਜੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ-

ਜੱਟ ਜਿਹਾ ਰਾਠ ਨੀ, ਜੇ ਤਿੜੇ ਨਾ
ਟਿੰਡ ਜਿਹਾ ਭਾਂਡਾ ਨੀ, ਜੇ ਰਿੜ੍ਹੇ ਨਾ
ਤੂਤ ਜਿਹਾ ਕਾਠ ਨੀ, ਜੇ ਲਿਫੇ ਨਾ

ਜੱਟ ਖੁਦਗਰਜ਼ ਹੁੰਦਾ ਹੈ, ਜੇਕਰ ਉਸ ਨੂੰ ਗਰਜ਼ ਹੋਵੇ ਤਾਂ ਐਵੇਂ ਰਿਸ਼ਤੇਦਾਰੀਆਂ ਗੰਢ ਲੈਂਦਾ ਹੈ-

ਜਾਂ ਜੱਟ ਦੀ ਪਈ ਬਿਆਈ
ਕਿਸੇ ਨੂੰ ਫੂਫੀ ਕਿਸੇ ਨੂੰ ਤਾਈ

ਜਦੋਂ ਆਪਣਾ ਕੰਮ ਕੱਢ ਲਿਆ-

ਜਾਂ ਜੱਟ ਦੇ ਜੌਂ ਪੱਕੇ
ਸਕੀ ਮਾਂ ਨੂੰ ਮਾਰੇ ਧੱਕੇ

ਦੂਜੀਆਂ ਜਾਤਾਂ ਦੇ ਲੋਕ ਆਪਣੀਆਂ ਜਾਤਾਂ ਦੇ ਟੱਬਰ ਪਾਲਦੇ ਹਨ——

ਕੇਵਲ ਜੱਟ ਹਨ ਜਿਹੜੇ ਕਦੀ ਆਪਣਿਆਂ ਦਾ ਫਾਇਦਾ ਨਹੀਂ ਕਰਦੇ——

ਕੁੱਕੜ, ਕਾਂ, ਕਰਾੜ, ਕਬੀਲਾ ਪਾਲ਼ਦੇ
ਜੱਟ, ਮਹਿਆਂ, ਸੰਸਾਰ ਕਬੀਲਾ ਗਾਲ਼ਦੇ

ਜੇਕਰ ਜੱਟ ਦੀ ਆਰਥਿਕ ਹਾਲਤ ਚੰਗੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ——

ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਕੀ ਟਿਕਾਣਾ

ਜਦੋਂ ਜੱਟ ਆਪਸ ਵਿੱਚ ਏਕਾ ਕਰ ਲੈਣ ਤਾਂ ਕਿਸੇ ਹੋਰ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ। ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ ਉਹ ਤਾਂ ਸੈਂਕੜੇ ਕੋਹਾਂ ਤੇ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ——

ਜੱਟ ਜੱਟਾਂ ਦੇ
ਭੋਲੂ ਨਰਾਇਣ ਦਾ
ਜਾਂ
ਜੱਟ, ਜੱਟਾਂ ਦੇ ਸਾਲੇ
ਵਿਚੇ ਕਰਦੇ ਘਾਲ਼ੇ ਮਾਲ਼ੇ

ਜੱਟ ਦਾ ਖਚਰਾਪਣ ਬੜਾ ਪ੍ਰਸਿੱਧ ਹੈ। ਜੇ ਕਰ ਜੱਟ ਮਚਲਾ ਬਣ ਜਾਵੇ ਤਾਂ ਉਹ ਕਿਸੇ ਨੂੰ ਵੀ ਆਈ ਗਈ ਨਹੀਂ ਦੇਂਦਾ——

ਜੱਟ ਹੋਇਆ ਕਮਲਾ
ਖੁਦਾ ਨੂੰ ਲੈ ਗਏ ਚੋਰ

ਜੱਟਾਂ ਬਾਰੇ ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਦਿੱਤ ਸਿੰਘ 'ਕਾਕਾ ਪ੍ਰਤਾਪੀ’ ਦੇ ਕਿੱਸੇ ਵਿੱਚ ਲਿਖਦਾ ਹੈ——

ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ ਅਧੀਨਣੀ ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ
ਜੱਟਾਂ ਨਾਲ਼ ਦੋਸਤੀ ਨਾ ਪੁਗਤੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲ਼ੀ ਵੇਖ ਨੀ ਘੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ

ਪੰਜਾਬ ਦੇ ਪੇਂਡੂ ਅਰਥਚਾਰੇ ਵਿੱਚ ਬਾਣੀਏਂ ਦੀ ਅਹਿਮ ਭੂਮਿਕਾ ਰਹੀ ਹੈ। ਜਿੱਥੇ ਉਹ ਪਿੰਡ ਵਿੱਚ ਇਕ ਹੱਟ ਬਾਣੀਏਂ ਦੇ ਰੂਪ ਵਿੱਚ ਵਿਚਰਦਾ ਹੈ ਉੱਥੇ ਉਹ ਸ਼ਾਹੂਕਾਰ ਦੇ ਰੂਪ ਵਿੱਚ ਜੱਟਾਂ ਦੀ ਲੁੱਟ-ਖਸੁੱਟ ਵੀ ਕਰਦਾ ਰਿਹਾ ਹੈ। ਅਨੇਕਾਂ ਲੋਕ ਅਖਾਣ ਅਤੇ ਲੋਕ ਗੀਤ ਬਾਣੀਏਂ ਦੇ ਕਿਰਦਾਰ ਨੂੰ ਪੇਸ਼ ਕਰਦੇ ਹਨ। ਬਾਣੀਏਂ ਦੇ ਮੁਕਾਬਲੇ ਦਾ ਕੋਈ ਹੋਰ ਬਣਜ ਨਹੀਂ ਕਰ ਸਕਦਾ-

ਬਣਜ ਕਰੇਂਦੇ ਬਾਣੀਏਂ
ਹੋਰ ਕਰੇਂਦੇ ਰੀਸ

ਵਿਹਲਾ ਬਾਣੀਆਂ ਕੀ ਕਰੇ
ਏਥੋਂ ਚੁੱਕੇ ਉੱਥੇ ਧਰੇ

ਜੇ ਖਤਰੀ ਸਿਰ ਘੱਟਾ ਪਾਵੇ
ਤਾਂ ਵੀ ਖੱਟ ਘਰ ਆਵੇ

ਬਾਣੀਆਂ ਕੰਜੂਸ ਹੁੰਦਾ ਹੈ। ਛੇਤੀ ਕੀਤਿਆਂ ਲੰਗੋਟੀ ਢਿੱਲੀ ਨਹੀਂ ਕਰਦਾ-

ਨਿੰਬੂ ਅੰਬ ਅਰ ਬਾਣੀਆਂ
ਗਲ਼ ਘੁੱਟੇ ਰਸ ਦੇ

ਸੁਭਾਅ ਦਾ ਡਰੂ ਹੈ-

ਬਾਣੀਆਂ ਹੇਠਾਂ ਪਿਆ ਵੀ ਰੋਵੇ
ਉੱਤੇ ਪਿਆ ਵੀ ਰੋਵੇ

ਆਮ ਲੋਕ ਬਾਣੀਏਂ ਤੇ ਵਿਸ਼ਵਾਸ ਨਹੀਂ ਕਰਦੇ-

ਖਤਰੀ ਖੰਡ ਵਲ੍ਹੇਟਿਆ ਮੁਹਰਾ

ਇਸੇ ਕਰਕੇ ਕਿਹਾ ਜਾਂਦਾ ਹੈ-

ਜੀਹਦਾ ਬਾਣੀਆਂ ਯਾਰ
ਉਹਨੂੰ ਦੁਸ਼ਮਣ ਦੀ ਕੀ ਲੋੜ

ਅਨੇਕਾਂ ਲੋਕ ਗੀਤਾਂ ਵਿੱਚ ਬਾਣੀਏਂ ਦਾ ਜ਼ਿਕਰ ਆਉਂਦਾ ਹੈ

ਯਾਰੀ ਹੱਟੀ ਤੇ ਲਖਾਕੇ ਲਾਈਏ
ਦਗੇਦਾਰ ਹੋਗੀ ਦੁਨੀਆਂ

ਬਾਣੀਆਂ ਨੇ ਅਤਿ ਚੁੱਕ ਲੀ
ਸਾਰੇ ਜੱਟ ਕਰਜ਼ਾਈ ਕੀਤੇ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

ਤੇਰੀ ਮਾਂ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਬੜੀ

ਲਾਲਾ ਲੱਡੂ ਘਟ ਨਾ ਦਈਂ
ਤੇਰੀਓ ਕੁੜੀ ਨੂੰ ਦੇਣੇ

ਪਿੰਡ ਦਾ ਪਰੋਹਤ ਪਿੰਡ ਦਾ ਹਟਵਾਣੀਆਂ ਹੁੰਦਾ ਹੈ ਤੇ ਨਾਲ਼ ਹੀ ਦਵਾਈ ਬੂਟੀ ਕਰਨ ਵਾਲ਼ਾ ਹਕੀਮ। ਤਿਥ-ਤਿਉਹਾਰ ਤੇ ਉਹ ਕਈ ਧਾਰਮਿਕ ਰਸਮਾਂ ਅਦਾ ਕਰਦਾ ਹੈ। ਪੇਂਡੂ ਲੋਕ ਉਸ ਦੀ ਬ੍ਰਾਹਮਣੀ ਨੂੰ ਲੋਕ ਨਾਇਕਾ ਦੇ ਰੂਪ ਵਿੱਚ ਦੇਖਦੇ ਹਨ। ਇਸੇ ਕਰਕੇ ਅਨੇਕਾਂ ਲੋਕ ਗੀਤਾਂ ਵਿੱਚ 'ਬ੍ਰਾਹਮਣੀ' ਦਾ ਵਰਨਣ ਆਉਂਦਾ ਹੈ। ਕੰਮਾਂ ਕਾਰਾਂ ਵਿੱਚ ਰੁਝੀਆਂ ਜੱਟੀਆਂ ਐਨੀਆਂ ਬਣ ਠਣ ਕੇ ਨਹੀਂ ਰਹਿੰਦੀਆਂ ਜਿੰਨਾ ਕਿ ਬ੍ਰਾਹਮਣੀਆਂ ਲਿਸ਼ਕ ਪੁਸ਼ਕ ਕੇ ਵਿਚਰਦੀਆਂ ਹਨ। ਪੇਂਡੂ ਗੱਭਰੂਆਂ ਦੇ ਮਨਾਂ 'ਚ ਉਹ ਅਨੇਕਾਂ ਸੁਪਨੇ ਸਿਰਜਦੀਆਂ ਹਨ-

ਚੱਕ ਲੈ ਵਾਹਿਗੁਰੂ ਕਹਿ ਕੇ
ਬਾਹਮਣੀ ਗਲਾਸ ਵਰਗੀ

ਬਾਹਮਣੀ ਦਾ ਪੱਟ ਲਿਸ਼ਕੇ
ਜਿਵੇਂ ਕਾਲੀਆਂ ਘਟਾਂ ’ਚ ਬਗਲਾ

ਕਾਲ਼ਾ ਨਾਗ ਨੀ ਚਰ੍ਹੀ ਵਿੱਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ

ਰੰਡੀ ਬਾਹਮਣੀ ਪਰੋਸੇ ਫੇਰੋ
ਛੜਿਆਂ ਦੇ ਦੋ ਦੇਗੀ

ਜੱਟੀਆਂ ਨੇ ਜਟ ਕਰਲੇ
ਰੰਡੀ ਬਾਹਮਣੀ ਕਿਧਰ ਨੂੰ ਜਾਵੇ

ਬਾਹਮਣੀ ਲਕੀਰ ਕੱਢਗੀ
ਮੇਲ਼ ਨੀ ਜੱਟਾਂ ਦੇ ਆਉਣਾ

ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ

ਕਿਧਰੇ ਬ੍ਰਾਹਮਣ ਕੰਨਿਆ ਡਰਦੀ-ਡਰਦੀ ਅੱਖੀਆਂ ਲੜਾਉਂਦੀ ਹੈ-

ਬਾਹਮਣਾਂ ਦੇ ਘਰ ਕੰਨਿਆਂ ਕੁਆਰੀ
ਦਾਗ਼ ਲੱਗਣ ਤੋਂ ਡਰਦੀ
ਉੱਚਾ ਚੁਬਾਰਾ ਸਰਦ ਪੌੜੀਆਂ
ਛਮ-ਛਮ ਕਰਕੇ ਚੜ੍ਹਗੀ
ਸੁੱਤਾ ਪਿਆ ਉਹਨੇ ਯਾਰ ਜਗਾ ਲਿਆ
ਗੱਲਾਂ ਹਿਜ਼ਰ ਦੀਆਂ ਕਰਦੀ
ਅੱਖੀਆਂ ਜਾ ਲੱਗੀਆਂ-
ਜਿਹੜੀਆਂ ਗੱਲਾਂ ਤੋਂ ਡਰਦੀ

ਕੋਈ ਖਚਰਾ ਬ੍ਰਾਹਮਣਾਂ ਦਾ ਮਖੌਲ ਉਡਾਉਂਦਾ ਹੋਇਆ ਵਿਅੰਗ ਕਸਦਾ ਹੈ-

ਖਿਹ ਮਰਦੇ ਬ੍ਰਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ

ਪਿੰਡਾਂ 'ਚ ਪੰਡਿਤ ਨੂੰ ਦਾਦਾ ਆਖਦੇ ਹਨ। ਦਾਦੇ ਤੋਂ ਦਾਰੂ ਲੈਣ ਦਾ ਆਪਣਾ ਰੰਗ ਹੈ-

ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ

ਕਈ ਵਾਰ ਆਸ਼ਕ ਬਣਿਆਂ ਬਾਹਮਣ ਜੱਟਾਂ ਦੇ ਘਰ ਆ ਵੜਦਾ ਹੈ ਤੇ ਅੱਗੋਂ ਜੱਟੀ ਦਾ ਦਿਉਰ ਉਸ ਦੇ ਮੌਰਾਂ ’ਤੇ ਸਲੰਘਾਂ ਜੜਕੇ ਉਹਦੀ ਭੁਗਤ ਸੁਆਰਦਾ ਹੈ-

ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ਼ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਆਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ

ਇਸੇ ਭਾਵਨਾ ਨੂੰ ਦਰਸਾਉਂਦਾ ਇਕ ਹੋਰ ਲੋਕ ਗੀਤ ਹੈ

ਕਿੱਥੋਂ ਤੇ ਬਾਹਮਣ ਵੇ ਆਇਆ
ਕਿੱਥੇ 'ਕ ਪੈਗੀ ਰਾਤ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਦੱਖਣ ਤੋਂ ਬੀਬੀ ਨੀ ਆਇਆ
ਪੂਰਬ ਪੈਗੀ ਰਾਤ
ਨੀ ਮੇਰੀ ਰਾਜ ਧਿਆਣੀਏਂ

ਚੌਕਾ ਤਾਂ ਦਵਾਂ ਬਾਹਮਣਾ ਵੇ ਧੋਣਾ
ਭਾਂਡੇ ਮੈਂ ਦੇਵਾਂ ਵੇ ਮੰਜਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਪੂਰੀ ਪਕਾਵਾਂ ਬਾਹਮਣਾ ਵੇ ਬੇਲ ਕੇ
ਉੱਤੇ ਨੂੰ ਕਰਦਾਂ ਕੜਾਹ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਪੰਜ ਸੱਤ ਦਵਾਂ ਬਾਬਾ ਦਸ਼ਣਾ
ਗ਼ਲ ਦਾ ਦਵਾਂ ਵੇ ਹਾਰ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਅੰਦਰ ਵੜ ਬੀਬੀ ਨੀ ਪੁੱਛਦਾ
ਤੂੰ ਉੱਠ ਚਲ ਮੇਰੇ ਨਾਲ਼
ਨੀ ਮੇਰੀ ਰਾਜ ਧਿਆਣੀਏ

ਪੰਜ ਸੱਤ ਮਾਰਾਂ ਬਾਹਮਣਾਂ ਵੇ ਜੁੱਤੀਆਂ
ਬੰਨਾ ਦੇਊਂਗੀ ਟਪਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਅੱਜ ਕਲ੍ਹ ਨਲ਼ਕੇ ਆਮ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਝਿਊਰ ਲੋਕਾਂ ਦੇ ਘਰਾਂ ਵਿੱਚ ਸਵੇਰ ਸ਼ਾਮ ਪੀਣ ਲਈ ਪਾਣੀ ਭਰਿਆ ਕਰਦੇ ਸਨ ਤੇ ਤੀਜੇ ਪਹਿਰ ਆਮ ਕਰਕੇ ਝਿਉਰੀ ਹਰ ਪਿੰਡ ਵਿੱਚ ਦਾਣੇ ਭੁੰਨਣ ਲਈ ਭੱਠੀ ਤਪਾਉਂਦੀ ਸੀ। ਇਹ ਉਹੀ ਭੱਠੀ ਹੈ ਜਿਸ ਤੇ ਸਾਡਾ ਕਵੀ ਸ਼ਿਵ ਕੁਮਾਰ ਦਾਣਿਆਂ ਦਾ ਪਰਾਗਾ ਭੁਨਾਉਣ ਦੀ ਥਾਂ 'ਪੀੜਾਂ ਦਾ ਪਰਾਗਾ' ਭੁਨਾਉਂਦਾ ਹੈ।

ਤੱਤੀ-ਤੱਤੀ ਖਿੱਲ ਚੱਬਣ ਲਈ ਹੀ ਕੋਈ ਮਨਚਲਾ ਗੱਭਰੂ ਝਿਊਰਾਂ ਦੀ ਕੁੜੀ ਨਾਲ਼ ਯਾਰੀ ਲਾਉਣਾ ਲੋਚਦਾ ਹੈ-

ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ-ਤੱਤੀ ਖਿਲ ਚੱਬੀਏ

ਪਾਣੀ ਭਰੇਂਦੀਆਂ ਤੇ ਘੜੇ ਚੁੱਕੀ ਜਾਂਦੀਆਂ ਪੈਲਾਂ ਪਾਉਂਦੀਆਂ ਝਿਊਰਾਂ ਦੀਆਂ ਮੁਟਿਆਰਾਂ ਲੋਕ ਮਨਾਂ ਨੂੰ ਮੋਹ ਲੈਂਦੀਆਂ ਹਨ-

ਝਿਊਰਾਂ ਦੀ ਕੁੜੀ
ਘੜੇ ਦੋ-ਦੋ ਚੱਕਦੀ
ਗੜਵਾ ਚੁੱਕਦੀ ਰੇਤ ਦਾ
ਜਿੰਦ ਜਾਵੇ, ਮੁਕਲਾਵਾ ਚੇਤ ਦਾ

ਲੱਛੀ ਕੁੜੀ ਮਹਿਰਿਆਂ ਦੀ
ਘੜਾ ਚਕਦੀ ਨਾਗ਼ ਵਲ਼ ਖਾਵੇ
ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜਰਬ ਨਾ ਆਵੇ

ਪੰਜਾਬ ਦੇ ਪੇਂਡੂ ਭਾਈਚਾਰੇ ਵਿੱਚ ‘ਨਾਈਆਂ' ਦਾ ਵਿਸ਼ੇਸ਼ ਸਥਾਨ ਹੈ। ਨਾਈ ਨੂੰ ਸਤਿਕਾਰ ਵਜੋਂ ‘ਰਾਜੇ' ਦੇ ਲਕਬ ਨਾਲ਼ ਵੀ ਯਾਦ ਕੀਤਾ ਜਾਂਦਾ ਹੈ। ਨਾਈ ਵਿਆਹ ਸ਼ਾਦੀਆਂ ਦੇ ਅਵਸਰ ’ਤੇ ਜਿੱਥੇ ਗੱਠਾਂ ਆਦਿ ਲੈ ਕੇ ਦੂਰ ਰਿਸ਼ਤੇਦਾਰੀਆਂ ਵਿਚ ਸੁਨੇਹੇ ਪਹੁੰਚਾਉਂਦੇ ਹਨ ਉੱਥੇ ਉਹ ਸਮਾਜਿਕ ਰਸਮਾਂ ਸਮੇਂ ਵੀ ਕੰਮ ਕਾਰ ਵਿੱਚ ਹੱਥ ਵਟਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਉਹ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਕਰ ਆਉਂਦੇ ਸਨ ਤੇ ਮੁੰਡੇ ਕੁੜੀ ਵਾਲ਼ੇ ਉਹਨਾਂ ਤੇ ਪੂਰਾ ਭਰੋਸਾ ਕਰਦੇ ਸਨ। ਵਿਆਹ-ਮੁਕਲਾਵੇ ਸਮੇਂ ਨਾਇਣਾਂ ਨੂੰ ਵਿਆਹੁਲੀ ਕੁੜੀ ਦੇ ਨਾਲ਼ ਭੇਜਣ ਦਾ ਆਮ ਰਿਵਾਜ ਰਿਹਾ ਹੈ। ਉਹ ਮੁਟਿਆਰਾਂ ਨੂੰ ਵਿਸ਼ੇਸ਼ ਕਰਕੇ ਵਿਆਹੁਲੀਆਂ ਕੁੜੀਆਂ ਦੇ ਰੂਪ ਨੂੰ ਚਾਰ ਚੰਨ ਲਾਉਂਦੀਆਂ ਸਨ। ਅਨੇਕਾਂ ਲੋਕ ਗੀਤ ਨਾਇਣਾਂ ਬਾਰੇ ਪ੍ਰਚੱਲਤ ਹਨ-

ਜਿਗਰਾ ਨਾਈਆਂ ਦਾ
ਨੈਣਾਂ ਜੱਟਾਂ ਨਾਲ਼ ਤੋਰੀ

ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ

ਗੱਡੀ ਵਿੱਚ ਨਾ ਪਰਾਹੁਣਿਆਂ ਛੇੜੀਂ
ਘਰ ਜਾ ਕੇ ਨੈਣ ਦੱਸਦੂ

ਪਰੇ ਹਟ ਜਾ ਕੁਪੱਤੀਏ ਨੈਣੇ
ਇਕ ਵਾਰੀ ਦੇਖ ਲੈਣ ਦੇ

ਅੰਨ੍ਹੇ ਜੱਟ ਦਾ ਆਇਆ ਮੁਕਲਾਵਾ
ਗੱਡੀ ਵਿੱਚ ਨੈਣ ਦਬ ਲੀ



ਨਾਮਾ ਬੋਲਦਾ ਮਰਾਸਣੇ ਤੇਰਾ
ਪੱਟੀਆਂ ਨਾਇਣ ਗੁੰਦੀਆਂ

ਸਿਰ ਗੁੰਦ ਦੇ ਕੁਪੱਤੀਏ ਨੈਣੇਂ
ਉੱਤੇ ਪਾ ਦੇ ਡਾਕ ਬੰਗਲਾ

ਯਾਰੀ ਨਾਈਆਂ ਦੀ ਕੁੜੀ ਨਾਲ਼ ਲਾਈਏ
ਸਾਰੇ ਸੰਦ ਕੋਲ ਰੱਖਦੀ

ਕਈ ‘ਚਕਵੇਂ ਚੁੱਲ੍ਹੇ' ਜੱਟਾਂ ਦੀਆਂ ਲੜਾਈਆਂ ਵੀ ਕਰਵਾ ਦੇਂਦੇ ਹਨ-

ਡਾਂਗ ਜੱਟਾਂ ਦੀ ਖੜਕੇ
ਨਾਈਆਂ ਦੀ ਨੈਣ

ਕਿਹਾ ਜਾਂਦਾ ਹੈ ਕਿ ਜੱਗਾ ਡਾਕੂ ਨਾਈਆਂ ਨੇ ਵੱਢ ਸੁੱਟਿਆ ਸੀ-

ਪੂਰਨਾ
ਨਾਈਆਂ ਨੇ ਵਢ ਸੁੱਟਿਆ
ਜੱਗਾ ਸੂਰਮਾ

ਇਕ ਲੋਕ ਗੀਤ ਵਿੱਚ ਇਕ ਨਾਈ ਪਰਿਵਾਰ ਦਾ ਵਿਅੰਗਮਈ ਚਿਤਰਨ ਪੇਸ਼ ਕੀਤਾ ਗਿਆ ਹੈ-

ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾਂ ਫੜ ਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇਦਾਨੀ ਭਰ ਕੇ
ਹੱਟੀਓਂ ਜਾ ਕੇ ਚੌਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜ ਕੇ
ਕੋਲ਼ੇ ਠਾਣਾ ਕੋਲ ਸਿਪਾਹੀ
ਸਾਰਿਆਂ ਨੂੰ ਲੈ ਗਿਆ ਫੜ ਕੇ
ਪੰਦਰਾਂ-ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿੱਚ ਬਹਿ ਕੇ ਸੋਚਣ ਲੱਗੇ-

ਕੀ ਲਿਆ ਅਸਾਂ ਨੇ ਲੜ ਕੇ

ਪੇਂਡੂ ਜੀਵਨ ਵਿਚ ਘੁਮਾਰ ਵੀ ਆਪਣਾ ਯੋਗਦਾਨ ਪਾਉਂਦੇ ਹਨ। ਮਿੱਟੀ ਦੇ ਘੜੇ ਤੇ ਹੋਰ ਅਨੇਕਾਂ ਬਰਤਨ ਇਹ ਅਪਣੇ ਚੱਕ ਤੇ ਤਿਆਰ ਕਰਕੇ ਲੋਕਾਂ ਦਾ ਕੰਮ ਸਾਰਦੇ ਹਨ। ਲੋਕ ਮਨ ਘੁਮਿਆਰਾਂ ਨੂੰ ਵੀ ਭੁਲਾਉਂਦਾ ਨਹੀਂ। ਲੋਕ ਗੀਤਾਂ ਦਾ ਅਖਾੜਾ ਲੱਗਦਾ ਹੈ, ਘੁਮਿਆਰ ਜਿਨ੍ਹਾਂ ਨੂੰ ਸਤਿਕਾਰ ਵਜੋਂ ਪਰਜਾਪਤ ਵੀ ਆਖਦੇ ਹਨ, ਇਸ ਅਖਾੜੇ ਵਿੱਚ ਆ ਹਾਜ਼ਰ ਹੁੰਦੇ ਹਨ-

ਜੇ ਮੈਂ ਹੁੰਦੀ ਘੁਮਾਰਾਂ ਦੀ ਕੁੜੀ
ਘੜੇ ਪਰ ਘੜਾ ਚੜ੍ਹਾ ਰਖਦੀ
ਤਾਰ ਬੰਗਾਲੇ, ਤਾਰ ਬੰਗਲੇ
ਮਸ਼ੀਨ ਲਗਾ ਰੱਖਦੀ

ਗਧੇ ਤੋਂ ਘੁਮਾਰੀ ਡਿੱਗ ਪੀ
ਮੇਰਾ ਹਾਸਾ ਨਿਕਲਦਾ ਜਾਵੇ

ਕੱਚੀ ਕਲੀ ਕਚਨਾਰ ਦੀ
ਰੰਗ ਭਰਦੀ ਵਿਚ ਥੋੜ੍ਹਾ
ਝੂਠੀ ਯਾਰੀ ਜੱਟ ਘੁਮਾਰ ਦੀ
ਜਿਥੇ ਮਿਲੇ ਕਰੇ ਨਹੋਰਾ

ਪੰਜਾਬ ਦੀ ਗੋਰੀ ਦਰਜੀ ਨੂੰ ਉਸ ਵੱਲੋਂ ਨਿੱਕੀ ਜਿਹੀ ਕੀਤੀ ਬੇਈਮਾਨੀ ਤੇ ਗਾਲ਼ੀਆਂ ਕੱਢਦੀ ਹੈ-

ਮੇਰੀ ਰਖਲੀ ਸੁੱਖਣ ’ਚੋਂ ਟਾਕੀ
ਟੁੱਟੇ ਪੈਣੇ ਦਰਜੀ ਨੇ

ਕਿਸੇ ਨੂੰ ਹੁਸ਼ਨਾਕ ਤਰਖਾਣੀ ਨੂੰ ਸੱਕ ਹੂੰਝਦੀ ਵੇਖ ਕੇ ਤਰਸ ਆਉਂਦਾ ਹੈ-

ਤੇਰੀ ਚੰਦਰੀ ਦੀ ਜਾਤ ਤਖਾਣੀ
ਚੂੜਾ ਪਾ ਕੇ ਸੱਕ ਹੂੰਝਦੀ

ਬੱਕਰੀਆਂ ਵਾਲ਼ੇ ਗੁੱਜਰ ਵੀ ਇਹਨਾਂ ਲੋਕ ਗੀਤਾਂ ’ਚ ਬੱਕਰੀਆਂ ਚਾਰਦੇ ਨਜ਼ਰ ਆਉਂਦੇ ਹਨ-

ਹਾਕਾਂ ਮਾਰਦੇ ਬੱਕਰੀਆਂ ਵਾਲ਼ੇ
ਦੁੱਧ ਪੀ ਕੇ ਜਾਈਂ ਜੈ ਕੁਰੇ

ਕੋਈ ਆਪਣੇ ਦਿਲ ਦੇ ਮਹਿਰਮ ਨੂੰ ਗੁਜਰੀ ਨਾਲ਼ ਯਾਰੀ ਪਾਉਣ ਤੋਂ ਰੋਕਦੀ ਹੈ-

ਬੱਕਰੀ ਦਾ ਦੁੱਧ ਗਰਮੀ
ਵੇ ਤੂੰ ਛੱਡ ਗੁਜਰੀ ਦੀ ਯਾਰੀ

ਸੁਨਿਆਰ ਪੰਜਾਬੀ ਭਾਈਚਾਰੇ ਦਾ ਇਕ ਅਜਿਹਾ ਪਾਤਰ ਹੈ ਜਿਸ ਤੇ ਸਾਰੇ ਰਸ਼ਕ ਕਰਦੇ ਹਨ-

ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿੱਚ ਮੇਖਾਂ

ਟਿਕਾ ਘੜਦੇ ਸੁਨਿਆਰਾ ਚਿੱਤ ਲਾ ਕੇ
ਗੁੰਦਣਾ ਭਤੀਜੇ ਦੇ

ਸੁਨਿਆਰਾਂ ਦਿਆ ਮੁੰਡਿਆ ਵੇ
ਸਾਡੀ ਮਛਲੀ ਵੇ ਘੜਦੇ
ਉੱਤੇ ਪਾ ਦੇ ਮੋਰਨੀਆਂ
ਅਸੀਂ ਸੱਸ ਮੁਕਾਲਵੇ ਤੋਰਨੀ ਆਂ

ਸੁਨਿਆਰੀਆਂ ਦਾ ਡੁੱਲ੍ਹ-ਡੁੱਲ੍ਹ ਜਾਂਦਾ ਰੂਪ ਕਈਆਂ ਦੀ ਹੋਸ਼ ਭੁਲਾ ਦੇਂਦਾ ਹੈ। ਬਰੋਟੇ ਹੇਠ ਦਾਤਣ ਕਰ ਰਹੀ ਸੁਨਿਆਰੀ ਨੂੰ ਵੇਖ ਕਈ ਮਨਚਲੇ ਸੁੰਨ ਹੋ ਜਾਂਦੇ ਹਨ-

ਹੋਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ

ਕਈ ਚਾਟ ਤੇ ਲੱਗੀਆਂ ਸੁਨਿਆਰੀਆਂ ਵਸਦੇ ਘਰਾਂ ਨੂੰ ਉਜਾੜ ਦੇਂਦੀਆਂ ਹਨ-

ਅੱਗੇ ਸੁਨਿਆਰੀ ਦੇ ਬੁੱਕ-ਬੁੱਕ ਡੰਡੀਆਂ
ਹੁਣ ਕਿਉਂ ਪਾ ਲਏ ਡੱਕੇ
ਸੁਨਿਆਰੀਏ ਵਸਦੇ ਨੀ
ਤੈਂ ਵਸਦੇ ਘਰ ਪੱਟੇ

ਹੋਰ ਵੀ ਅਨੇਕਾਂ ਲੋਕ ਗੀਤ ਪ੍ਰਚੱਲਤ ਹਨ ਜਿਨ੍ਹਾਂ ਵਿੱਚ ਪੰਜਾਬ ਵਿੱਚ ਵਸਦੀਆਂ ਭਿੰਨ-ਭਿੰਨ ਜਾਤੀਆਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹਨਾਂ ਗੀਤਾਂ ਦਾ ਅਧਿਐਨ ਕਰਕੇ ਅਸੀਂ ਵੱਖ-ਵੱਖ ਜਾਤਾਂ ਦੇ ਸੁਭਾ ਤੇ ਕਿਰਦਾਰ ਤੋਂ ਜਾਣੂੰ ਹੋ ਸਕਦੇ ਹਾਂ। ਇਹ ਪੰਜਾਬੀ ਭਾਈਚਾਰੇ ਦਾ ਅਨਿੱਖੜਵਾਂ ਅੰਗ ਹਨ।

ਲੋਕ ਜੀਵਨ ਤੇ ਦਾਰੂ

ਆਦਿ ਕਾਲ ਤੋਂ ਹੀ ਭਾਰਤੀ ਲੋਕ ਜੀਵਨ ਵਿੱਚ ਸ਼ਰਾਬ ਦੀ ਵਰਤੋਂ ਦੇ ਸੰਕੇਤ ਮਿਲਦੇ ਹਨ। ਇਸ ਦਾ ਜ਼ਿਕਰ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਉਪਲਬਧ ਹੈ। ਸ਼ਰਾਬ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਰਾਬ ਦੀ ਸੰਗਯਾ-ਸ਼ਰਬ ਹੈ, ਜਿਸ ਦਾ ਭਾਵ-ਅਰਥ ਹੈ ਪੀਣ ਯੋਗ ਪਦਾਰਥ। ਸ਼ਰ-ਆਬ-ਸ਼ਰਾਰਤ ਭਰਿਆ ਪਾਣੀ। ਮਦਿਰਾ, ਸੁਰਾ ਤੇ ਸੋਮ ਸ਼ਰਾਬ ਦੇ ਹੀ ਨਾਂ ਹਨ।

ਸੂਰਾ ਸੰਸਕ੍ਰਿਤ ਦਾ ਸ਼ਬਦ ਹੈ। ਇਕ ਪੁਰਾਣਕ ਕਥਾ ਅਨੁਸਾਰ ਖੀਰ ਸਮੁੰਦਰ ਮੰਥਨ ਸਮੇਂ ਨਿਕਲੇ 14 ਰਤਨਾਂ ਵਿੱਚ ਇਕ ਨਸ਼ੀਲੀ ਵਸਤ ਸੁਰਾ (ਸ਼ਰਾਬ) ਵੀ ਸੀ। ਇਸ ਦਾ ਸੁਰਾ ਦੇਵੀ ਦੇ ਰੂਪ ਵਿੱਚ ਮਾਨਵੀ-ਕਰਨ ਕੀਤਾ ਗਿਆ ਹੈ।1

ਬਾਲਮੀਕੀ ਰਮਾਇਣ ਦੇ ਬਾਲ ਖੰਡ ਦੇ 45ਵੇਂ ਅਧਿਆਇ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੇ ਹੀ ਦੇਵ ਸੁਰ ਅਖਵਾਏ। ਪੁਰਾਣੇ ਜ਼ਮਾਨੇ ਵਿੱਚ ਸੁਰਾ ਦੀ ਵੱਡੀ ਮਹਿਮਾ ਮੰਨੀ ਗਈ ਹੈ। ਸਿੱਖ ਧਰਮ ਵਿਚ ਸੁਰਾ ਦਾ ਪੂਰਾ ਤਿਆਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ ਸਰਾ ਪਦ ਵੀ ਹੈ, "ਸਚੁ ਸਰਾ ਗੁੜ ਬਾਹਰਾ।" (ਸ੍ਰੀ ਮ. ਪਹਿੱਲਾ)

ਸੋਮ ਵੀ ਸੰਸਕ੍ਰਿਤ ਭਾਸ਼ਾ ਦਾ ਹੀ ਸ਼ਬਦ ਹੈ। ਰਿਗਵੇਦ ਅਨੁਸਾਰ ਇਹ ਇਕ ਰਸੀਲੇ ਰਸ ਦਾ ਨਾਉਂ ਹੈ ਜੋ ਸੋਮ ਵੱਲੀ (ਇਕ ਬੇਲ ਜਿਸ ਦੇ ਰਸ ਤੋਂ ਸੋਮ ਰਸ ਬਣਾਇਆ ਜਾਂਦਾ ਹੈ) ਨੂੰ ਨਚੋੜ ਕੇ ਅਤੇ ਉਬਾਲ ਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ। ਇਹ ਭਿੰਨੀ-ਭਿੰਨ ਖੁਸ਼ਬੋ ਵਾਲਾ ਹੁੰਦਾ ਹੈ, ਪਰੋਹਤ ਅਤੇ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ। ਰਿਗਵੇਦ ਵਿਚ ਸੋਮ ਰਸ ਦਾ ਹਾਲ ਵੱਡੇ ਵਿਸਤਾਰ ਨਾਲ ਲਿਖਿਆ ਗਿਆ ਹੈ।2

‘ਫਰਹੰਗੇ-ਏ-ਜਹਾਂਗੀਰੀ' ਵਿੱਚ ਦਰਜ ਹੈ ਕਿ ਖੁਸਰੋ ਬਾਦਸ਼ਾਹ ਦੇ ਰਾਜ ਕਾਲ ਵਿੱਚ ਸ਼ਰਾਬ ਦਾ ਰਿਵਾਜ ਹੋਇਆ। ਉਹ ਅੰਗੂਰਾਂ ਦਾ ਅਰਕ ਪੀਂਦਾ ਹੁੰਦਾ ਸੀ ਅਤੇ ਜਿਹੜਾ ਜੂਠਾ ਅਰਕ ਬਚ ਰਹਿੰਦਾ, ਉਸ ਨੂੰ ਇਕ ਭਾਂਡੇ ਵਿੱਚ ਇਕੱਠਾ ਕਰਾਈ ਜਾਂਦਾ ਸੀ, ਜੋ ਖਮੀਰ ਉੱਠ ਕੇ ਸ਼ਰਾਬ ਬਣ ਜਾਂਦਾ ਸੀ। ਇਕ ਦਿਨ ਇਕ ਬਾਂਦੀ ਨਾਲ ਗੁੱਸੇ ਹੋ ਕੇ ਉਸ ਨੂੰ ਪਿਲਾ ਦਿੱਤਾ ਤਾਂ ਉਹ ਨਸ਼ੇ ਵਿੱਚ ਆ ਕੇ ਨੱਚਣ ਲੱਗ ਪਈ। ਕਈ ਕਹਿੰਦੇ ਹਨ ਕਿ ਬਾਂਦੀ ਨੇ ਕਿਸੇ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਦੇ ਖਿਆਲ ਨਾਲ ਆਪ ਪੀਤਾ ਸੀ ਜਿਸ ਸਦਕਾ ਉਹ ਮਰਨ ਦੀ ਥਾਂ ਖ਼ੁਸ਼ੀ ਨਾਲ ਨੱਚਣ ਲੱਗ ਪਈ। ਸੋ ਬਾਦਸ਼ਾਹ ਨੇ ਇਹ ਹਾਲ ਵੇਖ ਕੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ।

ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ 'ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ ਬੂਟੀ ਅਤੇ ਔਸ਼ੁਧੀ ਲਈ ਵਰਤਿਆ ਜਾਂਦਾ ਹੈ। ਪੰਜਾਬੀ ਲੋਕ ਗੀਤ ਹੈ-

ਦਾਦਾ ਦੇ ਦੰਦਾਂ ਦੀ ਦਾਰੁ

ਦਾਦੀ ਦੇ ਦੰਦ ਦੁਖਦੇ

ਹੋਰ

ਲੋਕਾਂ ਭਾਣੇ ਹੋਗੀ ਕੰਜਰੀ

ਸੁਰਮਾਂ ਅੱਖਾਂ ਦੀ ਦਾਰੁ

ਹੁਣ ਤੋਂ ਚਾਰ-ਪੰਜ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿੱਚ ਅੱਜ ਕਲ੍ਹ ਵਾਂਗ ‘ਸ਼ਰਾਬ ਦੇ ਦਰਿਆ’ ਨਹੀਂ ਸੀ ਵਗਦੇ....ਲੋਕ ਕਦੀ-ਕਦੀ ਮੇਲਿਆਂ ਮੁਸਾਹਵਿਆਂ, ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਤੇ ਥੋੜ੍ਹੀ ਮਾਤਰਾ ਵਿੱਚ ਦਾਰੂ ਪੀ ਕੇ ਖ਼ੁਸ਼ੀ ਸਾਂਝੀ ਕਰਦੇ ਸਨ। ਸ਼ਰਾਬ ਆਮ ਕਰਕੇ ਘਰ ਦੀ ਕੱਢੀ ਹੋਈ ਰੂੜੀ ਮਾਰਕਾ ਪੀਣ ਦਾ ਰਿਵਾਜ ਸੀ। ਜਦੋਂ ਕਦੀ ਕਿਸੇ ਦੇ ਘਰ ਪਰਾਹੁਣਾ ਧਰੌਣਾ ਆਉਣਾ, ਉਸਦੀ ਸੇਵਾ ਵੀ ਦਾਰੂ ਪਿਲਾ ਕੇ ਕੀਤੀ ਜਾਂਦੀ ਸੀ। ਦਾਰੂ ਪੀਣ ਦੇ ਸਬੰਧ ਵਿੱਚ ਕਈ ਇਕ ਵਰਜਣਾਂ/ਮਨਾਹੀਆਂ ਵੀ ਸਨ। ਪਿਉ-ਪੁੱਤਰ, ਸਹੁਰਾ ਜੁਆਈ ਇਕੱਠੇ ਬੈਠ ਕੇ ਨਹੀਂ ਸੀ ਪੀਂਦੇ-ਭਾਈ ਭੈਣ ਦੇ ਸਹੁਰੀਂ ਗਿਆ ਆਪਣੇ ਜੀਜੇ ਨਾਲ ਪਿਆਲੀ ਸਾਂਝੀ ਨਹੀਂ ਸੀ ਕਰਦਾ। ਔਰਤਾਂ ਅਤੇ ਬੱਚਿਆਂ ਨੂੰ ਵੀ ਸ਼ਰਾਬ ਪੀਣ ਦੀ ਮਨਾਹੀ ਸੀ। ਅੱਜਕਲ੍ਹ ਵਾਂਗ ਕੁੜੀ ਦੇ ਵਿਆਹ ਦੇ ਅਵਸਰ ਤੇ ਬਰਾਤ ਨਾਲ਼ ਆਏ ਜਨੇਤੀਆਂ ਨੂੰ ਕੁੜ੍ਹੀ ਵਾਲੀ ਧਿਰ ਵੱਲੋਂ ਸ਼ਰਾਬ ਨਹੀਂ ਸੀ ਪਿਆਈ ਜਾਂਦੀ। ਇਨ੍ਹਾਂ ਵਰਜਣਾਂ ਦੇ ਹੁੰਦੇ ਹੋਏ ਵੀ ਸ਼ਰਾਬ ਅਤੇ ਹੋਰ ਨਸ਼ੇ ਲੁਕਵੇਂ ਰੂਪ ਵਿੱਚ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਪ੍ਰਵੇਸ਼ ਕਰਕੇ ਪੰਜਾਬੀਆਂ ਦੀ ਆਰਥਿਕਤਾ ਅਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਅਜੋਕੇ ਸਮੇਂ ਵਿੱਚ ਤਾਂ ਨਸ਼ਿਆਂ ਦੀ ਹੋੜ ਨੇ ਪੰਜਾਬ ਦੀ ਜੁਆਨੀ ਨੂੰ ਕਿਸੇ ਪਾਸੇ ਜੋਗੀ ਨਹੀਂ ਰਹਿਣ ਦਿੱਤਾ।

ਲੋਕ ਗੀਤ ਜਨ-ਸਾਧਾਰਨ ਦੇ ਹਾਵਾਂ-ਭਾਵਾਂ, ਗ਼ਮੀਆਂ-ਖੁਸ਼ੀਆਂ, ਉਮੰਗਾਂ ਅਤੇ ਉਦਗਾਰਾਂ ਦੀ ਹੀ ਤਰਜਮਾਨੀ ਨਹੀਂ ਕਰਦੇ ਬਲਕਿ ਉਹਨਾਂ ਦੇ ਜੀਵਨ ਵਿੱਚ ਵਾਪਰਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਰਤਾਰਿਆਂ ਦੀ ਗਾਥਾ ਨੂੰ ਵੀ ਬਿਆਨ ਕਰਦੇ ਹਨ। ਲੋਕ ਗੀਤ ਜ਼ੋਰੀਂ ਨਹੀਂ ਰਚੇ ਜਾਂਦੇ। ਇਹ ਤਾਂ ਉਹ ਆਬਸ਼ਾਰਾਂ ਹਨ ਜੋ ਆਪ ਮੁਹਾਰੇ ਹੀ ਵਹਿ ਤੁਰਦੀਆਂ ਹਨ। ਪੰਜਾਬ ਦੀਆਂ ਮੁਟਿਆਰਾਂ ਨੇ ਸ਼ਰਾਬੀ, ਨਸ਼ੇਈ ਅਤੇ ਵੈਲੀ ਪਤੀਆਂ ਹੱਥੋਂ ਜਿਹੜਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀ ਗਾਥਾ ਨੂੰ ਉਹਨਾਂ ਨੇ ਵੇਦਨਾਤਮਕ ਸੁਰ ਵਾਲ਼ੇ ਅਨੇਕਾਂ ਲੋਕ ਗੀਤਾਂ ਰਾਹੀਂ ਬਿਆਨ ਕੀਤਾ ਹੈ। ਮੌਜ ਮਸਤੀ 'ਚ ਝੂਮਦੇ, ਬਾਘੀਆਂ ਪਾਉਂਦੇ, ਬੱਕਰੇ ਬੁਲਾਉਂਦੇ, ਲੜਾਈਆਂ ਲੜਦੇ ਤੇ ਨਚਦੇ ਗਾਉਂਦੇ ਸ਼ਰਾਬੀ ਗੱਭਰੂਆਂ ਦੇ ਦ੍ਰਿਸ਼ ਵੀ ਇਹਨਾਂ ਵਿੱਚ ਵਿਦਮਾਨ ਹਨ। ਕੋਈ ਗੱਭਰੂ ਦਾਰੂ ਪੀ ਕੇ ਲਲਕਾਰੇ ਮਾਰਦਾ ਹੋਇਆ ਆਪਣੀ ਪਛਾਣ ਦਰਸਾਉਂਦਾ ਹੈ-

ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ
ਨਾਉਂ ਮੇਰਾ ਦਰਬਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ

ਸ਼ਰਾਬ ਦੀ ਮਸਤੀ ’ਚ ਮੇਲਿਆਂ-ਮਸਾਹਵਿਆਂ ਤੇ ਕੀਤੀਆਂ ਖਰਮਸਤੀਆਂ ਅਤੇ ਲੜਾਈਆਂ-ਭੜਾਈਆਂ ਦਾ ਜ਼ਿਕਰ ਕਈ ਲੋਕ ਗੀਤਾ 'ਚ ਆਇਆ ਹੈ-

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਉੱਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਤਿੰਨ ਸੇਰ ਸੋਨਾ ਲੁਟਿਆ
ਭਾਣ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਗਿਰਿਆ
ਜਿਵੇਂ ਹਲ਼ ਤੋਂ ਗਿਰੇ ਪੰਜਾਲੀ
ਲੱਗੀਆਂ ਹੱਥਕੜੀਆਂ-
ਹੋਗੀ ਜੇਲ੍ਹ ਦੀ ਤਿਆਰੀ

ਛਪਾਰ ਦੇ ਮੇਲੇ 'ਤੇ ਵੀ ਵੈਲੀਆਂ ਦੇ ਭੇੜ ਹੋ ਜਾਂਦੇ ਸਨ

ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲਗਦਾ ਜਰਗ ਤੋਂ ਭਾਰੀ
ਕੱਠ ਮੁਸਟੰਡਿਆਂ ਦੇ
ਉੱਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਤਿੰਨ ਸੇਰ ਸੋਨਾ ਲੁੱਟਿਆ
ਭਾਨ ਲੁਟ ਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦਸ ਦਿਆਂ
ਜੀਹਦੇ ਚਲਦੇ ਮੁਕਦਮੇਂ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ਼ ਪੁਲਿਸ ਚੜ੍ਹੀ ਸੀ ਸਾਰੀ
ਕੁੱਟਦਿਆਂ ਦੇ ਹੱਥ ਥੱਕ ਗੇ
ਉਹਨੇ ਸੀ ਨਾ ਕਰੀ ਇਕ ਵਾਰੀ
ਇਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਤੈਂ ਕਿਉਂ ਛੇੜੀ ਸੀ-
ਨਾਗਾਂ ਦੀ ਪਟਿਆਰੀ

ਲੁਧਿਆਣੇ ਲਗਦੀ ਰੌਸ਼ਨੀ ਦੇ ਮੇਲੇ 'ਤੇ ਵੀ ਵੈਲੀਆਂ ਦੇ ਪੁਲਿਸ ਨਾਲ਼ ਟਾਕਰੇ ਹੋ ਜਾਣੇ ਤੇ ਡਾਂਗ ਬਹਾਦਰਾਂ ਨੇ ਪੁਲਿਸ ਨੂੰ ਭਾਜੜਾਂ ਪਾ ਦੇਣੀਆਂ:

ਆਰੀ ਆਰੀ ਆਰੀ
ਲੁਧਿਆਣੇ ਟੇਸ਼ਣ ਤੇ
ਲਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਬੋਤਲਾਂ ਮੰਗਾ ਲੀਆਂ ਚਾਲ਼ੀ
ਪੀ ਕੇ ਬੋਤਲਾ ਚੜ੍ਹਗੇ ਮੋਟਰੀਂ
ਫੇਰ ਆਏ ਸ਼ਹਿਰ ਬਜ਼ਾਰੀਂ
ਬਾਹਮਣਾਂ ਦਾ ਪੁੱਤ ਗੱਭਰੂ
ਹੱਥ ਟਕੂਆ ਤੇ ਨਾਲ਼ ਗੰਧਾਲੀ
ਘੋੜੀ ਉੱਤੋਂ ਨੈਬ ਸੁੱਟ ਲਿਆ
ਨਾਲੇ ਪੁਲਿਸ ਦਬੱਲੀ ਸਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਰਿਆਸਤ ਨਾਭਾ ਵਿੱਚ ਜਿਹੜੀ ਸ਼ਰਾਬ ਬਣਦੀ ਸੀ, ਉਸ ਦੀ ਬੋਤਲ ਦੀ ਬਨਾਵਟ ਬਹੁਤ ਖੂਬਸੂਰਤ ਹੋਇਆ ਕਰਦੀ ਸੀ। ਇਹ ਗੱਲਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਹਨ। ਕਿਸੇ ਮਧ ਭਰੇ ਨੈਣਾਂ ਵਾਲ਼ੀ ਬਾਂਕੀ ਮੁਟਿਆਰ ਨੂੰ ਤੱਕ ਕੇ ਲਟਬੌਰੇ ਹੋਏ ਗੱਭਰੂ ਉਸ ਦੀ ਤੁਲਨਾ ਨਾਭੇ ਦੀ ਬੋਤਲ ਨਾਲ਼ ਕਰਕੇ ਨਸ਼ਿਆ ਜਾਂਦੇ ਸਨ-

ਨਾਭੇ ਦੀਏ ਬੰਦ ਬੋਤਲੇ
ਤੈਨੂੰ ਵੇਖ ਕੇ ਨਸ਼ਾ ਚੜ੍ਹ ਜਾਵੇ

ਕੋਈ ਅਪਣੀ ਕਿਸਮਤ ਤੇ ਝੂਰਦਾ

ਨਾਭੇ ਦੀਏ ਬੰਦ ਬੋਤਲੇ
ਤੈਨੂੰ ਪੀਣਗੇ ਨਸੀਬਾਂ ਵਾਲੇ

ਨਾਭੇ ਦੀ ਬੰਦ ਬੋਤਲ ਵਰਗੀ ਮੁਟਿਆਰ ਦੇ ਨੈਣਾਂ ਵਿੱਚ ਡਲ੍ਹਕਦੇ ਮਦ-ਭਰੇ ਡੋਰਿਆਂ ਨੂੰ ਤਕ ਕੇ ਗੱਭਰੂ ਧੁਰ ਅੰਦਰ ਤਕ ਸਰੂਰੇ ਜਾਂਦੇ ਹਨ-

ਕਦੇ ਆਉਣ ਨੇਰ੍ਹੀਆਂ
ਕਦੇ ਜਾਣ ਨੇਰ੍ਹੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ
ਹੋਰ
ਕਾਲੀ ਚੁੰਨੀ ਚੋਂ ਭਾਉਂਦੀਆਂ ਅੱਖੀਆਂ
ਜਿਵੇਂ ਚਮਕਣ ਤਾਰੇ
ਮਨ ਨੂੰ ਮੋਹ ਲਿਆ ਨੀ
ਬੋਤਲ ਵਰਗੀਏ ਨਾਰੇ

ਪੰਜਾਬ ਵਿੱਚ ਔਰਤਾਂ ਸ਼ਰਾਬ ਨਹੀਂ ਪੀਂਦੀਆਂ। ਪਿੰਡਾਂ ਵਿੱਚ ਲੁਕ ਛਿਪ ਕੇ ਪੀਣ ਵਾਲੀਆਂ ‘ਵੈਲਣਾਂ' ਹਜ਼ਾਰਾਂ 'ਚ ਇਕ ਅੱਧ ਹੀ ਹੁੰਦੀਆਂ ਹਨ। ਪਰ ਲੋਕ ਗੀਤਾਂ ਵਿੱਚ ਔਰਤਾਂ ਦੇ ਸ਼ਰਾਬ ਪੀਣ ਦਾ ਨਾਂ ਮਾਤਰ ਹੀ ਜ਼ਿਕਰ ਹੈ। ਮੈਨੂੰ ਕੇਵਲ ਤਿੰਨ ਲੋਕ ਗੀਤ ਅਜਿਹੇ ਮਿਲ਼ੇ ਹਨ ਜਿਨ੍ਹਾਂ ਵਿੱਚ ਕਿਸੇ ਔਰਤ ਦੇ ਸ਼ਰਾਬ ਪੀਣ ਦੀ ਸ਼ਾਹਦੀ ਮਿਲਦੀ ਹੈ-

ਲੱਛੋ ਬੰਤੀ ਪੀਣ ਸ਼ਰਾਬਾਂ
ਨਾਲ਼ ਮੰਗਣ ਤਰਕਾਰੀ
ਲੱਛੋ ਨਾਲੋਂ ਚੜ੍ਹਗੀ ਬੰਤੀ
ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲ਼ੀ
ਪੰਜ ਸਤ ਕੁੜੀਆਂ ਭੱਜੀਆਂ ਘਰਾਂ ਨੂੰ

ਮੀਂਹ ਨੇ ਘੇਰੀਆਂ ਚਾਲ਼ੀ
ਨੀ ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

ਇਕ ਗੀਤ ਵਿੱਚ ਭਾਬੀ ਅਤੇ ਦਿਓਰ ਦਾ ਰਲ਼ ਕੇ ਦਾਰੂ ਪੀਣ ਦਾ ਜ਼ਿਕਰ ਆਉਂਦਾ ਹੈ-

ਲਿਆ ਦਿਓਰਾ ਆਪਾਂ ਖੁਰਲੀ ਬਣਾਈਏ
ਕੋਲ਼ ਬਣਾਈਏ ਚਰਨਾ
ਇਕ ਚਿੱਤ ਕਰਦਾ ਦਿਓਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ-
ਕੌਲ਼ ਬਾਝ ਨੀ ਸਰਨਾ

ਤੀਜੇ ਗੀਤ ਵਿੱਚ ਵਿੱਚ ਇਕ ਵੈਲਣ ਮੁਟਿਆਰ ਦੇ ਅਪਣੇ ਹੱਥੀਂ ਦਾਰੂ ਕਸ਼ੀਦ ਕਰਕੇ ਪੀਣ ਦਾ ਹਵਾਲਾ ਵੀ ਮਿਲਦਾ ਹੈ-

ਗੋਲ਼ ਮੋਲ਼ ਮੈਂ ਪੱਟਾਂ ਟੋਆ
ਵਿੱਚ ਸ਼ਰਾਬਾਂ ਕੱਢਦੀ
ਪਹਿਲਾ ਪੈੱਗ ਤੂੰ ਪੀ ਵੇ ਆਸ਼ਕਾ
ਫੇਰ ਬੋਤਲਾਂ ਭਰਦੀ
ਦਾਰੂ ਪੀ ਕੇ ਗੁੱਟ ਹੋ ਜਾਂਦੀ
ਫੇਰ ਕਲੋਲਾਂ ਕਰਦੀ
ਖੂਨਣ ਧਰਤੀ ਤੇ-
ਬੋਚ ਬੋਚ ਪੱਬ ਧਰਦੀ

ਇਕ ਹੋਰ ਗੀਤ ਵਿੱਚ ਬਖਤੌਰੇ ਦੀ ਭੈਣ ਲੰਡੇ ਊਂਠ ਨੂੰ ਸ਼ਰਾਬ ਪਿਆਉਂਦੀ ਨਜ਼ਰੀਂ ਪੈਂਦੀ ਹੈ-

ਲੰਡੇ ਉਂਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ

ਜਿਹੜੇ ਗੱਭਰੁ ਸ਼ਰਾਬ ਪੀਣ ਦੀ ਆਦਤ ਦੇ ਸ਼ਿਕਾਰ ਹੋ ਜਾਂਦੇ ਹਨ ਉਹ ਕਾਸੇ ਜੋਗੇ ਨਹੀਂ ਰਹਿੰਦੇ-ਉਹਨਾਂ ਦੀ ਜਵਾਨੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ। ਜਦੋਂ ਕਦੇ ਅਜਿਹੇ ਨਿੱਤ ਦੇ ਸ਼ਰਾਬੀ ਦਾ ਵਿਆਹ-ਮੁਕਲਾਵਾ ਹੋ ਜਾਵੇ ਤਾਂ ਪੰਜਾਬ ਦੀ ਲੋਕਆਤਮਾ ਉਸ ਨਾਲ਼ ਵਿਆਹੀ ਜਾਣ ਵਾਲ਼ੀ ਨਾਜੋ ਦੀ ਹੋਣੀ ਤੇ ਹੰਝੂ ਕੇਰਦੀ ਹੈ-

ਸੁਖਾ ਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ ਦੀਆਂ

ਛੋਲੇ ਬੀਜ ਲੇ ਮਾਰੂ
ਏਸ ਪਟੋਲੇ ਨੂੰ-
ਕੀ ਮੁਕਲਾਵਾ ਤਾਰੂ

ਕਈ ਵਾਰ ਮਾਪੇ ਜਾਣਦੇ ਹੋਏ ਵੀ, ਵੱਡੇ ਘਰ ਦੇ ਲਾਲਚ ਵਿਚ ਆ ਕੇ ਆਪਣੀ ਮਲੂਕ ਜਿਹੀ ਧੀ ਨੂੰ ਕਿਸੇ ਸ਼ਰਾਬੀ ਦੇ ਲੜ ਲਾ ਦਿੰਦੇ ਹਨ। ਉਹਨਾਂ ਦੀ ਸੋਚਣੀ ਹਾਂ-ਪੱਖੀ ਹੁੰਦੀ ਹੈ, ਉਹ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਪੈਣ ਤੇ ਮੁੰਡਾ ਆਪੇ ਸੁਧਰ ਜਾਵੇਗਾ। ਪ੍ਰੰਤੂ ਸੁਖ਼ ਦੀ ਥਾਂ ਧੀ ਨੂੰ ਜਿਹੋ-ਜਿਹਾ ਜੀਵਨ ਬਿਤਾਉਣਾ ਪੈਂਦਾ ਹੈ, ਉਸ ਬਾਰੇ ਉਹ ਗਿੱਧੇ ਦੇ ਪਿੜ ਵਿੱਚ ਆਪਣੇ ਮਾਪਿਆਂ ਨੂੰ ਉਲਾਂਭਾ ਦਿੰਦੀ ਹੈ-

ਸੁਣ ਵੇ ਤਾਇਆ
ਸੁਣ ਵੇ ਚਾਚਾ
ਸੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ
ਮੈਂ ਕੂੰਜ ਕਿਉਂ ਡੋਬੀ

ਮਾਪਿਆਂ ਅਪਣਾ ਫਰਜ਼ ਪੂਰਾ ਕਰ ਦਿੱਤਾ-ਕੁੜੀ ਵਿਆਹ ਦਿੱਤੀ-ਅੱਗੇ ਕੁੜੀ ਦੇ ਭਾਗ-ਪਰ ਕੂੰਜ ਕੁਰਲਾਉਂਦੀ ਰਹਿੰਦੀ ਹੈ.. ਆਪਣੇ ਸ਼ਰਾਬੀ ਪਤੀ ਅੱਗੇ ਵਾਸਤੇ ਪਾਉਂਦੀ ਏ...ਦਾਰੂ ਦਾ ਪਿਆਲਾ ਭੰਨਣ ਦੀ ਕੋਸ਼ਿਸ਼ ਕਰਦੀ ਏ ਪ੍ਰੰਤੂ ਅੱਗੋਂ ਛੱਡਣ ਦਾ ਡਰ ਤੇ ਮਜ਼ਬੂਰੀਆਂ-

ਦਾਰੂ ਪੀਤਿਆਂ ਸਿੰਘਾ ਤੈਨੂੰ ਕੀ ਵਡਿਆਈ
ਭਲਾ ਜੀ ਤੇਰੇ ਮੁਖ ਪਰ ਜਰਦੀ ਆਈ
ਦਾਰੂ ਪੀਤਿਆਂ ਨਾਜੋ ਸਭ ਵਡਿਆਈ
ਭਲਾ ਜੀ ਮੇਰੇ ਨੈਣਾਂ ਦੀ ਜੋਤ ਸਵਾਈ
ਭੰਨਾਂ ਪਿਆਲਾ ਭੰਨ ਟੁਕੜੇ ਜੀ ਕਰਦਾਂ
ਭਲਾ ਜੀ ਤੇਰੀ ਦਾਰੂ ਦੀ ਅਲਖ ਮੁਕਾਈ
ਤੈਨੂੰ ਵੀ ਛੋਡਾਂ ਨਾਜੋ ਹੋਰ ਵਿਆਹਾਂ
ਭਲਾ ਜੀ ਜਿਹੜੀ ਭਰੇ ਪਿਆਲਾ ਦਾਰੂ ਦਾ
ਮੈਨੂੰ ਨਾ ਛੋਡੀਂ ਸਿੰਘਾ ਹੋਰ ਨਾ ਵਿਆਹੀਂ
ਭਲਾ ਜੀ ਤੇਰੇ ਪਿਆਲੇ ਦੀ ਜੜਤ ਜੜਾਈ

ਔਰਤ ਦੇ ਦਰਦ ਨੂੰ ਭਲਾ ਕੌਣ ਮਹਿਸੂਸੇ। ਇਹ ਤਾਂ ਉਹੀ ਜਾਣਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਬੀਤਦੀਆਂ ਹਨ। ਸ਼ਰਾਬੀ ਉਹਨਾਂ ਦੇ ਹੱਡ ਹੀ ਨਹੀਂ ਸੇਕਦੇ ਬਲਕਿ ਉਹਨਾਂ ਨੂੰ ਬਾਹੋਂ ਫੜਕੇ ਦਰੋਂ ਬਾਹਰ ਵੀ ਕਰ ਦਿੰਦੇ ਹਨ-

ਘਰ ਛਡਦੇ ਕਮਜਾਤੇ
ਮੇਰੇ ਸ਼ਰਾਬੀ ਦਾ

ਇਹ ਔਰਤ ਦੀ ਵਿਡੰਬਨਾ/ਮਜਬੂਰੀ ਹੀ ਹੈ ਕਿ ਉਹ ਨਾ ਚਾਹੁੰਦੀ ਹੋਈ ਵੀ ਨੌਕਰੀ ਤੇ ਜਾਣ ਲੱਗੇ ਅਪਣੇ ਪਤੀ ਨੂੰ ਸ਼ਰਾਬ ਦਾ ਭਰਿਆ ਪਿਆਲਾ ਪੀਣ ਲਈ ਪੇਸ਼ ਕਰਦੀ ਹੈ। ਇਹ ਉਸ ਜ਼ਮਾਨੇ ਦਾ ਗੀਤ ਹੈ ਜਦੋਂ ਨੌਕਰੀ 'ਤੇ ਗਏ ਮਰਦ ਕਈ-ਕਈ ਵਰ੍ਹੇ ਘਰ ਨਹੀਂ ਸੀ ਪਰਤਦੇ ਤੇ ਔਰਤਾਂ ਮਗਰੋਂ ਵਿਛੋੜੇ ਦੇ ਸਲ ਸਹਿੰਦੀਆਂ ਸਨ। ਗੀਤ ਦੇ ਬੋਲ ਹਨ-

ਭਰਿਆ ਪਿਆਲਾ ਜੀ ਸ਼ਰਾਬ ਦਾ
ਹੋ ਮੈਂ ਬਾਰੀ ਬੀਬਾ
ਪੀ ਲੈ ਵਿਹੜੇ ਖੜੋ ਕੇ
ਭਰਿਆ ਪਿਆਲਾ ਅਸੀਂ ਨਾ ਜੀ ਪੀਣਾ
ਹੋ ਮੈਂ ਬਾਰੀ ਗੋਰੀਏ ਨੀ
ਅਸੀਂ ਨੌਕਰ ਉੱਠ ਜਾਣਾ
ਨੌਕਰ ਤਾਂ ਜਾਣਾ ਤੁਸੀਂ ਚਲੇ ਜਾਵੋ
ਹੋ ਮੈਂ ਬਾਰੀ ਬੀਬਾ ਵੇ
ਕੋਈ ਦੇ ਜਾ ਨਿਸ਼ਾਨੀ
ਗੋਦੀ ਤਾਂ ਬਾਲਕ ਤੇਰੇ ਖੇਡਦਾ
ਹੋ ਮੈਂ ਬਾਰੀ ਗੋਰੀਏ ਨੀ
ਇਹੋ ਸਾਫ ਨਿਸ਼ਾਨੀ
ਗੋਦੀ ਦਾ ਬਾਲਕ ਤੇਰਾ ਜਗ ਜੀਵੇ
ਹੋ ਮੈਂ ਬਾਰੀ ਬੀਬਾ ਵੇ
ਕੋਈ ਸਾਫ ਨਿਸ਼ਾਨੀ
ਸੁੰਨੀ ਹਵੇਲੀ ਵਿੱਚ ਛੱਡ ਚੱਲੇ
ਹੋ ਮੈਂ ਬਾਰੀ ਬੀਬਾ
ਥੋਨੂੰ ਤਰਸ ਨਾ ਆਇਆ
ਤਰਸ ਨਾ ਆਇਆ ਤੇਰੇ ਮਾਪਿਆਂ ਨੂੰ
ਹੋ ਮੈਂ ਬਾਰੀ ਗੋਰੀਏ ਨੀ
ਜੀਹਨੇ ਨੌਕਰ ਲੜ ਲਾਈ
ਭੁੱਲੇ ਤਾਂ ਮਾਪਿਆਂ ਨੇ
ਲੜ ਲਾਏ ਦਿੱਤੀ
ਹੋ ਮੈਂ ਬਾਰੀ ਬੀਬਾ
ਥੋਨੂੰ ਤਰਸ ਨਾ ਆਇਆ
ਤਰਸ ਨਾ ਆਇਆ ਤੇਰੇ ਮਾਪਿਆਂ ਨੂੰ
ਹੋ ਮੈਂ ਬਾਰੀ ਗੋਰੀਏ ਨੀ
ਜੀਹਨੇ ਨੌਕਰ ਲੜ ਲਾਈ
ਭੁੱਲੇ ਤਾਂ ਮਾਪਿਆਂ ਨੇ

ਲੜ ਲਾਏ ਦਿੱਤੀ
ਹੋ ਮੈਂ ਬਾਰੀ ਬੀਬਾ
ਤੈਂ ਕੀ ਤੋੜ ਨਿਭਾਈ

ਕਈ ਵਾਰ ਸ਼ਰਾਬੀ ਪਤੀ ਦੇ ਮਾੜੇ ਵਿਵਹਾਰ ਕਾਰਨ ਰਿਸ਼ਤੇ-ਨਾਤਿਆਂ ਵਿੱਚ ਤ੍ਰੇੜਾਂ ਪੈ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਉਸਦੀ ਪਤਨੀ ਨੂੰ ਭੁਗਤਣਾ ਪੈਂਦਾ ਹੈ। ਉਹ ਹਰ ਹੀਲੇ ਆਪਣੇ ਪਤੀ ਨੂੰ ਆਪਣਾ ਵਿਹਾਰ ਸੁਧਾਰਨ ਲਈ ਪ੍ਰੇਰਦੀ ਹੈ-

ਸਾਨੂੰ ਲਜ ਵਟਾ ਦਿਓ ਜੀ
ਸ਼ਰਾਬੀ ਚੀਰੇ ਵਾਲ਼ਿਆਂ
ਝੂਟਾਂਗੀਆਂ ਅਸੀਂ ਦੋ ਜਣੀਆਂ
ਹੌਲੀ-ਹੌਲ਼ੀ ਬੋਲ ਨੀ ਸਖੀਏ ਨੀ ਮਹਿਰਮੇਂ
ਹੇਠ ਸੁਣੇ ਜਿਹੜੀ ਹੁਣ ਵਿਆਹੀ ਐ
ਪਿੱਛੋਂ ਪਛਤਾਏਂਗਾ ਸ਼ਰਾਬੀ ਚੀਰੇ ਵਾਲ਼ਿਆਂ
ਕਿਉਂ ਵਿਆਹੀਆਂ ਅਸੀਂ ਦੋ ਜਣੀਆਂ
ਸਾਨੂੰ ਸੱਗੀ ਕਰਾਦੇ ਜੀ
ਸ਼ਰਾਬੀ ਚੀਰੇ ਵਾਲ਼ਿਆਂ
ਪਹਿਨਾਂ ਗੀਆਂ ਅਸੀਂ ਦੋ ਜਣੀਆਂ
ਬਾਗਾਂ ਵਿਚੋਂ ਕਲੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਨ੍ਹਾਂ ਕਲੀਆਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਸੁਣ ਲੈਂਦੀਆਂ ਵੇ ਦੁਖੜੇ
ਭਾਈਆਂ ਨਾਲ਼ੋਂ ਭੈਣਾਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਹਨਾਂ ਭਾਈਆਂ ਦੀ ਬੜੀ ਵੇ ਬਹਾਰ
ਸੁਣ ਲੈਂਦੇ ਵੇ ਦੁਖੜੇ

ਇਕ ਮੁਟਿਆਰ ਆਪਣੀ ਸੱਸ ਅੱਗੇ ਸ਼ਰਾਬੀ ਪਤੀ ਦੇ ਦੁਖੜੇ ਰੋਂਦੀ ਹੋਈ ਉਸ ਨੂੰ ਸਮਝਾਉਣ ਲਈ ਤਰਲੇ ਪਾਉਂਦੀ ਹੈ

ਸਮਝਾ ਲੈ ਬੁੜ੍ਹੀਏ ਅਪਣੇ ਪੁੱਤ ਨੂੰ
ਨਿੱਤ ਠੇਕੇ ਇਹ ਜਾਂਦਾ
ਭਰ-ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਲੱਗਿਆ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਂਦਾ

ਇਸੇ ਭਾਵਨਾ ਦਾ ਇਕ ਹੋਰ ਗੀਤ ਹੈ-

ਰੰਡੀਏ ਹਟਾ ਪੁੱਤ ਨੂੰ
ਕੋਲ਼ ਠੇਕੇਦਾਰ ਦੇ ਜਾਵੇ
ਠੇਕੇਦਾਰ ਅਜਬ ਬੁਰਾ
ਜਿਹੜਾ ਮੁਫਤ ਸ਼ਰਾਬ ਪਲ਼ਾਵੇ
ਘਰ ਦੀ ਸ਼ਕਰ ਬੁਰੇ ਵਰਗੀ
ਗੁੜ ਚੋਰੀਂ ਦਾ ਖਾਵੇ
ਘਰ ਦੀ ਰੰਨ ਬੁਰਛੇ ਵਰਗੀ
ਧੁਰ ਝਿਊਰੀ ਕੋਲ਼ ਜਾਵੇ
ਚੰਦਰਾ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਵੇ

ਉਹ ਆਪਣੇ ਸ਼ਰਾਬੀ ਪਤੀ ਨੂੰ ਕਿਸੇ ਹੋਰ ਪਰਾਈ ਔਰਤ ਕੋਲ਼ ਜਾਣ ਦੇ ਸਲ ਦੇ ਦੁਖੜੇ ਫੋਲਦੀ ਹੋਈ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ-

ਘਰ ਦੀ ਗੁਜਰੀ ਛੋਡ ਕੇ
ਤੂੰ ਤੇਲਣ ਦੇ ਕਿਉਂ ਜਾਨੈਂ ਓਏ
ਵੇ ਲਾਡਲਿਆ ਅਲਬੇਲਿਆਂ ਕੇਤਾ
ਮੇਰੀ ਰੋਂਦੀ ਦੀ ਭਿਜਗੀ ਚੁੰਨੜੀ ਵੇ
ਘਰ ਦੀ ਗੁਜਰੀ ਨੂੰ ਸਦਾ ਸਲਾਮ ਨੀ
ਨੀ ਤੇਲਣ ਚਾਰ ਦਿਹਾੜੇ
ਕਾਹਨੂੰ ਪਾਉਨੀ ਏਂ ਵਾਸਤੇ
ਨੀ ਬੇ-ਸਮਝੀਏ ਨਾਰੇ

ਸ਼ਰਾਬੀ ਪਤੀ ਪਤਨੀਆਂ ਦੇ ਘਰੇਲੂ ਕੰਮਾਂ-ਕਰਾਂ ਵਿੱਚ ਵੀ ਵਿਘਨ ਪਾਉਂਦੇ ਹਨ, ਉਹ ਉਹਨਾਂ ਨੂੰ ਉਡੀਕਦੀਆਂ ਪ੍ਰੇਸ਼ਾਨ ਹੋ ਜਾਂਦੀਆਂ ਹਨ-

ਤਤੜੀ ਪੂੜੀ ਠੰਢੜੀ ਹੋਈ
ਖਾਣੇ ਵਾਲੇ ਜਾ ਬੜੇ ਉਜਾੜ

ਓਥੇ ਪੀ ਲਈ ਸ਼ਰਾਬ
ਥੋਡੀ ਤਿੱਲੇ ਵਾਲ਼ੀ ਸਾੜ੍ਹੀ
ਨਾ ਹੋ ਜਾਏ ਖਰਾਬ
ਤਤੜਾ ਪਾਣੀ ਠੰਢੜਾ ਹੋਇਆ
ਨ੍ਹਾਉਣ ਵਾਲ਼ੇ ਜਾ ਬੜੇ ਉਜਾੜ
ਅਸੀਂ ਨੌਕਰ ਭੇਜੇ ਚਾਰ
ਉੱਥੇ ਪੀ ਲਈ ਸ਼ਰਾਬ
ਥੋਡੀ ਤਿੱਲੇ ਵਾਲ਼ੀ ਸਾੜ੍ਹੀ
ਨਾ ਹੋ ਜਾਏ ਖਰਾਬ

ਪਤੀ ਦੇ ਵਿਹਾਰ ਤੋਂ ਅੱਕੀ ਹੋਈ ਮੁਟਿਆਰ ਅਪਣੀ ਸੱਸ ਅੱਗੇ ਅਪਣੀ ਖੋਟੀ ਕਿਸਮਤ ਦੇ ਰੋਣੇ ਰੋਂਦੀ ਹੈ-

ਸੱਸੇ ਨੀ ਘਰ ਦਾ ਪਾਣੀ ਤੱਤਾ ਛੱਡ ਜਾਂਦਾ
ਜਾ ਬਗਾਨੇ ਨ੍ਹਾਉਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਊੜੀ
ਲੇਖ ਬੰਦੀ ਦੇ ਖੋਟੇ ਨੀ
ਸੱਸੇ ਨੀ ਘਰ ਦੀ ਰੋਟੀ ਪੱਕੀ ਛੱਡ ਜਾਂਦਾ
ਜਾ ਬਗਾਨੇ ਖਾਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਊੜੀ
ਲੇਖ ਬੰਦੀ ਦੇ ਖੋਟੇ ਨੀ

ਜਿਨ੍ਹਾਂ ਸ਼ਰਾਬੀਆਂ ਨੂੰ ਜੂਆ ਖੇਡਣ ਦੀ ਲਤ ਪੈ ਜਾਵੇ ਉਹ ਗਹਿਣੇ ਤੱਕ ਜੂਏ ਵਿੱਚ ਹਾਰ ਆਉਂਦੇ ਹਨ। ਅਗਲੀ ਝੂਰੇ ਨਾ ਤਾਂ ਹੋਰ ਕੀ ਕਰੇ:

ਚੰਨ ਚਾਨਣੀ ਰਾਤ
ਡਿਓਢੀ ਪੁਰ ਡੇਰਾ ਲਾਲ ਲਾਇਆ
ਪਹਿਲੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦੀ ਕਲਗੀ ਹਾਰ ਆਇਆ
ਚੀਰਾ ਤਾਂ ਰੰਗਾ ਦੂੰ ਜਾਨੀ ਹੋਰ ਵੇ
ਕਲਗੀ ਪੁਰ ਮੇਰੀ ਪ੍ਰੀਤ ਲਗੀ
ਦੂਜੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦਾ ਚੀਰਾ ਹਾਰ ਆਇਆ
ਚੀਰਾ ਤਾਂ ਰੰਗਾ ਦੂੰ ਜਾਨੀ ਹੋਰ ਵੇ

ਕਲਗੀ ਪੁਰ ਮੇਰੀ ਪ੍ਰੀਤ ਲਗੀ

ਉਹ ਉਸ ਨੂੰ ਜੂਆ ਖੇਡਣ ਤੋਂ ਵਰਜਦੀ ਹੋਈ ਸਮਝਾਉਣ ਦਾ ਯਤਨ ਵੀ ਕਰਦੀ ਹੈ-

ਚੰਨ ਚਾਨਣੀ ਰਾਤ
ਡਿਓਢੀ ਪੁਰ ਕੌਣ ਖੜਾ
ਮੇਰੀ ਜਾਨ ਡਿਓਢੀ ਪੁਰ ਕੌਣ ਖੜਾ
ਚੰਨ ਚਾਨਣੀ ਰਾਤ
ਡਿਓਢੀ ਪੁਰ ਮੇਰਾ ਲਾਲ ਖੜਾ
ਬਰਜ ਰਹੀ ਉਸ ਲਾਲ ਨੂੰ
ਜੂਏ ਖਾਨੇ ਜੀ ਨਾ ਜਾਣਾ
ਜੂਏ ਵਾਲ਼ੇ ਦਾ ਉਲਟਾ ਵਿਹਾਰ
ਘਰ ਦੀ ਨਾਰੀ ਵੀ ਹਾਰ ਦੇਣੀ
ਬਰਜ ਰਹੀ ਉਸ ਲਾਲ ਨੂੰ
ਜੂਏ ਖਾਨੇ ਜੀ ਨਾ ਜਾਣਾ
ਜੂਏ ਵਾਲ਼ੇ ਦਾ ਉਲਟਾ ਵਿਹਾਰ
ਭਰੀਓ ਬੋਤਲ ਜੀ ਪੀ ਜਾਂਦੇ
ਵਰਜ ਰਹੀ ਉਸ ਲਾਲ ਨੂੰ
ਕੰਜਰੀ ਖਾਨੇ ਜੀ ਨਾ ਜਾਣਾ
ਕੰਜਰੀ ਵਾਲੇ ਦਾ ਉਲਟਾ ਵਿਹਾਰ
ਘਰਦੀ ਨਾਰੀ ਜੀ ਤਿਆਗ ਦੇਣੀ
ਵਰਜ ਰਹੀ ਉਸ ਲਾਲ ਨੂੰ
ਜੱਕੇ ਖਾਨੇ ਜੀ ਨਾ ਜਾਣਾ
ਜੱਕੇ ਵਾਲੇ ਦਾ ਉਲਟਾ ਵਿਹਾਰ
ਅੱਧੀ ਰਾਤੋਂ ਜੀ ਤੋਰ ਲੈਂਦੇ

ਸ਼ਰਾਬ ਕਈ ਐਬਾਂ ਨੂੰ ਜਨਮ ਦੇਂਦੀ ਹੈ। ਸ਼ਰਾਬ ਪੀ ਕੇ ਲੋਕੀ ਕੀ ਕੀ ਨਹੀਂ ਕਰਦੇ। ਕੁੰਜ ਕੁਰਲਾਵੇ ਨਾ ਤਾਂ ਹੋਰ ਕੀ ਕਰੇ:-

ਟੁੱਟ ਪੈਣਾ ਤਾਂ ਜੂਆ ਖੇਡਦਾ
ਕਰਦਾ ਅਜਬ ਬਹਾਰਾਂ
ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਉਸ ਦੀਆਂ ਕਾਰਾਂ
ਗਹਿਣੇ ਗੱਟੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੇ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿੱਤ ਸਹਾਰਾਂ

ਚੋਰੀ ਯਾਰੀ ਦੇ ਵਿਚ ਪੱਕਾ
ਨਿੱਤ ਪਾਵਾਂ ਫਟਕਾਰਾਂ
ਕਦੀ ਕਦਾਈਂ ਘਰ ਜੇ ਆਵੇ
ਮਿੰਨਤਾਂ.....
ਮਿੰਨਤਾਂ ਕਰ-ਕਰ ਹਾਰਾਂ
ਛੱਜਦੇ ਵੈਲਾਂ ਨੂੰ-
ਲੈ-ਲੈ ਤੱਤੀ ਦੀਆਂ ਸਾਰਾਂ

ਆਪਣੀ ਦੁਖੀ ਪਤਨੀ ਦੀਆਂ ਸਾਰਾਂ ਲੈਣ ਦੀ ਬਜਾਏ ਸ਼ਰਾਬੀ ਜੀਜਾ ਆਪਣੀ ਸਾਲ਼ੀ ਦੇ ਘਰ ਜਾ ਅਲਖ ਜਗਾਉਂਦਾ ਹੈ ਪਰੰਤੂ ਉਹ ਅੱਗੋਂ ਉਸ ਨੂੰ ਫਿਟ-ਲਾਅਨਤ ਪਾਉਂਦੀ ਹੈ-

ਸਾਲ਼ੀ ਕਹਿੰਦੀ ਸੁਣ ਵੇ ਜੀਜਾ
ਇਹ ਕੀ ਮੈਨੂੰ ਕਹਿੰਦਾ
ਜਾਹ ਵਗ ਜਾ ਤੂੰ ਪਿੰਡ ਆਵਦੇ
ਹਿੱਕ ਕਾਸ ਨੂੰ ਦਹਿੰਦਾ
ਬੋਤਲ ਪਟ ਕੇ ਪੀਨੈਂ ਦਾਰੂ
ਰੋਜ਼ ਸ਼ਰਾਬੀ ਰਹਿੰਦਾ
ਨਾਰ ਬਿਗਾਨੀ ਦੇ-
ਬੋਲ ਮੂਰਖਾ ਸਹਿੰਦਾ

ਇਕ ਕਿਸਾਨ ਪਾਸ ਉਂਨੀ ’ਕ ਜ਼ਮੀਨ ਮਸੀਂ ਹੁੰਦੀ ਹੈ ਜਿਸ ਦੀ ਆਮਦਨ ਨਾਲ ਘਰ ਦਾ ਗੁਜ਼ਾਰਾ ਹੀ ਤੁਰਦਾ ਹੈ। ਫਸਲ ਨਾਲ਼ ਤਾਂ ਕਈ ਵਾਰੀ ਮਾਮਲੇ ਹੀ ਮਸੀਂ ਤਰਦੇ ਹਨ। ਸ਼ਰਾਬੀ ਜੱਟ ਦੀ ਨਿਗਾਹ ਰੁਪਏ ਖ਼ਤਮ ਹੋਣ ਤੇ ਆਪਣੀ ਵਹੁਟੀ ਦੇ ਗਹਿਣਿਆਂ ਤੇ ਆ ਟਿਕਦੀ ਹੈ। ਉਹ ਆਪਣਾ ਦੁੱਖ ਆਪਣੀ ਮਾਂ ਅੱਗੇ ਫੋਲਦੀ ਹੈ-

ਸੱਗੀ ਮੰਗਦਾ ਮਾਏਂ
ਫੁਲ ਮੰਗਦਾ ਨਾਲ਼ੇ
ਨਾਲ਼ੇ ਮੰਗਦਾ ਮਾਏਂ
ਅਧੀਆ ਸ਼ਰਾਬ ਦਾ
ਸੱਗੀ ਦੇ ਦੇ ਧੀਏ
ਫੁੱਲ ਦੇ ਦੇ ਨਾਲ਼ੇ
ਮੱਥੇ ਮਾਰ ਧੀਏ ਠੇਕੇਦਾਰ ਦੇ

ਸ਼ਰਾਬ ਦੀਆਂ ਪਿਆਲੀਆਂ ਜਿੱਥੇ ਜ਼ਮੀਨ ਜਾਇਦਾਦ ਨੂੰ ਡਕਾਰ ਜਾਂਦੀਆਂ ਹਨ, ਉੱਥੇ ਆਪਣੇ ਪਰਿਵਾਰ ਨੂੰ ਵੀ ਰੋਲ਼ ਕੇ ਰੱਖ ਦੇਂਦੀਆਂ ਹਨ। ਔਰਤ ਦਾ ਅੰਦਰਲਾ ਵੀ ਹਾਰ ਜਾਂਦਾ ਹੈ। ਉਹਦੀ ਸਤਿਆ ਸੂਤੀ ਜਾਂਦੀ ਹੈ-

ਕੀਹਦੇ ਹੌਸਲੇ ਲੰਬਾ ਤੰਦ ਪਾਵਾਂ

ਪੁੱਤ ਤੇਰਾ ਵੈਲੀ ਸੱਸੀਏ

ਉਂਜ ਵੀ ਨਿੱਤ ਦੇ ਸ਼ਰਾਬੀ ਨੂੰ ਸਮਾਜ ਵਿੱਚ ਕੋਈ ਵੀ ਪਸੰਦ ਨਹੀਂ ਕਰਦਾ, ਹਰ ਕੋਈ ਹਕਾਰਤ ਦੀ ਨਜ਼ਰ ਨਾਲ ਵੇਖਦਾ ਹੈ-

ਭਾਈ ਜੀ ਦੀ ਬੇਰੀ ਦੇ
ਖੱਟੇ ਮਿੱਠੇ ਬੇਰ
ਦੂਰੋਂ ਹਿੜ੍ਹਕ ਚਲਾਈ ਵੇ
ਪਰੇ ਹੋ ਜਾ ਵੇ ਸ਼ਰਾਬੀਆ
ਮੈਂ ਨਰਮਾਂ ਬੀਜਣ ਆਈ ਵੇ

ਸ਼ਰਾਬ ਦੀ ਪਿਆਲੀ ਵਸਦੇ-ਰਸਦੇ ਘਰਾਂ ਦਾ ਨਾਸ ਕਰ ਦੇਂਦੀ ਹੈ। ਸ਼ਰਾਬੀ ਪਤੀ ਤੋਂ ਸਤੀ ਹੋਈ ਮੁਟਿਆਰ ਸ਼ਰਾਬੀ ਪਤੀ ਦਾ ਸਾਂਗ ਰਚ ਕੇ ਗਿੱਧੇ ਦੇ ਪਿੜ ਵਿੱਚ ਉਸ ਦਾ ਮਖੌਲ ਉਡਾਉਂਦੀ ਹੈ-

ਪਟ ਸੁੱਟਿਆ ਪਿਆਲੀ ਨੇ
ਅੱਗੇ ਤਾਂ ਚਬਦਾ ਬਿਸਕੁਟ ਪੋਲੇ
ਹੁਣ ਕਿਉਂ ਚੱਬਦਾ ਛੋਲੇ
ਪਟਿਆ ਪਿਆਲੀ ਨੇ
ਅੱਗੇ ਤਾਂ ਚੌਂਦਾ ਮੱਝਾਂ ਗਾਈਆਂ
ਹੁਣ ਕਿਉਂ ਚੋਂਦਾ ਕੁੱਤੀ
ਪਟ ਸੁਟਿਆ ਪਿਆਲੀ ਨੇ
ਅੱਗੇ ਤਾਂ ਚੜ੍ਹਦਾ ਬੱਗੀ ਘੋੜੀ
ਹੁਣ ਨੀ ਲੱਭਦੀ ਕੁੱਤੀ
ਪੱਟਿਆ ਪਿਆਲੀ ਨੇ

ਕਈਆਂ ਨੂੰ ਅਫੀਮੀ, ਪੋਸਤੀ, ਅਮਲੀ ਟੱਕਰ ਜਾਂਦੇ ਹਨ। ਪੋਸਤੀਆਂ ਦੀਆਂ ਕਰਤੂਤਾਂ ਤੋਂ ਭਲਾ ਕੌਣ ਨਹੀਂ ਵਾਕਿਫ-

ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ
ਸੱਗੀ ਮੇਰੀ ਬੇਚ ਲੀ
ਚੂੜਾ ਲੈ ਗਿਆ ਉਠਾ
ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ

ਗਹਿਣੇ ਤਾਂ ਇਕ ਪਾਸੇ ਰਹੇ ਇਹ ਅਮਲੀ ਸ਼ਰਾਬੀ ਆਪਣੇ ਘਰਾਂ ਚੋਂ ਚੋਰੀ ਛਿਪੇ ਭਾਂਡੇ ਵੀ ਖਿਸਕਾ ਲੈਂਦੇ ਹਨ। ਅਮਲੀ ਦੀ ਵਹੁਟੀ ਸੁਪਨੇ ਵਿੱਚ ਵੀ ਆਪਣੇ ਪਤੀ ਨੂੰ ਚੋਰੀ ਭਾਂਡੇ ਚੁਕਦੇ ਹੀ ਵੇਖਦੀ ਹੈ। ਕੇਡੀ ਤਰਸਯੋਗ ਹਾਲਤ ਹੈ ਅਮਲੀਆਂ ਦੀਆਂ ਵਹੁਟੀਆਂ ਦੀ-

ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ

ਭਾਂਡਿਆਂ 'ਚ ਹੈਨੀ ਬੇਲੂਆ

ਅਫੀਮ ਦਾ ਨਸ਼ਾ ਇਕ ਅਜਿਹਾ ਭੈੜਾ ਨਸ਼ਾ ਹੈ ਜਿਸ ਨੂੰ ਲਗ ਜਾਵੇ, ਉਹ ਮੁੜ ਕੇ ਛੁਟਦਾ ਨਹੀਂ। ਜਿੱਥੇ ਇਹ ਧਨ ਦੌਲਤ-ਜਾਇਦਾਦ ਨੂੰ ਖਾ ਜਾਂਦਾ ਹੈ, ਉੱਥੇ ਅਮਲੀ ਦੀ ਦੇਹੀ ਦਾ ਵੀ ਸਤਿਆਨਾਸ ਕਰ ਦਿੰਦਾ ਹੈ। ਇਹ ਅਮਲ ਸਰੀਰ ਦੇ ਖਾਤਮੇ ਨਾਲ਼ ਹੀ ਖ਼ਤਮ ਹੁੰਦਾ ਹੈ। ਕਿੰਨੇ ਦਰਦੀਲੇ ਬੋਲ ਹਨ ਅਮਲੀ ਦੀ ਵਹੁਟੀ ਦੇ, ਜਿਹੜੀ ਉਸ ਦੇ ਅਮਲ ਲਈ ਆਪਣੀ ਸਭ ਤੋਂ ਪਿਆਰੀ ਵਸਤ ਗਹਿਣੇ ਵੇਚਣ ਲਈ ਮਜਬੂਰ ਹੋ ਜਾਂਦੀ ਹੈ———

ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਸੱਗੀ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਕੰਠੀ ਬੇਚਦਾਂ ਢੋਲੇ
ਅਮਲ ਖਰੀਦ ਦਾਂ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਤੱਗਾ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ

ਨਸ਼ਈਆਂ ਦਾ ਅੰਤ ਮਾੜਾ ਹੀ ਹੁੰਦਾ ਹੈ।

ਆਖਰ ਉਸ ਦੀ ਪਤਨੀ ਆਪਣੇ ਐਬੀ ਪਤੀ ਤੋਂ ਛੁਟਕਾਰਾ ਪਾਉਣ ਲਈ ਮਜ਼ਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਹਨਾਂ ਬੋਲਾਂ ਵਿੱਚ———

ਕਦੇ ਨਾ ਪਹਿਨੇ ਤੇਰੇ ਸੂਹੇ ਵੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕੱਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ

ਉਹ ਬੜੀ ਅਧੀਨਗੀ ਨਾਲ ਸਮਝਾਉਂਦੀ ਵੀ ਹੈ———

ਛਡ ਦੇ ਵੈਲਦਾਰੀਆਂ

ਨਹੀਂ ਲੰਘਣੇ ਘਰਾਂ ਦੇ ਲਾਂਘੇ

ਸ਼ਰਾਬ ਦੀ ਪਿਆਲੀ ਕੇਵਲ ਵੱਸਦੇ-ਰਸਦੇ ਘਰ ਦਾ ਹੀ ਉਜਾੜਾ ਨਹੀਂ ਕਰਦੀ, ਬਲਕਿ ਸ਼ਰਾਬੀ ਦੇ ਕੁੰਦਨ ਵਰਗੇ ਸਰੀਰ ਨੂੰ ਵੀ ਗਾਲ਼ ਦਿੰਦੀ ਹੈ———

ਖਾ ਲੀ ਨਸ਼ਿਆਂ ਨੇ
ਕੁੰਦਨ ਵਰਗੀ ਦੇਹੀ

ਕੋਈ ਵੀ ਮੁਟਿਆਰ ਇਹ ਨਹੀਂ ਚਾਹੁੰਦੀ ਕਿ ਉਸ ਦਾ ਗੱਭਰੂ ਨਿਕੰਮਾ, ਸ਼ਰਾਬੀ ਤੇ ਐਬੀ ਹੋਵੇ। ਇਸ ਲਈ ਉਹ ਬਾਂਕੀ ਮੁਟਿਆਰ ਕਿਸੇ ਸ਼ਰਾਬੀ ਗੱਭਰੂ ਦੇ ਹੱਥ ਆਪਣੇ ਰਾਂਗਲੇ ਲੜ ਨੂੰ ਛੂਹਣ ਨਹੀਂ ਦਿੰਦੀ———

ਬੀਬਾ ਵੇ ਬਾਗ ਲਵਾਨੀਆਂ ਪੰਜ ਬੂਟੇ
ਹੁਣ ਦੇ ਗੱਭਰੂ ਸਭ ਝੂਠੇ
ਛੋਡ ਸ਼ਰਾਬੀਆ ਲੜ ਮੇਰਾ
ਅਸਾਂ ਨਾ ਦੇਖਿਆ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ
ਬੀਬਾ ਵੇ ....
ਬਾਗ ਲਵਾਨੀਆਂ ਪੰਜ ਦਾਣਾ
ਐਸ ਜਹਾਨੋਂ ਕੀ ਲੈ ਜਾਣਾ
ਛੋਡ ਸ਼ਰਾਬੀਆ ਲੜ ਮੇਰਾ
ਅਸੀਂ ਨਾ ਜਾਣਦੇ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ

ਕਿੰਨਾ ਭੈੜਾ ਅਸਰ ਹੈ ਸਾਡੇ ਸਮਾਜਿਕ ਜੀਵਨ ਤੇ ਇਹਨਾਂ ਮਾਰੂ ਨਸ਼ਿਆਂ ਦਾ। ਮੁਹੱਬਤ ਦਾ ਨਸ਼ਾ ਹੀ ਇਕ ਅਜਿਹਾ ਨਸ਼ਾ ਹੈ, ਜਿਸ ਨਾਲ਼ ਸਭ ਤੋਂ ਵੱਧ ਸਰੂਰ ਆਉਂਦਾ ਹੈ। ਕਿੰਨੇ ਭਾਗਾਂ ਵਾਲ਼ੇ ਹਨ ਉਹ ਜਿਊੜੇ ਜਿਹੜੇ ਇਕ-ਦੂਜੇ ਲਈ ਮੁਹੱਬਤ ਦਾ ਨਸ਼ਾ ਬਣ ਜਾਣ ਲਈ ਉਤਾਵਲੇ ਹਨ:

ਦੁੱਧ ਬਣ ਜਾਨੀ ਆਂ
ਮਲਾਈ ਬਣ ਜਾਨੀ ਆਂ
ਗਟਾ ਗਟ ਪੀ ਲੈ ਵੇ
ਨਸ਼ਾ ਬਣ ਜਾਨੀ ਆਂ

ਇਸ਼ਕ ਨਾਲ਼ ਰੱਤੇ ਸਰੀਰ ਬਿਨਾਂ ਪੀਤਿਆਂ ਹੀ ਖੀਵੇ ਰਹਿੰਦੇ ਹਨ———

ਹੁਸਨ ਚਿਰਾਗ ਜਿਨ੍ਹਾਂ ਦੇ ਦੀਦੇ
ਉਹ ਕਿਉਂ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ
ਉਹ ਬਿਨਾਂ ਸ਼ਰਾਬੋਂ ਖੀਵੇ।

ਵਿਸਰ ਰਹੀਆਂ ਲੋਕ ਖੇਡਾਂ

ਖੇਡਣਾਂ ਮਨੁੱਖ ਦੀ ਸਹਿਜ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਓ ਅਨੁਸਾਰ ਜੀਵਾਂ ਨੇ ਆਪੋ ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ।

ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਇਹ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖਸ਼ਦੀਆਂ ਹਨ ਉੱਥੇ ਰੂਹ ਨੂੰ ਵੀ ਅਗੰਮੀ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ।

ਲੋਕ ਖੇਡਾਂ ਵੀ ਪੰਜਾਬੀ ਲੋਕ ਧਾਰਾ ਦੇ ਹੋਰਨਾ ਅੰਗਾਂ ਲੋਕ ਕਹਾਣੀਆਂ, ਲੋਕ ਗੀਤਾਂ, ਬੁਝਾਰਤਾਂ ਅਤੇ ਅਖਾਣਾ ਵਾਂਗ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਉਪਲਭਧ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬੀਆਂ ਦਾ ਸੁਭਾਅ, ਮਰਦਊਪੁਣਾ, ਰਹਿਣ ਸਹਿਣ, ਖਾਣ-ਪੀਣ, ਮੇਲੇ ਮੁਸਾਹਵੇ, ਨੈਤਕ ਕਦਰਾਂ ਕੀਮਤਾਂ ਇਹਨਾਂ ਵਿੱਚ ਓਤ ਪੋਤ ਹਨ।

ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਜੀਵਨ ਦੇ ਹਰ ਖੇਤਰ ਤੇ ਪਿਆ ਹੈ ਜਿਸ ਦੇ ਫਲਸਰੂਪ ਪੰਜਾਬ ਦੇ ਆਰਥਕ ਅਤੇ ਸੱਭਿਆਚਾਰਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ। ਸਾਰੇ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛ ਗਿਆ ਹੈ। ਅੱਜ ਕਿਸੇ ਪੇਂਡੂ ਲਈ ਸ਼ਹਿਰ ਜਾਣਾ ਸਬੱਬੀ ਗਲ ਨਹੀਂ ਰਹੀ। ਪਿੰਡ ਸ਼ਹਿਰਾਂ ਨਾਲ਼ ਜੁੜ ਗਏ ਹਨ ਜਿਸ ਕਰਕੇ ਸ਼ਹਿਰੀ ਜ਼ਿੰਦਗੀ ਦਾ ਪ੍ਰਭਾਵ ਪੇਂਡੂ ਜੀਵਨ ਉੱਤੇ ਆਏ ਦਿਨ ਪੈ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸ਼ੀਨਾਂ ਹਾਵੀ ਹੋ ਗਈਆਂ ਹਨ———ਖੂਹਾਂ ਦੀ ਥਾਂ ਟਿਉਬਵੈਲਾਂ ਨੇ ਲੈ ਲਈ ਹੈ। ਖੇਤਾਂ ਵਿੱਚ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਦੀ ਬਜਾਏ ਟਰੈਕਟਰ ਧੁਕ-ਧੁਕ ਕਰ ਰਹੇ ਹਨ। ਕਿਸਾਨੀ ਜੀਵਨ ਨਾਲ ਜੁੜਿਆ ਲੋਕ ਸਾਹਿਤ ਲੋਕ ਮਨਾਂ ਤੋਂ ਵਿਸਰ ਰਿਹਾ ਹੈ। ਮੇਲਿਆਂ ਮੁਸਾਵਿਆਂ ਦੀਆਂ ਰੌਣਕਾਂ ਘਟ ਰਹੀਆਂ ਹਨ। ਪੁਰਾਣੇ ਰਸਮੋ ਰਿਵਾਜ ਅਲੋਪ ਹੋ ਰਹੇ ਹਨ। ਪੇਂਡੂ ਖੇਡਾਂ ਵੀ ਮਸ਼ੀਨੀ ਸਭਿਅਤਾ ਦੇ ਪ੍ਰਭਾਵ ਤੋਂ ਨਹੀਂ ਬਚੀਆਂ। ਇਹ ਵੀ ਵਿਸਰ ਰਹੀਆਂ ਹਨ।

ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ———ਇਹ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ।

ਖੇਡਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਇਹਨਾਂ ਦੇ ਪਿੜ ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਗਭਰੂਆਂ ਨੇ ਰਲ਼ਕੇ ਖੇਡਣਾ, ਕੋਈ ਜਾਤ ਪਾਤ ਨਹੀਂ, ਉਚ ਨੀਚ ਨਹੀਂ। ਅਮੀਰੀ, ਗ਼ਰੀਬੀ ਦਾ ਪਾੜਾ ਨਹੀਂ। ਸਾਰੇ ਰਲ਼ਕੇ ਇਹਨਾਂ ਦਾ ਆਨੰਦ ਮਾਣਦੇ ਸਨ। ਭਾਈਚਾਰਕ ਸਾਂਝ ਐਨੀ ਹੋਣੀ ਕਿ ਸਾਰੇ ਪਿੰਡ ਨੇ ਰਲ਼ਕੇ ਗਭਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗਭਰੂ ਵੀ ਤਾਂ ਸਮੁੱਚੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੇਲਿਆਂ ਮੁਸਾਵਿਆਂ ਤੇ ਕਿਸੇ ਨੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਕਢਣਾ, ਕਿਸੇ ਬੋਰੀ ਚੁੱਕਣ ਵਿੱਚ ਨਾਂ ਚਮਕਾਉਣਾ, ਕਿਸੇ ਮੁੰਗਲੀਆਂ ਫੇਰਨ ਵਿੱਚ ਬਾਜ਼ੀ ਜਿਤਣੀ। ਰੱਸਾ ਕਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਵਾਉਣੀ। ਇਹ ਗਭਰੂ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸੀ ਢੁਕਣ ਦੇਂਦੇ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲ਼ਕੇ ਰਹਿੰਦੇ ਸਨ। ਪਿਆਰ ਨਾਲ਼ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਹੋਇਆ ਕਰਦਾ ਸੀ। ਇਹ ਖੇਡਾਂ ਹੀ ਸਨ ਜਿਹੜੀਆਂ ਪਿੰਡਾਂ ਦੇ ਗਭਰੂਆਂ ਨੂੰ ਆਹਰੇ ਲਾਈ ਰਖਦੀਆਂ ਸਨ ਤੇ ਕੁਰਾਹੇ ਪੈਣ ਤੋਂ ਰੋਕਦੀਆਂ ਸਨ।

ਪੇਂਡੂ ਮੁੰਡੇ-ਕੁੜੀਆਂ ਦੀਆਂ ਖੇਡਾਂ ਬੜੀਆਂ ਮਨਮੋਹਕ ਹੁੰਦੀਆਂ ਸਨ———ਕਾਵਿਮਈ। ਉਹ ਆਮ ਕਰਕੇ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ ਬੈਠਕ, ਉਚ-ਨੀਚ, ਕੋਟਲਾ ਛਪਾਕੀ, ਦਾਈਆਂ ਦੂਹਕੜੇ, ਬਾਂਦਰ ਕੀਲਾ, ਕਿਣ ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਖਾਨ ਘੋੜੀ, ਅੰਨ੍ਹਾ ਝੋਟਾ, ਪੂਛ-ਪੂਛ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾਂ ਕਾਂਗੜੇ, ਰੋੜੇ ਅਤੇ ਸ਼ੱਕਰ ਭੁਰਜੀ ਆਦਿ ਖੇਡਾਂ ਖੇਡ ਕੇ ਆਨੰਦ ਮਾਣਦੇ ਰਹੇ ਹਨ।

ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਜਿਸ ਰਾਹੀਂ ਇਹਨਾਂ ਦੇ ਸੁਭਾਅ, ਮਦਰਉਪਣੇ ਅਤੇ ਬਲ ਦਾ ਪ੍ਰਗਟਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜਕਲ੍ਹ ਇਹ ਖੇਡੀਆਂ ਨਹੀਂ ਜਾਂਦੀਆਂ। ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।

‘ਸੌਂਦੀ ਪੱਕੀ' ਮਾਲਵੇ ਦੇ ਇਲਾਕੇ ਦੀ ਬੜੀ ਪ੍ਰਸਿੱਧ ਖੇਡ ਰਹੀ ਹੈ। ਆਮ ਤੌਰ ਤੇ ਨਰੋਏ ਸਰੀਰ ਵਾਲੇ ਗੱਭਰੂ ਹੀ ਇਹ ਖੇਡ ਖੇਡਦੇ ਸਨ। ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲ਼ਕੇ ਪਿੰਡੇ ਲਿਸ਼ਕਾਏ ਹੁੰਦੇ ਸਨ। ਪਾੜੇ ਵਿੱਚ ਦੋ ਖਿਡਾਰੀ ਆਪਣਾ-ਆਪਣਾ ਪਾਸਾ ਮਲਕੇ ਖੇਡ ਸ਼ੁਰੂ ਕਰਦੇ ਸਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਛਾਤੀ ਤੇ ਜ਼ੋਰ ਨਾਲ ਧੱਫੇ ਮਾਰਦਾ। ਧੱਫੇ ਕੇਵਲ ਛਾਤੀ ਤੇ ਹੀ ਮਾਰੇ ਜਾਂਦੇ। ਦੂਜਾ ਖਿਡਾਰੀ ਪਹਿਲੇ ਖਿਡਾਰੀ ਦੀ ਬੀਣੀ ਫੜਦਾ ਤੇ ਜਾਣ ਵਾਲ਼ਾ ਆਪਣੀ ਬੀਣੀ ਛਡਾਉਣ ਦਾ ਯਤਨ ਕਰਦਾ। ਇਉਂ ਸਾਰੀ ਜ਼ੋਰ ਅਜ਼ਮਾਈ ਬੀਣੀ ਛਡਾਉਣ ਅਤੇ ਪਕੜਨ ਤੇ ਹੀ ਹੁੰਦੀ ਰਹਿੰਦੀ। ਇਸ ਖੇਡ ਵਿੱਚ ਕੁਸ਼ਤੀ ਵਾਂਗ ਇਕ ਦੂਜੇ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਸੀ ਜਿਹੜਾ ਬੀਣੀ ਛੁਡਾ ਕੇ ਦੂਜਿਆਂ ਨੂੰ ਜਿੱਤ ਜਾਂਦਾ ਉਸ ਨੂੰ ਸੌਂਚੀ ਦੀ ਮਾਲੀ ਮਿਲਦੀ। ਮੇਲਿਆਂ ਉੱਤੇ ਸੌਂਚੀ ਪੱਕੀ ਦੇ ਮੁਕਾਬਲੇ ਆਮ ਹੋਇਆ ਕਰਦੇ ਸਨ। ਅਜ ਕਲ੍ਹ ਇਹ ਖੇਡ ਕਿਧਰੇ ਵੀ ਨਹੀਂ ਖੇਡੀ ਜਾਂਦੀ।

ਖੁੱਦੋ ਖੂੰਡੀ ਅਤੇ ਲੂਣ ਤੇਲ ਲੱਲ੍ਹੇ ਬੜੀਆਂ ਰੌਚਕ ਖੇਡਾਂ ਰਹੀਆਂ ਹਨ। ਲੀਰਾਂ ਦੀਆਂ ਖੁਦੋਆਂ ਅਤੇ ਕਿੱਕਰਾਂ ਬੇਰੀਆਂ ਦੇ ਖੂੰਡਿਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖੁਦੋ ਖੂੰਡੀ ਦੀ ਥਾਂ ਹੁਣ ਹਾਕੀ ਨੇ ਮਲ ਲਈ ਹੈ ਤੇ ਲੂਣ ਤੇਲ ਲੱਲ੍ਹੇ ਕ੍ਰਿਕਟ ਵਿੱਚ ਜਾ ਸਮੋਏ ਹਨ।

ਲਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਹੀ ਥਾਂ ਤੇ ਖੇਡੀ ਜਾਂਦੀ ਸੀ। ਇਸ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ਼ ਅਤੇ ਚੁਕੰਨਾ ਹੋਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫ਼ਾਸਲੇ ਤੇ ਤਿੰਨ ਚਾਰ ਇੰਚ ਲੰਬੇ, ਚੌੜੇ ਤੇ ਡੂੰਘੇ ਟੋਏ ਪੁਟਦੇ ਜਿਨ੍ਹਾਂ ਨੂੰ ਲਲ੍ਹੇ ਆਖਦੇ ਸਨ। ਇਹਨਾਂ ਲਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਰਖਕੇ ਖੜੋ ਜਾਂਦੇ, ਲੀਰਾਂ ਦੀ ਬਣੀ ਖੁਦੋ ਨੂੰ ਇਕ ਜਣਾ ਜ਼ੋਰ ਨਾਲ਼ ਟੱਲਾ ਮਾਰਦਾ ਤੇ ਦਾਈ ਵਾਲ਼ਾ ਖੁਦੋ ਨੂੰ ਨਸਕੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਫੁਰਤੀ ਨਾਲ਼ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਖੁਦੋ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਅਤੇ ਲੱਲ੍ਹਾ ਪਹਿਲੇ ਦਾਈ ਵਾਲ਼ੇ ਨੂੰ ਫੜਾ ਕੇ ਦਾਈ ਦੇਂਦਾ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛਡਕੇ ਖੁਦੋ ਮਗਰ ਦੌੜਦੇ ਜੇਕਰ ਦਾਈ ਵਾਲਾ ਕਿਸੇ ਖਾਲੀ ਲੱਲ੍ਹੇ ਵਿੱਚ ਪੈਰ ਪਾ ਦੇਂਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਖੂੰਡਾ ਫੜਕੇ ਖੇਡਣ ਲਗ ਜਾਂਦਾ। ਇਹ ਖੇਡ ਵੀ ਹੁਣ ਕਿਧਰੇ ਨਹੀਂ ਖੇਡੀ ਜਾਂਦੀ।

ਡੰਡਾ ਡੁਕ, ਡੰਡ ਪਲਾਂਘੜਾ ਜਾਂ ਪੀਲ ਪਲੀਂਘਣ ਨਾਂ ਦੀ ਖੇਡ ਬੜੀ ਰੌਚਕ ਖੇਡ ਸੀ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ ਤੇ ਪਿਪਲਾਂ ਬਰੋਟਿਆਂ ਦੇ ਦਰੱਖਤਾਂ ਉੱਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ। ਪੁੱਗ ਕੇ ਬਣਿਆਂ ਦਾਈ ਵਾਲ਼ਾ ਦਾਈ ਦੇਂਦਾ। ਦਰੱਖ਼ਤ ਦੇ ਥੱਲੇ ਇਕ ਗੋਲ ਚੱਕਰ ਵਿੱਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖ਼ਤ ਤੇ ਚੜ੍ਹੇ ਖਿਡਾਰੀਆਂ ਵਿੱਚੋਂ ਇਕ ਜਣਾ ਥੱਲੇ ਉੱਤਰ ਕੇ, ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਥਲਿਓਂ ਘੁਮਾ ਕੇ ਦੂਰ ਸੁਟ ਕੇ ਦਰੱਖ਼ਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲ਼ਾ ਡੰਡੇ ਨੂੰ ਚੁਕ ਕੇ, ਦਾਹਿਰੇ ਵਿੱਚ ਡੰਡਾ ਦੋਬਾਰਾ ਰਖਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰੱਖ਼ਤ ’ਤੇ ਚੜ੍ਹਦਾ ਤੇ ਦੂਜੇ ਖਿਡਾਰੀ ਦਰੱਖ਼ਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨਸ ਕੇ ਡੰਡਾ ਚੁਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਂਦਾਂ ਉਸ ਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਹੀ ਚਾਲੂ ਰਹਿੰਦੀ।

ਗੁੱਲੀ ਡੰਡਾ, ਨੂਣ ਮਿਆਣੀ, ਸ਼ੱਕਰ ਭੁਰਜੀ, ਟਿਬਲਾ ਟਿਬਲੀ ਆਦਿ ਗੱਭਰੂਆਂ ਦੀਆਂ ਬੜੀਆਂ ਰੋਚਕ ਖੇਡਾਂ ਹਨ। ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੋਪੜ, ਤਾਸ਼, ਥੋੜਾ ਖੂਹ ਅਤੇ ਖੱਡਾ ਆਦਿ ਬੈਠ ਕੇ ਖੇਡਣ ਵਾਲ਼ੀਆਂ ਖੇਡਾਂ ਹਨ ਜਿਨ੍ਹਾਂ ਨੂੰ ਸਾਡੇ ਵੱਡੇ ਵਡੇਰੇ ਬੜੇ ਉਤਸ਼ਾਹ ਨਾਲ਼ ਖੇਡਿਆ ਕਰਦੇ ਸਨ।

ਇਹ ਅਤੇ ਹੋਰ ਅਨੇਕਾਂ ਖੇਡਾਂ ਸਾਡੇ ਲੋਕ ਜੀਵਨ ਵਿਚੋਂ ਵਿਸਰ ਰਹੀਆਂ ਹਨ। ਨਾ ਹੁਣ ਪਿੰਡਾਂ ਵਿੱਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਹੁਣ ਕਿਸੇ ਕੋਲ ਖੇਡਣ ਲਈ ਵਿਹਲ ਹੈ। ਬਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ-ਪੰਜਾਬੀ ਅਖਾਣ ਹੈ-ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। ਇਹਨਾਂ ਦਾ ਅਧਿਐਨ ਸਭਿਆਚਾਰਕ ਦ੍ਰਿਸ਼ਟੀ ਤੋਂ ਇਕ ਅਤਿਅੰਤ ਮਹੱਤਵਪੂਰਨ ਵਿਸ਼ਾ ਹੈ ਜੋ ਸਾਨੂੰ ਆਪਣੀ ਬਲਵਾਨ ਵਿਰਾਸਤ ਨਾਲ਼ ਜੋੜਦਾ ਹੈ।

ਬਾਲਾਂ ਦੀਆਂ ਕਾਵਿ-ਮਈ ਖੇਡਾਂ

ਬੱਚਿਆਂ ਦੀਆਂ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ ਕਾਵਿ-ਮਈ। ਹਰ ਖੇਡ ਨਾਲ਼ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ ਜਿਸ ਕਰਕੇ ਖੇਡ ਬੜੀ ਦਿਲਚਸਪ ਬਣ ਜਾਂਦੀ ਹੈ। ਬੱਚਿਆਂ ਦਾ ਖੇਡ ਸ਼ਾਸਤਰ ਵੀ ਬੜਾ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ, ਬਲਕਿ ਗਲ਼ੀ ਗੁਆਂਢ ਵਿੱਚ ਹੀ ਕਿਸੇ ਮੋਕਲੀ ਥਾਂ ਤੇ ਖੜੋ ਕੇ ਕੋਈ ਬੱਚਾ ਉੱਚੀ ਆਵਾਜ਼ ਵਿੱਚ ਹੋਕਾ ਦੇਂਦਾ ਹੈ:———

ਦੋ ਲੱਕੜੀਆਂ ਦੋ ਕਾਨੇ
ਆ ਜਾਓ ਮੁੰਡਿਓ ਕਿਸੇ ਬਹਾਨੇ

ਕਿਸੇ ਬੰਨ੍ਹੇ ਤੋਂ ਉੱਚੀ ਆਵਾਜ਼ ਵਿੱਚ ਕੁੜੀਆਂ ਸੱਦਾ ਦੇਂਦੀਆਂ ਨੇ:———

ਤੱਤਾ ਖੁਰਚਣਾ ਜੰਗ ਜਲੇਬੀ
ਆ ਜਾਓ ਕੁੜੀਓ ਖੇਡੀਏ

ਕਿਧਰੇ ਕੁੜੀਆਂ ਦੀ ਟੋਲੀ ਰਲ਼ ਕੇ ਗਾ ਉੱਠਦੀ ਹੈ:———

ਆਓ ਭੈਣੋਂ ਖੇਡੀਏ
ਖੇਡਣ ਵੇਲ਼ਾ ਹੋਇਆ
ਰੋਟੀ ਕੌਣ ਪਕਾਊਗਾ
ਹੀਰਾ
ਹੀਰੇ ਦੀ ਮੈਂ ਭਾਣਜੀ
ਸੱਭੇ ਗੱਲਾਂ ਜਾਣਦੀ
ਇੱਕ ਗੱਲ ਭੁੱਲਗੀ
ਬਰੋਟੇ ਵਾਂਗੂੰ ਫੁੱਲਗੀ

ਖੇਡਣ ਦਾ ਸੱਦਾ ਸੁਣਦੇ ਹੀ ਬੱਚੇ ਆਪਣੀਆਂ ਮਾਵਾਂ, ਭੈਣਾਂ ਤੋਂ ਚੋਰੀ ਜਾਂ ਬਹਾਨੇ ਘੜ ਕੇ ਇਕ ਥਾਂ ਇਕੱਠੇ ਹੋ ਜਾਂਦੇ ਹਨ। ਉਹ ਆਮ ਕਰਕੇ ਛੂਹਣ ਵਾਲ਼ੀਆਂ ਖੇਡਾਂ ਖੇਡਦੇ ਹਨ। ਮੀਟੀ ਕੌਣ ਦੇਵੇ। ਇਸ ਲਈ ਪੁੱਗਿਆ ਜਾਂਦਾ ਹੈ। ਪੁੱਗਣ ਸਮੇਂ ਬੋਲੇ ਜਾਂਦੇ ਕਾਵਿ-ਟੋਟੇ ਦੇ ਬੋਲ ਹਨ:———

ਈਂਗਣ ਮੀਂਗਣ ਤਲੀ ਤਲੀਂਗਣ
ਕਾਲ਼ਾ ਪੀਲ਼ਾ ਡੱਕਰਾ
ਗੁੜ ਖਾਵਾਂ ਬੇਲ ਵਧਾਵਾਂ
ਮੂਲ਼ੀ ਪੱਤਰਾ
ਪੱਤਰਾਂ ਵਾਲ਼ੇ ਘੋੜੇ ਆਏ

ਹੱਥ ਕਤਾੜੀ ਪੈਰ ਕੁਤਾੜੀ

ਨਿਕਲ ਬਾਲਿਆ ਤੇਰੀ ਵਾਰੀ ਛੂਹੇ ਜਾਣ ਤੇ ਜੇਕਰ ਕੋਈ ਬੱਚਾ ਆਪਣੀ ਮੀਟੀ ਨਾ ਦੇਵੇ ਜਾਂ ਖੇਡ ਅੱਧ ਵਿਚਕਾਰ ਛੱਡ ਕੇ ਭੱਜ ਜਾਵੇ ਤਾਂ ਬੱਚੇ ਉਹਦੇ ਮਗਰ ਇਹ ਗਾਉਂਦੇ ਹੋਏ ਉਹਦੇ ਘਰ ਤਕ ਜਾਂਦੇ ਹਨ: ਸਾਡੀ ਪਿਤ ਦੱਬਣਾ ਘਰ ਦੇ ਚੂਹੇ ਚੱਬਣਾ, ਇਕ ਚੂਹਾ ਰਹਿ ਗਿਆ। ਚੁਪਾਹੀ ਫੜ ਕੇ ਲੈ ਗਿਆ ਚਪਾਹੀ ਨੇ ਮਾਰੀ ਇੱਟ ਚਾਹੇ ਰੋ ਚਾਹੇ ਪਿਟ . ਪੁੱਗਣ ਮਗਰੋਂ ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਸਮੁੰਦਰ ਤੇ ਮੱਛੀ ਬਾਲੜੀਆਂ ਦੀ ਬੜੀ ਹਰਮਨ ਪਿਆਰੀ ਖੇਡ ਹੈ। ਦਸ ਬਾਰਾਂ ਕੁੜੀਆਂ ਇਕ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਕੁੜੀ ਦੇ ਸਿਰ ਦਾਈ ਹੋਵੇ ਉਹ ਉਹਨਾਂ ਦੇ ਵਿਚਕਾਰ ਖਲੋਤੀ ਹੁੰਦੀ ਹੈ। ਖੇਡ ਸ਼ੁਰੂ ਹੋ ਜਾਂਦੀ ਹੈ। ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਇਕ ਆਵਾਜ਼ ਵਿੱਚ ਪੁੱਛਦੀਆਂ ਹਨ ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ? ਦਾਈ ਵਾਲੀ: ਗਿੱਟੇ ਗਿੱਟੇ ਪਾਣੀ ਕੁੜੀਆਂ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ? ਦਾਈ ਵਾਲੀ: ਢਿੱਡ-ਢਿੱਡ ਪਾਣੀ ਕੁੜੀਆਂ,.. ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ ਦਾਈ ਵਾਲੀ: ਸਿਰ-ਸਿਰ ਪਾਣੀ ਸਾਰੇ: ਡੁੱਬ ਗਏ ਇਸ ਮਗਰੋਂ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੁੱਢੀਆਂ ਵੱਢਦੇ ਹਨ। ਮੜ ਕੋਈ ਬੱਚਾ ਮੱਛਲੀ ਬਣਦਾ ਹੈ ਤੇ ਖੇਡ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ। ਭੰਡਾ ਭੰਡਾਰੀਆ ਖੇਡ ਵਿੱਚ ਦਾਈ ਵਾਲਾ ਬੱਚਾ ਧਰਤੀ ਤੇ ਚੁੱਪ ਮਾਰ ਕੇ ਬੈਠ ਜਾਂਦਾ ਹੈ ਤੇ ਬਾਕੀ ਬੱਚੇ ਉਹਦੇ ਸਿਰ ਉੱਤੇ ਆਪਣੀਆਂ-ਆਪਣੀਆਂ ਬੰਦ 487 ਮਹਿਕ ਪੰਜਾਬ ਦੀ ਮੁੱਠਾਂ ਇਕ ਦੂਜੀ ਤੇ ਰੱਖ ਕੇ, ਦਾਇਰਾ ਬਣਾ ਕੇ, ਖਲੋ ਜਾਂਦੇ ਹਨ। ਇਕ ਆਵਾਜ਼ ਦਾਈ ਵਾਲ਼ੇ ਤੋਂ ਪੁੱਛਦੇ ਹਨ:———

ਭੰਡਾ ਭੰਡਾਰੀਆ
ਕਿੰਨਾ ਕੁ ਭਾਰ?

ਦਾਈ ਵਾਲ਼ਾ ਹੇਠੋਂ ਉੱਤਰ ਦਿੰਦਾ ਹੈ:———

ਇਕ ਮੁੱਠੀ ਚੁੱਕ ਲੈ
ਦੂਈ ਨੂੰ ਤਿਆਰ

ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ਕੱਲੀ-ਕੱਲੀ ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇਕ ਦਮ ਨਸਦੇ ਹੋਏ ਗਾਉਂਦੇ ਹਨ:

ਹਾਏ ਕੂੜੇ ਦੰਦਈਆ ਲੜ ਗਿਆ
ਬੂਈ ਕੁੜੇ ਦੰਦਈਆ ਲੜ ਗਿਆ

ਦਾਈ ਵਾਲਾ ਉਹਨਾਂ ਨੂੰ ਛੂੰਹਦਾ ਹੈ। ਜਿਸ ਬੱਚੇ ਨੂੰ ਉਹ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।

ਉਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿੱਚ ਦਾਈ ਵਾਲ਼ਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ ਤੇ ਖੜੋਤੇ ਬੱਚੇ ਉੱਚੀ ਆਵਾਜ਼ ਵਿੱਚ ਬੋਲਦੇ ਹਨ:———

ਗੱਡਾ ਗਡੋਰੀਆ
ਗੱਡੇ ਵਿਚ ਖੂਹ
ਖੜੇ ਨੂੰ ਛੱਡ ਕੇ
ਬੈਠੇ ਨੂੰ ਛੂਹ

ਦਾਈ ਵਾਲ਼ਾ ਬੈਠਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤੇ ਇੰਨੇ ਨੂੰ ਝੱਟ ਆਵਾਜ਼ ਉੱਠਦੀ ਹੈ———

ਗੱਡਾ ਗਡੋਰੀਆ
ਗੱਡੇ ਵਿਚ ਖੂਹ
ਬੈਠੇ ਨੂੰ ਛੱਡ ਕੇ
ਖੜੇ ਨੂੰ ਛੂਹ

ਫੇਰ ਦਾਈ ਵਾਲ਼ਾ ਖੜਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਜਿਸ ਬੱਚੇ ਨੂੰ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।

"ਊਚ ਨੀਚ" ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ਼ ਖੇਡਦੇ ਹਨ। ਦਾਈ ਵਾਲ਼ੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ:———

ਅੰਬਾਂ ਵਾਲ਼ੀ ਕੋਠੜੀ
ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ?

ਦਾਈ ਵਾਲ਼ਾ ਬੱਚਾ ਅੱਗੋਂ ਉੱਚੀ ਜਾਂ ਨੀਵੀਂ ਥਾਂ ਵੱਲ ਇਸਾਰਾ ਕਰਕੇ "ਔਹ" ਆਖਦਾ ਹੈ। ਬੱਚੇ ਇਸ਼ਾਰੇ ਵਾਲੇ ਸਥਾਨ ਵੱਲ ਦੌੜਦੇ ਹਨ। ਦਾਈ ਵਾਲਾ ਜਿਸ ਨੂੰ ਛੂਹ ਲਵੇ ਉਹਦੇ ਸਿਰ ਦਾਈ ਆ ਜਾਂਦੀ ਹੈ।

"ਦਾਈਆਂ ਦੁਹਕੜੇ" ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਦਾਈ ਵਾਲਾ ਉਸ ਥਾਂ ਤੇ ਜਾ ਕੇ ਖੜੋ ਜਾਂਦਾ ਹੈ ਜਿਸ ਥਾਂ ਤੇ ਆ ਕੇ ਦੂਜੇ ਖਿਡਾਰੀਆਂ ਨੇ ਹੱਥ ਲਾਉਣਾ ਹੁੰਦਾ ਹੈ। ਉਹ ਅੱਖਾਂ ਮੀਚ ਕੇ ਉੱਚੀ ਆਵਾਜ਼ ਵਿੱਚ ਆਖਦਾ ਹੈ:———
ਲੁੱਕ ਛਿਪ ਜਾਣਾ
ਨਵੀਂ ਕਣਕ ਦਾ ਦਾਣਾ
ਰਾਜੇ ਦੀ ਬੇਟੀ ਆਈ ਜੇ
ਬੱਚੇ ਏਧਰ ਓਧਰ ਕੰਧਾਂ ਕੌਲਿਆਂ ਉਹਲੇ ਲੁੱਕ ਜਾਂਦੇ ਹਨ। ਜਦੋਂ ਸਾਰੇ ਲੁੱਕ ਜਾਣ ਤਾਂ ਇਕ ਜਣਾ ਉੱਚੀ ਦੇਣੀ ਆਖਦਾ ਹੈ:
ਆ ਜੋ
ਦਾਈ ਵਾਲਾ ਦੂਜੇ ਬੱਚਿਆਂ ਨੂੰ ਲੱਭਦਾ ਹੈ। ਦੂਜੇ ਬੱਚੇ ਦੌੜ ਕੇ ਦਾਈਆਂ ਵਾਲੀ ਥਾਂ ਨੂੰ ਹੱਥ ਲਾ ਕੇ ਆਖਦੇ ਹਨ:
ਦਾਈਆਂ ਦੂਹਕੜੇ
ਜਿਹੜਾ ਬੱਚਾ ਦਾਈਆਂ ਵਾਲੀ ਥਾਂ ਨੂੰ ਹੱਥ ਲਾਉਣ ਤੋਂ ਪਹਿਲਾਂ-ਪਹਿਲਾਂ ਛੂਹਿਆ ਜਾਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
‘ਤੇਰਾ ਮੇਰਾ ਮੇਲ ਨੀ’ ਖੇਡ, ਦਸ ਪੰਦਰ੍ਹਾਂ ਕੁੜੀਆਂ ਖੇਡਦੀਆਂ ਹਨ। ਪਹਿਲਾਂ ਦਾਇਰਾ ਬਣਾਉਂਦੀਆਂ ਹਨ। ਵਿਚਕਾਰ ਦਾਈ ਵਾਲੀ ਕੁੜੀ ਹੁੰਦੀ ਹੈ। ਦਾਈ ਵਾਲੀ ਕੁੜੀ ਅਤੇ ਦੂਜੀਆਂ ਕੁੜੀਆਂ ਵਿਚਕਾਰ ਵਾਰਤਾਲਾਪ ਹੁੰਦੀ ਹੈ:———
ਕੁੜੀਆਂ: ਐਸ ਗਲੀ ਆ ਜਾ
ਦਾਈ ਵਾਲੀ: ਐਸ ਗਲੀ ਹਨ੍ਹੇਰਾ
ਕੁੜੀਆਂ: ਲੈਂਪ ਲੈ ਕੇ ਆ ਜਾ
ਦਾਈ ਵਾਲੀ: ਲੈਂਪ ਮੇਰਾ ਟੁੱਟਾ ਫੁੱਟਾ
ਕੁੜੀਆਂ: ਦੀਵਾ ਲੈ ਕੇ ਆ ਜਾ
ਦਾਈ ਵਾਲੀ:ਦੀਵੇ ਵਿੱਚ ਤੇਲ ਨੀ
ਕੁੜੀਆਂ: ਤੇਰਾ ਮੇਰਾ ਮੇਲ ਨੀ
‘ਤੇਰਾ ਮੇਰਾ ਮੇਲ ਨੀਂ` ਆਖਦੇ ਸਾਰ ਹੀ ਕੁੜੀਆਂ ਦੌੜ ਜਾਂਦੀਆਂ ਹਨ। ਦਾਈ ਵਾਲੀ ਉਹਨਾਂ ਨੂੰ ਛੂੰਹਦੀ ਹੈ। ਜਿਸ ਨੂੰ ਛੂਹ ਲਵੇ ਉਹਦੇ ਸਿਰ ਦਾਈ ਆ ਜਾਂਦੀ

ਜਵਾਨੀ ਅਤੇ ਬਚਪਨ ਦੀਆਂ ਬਰੂਹਾਂ ਤੇ ਖੜੀਆਂ ਕੁੜੀਆਂ ਥਾਲ ਅਤੇ ਕਿੱਕਲੀ ਖੇਡ ਕੇ ਆਨੰਦ ਪ੍ਰਾਪਤ ਕਰਦੀਆਂ ਹਨ।

ਥਾਲ ਜਾਂ ਖੇਹਨੂੰ ਕੁੜੀਆਂ ਦੀ ਅਤਿ ਰੌਚਕ ਖੇਡ ਹੈ। ਇਸ ਖੇਡ ਵਿੱਚ ਹੱਥ ਦੀ ਤਲੀ ਨਾਲ ਖੇਹਨੂੰ ਜਾਂ ਗੇਂਦ ਨੂੰ ਜ਼ਿਆਦਾ ਵਾਰ ਜ਼ਮੀਨ ਤੇ ਬੁੜ੍ਹਕਾਇਆ ਜਾਂਦਾ ਹੈ ਤੇ ਨਾਲ ਥਾਲ ਦੇ ਗੀਤ ਗਾਏ ਜਾਂਦੇ ਹਨ. ਇਹ ਖੇਡ ਜੋੜੀਆਂ ਵਿੱਚ ਜਾਂ ਇਕੱਲੇ ਇਕੱਲੇ ਵੀ ਖੇਡੀ ਜਾਂਦੀ ਹੈ। ਥਾਲ ਗੀਤਾਂ ਨਾਲ਼ ਗਿਣਤੀ ਕੀਤੀ ਜਾਂਦੀ ਹੈ:———

ਥਾਲ਼ ਥਾਲ਼ ਥਾਲ਼
ਮਾਂ ਮੇਰੀ ਦੇ ਲੰਮੇ ਵਾਲ਼
ਪਿਓ ਮੇਰਾ ਸ਼ਾਹੂਕਾਰ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ-ਰੁੜ੍ਹ ਪਾਣੀਆਂ
ਸੁਰਮੇਦਾਣੀਆਂ
ਸੁਰਮਾਂ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ਼
ਹੋਇਆ ਬੀਬੀ ਪਹਿਲਾ ਥਾਲ਼

ਭੈਣ ਵੀਰ ਨੂੰ ਯਾਦ ਕਰਦੀ ਹੋਈ ਅਗਲਾ ਥਾਲ਼ ਗਾਉਂਦੀ ਹੈ:———

ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲ਼ੀ
ਜੀਹਦੇ ਨੱਕ ਮੱਛਲੀ
ਮੱਛਲੀ ’ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ਼ ਹੇਠ
ਲੰਡਾ ਪਿੱਪਲ਼ ਢੈਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ਼ ਪਕਾਈਆਂ ਤੋਰੀਆਂ
ਅੱਲਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ

ਹੋਰ

ਛਈ ਛਈ ਛਈਆਂ
ਖਖੜੀਆਂ ਖਰਬੂਜ਼ੇ ਖਾਂ
ਖਾਂਦੀ-ਖਾਂਦੀ ਕਾਬਲ ਜਾਂ
ਓਥੋਂ ਲਿਆਵਾਂ ਗੋਰੀ ਗਾਂ

ਗੋਰੀ ਗਾਂ ਗੁਲਾਬੀ ਵੱਛਾ
ਮਾਰੇ ਸਿੰਗ ਤੁੜਾਵੇ ਰੱਸਾ
ਛੋਲੀਏ ਨੂੰ ਕੰਡਾ
ਮੁੰਡੇ ਖੇਡਣ ਗੁੱਲੀ ਡੰਡਾ
ਕੁੜੀਆਂ ਗੌਣ ਗਾਉਂਦੀਆਂ
ਮਰਦ ਕਰਦੇ ਲੇਖਾ ਸ਼ੇਖਾ
ਰੰਨਾਂ ਘਰ ਵਸੌਂਦੀਆਂ

ਇਕ ਹੋਰ ਥਾਲ਼ ਗੀਤ ਵਿੱਚ ਧੀ ਮਾਂ ਨੂੰ ਅਰਜੋਈ ਕਰਦੀ ਹੈ:

ਮਾਂ ਮਾਂ ਗੁੱਤ ਕਰ
ਧੀਏ ਧੀਏ ਚੁੱਪ ਕਰ
ਮਾਂ ਮਾਂ ਵਿਆਹ ਕਰ
ਧੀਏ ਧੀਏ ਰਾਹ ਕਰ
ਮਾਂ ਮਾਂ ਜੰਜ ਆਈ
ਧੀਏ ਧੀਏ ਕਿੱਥੇ ਆਈ
ਆਈ ਪਿੱਪਲ਼ ਦੇ ਹੇਠ
ਨਾਲੇ ਸਹੁਰਾ ਨਾਲ਼ੇ ਜੇਠ
ਨਾਲੇ ਮਾਂ ਦਾ ਜਵਾਈ
ਖਾਂਦਾ ਲੁੱਚੀ ਤੇ ਕੜ੍ਹਾਹੀ
ਲੈਂਦਾ ਲੇਫ ਤੇ ਤਲ਼ਾਈ
ਪੀਂਦਾ ਦੁੱਧ ਤੇ ਮਲ਼ਾਈ
ਭੈੜਾ ਰੁੱਸ-ਰੁੱਸ ਜਾਂਦਾ
ਸਾਨੂੰ ਸ਼ਰਮ ਪਿਆ ਦਵਾਂਦਾ
ਆਲ ਮਾਲ਼
ਹੋਇਆ ਭੈਣੇ ਪੁਰਾ ਥਾਲ

ਇੰਜ ਬਹੁਤ ਸਾਰੇ ਥਾਲ ਪੈਂਦੇ ਰਹਿੰਦੇ ਹਨ ਤੇ ਖੇਡ ਮਘਦੀ ਚਲੀ ਜਾਂਦੀ ਹੈ।

ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ’ਤੇ ਲੋਟ ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮ ਰਹੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਕਈ-ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ਼ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ:———

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਬੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਐਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ

ਕਿੱਕਲੀ ਦੇ ਗੀਤਾਂ ਵਿੱਚ ਭੈਣ ਦਾ ਵੀਰ ਪਿਆਰ ਹੀ ਵਧੇਰੇ ਕਰਕੇ ਰੂਪਮਾਨ ਹੋਇਆ ਹੈ:———

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਜ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ

ਹੋਰ

ਕੋਠੇ ਉੱਤੇ ਰੇਬੜਾ
ਭੈਣ ਮੇਰੀ ਖੇਡਦੀ
ਭਣੋਈਆ ਮੈਨੂੰ ਦੇਖਦਾ
ਵੇਖ ਲੈ ਵੇ ਵੇਖ ਲੈ
ਬਾਰੀ ਵਿੱਚ ਬਹਿਨੀ ਆਂ
ਛੰਮ-ਛੰਮ ਰੋਨੀ ਆਂ
ਲਾਲ ਜੀ ਦੇ ਕਪੜੇ
ਸਬੂਨ ਨਾਲ਼ ਧੋਨੀ ਆਂ
ਸਬੂਨ ਗਿਆ ਉਡ ਪੁਡ
ਲੈ ਨੀ ਭਾਬੋ ਮੋਤੀ ਚੁੱਗ
ਭਾਬੋ ਮੇਰੀ ਸੋਹਣੀ

ਜੀਹਦੇ ਮੱਥੇ ਦੌਣੀ
ਦੌਣੀ ਵਿੱਚ ਸਤਾਰਾ
ਮੈਨੂੰ ਵੀਰ ਪਿਆਰਾ
ਵੀਰੇ ਦੀ ਮੈਂ ਵਹੁਟੀ ਡਿੱਠੀ
ਚੰਨ ਨਾਲੋਂ ਚਿੱਟੀ
ਤੇ ਪਤਾਸਿਆਂ ਤੋਂ ਮਿੱਠੀ

ਭੈਣ ਨੂੰ ਵੀਰ ਦੇ ਵਿਆਹ ਦਾ ਚਾਅ ਤਾਂ ਭਲਾ ਹੋਣਾ ਹੀ ਹੋਇਆ, ਉਸ ਨੂੰ ਤਾਂ ਆਪਣੇ ਵੀਰਾਂ ਦੇ ਮੰਗੇ ਜਾਣ ਦਾ ਵੀ ਚਾਅ ਹੈ:———

ਅੰਬੇ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੌਪਟ ਖੇਲਣ ਵਾਲ਼ਾ
ਚੌਪਟ ਕਿੱਥੇ ਖੇਲੇ
ਲਾਹੌਰ ਸ਼ਹਿਰ ਖੇਲੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲ਼ੀਆਂ ਵਿੱਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ

ਕਿਧਰੇ ਵੀਰ ਦੇ ਬਾਗਾਂ ਵਿੱਚ ਚੰਬਾ ਕਲੀ ਖਿੜਦੀ ਹੈ:———

ਹੇਠ ਵਗੇ ਦਰਿਆ
ਉੱਤੇ ਮੈਂ ਖੜੀ
ਮੇਰੇ ਵੀਰ ਨੇ ਲਾਇਆ ਬਾਗ
ਖਿੜ ਪਈ ਚੰਬਾ ਕਲੀ
ਚੰਬਾ ਕਲੀ ਨਾ ਤੋੜ
ਵੀਰ ਮੇਰਾ ਕੁੱਟੂਗਾ
ਮੇਰਾ ਵੀਰ ਬੜਾ ਸਰਦਾਰ
ਬਹਿੰਦਾ ਕੁਰਸੀ 'ਤੇ
ਭਾਂਬੋ ਬੜੀ ਪ੍ਰਧਾਨ
ਬਹਿੰਦੀ ਪੀਹੜੀ 'ਤੇ
ਪੀਹੜੀ ਗਈ ਟੁੱਟ
ਭਾਬੋ ਗਈ ਰੁੱਸ
ਭਾਬੋ ਕੁੱਕੜਾਂ ਨੂੰ ਨਾ ਮਾਰ
ਕੁੱਕੜ ਵੀਰੇ ਦੇ

ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇਕ ਢੰਗ ਹੋਰ ਵੀ ਹੈ। ਦੋ ਕੁੜੀਆਂ ਧਰਤੀ ਤੇ ਬੈਠ ਕੇ ਜਾਂ ਖੜੋ ਕੇ ਇਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰ ਕੇ ਤਾੜੀਆਂ ਦੇ ਤਾਲ਼ ਨਾਲ ਗੀਤ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ:———

ਤੇ ਵੇ ਤੋਤੜਿਆ
ਤੋੜਿਆ ਮਤੋੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੇ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖਡਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰੇਤਲਾ
ਰੇਤਲੇ ਦੀ ਤਾਈ ਆਈ
ਨਵੀਂ-ਨਵੀਂ ਭਰਜਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉੱਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛੱਕ ਛੱਕ ਜਾਵੇ

ਹੋਰ

ਕਿੱਕਲੀ ਕਲੱਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿੱਚੋਂ ਦੇਖਦਾ
ਮੋੜ ਸੂ ਜਠਾਣੀਏਂ
ਮੋੜ ਸੱਸੇ ਰਾਣੀਏਂ

ਹਾਸਿਆਂ ਤਮਾਸ਼ਿਆਂ ਭਰੇ ਬੋਲਾਂ ਨਾਲ਼ ਕਿੱਕਲੀ ਪਾਂਦੀਆਂ ਕੁੜੀਆਂ ਇਕ ਸਮਾਂ ਬੰਨ੍ਹ ਦੇਂਦੀਆਂ ਹਨ:———

ਸੱਸ ਦਾਲ ਚਾ ਪਕਾਈ
ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ
ਹੇਠ ਟੰਗਣੇ ਲੁਕਾਈ

ਅੰਦਰ ਬਾਹਰ ਵੜਦੀ ਖਾਵੇ
ਭੈੜੀ ਗੱਲ ਗੜੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਮਾਰਨ ਛੁਰੀਆਂ ਵੇ
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੀ ਭੈਣ ਦਾ
ਘੱਗਰਾ ਨਰੈਣ ਦਾ
ਲੈ ਮਾਮਾ ਪੀਹੜੀ
ਪੀਹੜੀ ਹੇਠ ਕੀੜੀ
ਵੇਖ ਤਮਾਸ਼ਾ
ਭਾਈਆਂ ਪਿੱਟੀ ਕੀੜੀ ਦਾ

ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚੇ ਖੇਡਦੇ-ਖੇਡਦੇ ਫੱਟੀਆਂ ਸੁਕਾਉਂਦੇ ਅਤੇ ਸਿਆਹੀ ਪੱਕੜ ਕਰਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਫੱਟੀਆਂ ਘੁਮਾਉਂਦੇ ਹੋਏ ਗਾਉਂਦੇ ਹਨ———

ਸੂਰਜਾ ਸੂਰਜਾ ਫੱਟੀ ਸੁੱਕਾ
ਅੱਜ ਤੇਰਾ ਮੰਗਣਾ
ਕੱਲ੍ਹ ਤੇਰਾ ਵਿਆਹ
ਆਉਣਗੇ ਜਨੇਤੀ
ਖਾਣਗੇ ਕੜਾਹ

ਸੂਰਜਾ ਸੂਰਜਾ ਫੱਟੀ ਸੁੱਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇੱਕ ਪਿੰਨੀ ਫੁੱਟਗੀ
ਮੇਰੀ ਫੱਟੀ ਸੁੱਕਗੀ

ਸੂਫ਼ ਵਾਲੀਆਂ ਕੁੱਜੀਆ ਵਿੱਚ ਕਲਮਾਂ ਪਾਈ ਕੁੱਜੀ ਨੂੰ ਪੈਰਾਂ ਨਾਲ਼ ਦਬਾ ਕੇ, ਕਲਮਾਂ ਨੂੰ ਮਧਾਣੀਆਂ ਵਾਂਗ ਘੁਮਾਉਂਦੇ ਹੋਏ ਬੱਚੇ ਮਸਤ ਹੋਏ ਗਾਉਂਦੇ ਹਨ:———

ਕਾਵਾਂ ਕਾਵਾਂ ਢੋਲ ਵਜਾ
ਚਿੜੀਏ ਚਿੜੀਏ ਸਿਪਾਹੀ ਪਾ।

ਕੋਠੇ ਤੇ ਲੱਕੜ
ਮੇਰੀ ਸਿਆਹੀ ਪੱਕੜ

ਕਾਲ਼ੇ ਮੰਦਰ ਜਾਵਾਂਗੇ
ਕਾਲ਼ੀ ਸਿਆਹੀ ਲਿਆਵਾਂਗੇ

ਆਲ਼ੇ ’ਚ ਤੂੜੀ
ਮੇਰੀ ਸਿਆਹੀ ਗੂਹੜੀ '

ਚਿੜੀਏ ਚਿੜੀਏ ਸਿਆਹੀ ਲਿਆ
ਆਨੇ ਦੀ ਮਲ਼ਾਈ ਲਿਆ
ਅੱਧੀ ਤੇਰੀ ਅੱਧੀ ਮੇਰੀ
ਜੇ ਤੂੰ ਮਰਗੀ ਸਾਰੀਓ ਮੇਰੀ

ਬੱਚਿਆਂ ਨੂੰ ਸਕੂਲੋਂ ਛੁੱਟੀ ਹੋਣ ਦਾ ਕਿੰਨਾ ਚਾਅ ਹੁੰਦਾ ਹੈ:———

ਅੱਧੀ ਛੁੱਟੀ ਸਾਰੀ
ਮੀਏਂ ਮੱਖੀ ਮਾਰੀ
ਘੋੜੇ ਦੀ ਸਵਾਰੀ
ਘੋੜਾ ਗਿਆ ਦਿੱਲੀ
ਮਗਰ ਪੈ ਗੀ ਬਿੱਲੀ
ਬਿੱਲੀ ਦਾ ਟੁੱਟ ਗਿਆ ਦੰਦ
ਕਲ੍ਹ ਨੂੰ ਸਕੂਲ ਬੰਦ

ਜਦੋਂ ਸਮੇਂ ਸਿਰ ਮੀਂਹ ਨਹੀਂ ਪੈਂਦਾ ਤਾਂ ਪਿੰਡਾਂ ਦੀਆਂ ਨਿੱਕੀਆਂ ਕੁੜੀਆਂ ਗੁੱਡੀ ਫੂਕ ਕੇ ਮੀਂਹ ਲਈ ਅਰਦਾਸ ਕਰਦੀਆਂ ਹਨ। ਗੁੱਡੀ ਫੂਕਣ ਵੇਲੇ ਅਨੇਕਾਂ ਗੀਤ ਗਾਏ ਜਾਂਦੇ ਹਨ:———

ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ

ਕਾਲੇ ਰੋੜ ਪੀਲ਼ੇ ਰੋੜ
ਹਾੜੇ ਰੱਬਾ ਵੱਟਾਂ ਤੋੜ

ਕਾਲ਼ੀਆਂ ਇੱਟਾਂ ਕਾਲ਼ੇ ਰੋੜ
ਮੀਂਹ ਵਸਾ ਦੇ ਜ਼ੋਰੋ ਜ਼ੋਰ

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਕਾਰਨ ਬਾਲ ਖੇਡਾਂ ਦੇ ਗੀਤ ਬਾਲ ਮਨਾਂ 'ਚੋਂ ਵਿਸਰ ਰਹੇ ਹਨ। ਇਹ ਗੀਤ ਬਾਲ ਮਨਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡਾ ਵੱਡਮੁੱਲਾ ਸਰਮਾਇਆ ਹਨ।

ਸਾਵਣ ਆਇਆ ਨੀ ਸਖੀਏ

ਪੁਰਾਤਨ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿੱਚ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਪੰਜਾਬ ਖੇਤੀ ਪ੍ਰਧਾਨ ਖਿੱਤਾ ਹੋਣ ਦੇ ਕਾਰਨ ਇਥੋਂ ਦਾ ਕਿਸਾਨ ਚੰਗੇਰੀ ਫ਼ਸਲ ਦੀ ਪੈਦਾਵਾਰ ਲਈ ਮੌਸਮ ’ਤੇ ਹੀ ਨਿਰਭਰ ਕਰਦਾ ਰਿਹਾ ਹੈ। ਪਾਣੀ ਦੇ ਕੁਦਰਤੀ ਸਾਧਨ ਹੀ ਉਸ ਦੇ ਮੁੱਖ ਸਿੰਜਾਈ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿਥੇ ਮੀਂਹ ’ਤੇ ਟੇਕ ਰੱਖਣੀ ਪੈਂਦੀ ਸੀ ਉਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਸਾਉਣ ਦਾ ਮਹੀਨਾ ਕਿਸਾਨਾਂ ਲਈ ਖੁਸ਼ਹਾਲੀ ਦਾ ਢੋਆ ਲੈ ਕੇ ਆਉਂਦਾ ਸੀ। ਰਜਵੀਂ ਬਾਰਸ਼ ਸਾਉਣੀ ਦੀ ਭਰਪੂਰ ਫਸਲ ਲਈ ਉਨ੍ਹਾਂ ਦੇ ਮਨਾਂ ਅੰਦਰ ਉੱਤਸ਼ਾਹ ਅਤੇ ਉਮਾਹ ਪ੍ਰਦਾਨ ਕਰਦੀ ਸੀ। ਪਿੰਡਾਂ ਵਿਚ ਆਮ ਕਰਕੇ ਘਰ ਕੱਚੇ ਹੁੰਦੇ ਸਨ ਜਿਸ ਕਰਕੇ ਪਿੰਡਾਂ ਦੇ ਲੋਕ ਸਾਉਣ ਮਹੀਨੇ ਦੀ ਆਮਦ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਤੂੜੀ ਨਾਲ ਗੋਈ ਚੀਕਣੀ ਮਿੱਟੀ ਨਾਲ ਲਿਪ ਕੇ ‘ਸਾਉਣ ਦੀ ਝੜੀ' ਦਾ ਟਾਕਰਾ ਕਰਨ ਲਈ ਤਿਆਰੀ ਕਰ ਲੈਂਦੇ ਸਨ। ਲੋਕ ਅਖਾਣ ਹੈ:

ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੜੀ

ਜੇ ਕਿਧਰੇ ਸਾਉਣ ਚੜ੍ਹਨ ਤੇ ਬਾਰਸ਼ ਨਾ ਹੋਣੀ ਤਾਂ ਕੁੜੀਆਂ ਨੇ ਗੁੱਡੀਆਂ ਫੂਕ-ਫੂਕ ਕੇ ਬਾਰਸ਼ ਲਈ ਅਰਦਾਸਾਂ ਕਰਨੀਆਂ ਅਤੇ ਬੱਚਿਆਂ ਨੇ ਗਲੀਆਂ 'ਚ ਨੱਚ ਨੱਚ ਗਾਉਣਾ:———
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ

ਕਾਲੇ ਰੋੜ ਪੀਲੇ ਰੋੜ
ਹਾੜ੍ਹੇ ਰੱਬਾ ਵੱਟਾਂ ਤੋੜ

ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸਾ ਦੇ ਜ਼ੋਰੋ ਜ਼ੋਰ

ਜੇਠ ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦੇਂਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿੱਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ

ਤੇ ਨਵਾਂ ਨਿਖਾਰ ਆਉਂਦਾ ਹੈ। ਬਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ:———

ਰਲ਼ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਘਾਂ ਪਿਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅਥਰੂ ਡੋਲ੍ਹਾਂ ਨੀਂ
ਕੋਈ ਸਾਰ ਨਾ ਲੈਂਦਾ ਮੇਰੀ

ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦੇਂਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ:-

ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ

ਸਾਉਣ ਦਾ ਸੱਦਾ ਭਲਾ ਕੁੜੀਆਂ ਕਿਉਂ ਨਾ ਪ੍ਰਵਾਨ ਕਰਨ:-

ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ਼ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ

ਕੁੜੀਆਂ ਦੇ ਪਿਪਲੀਂ ਪੀਂਘਾਂ ਪਾਉਣ ਕਰਕੇ ਪਿੱਪਲ ਆਪਣੇ ਆਪ ਨੂੰ "ਭਾਗਾਂ ਵਾਲਾ" ਸਮਝਦਾ ਹੈ।

ਥੜਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫਲਾਹੀਆਂ
ਹੰਸਾਂ ਨਾਲ਼ ਹਮੇਲਾਂ ਸੋਂਹਦੀਆਂ
ਬੰਦਾਂ ਨਾਲ ਗਜਰਾਈਆਂ
ਧੰਨ ਭਾਗ ਮੇਰਾ ਆਖੇ ਪਿੱਪਲ
ਕੁੜੀਆਂ ਨੇ ਪੀਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ

ਜਦੋਂ ਸਾਉਣ ਦੀਆਂ ਕਾਲ਼ੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਬਿਰਹੋਂ ਕੁੱਠੀ ਮੁਟਿਆਰ ਤੜਪ ਉਠਦੀ ਹੈ:——

ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾ ਚੜ੍ਹ ਆਈਆਂ

ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ 'ਤੇ ਚੋਗ ਚੁਗਾਉਣਾ ਲੋਚਦੀ ਹੈ——

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ ’ਤੇ ਚੋਗ ਚੁਗਾਵਾਂ

ਇਸ ਰੁਮਾਂਚਕ ਵਾਤਵਰਣ ਵਿੱਚ ਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ ‘ਤੀਆਂ ਦਾ ਤਿਉਹਾਰ’ ਆਉਂਦਾ ਹੈ। ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਬੜੇ ਚਾਵਾਂ ਨਾਲ਼ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ:——

ਮਹਿੰਦੀ ਤਾਂ ਪਾ ਦੇ ਮਾਏਂ ਸੁਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈਂ ਨੀ ਮੰਗਾ
ਸਾਵਣ ਆਇਆ

ਜਿਹੜੀਆਂ ਵਿਆਹੀਆਂ ਕੁੜੀਆਂ ਕਿਸੇ ਕਾਰਨ ਸਾਉਣ ਮਹੀਨੇ ਵਿੱਚ ਆਪਣੇ ਪੇਕੀਂ ਨਹੀਂ ਆ ਸਕਦੀਆਂ ਉਹਨਾਂ ਲਈ ਉਹਨਾਂ ਦੇ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿੱਚ ਉਹਦੇ ਲਈ ਤਿਓਰ ਅਤੇ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ}}</poem> ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ:——

ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ

ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ

ਲਿਖ ਲਿਖ ਭੇਜਾਂ ਚੀਰੀਆਂ
ਤੂੰ ਪ੍ਰਦੇਸਾਂ ਤੋਂ ਆ
ਸਾਵਣ ਆਇਆ

ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ

ਪਾਵੇਂ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ

ਹੱਥਾਂ ਦੀ ਵੇ ਦੇਵਾਂ ਮੁੰਦਰੀ
ਗ਼ਲ਼ ਦਾ ਨੌਂਲੱਖਾ ਹਾਰ
ਸਾਵਣ ਆਇਆ

ਪੁਰਾਣੇ ਸਮਿਆਂ ਵਿਚ ਆਉਣ ਜਾਣ ਦੇ ਸਾਧਨ ਸੀਮਤ ਸਨ, ਨਾ ਸੜਕਾਂ ਸਨ ਨਾ ਨਦੀਆਂ ਨਾਲਿਆਂ ਤੇ ਪੁਲ਼। ਪੰਜ ਦਸ ਕੋਹ ਦੀ ਵਾਟ ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪ੍ਰਦੇਸਣ ਸਮਝਦੀ ਸੀ। ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪ੍ਰਦੇਸਾਂ ਵਿੱਚ ਬੈਠੀ ਮੁਟਿਆਰ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ ਉਥੇ ਪ੍ਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿੱਚ ਬਿਆਨ ਕਰਦੀ ਹੈ।

ਸਾਉਣ ਦੇ ਦਿਨਾਂ ਵਿੱਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ। ਸੱਸ ਨਣਾਨ ਮੱਥੇ ਵੱਟ ਪਾ ਲੈਂਦੀਆਂ ਹਨ...ਉਹ ਵੀਰ ਪਾਸੋਂ ਆਪਣੇ ਪੇਕੇ ਪਰਿਵਾਰ ਦੀ ਸੁੱਖ ਸਾਂਦ ਪੁੱਛਦੀ ਹੈ:——

ਸਾਵਣ ਆਇਆ ਨੀ ਸਖੀਏ
ਸਾਵਣ ਆਇਆ

ਇਕ ਤਾਂ ਆਇਆ ਮੇਰੀ ਅੰਮਾਂ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਣਾਨ ਮੁੱਖ ਮੋੜਿਆ

ਆ ਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ

ਮਾਂ ਤਾਂ ਤੇਰੀ ਭੈਣੇ
ਪਲੰਘੋਂ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ

ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ

ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ

ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ

ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ

ਚਲ ਵੇ ਵੀਰਾ ਚੱਲੀਏ ਮਾਂ ਦੇ ਕੋਲ਼ੇ
ਸਾਡੀਆਂ ਸਖੀਆਂ ਕੋਲ਼ੇ
ਚੁੱਕ ਭਤੀਜੜਾ ਲੋਰੀ ਦੇਵਾਂਗੀ ਰਾਮ

ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਕੁੜੀਆਂ ਹਾਸੇ-ਮਖ਼ੌਲਾਂ ਭਰੇ ਗੀਤ ਵੀ ਗਾਉਂਦੀਆਂ ਹਨ ਪਿੰਡੋਂ ਬਾਹਰ ਬਰੋਟਿਆਂ-ਟਾਹਲੀਆਂ ਦੇ ਦਰੱਖ਼ਤਾਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇੱਕ ਸਮਾਂ ਬੰਨ੍ਹ ਦੇਂਦੀਆਂ ਹਨ:——— 

ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ

ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲ਼ੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲ਼ੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ

ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦੀ ਹੈ। ਗਿੱਧਾ ਇਕ ਅਜਿਹਾ ਪਿੜ ਹੈ ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ ਤੇ ਬਿਦ ਬਿਦ ਕੇ ਬੋਲੀਆਂ ਪਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ:

ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਤੀਆਂ ਦੇ ਰਾਂਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਹਨ। ਕਈ ਕਈ ਦਿਨ ਝੜੀਆਂ ਲੱਗਣੀਆਂ ਚਾਰੇ ਬੰਨੇ ਜਲਥਲ ਹੋ ਜਾਣਾ। ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਹਲਪੂੜੇ ਪੱਕਣੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ...ਪਹਿਲਾਂ ਵਾਂਗ ਮੀਂਹ ਨਹੀਂ ਪੈਂਦੇ... ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਪਹਿਲੇ ਸ਼ੋਂਕ ਰਹੇ ਨਹੀਂ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲ਼ੇ ਸ਼ੋਕ ਅਤੇ ਉਤਸ਼ਾਹ ਨਾਲ਼ ਨਹੀਂ ਮਨਾਇਆ ਜਾਂਦਾ। ਸਾਉਣ ਮਹੀਨੇ ਵਿੱਚ ਪੱਕਦੇ ਸੁਆਦੀ ਮਾਹਲਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।

ਪੰਜਾਬ ਦੇ ਲੋਕ ਨਾਚ

ਕਿਸੇ ਖ਼ੁਸ਼ੀ ਦੇ ਮੌਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਠਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਉਸ ਦੇ ਦੂਸਰੇ ਸਾਥੀ ਉਸ ਨਾਲ਼ ਰਲ਼ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ-ਦੇਂਦੇ ਹਾਂ।

ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿੱਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ ਮੁਹਾਰੇ ਹੀ ਵਹਿ ਟੁਰਦੀਆਂ ਹਨ।

ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਨਾ ਹੀ ਕੋਈ ਵਿਸ਼ੇਸ਼ ਸਿੱਖਿਆ ਲਈ ਜਾਂਦਾ ਹੈ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਤੇ ਸਪੱਸ਼ਟ ਹੁੰਦੀਆਂ ਹਨ। ਸ਼ਾਸਤਰੀ ਨਾਚ ਸਿੱਖਣ ਲਈ ਪਰਬੀਨ ਉਸਤਾਦ ਰਾਹੀਂ ਵਿਸ਼ੇਸ਼-ਸਿੱਖਿਆ ਦੀ ਲੋੜ ਪੈਂਦੀ ਹੈ।

ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਕ ਅਤੇ ਸਮਾਜਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪਹਾੜੀ, ਮੈਦਾਨੀ ਤੇ ਸਾਗਰੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ਼ ਕੇ ਨੱਚਦੇ ਹਨ, ਕਈਆਂ ਵਿੱਚ ਕੱਠਿਆਂ ਨੱਚਣ ਦੀ ਮਨਾਹੀ ਹੈ।

ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁਢ ਤੋਂ ਹੀ ਹੱਡ-ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆ, ਲਹਿਰਾਂਦੀਆਂ ਫ਼ਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੰਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾ ਅਤੇ ਮਰਦਊਪੁਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਆਮ ਦਿਸ ਆਉਂਦੇ ਹਨ। ਭੰਗੜਾ, ਗਿੱਧਾ, ਝੂੰਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਨਾਚ ਹਨ। ਭੰਗੜਾ ਪੰਜਾਬੀ ਗੱਭਰੂਆਂ ਦਾ ਲੋਕਪ੍ਰਿਯ ਨਾਚ ਹੈ। ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰਾ, ਗੁਜਰਾਤ ਅਤੇ ਸਿਆਲਕੋਟ ਵਿੱਚ ਇਹ ਨਾਚ ਆਮ ਕਰਕੇ ਨੱਚਿਆ ਜਾਂਦਾ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਇਸ ਇਲਾਕੇ ਦੇ ਸ਼ਰਨਾਰਥੀ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਆ ਕੇ ਵਸ ਗਏ ਤੇ ਇਹ ਨਾਚ ਪੂਰਬੀ ਪੰਜਾਬ ਵਿੱਚ ਪ੍ਰਚਲਤ ਹੋ ਗਿਆ। ਜੋਸ਼ ਭਰੇ ਇਸ ਨਾਚ ਨੂੰ ਨੱਚਣ ਲਈ ਨਰੋਏ ਜੁੱਸੇ ਅਤੇ ਫੁਰਤੀਲੇ ਸਰੀਰ ਦੀ ਲੋੜ ਹੈ।

ਅਪ੍ਰੈਲ ਦੇ ਮਹੀਨੇ ਜਦੋਂ ਕਿਰਸਾਨ ਆਪਣੀ ਕਣਕ ਦੇ ਸੁਨਹਿਰੀ ਸਿੱਟਿਆਂ ਨੂੰ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿੱਚ ਆ ਜਾਂਦਾ ਹੈ। ਉਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਭੰਗੜੇ ਦੇ ਰੂਪ ਵਿੱਚ ਰੂਪਮਾਨ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖ਼ੁਸ਼ੀ ਦੇ ਮੌਕੇ ਤੇ ਨੱਚਿਆ ਜਾਂਦਾ ਹੈ ਪਰ ਇਸ ਦਾ ਅਤੁੱਟ ਸੰਬੰਧ ਵਿਸਾਖੀ ਦੇ ਤਿਉਹਾਰ ਨਾਲ਼ ਜੁੜਿਆ ਹੋਇਆ ਹੈ।

ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ ਅਤੇ ਵਿਆਹ ਸ਼ਾਦੀ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਪੰਜਾਬ ਦੀਆਂ ਸੁਆਉਣੀਆਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ।

ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ਼ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ।

ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਗੱਭੇ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵਜਦੀ ਹੈ ਤੇ ਇੱਕ ਕੁੜੀ ਆ ਕੇ ਬੋਲੀ ਪਾਉਂਦੀ ਹੈ। ਉਹ ਬੋਲੀ ਪਾਉਣ ਸਮੇਂ ਚਾਰੇ ਪਾਸੇ ਘੁੰਮਦੀ ਹੈ ਜਦ ਉਹ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ-ਭਾਵ ਇਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦੇਂਦੀਆਂ ਹਨ ਤੇ ਦਾਇਰੇ ਵਿੱਚੋਂ ਨਿਕਲ਼ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਬਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦੇਂਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ ਨਾਚੀਆਂ ਨੱਚਦੀਆਂ ਰਹਿੰਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ। ਗਿੱਧਾ ਕੇਵਲ ਤੀਵੀਆਂ ਹੀ ਨਹੀਂ ਪਾਉਂਦੀਆਂ ਮਰਦ ਵੀ ਪਾਉਂਦੇ ਹਨ ਉਹਨਾਂ ਦੇ ਗਿੱਧੇ ਦਾ ਰੰਗ ਤੀਵਲੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਔਰਤਾਂ ਵਾਲਾ ਹੀ ਪਰੰਤੁ ਔਰਤਾਂ ਵਾਲ਼ੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਜੇ ਮਰਦਾਂ ਦਾ ਗਿੱਧਾ ਵੇਖਣਾ ਹੋਵੇ ਤਾਂ ਛਪਾਰ ਦੇ ਮੇਲੇ ਤੇ ਇਸ ਦਾ ਆਨੰਦ ਮਾਣਿਆਂ ਜਾ ਸਕਦਾ ਹੈ।

ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖੁਸ਼ੀ ਵਿੱਚ ਨਚਿਆ ਜਾਂਦਾ ਸੀ। ਕਿਸੇ ਮੁਕੱਦਮਾਂ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮਲ ਮਾਰੀ ਹੈ ਤਾਂ ਝਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ। ਵਿਆਹ ਦੇ ਮੌਕੇ, ਮੁੰਡੇ ਦੀ ਛਟੀ, ਫ਼ਸਲ ਦੀ ਵਾਢੀ ਦੇ ਅਵਸਰ ਤੇ ਆਮ ਕਰਕੇ ਅਤੇ ਮੇਲਿਆਂ ਮੁਸਾਵਿਆਂ ਉੱਤੇ ਖ਼ਾਸ ਕਰਕੇ ਲੁੱਡੀ ਪਾਈ ਜਾਂਦੀ ਸੀ।

ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਉਸ ਦੀ ਆਵਾਜ਼ ਨਾਲ਼ ਖਚੀਂਦੇ ਗੱਭਰੂ ਢੋਲੀ ਦੇ ਆਲ਼ੇ-ਦੁਆਲ਼ੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਵਿਚ ਹੌਲੀ-ਹੌਲੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁੱਕ ਕੇ ਮਾਰੀ ਜਾਂਦੀ ਹੈ। ਨਾਲ਼ੋ ਨਾਲ ਤਾਲ ਤੇਜ਼ ਹੋਈ ਜਾਂਦਾ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ਼ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ਼ ਕੁੱਦਿਆ ਜਾਂਦਾ ਹੈ ਤੇ ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁਕ ਕੇ ਸੱਜੇ ਪੈਰ ਨਾਲ਼ ਕੁਦਦੇ ਹਨ ਤੇ ਨਾਲ਼ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਬੱਲੇ ਓਏ ਬੱਗਿਆ ਸ਼ੇਰਾ ਬਾਰ-ਬਾਰ ਜ਼ੋਰ ਨਾਲ਼ ਬੋਲਦੇ ਹਨ। ਕਦੇ-ਕਦੇ ਉਹ ਨੱਚਦੇ ਹੋਏ ਇੱਕ ਪੈਰ ਦੇ ਭਾਰ ਬਹਿ ਕੇ ਅੱਧਾ ਚੱਕਰ ਕਟਦੇ ਹਨ-ਢੋਲੀ ਡੱਗੇ ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ। ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਤਰਕਾਲਾਂ ਸਮੇਂ ਮੋਕਲਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆਂ ਹੇਠੋਂ ‘ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ’ ਦੇ ਬੋਲ ਆਮ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖਲੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿੱਚ ਆ ਕੇ ਕਿੱਕਲੀ ਦਾ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ।

ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦਾ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇੱਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ਤੇ ਲੋਟ ਪੋਟ ਹੋ ਕੇ ਡਿਗ ਪੈਂਦੀਆਂ ਹਨ।

ਪੰਜਾਬ ਦੇ ਹੋਰਨਾਂ ਨਾਚਾਂ ਵਾਂਗ ਕਿੱਕਲੀ ਪਾਉਣ ਲਈ ਵੀ ਵਿਸ਼ੇਸ਼ ਸਾਮਾਨ ਅਤੇ ਬਝਵੀਂ ਤਕਨੀਕ ਦੀ ਲੋੜ ਨਹੀਂ। ਇਸ ਨੂੰ ਦੋ-ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ਼ ਅਤੇ ਖੱਬੇ ਹੱਥ ਨੂੰ ਖੱਬੇ ਨਾਲ਼ ਫੜਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜ ਕੇ ਇੱਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣਕੇ ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ਼ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ:———

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁੱਪਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਝ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ

ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਢੰਗ ਵੀ ਹੈ। ਦੋ ਕੁੜੀਆਂ ਧਰਤੀ ਤੇ ਬੈਠ ਕੇ ਜਾਂ ਖ਼ੜੋ ਕੇ ਇੱਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰ ਕੇ, ਤਾੜੀਆਂ ਦੇ ਤਾਲ ਨਾਲ਼ ਗੀਤ ਦੇ ਬੋਲ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਹੋਈਆਂ ਦੁਹਰਾਉਂਦੀਆਂ ਹਨ:———

ਤੋ ਵੇ ਤੋਤੜਿਆ
ਤੋਤੜਿਆ ਮਤੋੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੇ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖੜਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰੇਤਲਾ

ਰੇਤਲੇ ਦੀ ਤਾਈ ਆਈ
ਨਵੀਂ-ਨਵੀਂ ਭਰਜਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉੱਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛੱਕ-ਛੱਕ ਜਾਵੇ

ਹਾਸਿਆਂ ਤਮਾਸ਼ਿਆਂ ਭਰੇ ਬੋਲਾਂ ਨਾਲ਼ ਕਿੱਕਲੀ ਪਾਂਦੀਆਂ ਕੁੜੀਆਂ ਇੱਕ ਸਮਾਂ ਬੰਨ੍ਹ ਦੇਂਦੀਆਂ ਹਨ।

ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਮਨੋਰੰਜਨ ਦੇ ਸਾਧਨ ਵੱਧ ਗਏ ਹਨ ਜਿਸ ਦਾ ਪ੍ਰਭਾਵ ਸਾਡੇ ਨਾਚਾਂ ਤੇ ਵੀ ਪਿਆ ਹੈ। ਇਹ ਨਾਚ ਸਾਡੇ ਲੋਕ ਜੀਵਨ ਵਿੱਚੋਂ ਅਲੋਪ ਹੋ ਰਹੇ ਹਨ। ਜ਼ਿੰਦਗੀ ਦੀ ਦੌੜ ਐਨੀ ਤੇਜ਼ ਹੋ ਗਈ ਹੈ ਕਿ ਲੋਕਾਂ ਵਿੱਚ ਵਿਹਲ ਹੀ ਨਹੀਂ ਰਹੀ ਕਿ ਉਹ ਸਮੂਹਕ ਰੂਪ ਵਿੱਚ ਕੋਈ ਨਾਚ ਨੱਚ ਸਕਣ। ਸਕੂਲਾਂ ਅਤੇ ਕਾਲਜਾਂ ਵਿੱਚ ਭੰਗੜੇ ਅਤੇ ਗਿੱਧੇ ਨੂੰ ਸੁਰਜੀਤ ਕਰਨ ਦੇ ਯਤਨ ਹੋ ਰਹੇ ਹਨ। ਇਹਨਾਂ ਨਾਚਾਂ ਨੂੰ ਮੁੜ ਸੁਰਜੀਤ ਕਰਨ ਦੀ ਅਤਿਅੰਤ ਲੋੜ ਹੈ। ਇਹ ਸਾਡੀ ਭਾਈਚਾਰਕ ਸਾਂਝ ਅਤੇ ਸੰਪਰਦਾਇਕ ਏਕਤਾ ਦੇ ਪ੍ਰਤੀਕ ਹਨ।

ਮੇਲੇ ਦੇਸ ਪੰਜਾਬ ਦੇ

ਭਾਰਤ ਵਰਸ਼ ਨੂੰ ਮੇਲਿਆਂ ਅਤੇ ਤਿਉਂਹਾਰਾਂ ਦਾ ਦੇਸ ਕਿਹਾ ਜਾਂਦਾ ਹੈ। ਇਸ ਦੀ ਪਾਵਨ ਧਰਤੀ ਤੇ ਮੇਲ੍ਹਦੇ ਦਰਿਆਵਾਂ ਦੇ ਕੰਢਿਆਂ ਤੇ ਲਗਦੇ ਮੇਲੇ ਅਤੇ ਪੁਰਵ ਭਾਰਤੀ ਜਨ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਹਨ। ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਨ ਹਨ।

ਮੇਲੇ ਪੰਜਾਬ ਦੇ ਪੇਂਡੂ ਲੋਕਾਂ ਲਈ ਮਨ-ਪਰਚਾਵੇ ਦੇ ਪ੍ਰਮੁੱਖ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਮੇਲੇ ਜਾਂਦੇ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਧਰਮਾਂ ਦੇ ਲੋਕ ਆਪਣੇ-ਆਪਣੇ ਵੰਨ-ਸੁਵੰਨੇ ਪਹਿਰਾਵੇ ਪਹਿਨਕੇ ਮੇਲਾ ਵੇਖਣ ਜਾਂਦੇ ਹਨ। ਕੀ ਸਿੱਖ, ਕੀ ਹਿੰਦੂ, ਕੀ ਮੁਸਲਮਾਨ, ਕੀ ਈਸਾਈ ਸਾਰੇ ਧਾਰਮਕ ਭਿੰਨ ਭੇਦ ਮਿਟਾਕੇ, ਬੜਿਆਂ ਚਾਵਾਂ ਨਾਲ, ਹੁੰਮ ਹੁੰਮਾ ਕੇ ਮੇਲੇ ਵਿੱਚ ਪੁਜਦੇ ਹਨ। ਮੇਲਾ ਕੱਲੇ ਕਾਰੇ ਦੇ ਜਾਣ ਦਾ ਨਹੀਂ। ਮੇਲੇ ਤਾਂ ਟੋਲੀਆਂ ਬਣਾ ਕੇ ਜਾਣ ਦਾ ਸੁਆਦ ਹੈ:——

ਮੈਂ ਜਾਣਾ ਮੇਲੇ ਨੂੰ।
ਬਾਪੂ ਜਾਊਂਗਾ ਬਣਾ ਕੇ ਟੋਲੀ

ਮੇਲਾ ਵੇਖਣ ਜਾ ਰਹੇ ਆਪਣੇ ਦਿਲ ਦੇ ਮਹਿਰਮ ਕੋਲ਼ ਕੋਈ ਨਾਜ਼ਕ ਜਹੀ ਨਾਰ ਆਪਣੀ ਫਰਮਾਇਸ਼ ਪਾ ਦਿੰਦੀ ਹੈ:——

ਮੇਲੇ ਜਾਏਂਗਾ ਲਿਆਵੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ

ਉਂਜ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ ਸੰਤ, ਪੀਰ ਫ਼ਕੀਰ ਦੀ ਸਮਾਧ ਤੇ ਕੋਈ ਨਾ ਕੋਈ ਮੇਲਾ ਸਥਾਨਕ ਤੌਰ ਤੇ ਦੂਜੇ ਚੌਥੇ ਮਹੀਨੇ ਲੱਗਦਾ ਹੀ ਰਹਿੰਦਾ ਹੈ, ਗੁਰਪੁਰਬ, ਸ਼ਹੀਦੀ ਜੋੜ ਮੇਲੇ, ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਪੰਜਾਬੀਆਂ ਲਈ ਵਿਸ਼ੇਸ਼ ਧਾਰਮਕ ਮਹੱਤਵ ਰੱਖਦੇ ਹਨ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ, ਹਦਰ ਸ਼ੇਖ਼ ਦਾ ਮੇਲਾ, ਜਰਗ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ। ਇਹਨਾਂ ਮੇਲਿਆਂ ਤੇ ਕਿਧਰੇ ਕਵੀਸ਼ਰਾਂ ਦੇ ਗੌਣ, ਕਿਧਰੇ ਢਡ ਸਾਰੰਗੀ ਵਾਲਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਅਪਣਾ ਜਲੌ ਵਖਾ ਰਹੇ ਹੁੰਦੇ ਹਨ ਕਿਸੇ ਪਾਸੇ ਗਭਰੂਆਂ ਦੀਆਂ ਟੋਲੀਆਂ ਖੜਤਾਲਾਂ, ਕਾਟੋਆਂ ਅਤੇ ਛੈਣਿਆਂ ਦੇ ਤਾਲ ਨਾਲ ਲੰਬੀਆਂ ਬੋਲੀਆਂ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ।

ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੂਠੀਆਂ ਤਰੰਗਾਂ ਛੇੜ ਦਿੰਦਾ ਹੈ। ਕਈਆਂ ਦੇ ਮਨਾਂ ਵਿੱਚ ਪੁਰਾਣੀਆਂ ਯਾਦਾਂ ਆ ਝੁਰਮੁਟ ਪਾਉਂਦੀਆਂ ਹਨ। ਛਪਾਰ ਜ਼ਿਲ੍ਹਾ, ਲੁਧਿਆਣਾ ਦਾ ਇਕ ਪ੍ਰਸਿੱਧ ਪਿੰਡ ਹੈ ਜਿਹੜਾ ਲੁਧਿਆਣੇ ਤੋਂ ਮਲੇਰਕੋਟਲੇ ਨੂੰ ਜਾਂਦੀ ਸੜਕ ਉੱਤੇ ਮੰਡੀ ਅਹਿਮਦਗੜ੍ਹ ਦੇ ਲਾਗੇ ਵੱਸਿਆ ਹੋਇਆ ਹੈ। ਏਥੇ ਭਾਦੋਂ ਦੀ ਚਾਨਣੀ ਚੌਦੇ ਨੂੰ ਮਾਲਵੇ ਦਾ ਹਰਮਨ ਪਿਆਰਾ ਮੇਲਾ ਲਗਦਾ ਹੈ ਜਿਹੜਾ ਛਪਾਰ ਦੇ ਮੇਲੇ ਦੇ ਨਾਂ ਨਾਲ ਸਾਰੇ ਪੰਜਾਬ ਵਿੱਚ ਪ੍ਰਸਿਧ ਹੈ। ਇਹ ਮੇਲਾ ਗੁੱਗੇ ਦੀ ਮਾੜੀ ਤੇ ਲਗਦਾ ਹੈ।

ਛਪਾਰ ਦੀ ਮਾੜੀ ਗੁੱਗਾ ਭਗਤਾਂ ਲਈ ਤੀਰਥ ਸਥਾਨ ਹੈ। ਮੇਲੇ ਨੂੰ ਇਸ ਦੀ ਜ਼ਿਆਰਤ ਕਰਨ ਦਾ ਵਿਸ਼ੇਸ਼ ਮਹਾਤਮ ਸਮਝਿਆ ਜਾਂਦਾ ਹੈ। ਸਾਰੇ ਧਰਮਾਂ ਦੇ ਲੋਕ ਚੌਦੇ ਦੀ ਰਾਤ ਨੂੰ ਮਾੜੀ ਉੱਤੇ ਜਾ ਕੇ ਚੌਕੀਆਂ ਭਰਦੇ ਹਨ।

ਛਪਾਰ ਦੇ ਮੇਲੇ ਦੀ ਪ੍ਰਸਿੱਧੀ ਨਿਰੀ ਗੁੱਗੇ ਕਰਕੇ ਨਹੀਂ ਰਹੀ, ਇਹ ਤਾਂ ਇਸ ਮੇਲੇ ਦੇ ਵਿਸ਼ੇਸ਼ ਕਿਰਦਾਰ ਕਰਕੇ ਰਹੀ ਹੈ। ਇਸ ਮੇਲੇ ਤੇ ਮਲਵਈ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੇ ਰਹੇ ਹਨ-ਬੈਲੀਆਂ ਨੇ ਬਿਦ-ਬਿਦ ਕੇ ਲੜਾਈਆਂ ਲੜਨੀਆਂ, ਡਾਂਗ ਬਹਾਦਰਾਂ ਨੇ ਆਪਣੀਆਂ ਸੰਮਾਂ ਵਾਲੀਆਂ ਡਾਂਗਾਂ ਵਰ੍ਹਾ ਕੇ ਆਪਣੇ ਜੌਹਰ ਵਖਾਉਣੇ, ਕਿਤੇ ਪੁਲਿਸ ਨਾਲ਼ ਵੀ ਟਾਕਰੇ ਹੋ ਜਾਣੇ-ਪਹਿਲਵਾਨਾਂ ਨੇ ਘੋਲ ਘੁਲਣੇ, ਗਭਰੂਆਂ ਨੇ ਮੂੰਗਲੀਆਂ ਫੇਰਨ, ਸੌਂਚੀ ਪੱਕੀ ਖੇਡਣ ਅਤੇ ਮੁਗਧਰ ਚੁੱਕਣ ਦੇ ਕਰਤੱਵ ਦੁਖਾਉਣੇ। ਗਿੱਧਾ ਪੰਜਾਬੀ ਸੱਭਿਆਚਾਰ ਨੂੰ ਇਸੇ ਮੇਲੇ ਦੀ ਦੇਣ ਹੈ। ਜਿੰਨੀਆਂ ਬੋਲੀਆਂ ਕੀ ਇਕ ਲੜੀਆਂ, ਕੀ ਲੰਬੀਆਂ ਏਸ ਮੇਲੇ ਤੇ ਪਾਈਆਂ ਜਾਂਦੀਆਂ ਹਨ ਹੋਰ ਕਿਧਰੇ ਵੀ ਵੇਖਣ ਸੁਨਣ ਵਿੱਚ ਨਹੀਂ ਆਉਂਦੀਆਂ।

ਜਿਸ ਤਰ੍ਹਾਂ ਪਸ਼ੂਆਂ ਦੀ ਮੰਡੀ ਲਈ ਜੈਤੋ ਦੀ ਮੰਡੀ ਨੂੰ ਪ੍ਰਸਿੱਧੀ ਹਾਸਲ ਹੈ ਉਸੇ ਤਰ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦੀ ਆਪਣੀ ਵਿਸ਼ੇਸ਼ ਥਾਂ ਹੈ:-

ਇਕ ਮੰਡੀ ਜੈਤੋ ਲਗਦੀ
ਇਕ ਲਗਦਾ ਜਰਗ ਦਾ ਮੇਲਾ

ਜਰਗ ਜ਼ਿਲ੍ਹਾ ਲੁਧਿਆਣਾ ਦੇ ਸਬ ਡਵੀਜ਼ਨ ਪਾਇਲ ਦਾ ਬੜਾ ਵੱਡਾ ਪਿੰਡ ਹੈ, ਇਹ ਪਿੰਡ ਖੰਨਾ ਤੋਂ ਮਲੇਰਕੋਟਲਾ ਨੂੰ ਜਾਣ ਵਾਲੀ ਸੜਕ ਉੱਤੇ 18 ਕੁ ਕਿਲੋਮੀਟਰ ਦੇ ਫ਼ਾਸਲੇ ਤੇ ਵਸਿਆ ਹੋਇਆ ਹੈ। ਏਥੇ ਚੇਤ ਦੇ ਜੇਠੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਥਾਨਾਂ ਤੇ ਬੜਾ ਭਾਰੀ ਮੇਲਾ ਲਗਦਾ ਹੈ ਜਿਹੜਾ ਜਰਗ ਦੇ ਮੇਲੇ ਦੇ ਨਾਂ ਨਾਲ਼ ਮਸ਼ਹੂਰ ਹੈ। ਇਸ ਨੂੰ ਬਾਸੜੀਏ ਅਥਵਾ ਬਾਹੀੜਿਆਂ ਦਾ ਮੇਲਾ ਵੀ ਆਖਦੇ ਹਨ।

ਪੇਂਡੂ ਸੁਆਣੀਆਂ ਚੇਚਕ ਨੂੰ ਮਾਤਾ ਰਾਣੀ ਅਥਵਾ ਸੀਤਲਾ ਦੇਵੀ ਆਖਦੀਆਂ ਹਨ।

ਮਾਤਾ ਭਗਤਾਂ ਦੇ ਵਿਸ਼ਵਾਸ ਅਨੁਸਾਰ ਮਾਤਾ ਰਾਣੀ ਹੋਰੀਂ ਸਤ ਭੈਣਾਂ ਹਨ। ਜਰਗ ਵਿੱਚ ਤਿੰਨ ਭੈਣਾਂ ਬਸੰਤੀ, ਸੀਤਲਾ ਅਤੇ ਮਸਾਣੀ ਦੇ ਕੱਠੇ ਮੰਦਰ ਹਨ ਜਿਨ੍ਹਾਂ ਨੂੰ ਮਾਤਾ ਦੇ ਥਾਨ ਆਖਦੇ ਹਨ। ਇਹਨਾਂ ਥਾਨਾਂ ਉੱਤੇ ਹੀ ਜਰਗ ਦਾ ਮੇਲਾ ਲਗਦਾ ਹੈ। ਬੜੀ ਦੂਰੋਂ-ਦੂਰੋਂ ਸ਼ਰਧਾਲੂ ਇਹ ਮੇਲਾ ਵੇਖਣ ਆਉਂਦੇ ਹਨ। ਮਾਤਾ, ਭਗਤ, ਮਾਤਾ ਰਾਣੀ ਦੀਆਂ ਭੇਟਾਂ ਗਾਉਂਦੇ ਮਾਤਾ ਦੇ ਥਾਨਾਂ ਤੇ ਗੁਲਗਲਿਆਂ ਦਾ ਝੜਾਵਾ ਝੜਾਉਂਦੇ ਹਨ।

ਜਰਗ ਦੇ ਮੇਲੇ ਵਿੱਚ ਇਕ ਵਾਧਾ ਇਹ ਹੈ ਕਿ ਇਹ ਔਰਤਾਂ ਅਤੇ ਮਰਦਾਂ ਦਾ ਸਾਂਝਾ ਮੇਲਾ ਹੈ ਜਿਸ ਕਰਕੇ ਇਸ ਦੀ ਵਧੇਰੇ ਖਿੱਚ ਰਹੀ ਹੈ।

ਚੰਦਰੀ ਦੇ ਲੜ ਲਗ ਕੇ
ਮੇਰਾ ਛੁਟ ਗਿਆ ਜਰਗ ਦਾ ਮੇਲਾ

ਹੁਣ ਤਾਂ ਸੜਕਾਂ ਬਣ ਗਈਆਂ ਹਨ-ਥਾਂ-ਥਾਂ ਤੋਂ ਬੱਸਾਂ ਪੁਜ ਜਾਂਦੀਆਂ ਹਨ-ਪੁਰਾਣੇ ਸਮਿਆਂ ਵਿੱਚ ਜਰਗ ਦੇ ਮੇਲੇ ਤੇ ਜਾਣ ਲਈ ਪੈਦਲ ਹੀ ਤੁਰਨਾ ਪੈਂਦਾ ਸੀ ਜੇਕਰ ਗੋਦੀ ਮੁੰਡਾ ਹੋਵੇ ਤਾਂ ਮੇਲੇ ਜਾਣ ਦਾ ਹੌਂਸਲਾ ਭਲਾ ਕੌਣ ਕਰੇ:-

ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਲੂੰ
ਤੈਨੂੰ ਘਗਰੇ ਦਾ ਭਾਰ ਬਥੇਰਾ
ਮੁੰਡਾ ਤੇਰਾ ਮੈਂ ਚੱਕ ਲੂੰ

ਗੱਭਰੂ ਬੋਲੀਆਂ ਪਾਉਂਦੇ ਅਤੇ ਬੱਕਰੇ ਬੁਲਾਉਂਦੇ ਮੇਲੇ ਨੂੰ ਜਾ ਰਹੇ ਹੁੰਦੇ ਹਨ ਅਤੇ ਸਭ ਧਰਮਾਂ ਦੀਆਂ ਤੀਵੀਆਂ ਮਾਤਾ ਰਾਣੀ ਦੇ ਗੀਤ ਗਾਉਂਦੀਆਂ ਅਨੋਖਾ ਹੀ ਰੰਗ ਬੰਨ੍ਹ ਰਹੀਆਂ ਹੁੰਦੀਆਂ ਹਨ:-

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੂੰਟਾਂ ਚੱਲੀਆਂ ਚਾਰੇ
ਜੀ ਜਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਸਰਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ

ਆਪਣੇ ਬੱਚਿਆਂ ਦੀ ਜਾਨ ਦੀ ਸੁਖ ਸੁਖਦੀਆਂ ਤ੍ਰੀਮਤਾਂ ਮੇਲੇ ਵਿੱਚ ਜਾ ਪੁਜਦੀਆਂ ਹਨ:-

ਮਾਤਾ ਰਾਣੀਏ, ਗੁਲਗੁਲੇ ਖਾਣੀਏ
ਬਾਲ ਬੱਚਾ ਰਾਜ਼ੀ ਰੱਖਣਾ

ਪੰਜਾਬ ਵਿੱਚ ਬਹੁਤੇ ਮੇਲੇ ਮੁਸਲਮਾਨ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ਉੱਤੇ ਹੀ ਲਗਦੇ ਹਨ। ਮਲੇਰਕੋਟਲੇ ਵਿੱਚ ਲਗ ਰਿਹਾ ਹਦਰ ਸ਼ੇਖ਼ ਦਾ ਮੇਲਾ ਪੰਜਾਬ ਦਾ ਸਿਰਮੌਰ ਮੇਲਾ ਹੈ। ਇਹ ਹਦਰਸ਼ੇਖ਼ ਦੀ ਦਰਗਾਹ ਉੱਤੇ ਜੂਨ ਮਹੀਨੇ ਵਿੱਚ ਨਿਮਾਣੀ}} ਇਕਾਦਸੀ ਨੂੰ ਲਗਦਾ ਹੈ ਤੇ ਪੂਰੇ ਤਿੰਨ ਦਿਨ ਭਰਦਾ ਹੈ।

ਪੰਜਾਬ ਖ਼ਾਸ ਕਰਕੇ ਮਾਲਵੇ ਦੇ ਲੋਕ ਹਦਰ ਸ਼ੇਖ਼ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ਼ ਯਾਦ ਕਰਦੇ ਹਨ। ਕਹਿੰਦੇ ਹਨ, ਬਾਬਾ ਹਦਰ ਸ਼ੇਖ਼, ਜਿਨ੍ਹਾਂ ਦਾ ਪੂਰਾ ਨਾਂ ਹਜ਼ਰਤ ਸਦਰ ਉਦੀਨ ਸਦਰੇ ਜਹਾਂ ਸੀ, ਬੜੇ ਕਰਨੀ ਵਾਲੇ ਸੂਫ਼ੀ ਫ਼ਕੀਰ ਹੋਏ ਹਨ। ਉਹ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਸਨ। 'ਹਯਾਤੇ ਲੋਧੀ' ਅਨੁਸਾਰ ਉਹ 1449 ਈ. ਵਿੱਚ ਦੀਨੀ ਵਿਦਿਆ ਪ੍ਰਾਪਤ ਕਰਨ ਮੁਲਤਾਨ ਆਏ ਸਨ। ਉਹਨਾਂ ਦਿਨਾਂ ਵਿੱਚ ਮੁਲਤਾਨ ਦੀਨੀ ਵਿਦਿਆ ਦਾ ਕੇਂਦਰ ਸੀ। ਕੁਝ ਸਮਾਂ ਮੁਲਤਾਨ ਠਹਿਰਨ ਮਗਰੋਂ ਉਹ ਆਪਣੇ ਧਰਮ ਦਾ ਪਰਚਾਰ ਕਰਨ ਲਈ ਪੂਰਬੀ ਪੰਜਾਬ ਵਲ ਨੂੰ ਤੁਰ ਪਏ ਤੇ ਮਲੇਰਕੋਟਲੇ ਦੇ ਨਾਲ਼ ਲਗਦੇ ਪਿੰਡ ਭੁਮਸੀ ਕੋਲ ਬੁਢੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਬਣਾ ਕੇ ਰਹਿਣ ਲੱਗ ਪਏ। ਅਜੋਕਾ ਸ਼ਹਿਰ ਅਜੇ ਵਸਿਆ ਨਹੀਂ ਸੀ। ਸ਼ੇਖ਼ ਜੀ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲ ਗਈ। ਨਿਤ ਨਵੇਂ ਸ਼ਰਧਾਲੂ ਜੁੜਦੇ ਗਏ-ਕਈ ਕਰਾਮਾਤਾਂ ਉਹਨਾਂ ਦੇ ਨਾਂ ਨਾਲ ਜੁੜ ਗਈਆਂ। ਦਿਨੋ ਦਿਨ ਹਜ਼ਰਤ ਸ਼ੇਖ ਦੀ ਮਹਿਮਾ ਵਧਦੀ ਗਈ। ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਉਹਨਾਂ ਦੇ ਮੁਰੀਦ ਬਣਦੇ ਗਏ। 1510 ਈ. ਵਿੱਚ ਉਹਨਾਂ ਨੇ ਆਪਣਾ ਚੋਲਾ ਛੱਡਿਆ।

ਮਲੇਰਕੋਟਲੇ ਦੇ ਪੱਛਮ ਦੀ ਇਕ ਗੁੱਠੇ ਉੱਚੀ ਥਾਂ ਤੇ ਹਦਰ ਸ਼ੇਖ ਦਾ ਮਜ਼ਾਰ ਹੈ। ਏਸ ਮਜ਼ਾਰ ਤੇ ਚਾਰ ਮੇਲੇ ਲਗਦੇ ਹਨ। ਇਹ ਮੇਲੇ ਨਿਮਾਣੀ ਇਕਾਦਸੀ, ਹਾੜ੍ਹ, ਅੱਸੂ ਅਤੇ ਕੱਤਕ ਮਹੀਨੇ ਦੇ ਜੇਠੇ ਵੀਰਵਾਰ ਨੂੰ ਲਗਦੇ ਹਨ। ਪੰਰਤੂ ਨਿਮਾਣੀ ਇਕਾਦਸੀ ਨੂੰ ਵਿਸ਼ੇਸ਼ ਮੇਲਾ ਭਰਦਾ ਹੈ। ਲੱਖਾਂ ਸ਼ਰਧਾਲੂ ਏਸ ਮੇਲੇ ਤੇ ਪੁੱਜ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵੀ ਵਿਅੱਕਤੀ ਹਦਰ ਸ਼ੇਖ ਦੀ ਸੁਖ ਸੁਖਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ।

ਮੇਲੇ ਤੇ ਕਈ ਦਿਨ ਪਹਿਲਾਂ ਲੋਕੀਂ ਆਉਣੇ ਸ਼ੁਰੂ ਹੋ ਜਾਂਦੇ ਹਨ। ਬੁਧਵਾਰ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਦਰਗਾਹ ਉੱਤੇ ਚਰਾਗ਼ ਜਲਾਏ ਜਾਂਦੇ ਹਨ। ਚੇਲੇ ਵਜ਼ਦ ਵਿੱਚ ਆ ਕੇ ਸ਼ੇਖ ਦੀ ਉਸਤਤੀ ਵਿੱਚ ਭੇਟਾਂ ਗਾਉਂਦੇ ਹੋਏ ਖੇਲਣ ਲਗ ਜਾਂਦੇ ਹਨ।

ਹਦਰ ਸ਼ੇਖ਼ ਨੂੰ ਲਾਲਾਂ ਵਾਲੇ ਦੇ ਨਾਂ ਨਾਲ਼ ਵੀ ਯਾਦ ਕੀਤਾ ਜਾਂਦਾ ਹੈ। ਬਹੁਤੇ ਲੋਕ ਲਾਲਾਂ ਵਾਲੇ ਦਾ ਰੋਟ ਸੁਖਦੇ ਹਨ ਤੇ ਮੇਲੇ ਤੇ ਰੋਟ ਚੜ੍ਹਾਉਂਦੇ ਹਨ।

ਸੁੱਖਾਂ ਸੁਖਣ ਤੇ ਲਾਹੁਣ ਵਾਲੇ ਮਜ਼ਾਰ ਦੀ ਜ਼ਿਆਰਤ ਕਰ ਰਹੇ ਹੁੰਦੇ ਹਨ ਪਰੰਤੂ ਬਹੁਤੇ ਲੋਕ ਮੇਲ਼ੇ ਦਾ ਰੰਗ ਮਾਨਣ ਲਈ ਹੀ ਆਉਂਦੇ ਹਨ। ਇਹ ਮੇਲਾ ਆਪਣੇ ਅਸਲੀ ਰੰਗ ਵਿਚ ਦਰਗਾਹ ਤੋਂ ਪਰ੍ਹੇ ਹੀ ਲਗਦਾ ਹੈ। ਏਥੇ ਉਹ ਸਾਰੇ ਰੰਗ ਤਮਾਸ਼ੇ ਹੁੰਦੇ ਹਨ ਜਿਹੜੇ ਛਪਾਰ ਦੇ ਮੇਲੇ ਤੇ ਹੁੰਦੇ ਹਨ।

ਇਸ ਮੇਲੇ ਵਿੱਚ ਸਭ ਧਰਮਾਂ ਦੇ ਲੋਕ ਸ਼ਰੀਕ ਹੁੰਦੇ ਹਨ। ਇਹ ਮੇਲਾ ਸਾਡੀ ਸੰਪਰਦਾਇਕ ਏਕਤਾ ਦਾ ਪ੍ਰਤੀਕ ਹੈ।

ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਪੰਜਾਬ ਦਾ ਇਕ ਪ੍ਰਸਿੱਧ ਮੇਲਾ ਹੈ ਜਿਹੜਾ 13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਮੋਹਕਮ ਦੀਨ ਦੀ ਦਰਗਾਹ ਤੇ ਲਗਦਾ ਹੈ। ਕਿਹਾ ਜਾਂਦਾ ਹੈ ਕਿ ਜਗਰਾਓਂ ਦੇ ਪੱਛਮ ਵਲ ਇਕ ਝੜੀ ਵਿੱਚ ਪੰਜ ਫ਼ਕੀਰ ਲੱਪੇ ਸ਼ਾਹ, ਮਹਿੰਦੀ ਸ਼ਾਹ, ਟੁੰਡੇ ਸ਼ਾਹ, ਕਾਲੇ ਸ਼ਾਹ ਅਤੇ ਮੋਹਕਮ ਦੀਨ ਰਹਿੰਦੇ ਸਨ। ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ, ਮੋਹਕਮ ਦੀਨ ਇਕ ਪੁੱਜਿਆ ਹੋਇਆ ਦਰਵੇਸ਼ ਸੀ। ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਤ ਸਨ। ਜੋ ਵੀ ਸ਼ਰਧਾਲੂ ਉਸ ਪਾਸ ਆਉਂਦਾ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ। ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇ ਯੋਗ ਜਾਣਕਾਰੀ ਪ੍ਰਾਪਤ ਨਹੀਂ। ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੌਸ਼ਨੀ ਦਾ ਮੇਲਾ ਆਪਣੇ ਜਲਵੇ ਵਖਾਉਂਦਾ ਹੈ। ਜਗਰਾਵਾਂ ਦੀ ਰੋਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ:-

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੋਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਖਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲ਼ੀ
ਬੋਲੀਆਂ ਦੀ ਗੱਡੀ ਲਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮ ਕੇ ਚੱਕ ਪੱਠਿਆ
ਗੇਂਦ ਘੁੰਗਰੂਆਂ ਵਾਲ਼ੀ

ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵਿਅਕਤੀ ਮੋਹਕਮਦੀਨ ਦੀ ਦਰਗਾਹ ਤੇ ਸੁਖ ਸੁਖਦਾ ਹੈ ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ। ਮੇਲੇ ਵਾਲ਼ੇ ਦਿਨ ਸ਼ਰਧਾਲੂ ਉਸ ਦੀ ਖ਼ਾਨਗਾਹ ਤੇ ਚਰਾਗ਼ ਜਲਾਉਂਦੇ ਹਨ। 13 ਫੱਗਣ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਹਜ਼ਾਰਾਂ ਚਰਾਗ਼ ਬਲਦੇ ਹਨ ਇਸੇ ਕਰਕੇ ਇਸ ਮੇਲੇ ਦਾ ਨਾਂ ਰੋਸ਼ਨੀ ਦਾ ਮੇਲਾ ਪਿਆ ਹੈ। ਖਾਨਗਾਹ ਦੇ ਵਿਹੜੇ ਵਿੱਚ ਕਵਾਲੀਆਂ ਦੀਆਂ ਮਹਿਫ਼ਲਾਂ ਜੁੜਦੀਆਂ ਹਨ।

ਮੋਹਕਮਦੀਨ ਦੀ ਕਬਰ ਉੱਤੇ ਸ਼ਰਧਾਲੂ ਨਿਆਜ਼ ਚੜ੍ਹਾਉਂਦੇ ਹਨ। ਜਿਨ੍ਹਾਂ ਦੇ ਮੌਹਕੇ ਸੁੱਖੇ ਹੁੰਦੇ ਹਨ ਉਹ ਲੂਣ ਅਤੇ ਝਾੜੂ ਚੜ੍ਹਾਉਂਦੇ ਹਨ। ਕਈ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਕਈ ਕਪੜੇ।

ਇਸ ਮੇਲੇ ਦਾ ਸੁਭਾ ਛਪਾਰ ਦੇ ਮੇਲੇ ਨਾਲ਼ ਮਿਲਦਾ ਜੁਲਦਾ ਹੀ ਹੈ। ਆਖ਼ਰ ਤੀਜੇ ਦਿਨ ਇਹ ਮੇਲਾ ਵਿਛੜ ਜਾਂਦਾ ਹੈ। ਗੱਭਰੂ ਪੱਟਾਂ ਤੇ ਮੋਰਨੀਆਂ ਤੇ ਮੱਥਿਆਂ ਤੇ ਚੰਦ ਖੁਣਵਾ ਕੇ ਚਾਵਾਂ ਮੱਤੇ ਦਿਲਾਂ 'ਚ ਨਵੇਂ ਅਰਮਾਨ ਲੈ ਕੇ ਆਪਣੇ ਦਿਲ ਜਾਨੀਆਂ ਲਈ ਨਿਸ਼ਾਨੀਆਂ ਖ਼ਰੀਦ ਕੇ ਘਰਾਂ ਨੂੰ ਪਰਤ ਜਾਂਦੇ ਹਨ। ਇਹ ਸਨ ਪੰਜਾਬ ਦੇ ਕੁਝ ਮਸ਼ਹੂਰ ਮੇਲੇ। ਇਹ ਮੇਲੇ ਪੰਜਾਬੀਆਂ ਲਈ ਮਨੋਰੰਜਨ ਹੀ ਪਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਨੂੰ ਸਦਭਾਵਨਾ ਭਰਪੂਰ ਜੀਵਨ ਜੀਣ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਇਹ ਮੇਲੇ ਪੰਜਾਬੀ ਸਾਂਝੇ ਤੌਰ ਤੇ ਮਨਾਉਂਦੇ ਹਨ ਜਿਸ ਕਰਕੇ ਸਾਂਝਾਂ ਵਧੀਦੀਆਂ ਹਨ ਤੇ ਭਾਈਚਾਰਕ ਏਕਤਾ ਪਕੇਰੀ ਹੁੰਦੀ ਹੈ। ਇਹ ਮੇਲੇ ਏਕਤਾ ਦੇ ਪ੍ਰਤੀਕ ਹਨ।

ਕਿਲਾ ਰਾਏਪੁਰ ਦਾ ਖੇਡ ਮੇਲਾ, ਹਾਸ਼ਮ ਸ਼ਾਹ ਦਾ ਜਗਦੇਵ ਕਲਾਂ ਦਾ ਮੇਲਾ, ਮੋਹਨ ਸਿੰਘ ਦਾ ਮੇਲਾ, ਮਾਹਲਪੁਰ ਵਿੱਚ ਲਗਦਾ ਅਮਰ ਸਿੰਘ ਸ਼ੌਂਕੀ ਮੇਲਾ, ਖਟਕੜ ਕਲਾਂ ਵਿਖੇ ਲਗਦਾ ਭਗਤ ਸਿੰਘ ਦਾ ਸ਼ਹੀਦੀ ਮੇਲਾ, ਗ਼ਦਰੀਆਂ ਦੀ ਯਾਦ ਵਿਚ ਲਗਦੇ ਮੇਲੇ ਅਤੇ ਹੋਰ ਅਨੇਕਾਂ ਪਿੰਡਾਂ ਵਿੱਚ ਭਰਦੇ ਖੇਡ ਤੇ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਪਕੇਰੀਆਂ ਕਰਨ ਵਿੱਚ ਸਹਾਈ ਹੋ ਰਹੇ ਹਨ। ਸ਼ਾਲਾ! ਇਹ ਮੇਲੇ ਸਦਾ ਲਗਦੇ ਰਹਿਣ।

ਵਿਸਰ ਰਹੀਆਂ ਰਸਮਾਂ

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਤਾਂ ਉਹਨਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ, ਅਰਮਾਨਾਂ ਅਤੇ ਜਜ਼ਬਾਤਾਂ ਨੂੰ ਪ੍ਰਗਟਾਉਣ ਵਾਲੀਆਂ ਕੂਲ੍ਹਾਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਨਾਲ਼ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਤਾ ਹੋਇਆ ਹੈ-ਇਹ ਰਸਮਾਂ ਸਮੁੱਚੇ ਭਾਈਚਾਰੇ ਦੇ ਦੁੱਖਾਂ ਸੁੱਖਾਂ ਨੂੰ ਸਾਂਝੇ ਮੰਚ ਤੇ ਪੇਸ਼ ਕਰਦੀਆਂ ਹਨ। ਕੱਲੇ ਦਾ ਗ਼ਮ ਸਾਰੇ ਭਾਈਚਾਰੇ ਦਾ ਗ਼ਮ ਹੋ ਨਿਬੜਦਾ ਹੈ ਤੇ ਕੱਲੇ ਦੀ ਖ਼ੁਸ਼ੀ ਸਮੁੱਚੇ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੁੜਾ ਦੇਂਦੀ ਹੈ।

ਇਸ ਗੱਲ ਤੋਂ ਇਨਕਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਰਾਤਨ ਰਸਮਾਂ ਦੀ ਪਕੜ ਉਂਨੀ ਪਕੇਰੀ ਨਹੀਂ ਰਹੀ ਜਿੰਨੀ ਪੁਰਾਣੇ ਸਮਿਆਂ ਵਿੱਚ ਸੀ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਲੋਕ ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀਆਂ ਆਈਆਂ ਹਨ। ਵਿੱਦਿਆ ਦੇ ਪਸਾਰ ਕਾਰਨ ਵੀ ਇਹਨਾਂ ਰਿਵਾਜਾਂ ਵਿੱਚ ਢੇਰ ਸਾਰੀ ਤਬਦੀਲੀ ਆ ਗਈ ਹੈ। ਇਹਨਾਂ ਵਿੱਚੋਂ ਕਈ ਰਸਮਾਂ ਤਾਂ ਪੇਂਡੂ ਮੰਚ ਉੱਤੋਂ ਅਲੋਪ ਹੀ ਹੋ ਗਈਆਂ ਹਨ। ਇਹ ਰਸਮਾਂ ਪੰਜਾਬੀਆਂ ਦੇ ਜੰਮਣ ਮਰਨ, ਵਿਆਹ ਸ਼ਾਦੀ, ਤਿੱਥ ਤਿਉਹਾਰ ਅਤੇ ਕੰਮਾਂ ਧੰਦਿਆਂ ਨਾਲ ਸੰਬੰਧ ਰੱਖਦੀਆਂ ਹਨ।

ਜਣੇਪੇ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਹਿਲੇ ਜਣੇਪੇ ਸਮੇਂ ਗਰਭਵਤੀ ਨੂੰ ਤੀਜੇ ਮਹੀਨੇ ਸੁਰਮਾ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਉਸ ਦੇ ਪੱਲੇ ਅਨਾਜ਼ ਬੰਨ੍ਹਿਆਂ ਜਾਂਦਾ ਹੈ ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਹੈ: ਜੇਕਰ ਉਹ ਆਪਣੇ ਪੇਕੀਂ ਨਾ ਜਾਵੇ ਤਾਂ ਉਸ ਦੇ ਮਾਪੇ ਉਸ ਨੂੰ ਡੇਢ ਜਾਂ ਢਾਈ ਸੂਟ, ਕੁਝ ਰੁਪਿਆਂ ਸਮੇਤ ਭੇਜਦੇ ਹਨ।

ਪੁਰਾਣੇ ਸਮਿਆਂ ਵਿੱਚ ਜਣੇਪਾ ਘਰ ਦੀ ਹਨੇਰੀ ਕੋਠਰੀ ਵਿੱਚ ਹੋਇਆ ਕਰਦਾ ਸੀ। ਨੌਵੇਂ ਜਾਂ ਸਤਵੇਂ ਦਿਨ ਬੱਚੇ ਦੀ ਮਾਂ ਨੂੰ ਬਾਹਰ ਵਧਾਉਣ ਦੀ ਰਸਮ ਹੁੰਦੀ। ਮੁੰਡਾ ਜੰਮਣ ਤੇ ਖੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਮਰਾਸਣ ਵਧਾਈ ਦਾ ਢੋਲ ਵਜਾਉਂਦੀ। ਪਿੰਡ ਦੇ ਹੋਰ ਲਾਗੀ ਵਧਾਈ ਦੇਣ ਆਉਂਦੇ।

ਸੁਨਿਆਰ, ਚਾਂਦੀ ਦੇ ਪੰਜ ਘੁੰਗਰੂ ਘੜ ਕੇ ਲਿਆਉਂਦਾ ਜਿਹਨਾਂ ਨੂੰ ਦਾਈ ਧਾਗੇ ਵਿੱਚ ਪਰੋ ਕੇ ਮੁੰਡੇ ਦੇ ਤੜਾਗੀ ਪਾਉਂਦੀ। ਝਿਊਰ ਅੰਬਾਂ ਅਤੇ ਸ਼ਰੀਂਹ ਦੇ ਪੱਤਿਆਂ ਦਾ ਬਾਂਦਰ ਬਾਰ ਬਣਾ ਕੇ ਜਣੇਪੇ ਵਾਲੇ ਘਰ ਦੇ ਮੁਖ ਦੁਆਰ ਨਾਲ਼ ਬੰਨ੍ਹਦਾ। ਘਰ ਦੀ ਸੁਆਣੀ ਇਹਨਾਂ ਲਾਗੀਆਂ ਨੂੰ ਸ਼ੱਕਰ, ਗੁੜ, ਦਾਣੇ ਅਤੇ ਇਕ ਰੁਪਿਆ ਵਧਾਈ ਦਾ ਦੇਂਦੀ। ਇਸੇ ਦਿਨ ਮੁੰਡੇ ਦੇ ਦਾਦਕਿਆਂ-ਨਾਨਕਿਆਂ ਨੂੰ ਨਾਈ ਹਥ ਭੇਲੀ ਭੇਜੀ ਜਾਂਦੀ ਸੀ ਅੱਗੋਂ ਉਹ ਆਪਣੇ ਸ਼ਰੀਕੇ ਵਿੱਚ ਵੰਡ ਦੇਂਦੇ ਸਨ।

ਤੇਰਵ੍ਹੇਂ ਦਿਨ ਚੌਂਕੇ ਚੜ੍ਹਾਉਣ ਦੀ ਰਸਮ ਹੁੰਦੀ ਸੀ। ਇਸ ਦਿਨ ਬ੍ਰਾਹਮਣੀ ਰੋਟੀ ਤਿਆਰ ਕਰਕੇ ਬੱਚੇ ਵਾਲ਼ੀ ਨੂੰ ਚੌਕੇ ਤੇ ਚਾੜ੍ਹਦੀ। ਕੜਾਹ ਅਤੇ ਪੋਲ਼ੀਆਂ ਦੇ ਪਰੋਸੇ ਭਾਈਚਾਰੇ ਵਿੱਚ ਵੰਡੇ ਜਾਂਦੇ ਸਨ।

ਮੁੰਡਾ ਜਦੋਂ ਸਵਾ ਮਹੀਨੇ ਦਾ ਹੋ ਜਾਂਦਾ ਉਦੋਂ ਖੁਆਜੇ ਅਤੇ ਸ਼ਹੀਦੀ ਮੱਥਾ ਟੇਕਿਆ ਜਾਂਦਾ। ਇਸ ਰਸਮ ਤੋਂ ਮਗਰੋਂ ਮੁੰਡੇ ਦੀ ਮਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਆਗਿਆ ਮਿਲ ਜਾਂਦੀ ਸੀ।

ਗੁੜ੍ਹਤੀ ਦੇਣ, ਦੁੱਧੀ-ਧੁਆਈ ਅਤੇ ਮੁੰਡੇ ਦਾ ਨਾਮ ਸੰਸਕਾਰ ਕਰਨ ਦੀਆਂ ਰਸਮਾਂ ਵੀ ਇਸੇ ਲੜੀ ਵਿੱਚ ਆਉਂਦੀਆਂ ਹਨ।

ਅੱਜਕਲ ਲੜਕੀਆਂ ਦੇ ਨੌਕਰੀਆਂ ਕਰਨ ਕਰਕੇ ਅਤੇ ਜਣੇਪੇ ਹਸਪਤਾਲਾਂ ਵਿੱਚ ਹੋਣ ਕਾਰਣ ਜਣੇਪੇ ਦੀਆਂ ਕਈ ਇਕ ਰਸਮਾਂ ਖ਼ਤਮ ਹੋ ਗਈਆਂ ਹਨ।

ਪੰਜਾਬ ਦੇ ਪਿੰਡਾਂ ਦੀਆਂ ਵਿਆਹ ਦੀਆਂ ਰਸਮਾਂ ਤਾਂ ਕਾਫੀ ਦਿਲਚਸਪ ਹਨ। ਪੁਰਾਣੇ ਸਮਿਆਂ ਵਿੱਚ ਨਾਈ ਬਰਾਹਮਣ ਹੀ ਮੁੰਡਾ ਕੁੜੀ ਦੇਖ ਕੇ ਨਾਤਾ ਜੋੜ ਦੇਂਦੇ ਸਨ ਪਰੰਤੂ ਇਹ ਕੰਮ ਹੁਣ ਵਿਚੋਲੇ ਰਾਹੀਂ ਕੀਤਾ ਜਾਂਦਾ ਹੈ। ਵਰ ਲੱਭਣ ਤੇ ਮੰਗਣੀ ਦੀ ਰਸਮ ਕੀਤੀ ਜਾਂਦੀ। ਕੁੜੀ ਵਾਲੇ ਨਾਈ ਹੱਥ ਖੰਮਣੀ, ਚਾਂਦੀ ਦਾ ਰੁਪਿਆ, ਮਿਸਰੀ ਦੇ ਪੰਜ ਕੂਜੇ, ਪੰਜ ਛੁਹਾਰੇ ਅਤੇ ਕੇਸਰ ਆਦਿ ਦੇ ਕੇ ਮੁੰਡੇ ਵਾਲੇ ਦੇ ਘਰ ਭੇਜਦੇ। ਇਸ ਦਿਨ ਮੁੰਡੇ ਵਾਲ਼ੇ ਆਪਣਾ ਸ਼ਰੀਕਾ ਇਕੱਠਾ ਕਰਦੇ। ਮੁੰਡੇ ਨੂੰ ਚੌਕੀ ਤੇ ਬਹਾ ਕੇ ਨਾਈਂ ਉਸ ਦੇ ਪੱਲੇ ਵਿੱਚ ਸਾਰਾ ਨਿਕ-ਸੁਕ ਪਾ ਕੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾਉਂਦਾ। ਇਸ ਪਿੱਛੋਂ ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਦੇ ਪੱਲੇ ਵਿੱਚੋਂ ਮਿਸਰੀ ਅਤੇ ਛੁਹਾਰਾ ਚੁੱਕ ਕੇ ਮੁੰਡੇ ਦੇ ਮੂੰਹ ਨੂੰ ਲਾਉਂਦਾ। ਸੁਆਣੀਆਂ ਇਸ ਸਮੇਂ ਘੋੜੀਆਂ ਗਾਉਂਦੀਆਂ ਸਨ। ਔਰਤਾਂ ਇਕ ਇਕ ਰੁਪੈ ਨਾਲ਼ ਵਾਰਨੇ ਕਰਦੀਆਂ। ਇਸ ਤੋਂ ਮਗਰੋਂ ਭਾਈਚਾਰੇ ਵਿੱਚ ਸ਼ੱਕਰ ਵੰਡੀ ਜਾਂਦੀ।

ਮੁੰਡੇ ਵਾਲੇ ਮੰਗੇਤਰ ਕੁੜੀ ਲਈ ਗਹਿਣੇ, ਸੂਟ, ਜੁੱਤੀ, ਲਾਲ ਪਰਾਂਦੀ, ਮਹਿੰਦੀ ਮੌਲੀ, ਚਾਉਲ ਛੁਹਾਰੇ, ਨਾਈ ਹੱਥ ਭੇਜਦੇ ਹਨ।

ਵਿਆਹ ਲਈ ਬਰਾਹਮਣਾਂ ਪਾਸੋਂ ਵਿਆਹ ਦਾ ਦਿਨ ਕਢਵਾਇਆ ਜਾਂਦਾ ਸੀ। ਇਸ ਰਸਮ ਨੂੰ ਸਾਹਾ ਕਢਾਉਣਾ ਆਖਦੇ ਹਨ। ਪੰਡਤ ਸ਼ੁਭ ਲਗਨ ਦੀ ਘੜੀ ਆਪਣੀ ਪੱਤਰੀ ਫੋਲ ਕੇ ਦੱਸਦਾ:-

ਪੰਦਰਾਂ ਬਰਸ ਦੀ ਹੋ ਗਈ ਜੈ ਕੁਰ
ਸਾਲ ਸੋਲ੍ਹਵਾਂ ਚੜ੍ਹਿਆ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਪਿਓ ਉਹਦੇ ਨੇ ਅੱਖ ਪਛਾਣੀ

ਘਰ ਪੰਡਤਾਂ ਦੇ ਬੜਿਆ
ਪੰਡਤੋ ਪੰਡਤੋ ਖੋਹਲੋ ਪੱਤਰੀ
ਦਾਨ ਦੇਉਂ ਜੋ ਸਰਿਆ
ਅਗਲੀ ਪੁੰਨਿਆ ਦਾ
ਵਿਆਹ ਜੈ ਕੁਰ ਦਾ ਧਰਿਆ

ਸ਼ੁਭ ਦਿਨ ਕਢਵਾ ਕੇ ਕੁੜੀ ਵਾਲੇ ਮੁੰਡੇ ਵਾਲ਼ਿਆਂ ਵਲ ਸਾਹੇ ਦੀ ਚਿੱਠੀ ਭੇਜਦੇ। ਇਹ ਚਿੱਠੀ ਨਾਈ ਹੱਥ ਭੇਜੀ ਜਾਂਦੀ ਸੀ। ਇਸ ਤੋਂ ਮਗਰੋਂ ਦੋਨੋਂ ਧਿਰਾਂ ਆਪਣੇ ਅੰਗਾਂ ਸਾਕਾਂ ਨੂੰ ਨਾਈ ਹੱਥ ਵਿਆਹ ਦੇ ਸੁਨੇਹੇ ਭੇਜਦੀਆਂ। ਇਸ ਰਸਮ ਨੂੰ ਗੱਠਾਂ ਅਥਵਾ ਗੰਢਾਂ ਦੇਣੀਆਂ ਸਦਿਆ ਜਾਂਦਾ ਹੈ।

ਜੰਝ ਚੜ੍ਹਨ ਤੋਂ ਇਕ ਦੋ ਦਿਨ ਪਹਿਲਾਂ ਅੰਗ-ਸਾਕ ਆਉਣੇ ਸ਼ੁਰੂ ਹੋ ਜਾਂਦੇ। ਇਸ ਅਵਸਰ ਤੇ ਨਾਨਕਿਆਂ ਦੇ ਮੇਲ਼ ਦੀ ਮੁਖ ਤੌਰ ਤੇ ਉਡੀਕ ਕੀਤੀ ਜਾਂਦੀ ਸੀ। ਨਾਨਕਾਮੇਲ ਪਿੰਡੋਂ ਬਾਹਰ ਆ ਕੇ ਬੈਠ ਜਾਂਦਾ, ਸੁਨੇਹਾ ਮਿਲਣ ਤੇ ਸ਼ਰੀਕੇ ਦੀਆਂ ਔਰਤਾਂ ਕੱਠੀਆਂ ਹੋ ਕੇ ਉਹਨਾਂ ਨੂੰ ਲੈਣ ਜਾਂਦੀਆਂ। ਇਸ ਅਵਸਰ ਤੇ ਦੋਨੋਂ ਧਿਰਾਂ ਇਕ ਦੂਜੀ ਨੂੰ ਸਿੱਠਣੀਆਂ ਦੇਂਦੀਆਂ——

ਹੁਣ ਕਿਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ
ਹੁਣ ਡੱਡੂ ਨਲ੍ਹਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ, ਜੰਮੇ ਸੀ ਜੌੜੇ
ਹੁਣ ਜੌੜੇ ਘਲਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ, ਜੰਮੀਆਂ ਸੀ ਕੱਟੀਆਂ
ਹੁਣ ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਇਸੇ ਦਿਨ ਨਾਈ-ਧੋਈ ਅਤੇ ਸ਼ਾਂਤ ਦੀ ਰਸਮ ਹੁੰਦੀ ਸੀ। ਕੁੜੀ-ਮੁੰਡੇ ਦੇ ਨਹਾਉਣ ਮਗਰੋਂ ਮਾਮਾ ਉਹਨਾਂ ਨੂੰ ਗੋਦੀ ਚੁੱਕ ਕੇ ਚੌਂਕੀ ਤੋਂ ਥੱਲੇ ਲਾਹੁੰਦਾ। ਉਹ ਚੌਂਕੀ ਕੋਲ ਪਈਆਂ ਠੂਠੀਆਂ ਅੱਡੀ ਮਾਰ ਕੇ ਭੰਨਦਾ। ਨਾਇਣ ਮੁੰਡੇ-ਕੁੜੀ ਦੇ ਲਾਹੇ ਕਪੜੇ ਲੈ ਲੈਂਦੀ ਤੇ ਘੁਮਾਰੀ ਨੂੰ ਮਾਮਾ ਇਕ ਰੁਪਿਆ ਲਾਗ ਦਾ ਦੇਂਦਾ। ਇਸ ਤੋਂ ਮਗਰੋਂ ਮਾਮਾ ਤਿਲੜੀ ਰੱਸੀ ਨਾਲ਼ ਠੂਠੀਆਂ ਬੰਨ੍ਹ ਕੇ ਛੱਤ ਦੀਆਂ ਕੜੀਆਂ ਨਾਲ਼ ਲਮਕਾ ਦੇਂਦਾ। ਇਸ ਸਮੇਂ ਪੰਡਤ ਨੂੰ ਸਵਾ ਰੁਪਿਆ ਗਊ ਪੁੰਨ ਕਰਾਈ ਦਾ ਦਿੱਤਾ ਜਾਂਦਾ। ਇਸ ਰਸਮ ਨੂੰ ਸ਼ਾਂਤ ਕਰਵਾਉਣਾ ਆਖਦੇ ਹਨ। ਇਸ ਰਸਮ ਸਮੇਂ ਮਾਮੇ ਦਾ ਹਾਜ਼ਰ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਕੁੜੀਆਂ ਗਾਂਦੀਆਂ ਸਨ:——

ਫੁੱਲਾਂ ਭਰੀ ਚੰਗੇਰ, ਇਕ ਫੁੱਲ ਤੋਰੀ ਦਾ

ਏਸ ਵੇਲੇ ਜ਼ਰੂਰ ਮਾਮੇ ਲੋੜੀਦਾ

ਜੰਝ ਚੜ੍ਹਨ ਤੋਂ ਇਕ ਦਿਨ ਪਹਿਲਾਂ ਭਾਈ-ਚਾਰੇ ਨੂੰ ਕਾਂਜੀ, ਪਕੌੜਿਆਂ ਅਤੇ ਪੋਲ਼ੀਆਂ ਦੀ ਰੋਟੀ ਕੀਤੀ ਜਾਂਦੀ। ਇਸ ਦਿਨ ਸ਼ਰੀਕਾ ਅਤੇ ਅੰਗ-ਸਾਕ ਨਿਉਂਦਾ ਪਾਉਂਦੇ ਸਨ। ਕੁੜੀ ਵਾਲਿਆਂ ਦੇ ਘਰ ਨਿਉਂਦਾ ਪਾਉਣ ਦੀ ਰਸਮ ਜੰਵ ਵਿਦਾ ਹੋਣ ਮਗਰੋਂ ਕੀਤੀ ਜਾਂਦੀ ਸੀ।

ਨਿਉਂਦੇ ਦਾ ਹਿਸਾਬ ਪੁਰਾਣੀ ਵਹੀ ਉੱਤੇ ਰੱਖਿਆ ਜਾਂਦਾ। ਸਾਰੇ ਵਾਧੇ ਵਿੱਚ ਗਿਆਰਾਂ ਤੋਂ ਇੱਕੀ ਰੁਪਈਏ ਤੱਕ ਪਾਉਂਦੇ।

ਜੰਝ ਚੜ੍ਹਨ ਸਮੇਂ ਭੈਣਾਂ ਲਾੜੇ ਦੇ ਸਿਹਰੇ ਬੰਨ੍ਹਦੀਆਂ ਅਤੇ ਵਾਲ਼ ਝਲਦੀਆਂ ਹੋਈਆਂ ਘੋੜੀਆਂ ਗਾਉਂਦੀਆਂ ਸਨ। ਭਾਬੀਆਂ ਸੁਰਮਾ ਪਾਉਣ ਦੀ ਰਸਮ ਕਰਦੀਆਂ——

ਪਹਿਲੀ ਸਿਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਿਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਕੁੜੀ ਵਾਲ਼ੇ ਪਿੰਡੋਂ ਬਾਹਰ ਆਈ ਜੰਝ ਦਾ ਸੁਆਗਤ ਕਰਦੇ ਸਨ। ਜਾਂਞੀ ਰੁਪੈ ਪੈਸਿਆਂ ਨਾਲ਼ ਢੁਕਾ ਕਰਦੇ। ਡੇਰੇ ਜਾ ਕੇ ਪਹਿਲਾਂ ਕੁੜਮਾਂ ਦੀ ਮਿਲਣੀ ਕਰਵਾਈ ਜਾਂਦੀ ਸੀ ਮਗਰੋਂ ਕੁੜੀ ਮੁੰਡੇ ਦੇ ਮਾਮੇ ਆਪਸ ਵਿੱਚ ਜੱਫੀਆਂ ਪਾ ਕੇ ਮਿਲਣੀ ਕਰਦੇ ਸਨ।

ਰਾਤ ਦੀ ਰੋਟੀ ਤੇ ਲਾੜੇ ਦਾ ਬਾਪ ਵਿਆਹੁਲੀ ਕੁੜੀ ਲਈ ਪੱਤਲ ਭੇਜਦਾ ਸੀ। ਗੱਭਲੀ ਰੋਟੀ ਤੇ ਕੁੜੀਆਂ ਹੇਰੇ ਲਾ ਕੇ ਜੰਨ ਬੰਨ੍ਹਦੀਆਂ ਸਨ। ਬੰਨ੍ਹੀ ਜੰਨ੍ਹ ਨੂੰ ਬਰਾਤੀਆਂ ਵਿੱਚੋਂ ਕੋਈ ਜਣਾ ਕਬਿੱਤ ਪੜ੍ਹ ਕੇ ਛੁਡਾਉਂਦਾ

ਛੁਟੇ ਪ੍ਰਸਾਦ ਅਤੇ ਥਾਲ਼ ਥਾਲ਼ੀਆਂ
ਬੰਨ੍ਹ ਦੇਵਾਂ ਨਾਰਾਂ ਗੋਰੀਆਂ ਤੇ ਕਾਲ਼ੀਆਂ
ਛੁੱਟ ਗਏ ਲੱਡੂ ਮਠਿਆਈ ਕੁਲ ਨੀ
ਬੰਨ੍ਹਾਂ ਤੇਰਾ ਰੂਪ ਜੋ ਪਰੀ ਦੇ ਤੁਲ ਨੀ
ਸੁਣ ਲੈ ਤੂੰ ਗੋਰੀਏ ਲਗਾ ਕੇ ਕੰਨ ਨੀ
ਛੁੱਟ ਗਈ ਜੰਵ ਤੈਨੂੰ ਦੇਵਾਂ ਬੰਨ੍ਹ ਨੀ
ਆਲੂ ਤੇ ਕਚਾਲੂ ਛੁੱਟੇ ਕਲਾਕੰਦ ਨੀ
ਬੰਨ੍ਹ ਦਿੱਤੇ ਮੇਲਣਾਂ ਦੇ ਪਰੀਬੰਦ ਨੀ

ਲਾਵਾਂ ਮਗਰੋਂ ਲਾੜੇ ਨਾਲ ਸੰਬੰਧਿਤ ਸਹੁਰਿਆਂ ਦੇ ਘਰ ਕਈ ਰਸਮਾਂ ਕੀਤੀਆਂ ਜਾਂਦੀਆਂ ਸਨ। ਸਾਲ਼ੀਆਂ ਦੇ ਮਖੌਲ, ਚੂੰਢੀਆਂ ਅਤੇ ਛੇੜ-ਛਾੜ ਮਾਹੌਲ ਵਿੱਚ ਅੱਲ੍ਹੜਪਣੇ ਦਾ ਰੰਗ ਭਰ ਦੇਂਦੇ ਸਨ। ਛੰਦ ਸੁਣਨ ਦੀ ਰਸਮ ਚੰਗੇ ਭਲਿਆਂ ਦੇ ਹੋਸ਼ ਗਵਾ ਦੇਂਦੀ। ਤੀਜੇ ਦਿਨ ਖਟ ਦੀ ਰਸਮ ਹੁੰਦੀ ਸੀ। ਮੁੰਡੇ ਵਾਲ਼ੇ ਵਰੀ ਦਾ ਟਰੰਕ ਕੁੜੀ ਵਾਲ਼ਿਆਂ ਦੇ ਘਰ ਵਖਾਵੇ ਲਈ ਭੇਜਦੇ ਤੇ ਕੁੜੀ ਵਾਲ਼ੇ ਜਾਂਞੀਆਂ ਨੂੰ ਕੁੜੀ ਨੂੰ ਦਿੱਤਾ ਦਾਜ ਵਿਖਾਉਂਦੇ।

ਮੁੰਡੇ ਦੀ ਜੰਵ ਚੜ੍ਹਨ ਤੋਂ ਮਗਰੋਂ ਨਾਨਕਾ ਮੇਲ਼ ਖੂਬ ਧਮਾਲਾਂ ਪਾਉਂਦਾ। ਰਾਤ ਸਮੇਂ ਮੁੰਡੇ ਦੀ ਮਾਂ ਸ਼ਰੀਕੇ ਨੂੰ ਸਦ ਕੇ ਕੱਚੀ ਲੱਸੀ ਪੈਰ ਪਾਉਣ ਦੀ ਰਸਮ ਕਰਵਾਉਂਦੀ। ਇਸ ਮਗਰੋਂ ਛੱਜ ਕੁੱਟਿਆ ਜਾਂਦਾ ਸੀ। ਫੜੂਹਾ ਮੱਚ ਉਠਦਾ। ਨਾਨਕੀਆਂ ਕਿਧਰੇ ਬੰਬੀਹਾ ਬਲਾਉਂਦੀਆਂ ਤੇ ਕਿਧਰੇ ਜਾਗੋ ਕੱਢੀਆਂ। ਦੂਜੇ ਦਿਨ ਦੁਪਹਿਰ ਤੋਂ ਮਗਰੋਂ ਮੁੰਡੇ ਦੇ ਘਰ ਫੜੂਹਾ ਪੈਂਦਾ ਜਿਸ ਵਿੱਚ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ।

ਵਿਆਹੁਲੀ ਦੇ ਘਰ ਪੁੱਜਣ ਤੇ ਲਾੜੇ ਦੀ ਮਾਂ ਜੋੜੀ ਉੱਤੋਂ ਪਾਣੀ ਵਾਰ ਕੇ ਪੀਂਦੀ ਸੀ, ਭੈਣਾਂ ਦਰ ਰੋਕਦੀਆਂ ਸਨ। ਮੂੰਹ ਵਖਾਈ ਪਿੱਛੋਂ ਗੋਤ-ਕਨਾਲ਼ਾ ਕੀਤਾ ਜਾਂਦਾ ਸੀ। ਸ਼ਰੀਕੇ ਦੀਆਂ ਔਰਤਾਂ ਅਤੇ ਨਵੀਂ ਬਹੁ ਦੀਆਂ ਦਰਾਣੀਆਂ-ਜਠਾਣੀਆਂ ਰਲ਼ ਕੇ ਇੱਕੋ ਥਾਲੀ ਵਿੱਚ ਭੋਜਨ ਛੱਕਦੀਆਂ ਸਨ।

ਅਗਲੀ ਸਵੇਰ ਲਾੜਾ ਲਾੜੀ ਆਪਣੇ ਜਠੇਰਿਆਂ ਨੂੰ ਮੱਥਾ ਟੇਕਣ ਜਾਂਦੇ ਸਨ ਤੇ ਛਟੀਆਂ ਖੇਲਦੇ ਸਨ। ਉਹ ਇਕ ਦੂਜੇ ਤੇ ਸਤ-ਸਤ ਛਟੀਆਂ ਮਾਰਦੇ। ਘਰ ਆ ਕੇ ਕੰਗਣਾ ਖੋਲ੍ਹਣ ਅਤੇ ਗਾਨਾ ਖੋਹਲਣ ਦੀ ਖੇਡ ਵੀ ਖੇਡੀ ਜਾਂਦੀ।

ਤੀਜੇ ਦਿਨ ਨਵੀਂ ਬਹੁ ਦਾ ਦਾਜ ਸ਼ਰੀਕੇ ਦੀਆਂ ਤੀਵੀਆਂ ਨੂੰ ਵਖਾਇਆ ਜਾਂਦਾ। ਇਸ ਰਸਮ ਨੂੰ ਵਖਾਵਾ ਆਖਦੇ ਹਨ। ਇਸ ਦਿਨ ਬਹੂ ਦੀ ਛੋਟੀ ਨਣਦ ਉਸ ਦੀ ਪੇਟੀ ਖੋਹਲਦੀ ਅਤੇ ਪੇਟੀ ਖੁਲਾਈ ਦਾ ਮਨ ਭਾਉਂਦਾ ਸੂਟ ਲੈਂਦੀ।

ਪਹਿਲੇ ਸਮਿਆਂ ਵਿੱਚ ਵਿਆਹ ਤੋਂ ਤਿੰਨ ਚਾਰ ਸਾਲਾਂ ਮਗਰੋਂ ਮੁਕਲਾਵਾ ਤੋਰਿਆ ਜਾਂਦਾ ਸੀ। ਹੁਣ ਮੁਕਲਾਵਾ ਨਾਲ਼ ਹੀ ਆ ਜਾਂਦਾ ਹੈ।

ਹੁਣ ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਖ਼ਤਮ ਹੋ ਗਈਆਂ ਹਨ। ਅਜ ਕਲ੍ਹ ਬਰਾਤ ਤਿੰਨ ਦਿਨਾਂ ਦੀ ਥਾਂ ਇਕੋ ਦਿਨ ਰੱਖੀ ਜਾਂਦੀ ਹੈ। ਪਰੇਮ ਵਿਆਹ ਦੀ ਸੂਰਤ ਵਿੱਚ ਮੁੰਡਾ ਕੁੜੀ ਸਿੱਧੇ ਕਚਹਿਰੀ ਜਾ ਕੇ ਆਪਣਾ ਕਾਜ ਰਚਾ ਲੈਂਦੇ ਹਨ।

ਮੈਰਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਰਸਮਾਂ ਦਾ ਮਲੀਆਮੇਟ ਹੀ ਕਰਕੇ ਰੱਖ ਦਿੱਤਾ ਹੈ।

ਮੁਟਿਆਰ ਦੇ ਗਭਰੂ ਪਤੀ ਮਰਨ ਤੇ ਛੋਟੇ ਦਿਓਰਾਂ ਉੱਤੇ ਚਾਦਰ ਪਾਉਣ ਦੀ ਰਸਮ ਵੀ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੱਕ ਪ੍ਰਚੱਲਤ ਰਹੀ ਹੈ।

ਗ਼ਮੀ ਖ਼ੁਸ਼ੀ ਜੀਵਨ ਦੇ ਅਨਿਖੜਵੇਂ ਅੰਗ ਹਨ। ਮਰਨ ਸਮੇਂ ਵੀ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਿੰਡ ਭਰਾਉਣੇ, ਕਪਾਲ ਕਿਰਿਆ, ਫੁੱਲ ਚੁਗਣੇ, ਕੁੜਮੱਤਾਂ ਅਤੇ ਹੰਗਾਮੇ ਦੀ ਰਸਮ ਆਮ ਪ੍ਰਚਲਤ ਹੈ। ਸਿਆਪਾ, ਮਰਨੇ ਦੀ ਇਕ ਵਿਸ਼ੇਸ਼ ਰਸਮ ਹੈ। ਮਰਗ ਵਾਲੇ ਘਰ ਫੂਹੜੀ ਵਿਛ ਜਾਂਦੀ ਹੈ। ਅੰਗਾਂ ਸਾਕਾਂ ਤੋਂ ਮਕਾਣਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਵੈਣ ਪਾਉਂਦੀਆਂ ਹਨ। ਮਰਾਸਣ, ਸਿਆਪੇ ਦੀ ਅਗਵਾਈ ਕਰਦੀ ਹੈ। ਕੀਰਨੇ ਦੀ ਆਖਰੀ ਤੁਕ ਨੂੰ ਚੁੱਕ ਕੇ ਸਾਰੀਆਂ ਇਕ ਤਾਲ ਨਾਲ਼ ਗੱਲ੍ਹਾਂ, ਛਾਤੀਆਂ ਅਤੇ ਪੱਟਾਂ ਨੂੰ ਪਿਟਦੀਆਂ ਹਨ। ਮਜਾਲ ਕੋਈ ਤਾਲੋਂ ਖੁੰਝ ਜਾਵੇ। ਕੀਰਨੇ ਸੁਣ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ।

ਮਰਾਸਣਾਂ ਦੀ ਘਾਟ ਕਾਰਨ ਸਿਆਪੇ ਦੀ ਰਸਮ ਮੱਠੀ ਪੈਂਦੀ ਜਾ ਰਹੀ ਹੈ।
ਉਪਰੋਕਤ ਰਸਮਾਂ ਤੋਂ ਬਿਨਾਂ ਤਿਥ ਤਿਉਹਾਰਾਂ, ਨਵਾਂ ਖੂਹ ਉਸਾਰਨ, ਨਵਾਂ ਘਰ ਬਣਾਉਣ, ਪਸ਼ੂ ਖਰੀਦਣ, ਕਮਾਦ ਬੀਜਣ ਅਤੇ ਕਪਾਹ ਚੁੱਗਣ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ।

ਵਿਦਿਆ ਦੀ ਪ੍ਰਗਤੀ ਅਤੇ ਪੇਂਡੂ ਅਰਥਚਾਰੇ ਵਿੱਚ ਤੱਬਦੀਲੀ ਆਉਣ ਦੇ ਕਾਰਨ ਇਹ ਰਸਮਾਂ ਵਿਸਰ ਰਹੀਆਂ ਹਨ। ਇਹ ਪੇਂਡੂ ਰਸਮਾਂ ਸਾਡੇ ਸਭਿਆਚਾਰ ਦਾ ਮਹਾਨ ਵਿਰਸਾ ਹਨ। ਇਸ ਲਈ ਇਹਨਾਂ ਨੂੰ ਕਾਨੀ ਬਧ ਕਰਕੇ ਸਾਂਭਣ ਦੀ ਅਤਿ ਲੋੜ ਹੈ।

ਵਿਸਰ ਰਹੇ ਸ਼ੌਕ

ਪੰਜਾਬ ਦੇ ਲੋਕ ਜੀਵਨ ਉੱਤੇ ਅਜੋਕੀ ਮਸ਼ੀਨੀ ਸੱਭਿਅਤਾ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਜਿਸ ਦੇ ਫਲਸਰੂਪ ਪੰਜਾਬ ਦਾ ਲੋਕ ਜੀਵਨ ਬਹੁਤ ਬਦਲ ਗਿਆ ਹੈ। ਸਾਡੀ ਰਹਿਣੀ ਬਹਿਣੀ, ਖਾਣ ਪੀਣ ਅਤੇ ਮਨੋਰੰਜਨ ਦੇ ਸਾਧਨਾਂ ਵਿੱਚ ਢੇਰ ਸਾਰੇ ਪਰਿਵਰਤਨ ਹੋਏ ਹਨ। ਪੁਰਾਣੇ ਚੇਟਕ ਅਤੇ ਸ਼ੌਕ ਜੋ ਪੰਜਾਬੀਆਂ ਦੇ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਸਨ, ਕਿਧਰੇ ਖੰਭ ਲਾ ਕੇ ਉਡ ਗਏ ਹਨ। ਅੱਜ ਕਿਧਰੇ ਵੀ ਤੁਹਾਨੂੰ ਪੁਰਾਣਾ ਪੰਜਾਬ ਨਜ਼ਰੀਂ ਨਹੀਂ ਆ ਰਿਹਾ।

ਤੁਸੀਂ ਕਿਸੇ ਵੀ ਪੇਂਡੂ ਬਜ਼ੁਰਗ ਨਾਲ਼ ਉਸ ਦੀ ਜਵਾਨੀ ਦੇ ਸਮਿਆਂ ਦੀ ਗਲ ਤੋਰੋ ਸਮਝੋ ਤੁਸੀਂ ਉਸ ਦੀ ਦੁਖਦੀ ਰਗ ਉੱਤੇ ਉਂਗਲ ਧਰ ਦਿੱਤੀ ਹੈ। ਉਹ ਹਉਕਾ ਭਰਦਾ ਹੋਇਆ ਆਪਣੀ ਜਵਾਨੀ ਦੀ ਗਲ ਛੇੜ ਲਵੇਗਾ। ਉਹ ਆਪਣੇ ਪਿੰਡ ਦੇ ਕਬੂਤਰ ਬਾਜ਼ਾਂ, ਬਟੇਰ ਬਾਜ਼ਾਂ ਅਤੇ ਕੁੱਤਿਆਂ ਤੇ ਸ਼ਿਕਾਰੀਆਂ ਦੇ ਕਿੱਸੇ ਬੜੀਆਂ ਲਟਕਾਂ ਨਾਲ਼ ਸੁਣਾਏਗਾ। ਕਬੂਤਰ ਬਾਜ਼ਾਂ ਦੇ ਸ਼ੌਕ ਬੜੇ ਨਿਆਰੇ ਸਨ। ਉਹਨਾਂ ਨੇ ਆਪਣਾ ਸਭ ਕੁਝ ਕਬੂਤਰਾਂ ਦੇ ਲੇਖੇ ਲਾ ਦੇਣਾ। ਦੂਰੋਂ-ਦੂਰੋਂ ਆਏ ਕਬੂਤਰ ਬਾਜ਼ਾਂ ਨੇ ਆਪਣੇ ਚੀਨੇ ਕਬੂਤਰ ਉਡਾਉਣੇ, ਸ਼ਰਤਾਂ ਲੱਗਣੀਆਂ। ਕੁੱਕੜਾਂ ਤੇ ਬਟੇਰਿਆਂ ਨੂੰ ਗਿਰੀਆਂ ਛੁਹਾਰੇ ਚਾਰਨੇ। ਕੁੱਕੜਾਂ ਦੀਆਂ ਲੜਾਈਆਂ ਕਰਵਾਉਣੀਆਂ। ਸ਼ੌਕ ਦੀ ਹੱਦ ਵੇਖੋ ਅਗਲੇ ਬੈਂਡ ਬਾਜੇ ਨਾਲ਼ ਆਪਣੇ-ਆਪਣੇ ਕੁੱਕੜ ਨੂੰ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਕਈ-ਕਈ ਘੰਟੇ ਕੁੱਕੜਾਂ ਨੇ ਲੜਨਾ ਤੇ ਲਹੂ ਲੁਹਾਣ ਹੋ ਜਾਣਾ। ਬਟੇਰ ਬਾਜ਼ ਵੀ ਆਪਣੇ ਬਟੇਰਿਆਂ ਦੇ ਜ਼ੌਹਰ ਇਸੇ ਪ੍ਰਕਾਰ ਵਖਾਉਂਦੇ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਪੇਂਡੂ ਦਰਸ਼ਕ ਕੁੱਕੜਾਂ ਅਤੇ ਬਟੇਰਿਆਂ ਦੀ ਲੜਾਈ ਦਾ ਆਨੰਦ ਮਾਣਦੇ ਰਹਿੰਦੇ ਸਨ। ਕਈਆਂ ਨੂੰ ਭੇਡੂ ਪਾਲਣ ਦਾ ਸ਼ੌਕ ਸੀ। ਉਹ ਆਪਣੇ ਭੇਡੂਆਂ ਨੂੰ ਸ਼ਿੰਗਾਰ ਕੇ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਭੇਡੂਆਂ ਨੇ ਟੱਕਰਾਂ ਮਾਰ-ਮਾਰ ਲਹੂ ਲੁਹਾਣ ਹੋ ਜਾਣਾ, ਉਦੋਂ ਤੱਕ ਲੜੀ ਜਾਣਾ ਜਦੋਂ ਤੱਕ ਦੂਜੇ ਭੇਡੂ ਨੇ ਮੈਦਾਨ ਛੱਡਕੇ ਨੱਸ ਨਾ ਜਾਣਾ। ਕਈ ਕਈ ਘੰਟੇ ਭੇਡੂਆਂ ਦੇ ਭੇੜ ਹੋਈ ਜਾਣੇ। ਪੱਛਮੀ ਪੰਜਾਬ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਂਦੀਆਂ ਸਨ। ਬੁਲੀ ਕੁੱਤੇ (ਬੁਲਡਾਗ) ਇਸ ਕੰਮ ਲਈ ਪਾਲ਼ੇ ਜਾਂਦੇ ਸਨ। ਇਹਨਾਂ ਸ਼ੌਕਾਂ ਪਿੱਛੇ ਬਟੇਰ ਬਾਜ਼ਾਂ, ਕਬੂਤਰ ਬਾਜ਼ਾਂ ਅਤੇ ਕੁੱਤਿਆਂ ਦੇ ਸ਼ਿਕਾਰੀਆਂ ਨੇ ਆਪਣੇ ਕਾਰੋਬਾਰ ਤਬਾਹ ਕਰ ਲੈਣੇ। ਸ਼ਰਤਾਂ ਵਿੱਚ ਹਾਰ ਹਾਰ ਆਪਣੀਆਂ ਜ਼ਮੀਨਾਂ ਗਹਿਣੇ ਧਰ ਦੇਣੀਆਂ। ਇਹ ਸ਼ੌਕ ਤਾਂ ਹੁਣ ਵਿਸਰ ਹੀ ਗਏ ਹਨ। ਹੁਣ ਨਾ ਕਿਧਰੇ ਕਬੂਤਰਾਂ ਦੀਆਂ ਛੱਤਰੀਆਂ ਨਜ਼ਰ ਆਉਂਦੀਆਂ ਹਨ ਅਤੇ ਨਾ ਹੀ ਕੁੱਕੜਾਂ ਅਤੇ ਬਟੇਰਿਆਂ ਦੇ ਦੰਗਲ ਲੱਗਦੇ ਹਨ। ਨਾਲ਼ੇ ਲੋਕਾਂ ਕੋਲ਼ ਐਨਾ ਵਿਹਲ ਕਿੱਥੇ ਹੈ ਕਿ ਉਹ ਕਈ-ਕਈ ਘੰਟੇ ਇਹਨਾਂ ਦੇ ਭੇੜ ਵੇਖੀ ਜਾਣ।

ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਸ਼ਿਕਾਰੀ ਜ਼ਰੂਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਸ਼ੌਕ ਕੁੱਤਿਆਂ ਨਾਲ ਸ਼ਿਕਾਰ ਖੇਡਣਾ ਹੁੰਦਾ ਸੀ। ਉਹਨਾਂ ਨੇ ਰੋਹੀਆਂ ਵਿੱਚ ਸਾਰਾ ਦਿਨ ਤੂਓ-ਤੂਓ ਕਰਦੇ ਫਿਰਨਾ ਤੇ ਕਈ ਵਾਰ ਆਥਣੇ ਨਿਰਾਸ ਹੋ ਕੇ ਖਾਲੀ ਹੱਥੀਂ ਘਰ ਪਰਤ ਆਉਣਾ। ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਖੂਬ ਸੇਵਾ ਸੰਭਾਲ ਕਰਦੇ ਸਨ-ਆਪ ਭਾਵੇਂ ਭੁੱਖੇ ਰਹਿਣ ਪਰ ਸ਼ਿਕਾਰੀ ਕੁੱਤਿਆਂ ਨੂੰ ਅਜਾ ਨਹੀਂ ਸੀ ਲੱਗਣ ਦੇਂਦੇ। ਇਹਨਾਂ ਸ਼ਿਕਾਰੀਆਂ ਦੀ ਦੇਖਾ ਦੇਖੀ ਪਿੰਡ ਦੇ ਜੁਆਕਾਂ ਨੇ ਆਮ ਕੁੱਤਿਆਂ ਦੇ ਗਲਾਂ ਵਿੱਚ ਰੱਸੀਆਂ ਪਾਕੇ ਸ਼ਿਕਾਰ ਤੇ ਚੜ੍ਹਨਾ ਤੇ ਲੋਕਾਂ ਦੇ ਬਰਸੀਮ ਤੇ ਚਾਰੇ ਮਿੱਧਦੇ ਫਿਰਨਾ।

ਪੰਜਾਬ ਦੇ ਖਾਂਦੇ ਪੀਂਦੇ ਜੱਟਾਂ ਵਿੱਚ ਵਧੀਆ ਨਸਲ ਦੇ ਪਸ਼ੂ ਪਾਲਣ ਦਾ ਸ਼ੌਕ ਆਮ ਰਿਹਾ ਹੈ। ਬਲਦਾਂ ਦੀਆਂ ਜੋੜੀਆਂ ਤੇ ਘੋੜੀਆਂ ਰੀਝਾਂ ਨਾਲ ਪਾਲੀਆਂ ਜਾਂਦੀਆਂ ਸਨ। ਘੋੜੀਆਂ ਅਤੇ ਬਲਦਾਂ ਦੇ ਸ਼ੌਂਕੀ ਉਹਨਾਂ ਨੂੰ ਪੁੱਤਾਂ ਵਾਂਗ ਪਾਲਦੇ ਸਨ-ਉਹਨਾਂ ਦੇਸੀ ਘਿਓ ਦੇ ਪੀਪੇ ਇਹਨਾਂ ਨੂੰ ਚਾਰ ਦੇਣ-ਦੇਖਿਆਂ ਭੁੱਖ ਲਹਿਣੀ-ਚਿੱਟੀਆਂ ਘੋੜੀਆਂ ਨੇ ਬੁਲਬੁਲਾਂ ਵਾਂਗ ਉਡਣਾ-ਵੱਡਮੁੱਲੀਆਂ ਜ਼ੀਨਾਂ, ਗਲਾਂ ਵਿੱਚ ਚਾਂਦੀ ਦੀਆਂ ਹਮੇਲਾਂ ਤੇ ਪੈਰਾਂ ਵਿੱਚ ਝਾਂਜਰਾਂ ਪਾਈਂ ਜਦੋਂ ਘੋੜੀ ਨੇ ਡੱਗੇ ਦੀ ਤਾਲ ਤੇ ਨੱਚਣਾ ਤਾਂ ਇੱਕ ਸਮਾਂ ਬੰਨ੍ਹਿਆਂ ਜਾਣਾ। ਘੋੜ ਸਵਾਰ ਨੇ ਨੇਜ਼ੇ ਨਾਲ, ਕਿੱਲੇ ਪੁੱਟਣੇ। ਨੇਜ਼ਾ ਬਾਜ਼ੀ ਦੇ ਮੁਕਾਬਲੇ ਹੋਣੇ। ਬਲਦਾਂ ਦੀਆਂ ਜੋੜੀਆਂ ਬੈਲਗੱਡੀਆਂ ਦੀ ਦੌੜ ਦੇ ਮੁਕਾਬਲਿਆਂ ਲਈ ਪਾਲੀਆਂ ਜਾਂਦੀਆਂ ਸਨ। ਇਹਨਾਂ ਪਾਸੋਂ ਉਹ ਖੇਤੀਬਾੜੀ ਦਾ ਕੰਮ ਨਹੀਂ ਸੀ ਲੈਂਦੇ। ਬੈਲ ਗੱਡੀਆਂ ਦੀਆਂ ਦੌੜਾਂ ਪੰਜਾਬੀਆਂ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਅੱਜਕੱਲ੍ਹ ਵੀ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਨੇਜ਼ਾਬਾਜ਼ੀ ਦਾ ਸ਼ੌਕ ਤਾਂ ਤਕਰੀਬਨ ਸਮਾਪਤ ਹੀ ਹੋ ਗਿਆ ਹੈ। ਸਵਾਰੀ ਲਈ ਭਲਾ ਕੌਣ ਘੋੜੀਆਂ ਰੱਖਦਾ ਹੈ। ਹੁਣ ਤਾਂ ਪੰਜਾਬ ਦੇ ਪਿੰਡਾਂ ਵਿੱਚ ਕਾਰਾਂ, ਮੋਟਰ ਸਾਈਕਲ ਤੇ ਸਕੂਟਰ ਆਮ ਹੀ ਹੋ ਗਏ ਹਨ।

ਪੰਜਾਬੀ ਗੱਭਰੂਆਂ ਵਿੱਚ ਆਪਣੇ ਸਰੀਰ ਨੂੰ ਨਰੋਆ ਰੱਖਣ ਦਾ ਸ਼ੌਕ ਉਹਨਾਂ ਦੇ ਨਿੱਤ ਦੇ ਕੰਮ ਵਿੱਚ ਬਹੁਤ ਸਹਾਈ ਹੋਇਆ ਕਰਦਾ ਸੀ। ਖੇਤੀ ਦਾ ਧੰਦਾ ਮਾੜੇ ਧੀੜੇ ਦੇ ਕਰਨ ਦਾ ਨਹੀਂ ਸੀ। ਹਰ ਕੰਮ ਹੱਥੀਂ ਕਰਨਾ ਪੈਂਦਾ ਸੀ। ਹਰਟ ਨਹੀਂ ਸਨ, ਚੜੋ ਸਨ, ਹਲ ਵਾਹੁਣ ਅਤੇ ਭਾਰ ਚੁੱਕਣ ਲਈ ਨਰੋਏ ਸਰੀਰ ਦੀ ਲੋੜ ਸੀ। ਇਸ ਲਈ ਪੰਜਾਬੀ ਗੱਭਰੂ ਆਪਣੇ ਸਰੀਰ ਨੂੰ ਨਰੋਆ ਰੱਖਣ ਲਈ ਮੱਝਾਂ ਚੁੰਘਦੇ ਸਨ, ਪੀਪਿਆਂ ਦੇ ਪੀਪੇ ਦੇਸੀ ਘਿਓ ਦੇ ਖਾ ਜਾਂਦੇ ਸਨ। ਆਥਣੇ ਪਿੰਡ ਦੇ ਗੱਭਰੂਆਂ ਨੇ ਕੱਠੇ ਹੋ ਕੇ ਜ਼ੋਰ ਕਰਨਾ, ਮੂੰਗਲੀਆਂ ਫੇਰਨੀਆਂ, ਮੁਗਧਰ ਚੁੱਕਣੇ, ਡੰਡ ਪੇਲਣੇ, ਕਬੱਡੀ ਖੇਡਣੀ ਤੇ ਘੋਲ ਘੁਲਣੇ। ਪੇਂਡੂ ਮੇਲਿਆਂ ਉੱਪਰ ਵੀ ਇਹ ਗੱਭਰੂ ਆਪਣੇ ਬਲ ਦਾ ਪ੍ਰਗਟਾਵਾ ਘੋਲ ਘੁਲ ਕੇ, ਮੂੰਗਲੀਆਂ ਫੇਰਕੇ, ਕਬੱਡੀ ਤੇ ਸੌਂਚੀ ਪੱਕੀ ਖੇਡ ਕੇ, ਬੋਰੀ ਤੇ ਮੁਧਗਰ ਆਦਿ ਚੁੱਕ ਕੇ ਕਰਿਆ ਕਰਦੇ ਸਨ। ਹਰੇਕ ਪਿੰਡ ਦੀ ਕੋਈ ਨਾ ਕੋਈ ਰੱਸਾ ਖਿੱਚਣ ਦੀ ਟੀਮ ਜ਼ਰੂਰ ਹੋਇਆ ਕਰਦੀ ਸੀ। ਇਸ ਪ੍ਰਕਾਰ ਇਹ ਗੱਭਰ ਆਪਣੇ ਪਿੰਡ ਦਾ ਨਾਂ ਚਮਕਾਇਆ ਕਰਦੇ ਸਨ। ਜੇ ਕਿਸੇ ਪਿੰਡ ਦਾ ਨਾਮਵਰ ਪਹਿਲਵਾਨ ਨਿਕਲ ਆਉਣਾ ਤਾਂ ਸਮੁੱਚੇ ਪਿੰਡ ਨੇ ਉਸ ਨੂੰ ਖੁਰਾਕ ਦੇਣੀ ਤੇ ਪਹਿਲਵਾਨਾਂ ਦੇ ਘੋਲ ਕਰਵਾਉਣੇ। ਬਾਜ਼ੀਗਰਾਂ ਦੀਆਂ ਬਾਜ਼ੀਆਂ ਪਵਾਉਣ ਦਾ ਆਮ ਰਿਵਾਜ਼ ਸੀ।

ਹੁਣ ਭਲਾ ਕੌਣ ਬੂਰੀਆਂ ਚੁੰਘਦਾ ਹੈ। ਸਮੇਂ ਦਾ ਚੱਕਰ ਹੀ ਅਜਿਹਾ ਹੈ ਕਿ ਦੁੱਧ ਤਾਂ ਢੋਲਾਂ ਵਿੱਚ ਪੈ ਕੇ ਸ਼ਹਿਰੀਂ ਪੁੱਜ ਜਾਂਦਾ ਹੈ। ਮਸੀਂ ਦੋ-ਤਿੱਪ ਚਾਹ ਲਈ ਬਚਦੇ ਹਨ। ਦੇਸੀ ਘਿਓ ਦੇ ਪੀਪੇ ਖਾਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਧਿੜਕ ਤੇ ਤਿਓੜ ਨਾਂ ਦਾ ਸ਼ਬਦ ਅੱਜ ਦੇ ਗੱਭਰੂਆਂ ਨੇ ਕਦੀ ਸੁਣਿਆਂ ਹੀ ਨਹੀਂ ਹੋਣਾ। ਅੱਜ ਦੇ ਪੇਂਡੂ ਗੱਭਰੂਆਂ ਦੇ ਸ਼ੌਕ ਤਾਂ ਹੁਣ ਨਸ਼ਿਆਂ ਨੇ ਮੱਲ ਲਏ ਹਨ। ਜਵਾਨੀ ਦੀ ਉਮਰ ਵਿੱਚ ਹੀ ਹੜਬਾਂ ਨਿਕਲੀਆਂ ਹੋਈਆਂ, ਮੂੰਹ ਚਿੱਬਾ ਹੋਇਆ ਪਿਆ ਹੈ। ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਖਾ ਕੇ ਕੰਧਾਂ ਕੌਲਿਆਂ ਨੂੰ ਫੜਦੇ, ਮਿੱਟੀ ਘੱਟੇ ਵਿੱਚ ਰੁਲ ਦੇ, ਜ਼ਰਦੇ ਦੀਆਂ ਚੁਟਕੀਆਂ ਭਰਦੇ ਇਹ ਗੱਭਰੂ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆ ਰਹੇ ਹਨ। ਸ਼ਰਾਬ, ਅਫ਼ੀਮ ਅਤੇ ਡੋਡਿਆਂ ਦੀ ਵਰਤੋਂ ਨੇ ਇਹਨਾਂ ਗੱਭਰੂਆਂ ਦੇ ਸਰੀਰ ਪਿੰਜਰ ਬਣਾ ਕੇ ਧਰ ਦਿੱਤੇ ਹਨ। ਹੁਣ ਕੋਈ ਘੋਲ ਨਹੀਂ ਘੁਲਦਾ, ਜ਼ੋਰ ਅਜ਼ਮਾਈ ਨਹੀਂ ਕਰਦਾ, ਮੂੰਗਲੀਆਂ ਫੇਰਨ ਅਤੇ ਮੁਧਗਰ ਚੁੱਕਣ ਦੀ ਗੱਲ ਤਾਂ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈ ਹੈ।

ਪੰਜਾਬੀਆਂ ਦੇ ਲੋਕ ਜੀਵਨ ਵਿੱਚੋਂ ਕਵੀਸ਼ਰਾਂ, ਢੱਡ ਸਾਰੰਗੀ ਦੇ ਗਾਉਣ, ਰਾਸਾਂ, ਨਚਾਰਾਂ ਦੇ ਜਲਸੇ ਅਤੇ ਨਕਲਾਂ ਦੇ ਅਖਾੜੇ ਲਵਾਉਣ ਦੇ ਸ਼ੌਕ ਕਿਸੇ ਹੱਦ ਤੱਕ ਵਿਸਰ ਹੀ ਚੁੱਕੇ ਹਨ। ਪੇਂਡੂਆਂ ਵਿੱਚ ਕਿੱਸੇ ਪੜ੍ਹਨ ਦਾ ਸ਼ੌਕ ਆਮ ਹੋਇਆ ਕਰਦਾ ਸੀ। ਇੱਕ ਜਣੇ ਨੇ ਕਿਸੇ ਕਿੱਸੇ ਵਿੱਚੋਂ ਕੋਈ ਬੰਦ ਲਟਕਾਂ ਨਾਲ ਪੜ੍ਹਨਾ, ਸਰੋਤਿਆਂ ਨੇ ਝੂਮ-ਝੂਮ ਜਾਣਾ। ਇਹ ਕਿੱਸੇ ਆਮ ਕਰਕੇ ਆਸ਼ਕਾਂ ਅਤੇ ਡਾਕੂਆਂ ਦੇ ਹੋਇਆ ਕਰਦੇ ਸਨ। ਵਾਰਸ ਦੀ ਹੀਰ, ਸਦਾ ਰਾਮ ਦੀ ਸੋਹਣੀ, ਸ਼ੇਰ ਮੁਹੰਮਦ ਦਾ ਮਿਰਜ਼ਾ, ਹਾਸ਼ਮ ਦੀ ਸੱਸੀ, ਰੀਟਾ ਦੀਨ ਦਾ ਸੁੱਚਾ ਸਿੰਘ ਸੂਰਮਾ, ਭਗਵਾਨ ਸਿੰਘ ਦਾ ਜਿਊਣਾ ਮੋੜ, ਕਾਦਰ ਯਾਰ ਦਾ ਪੂਰਨ ਭਗਤ, ਕਿਸ਼ੋਰ ਚੰਦ ਦਾ ਜਾਨੀ ਚੋਰ, ਗੁਰਦਿੱਤ ਸਿੰਘ ਦੀ ਪਰਤਾਪੀ, ਦੌਲਤ ਰਾਮ ਦਾ ਰੂਪ ਬਸੰਤ ਅਤੇ ਸਾਧੂ ਦਿਆ ਸਿੰਘ ਦਾ ਜ਼ਿੰਦਗੀ ਬਲਾਸ ਆਦਿ ਕਿੱਸੇ ਇਹਨਾਂ ਮਹਿਫ਼ਲਾਂ ਦਾ ਸ਼ਿੰਗਾਰ ਹੋਇਆ ਕਰਦੇ ਸਨ। ਅੱਜ ਕੱਲ੍ਹ ਭਾਲਿਆਂ ਵੀ ਕਿੱਸੇ ਪੜ੍ਹਨ ਵਾਲਾ ਵਿਅਕਤੀ ਤੁਹਾਨੂੰ ਕਿਸੇ ਪਿੰਡ ਵਿੱਚੋਂ ਨਹੀਂ ਲੱਭੇਗਾ। ਪੁਸਤਕਾਂ ਛਾਪਣ ਵਾਲੇ ਵੀ ਕਿੱਸੇ ਨਹੀਂ ਛਾਪਦੇ। ਸਾਹਿਤਕ ਪੁਸਤਕਾਂ ਤੋਂ ਇਲਾਵਾ ਰਸਾਲੇ ਅਤੇ ਅਖ਼ਬਾਰ ਪੇਂਡੂਆਂ ਦੀ ਪਹੁੰਚ ਵਿੱਚ ਆ ਗਏ ਹਨ। ਪਿੰਡ-ਪਿੰਡ ਸਕੂਲ ਖੁੱਲ੍ਹ ਗਏ ਹਨ, ਪੰਚਾਇਤਾਂ ਅਤੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੋਂ ਪੁਸਤਕਾਂ ਲੈ ਕੇ ਪਿੰਡਾਂ ਦੇ ਪੜੇ-ਲਿਖੇ ਵਿਅਕਤੀ ਆਪਣੇ ਪੜ੍ਹਨ ਦੇ ਸ਼ੌਕ ਨੂੰ ਮਘਾਈ ਰੱਖਦੇ ਹਨ। ਪਿੰਡਾਂ ਵਿੱਚ ਖੁੱਲ੍ਹੇ ਸਕੂਲਾਂ ਅਤੇ ਕਾਲਜਾਂ ਨੇ ਪੇਂਡੂ ਜੀਵਨ ਵਿੱਚ ਇੱਕ ਸਭਿਆਚਾਰਕ ਇਨਕਲਾਬ ਲੈ ਆਂਦਾ ਹੈ। ਪਿੰਡਾਂ ਵਿੱਚ ਜਾਗ੍ਰਿਤੀ ਆ ਰਹੀ ਹੈ। ਕਿਤੇ-ਕਿਤੇ ਪਿੰਡਾਂ ਵਿੱਚ ਜਾ ਕੇ ਨਾਟ ਮੰਡਲੀਆਂ ਨਾਟਕ ਖੇਡਦੀਆਂ ਹਨ। ਪੇਂਡੂ ਖੇਡਾਂ ਦਾ ਰਿਵਾਜ਼ ਮੁੜ ਸੁਰਜੀਤ ਹੋ ਰਿਹਾ ਹੈ-ਖੇਡਾਂ ਦੇ ਨਾਲ਼ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ ਜੋ ਉਹਨਾਂ ਦੀ ਸਭਿਆਚਕ ਭੁੱਖ ਨੂੰ ਮਿਟਾਉਣ ਵਿੱਚ ਸਹਾਈ ਹੋ ਰਹੇ ਹਨ। ਲੋਕਾਂ ਲਈ ਵੱਧ ਤੋਂ ਵੱਧ ਨਰੋਏ ਅਤੇ ਸਿਹਤਮੰਦ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਸਹੀ ਸੇਧ ਲੈ ਸਕੇ।