ਮਹਿਕ ਪੰਜਾਬ ਦੀ/ਪ੍ਰੀਤ ਗਾਥਾਵਾਂ

ਪ੍ਰੀਤ ਗਾਥਾਵਾਂ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ-ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁਲ੍ਹਾ ਤੇ ਹਰ ਕਿਸੇ ਨਾਲ਼ ਘੁਲ-ਮਿਲ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਘੁਮ੍ਹਾਰ ਤੁਲੇ ਦੀ ਮੁਟਿਆਰ ਧੀ ਸੋਹਣੀ ਨੂੰ ਵੇਖ ਉਸ ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਅਪਣਾ ਬਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ ਦੂਜੇ ਤੇ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਰਕਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੋਰ ’ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਪੁਨੂੰ ਅਤੇ ਸੋਹਣੀ ਦਾ ਇਜ਼ਤ ਵੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ ਅਤੇ ਮਿਰਜ਼ਾ-ਸਾਹਿਬਾਂ ਆਦਿ ਅਜਿਹੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉਕਰੀ ਹੋਈ ਹੈ।

ਇਹ ਸਾਰੀਆਂ ਪ੍ਰੀਤ ਗਾਥਾਵਾਂ ਮਧਕਾਲ ਵਿੱਚ ਵਾਪਰੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ’ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣਕੇ ਮਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਅਤੇ ਫਜ਼ਲ ਸ਼ਾਹ ਦੀ ਸੋਹਣੀ ਪੰਜਾਬੀ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ।

ਇਨ੍ਹਾਂ ਪ੍ਰਮੁਖ ਪ੍ਰੀਤ ਗਾਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਨੀ, ਕਾਕਾ ਪਰਤਾਪੀ, ਸੋਹਣਾ-ਜੈਠੀ ਅਤੇ ਇੰਦਰ ਬੇਗੋ ਪੰਜਾਬੀ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਅਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧਕਾਲ ਦੀਆਂ ਇਹਨਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਅਥਵਾ ਪਿਆਰ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ਼ ਟਾਕਰਾ ਹੀ ਨਹੀਂ ਕੀਤਾ ਬਲਕਿ ਸਮਾਜਕ ਅਤੇ ਧਾਰਮਕ ਵਰਜਣਾ, ਮਨਾਹੀਆਂ ਅਤੇ ਬੰਦਸ਼ਾਂ ਨੂੰ ਤੋੜਕੇ ਅਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਹਨ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਸਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਅਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ ‘ਮਾਈ ਹੀਰ` ਅਤੇ ਰਾਂਝੇ ਨੂੰ ‘ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਕੇ ਹਨ।

ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ। ਇਹਨਾਂ ਵਿੱਚ ਪੰਜਾਬ ਦੀ ਆਤਮਾ ਵਿਦਮਾਨ ਹੈ। ਇਹ ਚਸ਼ਮੇ ਦੀ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ।

ਪੇਸ਼ ਹਨ ਪੰਜਾਬ ਦੀਆਂ ਪ੍ਰਮੁੱਖ ਪ੍ਰੀਤ ਕਹਾਣੀਆਂ ਦੇ ਸੰਖੇਪ ਰੂਪ

ਸੋਹਣੀ ਮਹੀਂਵਾਲ

ਬਲਖ ਬੁਖਾਰੇ ਦੇ ਇਕ ਅਮੀਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇਜ਼ਤ ਬੇਗ ਪੰਜਾਬ (ਭਾਰਤ ਤੇ ਪਾਕਿਸਤਾਨ ਦਾ ਸਾਂਝਾ ਪੰਜਾਬ) ਵਿੱਚ ਵਪਾਰ ਕਰਨ ਦੀ ਨੀਅਤ ਨਾਲ਼ ਆਇਆ। ਉਹ ਗੁਜਰਾਤ (ਪਾਕਿਸਤਾਨ) ਦੇ ਇਕ ਘੁਮਾਰ ਤੁੱਲੇ ਦੀ ਮਨਮੋਹਣੀ ਧੀ ਸੋਹਣੀ ਤੇ ਮੋਹਿਤ ਹੋ ਗਿਆ। ਉਹਨੇ ਸੋਹਣੀ ਦੀ ਖਾਤਰ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਦੁਕਾਨ ਪਾ ਲਈ। ਉਹ ਹਰ ਰੋਜ਼ ਸੋਹਣੀ ਦੇ ਦੀਦਾਰ ਲਈ ਭਾਂਡੇ ਖਰੀਦਣ ਦੇ ਪੱਜ ਤੁੱਲੇ ਦੀ ਹੱਟੀ ਤੇ ਜਾਂਦਾ। ਆਖਰ ਵਪਾਰ ਵਿੱਚ ਇਜ਼ਤ ਬੇਗ ਨੂੰ ਐਨਾ ਘਾਟਾ ਪੈ ਗਿਆ ਕਿ ਉਸ ਨੂੰ ਮਜਬੂਰ ਹੋ ਕੇ ਤੁੱਲੇ ਦੇ ਘਰ ਹੀ ਮੱਝਾਂ ਚਾਰਨ ਤੇ ਨੌਕਰੀ ਕਰਨੀ ਪੈ ਗਈ। ਉਹ ਹਰ ਰੋਜ਼ ਮੱਝੀਆਂ ਚਾਰਨ ਜਾਂਦਾ ਮਗਰੇ ਸੋਹਣੀ ਉਹਦੇ ਲਈ ਭੱਤਾ ਲੈ ਤੁਰਦੀ। ਇਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਗਿਆ ਸੀ।

ਸੋਹਣੀ ਮਹੀਂਵਾਲ ਦੀ ਹੋ ਗਈ। ਦੋਹਾਂ ਦਾ ਪਿਆਰ ਦਿਨੋਂ ਦਿਨ ਗੂੜ੍ਹਾ ਹੁੰਦਾ ਗਿਆ। ਪਰ ਇਨ੍ਹਾਂ ਦੇ ਪਿਆਰ ਨੂੰ ਸਮਾਜ ਨੇ ਜਰਿਆ ਨਾ। ਲੋਕਾਂ ਨੇ ਸੋਹਣੀ ਦੇ ਮਾਂ ਬਾਪ ਪਾਸ ਇਹਨਾਂ ਦੇ ਪਿਆਰ ਬਾਰੇ ਸ਼ਕਾਇਤਾਂ ਕੀਤੀਆਂ। ਉਲਾਂਭੇ ਦਿੱਤੇ। ਮਹੀਂਵਾਲ ਨੂੰ ਨੌਕਰਿਓਂ ਜਵਾਬ ਮਿਲ਼ ਗਿਆ ਅਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ, ਇਕ ਹੋਰ ਘੁਮ੍ਹਾਰਾਂ ਦੇ ਮੁੰਡੇ ਨਾਲ਼ ਵਿਆਹ ਦਿੱਤਾ।

ਸੋਹਣੀ ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।

ਇਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ ਮਹੀਂਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਝਨਾ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।

ਸੋਹਣੀ ਅਪਣੇ ਸਹੁਰਿਆਂ ਦੇ ਘਰੋਂ ਰਾਤ ਸਮੇਂ ਚੋਰੀ ਮਹੀਂਵਾਲ ਨੂੰ ਮਿਲਣ ਲਈ ਦਰਿਆ ਕੰਢੇ ਤੇ ਪੁਜ ਜਾਂਦੀ, ਮਹੀਂਵਾਲ ਦਰਿਆ ਪਾਰ ਕਰਕੇ ਉਸ ਨੂੰ ਆਣ ਮਿਲਦਾ। ਉਹ ਅਪਣੇ ਨਾਲ਼ ਮੱਛੀ ਦਾ ਮਾਸ ਲਈ ਆਉਂਦਾ। ਦੋਨੋਂ ਰਲ਼ ਕੇ ਖਾਂਦੇ। ਕਿਹਾ ਜਾਂਦਾ ਹੈ ਕਿ ਇਕ ਦਿਨ ਮਹੀਂਵਾਲ ਨੂੰ ਮੱਛੀਆਂ ਨਾ ਮਿਲ਼ੀਆਂ, ਉਹਨੇ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆ। ਪੱਟ ਚੀਰਨ ਕਰਕੇ ਮਹੀਂਵਾਲ ਨੂੰ ਤੈਰਨਾ ਮੁਸ਼ਕਲ ਹੋ ਗਿਆ ਸੀ-ਸੋਹਣੀ ਉਸ ਦਿਨ ਤੋਂ ਆਪ ਦਰਿਆ ਪਾਰ ਕਰਕੇ ਅਪਣੇ ਮਹੀਂਵਾਲ ਦੀ ਝੁੱਗੀ ਵਿੱਚ ਜਾਣ ਲਗ ਪਈ। ਉਹ ਘੜੇ ਰਾਹੀਂ ਦਰਿਆ ਪਾਰ ਕਰਦੀ ਤੇ ਆਉਂਦੀ ਹੋਈ ਘੜੇ ਨੂੰ ਬੂਝਿਆਂ ਵਿੱਚ ਲੁਕੋ ਦਿੰਦੀ। ਸੋਹਣੀ ਦੀ ਨਨਾਣ ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ। ਇਕ ਰਾਤ ਉਸ ਨੇ ਪੱਕੇ ਘੜੇ ਤੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਕੱਚੇ ਘੜੇ ਸਮੇਤ ਹੀ ਤੁਫਾਨੀ ਦਰਿਆ ਵਿੱਚ ਠਿਲ੍ਹ ਪਈ। ਘੜਾ ਖੁਰ ਗਿਆ ਤੇ ਸੋਹਣੀ ਅੱਧ ਵਿਚਕਾਰ ਡੁੱਬ ਗਈ। ਮਹੀਂਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਤੇ ਆਪ ਵੀ ਮਗਰੇ ਛਾਲ਼ ਮਾਰ ਦਿੱਤੀ। ਦੋਨੋਂ ਪਿਆਰੇ ਝਨਾ ਦੀਆਂ ਤੂਫਾਨੀ ਲਹਿਰਾਂ ਵਿੱਚ ਰੁੜ੍ਹ ਗਏ।

ਜਿਸ ਸਿਦਕ ਦਿਲੀ ਨਾਲ਼ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਵੀ ਲੋਕ ਮਾਨਸ ਦੀ ਆਤਮਾ ਪਰਨਾਮ ਕਰਦੀ ਹੈ:-

ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ

ਹੀਰ-ਰਾਂਝਾ

ਪੰਦਰਵੀਂ-ਸੋਲ੍ਹਵੀਂ ਸਦੀ ਵਿੱਚ ਅਜੋਕੇ ਪਾਕਿਸਤਾਨ ਸਥਿਤ ਝੰਗ ਦੇ ਇਲਾਕੇ ਵਿੱਚ ਵਾਪਰੀ 'ਹੀਰ-ਰਾਂਝੇ' ਦੀ ਲੋਕ ਗਾਥਾ ਨੇ ਪੰਜਾਬੀਆਂ ਦੇ ਦਿਲਾਂ 'ਤੇ ਇਕ ਅਮਿਟ ਛਾਪ ਲਾਈ ਹੋਈ ਹੈ। ਪੰਜਾਬ ਦੇ ਕਣ-ਕਣ ਵਿੱਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਨਾਲ਼ ਗਾ ਕੇ ਅਗੰਮੀ ਖ਼ੁਸ਼ੀ ਪ੍ਰਾਪਤ ਕਰਦਾ ਹੈ।

ਰਾਂਝਾ ਜਿਸ ਦਾ ਅਸਲ ਨਾਂ ਧੀਦੋ ਸੀ ਅਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ। ਉਹਦਾ ਬਾਪ ਮੌਜੂ ਤਖਤ ਹਜ਼ਾਰੇ ਦਾ ਚੌਧਰੀ ਸੀ। ਜਾਤ ਦਾ ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਨਾਲ਼ ਪਾਲਿਆ। ਅਜੇ ਉਹ ਮਸਾਂ ਸੋਲਾਂ ਸਤਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ ਵੰਡ ਲਈ ਚੰਗੀ ਚੰਗੀ ਆਪ ਰੱਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿਵੇਂ ਕਰਦਾ। ਉਹ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ਼ ਗੁੱਸੇ ਹੋ ਕੇ ਝੰਗ ਸਿਆਲੀਂ ਆ ਪੁੱਜਾ ਤੇ ਏਥੋਂ ਦੇ ਚੌਧਰੀ ਚੂਚਕ ਦੀਆਂ ਮੱਝਾਂ ਚਰਾਣ ਲਈ ਚਾਕਰ ਬਣ ਗਿਆ। ਚੂਚਕ ਦੀ ਨਿਧੱੜਕ ਤੇ ਨਿਡਰ ਅਲਬੇਲੀ ਮੁਟਿਆਰ ਧੀ ਹੀਰ ਨਾਲ਼ ਧੀਦੋ ਰਾਂਝੇ ਦਾ ਪਿਆਰ ਅਜਿਹਾ ਪਿਆ ਕਿ ਉਹ ਸਦਾ ਲਈ ਰਾਂਝੇ ਦੀ ਹੋ ਗਈ। ਕਹਿੰਦੇ ਹਨ ਰਾਂਝਾ ਪੂਰੇ ਬਾਰਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਰਾਂਦਾ ਰਿਹਾ। ਪਰੰਤੂ ਹੀਰ ਦੇ ਮਾਪਿਆਂ ਨੇ ਇਹਨਾਂ ਦੇ ਪਾਕ ਪਿਆਰ ਨੂੰ ਪ੍ਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ਼ ਜ਼ੋਰੀਂ ਕਰ ਦਿੱਤਾ। ਹੀਰ ਵਿਲਕਦੀ ਰਹੀ ਤੇ ਉਹਨੇ ਸਾਫ਼ ਲਲਕਾਰ ਕੇ ਆਖ ਦਿੱਤਾ ਕਿ ਉਹ ਰਾਂਝੇ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਬਣੇਗੀ ਤੇ ਸੈਦੇ ਖੇੜੇ ਦੀ, ਸੇਜ ਕਬੂਲ ਨਹੀਂ ਕਰੇਗੀ।

ਰਾਂਝੇ ਨੇ ਮੱਝੀਆਂ ਚਰਾਣੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁਜ ਗਿਆ ਤੇ ਪਿੰਡੋਂ ਬਾਹਰ ਡੇਰੇ ਜਾ ਲਾਏ। ਹੀਰ ਦੀ ਨਣਦ ਸਹਿਤੀ ਦੁਆਰਾ ਰਾਂਝੇ ਦਾ ਮੇਲ ਹੀਰ ਨਾਲ਼ ਹੋਇਆ। ਹੀਰ ਲੜੇ ਸੱਪ ਦਾ ਬਹਾਨਾ ਲਾ ਕੇ ਜੋਗੀ ਪਾਸ ਪੁੱਜੀ-ਰਾਤ ਸਮੇਂ ਉਹ ਦੋਨੋਂ ਨਸ ਟੁਰੇ। ਖੇੜਿਆਂ ਨੇ ਉਹਨਾਂ ਦਾ ਪਿੱਛਾ ਕੀਤਾ, ਅੰਤ ਦੋਨੋਂ ਨਾਹੜਾਂ ਦੇ ਇਲਾਕੇ ਵਿੱਚ ਫੜੇ ਗਏ। ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ। ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ। ਕਹਿੰਦੇ ਨੇ ਉਸੇ ਵੇਲੇ ਕੋਟਕਬੂਲੇ ਨੂੰ ਅੱਗ ਲਗ ਗਈ। ਲੋਕਾਂ ਸਮਝਿਆ ਕਿ ਇਹ ਹੀਰ ਰਾਂਝੇ ਨਾਲ਼ ਹੋਈ ਬੇਇਨਸਾਫੀ ਦਾ ਫਲ਼ ਹੈ-ਸੋ ਉਸੇ ਵੇਲੇ ਹਾਕਮ ਨੂੰ ਅਪਣਾ ਫੈਸਲਾ ਬਦਲਨਾ ਪਿਆ। ਇਸ ਪ੍ਰਕਾਰ ਹੀਰ ਮੁੜ ਰਾਂਝੇ ਨੂੰ ਮਿਲ਼ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ। ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀਰ ਨਾਲ਼ ਝੰਗ ਸਿਆਲੀਂ ਆ ਗਿਆ। ਤਦ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖ਼ਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਪ੍ਰਨਾ ਕੇ ਲੈ ਜਾਵੇ। ਰਾਂਝਾ ਜੰਝ ਲੈਣ ਤਖਤ ਹਜ਼ਾਰੇ ਨੂੰ ਚਲਿਆ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋਂ ਦੇ ਆਖੇ ਲਗ ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਰਾਂਝਾ ਜੰਝ ਲੈ ਆਇਆ ਅੱਗੋਂ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਹੀਰ ਦੀ ਸਜਰੀ ਕਬਰ ਉੱਤੇ ਟੱਕਰਾਂ ਮਾਰ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ। ਇੰਜ ਦੋ ਜਿੰਦਾਂ ਅਪਣੇ ਇਸ਼ਕ ਲਈ ਬਲੀਦਾਨ ਦੀ ਆਹੂਤੀ ਦੇ ਕੇ ਸਦਾ ਲਈ ਅਮਰ ਹੋ ਗਈਆਂ।

ਸੱਸੀ-ਪੁੰਨੂੰ

ਸੱਸੀ-ਪੁੰਨੂੰ ਸਿੰਧ (ਪਾਕਿਸਤਾਨ) ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਹਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨਣ ਮਗਰੋਂ ਸੱਸੀ ਨੇ ਉਹਦੇ ਘਰ ਜਨਮ ਲਿਆ। ਉਸ ਸਮੇਂ ਦੇ ਰਿਵਾਜ ਦੇ ਅਨੁਸਾਰ ਰਾਜੇ ਨੇ ਨਜੂਮੀਆਂ (ਜੋਤਸ਼ੀਆਂ) ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ। ਉਹਨਾਂ ਵਹਿਮ ਪਾ ਦਿੱਤਾ ਕਿ ਸੱਸੀ ਅਪਣੀ ਜਵਾਨੀ ਦੇ ਦਿਨਾਂ ਵਿੱਚ ਰਾਜੇ ਦੇ ਪਰਿਵਾਰ ਲਈ ਬਦਨਾਮੀ ਖੱਟੇਗੀ। ਵਹਿਮੀ ਰਾਜੇ ਨੇ ਅਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਮਲੂਕੜੀ ਜਹੀ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰਤੂੰ ਮਗਰੋਂ ਉਹਨੂੰ ਇਕ ਲੱਕੜ ਦੇ ਸੰਦੁਕ ਵਿੱਚ ਬੰਦ ਕਰਕੇ ਦਰਿਆ ਵਿਚ ਰੋੜ੍ਹ ਦਿੱਤਾ।

ਭੰਬੋਰ ਸ਼ਹਿਰ ਤੋਂ ਬਾਹਰ ਦਰਿਆ ਦੇ ਕੰਢੇ ਤੇ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੁਕ ਉਹਦੇ ਨਜ਼ਰੀਂ ਪਿਆ। ਸੰਦੁਕ ਉਹਨੇ ਫੜ ਲਿਆ। ਕੀ ਵੇਖਦੇ ਹਨ-ਇਕ ਪਿਆਰਾ ਬੱਚਾ ਵਿੱਚ ਪਿਆ ਅੰਗੂਠਾ ਚੁੰਘ ਰਿਹਾ ਹੈ। ਖੋਬੀ ਦੇ ਕੋਈ ਔਲਾਦ ਨਹੀਂ ਸੀ। ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਵਣ ਨੇ ਰੱਬ ਦਾ ਲਖ-ਲਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਧੀ ਹੈ।

ਸੱਸੀ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ ’ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲਗ ਪਈ। ਰਾਜੇ ਦੇ ਕੰਨੀਂ ਵੀ ਏਸ ਦੀ ਭਿਣਕ ਪੈ ਗਈ। ਸੱਸੀ ਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਉਹਨੇ ਆਪੂੰ ਜਾਣ ਦੀ ਥਾਂ ਅਪਣੇ ਗਲ਼ ਦਾ ਤਵੀਤ ਘੱਲ ਦਿੱਤਾ। ਇਹ ਉਹੀ ਸ਼ਾਹੀ ਤਵੀਤ ਸੀ ਜਿਹੜਾ ਸੱਸੀ ਦੀ ਰਾਣੀ ਮਾਂ ਨੇ ਉਹਨੂੰ ਸੰਦੂਕ 'ਚ ਬੰਦ ਕਰਨ ਸਮੇਂ ਉਹਦੇ ਗਲ਼ ਵਿੱਚ ਪਾ ਦਿੱਤਾ ਸੀ। ਰਾਜੇ ਨੇ ਤਵੀਤ ਪਛਾਣ ਲਿਆ। ਆਦਮ ਖਾਨ ਆਪ ਚਲਕੇ ਧੋਬੀਆਂ ਦੇ ਘਰ ਆਇਆ। ਪਰ ਸੱਸੀ ਮਹਿਲੀਂ ਜਾਣ ਲਈ ਰਾਜ਼ੀ ਨਾ ਹੋਈ।

ਭੁਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਸ਼ਾਨਦਾਰ ਮਹਿਲ ਸੀ। ਉਹਨੇ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸ਼ਾਂ ਦੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ-ਸਾਰਾ ਸ਼ਹਿਰ ਉਹਨਾਂ ਨੂੰ ਦੇਖ ਰਿਹਾ ਸੀ। ਸੱਸੀ ਵੀ ਅਪਣੀਆਂ ਸਹੇਲੀਆਂ ਸਮੇਤ ਉੱਥੇ ਪੁਜ ਗਈ। ਇਕ ਤਸਵੀਰ ਨੂੰ ਵੇਖ ਉਹ ਕੀਲੀ ਗਈ। ਉਹ ਅਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ। ਇਹ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਸੀ।

ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੁਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ ਜਾ ਕੇ ਕਰਦੇ। ਉੱਥੋਂ ਦਾ ਸ਼ਹਿਜ਼ਾਦਾ ਪੰਨੂੰ ਹੁਸਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੋਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫਲੇ ਨਾਲ਼ ਭੰਬੋਰ ਪੁਜ ਗਿਆ। ਸੱਸੀ ਪੁੰਨੂੰ ਇਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ। ਦੋਨੋਂ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ।

ਪੁੰਨੂੰ ਦੇ ਨਾਲ਼ ਦੇ ਸੁਦਾਗਰ ਅਪਣੇ ਦੇਸ ਪਰਤ ਗਏ। ਉਹਨਾਂ ਨੇ ਪੁੰਨੂੰ ਦੇ ਪਿਤਾ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾਂ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ। ਉਹ ਕਈ ਦਿਨਾਂ ਦੀ ਮੰਜਲ ਮਾਰ ਕੇ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ। ਰਾਤ ਸਮੇਂ ਉਹਨਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਊਠਾਂ ਤੇ ਲੱਦ ਲਿਆ ਤੇ ਰਾਤੋ ਰਾਤ ਆਪਣੇ ਸ਼ਹਿਰ ਕੀਚਮ ਨੂੰ ਚਾਲੇ ਪਾ ਲਏ।

ਸਵੇਰੇ ਸੱਸੀ ਦੀ ਜਾਗ ਖੁਲ੍ਹੀ-ਉਹਨੇ ਵੇਖਿਆ ਉਹਦੇ ਨਾਲ਼ ਧੋਖਾ ਹੋ ਗਿਆ ਸੀ। ਉਹ ਪੁੰਨੂੰ ਦੇ ਵਿਯੋਗ ਵਿੱਚ ਪਾਗਲ ਹੋ ਗਈ-ਉਹ ਪੁੰਨੂੰ-ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ ਤੇ ਡਾਚੀ ਦਾ ਖੁਰਾ ਲਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿਗ ਪਈ ਤੇ ਪੁੰਨੂੰ-ਪੁੰਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।

ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਉਹਨੇ ਡਾਚੀ ਉੱਪਰੋਂ ਛਾਲ ਮਾਰ ਦਿੱਤੀ ਤੇ ਵਾਪਸ ਮੁੜ ਪਿਆ-ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਉਹਨੇ ਆਪਣੀ ਜਾਨ ਵਾਰ ਦਿੱਤੀ। ਦੋ ਜਿੰਦਾਂ ਸੁੱਚੀ ਮੁਹੱਬਤ ਲਈ ਕੁਰਬਾਨ ਹੋ ਗਈਆਂ।

ਮਿਰਜ਼ਾ ਸਾਹਿਬਾਂ

ਸੌ ਸੌ ਕੋਹ ਤੋਂ ਚੜ੍ਹੀ ਲੁਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅੱਜ ਵਧ ਕੇ ਬੋਲੀ ਪਾਵੇ।

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ, ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਸੁੰਨਾ ਹੋ ਗਿਆ। ਸਿਆਣੀਆਂ ਤ੍ਰੀਮਤਾਂ ਉਸ ਨੂੰ ਸੈਆਂ ਦਿਲਬਰੀਆਂ ਦਿੰਦੀਆਂ, ਢਾਰਸਾਂ ਬਨ੍ਹਾਉਂਦੀਆਂ-

ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖ਼ਾਨ ਬਾਲ ਮਿਰਜ਼ੇ ਨੂੰ ਆਪਣੇ ਪਿੰਡ ਖੀਵੇ ਲੈ ਆਇਆ। ਉਹ ਝੰਗ ਸਿਆਲ ਦਾ ਚੌਧਰੀ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇਂ ਲੈ ਲਈ।

ਕੁਝ ਵਰ੍ਹੇ ਪਹਿਲਾਂ ਖੀਵੇ ਖ਼ਾਨ ਦੀ ਘਰ ਵਾਲ਼ੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਉਹਨੇ ਦੂਜਾ ਵਿਆਹ ਕਰਵਾ ਲਿਆ ਹੋਇਆ ਸੀ। ਪਹਿਲੀ ਤੀਵੀਂ 'ਚੋਂ ਉਹਦੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਪਲਾਂ ਵਿੱਚ ਦੋ ਪਿਆਰੇ ਬਾਲ਼ ਇੱਕਮਿੱਕ ਹੋ ਗਏ। ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇੱਕ ਪਲ ਲਈ ਵੀ ਇੱਕ ਦੂਜੇ ਤੋਂ ਜੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ, ਸਾਹਿਬਾਂ ਮੁਟਿਆਰ ਹੋਣ ਲੱਗੀ! ਮਿਰਜ਼ਾ ਜਵਾਨ ਹੋਣ ਲੱਗਾ।

ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ। ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇੱਕ ਦੂਜੇ ਦੇ ਸਦਕੜੇ ਜਾਂਦੇ ਸਨ।

ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ, ਇਸ ਬੇ-ਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਹਨਾਂ ਮਿਰਜ਼ਾ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉੱਠਣਾ, ਬੈਠਣਾ ਪਹਿਲਾਂ ਵਰਗਾ ਨਿੱਘ ਨਹੀਂ ਸੀ ਦੇਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ਼ ਤੋਰ ਦਿੱਤਾ।

ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਮਿਰਜ਼ੇ ਨੇ ਦਿਲ ’ਤੇ ਪੱਥਰ ਰੱਖ ਲਿਆ ਤੇ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।

ਮਿਰਜ਼ੇ ਦੇ ਕੁਸ਼ਤੀ ਕਰਨ, ਨੇਜ਼ਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਂਕ ਵੀ ਉਹਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ।

ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।

ਤੇ ਖੀਵਾ ਖ਼ਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇੱਕ ਮੁੰਡੇ ਨਾਲ਼ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋਂ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨ੍ਹੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ ਤੇ ਅਗਲੀ ਭਲਕ ਉਹਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘੱਲ ਦਿੱਤਾ।

ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ। ਉਹਦੇ ਡੌਲੇ ਫਰਕੇ। ਉਹਨੇ ਆਪਣਾ ਤੀਰਾਂ ਦਾ ਤਰਕਸ਼, ਕਮਾਨ ਤੇ ਨੇਜ਼ਾ ਸੰਭਾਲਿਆ ਤੇ ਆਪਣੀ ਪਿਆਰੀ ਬੱਕੀ ਤੇ ਸਵਾਰ ਹੋ ਕੇ ਝੰਗ ਨੂੰ ਤੁਰ ਪਿਆ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ਼ ਗੱਲਾਂ ਕਰਨ ਲੱਗੀ।

ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨ੍ਹੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਢੁੱਕ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ।

ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਸਾਹਿਬਾਂ ਨੂੰ ਬੀਬੋ ਖ਼ਬਰ ਦੇ ਆਈ। ਉਹ ਘਰਦਿਆਂ ਪਾਸੋਂ ਅੱਖ ਬਚਾ ਕੇ ਉੱਥੇ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਦੀ ਹੋਈ ਬੋਲੀ,

-"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"

ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।

ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾ ਕੇ ਦਾਨਾਬਾਦ ਨੂੰ ਨੱਸ ਟੁਰਿਆ।

ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਖਾਈ ਨਾ ਦਿੱਤੀ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।" ਸਾਹਿਬਾਂ ਦੇ ਭਰਾ ਸ਼ਮੀਰ ਤੇ ਝੂਮਰਾ ਦੇ ਬਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇੱਕ ਤੂਫ਼ਾਨੀ ਹਨ੍ਹੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ।

ਓਧਰ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ ਤੇ ਸਫ਼ਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ।

ਕੁਝ ਪਲ ਸਸਤਾਉਣ ਲਈ ਮਿਰਜ਼ੇ ਨੇ ਬੱਕੀ ਨੂੰ ਜੰਡ ਨਾਲ਼ ਬੰਨ੍ਹ ਦਿੱਤਾ ਤੇ ਆਪ ਸਾਹਿਬਾਂ ਦੇ ਪਟ ਦਾ ਸਰਾਹਣਾ ਲਾਕੇ ਸੌਂ ਗਿਆ।

ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਨੇ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ ਵੈਰੀ ਸਿਰ ਤੇ ਪੁੱਜ ਗਏ ਨੇ।"

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ਼ ਉਹਨਾਂ ਦਾ ਮੁਕਾਬਲਾ ਕੀਤਾ। ਉਹਦਾ ਇੱਕ-ਇੱਕ ਤੀਰ ਕਈਆਂ ਦੇ ਹੋਸ਼ ਭੁੱਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਕੱਲਾ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਸੀਰ ਤੀਰਾਂ ਨਾਲ਼ ਛਲਣੀ-ਛਲਣੀ ਹੋ ਗਿਆ ਅਤੇ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ।

ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ-ਘਰ ਵਾਰਾਂ ਛਿੜ ਪਈਆਂ-

ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ਼ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ-ਘਰ ਛਿੜੀਆਂ ਵਾਰਾਂ

ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੁਰ ਬਾਲਦੀ ਹੈ-

ਹੀਰਿਆ ਹਰਨਾ ਬਾਗੀਂ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲ਼ਾ
ਮਗਰੋਂ ਲੰਘ ਗਈ ਗੋਰੀ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣਗੀਆਂ ....
ਨਿਹੁੰ ਨਾ ਲਗਦੇ ਜ਼ੋਰੀ

ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾਂ ਹੋਰ ਕੁਝ ਵੀ ਪੋਂਹਦਾ ਨਹੀਂ-

ਹੁਜ਼ਰੇ ਸ਼ਾਹ ਹਕੀਮ ਦੇ

ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ

ਮਿਰਜ਼ਾ ਆਪਣੀ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਪੰਜਾਬ ਦੇ ਗੱਭਰੂਆਂ ਦੇ ਹੋਠਾਂ ਤੇ ਸਜੀਵ ਹਨ——— 

ਦਖਣ ਦੇ ਵਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗ਼ਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ

ਪੰਜਾਬੀ, ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ ਹੋਈ ਲੜਾਈ ਦੇ ਬਿਰਤਾਂਤ ਨੂੰ ਬੜੇ ਲਟਕਾਂ ਨਾਲ਼ ਗਾਉਂਦੇ ਹਨ———

ਭੱਥੇ ’ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆਂ ਜੱਟ ਨੇ ਮੁੰਛਾਂ ਕੋਲੋਂ ਵੱਟ ਕੇ
ਉੱਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਉਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਉਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ



ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆ ਸੀਰ

ਮਿਰਜ਼ਾ ਜੋਧਿਆਂ ਵਾਂਗ ਕੱਲਾ ਲੜਿਆ। ਉਹਦੀ ਮੌਤ ਤੇ ਪੰਜਾਬ ਦੀ ਆਤਮਾ ਕੁਰਲਾ ਉੱਠੀ——

ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵੱਢਿਆ
ਉੱਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ ’ਚ ਰੋਂਦੇ ਚੋਰ

ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।

 ਇੰਦਰ ਬੇਗੋ

ਇੰਦਰ ਬੇਗੋ ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ। ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ-ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।

ਲਾਹੌਰ ਦੇ ਲਾਗੇ ਘੁਗ ਵੱਸਦੇ, ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜਕੇ ਬੈਠ ਜਾਂਦੇ, ਇੱਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਹਨਾਂ ਦੇ ਮਨਾਂ ਵਿੱਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ:——

ਨਾਲ਼ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀ ਸੋਂਹਦਾ
ਪੈਰਾਂ ਵਿੱਚ ਰੁਕਾਬੀ
ਨਾਲ ਹੁਸਨ ਦੇ ਕਰੇ ਉਜਾਲਾ
ਮਚਦੀ ਜਿਵੇਂ ਮਤਾਬੀ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁੱਲ ਗੁਲਾਬੀ

ਇੱਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ ਦੇ ਦਿੱਤੀ। ਪਲਾਂ ਵਿੱਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖਰੀਦਣ ਲਈ ਸੋਚਾਂ ਬਣ ਗਈਆਂ।

ਤੇਲਣ ਮਤਾਬੀ, ਜੱਟੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ

ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।

(ਪੂਰਨ ਰਾਮ)

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ-ਗੋਦੜੀ ਦੇ ਲਾਲ ਦਗ-ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।

ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜ਼ਾਜ ਦੀ ਹੱਟੀ ਤੇ ਜਾ ਪੁੱਜੀ! ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ-ਉਹ ਬੇਗੋ ਦਾ ਹੋ ਗਿਆ:

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ!
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ!
ਨਾਰੀਆਂ ਕਹਿਣ, "ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੇਵੇਂ ਬਿਨਾਂ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।"
"ਬੇਗੋ", ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣਕੇ ਇੰਦਰ ਖਿੜ-ਖਿੜ ਹੱਸਿਆ।
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲਕੇ
ਜਿਹੜੀ ਚੀਜ਼ ਮੰਗੋ ਸੋਈ ਦੇਵਾਂ ਤੋਲ ਕੇ! (ਪੂਰਨ ਰਾਮ)

ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ਼ ਛਣਕ ਰਹੀ ਸੀ। ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ ਪਰੰਤੁ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।

"ਅੜਿਆ ਆਖ ਦੇ ਖਾਂ, ਤੇਰਾ ਕਿਹੜਾ ਮੁੱਲ ਲੱਗਦੈ।" ਕੇਸਰੀ ਦੀ ਨੀਤ ਟਾਸੇ ਦੇ ਥਾਨ ਤੇ ਫਿੱਟੀ ਹੋਈ ਸੀ।

"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"

ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ! ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿਕਚਰਾਂ ਪਿਆ ਕਰਦਾ ਸੀ।

"ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ! ਤੁਸੀਂ ਥਾਨ ਪਰਖਦੇ ਹੋ, ਬੋਗੋ ਇੱਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ....!" ਨਫ਼ਾਖੋਰ ਬਾਣੀਆਂ ਸੱਚਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।

ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਹਨਾਂ ਝੱਟ ਬੇਗੋ ਦੇ ਮੁੱਖੋਂ ਇਹ ਗੱਲ ਵੀ ਅਖਵਾ ਲਈ:

ਸੁਹਣੇ ਜਹੇ ਮੁਖ ਵਿੱਚੋਂ
ਆਖਿਆ ਮਜਾਜ ਨਾਲ਼
ਫੂਕੇ ਭਾਵੇਂ ਰੱਖੇ
ਮੈਂ ਕੀ ਏਸ ਨੂੰ ਹਟਾਉਣਾ।
ਏਹੋ ਜਿਹਾ ਕਾਹਲਾ
ਅੱਗ ਲਾਵੇ ਹੁਣੇ ਖੜੀਆਂ ਤੋਂ
ਆਖ ਕੇ ਤੇ ਮੈਂ ਕਾਹਨੂੰ
ਮੁਖੜਾ ਥਕਾਉਣਾ।
ਦੇਖਾਂਗੇ ਤਮਾਸ਼ਾ ਜੇ ਤਾਂ
ਅੱਗ ਲਾਉ ਹੱਟੀ ਤਾਈਂ
ਇਹੋ ਜਹੇ ਲੁੱਚੇ ਨੇ ਕੀ
ਇਸ਼ਕ ਕਮਾਉਣਾ।
ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ
ਚਲੋ ਭੈਣੇ ਚਲੋ
ਕਾਹਨੂੰ ਮਗਜ਼ ਖਪਾਉਣਾ।

ਇੰਦਰ ਨੇ ਅੱਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਤੇ ਲੋਕਾਂ ਦੇ ਰੋਕਦੀ-ਰੋਕਦੀ ਦੁਕਾਨ ਨੂੰ ਅੱਗ ਲਾ ਦਿੱਤੀ! ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।

ਮੁਟਿਆਰਾਂ ਦੀ ਟੋਲੀ ਸਹਿਮੀ, ਸਹਿਮੀ, ਘਬਰਾਈ ਘਬਰਾਈ ਓਥੋਂ ਖਿਸਕ ਤੁਰੀ! ਉਹ ਇਹ ਨਹੀਂ ਸਨ ਜਾਣਦੀਆਂ ਕਿ ਉਹਨਾਂ ਦਾ ਨਿੱਕਾ ਜਿਹਾ ਮਖੌਲ ਇਹ ਕੁਝ ਕਰ ਗੁਜਰੇਗਾ!

ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲੱਭਦਾ ਪਿਆ ਸੀ! ਉਹ ਕਿਧਰੇ ਨਜ਼ਰ ਨਹੀਂ ਸੀ ਆਉਂਦੀ ਪਈ, ਉਹ ਤਾਂ ਉਹਦਾ ਸਭ ਕੁਝ ਖਸਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ-ਬੇਗੋ ਕੂਕਦਾ ਬੇਗੋ ਦੀ ਭਾਲ ਵਿੱਚ ਨਸ ਟੁਰਿਆ! ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਹਨਾਂ ਦੇ ਮਗਰ ਰਾਵੀ ਦੇ ਪੁਲ ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡ ਕੇ ਕਿਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ। ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"

ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ!

"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ-ਤੇਰੇ ਟੋਟੇ-ਟੋਟੇ ਕਰਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ!

ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:

ਬੇਗੋ ਮਾਰੇ ਜੁੱਤੀਆਂ,
ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ
ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ,
ਮਹੀਂਵਾਲ ਬਣਿਆਂ ਸੀ।
ਕੰਨ ਪੜਵਾਏ ਰਾਂਝੇ ਪਿੱਛੇ
ਜੱਟੀ ਹੀਰ ਦੇ
ਲੁਹਾਰ ਫਰਿਹਾਦ,
ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ,
ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ,
ਕਹੇ ਇੰਦਰ ਨਰੈਣ ਸਿੰਘਾ
ਟੋਟੇ-ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।

ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਹਾਂਦੇ ਪਾਣੀ ਵਿੱਚ ਕੇਸਰ ਘੋਲ਼ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਇੰਕ ਅਣੋਖੀ ਉਲਝਣ ਵਿੱਚ ਫਸੀ ਖੜੀ ਸੀ। ਲਟ-ਲਟ ਜਲ਼ ਰਹੀ ਹੱਟੀ ਦੇ ਚੰਘਿਆੜੇ ਅਜੇ ਵੀ ਉਹਨਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਹਨਾਂ ਦੇ ਸਾਹਮਣੇ ਖੜਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡੱਕੇ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘਰਦੀਆਂ ਜਾਪਦੀਆਂ ਸਨ।

"ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ਼ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ! ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ...।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ।

"ਮੇਰੇ ਵਲੋਂ ਤਾਂ ਕਲ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ਼ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।

ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ।

ਆਹ! ਬੇਗੋ ਦੇ ਬੋਲਾਂ ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ! ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਘੁੰਮਣ ਘੇਰੀਆਂ ਵਲ ਤੱਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ!

ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਹਨਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖ਼ੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ! ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ਼ ਹੀ ਰੋਹੜ ਕੇ ਲੈ ਗਈ! ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ।

ਮੁਟਿਆਰਾਂ ਉਦਾਸ-ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ! ਉਹ ਸੋਚਦੀਆਂ ਪਈਆਂ ਸਨ ਕਿ ਉਹ ਕਿਹੜੇ ਮੂੰਹ ਨਾਲ਼ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣ ਗੀਆਂ।

ਇਸ ਪ੍ਰੀਤ ਕਹਾਣੀ ਨੂੰ ਵਾਪਰਿਆ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ ਪਰੰਤੁ ਇਸ ਦੀ ਅਮਿੱਟ ਪਿਆਰ ਛੂਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ ਗਾ ਕੇ ਆਨੰਦ ਮਾਣਦੇ ਹਨ।

ਸੋਹਣਾ ਜ਼ੈਨੀ

'ਸੋਹਣਾ ਜ਼ੈਨੀ’ ਲਹਿੰਦੇ ਪੰਜਾਬ ਦੇ ਗੁਜਰਾਤ ਦੇ ਇਲਾਕੇ ਵਿੱਚ ਵਾਪਰੀ ਪ੍ਰੀਤ ਕਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਪ੍ਰੀਤ ਕਥਾ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ।

ਜ਼ਿਲਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨਦਾਨ ਕੀਤੇ, ਮੰਨਤਾਂ ਮੰਨੀਆਂ। ਇਕ ਦਿਨ ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ ਤੇ ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ਼ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸੋਹਣਾ ਜਵਾਨ ਹੋ ਗਿਆ ਤੇ ਸ਼ਿਕਾਰ ਖੇਡਣ ਲੱਗ ਪਿਆ। ਇਕ ਦਿਨ ਉਹ ਸ਼ਿਕਾਰ ਖੇਡਦਾ-ਖੇਡਦਾ ਆਪਣੇ ਖੂਹ ’ਤੇ ਜਾ ਪੁੱਜਿਆ। ਖੂਹ ਦੇ ਨੇੜੇ ਹੀ ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰਥਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ਼ ਖੂਹ ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ-ਬਣ ਪੈ ਰਿਹਾ ਸੀ:——

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ।
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲ਼ਾ ਕਿਹੜਾ।
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖਤ ਕਮਾਨਾਂ।
ਇਕ ਨਜ਼ਰ ਥੀਂ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ।
ਜ਼ੁਲਫਾਂ ਰਾਤ ਹਨ੍ਹੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ।
ਦਿਨ ਤੇ ਰਾਤ ਇਕੱਠੇ ਕੀਤੇ
ਕੁਦਰਤ ਰਬ ਤਾਅਲਾ

(ਕਵੀ ਜਲਾਲ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਦਾ ਝਲ ਸਕਿਆ। ਉਹ ਜ਼ੈਨੀ ਦਾ ਹੋ ਗਿਆ:——

ਸੋਹਣਾ ਤਰਫ ਜ਼ੈਨੀ ਦੇ ਵੇਖੋ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉੱਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜੈਨੀ ਦਾ ਦਿਲ ਵਿੱਚ ਪੁੜਿਆ
ਛੁੱਟਾ ਤੀਰ ਕਮਾਨੋਂ

(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਆਪਣੇ ਮੱਧ ਭਰੇ ਨੈਣਾਂ ਵਿੱਚ ਸਮੋ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈਅ ਹੁਣ ਉਸ ਨੂੰ ਪਿਆਰੀ-ਪਿਆਰੀ, ਖੁਸ਼-ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।

ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵੱਲ ਭੱਜ ਤੁਰਿਆ। ਖੂਹ ’ਤੇ ਪੁੱਜ ਕੇ ਕੀ ਵੇਖਦਾ ਹੈ ...ਡੇਰੇ ਵਾਲੀ ਥਾਂ ਭਾਂ-ਭਾਂ ਪਈ ਕਰਦੀ ਹੈ। ਜੋਗੀ ਰਾਤੋ ਰਾਤ ਅਗਾਂਹ ਤੁਰ ਗਏ ਸਨ।

ਸੋਹਣੇ ਦੇ ਕਾਲਜੇ ’ਚੋਂ ਰੁਗ ਭਰਿਆ ਗਿਆ। ਜ਼ੈਨੀ ਤਾਂ ਉਹਦਾ ਸਭ ਕੁਝ ਖੋਹ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿੱਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦਿਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨੱਸ ਤੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾ ਪੁਰ ਪਿੰਡ ਦੀ ਜੂਹ ਵਿੱਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ।

ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵੱਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜ਼ੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦਿਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ਼ ਆਪਣੀ ਭੁਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।

ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿੱਚ ਜਾ ਵੜਿਆ। ਉਸ ਮਿੰਨਤਾਂ ਤਰਲੇ ਕਰਕੇ ਸਮਰਨਾਥ ਨੂੰ ਆਖਿਆ ਕਿ ਉਹ ਉਹਨੂੰ ਆਪਣੇ ਕੋਲ ਖੋਤੇ ਚਾਰਨ ’ਤੇ ਰੱਖ ਲਵੇ। ਸਮਰਨਾਥ ਬੜੇ ਨਰਮ ਹਿਰਦੇ ਵਾਲ਼ਾ ਪੁਰਸ਼ ਸੀ। ਉਹਨੂੰ ਉਹਦੇ ਮੁਰਝਾਏ ਚਿਹਰੇ 'ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ’ਤੇ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪ੍ਰੰਤੂ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਲ੍ਹ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕਲਮ ਕੱਲੀ ਜੰਗਲ ਵਿੱਚੋਂ ਪਾਣੀ ਲੈਣ ਵਾਸਤੇ ਆਈ। ਸੋਹਣਾ ਪਾਣੀ ਭਰੇਂਦੀ ਜ਼ੈਨੀ ਪਾਸ ਪੁੱਜਿਆ ਤੇ ਹੌਸਲਾ ਕਰਕੇ ਬੋਲਿਆ, "ਜੈਨੀਏਂ।"

ਜੈਨੀ ਤ੍ਰਬਕ ਗਈ। ਉਸ ਵੇਖਿਆ ਸੋਹਣਾ ਉਹਦੇ ਵੱਲ ਬਿਟਰ-ਬਿਟਰ ਝਾਕ ਰਿਹਾ ਸੀ।

"ਕੀ ਗੱਲ ਐ ਵੇ?"
"ਜ਼ੈਨੀਏਂ ਮੈਂ ਤੇਰੇ ਪਿੱਛੇ ਪਾਗਲ ਹੋ ਗਿਆ ਹਾਂ। ਮੈਂ ਆਪਣਾ ਘਰ-ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲੀ ਵਿੱਚ ਖ਼ੈਰ ਪਾ ਦੇ ਜ਼ੈਨੀਏਂ।" ਸੋਹਣੇ ਪੱਲਾ ਅੱਡਿਆ।

"ਵੇ ਮੂੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜ੍ਹੀ ਹੋ ਗਈ।

"ਜ਼ੈਨੀਏਂ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਛੱਡ ਕੇ ਫਕੀਰੀ ਧਾਰਨ ਕੀਤੀ ਏ। ਜ਼ੈਨੀਏਂ। ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।" ਸੋਹਣਾ ਤਰਲੇ ਲੈ ਰਿਹਾ ਸੀ।

"ਨਮਕ ਹਰਾਮੀਆਂ, ਤੇਰੀ ਇਹ ਮਜ਼ਾਲ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅੱਜ ਡੇਰੇ ਚਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ਼ ਮੁਰੰਮਤ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।

ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਅਜੇ ਉਪਾਸ਼ਕ ਲਈ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ-ਡਰਦਾ ਕਾਫ਼ੀ ਹਨੇਰਾ ਹੋਏ ’ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।

ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਫਿਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ, ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ

ਲੈ ਸੁਨੇਹਾ ਦਰਦਾਂ ਵਾਲ਼ਾ
ਜ਼ੈਨੀ ਦੇ ਵੱਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗ਼ੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵੱਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖੁਮਾਰ ਸ਼ਰਾਬੋਂ ਵੱਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ।

(ਜਲਾਲ)

ਜ਼ੈਨੀ ਹੁਣ ਸੋਹਣੇ ਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਸਮਰਨਾਥ ਨੇ ਸੋਹਣੇ ਨੂੰ ਡੇਰੇ ਵਿੱਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ।

ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਚੜ੍ਹ ਗਿਆ। ਉਹ ਉਸ ਨੂੰ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਾਰਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ। ਆਪਣੇ ਸਿਰ ਖ਼ੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿੱਚ ਕਿਸੇ ਦਰਖ਼ੱਤ ਨਾਲ਼ ਬੰਨ੍ਹ ਦੇਵੋ। ਡੇਰਾ ਅਗਾਂਹ ਲੈ ਜਾਂਦੇ ਹਾਂ। ਆਪੇ ਸਾਡਾ ਪਿੱਛਾ ਛੱਡ ਦੇਵੇਗਾ।"

ਜੋਗੀ ਰਾਤ ਸਮੇਂ ਸੋਹਣੇ ਨੂੰ ਜੰਗਲ ’ਚ ਲੈ ਗਏ, ਪਿਹਲਾਂ ਤਾਂ ਉਹਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖਤ ਨਾਲ਼ ਬੰਨ੍ਹ ਦਿੱਤਾ। ਰਾਤੋਂ ਰਾਤ ਡੇਰਾ ਅਗਾਂਹ ਤੁਰ ਗਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖਤ ਨਾਲ਼ੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ਼ ਵਿੱਚ ਨਸ ਤੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਡੇਰੇ ਵਿੱਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ।

ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਜ਼ੈਨੀ ਦਾ ਪਿੱਛਾ ਛੱਡਣ ਵਾਲ਼ਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁੱਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿੱਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲ਼ਣ ਲਈ ਦੇ ਦਿੱਤੀ।

ਜੋਗੀਆਂ ਨੇ ਸੋਹਣੇ 'ਤੇ ਤੇਲੀਆਂ ਸੱਪ ਛੱਡ ਦਿੱਤਾ, ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।

ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿੱਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ 'ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।

ਆਖਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨ੍ਹੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਲਿਜਾਇਆ ਗਿਆ। ਸਾਰਾ ਡੇਰਾ ਓਥੇ ਇਕੱਠਾ ਹੋਇਆ ਵੇਖ ਰਿਹਾ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿੱਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਦੀਆਂ ਸੁਖਾਂ ਮਨਾ ਰਹੀ ਸੀ।

ਬੀਨਾਂ ਬੱਜੀਆਂ! ਕੁਲਮਾਰ ਨਾਗ ਸੋਹਣੇ ’ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਚੰਦਾ ਵੇਖ ਨਾ ਸਕੀ। ਸੱਪ ਨੇ ਸੋਹਣੇ ਦੁਆਲੇ ਵਲ੍ਹੇਟ ਪਾ ਲਏ ਸਨ। ਉਸ ਆਪਣਾ ਮੂੰਹ ਪਰੇ ਘੁਮਾ ਲਿਆ। ਸੱਪ ਦੀ ਜ਼ਹਿਰ ਨਾਲ਼ ਸੋਹਣੇ ਦਾ ਸਰੀਰ ਕਾਲ਼ਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ। ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖ਼ੁਸ਼ੀ ਵਿੱਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।

ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ ਫੁਟਾਲੇ ਤੱਕ ਸੁਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, "ਜ਼ੈਨੀਏਂ। ਮੈਂ ਜ਼ਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤੇ ਨਹੀਂ ਵੇਖਦਾ ਪਿਆ?"

"ਸੋਹਣਿਆ ਸ਼ੁਕਰ ਏ ਖੁਦਾ ਦਾ, ਜਾਨ ਬਚ ਗਈ ਏ। ਵੇਲਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।"

"ਜੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾ ਰੱਬ ਦੇ ਵਾਸਤੇ ਡੇਰੇ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।

"ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਉਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜੀ ਸਕਦੀ। ਚਲ ਮੈਨੂੰ ਆਪਣੇ ਦੇਸ਼ ਲੈ ਚੱਲ।"

ਜੋਗੀਆਂ ਦੇ ਡੇਰੇ ਵਿੱਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਦੋ ਪਿਆਰੇ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੇ ਤੁਰੇ ਜਾ ਰਹੇ ਸਨ।

ਕਾਕਾ ਪਰਤਾਪੀ

'ਕਾਕਾ ਪਰਤਾਪੀ' ਮਾਲਵੇ ਦੀ ਪ੍ਰਸਿੱਧ ਪ੍ਰੀਤ ਕਹਾਣੀ ਹੈ ਜੋ ਜ਼ਿਲਾ ਲੁਧਿਆਣੇ ਦੇ ਪਿੰਡ ਲੋਪੋਂ ਵਿਖੇ ਉਨੀਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਵਾਪਰੀ। ਇਸ ਪ੍ਰੇਮ ਕਹਾਣੀ ਨੂੰ ਈਸ਼ਰ ਸਿੰਘ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਗੋਕਲ ਚੰਦ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਕਾਕਾ ਪਰਤਾਪੀ ਬਾਰੇ ਕਈ ਲੋਕ ਗੀਤ ਵੀ ਮਿਲਦੇ ਹਨ।

ਲੋਪੋਂ ਪਿੰਡ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ। ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਸਰਦਾਰਾਂ ਦਾ ਛੈਲ-ਛਬੀਲਾ ਗੱਭਰੂ, ਜ਼ੈਲਦਾਰ ਕਾਹਨ ਸਿੰਘ ਦਾ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ ’ਤੇ ਅਸਵਾਰ ਸ਼ਿਕਾਰ ਖੇਡਦਾ-ਖੇਡਦਾ ਢੱਕੀ ਵੱਲ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ-ਦੁਆਲੇ ਘੇਰਾ ਘੱਤ ਲਿਆ। ਉਨ੍ਹਾਂ ਮੁਟਿਆਰਾਂ ਦੇ ਵਿਚਕਾਰ ਗੋਪਾਲੇ ਸੁਨਿਆਰ ਦੀ ਰੂਪਮਤੀ ਧੀ ਪਰਤਾਪੀ ਵੀ ਸੀ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਗੁੱਜਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਹੀ ਜਾਣੂੰ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛੁਡਾਇਆ। ਕਾਕੇ ਨੇ ਪਰਤਾਪੀ ਬਾਰੇ ਭੋਲੀ ਨਾਲ਼ ਗੱਲ ਕਰ ਲਈ।

ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ। ਗਿੱਧਾ ਮੱਚ ਉਠਿਆ। ਸਾਰੇ ਵਾਯੂਮੰਡਲ ਵਿੱਚ ਲੋਕ ਬੋਲੀਆਂ ਦੀ ਮਿੱਠੀ ਸੁਗੰਧ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਆਰਾਂ ਵਹਿ ਟੁਰੀਆਂ। ਭੋਲੀ ਨੇ ਬੋਲੀ ਪਾਈ:

ਦਿਲ ਵਿੱਚ ਕਾਕਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁੱਲ੍ਹੀਆਂ ਦਾ
ਭਰ-ਭਰ ਘੁੱਟ ਲੰਘਾਵਾਂ
ਹੋਵਾਂ ਕੁੜਤੀ ਲੱਗ ਜਾਂ ਕਾਲਜੇ
ਠੰਢ ਸੀਨੇ ਮੈਂ ਪਾਵਾਂ
ਫੁੱਲ ਬਣ ਡੋਰੀ ਦਾ———
ਪਿੱਠ 'ਤੇ ਮੇਲ੍ਹਦਾ ਆਵਾਂ

ਸ਼ਾਮਾਂ ਪੈ ਗਈਆਂ ਸਨ। ਹਿਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਕੌਣ ਜਾਣੇ ਇਸ਼ਕ ਜੀ ਜਵਾਲਾ ਕਿੱਥੇ ਸੁਲਘਦੀ ਪਈ ਸੀ।

ਕੋਈ ਆਖੇ ਨੱਢੀ, ਨੀ ਮੇਰੇ ਵੱਲ ਵੇਖਦਾ ਸੀ
ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ਼ ਸੈਨਤਾਂ ਦੇ
ਵੱਟੀ ਜਾਂ ਘੂਰੀ ਤਾਂ ਤੜੱਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵੱਲ
ਸਾਹਮਣੇ ਮੈਂ ਝਾਕੀ ਜਦੋਂ ਅੱਖ ਨੀ ਚੁਰਾ ਗਿਆ। (ਗੁਰਦਿਤ ਸਿੰਘ)

ਹੱਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਛਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਸੁੰਨੇ ਕੋਠੇ ਵਿੱਚ ਜਾ ਵੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਪਈ ਸੀ ਪਰ ਬਾਹਰੋਂ:

ਆਖੇ ਪਰਪਾਤੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ।
ਜ਼ਾਤ ਦੀ ਕਮੀਨਣੀ, ਅਧੀਨਣੀ, ਗਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ।
ਜੱਟਾਂ ਨਾਲ਼ ਦੋਸਤੀ ਨਾ ਪੁੱਗਦੀ ਕਮੀਣਾਂ ਦੀ ਨੀ
ਖੇਤ, ਬੰਨ੍ਹੇ, ਬੀਹੀ, ਗਲੀ ਦੇਖ ਨੀ ਖੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ।

ਦੱਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਹਨ। ਆਖਰ ਜਵਾਲਾ ਫੁੱਟ ਪੈਂਦੀ ਹੈ:

ਤਨ ਮਨ ਮੇਰੇ ਦੀ ਭੁਲਾਈ ਸੁੱਧ ਨੱਢੜੇ ਨੇ
ਮਿੱਠਾ-ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ
ਫੁੱਲ ਨੀ ਗੁਲਾਬ ਵਾਂਗੂੰ ਰੰਗ ਮੇਰਾ ਓਸ ਵੇਲੇ
ਮੁਖੜਾ ਲੁਕਾਇਆ ਤਾਂ ਹੋਇਆ ਪਤ-ਪੀਲ਼ਾ ਨੀ
ਦੱਸਦੀ ਮੈਂ ਤੈਨੂੰ ਅੱਜ ਗੁਰਦਿੱਤ ਸਿੰਘਾ
ਲੁੱਟੀ ਨੀ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਲਾ ਨੀ।

ਅਗਲੀ ਭਲਕ ਭੋਲੀ ਨੇ ਕਾਕੇ ਨੂੰ ਸੁਨੇਹਾ ਭੇਜ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ, ਲੱਗੀਆਂ ਤੋੜ ਨਿਭਾਣ ਦੇ ਕੌਲ ਕਰਾਰ ਕਰ ਲਏ। ਇਸ ਤਰ੍ਹਾਂ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ।

ਇਸ਼ਕ-ਮੁਸ਼ਕ ਛੁਪਾਇਆਂ ਕਦੇ ਛੁਪਦੇ ਨਹੀਂ। ਕਾਕਾ ਪਰਤਾਪੀ ਦੇ ਇਸ਼ਕ ਦਾ ਭੇਤ ਖੁੱਲ੍ਹ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਭਿਣਕ ਪੈ ਗਈ:

ਭੋਲੀ ਦੇ ਘਰ ਮਿਲਦੇ ਦੋਵੇਂ

ਪਿੰਡ ਵਿੱਚ ਹੋਈਆਂ ਸਾਰਾਂ ਕਾਕੇ ਨਾਲ ਰਹੇ ਪਰਤਾਪੀ ਗੱਲਾਂ ਕਰਦੀਆਂ ਨਾਰਾਂ ਨੰਦੋ ਨੂੰ ਜਾ ਕਿਹਾ ਕਿਸੇ ਨੇ ਤੈਨੂੰ ਬਾਤ ਉਚਾਰਾਂ ਬਿਗੜ ਗਈ ਪਰਤਾਪੀ ਤੇਰੀ ਘਰ-ਘਰ ਫਿਰਗੀਆਂ ਤਾਰਾਂ ਕਿਸੇ ਰੋਜ਼ ਨੂੰ ਚੰਦ ਚੜਾਵੇ ਛੇਤੀ ਖਿੱਚ ਮੁਹਾਰਾਂ ਇੱਜ਼ਤਾਂ ਰੋਲਦੀਆਂ

ਮਰਨ ਧੀਆਂ ਬਦਕਾਰਾਂ ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ ਪਰਤਾਪੀ ਵਿਆਹੀ ਹੋਈ ਸੀ। ਪਰ ਅਜੇ ਉਹਦਾ ਮੁਕਲਾਵਾ ਨਹੀਂ ਸੀ ਹੋਇਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਗੋਪਾਲੇ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ। ਰਾਮ ਰਤਨ ਗੱਡੀ ਵਿੱਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਚੱਕੀ ਵਿੱਚ ਜਾ ਘੇਰੀ। ਉਹ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੋਪਾਲੋਂ ਲੈ ਆਇਆ। ਗਰੀਬ ਸੁਨਿਆਰ ਜਗੀਰਦਾਰਾਂ ਦੇ ਅਤਿਆਚਾਰ ਦੀ ਤਾਬ ਨਾ ਝੱਲਦੇ ਹੋਏ ਖੰਨੇ ਦੇ ਥਾਣੇ ਜਾ ਰੋਏ, ਪਿੱਟੇ। ਰੁਪਾਲੋਂ ਪੁਲੀਸ ਆਈ। ਕਾਹਨ ਸਿੰਘ ਦੀ ਇੱਜ਼ਦ ਦਾ ਸਵਾਲ ਸੀ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਤੋਰ ਦਿੱਤਾ। ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰਕੇ ਬਹਿ ਗਿਆ। | ਕਾਕਾ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁੱਖ ਰੱਖਦਿਆਂ ਉਹਦੇ ਮਾਪਿਆਂ ਨੇ ਉਹਨੂੰ ਨਾਭਾ ਵਿਖੇ ਰਾਜਾ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ! ਉੱਥੋਂ ਉਹ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਲੋੜਾਂ ਆ ਗਈ। ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਹ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਡੋਲੀਏ ਇੱਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ-ਲੂੰ ਜਲ ਰਿਹੈ, ਮੇਰੀ ਨੀਂਦ ਕਿਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠੋ ਪਹਿਰ ਯਾਦ ਆਉਂਦਾ ਰਹਿੰਦੈ...ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੌਰੇ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਜ਼ੋਰ' ਸਰਦਾਰੀ ਦੇ, ਗੱਡੀ ਮੋੜਕੇ ਰੁਪਾਲੋਂ ਬਾੜੀ (ਲੋਕਗੀਤ) 1117 ਮਹਿਕ ਪੰਜਾਬ ਦੀ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ-ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।

"ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ਼ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ...ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੁੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।

"ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"
"ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ। ਔਹ ਨਰੈਣੀ ਆਉਂਦੀ ਪਈ ਹੈ।"

ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲ੍ਹਾਂ ਵਿੱਚ ਮੁਸਕਰਾਈ।

ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ-ਦਲੇਲ ਗੁੱਜਰ ਨਾਲ਼ ਪਰਤਾਪੀ ਨੂੰ ਨਾਭੇ ਛੱਡ ਆਉਣ ਬਾਰੇ ਗੱਲ ਤੋਰੀ।

ਅਗਲੀ ਭਲ਼ਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ਼ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਮੱਥਾ ਫੜ੍ਹ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖਰ ਉਸ ਦੇ ਬੁੱਲ੍ਹ ਕੰਬੇ, "ਨਹੀਂ, ਨਹੀਂ ਹੋਣ ਦਿਆਂਗੀ, ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ਼ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁੱਝ ਵੀ ਕਰ। ਸਾਡੀ ਇੱਜ਼ਤ ਬਚਾ ਨੂੰ ਅੱਗੇ ਵੀ ਸਾਡੇ ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।" ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ।

ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜ੍ਹੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।

ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ, ਦਲੇਲ਼ ਦਾ ਯਾਰ ਸੀ। ਉਹ ਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ।

ਦਲੇਲ ਨੇ ਭੋਲੀ ਹੱਥ ਪਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਪਈ।

ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ਼ ਲੈ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਤੀਕਰ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰੌਂਅ ਵਿੱਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁੱਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ:

ਟਿੱਬੇ ਦੇ ਵਿੱਚ ਜਾ ਵੜੇ, ਉੱਤੋਂ ਰਾਤ ਗੁਬਾਰ।
ਖ਼ਬਰ ਨਾ ਕੋਈ ਰੰਨ ਨੂੰ, ਹੈ ਕਰਮਾਂ ਦੀ ਹਾਰ।
ਮਨ ਵਿੱਚ ਰੰਨ ਦੇ ਹੌਂਸਲਾ, ਕਦਮ ਧਰੇ ਇਕਸਾਰ।
ਦਿਲ ਵਿਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿਚ ਹੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾਕੇ ਖਾਰ।
ਟੱਪਦਾ ਵਾਂਗੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਉਸ ਨੇ, ਹੱਸਦੇ ਦੋਵੇਂ ਯਾਰ।
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਆ ਗਿਆ ਤੈਨੂੰ ਲੈਣ ਨੂੰ, ਹੋ ਕੇ ਜਮ ਅਸਵਾਰ।
ਮੈਨੂੰ ਨਾ ਸੀ ਜਾਣਦੀ ਦਿੱਤਾ ਪੱਟ ਸਰਦਾਰ।
ਭੱਜਲੈ ਜਿੱਥੇ ਭੱਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛਡਕੇ, ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੋਂ, ਸੱਦ ਲੈ ਕੂਕਾਂ ਮਾਰ।

(ਗੁਰਦਿੱਤ ਸਿੰਘ)

ਕਾਲੀ-ਬੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਿਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ।
ਮੈਂ ਲੋਪੋਂ ਦੀ ਸੁਨਿਆਰੀ

ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ:

ਕਰੀ ਅਰਜ਼ੋਈ ਨਾ ਦਰਦ ਮੰਨਿਆ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰੇ
ਗੁਜਰ ਦਲੇਲ ਨੇ ਬਣਾਏ ਡੱਕਰੇ।

(ਗੋਕਲ ਚੰਦ)

ਦਲੇਲ ਹੋਰਾਂ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰਕੇ ਹਾਥੀ ਵਾਲ਼ੇ ਟਿੱਬੇ ਵਿੱਚ ਡੂੰਘੀ ਦੱਬ ਦਿੱਤੀ। ਇੱਕ ਟਟੀਹਰੀ ਦੀ ਦਿਲ-ਚੀਰਵੀਂ ਆਵਾਜ਼ ਹੌਲੇ-ਹੌਲੇ ਮੱਧਮ ਪੈਂਦੀ ਗਈ:

ਪਰਤਾਪੀ ਦੇ ਅਚਾਨਕ ਗਾਇਬ ਹੋਣ 'ਤੇ ਪਿੰਡ ਵਿੱਚ ਰੌਲਾ ਪੈ ਗਿਆ।
ਕੋਈ ਆਖੇ: "ਪਰਤਾਪੀ ਕਾਕੇ ਪਾਸ ਨਾਭੇ ਨੱਸ ਗਈ ਹੈ।" ਕਿਸੇ ਕਿਹਾ, "ਪਰਤਾਪੀ ਨੂੰ ਕਾਹਨ ਸਿੰਘ ਹੋਰਾਂ ਮਰਵਾ ਦਿੱਤਾ ਹੈ।" ਆਖ਼ਰ ਸ਼ੋਹਰੋ ਸ਼ੋਹਰੀ ਹੁੰਦੀ ਗਈ। ਕਿਸੇ ਥਾਣੇ ਜਾ ਮੁਖ਼ਬਰੀ ਕੀਤੀ। ਪਰਤਾਪੀ ਦਾ ਕਤਲ ਹੋਇਆਂ ਛੇ ਮਹੀਨੇ ਲੰਘ ਚੁੱਕੇ ਸਨ।

ਪੁਲੀਸ ਆਈ, ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਗਈ ਪਰ ਪਰਤਾਪੀ ਦਾ ਕਿੱਧਰੇ ਥਹੁ-ਪਤਾ ਨਾ ਲੱਗਾ।

ਅੰਗਰੇਜ਼ ਬਾਰਬਟਨ ਜਿਹੜਾ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲੀਸ ਸੀ, ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ। ਉਸ ਦੇ ਨਾਲ਼ ਦੋ ਸੌ ਸਿਪਾਹੀ ਸਨ। ਉਸ ਆਲੇ-ਦੁਆਲੇ ਦੇ ਸਾਰੇ ਪਿੰਡ ਸੱਦ ਲਏ। ਫੇਰ ਵੀ ਕੁਝ ਪਤਾ ਨਾ ਲੱਗਾ। ਬਾਰਬਟਨ ਹੁਸ਼ਿਆਰ ਬਹੁਤ ਸੀ। ਉਹ ਉੱਥੇ ਕਈ ਦਿਨ ਰਿਹਾ। ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ਼ ਸਹੇਲਪੁਣੇ ਦਾ ਪਤਾ ਲੱਗਾ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ਼ ਨਾਭੇ ਜਾਣ ਦੀ ਗੱਲ ਦੱਸ ਦਿੱਤੀ। ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ।

ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।

ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ `ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ-ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ (ਮਾਦਪੁਰ ਲੋਪੋਂ ਤੋਂ ਇੱਕ ਮੀਲ ਦੂਰ ਹੈ) ਦੇ ਲੋਕ ਵੀ ਸ਼ਾਮਲ ਸਨ। ਟਿੱਬੇ ਦੀ ਪੁਟਾਈ ਵਿੱਚ ਮੱਦਦ ਕੀਤੀ।

ਆਖ਼ਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇਕ ਲੋਕ-ਗੀਤ ਨੇ ਹਾਲੀ ਤੀਕਰ ਸਾਂਭ ਰੱਖਿਆ ਹੈ:

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲ਼ੇ

ਅਦਾਲਤ ਵਿੱਚ ਮੁਕੱਦਮਾ ਚੱਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲ਼ੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜਰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ। ਬਜ਼ੁਰਗ ਦੱਸਦੇ ਹਨ ਕਿ ਇਕ ਬੱਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵੱਗ ਚਰਾਂਦਾ ਪਰਤਾਪੀ ਦੀ ਮਰਨ ਵਾਲ਼ੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉੱਤੇ ਆ ਡਿੱਗੀ ਅਤੇ ਉਹ ਉੱਥੇ ਹੀ ਖੱਖੜੀ-ਖੱਖੜੀ ਹੋ ਗਿਆ। ਸੈਂਕੜੇ ਵਰ੍ਹੇ ਬੀਤਣ ਮਗਰੋਂ ਵੀ ਪਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜਗੀਰਦਾਰਾਂ ਵਲੋਂ ਕੀਤੇ ਗਏ ਪਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤਕ ਨਹੀਂ ਭੁਲਾਇਆ। ਉਹ ਪਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸੈਆਂ ਪ੍ਰਣਾਮ ਕਰਦੇ ਹਨ।

ਰੋਡਾ ਜਲਾਲੀ

ਰੋਡਾ ਜਲਾਲੀ ਹੁਸ਼ਿਆਰਪੁਰ ਦੇ ਇਲਾਕੇ ਦੀ ਪ੍ਰੀਤ ਕਹਾਣੀ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਕਹਾਣੀ ਹੁਸ਼ਿਆਰਪੁਰ ਜ਼ਿਲੇ ਦੇ ਇਕ ਪਿੰਡ "ਲਾਲ ਸਿੰਗੀ" ਵਿੱਚ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੇ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਬਿਨਾਂ ਰੋਡਾ-ਜਲਾਲੀ ਬਾਰੇ ਪੰਜਾਬ ਦੀਆਂ ਔਰਤਾਂ ਕਈ ਇਕ ਲੋਕ ਗੀਤ ਵੀ ਗਾਉਂਦੀਆਂ ਹਨ।

ਬਲਖ ਬੁਖਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫ਼ਕੀਰ ਹੋਇਆ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਪਿੰਡ ‘ਲਾਲ ਸਿੰਗੀ' ਆ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ ਸੀ, ਉਸ ਬਾਗ ਵਿੱਚ ਇਸ ਫ਼ਕੀਰ ਨੇ ਜਾ ਡੇਰੇ ਲਾਏ।

ਫ਼ਰੀਕ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ-ਦਗ਼ ਕਰਦੇ ਸਰੀਰ ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝਲਿਆ ਨਾ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।

ਪਿੰਡ ਵਿੱਚ ਨਵੇਂ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀਂ ਪੈ ਗਈ। ਕਿਸੇ ਦਾ ਜੁਆਕ ਢਿੱਲਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌਂ-ਬਰ-ਨੌਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗ ਪਏ। ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ, ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁੱਖ ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ਼ ਸੁਣਦਾ, ਸ਼ਹਿਦ ਜਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।

ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕਰ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਆਖਦੇ ਸਨ:——

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿੱਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ,
ਤੇਰੀ ਵੀ ਲਹਿਜੇ ਭੁੱਖ

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਚਰਚਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ਼ ਬਾਗ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ: ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੋਂਦੇ ਰੋਡੇ ਵੱਲ ਤਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆਂ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀਂ ਖੜੀ ਸੀ।

ਸੂਰਜਮੁਖੀ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ।

ਸਾਰੀ ਰਾਤ ਜਲਾਲੀ ਰੋਡੇ ’ਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗੱਲ ਬਾਹੀਂ ਪਾ ਲਈਆਂ।

"ਰੋਡਿਆ ਤੂੰ ਮੇਰੇ ਤੇ ਕੀ ਜਾਦੁ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ ’ਚ ਮਗਨ ਰਹੀ ਆਂ।" ਹੁਸਨ ਮਚਲਿਆ।

"ਜਲਾਲੀਏ ਧੰਨੇ ਨੇ ਪੱਥਰ ’ਚੋਂ ਪਾ ਲਿਆ ਏ, ਮੇਰੀ ਭਗਤੀ ਪੂਰੀ ਹੋ ਗਈ ਏ! ਤੇਰੇ ’ਚ ਮੈਨੂੰ ਰੱਬ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ ਮੈਨੂੰ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ ਜਾਣੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿੱਚ ਨੇ।" ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।

"ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ, ਤੂੰ ਪੂਰਾ ਉਤਰੀਂ ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।"

"ਜਲਾਲੀਏ ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ? ਇਕੋ ਇਕ ਦਿਲ ਸੀ ਮੇਰਾ ਉਹ ਤੂੰ ਖੱਸ ਲਿਆ ਏ। ਹੋਰ ਕੀ ਏ ਇਸ ਦੁਨੀਆਂ 'ਚ ਮੇਰੇ ਲਈ? ਬਸ ਤੂੰ ਹੀ ਏਂ! ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ! ਡਰ ਹੈ ਜਲਾਲੀਏ ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।"

"ਮੈਨੂੰ ਆਪਣੀ ਜਵਾਨੀ ਦੀ ਸਹੁੰ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ। ਮਰ ਜਾਵਾਂਗੀ ਪਰ ਪਿੱਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੂਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਉਹ ਕੋਈ ਆਂਦਾ ਪਿਆ ਏ, ਆਹ ਸਾਂਭ ਲੈ ਮੇਰੀ ਪਿਆਰ ਨਿਸ਼ਾਨੀ.....!"

ਹੁਣ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ ਤੇ ਸੀ।
ਜਲਾਲੀ ਹਰ ਤੜਕੇ ਸੁਹਾਂ ਦੇ ਕੰਢੇ ਜਾ ਪੁੱਜਦੀ। ਸਾਰੀ ਦਿਹਾੜੀ ਪਿਆਰੇ ਦੀ

ਯਾਦ ਵਿੱਚ ਤੜਪਦੀ, ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ:

ਉੱਤੇ ਨਦੀ ਦੇ ਜਾਇਕੇ ਰੋਜ਼ ਮਿਲਦੀ,
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ।
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ,
ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ।
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ,
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ।
ਹੋਈ ਭੁੱਜ ਮਨੂਰ ਲੁਹਾਰ ਬੱਚੀ,
ਬਣੇ ਘੜੀ ਦਾ ਵੀ ਜੁਗ ਚਾਰ ਹੈ ਜੀ।
ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ,
ਜਦੋਂ ਕੱਤਣ ਜਾਏ ਭੰਡਾਰ ਹੈ ਜੀ।
ਪਾਇਆ ਭੱਠ ਕਸੀਦੇ ਦੇ ਕਢਣੇ ਨੂੰ,
ਪੈਂਦੀ ਭੁੱਲਕੇ ਨਾ ਇਕ ਤਾਰ ਹੈ ਜੀ।
ਮਿਲ਼ੇ ਜਦੋਂ ਜਲਾਲੀ ਜਾ ਯਾਰ ਤਾਈਂ,
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ।
ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ,
ਕਰੇ ਆਸ਼ਕੀ ਅਤੀ ਲਚਾਰ ਹੈ ਜੀ।

(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਜਾ ਪਈ। ਉਨ੍ਹਾਂ, ਉਨ੍ਹਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ। ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।

ਹੁਣ ਰੋਡਾ ਆਪੂੰ, ਆਪਣੇ ਪਿਆਰੇ ਦੇ ਦੀਦਾਰ ਲਈ ਜਲਾਲੀ ਦੇ ਦਰ ਅੱਗੇ ਆ ਅਲਖ ਜਗਾਉਂਦਾ। ਉਹਦੇ ਹੱਥੋਂ ਖ਼ੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਨਾ ਪੁੱਟਦਾ। ਏਥੋਂ ਤੀਕਰ ਗੱਲ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖ਼ੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੇ ਦਰਾਂ ਦੇ ਅੱਗੇ ਧੂਣਾ ਤਾਪ ਦਿੱਤਾ। ਜਲਾਲੀ ਨੇ ਆਪੂੰ ਵੀ ਉਹਨੂੰ ਬੜਾ ਸਮਝਾਇਆ, ਪਰ ਰੋਡਾ ਨਾ ਮੰਨਿਆ:——

"ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ?"

"ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆਂ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀਆਂ ਮੰਗਾ
ਵੇ ਫ਼ਕੀਰਾਂ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾਂ
ਵੇ ਫ਼ਕੀਰਾਂ
ਭਲਾ ਵੇ ਦਲਾਲਿਆਂ ਵੇ ਰੋਡਿਆ।"

"ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਭੁੱਖਾ ਰੰਨਾਂ ਦਾ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਦਰ ਵਿੱਚੋਂ ਧੂਣਾ ਚੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫ਼ਕੀਰਾ
ਭਲਾ ਵੇ ਦਲਾਦਿਆ ਵੇ ਰੋਡਿਆ।"

"ਦਰ ਵਿੱਚੋਂ ਧੂਣਾ ਨਾ ਚੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

ਪਰੰਤੂ ਰੋਡੇ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿੱਚ ਹੜ੍ਹਾ ਆਏ। ਪਰ ਦੂਜੀ ਭਲਕ ਰੋਡੇ ਨੇ ਆ ਕੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਾਪ ਦਿੱਤਾ।

ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੋਬਾਰਾ ਮੁੜ ਆਣ ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ-ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤੇ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।

ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲ਼ੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ਼ ਆ ਕੇ ਆਖਿਆ, "ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬੀਮਾਰ ਪਈ ਹੈ, ਉਹ ਤਦ ਹੀ ਬਚ ਸਕਦੀ ਹੈ ਜੇ ਉਹਦੇ ਲਈ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ਼ ਵਿਆਹ ਕਰ ਦੇਵਾਂਗੇ।"

ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ਼ ਵਿੱਚ ਜੰਗਲਾਂ ਵੱਲ ਨੂੰ ਨਸ ਟੁਰਿਆ।

ਜਦੋਂ ਜਲਾਲੀ ਨੇ ਆਪਣੇ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰੇ ਜੰਗਲ ਵਿੱਚ ਜਾ ਪੁੱਜੀ।

ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰੰਤੁ ਇਸ ਪ੍ਰੀਤ ਕਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਸਾਰਿਆ। ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਰਾ ਹੈ।

ਲੋਕ ਨਾਇਕ

ਪੁਰਾਣੇ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਦਾ ਮੁੱਖ-ਦੁਆਰ ਹੋਣ ਕਰਕੇ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ਼ ਜੂਝਣਾ ਪਿਆ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖ਼ੂਨ ਵਿੱਚ ਸੂਰਮਗਤੀ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲ਼ੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉਥੇ ਉਹ ਉਹਨਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੇ ਜੀਵਨ ਵੇਰਵਿਆਂ ਨੂੰ ਆਪਣੇ ਕਿੱਸਿਆਂ ਰਾਹੀਂ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਹਨ। ਦੁੱਲਾ ਭੱਟੀ, ਰਾਜਾ ਰਸਾਲੂ, ਸੁੱਚਾ ਸਿੰਘ ਸੂਰਮਾ, ਜਿਉਣਆ ਮੋੜ, ਗੁੱਗਾ ਅਤੇ ਪੂਰਨ ਭਗਤ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।