ਬੁਝਦਾ ਦੀਵਾ/ਕਾਨਿਆਂ ਦੀ ਝੁੱਗੀ
ਕਾਨਿਆਂ ਦੀ ਝੁੱਗੀ
ਹਰੇ ਭਰੇ ਖੇਤਾਂ ਤੇ ਪੇਂਡੂ ਦ੍ਰਿਸ਼ ਨਾਲ ਮੇਰਾ ਬੜਾ ਪ੍ਰੇਮ ਸੀ। ਏਸੇ ਕਰ ਕੇ ਮੈਂ ਹਰ ਅਠਵਾਰੇ ਪਿਛੋਂ ਆਪਣੇ ਮਿਤ੍ਰ ਸਰਦਾਰ ਸ਼ਮਸ਼ੇਰ ਸਿੰਘ ਜੀ ਨੂੰ ਮਾਡਲ ਟਾਊਨੋਂ ਨਾਲ ਲੈ ਕੇ ਅਮਰ ਸਿਧੂ ਜਾਂ ਹੋਰ ਲਾਗੇ ਦਿਆਂ ਪਿੰਡਾਂ ਵਿਚ ਜਾ ਕੇ ਦਿਲ ਪ੍ਰਚਾਵਾ ਕਰਦਾ ਹੁੰਦਾ ਸੀ ।
ਇਕ ਦਿਨ ਜਦ ਮੈਂ ਮਾਡਲ ਟਾਊਨ ਗਿਆ, ਤਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਦੀ ਕੋਠੀਉਂ ਪਤਾ ਲਗਾ ਕਿ ਉਹ ਹੁਣੇ ਹੀ ਆਪਣੇ ਚਾਚਾ ਜੀ ਨੂੰ ਲਾਹੌਰ ਸਟੇਸ਼ਨੋਂ ਲੈਣ ਵਾਸਤੇ ਗਏ ਹਨ। ਉਸ ਦਿਨ ਮੈਂ ਇਕੱਲਾ ਹੀ ਸੈਰ ਕਰਨ ਤੁਰ ਪਿਆ ।
ਮੈਂ ਆਪਣੇ ਆਪ ਵਿਚ ਮਗਨ ਤੁਰੀ ਜਾ ਰਿਹਾ ਸਾਂ ਕਿ ਅਚਾਨਕ ਮੇਰੇ ਕੰਨਾਂ ਵਿਚ ਕਿਸੇ ਦੇ ਲੁੜਛਣ ਦੀ ਦਰਦ ਭਰੀ ਆਵਾਜ ਪਈ । ਮੈਂ ਹੈਰਾਨ ਹੋ ਕੇ ਚੁਫੇਰੇ ਵੇਖਿਆ । ਕੋਲ ਵਾਰ ਹੀ ਕਾਨਿਆਂ ਦੀ ਇਕ ਝੁੱਗੀ ਸੀ, ਮੈਂ ਉਸ ਪਾਸੇ ਵਧਿਆ ਤੇ ਬੂਹੇ ਕੋਲ ਜਾ ਕੇ ਖੜਾ ਹੋ ਗਿਆ । ਸਾਮ੍ਹਣੇ ਮੰਜੀ ਤੇ ਪਿਆ ਇਕ ਯੁਵਕ ਲੁੜਛ ਰਿਹਾ ਸੀ । ਉਸ ਦੀ ਉਮਰ ਕੋਈ ੨੫ ਕੁ ਸਾਲ ਦੇ ਲਗ ਪਗ ਜਾਪਦੀ ਸੀ । ਝੁੱਗੀ ਵਿਚ ਉਹ ਇਕੱਲਾ ਹੀ ਸੀ। ਓਹਦੇ ਮੰਜੇ ਪਾਸ ਜਾ ਕੇ ਮੈਂ ਬੜੇ ਗਹੁ ਨਾਲ ਵੇਖਿਆ, ਉਸ ਦੀਆਂ ਅੱਖੀਆਂ ਤੇ ਸਡੋਲ ਸਰੀਰ ਤੋਂ ਐਉਂ ਜਾਪਦਾ ਸੀ, ਕਿ ਇਹ ਗਭਰੂ ਬੀਮਾਰ ਹੋਣ ਤੋਂ ਪਹਿਲਾਂ ਜ਼ਰੂਰ ਇਕ ਹੋਣਹਾਰ ਨੌਜਵਾਨ ਹੋਵੇਗਾ। "ਸਜਣਾ ! ਤੈਨੂੰ ਕੀ ਤਕਲੀਫ ਹੈ ? ਕੀ ਏਥੇ ਤੇਰਾ ਕੋਈ ਸਾਕ ਸੰਬੰਧੀ ਨਹੀਂ?" ਮੈਂ ਉਹਦੇ ਪਾਸੋਂ ਬੜੀ ਹਮਦਰਦੀ ਨਾਲ ਪੁਛਿਆ ।
"ਅਹੁ ਘੜਾ ਪਿਆ ਹੋਇਆ ਜੇ, ਮੈਨੂੰ ਉਹਦੇ ਵਿਚੋਂ ਪਹਿਲਾਂ ਥੋੜਾ ਕੁ ਪਾਣੀ ਪਿਆਓ । ਉਸ ਦੇ ਪਿਛੋਂ ਮੈਂ ਤੁਹਾਨੂੰ ਆਪਣੀ ਦਰਦ ਭਰੀ ਵੇਦਨਾ ਦਸਾਂਗਾ ।" ਉਸ ਨੇ ਰੁਕ ਰੁਕ ਕੇ ਤੇ ਔਖਿਆਂ ਹੋ ਕੇ ਆਖਿਆ।
ਮੈਂ ਘੜੇ ਵਿਚੋਂ ਪਾਣੀ ਪਾਇਆ ਤੇ ਉਸ ਨੂੰ ਦਿੱਤਾ। ਉਹਨੇ ਥੋੜਾ ਜਿਹਾ ਪਾਣੀ ਪੀ ਲਿਆ ਤੇ ਬਾਕੀ ਦਾ ਰੱਖ ਦਿੱਤਾ । ਪਾਣੀ ਪੀਣ ਪਿਛੋਂ ਜਦ ਉਸ ਨੂੰ ਰਤੀ ਕੁ ਹੋਸ਼ ਆਈ,ਤਾਂ ਉਸਨੇ ਆਖਣਾ ਸ਼ੁਰੂ ਕੀਤਾ।
ਮੈਂ ਜ਼ਿਲਾ ਜੇਹਲਮ ਦਾ ਰਹਿਣ ਵਾਲਾ ਹਾਂ । ਏਥੇ ਇਕ ਸਰਦਾਰ ਪਾਸ ਨੌਕਰ ਸਾਂ, ਜਿਸ ਦੀ ਕਲਮ ਸਾਂਝੀਵਾਲ ਤੇ ਮਜ਼ਦੂਰ ਹੱਕਾਂ ਦੀ ਰਾਖੀ ਦੇ ਲੇਖ ਉਗਲਦੀ ਰਹਿੰਦੀ ਹੈ । ਅਜ ਕਲ ਉਹ ਅੰਮ੍ਰਿਤਸਰ ਚਲਾ ਗਿਆ ਹੈ। ਦੋ ਕੁ ਵਰੇ ਹੋਏ, ਉਥੋਂ ਮੇਰੀ ਨੌਕਰੀ ਛੁਟ ਗਈ ਸੀ । ਓਸ ਤੋਂ ਪਿਛੋਂ ਮੈਂ ਇਕ ਹੋਰ ਜਗਾ ਨੌਕਰੀ ਕੀਤੀ । ਕੁਝ ਸਮੇਂ ਪਿਛੋਂ ਉਥੋਂ ਵੀ ਓਸੇ ਸਰਦਾਰ ਦੀ ਕ੍ਰਿਪਾ ਸਦਕਾ ਜਵਾਬ ਹੋ ਗਿਆ । ਨੌਕਰੀ ਹਟਣ ਪਿਛੋਂ ਮੈਂ ਕਈ ਥਾਂ ਟੱਕਰਾਂ ਮਾਰੀਆਂ, ਪਰ ਕਿਤੇ ਵੀ ਪੇਟ ਦੀ ਅੱਗ ਬੁਝਾਉਣ ਦਾ ਵਸੀਲਾ ਨਾ ਬਣਿਆ। ਬੇਰੁਜ਼ਗਾਰੀ ਦੇ ਕਾਰਨ ਆਪਣੀ ਪਤਨੀ ਤੇ ਇਕਲੌਤੀ ਪੁਤ੍ਰੀ ਨੂੰ ਮੈਂ ਘਰ ਭੇਜ ਦਿੱਤਾ।
ਨਿੱਤ ਚੜ੍ਹੇ ਸੂਰਜ ਨੌਕਰੀ ਦੀ ਚਿੰਤਾ ਹੁੰਦੀ ਸੀ ਤੇ ਮੈਂ ਸੋਚਦਾ ਸਾਂ ਕਿ ਜੀਵਨ ਨਿਰਬਾਹ ਕਿਵੇਂ ਹੋਵੇਗਾ । ਮੈਨੂੰ ਇਕ ਦਿਨ ਅਚਾਨਕ ਹੀ ਬੁਖਾਰ ਨੇ ਘੇਰ ਲਿਆ। ਮੈਂ ਬੜੀ ਹਿੰਮਤ ਕਰ ਕੇ ਨੌਕਰੀ ਦੀ ਭਾਲ ਲਈ ਮੰਜੇ ਤੋਂ ਉਠਿਆ, ਪਰ ਬੁਖਾਰ ਏਨੇ ਜ਼ੋਰ ਦਾ ਸੀ ਕਿ ਇਕ ਦੋ ਕਦਮ ਤੁਰਨ ਨਾਲ ਮੈਨੂੰ ਚੱਕਰ ਆਉਣ ਲੱਗ ਪਏ । ਮੈਂ ਫੇਰ ਮੰਜੇ ਤੇ ਆ ਕੇ ਲੰਮਾ ਪੈ ਗਿਆ ?"
ਏਨਾ ਆਖ ਕੇ ਉਹ ਚੁੱਪ ਕਰ ਗਿਆ । ਓਸ ਦੇ ਚਿਹਰੇ ਤੋਂ ਐਉਂ ਜਾਪਦਾ ਸੀ ਕਿ ਉਸ ਨੂੰ ਆਪ ਬੀਤੀ ਦੱਸਣ ਵਿਚ ਬੜਾ ਕਸ਼ਟ ਹੋ ਰਿਹਾ ਹੈ ।
ਮੈਂ ਓਸ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਪੁਛਿਆ-"ਮੇਰੇ ਮਿਤ੍ਰ! ਓਹ ਕਿਹੜਾ ਹੈਂਸਿਆਰਾ ਸਰਦਾਰ ਏ, ਜਿਸ ਦੀ ਪੱਥਰ ਦਿਲੀ ਨੇ ਤੇਨੂੰ ਦੂਜੀ ਨੌਕਰੀ ਤੋਂ ਜਵਾਬ ਦਿਵਾ ਦਿੱਤਾ ?"
ਉਸ ਨੇ ਇਕ ਠੰਡਾ ਸਾਹ ਲੈ ਕੇ ਆਖਣਾ ਸ਼ੁਰੂ ਕੀਤਾ-"ਉਸ ਸਰਦਾਰ ਪਾਸ ਸੱਤ ਅੱਠ ਆਦਮੀ ਕੰਮ ਕਰਦੇ ਸਨ, ਜਿਨਾਂ ਦਾ ਇਨਚਾਰਜ ਕਿ ਮੈਂ ਸਾਂ । ਮੈਨੂੰ ਜਦੋਂ ਵੀ ਦੋ ਚਾਰ ਰੁਪਇਆਂ ਦੀ ਲੋੜ ਪੈਂਦੀ, ਤਾਂ ਮੈਂ ਮਾਲਕ ਪਾਸੋਂ ਲੈ ਕੇ ਕੰਮ ਸਾਰ ਲੈਂਦਾ। ਬਾਕੀ ਨੌਕਰਾਂ ਨੂੰ ਅਕਸਰ ਖਿਝਾ ਪਿਟਾ ਕੇ ਤਨਖ਼ਾਹ ਮਿਲਦੀ ਸੀ।
ਇਕ ਦਿਨ ਓਹਨਾਂ ਸਾਰੇ ਆਦਮੀਆਂ ਨੇ ਮੈਨੂੰ ਆਖਿਆ -“ਤੁਸੀ ਤਾਂ ਮਾਲਕ ਪਾਸੋਂ ਵੇਲੇ ਕੁਵੇਲੇ ਰੁਪਏ ਲੈ ਕੇ ਆਪਣਾ ਕੰਮ ਸਾਰੇ ਲੈਂਦੇ ਹੋ, ਪਰ ਸਾਨੂੰ ਰੁਆ ਪਿਟਾ ਕੇ ਤਨਖ਼ਾਹ ਦਿਤੀ ਜਾਂਦੀ ਹੈ। ਜੇ ਤੁਸੀਂ ਸਾਡੀ ਸਹਾਇਤਾ ਕਰੋ, ਤਾਂ ਅਸੀਂ ਉਹਨਾਂ ਕੋਲੋਂ ਵੇਲੇ ਸਿਰ ਤਨਖ਼ਾਹ ਲੈਣ ਦੀ ਮੰਗ ਕਰੀਏ ।"
ਮੈਂ ਉਹਨਾਂ ਦੀ ਸਲਾਹ ਮੰਨ ਲਈ।
ਦੂਜੇ ਦਿਨ ਕਿਸੇ ਤਿਓਹਾਰ ਦੀ ਛੁੱਟੀ ਸੀ, ਪਰ ਜ਼ਰੂਰੀ ਕੰਮ ਹੋਣ ਕਰ ਕੇ ਓਸ ਦਿਨ ਵੀ ਕੰਮ ਕਰਨਾ ਸੀ ।
ਜਦ ਅਸੀਂ ਕੰਮ ਦੀ ਸਮਾਪਤੀ ਕਰਨ ਹੀ ਲਗੇ, ਤਾਂ ਮਾਲਕ ਨੇ ਆ ਕੇ ਆਖਿਆ-"ਕਰਮ ਸਿੰਘ, ਬੇਸ਼ਕ ਕਲ ਛੁੱਟੀ ਹੈ, ਪਰ ਤੈਨੂੰ ਪਤਾ ਹੈ ਕਿ ਫਲਾਣਾ ਕੰਮ ਕਲ ਜ਼ਰੂਰ ਹੋਣਾ ਚਾਹੀਦਾ ਹੈ।"
ਮੈਂ ਮਾਲਕ ਨੂੰ ਹੱਛਾ ਜੀ, ਆਖ ਕੇ ਕੰਮ ਕਰਦਾ ਰਿਹਾ। ਮਾਲਕ ਦੇ ਜਾਣ ਸਾਰ ਸਾਰੇ ਆਦਮੀ ਮੇਰੇ ਪਾਸ ਆ ਗਏ ਤੇ ਆਖਣ ਲਗੇ-“ਕੱਲ ਇਨ੍ਹਾਂ ਦਾ ਕੰਮ ਜ਼ਰੂਰ ਨਿਕਲਨਾ ਹੈ । ਅਸੀਂ ਇਨਾਂ ਨੂੰ ਆਖ ਦਈਏ ਕਿ ਜੇ ਸਾਨੂੰ ਪਿਛਲੇ ਤੇ ਪਿਛਲੇਰੇ ਮਹੀਨੇ ਦੀ ਤਨਖ਼ਾਹ ਦੇ ਦਿਓ, ਤਾਂ ਅਸੀਂ ਸਵੇਰੇ ਕੰਮ ਤੇ ਆਵਾਂਗੇ, ਪਰ ਜੇ ਨਾ ਦੇਣ, ਤਾਂ ਕਲ ਕੋਈ ਵੀ ਕੰਮ ਤੇ ਨਾ ਆਵੇ । ਆਪੇ ਪਰਸੋਂ ਵੇਖੀ ਜਾਵੇਗੀ।"
ਮੈਂ ਆਖਿਆ-"ਜਿਸ ਤਰ੍ਹਾਂ ਤੁਹਾਡਾ ਭਲਾ ਹੋ ਸਕਦਾ ਹੈ, ਮੈਂ ਓਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ।
ਘਰਾਂ ਨੂੰ ਵਾਪਸ ਜਾਣ ਸਮੇਂ ਮਾਲਕ ਨੂੰ ਅਸੀਂ ਸਾਰੇ ਆਦਮੀਆਂ ਨੇ ਤਨਖ਼ਾਹ ਵਾਸਤੇ ਆਖਿਆ , ਪਰ ਮਾਲਕ ਨੇ ਤਨਖ਼ਾਹ ਦਾ ਕੋਈ ਜਵਾਬ ਨਾ ਦਿਤਾ ਤੇ ਉਹ ਕਲ ਕੰਮ ਤੇ ਆਉਣ ਲਈ ਕਹਿ ਕੇ ਚਲਾ ਗਿਆ।
ਮਾਲਕ ਦੇ ਜਾਣ ਪਿਛੋਂ ਸਾਰਿਆਂ ਨੇ ਸਲਾਹ ਕੀਤੀ ਕਿ ਕਲ ਕੋਈ ਵੀ ਆਦਮੀ ਕੰਮ ਤੇ ਨਾ ਆਵੇ।
ਦੂਜੇ ਦਿਨ ਮੈਂ ਰੋਜ਼ ਨਾਲੋਂ ਏਸ ਲਈ ਕੁਝ ਚਿਰਾਕਾ ਉਠਿਆ, ਕਿਉਂਕਿ ਛੁੱਟੀ ਸੀ। ਮੈਂ ਨਾ ਧੋ ਕੇ ਰੋਟੀ ਖਾਧੀ ਤੇ ਫਿਰਦਾ ਤੁਰਦਾ ਕੰਮ ਵਾਲੇ ਥਾਂ ਆ ਪਹੁੰਚਾ।
ਮੈਂ ਹੈਰਾਨ ਹੋ ਕੇ ਵੇਖਿਆ ਕਿ ਸਭ ਆਦਮੀ ਕੰਮ ਕਰ ਰਹੇ ਹਨ। ਮੈਂ ਪੁਛਿਆ ਕਿ ਤੁਸੀਂ ਸਾਰਿਆਂ ਨੇ ਤਾਂ ਕੰਮ ਤੇ ਨਾ ਆਉਣ ਦਾ ਫੈਸਲਾ ਕੀਤਾ ਸੀ, ਪਰ ਉਸ ਦੇ ਉਲਟ ਅਜ ਤੁਸੀਂ ਕੰਮ ਕਰੋ ਰਹੇ ਹੋ, ਇਹ ਕੀ ?"
ਮੇਰੀ ਗੱਲ ਦਾ ਕਿਸੇ ਨੇ ਉਤਰ ਨਾ ਦਿਤਾ । ਮੈਂ ਹੈਰਾਨੀ ਵਿਚ ਡੁੱਬਾ ਓਥੇ ਖਲੋਤਾ ਹੀ ਸਾਂ ਕਿ ਮਾਲਕ ਵੀ ਆ ਗਿਆ ਤੇ ਆਉਣ ਸਾਰ ਆਖਣ ਲਗਾ-"ਕਰਮ ਸਿੰਘ, ਇਹ ਕੀ ਗੱਲ ਹੈ ? ਮੈਂ ਤਾਂ ਤੈਨੂੰ ਬੜਾ ਚੰਗਾ ਸਮਝਦਾ ਸਾਂ ਤੇ ਤੇਰੀ ਹਰ ਲੋੜ ਨੂੰ ਪੂਰਿਆਂ ਕਰਦਾ ਸਾਂ, ਪਰ ਤੂੰ ਤਾਂ ਨਮਕ ਹਰਾਮ ਸਾਬਤ ਹੋਇਉਂ । ਮੇਰੀ ਨੇਕੀ ਦੇ ਬਦਲੇ ਅੱਜ ਤੂੰ ਮੇਰਾ ਕੰਮ ਬੰਦ ਕਰਾਉਣ ਦੀ ਕੋਸ਼ਸ਼ ਕੀਤੀ ਹੈ। ਮੈਨੂੰ ਅੱਜ ਪਤਾ ਲੱਗਾ ਹੈ ਕਿ ਤੂੰ ਏਸੇ ਤਰ੍ਹਾਂ ਮੇਰੇ ਕੋਲੋਂ ਕਈ ਨਾਜਾਇਜ਼ ਫਾਇਦੇ ਉਠਾਂਦਾ ਰਿਹਾ ਹੈਂ । ਤੇਰੇ ਵਰਗੇ ਆਦਮੀ ਨੂੰ ਮੈਂ ਮੁਲਾਜ਼ਮ ਨਹੀਂ ਰੱਖ ਸਕਦਾ। ਕਲ ਆਵੀਂ ਤੇ ਆਪਣਾ ਹਿਸਾਬ ਕਰ ਕੇ ਲੈ ਜਾਵੀਂ।”
ਆਹ ! ਮੈਨੂੰ ਇਹ ਪਤਾ ਨਹੀਂ ਸੀ ਕਿ ਪ੍ਰੇਮ ਸਿੰਘ ਨੇ ਇਹ ਸ਼ਤਰੰਜੀ ਚਾਲ ਮੇਰੇ ਖੂਨ ਵਿਚ ਹੱਥ ਰੰਗਣ ਵਾਸਤੇ ਚੱਲੀ ਸੀ ।
ਛੁੱਟੀਓਂ ਦੂਜੇ ਦਿਨ ਮੈਂ ਆਇਆ । ਮਾਲਕ ਮੈਨੂੰ ਦਫ਼ਤਰ ਵਿਚ ਸਦ ਕੇ ਮੇਰਾ ਹਿਸਾਬ ਕਰਨ ਲਗਾ । ਮੈਂ ਬੜੀਆਂ ਮਿੰਨਤਾਂ ਖੁਸ਼ਾਮਦਾਂ ਕੀਤੀਆਂ, ਪਰ ਮੇਰੀ ਕੋਈ ਵੀ ਸੁਣਾਈ ਨਾ ਹੋਈ ।
ਹਿਸਾਬ ਕਰ ਚੁਕਣ ਪਿਛੋਂ ਤਨਖ਼ਾਹ ਮੇਰੀ ਝੋਲੀ ਵਿਚ ਪਾ ਦਿੱਤੀ ਗਈ ਤੇ ਮੈਂ ਲੈ ਕੇ ਘਰ ਚਲਾ ਆਇਆ ।
ਏਨਾਂ ਆਖ ਕੇ ਉਹ ਚੁੱਪ ਕਰ ਗਿਆ । ਥੋੜੇ ਚਿਰ ਪਿਛੋਂ ਉਸ ਨੇ ਜੋ ਪਾਣੀ ਗਿਲਾਸ ਵਿਚ ਬਚਿਆ ਪਿਆ ਸੀ, ਪੀਤਾ ਤੇ ਫੇਰ ਆਪਣੀ ਰਾਮ ਕਹਾਣੀ ਆਰੰਭੀ ।
“ਮੈਂ ਜਿਨਾਂ ਕੋਲ ਕੰਮ ਕਰਦਾ ਸਾਂ, ਉਹਨਾਂ ਦੇ ਗੂੜ੍ਹੇ ਮਿਤ੍ਰਾਂ ਵਿਚੋਂ ਸਰਦਾਰ ਤੀਰਥ ਸਿੰਘ ਹੋਰੀਂ ਵੀ ਸਨ। ਉਹਨਾਂ ਨਾਲ ਮੇਰਾ ਬੜਾ ਪਿਆਰ ਪੈ ਗਿਆ। ਮੈਂ ਉਹਨਾਂ ਦੇ ਘਰ ਆਉਂਦਾ ਜਾਂਦਾ ਸਾਂ । ਆਪਣੀ ਸਕੀ ਭੈਣ ਦੇ ਨਾ ਹੋਣ ਕਰ ਕੇ ਮੈਨੂੰ ਜੀਵਨ ਰੁੱਖਾ ਰੁੱਖਾ ਜਾਪਦਾ ਸੀ। ਮੈਂ ਉਹਨਾਂ ਦੀ ਪਤਨੀ ਨੂੰ ਭੈਣ ਆਖ ਕੇ ਬੁਲਾਇਆ ਕਰਦਾ ਸਾਂ| ਉਹਨਾਂ ਦੇ ਬੱਚੇ ਮੇਰੇ ਨਾਲ ਇਤਨਾ ਹਿਲ ਮਿਲ ਗਏ ਕਿ ਜਦੋਂ ਉਹ ਮੈਨੂੰ ਆਉਂਦਿਆਂ ਵੇਖ ਲੈਂਦੇ ਸਨ, ਤਾਂ ਛਾਲਾਂ ਮਾਰਨ ਲਗ ਪੈਂਦੇ ਸਨ । ਕੋਈ ਕੁਛੜ ਚੜ ਜਾਂਦਾ, ਕੋਈ ਲੱਤਾਂ ਪਕੜ ਲੈਂਦਾ ਤੇ ਕੋਈ ਬਾਹੋਂ ਫੜ ਕੇ ਤੋਤਲੀ ਜੀਭਾ ਨਾਲ ਘਰ ਚੱਲਣ ਵਾਸਤੇ ਆਖਦਾ ।
ਨੌਕਰੀ ਛੁੱਟ ਜਾਣ ਪਿੱਛੋਂ ਵੀ ਮੈਂ ਪਹਿਲਾਂ ਵਾਂਗ ਉਹਨਾਂ ਦੇ ਘਰ ਆਉਂਦਾ ਜਾਂਦਾ ਰਿਹਾ । ਉਹਨਾਂ ਦੀ ਪਤਨੀ ਤੇ ਉਹ ਆਪ ਉਸੇ ਨੂੰ ਤਰਾਂ ਮਿਲਦੇ ਰਹੇ । ਸਾਡੇ ਪ੍ਰੇਮ ਵਿਚ ਕੋਈ ਵਿਥ ਨਾ ਪਈ।
ਇਕ ਦਿਨ ਜਦ ਕਿ ਮੈਂ ਉਹਨਾਂ ਦੇ ਘਰ ਵੱਲ ਜਾ ਰਿਹਾ ਸਾਂ, ਤਾਂ ਬਾਹਰ ਖੁਲੇ ਮੈਦਾਨ ਵਿਚ ਸਰਦਾਰ ਤੀਰਥ ਸਿੰਘ ਹੋਰੀਂ ਆਪਣੇ ਸਾਥੀਆਂ ਸਮੇਤ ਬਿਡਮੈਨਟਨ ਖੇਡ ਰਹੇ ਸਨ। ਉਹਨਾਂ ਮੈਨੂੰ ਆਉਂਦਿਆਂ ਵੇਖ ਕੇ ਆਪਣੇ ਕੋਲ ਸੱਦ ਲਿਆ ਤੇ ਆਪ ਖੇਡਦੇ ਰਹੇ। ਥੋੜਾ ਚਿਰ ਖੇਡਨ ਪਿਛੋਂ ਮੈਨੂੰ ਇਕ ਪਾਸੇ ਲੈ ਗਏ ਤੇ ਆਖਣ ਲਗੇ ਕਰਮ ਸਿੰਘ, ਹੁਣ ਤੂੰ ਸਾਡੇ ਘਰ ਨਾ ਆਇਆ ਕਰ । ਏਨਾਂ ਆਖ ਕੇ ਚੁੱਪ ਚਾਪ ਮੇਰੇ ਜਵਾਬ ਦੀ ਉਡੀਕ ਵਿਚ ਖੜੇ ਰਹੇ ।
ਮੈਂ ਪੁਛਿਆ-"ਮੇਰੇ ਪਾਸੋਂ ਕਿਹੜੀ ਇਹੋ ਜਹੀ ਭੁਲ ਹੋ ਗਈ ਹੈ, ਜਿਸ ਕਰ ਕੇ ਤੁਸੀਂ ਵੀ ਗੁੱਸੇ ਹੋ ਗਏ ਹੋ ?"
"ਤੇਰੀ ਭੁੱਲ ਤਾਂ ਮੈਂ ਕੋਈ ਨਹੀਂ ਸਮਝਦਾ, ਪਰ ਜਿਨ੍ਹਾਂ ਕੋਲ ਤੂੰ ਨੌਕਰੀ ਕਰਦਾ ਸੈਂ, ਉਹਨਾਂ ਨੇ ਮੈਨੂੰ ਆਖਿਆ ਏ, ਕਿ ਏਸ ਦਾ ਘਰ ਆਉਣਾ ਠੀਕ ਨਹੀਂ।"
ਮੈਂ ਓਹਨਾਂ ਨਾਲ ਹੋਰ ਵਧੇਰੇ ਕੋਈ ਗੱਲ ਨਾ ਕੀਤੀ, ਕਿਉਂਕਿ ਓਹਨਾਂ ਦਾ ਰਵੱਯਾ ਪਹਿਲੇ ਨਾਲੋਂ ਬਹੁਤ ਬਦਲਿਆ ਹੋਇਆ ਜਾਪਦਾ ਸੀ ।
ਮੇਰੇ ਲਈ ਇਹ ਗੱਲ ਅਸਹਿ ਸੀ ਤੇ ਇਸ ਨੇ ਮੇਰੇ ਦਿਲ ਦਿਮਾਗ ਉਤੇ ਬੜੀ ਭਾਰੀ ਸੱਟ ਮਾਰੀ । ਕੰਮ ਤੋਂ ਜਵਾਬ ਹੋਣ ਸਾਰ ਮੈਨੂੰ ਮੇਰੇ ਹਿਤੂ ਵੀ ਛਡ ਜਾਣਗੇ, ਇਹ ਆਸ ਮੈਨੂੰ ਕਦੇ ਵੀ ਨਹੀਂ ਸੀ।
ਕਰਮ ਸਿੰਘ ਦੀਆਂ ਅੱਖਾਂ ਡੁਬ ਡੁਬਾ ਰਹੀਆਂ ਸਨ। ਓਹਨਾ ਵਿਚੋਂ ਇਕ ਗੜੇ ਜੇਡਾ ਅੱਥਰੂ ਨਿਕਲਿਆ, ਜੋ ਗਲਾਂ ਤੋਂ ਹੁੰਦਾ ਹੋਇਆ ਓਸ ਦੇ ਪਾਟੇ ਹੋਏ ਝੱਗੇ ਤੇ ਡਿਗ ਕੇ ਜਜ਼ਬ ਹੋ ਗਿਆ।
ਮੈਂ ਕਰਮ ਸਿੰਘ ਦੀਆਂ ਗੱਲਾਂ ਸੁਣਨ ਲਈ ਬੜਾ ਉਤਾਵਲਾ ਹੋ ਰਿਹਾ ਸਾਂ। ਨਾਲੇ ਓਸ ਦੀ ਇਹ ਦਰਦ ਕਹਾਣੀ ਸੁਣ ਕੇ ਦਿਲ ਹੀ ਦਿਲ ਵਿਚ ਓਸ ਨੀਚ ਨੂੰ ਫਿਟਕਾਰਾਂ ਪਾ ਰਿਹਾ ਸੀ, ਜਿਸ ਨੇ ਬਿਨਾਂ ਸੋਚੇ ਸਮਝੇ ਕਿਸੇ ਦੇ ਕਹੇ ਤੇ ਓਸ ਤੇ ਦੋਸ਼ ਥੱਪ ਦਿੱਤਾ ਸੀ ।
ਮੈਂ ਫੇਰ ਕਰਮ ਸਿੰਘ ਨੂੰ ਸਹਾਰਾ ਦੇਦੇ ਹੋਏ ਆਖਿਆ-"ਓਹ ਬੜਾ ਨੀਚ ਤੇ ਪਾਜੀ ਆਦਮੀ ਸੀ, ਜਿਸ ਨੇ ਅਸਲੀਅਤ ਨੂੰ ਜਾਣਦਿਆਂ ਹੋਇਆਂ ਤੇਰੇ ਨਾਲ ਇਤਨੀ ਬੇਇਨਸਾਫੀ ਕੀਤੀ ਹੈ।"
ਆਪਣੀ ਆਪ ਬੀਤੀ ਦਾ ਪਹਿਲਾ ਭਾਗ ਦਸਦਿਆਂ ਹੋਇਆਂ ਕਰਮ ਸਿੰਘ ਕਹਿ ਰਿਹਾ ਸੀ-ਇਕ ਦਿਨ ਘਰ ਬੈਠਿਆਂ ਮੈਂ ਸੋਚਿਆ ਕਿ ਓਸ ਸਰਦਾਰ ਪਾਸ ਅੰਮ੍ਰਿਤਸਰ ਜਾ ਕੇ ਫੇਰ ਖੁਸ਼ਾਮਦ ਕਰਾਂ, ਸ਼ਾਇਦ ਓਸ ਨੂੰ ਮੇਰੇ ਉਤੇ ਰਹਿਮ ਆ ਜਾਵੇ।
ਮੈਂ ਸਰਦਾਰ ਪਾਸ ਗਿਆ । ਸਰਦਾਰ ਮੈਨੂੰ ਵੇਖ ਕੇ ਹੈਰਾਨ ਜਿਹਾ ਹੋ ਗਿਆ ਤੇ ਪੁਛਣ ਲਗਾ-"ਸੁਣਾ ਮਜ਼ੇ ਵਿਚ ਏਂ, ਖੂਬ ਕੰਮ ਕਰ ਰਿਹਾ ਏ ?"
ਮੈਂ ਆਖਿਆ-“ਬਹੁਤ ਦਿਨਾਂ ਤੋਂ ਵਿਹਲਾ ਫਿਰ ਰਿਹਾ ਹਾਂ ਏਸੇ ਕਰ ਕੇ ਪਤਨੀ ਨੂੰ ਵੀ ਪਿੰਡ ਘਲ ਦਿੱਤਾ ਹੈ। ਹੁਣ ਤੁਹਾਡੇ ਪਾਸ ਬੜੀ ਆਸ ਰਖ ਕੇ ਆਇਆ ਹਾਂ। ਰੋਟੀ ਦੇ ਇਕ ਇਕ ਟੁਕੜੇ ਤੋਂ ਵੀ ਆਤਰ ਹਾਂ। ਪਤਾ ਨਹੀਂ ਬਾਲ ਬਚੇ ਕਿਸ ਮੁਸੀਬਤ ਵਿਚ ਹੋਣਗੇ । ਮੇਰੇ ਪਾਸੋਂ ਜਿਹੜੀ ਭੁਲ ਹੋ ਗਈ ਹੈ, ਉਸ ਦੀ ਮੈਨੂੰ ਮਾਫੀ ਦੇ ਦਿਓ ਤੇ ਆਪਣੇ ਪਾਸ ਕੰਮ ਤੇ ਲਾ ਲਓ । ਤੁਹਾਡੀ ਬੜੀ ਕ੍ਰਿਪਾ ਹੋਵੇਗੀ ।"
ਸਰਦਾਰ ਨੇ ਜਵਾਬ ਦਿੱਤਾ-"ਮੇਰੇ ਪਾਸ ਤਾਂ ਕੋਈ ਕੰਮ ਨਹੀਂ ?"
ਕਰਮ ਸਿੰਘ ਨੇ ਆਖਿਆ -"ਸਰਦਾਰ ਜੀ ਪਾਣੀ ਦੇਣਾ ਮੇਰਾ ਸੰਘ ਸੁਕ ਰਿਹਾ ਹੈ, ਛੇਤੀ ਪਾਣੀ ਦੇਣਾ.....ਪਾ............ ਣੀ.........।"
ਮੈਂ ਛੇਤੀ ਨਾਲ ਘੜੇ ਵਲ ਗਿਆ, ਪਰ ਘੜਾ ਤਾਂ ਖਾਲੀ ਸੀ । ਮੈਂ ਖਾਲੀ ਗਿਲਾਸ ਲੈ ਕੇ ਬਾਹਰ ਨਿਕਲਿਆ । ਥੋੜੀ ਦੂਰ ਤੇ ਇਕ ਹੋਰ ਝੁੱਗੀ ਸੀ, ਓਥੋਂ ਪਾਣੀ ਦਾ ਗਿਲਾਸ ਲੈ ਕੇ ਛੇਤੀ ਨਾਲ ਮੈਂ ਵਾਪਸ ਆਇਆ । ਕਰਮ ਸਿੰਘ ਦੀਆਂ ਤਾਂਘਦੀਆਂ ਅੱਖਾਂ ਮੇਰਾ ਰਾਹ ਵੇਖ ਰਹੀਆਂ ਹੋਣਗੀਆਂ, ਮੈਂ ਇਹ ਬਾਰ ਬਾਰ ਸੋਚ ਰਿਹਾ ਸਾਂ ।
ਪਰ ਮੈਂ ਜਦ ਵਾਪਸ ਆ ਕੇ ਪਾਣੀ ਦਾ ਗਿਲਾਸ ਓਸ ਵਲ ਕੀਤਾ, ਤਾਂ ਓਸ ਦੇ ਹੱਥ ਨਾ ਵਧੇ । ਮੈਂ ਓਸ ਦੀ ਨਬਜ਼ ਫੜ ਕੇ ਵੇਖੀ, ਪਰ ਹਾਇ ! ਉਸ ਵਿਚਾਰੇ ਦਾ ਤਾਂ ਸਰੀਰ ਵੀ ਠੰਡਾ ਹੋ ਚੁਕਾ ਸੀ ।