ਬੁਝਦਾ ਦੀਵਾ/ਅਮੁੱਕ ਨਿਰਾਸਤਾ ਵਿਚੋਂ



ਅਮੁੱਕ ਨਿਰਾਸਤਾ ਵਿਚੋਂ

ਵੀਰੇਂਦਰ ਨਾ ਕੇ ਅਜੇ ਡਰੈਸਿੰਗ ਗੋਨ ਪਾਈ ਆਪਣੀ ਸ਼ਿੰਗਾਰ ਮੇਜ਼ ਦੇ ਸਾਮਣੇ ਹੱਥ ਵਿਚ ਕੰਘੀ ਲਈ ਆ ਕੇ ਖਲੋਤਾ ਹੀ ਜੀ ਕਿ ਦਰਵਾਜ਼ਾ ਖੁਲ੍ਹਿਆ ਤੇ ਉਸ ਦਾ ਨੌਕਰ ਚਾਂਦੀ ਦੀ ਤਸ਼ਤਰੀ ਉੱਤੇ ਮੁਲਾਕਾਤੀ ਕਾਰਡ ਰਖੀ ਅੰਦਰ ਦਾਖਲ ਹੋਇਆ। ਕਾਰਡ ਉੱਤੇ ਲਿਖਿਆ ਸੀ-"ਨਲਨੀ"।
ਵੀਰੇਂਦਰ ਮੇਜ਼ ਦੇ ਸ਼ੀਸ਼ੇ ਵਿਚ ਆਪਣਾ ਪ੍ਰਛਾਵਾਂ ਵੇਖ ਰਿਹਾ ਸੀ। ਓਹ ਤੀਹ ਬਤੀ ਸਾਲ ਦਾ ਇਕ ਹਸਮੁਖ ਨੌਜਵਾਨ ਸੀ, ਜਿਸ ਦੇ ਸੁਨਹਿਰੀ ਵਾਲ ਮੱਥੇ ਤੇ ਖਿਲਰੇ ਹੋਏ ਸਨ ਤੇ ਅੱਖੀਆਂ ਦੁਆਲੇ ਕਾਲੇ ਹਲਕੇ ਪੈਣ ਲਗ ਪਏ ਸਨ। ਬੇਸ਼ਕ ਓਸ ਦੇ ਬੁਲ੍ਹਾਂ ਉੱਤੇ ਹਲਕੀ ਜਹੀ ਮੁਸਕ੍ਰਾਹਟ ਸੀ, ਪਰ ਗਲ੍ਹਾਂ ਅਤੇ ਅੱਖੀਆਂ ਉੱਤੇ ਝੁਰੜੀਆਂ ਪੈ ਚੁੱਕੀਆਂ ਸਨ, ਜਿਸ ਨਾਲ ਉਸ ਦਾ ਚਿਹਰਾ ਫਿਕਰ ਮੰਦ ਤੇ ਸੋਚਵਾਨ ਬਣ ਗਿਆ ਸੀ।

ਵੀਰੇਂਦਰ ਖੁਸ਼ ਸੀ, ਕਿਓਕਿ ਅੱਜ ਰਾਤ ਦੇ ਤਮਾਸ਼ੇ ਵਿਚ ਓਸ ਨੂੰ ਆਸ ਤੋਂ ਵਧ ਸਫਲਤਾ ਪ੍ਰਾਪਤ ਹੋਈ ਸੀ। ਹਰ ਨਾਟਕ ਲਿਖਾਰੀ ਖੇਲ ਦੀ ਪਹਿਲੀ ਰਾਤ ਦੀ ਉਡੀਕ ਬੜੀ ਬੇ-ਬਸਰੀ ਨਾਲ ਕਰਦਾ ਹੈ। ਵੀਰੇਂਦਰ ਦੇ ਕੰਨਾਂ ਵਿਚ ਹੁਣ ਤਕ ਲੋਕਾਂ ਦੀਆਂ ਤਾਲੀਆਂ ਤੇ ਦੋਸਤਾਂ ਦੀਆਂ ਵਧਾਈਆਂ ਦੀ ਆਵਾਜ਼ ਗੂੰਜ ਰਹੀ ਸੀ । ਹੁਣ ਤਕ ਓਸ ਦਾ ਦਿਲ ਏਸ ਖੁਸ਼ੀ ਦੀ ਯਾਦ ਵਿਚ ਧੜਕ ਰਿਹਾ ਸੀ ਜੋ ਓਸ ਨੂੰ ਖੇਲ ਦੇ ਸ਼ੁਰੂ ਕਰਨ ਤੋਂ ਪਹਿਲਾਂ ਤਕਰੀਰ ਕਰਨ ਵੇਲੇ ਹੋਈ। ਸ਼ਹਿਰ ਦੇ ਸਭ ਅਖਬਾਰਾਂ ਨੇ ਖੇਲ ਦਾ ਜ਼ਿਕਰ ਸ਼ਾਨਦਾਰ ਲਫਜ਼ਾਂ ਵਿਚ ਕੀਤਾ ਤੇ ਉਹਨਾਂ ਕਈ ਮੰਨੇ ਪਰਮੰਨੇ ਲਿਖਾਰੀਆਂ ਦੀਆਂ ਰਚਨਾਵਾਂ ਨਾਲ ਮੁਕਾਬਲਾ ਕਰ ਕੇ ਨਾਟਕ ਦੀਆਂ ਖੂਬੀਆਂ ਨੂੰ ਨਿਖਾਰ ਕੇ ਦਸਿਆ। ਕਈਆਂ ਨੇ ਤਾਂ ਓਸ ਦੇ ਖੇਲ ਬਾਰੇ ਏਥੋਂ ਤਕ ਲਿਖ ਦਿਤਾ ਕਿ ਇਹ ਨਾਟਕ ਨਾਟਕ-ਕਲਾ ਦੀ ਤਵਾਰੀਖ਼ ਵਿਚ ਯਾਦਗਾਰ ਬਣ ਕੇ ਰਹੇਗਾ।

ਜੋ ਨਾਵਲ ਏਸ ਨੇ ਇਕ ਮਹੀਨਾ ਪਹਿਲਾਂ ਪ੍ਰਕਾਸ਼ਤ ਕੀਤਾ ਸੀ, ਓਹ ਧੜਾ ਧੜ ਵਿਕ ਰਿਹਾ ਸੀ। ਓਸ ਨੂੰ ਆਪਣੇ ਜੀਵਨ ਉੱਤੇ ਪੂਰਾ ਭਰੋਸਾ ਹੁੰਦਾ ਜੇ ਇਕ ਚੀਜ਼...............।

ਨੌਕਰ ਨੇ ਹੌਲੀ ਜਹੀ ਕਿਹਾ- "ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"

ਵੀਰੇਂਦਰ ਨੇ ਕੰਘੀ ਫੇਰਦਿਆਂ ਹੋਇਆਂ ਹੀ ਬੇ-ਪ੍ਰਵਾਹੀ ਨਾਲ ਕਾਰਡ ਚੁਕਿਆ; ਜਿਸ ਤੇ ਲਿਖਿਆ ਸੀ “ਨਲਨੀ!" ਨਹੀਂ ਇਹ ਕਿਸ ਤਰਾਂ ਹੋ ਸਕਦਾ ਹੈ? ਓਸ ਨੇ ਅੱਖਾਂ ਪਾੜ ਕੇ ਕਾਰਡ ਨੂੰ ਫ਼ੇਰ ਵੇਖਿਆ। ਸ਼ਕ ਸ਼ੁਬੇ ਦੀ ਗੁੰਜਾਇਸ਼ ਨਹੀਂ ਸੀ। ਉਸ ਉੱਤੇ ਸਿਰਫ ਇਕੋ ਲਫਜ਼ ਸੀ “ਨਲਨੀ!" ਓਸ ਦਾ ਸਾਹ ਤੇਜ਼ੀ ਨਾਲ ਚੱਲਣ ਲਗ ਪਿਆ। ਕਹਿਣ ਹੀ ਵਾਲਾ ਸੀ ਕਿ ਹਾਂ ਇਸ ਤੀਵੀਂ ਨੂੰ ਲੈ ਆਓ! ਛੇਤੀ ਜਾਓ! ਪਰ ਉਹ ਅਚਾਨਕ ਹੀ ਰੁਕ ਗਿਆ।

ਦਸ ਸਾਲ ਪਹਿਲਾਂ ਦੇ ਵਾਕਿਆਤ ਬਿਜਲੀ ਦੀ ਤੇਜ਼ੀ ਵਾਂਗੂ ਯਾਦ ਆ ਗਏ ਤੇ ਉਹ ਫਿਲਮ ਬਣ ਕੇ ਅੱਖਾਂ ਅਗੇ ਫਿਰਨ ਲਗ ਪਏ।

ਦਸ ਸਾਲ ਪਹਿਲਾਂ ਓਹ ਇਕ ਨਾਚ ਘਰ ਵਿਚ ਗਿਆ, ਓਸ ਵਕਤ ਓਹ ਇਕ ਮਾਮੂਲੀ ਵਿਦਿਆਰਥੀ ਸੀ। ਨਾਚ ਵੇਖਣ ਦਾ ਓਹ ਇਤਨਾ ਸ਼ੌਕੀ ਨਹੀਂ ਸੀ, ਕਿਉਂਕਿ ਓਸ ਨੂੰ ਅਜੇਹੇ ਦਿਲ ਪ੍ਰਚਾਵੇ

ਵਾਸਤੇ ਸਮਾਂ ਘਟ ਹੀ ਮਿਲਦਾ ਸੀ। ਪਰ ਅੱਜ ਰਾਤ ਕੁਝ ਰੁਤ ਚੰਗੀ ਹੋਣ ਕਰ ਕੇ ਉਸ ਦੇ ਦਿਲ ਵਿਚ ਉਮੰਗ ਉੱਠੀ ਕਿ ਨਾਚ ਵੇਖਣ ਜ਼ਰੂਰ ਜਾਵਾਂ।

ਪਹਿਲੇ ਹੀ ਨਾਚ ਵਿਚ ਇਕ ਲੜਕੀ ਨੱਚਦੀ ਹੋਈ ਓਸ ਦੇ ਕੋਲੋਂ ਦੀ ਲੰਘੀ। ਵੀਰੇਂਦਰ ਦੀਆਂ ਅੱਖਾਂ ਓਸ ਤੇ ਜੰਮ ਗਈਆਂ। ਲੜਕੀ ਦੀ ਉਮਰ ਵੀਹ ਸਾਲ ਦੇ ਲਗ ਪਗ, ਉਸ ਦੇ ਵਾਲ ਕਾਲੇ ਭੌਰ ਵਰਗੇ, ਉਠਦੀ ਜਵਾਨੀ, ਪਤਲਾ ਲੱਕ, ਜਿਸ ਤਰਾਂ ਕਿ ਵਿਧਾਤਾ ਨੇ ਓਸ ਨੂੰ ਨਾਚ ਵਾਸਤੇ ਹੀ ਬਣਾਇਆ ਹੁੰਦਾ ਹੈ। ਉਹ ਬੜੀ ਬੇ-ਝਕ ਹੋ ਕੇ ਨੱਚ ਰਹੀ ਸੀ। ਉਹ ਦਿਲ ਨੂੰ ਮੋਹ ਲੈਣ ਵਾਲੀ ਮੁਸਕ੍ਰਾਹਟ ਤੇ ਬੇ-ਪ੍ਰਵਾਹੀ ਨਾਲ ਤਮਾਸ਼ਬੀਨਾਂ ਤੇ ਆਪਣੇ ਸਾਥੀਆਂ ਨੂੰ ਵੇਖਦੀ ਜਾਂਦੀ ਸੀ। ਬਾਕੀ ਦਾ ਸਮਾਂ ਵੀਰੇਂਦਰ ਦੀਆਂ ਅੱਖਾਂ ਓਸ ਵਲੋਂ ਨਾ ਹਟ ਸਕੀਆਂ। ਓਸ ਨੂੰ ਐਉਂ ਜਾਪਿਆ, ਜਿਵੇਂ ਕਈ ਹੋਰ ਨੌਜਵਾਨ ਭੀ ਉਸ ਨੂੰ ਨੀਝ ਲਾ ਕੇ ਤਕ ਰਹੇ ਹਨ। ਓਹ ਐਸਾ ਭੁਲਾ ਕਿ ਓਸ ਨੂੰ ਆਪਣੇ ਸਾਥੀ ਪਾਸੋਂ ਖਿਮਾਂ ਮੰਗਣੀ ਪਈ । ਨਾਚ ਖ਼ਤਮ ਹੋਣ ਤੇ ਓਸ ਨੇ ਆਪਣੇ ਇਕ ਮਿਤ੍ਰ ਪਾਸੋਂ ਲੜਕੀ ਦਾ ਨਾਂ ਪੁਛਿਆਂ।

ਓਸ ਨੂੰ ਪਤਾ ਲਗਾ ਕਿ ਲੜਕੀ ਦਾ ਨਾਂ ਨਲਨੀ ਹੈ। ਉਸ ਦਾ ਪਿਤਾ ਇਕ ਪ੍ਰੋਫੈਸਰ ਸੀ, ਜਿਸ ਨੂੰ ਮੋਇਆਂ ਦੋ ਤਿੰਨ ਸਾਲ ਹੋ ਗਏ ਹਨ। ਓਹ ਆਜ਼ਾਦ ਖਿਆਲਾਂ ਦਾ ਆਦਮੀ ਸੀ। ਹੁਣ ਨਲਨੀ ਬਿਲਕੁਲ ਆਜ਼ਾਦ ਹੈ, ਕਿਉਂਕਿ ਉਸ ਦੀ ਮਾਤਾ ਬਚਪਨ ਵਿਚ ਹੀ ਮਰ ਗਈ ਸੀ। ਸਾਹਿਤਕ ਸ਼ੌਕ ਤੋਂ ਛੁਟ ਓਸ ਨੂੰ ਕੁਛ ਗਾਉਣ ਵਜਾਉਣ ਦਾ ਸ਼ੌਕ ਵੀ ਸੀ। ਉਸ ਦੇ ਦੋਸਤ ਨੇ ਨਲਨੀ ਵਲ ਵੇਖਦੇ ਹੋਏ ਆਖਿਆ-"ਓਹ ਖੂਬਸੂਰਤ ਹੈ, ਬੜੀ ਖੂਬਸੂਰਤ, ਪਰ ਬੱਚਿਆਂ ਵਾਂਗੂ ਚੁਲਬੁਲੀ ਤੇ ਲਾਡਲੀ ਵੀ ਹੈ।" ਫੇਰ ਓਸ ਨੇ ਵੀਰੇਂਦਰ ਦੇ ਚਿਹਰੇ ਵਲ ਤੱਕ ਕੇ ਹਸਦਿਆਂ ਹੋਇਆਂ ਆਖਿਆ-“ਤੂੰ ਹਿੰਮਤ ਕਰ,

ਤੇਰੇ ਵਰਗੇ ਸੋਹਣੇ ਨੌਜਵਾਨਾਂ ਉੱਤੇ ਤਾਂ ਇਹੋ ਜਹੀਆਂ ਕੁੜੀਆਂ ਮਰ ਮੁਕ ਜਾਂਦੀਆਂ ਨੇ। ਤੇ ਵੀਰੇਂਦਰ ਨੇ ਆਪਣੇ ਦੋਸਤ ਵਲ ਘਿਣਾ ਦੀ ਨਜ਼ਰ ਨਾਲ ਵੇਖਿਆ।

ਵੀਰੇਂਦਰ ਨੇ ਬਹੁਤ ਕੋਸ਼ਸ਼ ਕਰ ਕੇ ਉਸ ਨਾਲ ਜਾਣ ਪਛਾਣ ਕੀਤੀ ਤੇ ਉਸ ਨਾਲ ਨੱਚਣ ਦੀ ਇੱਛਾ ਪ੍ਰਗਟ ਕੀਤੀ। ਨਲਨੀ ਨੇ ਬੇ-ਪ੍ਰਵਾਹੀ ਨਾਲ ਤਕਦਿਆਂ ਤੇ ਹੌਲੀ ਜਹੀ ਮੁਸਕ੍ਰਾਂਦਿਆਂ ਹੋਇਆਂ ਉਸੇ ਦੀ ਦਰਖ਼ਵਾਸਤ ਸਵੀਕਾਰ ਕਰ ਲਈ। ਵੀਰੇਂਦਰ ਦਾ ਦਿਲ ਜ਼ੋਰ ਜ਼ਰ ਨਾਲ ਧੜਕ ਰਿਹਾ ਸੀ। ਉਸ ਨੂੰ ਡਰ ਸੀ ਕਿ ਨਲਨੀ ਦਿਲ ਹੀ ਦਿਲ ਵਿਚ ਮੇਰੀ ਘਬਰਾਹਟ ਤੇ ਹਸੇਗੀ। ਨਲਨੀ ਦੇ ਨਾਲ ਨਾਚ ਕਰਦਿਆਂ ਵੀਰੇਂਦਰ ਦੇ ਸਰੀਰ ਵਿਚ ਬਿਜਲੀ ਦੌੜ ਗਈ। ਓਸ ਨੂੰ ਏਸ ਤਰਾਂ ਜਾਪਦਾ ਸੀ ਜਿਵੇਂ ਓਹ ਹਵਾ ਵਿਚ ਉਡਦਾ ਜਾਂ ਰਿਹਾ ਹੈ। ਅਜ ਤਕ ਓਸ ਨੂੰ ਕਿਸੇ ਇਸਤ੍ਰੀ ਨੇ ਆਪਣੀ ਵਲ ਇਤਨਾ ਨਹੀਂ ਸੀ ਖਿਚਿਆ। ਨਾਚ ਦਾ ਸਾਰਾ ਸਮਾਂ ਇਕ ਸੁਪਨੇ ਦੀ ਤਰ੍ਹਾਂ ਲੰਘ ਗਿਆ।

ਵੀਰੇਂਦਰ ਘਰ ਵਲ ਜਾ ਰਿਹਾ ਸੀ ਤੇ ਸਾਰਾ ਰਸਤਾ ਓਸ ਦੀਆਂ ਅੱਖੀਆਂ ਅੱਗੇ ਏਹੋ ਖਿਆਲ ਫਿਰਦੇ ਰਹੇ । ਬਿਸਤਰੇ ਤੇ ਲੇਟਿਆ ਤਾਂ ਭੀ ਏਹੋ ਖਿਆਲ ਸਾਮਣੇ ਸਨ ਤੇ ਉਸ ਦਾ ਸਰੀਰ ਏਹਨਾਂ ਖਿਆਲਾਂ ਨਾਲ ਆਨੰਦ ਪ੍ਰਾਪਤ ਕਰ ਰਿਹਾ ਸੀ। ਹੁਣ ਤਕ ਨਲਨੀ ਦੇ ਪਤਲੇ ਤੇ ਨਸ਼ੀਲੇ ਹੋਠ ਮੁਸਕਾਨ ਦੇ ਪ੍ਰਭਾਵ ਨਾਲ ਅਧ-ਮੀਟੇ ਜਾਪਦੇ ਸਨ ਤੇ ਓਹਨਾਂ ਵਿਚ ਓਸ ਦੇ ਚਿੱਟੇ ਦੰਦ ਮੋਤੀਆਂ ਵਾਂਗ ਚਮਕ ਰਹੇ ਸਨ। ਉਸ ਦੀਆਂ ਮਸਤ ਅੱਖਾਂ ਬਾਕੀ ਦੇ ਨੱਚਣ ਵਾਲਿਆਂ ਨੂੰ ਬੇ-ਪ੍ਰਵਾਹੀ ਨਾਲ ਵੇਖ ਰਹੀਆਂ ਸਨ । ਓਹ ਘੜੀ ਮੁੜੀ ਸਿਰ ਨੂੰ ਇਸ ਤਰਾਂ ਝਟਕਦੀ ਸੀ, ਜਿਵੇਂ ਕਿ ਮੂੰਹ ਉੱਤੇ ਆਏ ਹੋਈ ਵਾਲਾਂ ਨੂੰ ਹਟਾ ਰਹੀ ਹੈ । ਅਜੇ ਤਕ ਓਸ ਦਾ ਸੁਗੰਧੀ ਭਰਿਆ ਸਵਾਸ

ਵੀਰੇਂਦਰ ਦੇ ਮੂੰਹ 'ਤੇ ਗਿੱਚੀ ਉਪਰ ਪੈਂਦਾ ਜਾਪਦਾ ਸੀ । ਓਸ ਦੇ ਸਰੀਰ ਵਿਚ ਘੜੀ ਮੁੜੀ ਬਿਜਲੀ ਜਹੀ ਦੌੜਦੀ ਤੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਸੀ। ਹੁਣ ਤਕ ਓਸ ਦਾ ਸਰੀਰ ਇਕ ਸੁੰਦਰ ਸਡੌਲ ਸਰੀਰ ਨੂੰ ਝਲੀ ਬੈਠਾ ਸੀ। ਸਾਰੀ ਰਾਤ ਓਸ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ ਤੇ ਹੈਰਾਨ ਕਰਨ ਵਾਲੇ ਸੁਪਨਿਆਂ ਵਿਚ ਨਲਨੀ ਨੂੰ ਹੀ ਵੇਖਦਾ ਰਿਹਾ ।

ਦਿਨ ਭਰ ਵੀਰੇਂਦਰ ਕੋਈ ਕੰਮ ਨਾ ਕਰ ਸਕਿਆ । ਸ਼ਾਮ ਨੂੰ ਓਹ ਫੇਰ ਨਾਚ ਘਰ ਵਿਚ ਗਿਆ, ਪਰ ਨਲਨੀ ਓਥੇ ਨਹੀਂ ਸੀ । ਬੜੀ ਕੋਸ਼ਸ਼ ਕਰਨ ਪਿਛੋਂ ਓਹ ਇਕ ਦਿਨ ਨਲਨੀ ਨੂੰ ਮਿਲਿਆ, ਪਰ ਸ਼ਰਮ ਦਾ ਮਾਰਿਆ ਆਪਣੇ ਦਿਲ ਦੀ ਕੋਈ ਗੱਲ ਨਾ ਕਰ ਸਕਿਆ । ਹੁਣ ਵੀਰੇਂਦਰ ਨੂੰ ਰਾਤ ਦਿਨ ਏਹੋ ਉਲਝਨ ਰਹਿੰਦੀ ਸੀ । ਇਕ ਵੇਰ ਜਦ ਓਸ ਨੇ ਬੜੀ ਹਿੰਮਤ ਕਰ ਕੇ ਨਲਨੀ ਨੂੰ ਆਪਣੇ ਪ੍ਰੇਮ ਦਾ ਹਾਲ ਦਸਿਆ, ਤਾਂ ਓਸ ਨੇ ਮੁਸਕ੍ਰਾਦਿਆਂ ਹੋਇਆਂ ਬੜੀ ਬੇਪ੍ਰਵਾਹੀ ਨਾਲ ਓਸ ਵਲ ਵੇਖਿਆ ਤੇ ਓਸ ਦੀਆਂ ਗੱਲਾਂ ਨੂੰ ਹਾਸੇ ਵਿਚ ਉਡਾ ਦਿਤਾ । ਇਹਨਾਂ ਦਿਨਾਂ ਵਿਚ ਨਲਨੀ ਦਾ ਇਕ ਹੋਰ ਸੋਹਣੇ ਨੌਜਵਾਨ ਐਕਟਰ ਨਾਲ ਦੋਸਤਾਨਾ ਸੀ । ਜਿਸ ਦਾ ਕੰਮ ਐਕਟਰੀ ਤੋਂ ਛੁਟ ਪ੍ਰੇਮ ਕਰਨਾ ਵੀ ਸੀ !

ਏਸ ਮਾਮੂਲੀ ਜਿਹੀ ਨਿਰਾਸਤਾ ਨੇ ਵੀਰੇਦਰ ਤੇ ਬਹੁਤ ਬੁਰਾ ਅਸਰ ਕੀਤਾ । ਓਸ ਦਾ ਸੁਭਾ ਪਹਿਲੇ ਹੀ ਗੁੱਸੇ ਵਾਲਾ ਸੀ ਪਰ ਹੁਣ ਹੋਰ ਵੀ ਵਧੇਰੇ ਹੋ ਗਿਆ । ਓਸ ਦਾ ਚਿਹਰਾ ਗ਼ਮਗੀਨ ਜਿਹਾ ਰਹਿਣ ਲਗ ਪਿਆ । ਛੇ ਮਹੀਨੇ ਏਸੇ ਪ੍ਰੇਸ਼ਾਨੀ ਵਿਚ ਬੀਤ ਗਏ । ਹਦ ਏਥੋਂ ਤਕ ਕਿ ਇਕ ਦਿਨ ਨਲਨੀ ਨੇ ਕੁਝ ਕੁ ਦੋਸਤਾਂ ਸਾਮ੍ਹਣੇ ਵੀਰੇਂਦਰ ਨੂੰ ਬੁਰੀ ਤਰ੍ਹਾਂ ਝਾੜ ਵੀ ਪਾ ਦਿਤੀ।

ਵੀਰੇਂਦਰ ਨੇ ਆਪਣੇ ਦਿਲ ਨੂੰ ਸਮਝਾਇਆ ਕਿ ਹੁਣ ਨਲਨੀ

ਨੂੰ ਮਿਲਨਾ ਵਿਅਰਥ ਹੈ। ਕਸਮ ਖਾਧੀ ਕਿ ਓਹ ਬਾਕੀ ਦਾ ਜੀਵਨ ਓਸ ਦੀ ਯਾਦ ਵਿਚ ਬਿਤਾ ਦੇਵੇਗਾ। ਕੁਝ ਚਿਰ ਪਿਛੋਂ ਵੀਰੇਂਦਰ ਨੇ ਆਪਣੀਆਂ ਕਵਿਤਾਵਾਂ ਦਾ ਛੋਟਾ ਜਿਹਾ ਸੰਗ੍ਰਹਿ ਪ੍ਰਕਾਸ਼ਤ ਕੀਤਾ, ਜਿਸ ਵਿਚ ਹਾਵਾ ਬਹੁਤ ਭਰਿਆ ਹੋਇਆ ਸੀ। ਇਹਨਾਂ ਸਾਰੀਆਂ ਕਵਿਤਾਵਾਂ ਵਿਚ ਓਸ ਨੇ ਆਪਣੀ ਨਾਮੁਰਾਦੀ ਦਾ ਹਾਲ ਬੜੇ ਦਰਦ ਨਾਕ ਲਫਜ਼ਾਂ ਵਿਚ ਬਿਆਨ ਕੀਤਾ ਸੀ। ਏਸ ਦੀ ਓਹ ਕਵਿਤਾ ਜੋ ਨਲਨੀ ਉਤੇ ਲਿਖੀ ਗਈ ਸੀ, ਬੜੀ ਪਸੰਦ ਕੀਤੀ ਗਈ। ਵੀਰੇਂਦਰ ਏਸ ਕਿਤਾਬ ਦੀ ਸਫਲਤਾ ਉੱਤੇ ਬੜਾ ਹੈਰਾਨ ਹੋਇਆ। ਜਿਸ ਦੀ ਓਸ ਨੂੰ ਬਿਲਕੁਲ ਆਸ ਨਹੀਂ ਸੀ। ਜਦੋਂ ਓਹ ਅਖਬਾਰਾਂ ਵਿਚ ਸ਼ਲਾਘਾ ਪੜ੍ਹਦਾ, ਤਾਂ ਹੈਰਾਨ ਰਹਿ ਜਾਂਦਾ। ਹੌਲੀ ਹੌਲੀ ਓਸ ਦੇ ਪ੍ਰੇਮ ਦਾ ਕਿੱਸਾ ਵੀ ਮਸ਼ਹੂਰ ਹੁੰਦਾ ਗਿਆ।

ਥੋੜੇ ਦਿਨਾਂ ਪਿਛੋਂ ਵੀਰੇਂਦਰ ਨੇ ਇਕ ਨਾਵਲ ਲਿਖਿਆ, ਜਿਸ ਨੇ ਉਸ ਦੀਆਂ ਕਵਿਤਾਵਾਂ ਤੋਂ ਵੱਧ ਸਫਲਤਾ ਪ੍ਰਾਪਤ ਕੀਤੀ। ਏਸ ਵਿਚ ਇਕ ਅਜਿਹੇ ਨੌਜਵਾਨ ਦਾ ਹਾਲ ਸੀ, ਜਿਸ ਨੂੰ ਪ੍ਰੇਮ ਵਿਚ ਦੁਖ ਉਠਾਉਣਾ ਪੈਂਦਾ ਹੈ ਤੇ ਓਸ ਦਾ ਜੀਵਨ ਬੜਾ ਦੁਖਦਾਈ ਹੋ ਜਾਂਦਾ ਹੈ। ਇਸ ਵਿਚ ਔਰਤਾਂ ਦੀ ਪੱਥਰ ਦਿਲੀ ਤੇ ਆਪਣੀ ਚੋਣ ਦੇ ਵਿਰੁਧ ਜ਼ਹਿਰ ਉਗਲਿਆ ਹੋਇਆ ਸੀ । ਕਿਤਾਬ ਦਾ ਆਖਰੀ ਹਿੱਸਾ ਜਿਸ ਵਿਚ ਓਹ ਬਿਲਕੁਲ ਨਿਰਾਸ਼ ਹੋ ਕੇ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਹੈ, ਬੜਾ ਹੀ ਸ਼ਾਨਦਾਰ ਸੀ । ਜਿਸ ਵੇਲੇ ਜ਼ਹਿਰ ਓਸ ਦੇ ਸਰੀਰ ਵਿਚ ਅਸਰ ਕਰ ਰਿਹਾ ਹੁੰਦਾ ਹੈ, ਤਾਂ ਓਸ ਵੇਲੇ ਓਹ ਆਪਣੀ ਪ੍ਰੇਮਕਾ ਨੂੰ ਯਾਦ ਕਰਦਾ ਹੈ ਤੇ ਬੜੇ ਪਿਆਰੇ ਸ਼ਬਦਾਂ ਵਿਚ ਓਸ ਨੂੰ ਆਉਣ ਵਾਸਤੇ ਸੱਦਾ ਦੇਂਦਾ ਹੈ। ਏਸ ਨਾਵਲ ਵਿਚ ਵੀਰੇਂਦਰ ਨੇ ਆਪਣਾ ਹੀ ਹਾਲ ਲਿਖਿਆ ਸੀ। ਏਸ ਦੇ ਪ੍ਰਕਾਸ਼ਤ ਹੋਣ ਤੇ ਉਸ ਦਾ ਨਾਂ ਮਸ਼ਹੂਰ ਲਿਖਾਰੀਆਂ ਵਿਚ ਗਿਣਿਆ ਜਾਣ ਲਗ ਪਿਆ ।

ਵੀਰੇਂਦਰ ਦੇ ਸਾਰੇ ਨਾਵਲਾਂ, ਕਹਾਣੀਆਂ ਤੇ ਨਾਟਕਾਂ ਦੀ ਨੀਂਹ ਨਿਰਾਸਤਾ, ਨਾ-ਮੁਰਾਦੀ, ਬੇ-ਬਸੀ ਤੇ ਹੋਰ ਏਸੇ ਤਰਾਂ ਦੇ ਖਿਆਲਾਂ ਤੇ ਹੁੰਦੀ ਸੀ। ਉਹ ਨਿਰਾਸਤਾ ਤੇ ਖਾਸ ਕਰ ਕੇ ਪ੍ਰੇਮ ਵਿਚ ਅਸਫਲਤਾ ਦੇ ਜਜ਼ਬੇ ਨੂੰ ਸਾਮਣੇ ਰਖ ਕੇ ਲਿਖਣ ਵਿਚ ਲਾ ਜਵਾਬ ਲਿਖਾਰੀ ਸੀ। ਇਹ ਸਭ ਕੁਝ ਉਸ ਨਲਨੀ ਦੀ ਬਦੌਲਤ ਸੀ, ਜਿਸ ਦੀ ਯਾਦ ਵੀਰੇਂਦਰ ਨੂੰ ਕਦੀ ਵੀ ਨਹੀਂ ਸੀ ਭੁਲਦੀ। ਨਾਚ ਘਰ ਦੀ ਓਹ ਰਾਤ ਓਸ ਵਾਸਤੇ ਇਕ ਸੋਹਣਾ ਸੁਪਨਾ ਬਣ ਗਈ। ਬੇਸ਼ਕ ਹੁਣ ਉਹ ਨਲਨੀ ਨੂੰ ਮਿਲਦਾ ਨਹੀਂ, ਪਰ ਫੇਰ ਵੀ ਓਸ ਦੀਆਂ ਗੱਲਾਂ ਏਧਰੋਂ ਓਧਰੋਂ ਸੁਣਦਾ ਰਹਿੰਦਾ ਸੀ।

ਓਸ ਨੂੰ ਐਉਂ ਜਾਪਦਾ ਸੀ ਕਿ ਐਕਟਰ ਦੇ ਨਾਲ ਨਲਨੀ ਦਾ ਪ੍ਰੇਮ ਇਕ ਸਾਲ ਤੋਂ ਵਧੇਰੇ ਸਮਾਂ ਨਹੀਂ ਰਹਿ ਸਕਦਾ, ਕਿਉਂਕਿ ਓਸ ਸਮੇਂ ਵਿਚ ਓਹ ਆਪਣੀ ਦੌਲਤ ਤੇ ਇਜ਼ਤ ਹਦ ਤੋਂ ਜ਼ਿਆਦਾ ਗਵਾ ਚੁਕੀ ਸੀ।

ਫੇਰ ਓਸ ਨੇ ਇਕ ਅਯਾੱਸ਼ ਆਦਮੀ ਨਾਲ ਵਿਆਹ ਕਰ ਲਿਆ, ਜਿਸ ਦਾ ਨਾਂ ਸੁਰੇਂਦਰ ਸੀ। ਅਯਾਸ਼ੀ ਤੇ ਸ਼ਰਾਬ ਖੋਰੀ ਨੇ ਓਸ ਨੂੰ ਕੁਛ ਸਮਾਂ ਹੀ ਜ਼ਿੰਦਾ ਰਹਿਣ ਦਿਤਾ। ਪਤੀ ਦੀ ਮੌਤ ਪਿਛੋਂ ਓਸ ਨੇ ਮਿਸਜ਼ ਸੁਰੇਂਦਰ ਬਦਲ ਕੇ ਆਪਣਾ ਨਾਂ ਫੇਰ ਨਲਨੀ ਹੀ ਰਖ ਲਿਆ। ਹੁਣ ਓਸਦਾ ਜੀਵਨ ਰੁਖਾ ਰੁਖਾ ਹੋ ਗਿਆ। ਓਸ ਨੇ ਕਈ ਆਦਮੀਆਂ ਨਾਲ ਪ੍ਰੇਮ ਕੀਤਾ ਤੇ ਸਭ ਤੋਂ ਛੇਕੜਲੇ ਪ੍ਰੇਮੀ ਨੇ ਓਸ ਨਾਲ ਬੜਾ ਧੋਖਾ ਕੀਤਾ|

ਵੀਰੇਂਦਰ ਨੇ ਇਹ ਸਭ ਕੁਝ ਏਧਰੋਂ ਓਧਰੋਂ ਹੀ ਸੁਣਿਆ ਸੀ ਪਰ ਓਸ ਦੇ ਪ੍ਰੇਮ ਵਿਚ ਜ਼ਰਾ ਜਿੰਨੀ ਵੀ ਵਿਥ ਨਾ ਪਈ। ਓਹ ਓਸ ਨੂੰ ਓਸੇ ਤਰ੍ਹਾਂ ਪਿਆਰ ਕਰਦਾ ਸੀ ਤੇ ਆਪਣੀ ਨਿਰਾਸਤਾ ਦੇ ਗੀਤ ਓਸੇ ਤਰ੍ਹਾਂ ਗਾਉਂਦਾ ਸੀ। ਅੱਜ ਅਚਾਨਕ............ਓਹ ਓਸ ਦੇ ਦਰ ਤੇ ਆ ਖੜੀ ਹੋਈ।

ਵੀਰੇਂਦਰ ਨੇ ਅੱਜ ਓਸ ਨੂੰ ਥੀਏਟਰ ਵਿਚ ਵੇਖਿਆ ਸੀ। ਸੋਚਣ ਲਗਾ ਏਸ ਨੂੰ ਖੇਲ ਵੇਖ ਕੇ ਮੇਰਾ ਖਿਆਲ ਆਇਆ ਹੋਵੇਗਾ ਤੇ ਆਪਣੀ ਭੁਲ ਨੂੰ ਅਨੁਭਵ ਕਰਦਿਆਂ ਹੋਇਆਂ ਏਸ ਨੇ ਸੋਚਿਆ ਹੋਵੇਗਾ ਕਿ ਮੈਂ ਐਨਾ ਚਿਰ ਇਕ ਐਸੇ ਆਦਮੀ ਕੋਲੋਂ ਕਿਉਂ ਪਰੇ ਰਹੀ ਜੋ ਮੈਨੂੰ ਚਾਹੁੰਦਾ ਤੇ ਮੇਰੇ ਤੇ ਜਾਨ ਤਕ ਵਾਰਨ ਨੂੰ ਤਿਆਰ ਹੈ। ਇਹ ਖਿਆਲ ਕਰ ਕੇ ਓਹ ਏਥੇ ਆਈ ਹੋਵੇਗੀ ਤੇ ਹੁਣ ਮੇਰੇ ਬੂਹੇ ਤੇ ਖੜੀ ਹੈ।

ਵੀਰੇਂਦਰ ਮੁਲਾਕਾਤੀ ਕਾਰਡ ਹੱਥ ਵਿਚ ਲੈ ਕੇ ਸੋਚ ਰਿਹਾ ਸੀ। ਜਿਸ ਦਾ ਸਨਹਿਰੀ ਸੁਪਨਾ ਓਸ ਵਾਸਤੇ ਇਕ ਅਨਹੋਣੀ ਗੱਲ ਸੀ ਕੀ ਓਹ ਪੂਰਾ ਹੋ ਗਿਆ ? ਨਲਨੀ ਓਸ ਦੇ ਦਰ ਤੇ ਖੜੀ ਹੈ। ਓਹ ਹਮੇਸ਼ਾਂ ਇਹੋ ਚਾਹੁੰਦਾ ਸੀ ਤੇ ਸਾਰੀ ਉਮਰ ਉਸ ਨੂੰ ਏਸ ਗੱਲ ਦੀ ਚਾਹ ਰਹੀ, ਪਰ ਓਸ ਨੂੰ ਪੂਰਾ ਹੋ ਜਾਣ ਦੀ ਆਸ ਨਹੀਂ ਸੀ। ਨਲਨੀ ਦੇ ਆਉਣ ਨੇ ਓਸ ਦੇ ਜੀਵਨ ਵਿਚ ਤਬਦੀਲੀ ਲਿਆ ਦਿਤੀ।

ਓਸ ਨੇ ਸੋਚਿਆ ਕਿ ਮੈਂ ਆਪਣੇ ਜੀਵਨ ਦੀ ਨੀਂਹ ਨਿਰਾਸਤਾ ਤੇ ਅਸਫਲਤਾ ਤੇ ਰਖੀ ਹੈ। ਏਸੇ ਖਿਚ ਵਿਚ ਮੈਂ ਆਪਣੀਆਂ ਕਵਿਤਾਵਾਂ ਤੇ ਕਹਾਣੀਆਂ ਲਿਖੀਆਂ ਹਨ। ਹੁਣ ਮੈਂ ਇਕ ਮਸ਼ਹੂਰ ਲਿਖਾਰੀ ਹਾਂ। ਮੇਰੇ ਪ੍ਰੇਮ ਦੀ ਅਸਫਲਤਾ ਦੀ ਕਹਾਣੀ ਹਰ ਇਕ ਦੀ ਜ਼ਬਾਨ ਤੇ ਹੈ। ਕੀ ਹੁਣ ਨਲਨੀ ਨੂੰ ਮਿਲ ਕੇ ਆਪਣੇ ਜੀਵਨ ਦੇ ਬੁਨਿਆਦੀ ਪੱਥਰ ਨੂੰ ਉਖਾੜ ਦਿਆਂ, ਜਿਸ ਦੀ ਸ਼ਾਨਦਾਰ ਚਿਣਾਈ ਮੈਂ ਆਰਜ਼ੂਆਂ ਦੇ ਖੂਨ ਨਾਲ ਕੀਤੀ ਹੈ, ਉਸ ਨੂੰ ਢਾਹ ਦਿਆਂ? ਆਪਣੀ ਨਿਰਾਸਤਾ ਨੂੰ ਖ਼ਤਮ ਕਰ ਦਿਆਂ? ਨੌਕਰ ਤਸ਼ਤਰੀ ਹੱਥ ਵਿਚ ਲਈ ਚੁੱਪ ਚਾਪ ਖੜਾ ਸੀ। ਵੀਰੇਂਦਰ ਦੀ ਡੂੰਘੀ ਸੋਚ ਨੇ ਓਸ ਨੂੰ ਕੁਛ ਹੈਰਾਨ ਕਰ ਦਿਤਾ। ਓਹ ਇਕ ਦੋ ਵਾਰ ਹੌਲੀ ਜਹੀ ਖੰਘਿਆ, ਪਰ ਵੀਰੇਂਦਰ ਨੇ ਕੁਛ ਖਿਆਲ ਨਾ ਕੀਤਾ ਅਤੇ ਉਸ ਨੇ ਹੌਲੀ ਜਿਹੀ ਕਿਹਾ-"ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"

ਵੀਰੇਂਦਰ ਨੂੰ ਬਹੁਤਾ ਸੋਚਣ ਤੇ ਕੁਛ ਨਫਰਤ ਤੇ ਗੁੱਸਾ ਸੀ। ਜਿਸ ਚੀਜ਼ ਵਾਸਤੇ ਮੁੱਦਤਾਂ ਤੋਂ ਕੋਸ਼ਸ਼ ਵਿਚ ਰਿਹਾ, ਜਦੋਂ ਓਹ ਮਿਲ ਰਹੀ ਹੈ, ਤਾਂ ਓਸ ਨੂੰ ਲੈਣ ਦੀ ਹਿੰਮਤ ਨਹੀਂ। ਹੁਣ ਉਸ ਨੂੰ ਪਤਾ ਲਗਾ ਕਿ ਓਸ ਦਾ ਜੀਵਨ ਕਿਡਾ ਵੱਡਾ ਫਰੇਬ ਹੈ ਤੇ ਓਹ ਕਿਵੇਂ ਹੁਣ ਤਕ ਆਪਣੇ ਆਪ ਨੂੰ ਧੋਖਾ ਦੇਂਦਾ ਰਿਹਾ ਹੈ। ਓਸ ਨੂੰ ਆਪਣੀ ਨਿਰਾਸਤਾ ਵਾਸਤੇ ਇਕ ਬਹਾਨੇ ਦੀ ਲੋੜ ਸੀ। ਹੁਣ ਓਸ ਵਿਚ ਏਨੀ ਹਿੰਮਤ ਨਹੀਂ ਸੀ ਕਿ ਨਲਨੀ ਨੂੰ ਪ੍ਰਵਾਨ ਕਰ ਕੇ ਆਪਣੇ ਜੀਵਨ ਨੂੰ ਬਦਲ ਦੇਵੇ।

ਨੌਕਰ ਨੇ ਫੇਰ ਕਿਹਾ- “ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"

ਵੀਰੇਂਦਰ ਨੇ ਮੁਲਾਕਾਤੀ ਕਾਰਡ ਤਸ਼ਤਰੀ ਵਿਚ ਰਖ ਦਿਤਾ ਤੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਵੇਖਣ ਲਗ ਪਿਆ| ਕੰਘੀ ਨੂੰ ਵਾਲਾਂ ਵਿਚ ਫੇਰਦਾ ਹੋਇਆ ਉਹ ਕਹਿ ਰਿਹਾ ਸੀ-

"ਜੋ ਤੀਵੀਂ ਬਾਹਰ ਖੜੀ ਹੈ, ਓਸ ਨੂੰ ਕਹਿ ਦਿਓ ਕਿ ਮੈਂ ਓਸ ਨੂੰ ਨਹੀਂ ਮਿਲ ਸਕਦਾ।"