ਇਉਂ ਕਹਿੰਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ। ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸੁਆਰਨ ਦਾ ਖ਼ਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੋਥ ਪਈ ਰੁਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ; ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ। ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ। ਘਾਬਰ ਕੇ ਉਠੇ। ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅੱਜ ਦੀ ਲੁੱਟ ਕੁਝ ਥੋੜ੍ਹੀ ਨਹੀਂ ਸੀ, ਜੋ ਆਪਣੇ ਖੀਸੇ ਭਰਕੇ ਫੇਰ ਐਤਨੀ ਸੀ ਕਿ ਆਪਣੇ ਜਮਾਂਦਾਰ ਨੂੰ ਵੱਢੀ ਦੇ ਕੇ ਖ਼ੁਸ਼ ਕਰ ਲਵੇ। ਇੰਨੇ ਨੂੰ ਲਾਗੇ ਦੀ ਗੜ੍ਹੀ ਦੇ ਕੁਝ ਸਿਪਾਹੀ ਆ ਗਏ ਅਰ ਸਾਰੇ ਜਣੇ ਸਿਖ ਦੀ ਕਾਰ ਨੂੰ ਦੇਖ ਦੇਖ ਅਚੰਭਾ ਹੁੰਦੇ ਸਨ ਤੇ ਕਹਿੰਦੇ ਸਨ ਵਾਹ ਸਿਖੋਂ ਵਾਹ! ਤੁਹਾਡੀ ਮਰਦਾਨਗੀ ਨੂੰ ਸ਼ਾਬਾਸ਼ ਹੈ।

ਕਾਂਡ ੬।

ਜਦ ਬਿਜੈ ਸਿੰਘ ਘਰੋਂ ਨਿਕਲਿਆ ਸੀ, ਤਦ ਉਸਦੀ ਮਾਂ ਛੁਰੀ

-੩੪-

ਖਾ ਕੇ ਡਿੱਗ ਪਈ ਸੀ। ਘਾਉ ਲੱਗਾ ਤਾਂ ਪੇਟ ਵਿਚ ਸੀ, ਪਰ ਉਹ ਕਾਰੀ ਨਹੀਂ ਸੀ। ਚੂਹੜ ਮਲ ਵਹੁਟੀ ਤੇ ਗੁਸੇ ਤਾਂ ਬਹੁਤ ਸੀ; ਪਰ ਉਸ ਦੀ ਅਕਲ ਦੇ ਕਾਰਨ ਉਹ ਇਕ ਤਰ੍ਹਾਂ ਉਸ ਦੇ ਹੇਠ ਵਗਦਾ ਸੀ, ਉਂਞ ਕਈ ਭਬਕਾਂ ਬੜ੍ਹਕਾਂ ਭਾਵੇਂ ਮਾਰ ਲੈਂਦਾ ਸੀ ਤੇ ਉਸ ਨੂੰ ਗੁੱਸੇ ਵੀ ਹੋ ਲੈਂਦਾ ਸੀ ਪਰ ਇਹ ਤ੍ਰੀਮਤ ਐਸੀ ਦਾਨੀ ਸੀ ਕਿ ਰਾਜਸੀ ਮਾਮਲਿਆਂ ਵਿਚ ਬੀ ਪਤੀ ਨੂੰ ਕਈ ਵੇਰ ਸਿਖ੍ਯਾ ਦਿੰਦੀ ਹੁੰਦੀ ਸੀ ਅਰ ਇਸ ਦੀ ਵਡਿਆਈ ਬਨਾਉਣ ਦਾ ਕਾਰਨ ਹੁੰਦੀ, ਇਸ ਕਰ ਕੇ ਘਰ ਵਿਚ ਬੜੀ ਲੋੜੀਦੀਂ ਦਾਨੀ ਤ੍ਰੀਮਤ ਸਮਝੀ ਜਾਂਦੀ ਸੀ। ਇਸ ਦੇ ਘਾਇਲ ਹੋਣ ਪਰ ਬੜੇ ਹਕੀਮ ਸੱਦੇ ਗਏ, ਮਹੀਨੇ ਕੁ ਵਿਚ ਜ਼ਖ਼ਮ ਠੀਕ ਹੋ ਕੇ ਰਾਜ਼ੀ ਹੋ ਗਏ, ਪਰ ਪਿਆਰੇ ਪੁਤ੍ਰ ਦਾ ਵਿਛੋੜਾ ਮਾਂ ਨੂੰ ਇਕ ਨਿੱਤ ਦਾ ਸੱਲ ਦੇ ਗਿਆ, ਮਾਨੋਂ ਇਸ ਦੇ ਦਿਲ ਵਿਚ ਸਦਾ ਬਲਣੇ ਵਾਲੀ ਚਿਖ਼ਾ ਬਾਲ ਗਿਆ। ਮਾਈ ਘਰ ਦੇ ਕੰਮ ਕਾਜ ਕਰਦੀ, ਪਰ ਪੁਤ੍ਰ ਨੂੰ ਯਾਦ ਕਰਕੇ ਹਾਉਕੇ ਲੈਂਦੀ ਰਹਿੰਦੀ। ਉਸਦੇ ਪਾਠ ਕਰਨੇ ਦੀ ਵੈਰਾਗ-ਮਈ ਧਾਰਨਾ ਉਸ ਦੇ ਕੰਨਾਂ ਵਿਚ ਹਰ ਵੇਲੇ ਗੂੰਜਦੀ ਜਾਪਦੀ। ਗੁਆਂਢ ਵਿਚ ਇਕ ਬਾਲਕ ਜਪੁਜੀ ਦਾ ਪਾਠ ਠੀਕ ਬਿਜੈ ਸਿੰਘ ਵਾਂਙੂ ਕਰਦਾ ਹੁੰਦਾ ਸਾਂ, ਉਸ ਦੀ ਆਵਾਜ਼ ਐਸੀ ਪਿਆਰੀ ਲੱਗੀ ਕਿ ਇਸ ਨੇ ਚੋਰੀ ਚੋਰੀ ਲਿਖਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਰੀ ਨੂੰ ਚੋਖੀ ਮਾਯਾ ਭੇਟਾ ਦੇ ਕੇ ਆਪਣੇ ਘਰ ਲੁਕਵੇਂ ਥਾਂ ਸਥਾਪਨ ਕੀਤਾ ਅਰ ਉਸ ਬਾਲਕ ਦੀ ਪਾਲਣਾ ਆਪਣੇ ਜ਼ਿੰਮੇ ਲੈ ਕੇ ਉਸ ਤੋਂ ਪਾਠ ਸੁਣਨੇ ਦਾ ਨੇਮ ਕਰ ਲਿਆ। ਇਸ ਪ੍ਰਕਾਰ ਰੋਜ਼ ਦੇ ਪਾਠ ਸੁਣਨ ਨੇ ਇਸ ਦੇ ਮਨ ਨੂੰ ਸੰਸਾਰਕ ਬੁੱਧੀ ਤੋਂ ਪ੍ਰੇਰਕੇ ਧਾਰਮਕ ਚੱਕਰ ਫੇਰਿਆ, ਅਰ ਬਿਜੈ ਸਿੰਘ ਅਗੇ ਤੋਂ ਬੀ ਵਧੀਕ ਪਿਆਰਾ ਲੱਗਣ ਲੱਗਾ, ਅਰ ਉਸਦੇ ਕੇਸ ਰੱਖਣੇ, ਜਿਨ੍ਹਾਂ ਨੂੰ ਪਹਿਲੇ ਇਸ ਨੇ ਮੂਰਖਤਾ ਜਾਤਾ ਸੀ, ਹੁਣ ਚੰਗੇ ਲੱਗਣ ਲੱਗ ਪਏ। ਆਪਣੇ ਮਨ ਦੀ ਸਫਾਈ ਨੇ ਰੰਗ ਦਿਖਾਇਆ। ਹੁਣ ਦਿਨ ਰਾਤ ਇਹ ਸੋਚਾਂ ਰਹਿਣ ਲੱਗੀਆਂ ਕਿ ਕਿਵੇਂ ਪੁੱਤਰ ਦੀ ਖ਼ਬਰ ਮਿਲੇ? ਬਹੁਤ ਸੋਚ ਫਿਕਰ ਦੇ ਮਗਰੋਂ ਘਰ ਦਾ ਪਰੋਹਤ ਹੀ ਇਸ ਨੂੰ ਯੋਗ ਪੁਰਖ

-੩੫-

ਮਲੂਮ ਹੋਇਆ। ਭਾਵੇਂ ਉਸ ਦੀਆਂ ਚਲਾਕੀਆਂ ਜਾਣਦੀ ਸੀ, ਪਰ ਇਸ ਐਬ ਨੂੰ ਧਨ ਦੇ ਲਾਲਚ ਨਾਲ ਜਿੱਤ ਲੈਣਾ ਉਸ ਦੇ ਨਿਸਚੇ ਵਿਚ ਸੀ, ਸੋ ਪੁਰੋਹਤ ਜੀ ਨੂੰ ਸੱਦ ਕੇ ਆਨੇ ਬਹਾਨੇ ਬਹੁਤ ਸਾਰਾ ਧਨ ਦਿੱਤਾ। ਛੇਕੜ ਇਹ ਗੱਲ ਸੁਣਾਈ ਕਿ ਤੁਸੀਂ ਮੇਰੇ ਪੁਤ੍ਰ ਦਾ ਪਤਾ ਕੱਢ ਦਿਓ ਅਰ ਉਸ ਨੂੰ ਕੁਝ ਧਨ ਜੋ ਮੈਂ ਦੋਵਾਂ ਪੁਚਾ ਦੇਵੋ ਅਰ ਕਹੋ ਕਿ ਕਿਸੇ ਪਹਾੜ ਵਿਚ ਬੈਠ ਕੇ ਗੁਜ਼ਾਰਾ ਕਰ ਲਵੇ, ਜਦ ਇਹ ਤੂਫਾਨ ਹਟ ਜਾਣਗੇ ਤਾਂ ਫੇਰ ਮੈਂ ਦੇਸ ਸਦਵਾ ਲਵਾਂਗੀ।

ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖ੍ਯਾਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ ਅਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ। ਸੁਆਣੀ ਜੀ ਨੇ ਕੋਈ ਦੋ ਹਜ਼ਾਰ ਰੁਪੱਯਾ ਪੰਡਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ ਪੰਦਰਾਂ ਕੁ ਦਿਨ ਮਗਰੋਂ ਪੰਡਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਬਿਜੈ ਸਿੰਘ ਦਾ ਪਤਾ ਕੱਢ ਲਿਆ ਹੈ। ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ ਹਜ਼ਾਰ ਕੁ ਮੋਹਰ ਪੰਡਤ ਹੁਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁਤ੍ਰ ਨੂੰ ਪੁਚਾ ਦਿਓ। ਪੰਡਤ ਜੀ ਨੇ ਉਸ ਦੀ ਚੰਗੀ ਤਰ੍ਹਾਂ ਤਸੱਲੀ ਬਨ੍ਹਾਈ। ਗਊ ਮਾਤਾ ਜ਼ਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ। ਇਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿਤਾ ਅਰ ਦੂਸਰੇ ਦਿਨ ਢੰਡ ਵਿਚ ਟੁਰ ਪਏ।

ਦੇਸ਼ ਵਿਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖ਼ਾਸ ਕਰ ਬਾਰੀ ਦੁਆਬ ਵਿਚ ਪਰ ਮੰਨੂੰ ਵੱਲੋਂ ਬੀ ਬੜੀ ਸਖ਼ਤੀ ਤੇ ਕਤਲ ਹੋ ਰਹੀ ਸੀ। ਲਾਹੌਰ ਵਿਚ ਆਏ ਦਿਨ ਸਿਖ ਮਾਰੇ ਜਾਂਦੇ ਸਨ*। ਘਰ ਘਰ ਇਨ੍ਹਾਂ ਗੱਲਾਂ ਦਾ ਚਰਚਾ ਸੀ। ਮੰਨੂੰ ਨੂੰ ਅਦੀਨਾਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਚੁੱਕਦਾ ਹੈ ਸੋ ਉਸ ਨੂੰ ਹੁਕਮ ਗਿਆ ਸੀ ਕਿ ਤੂੰ ਇਨ੍ਹਾਂ ਦਾ ਖੁਰਾ


*ਦੇਖੋ ਤਾਰੀਖ ਪੰਜਾਬ ਲਿਖਤ, ਸੱਯਦ ਮੁਹੰਮਦ ਲਤੀਫ਼।

-੩੬-

ਖੋਜ ਮਿਟਾ ਦੇ। ਬਿਜੈ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦੀ ਹੁੰਦੀ ਸੀ। ਕਿਉਂਕਿ ਪਿਆਰੇ ਪੁਤ੍ਰ ਦੀ ਲਿਵ ਉਸਦੇ ਜੀ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ, ਇਸ ਦੀ ਇਹ ਦਸ਼ਾ ਵੇਖਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫੇਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ। ਕਿ ਏਹ ਸੱਚ ਹਨ ਕਿ ਨਹੀਂ? ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿੱਚੋਂ ਕਿਣਕਾ ਮਾਤ੍ਰ ਹਨ, ਇਥੇ ਲਿਖਦੇ ਹਾਂ:-

ਗੋਲੀ-ਸੁਆਣੀ ਜੀ! ਅਜ ਬੜਾ ਉਪੱਦਰ ਹੋਇਆ।

ਸੁਆਣੀ-ਹੈਂ! ਕੀ ਹੋਇਆ?

ਗੋਲੀ-ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੋ ਭੁਖੇ ਬਾਘ ਛਡੇ ਗਏ,ਅਰ ਦੋ ਸਿੱਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ। ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੋਟੀ ਬੋਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ, ਸ੍ਰੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ।

ਸੁਆਣੀ-ਤੇ ਓਥੇ ਹੋਰ ਕੋਈ ਨਹੀਂ ਸੀ?

ਗੋਲੀ-ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ। ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੋਂ ਖਿੜ ਖਿੜਾਕੇ ਹੱਸਦੇ ਸਨ।

ਸੁਆਣੀ (ਠੰਢਾ ਸਾਹ ਭਰਕੇ)-ਵਿਨਾਸ਼ ਕਾਲੋਚ ਵਿਪ੍ਰੀਤ ਬਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ। ਲਾਲ! ਤੈਨੂੰ ਤੱਤੀ ਵਾ ਨਾ ਲੱਗੇ।

ਗੋਲੀ-ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫਿਕਰ ਨਾ ਕਰੋ।

ਸੁਆਣੀ-ਭਲਾ ਉਨ੍ਹਾਂ ਸਿੱਖਾਂ ਵਿਚ ਕੋਈ ਖੱਤਰੀ ਭੀ ਸੀ?


*ਜੇ ਕਿਸੇ ਦਾ ਨਾਸ਼ ਹੋਣ ਦਾ ਸਮਾਂ ਆਵੇ ਤਾਂ ਪਹਿਲਾਂ ਉਸ ਦੀ ਬੁਧਿ ਮਾੜੀ ਜਾਂਦੀ ਹੈ।

-੩੭-

ਗੋਲੀ-ਨਹੀਂ ਜੀ, ਪਰ ਸਿਖਾਂ ਵਿਚ ਤਾਂ ਸਾਰੇ ਇਕੋ ਜਿਹੇ ਲਗਦੇ ਹਨ, ਕੋਈ ਜੱਟ ਕੋਈ ਖੱਤਰੀ ਦਾ ਵੇਰਵਾ ਤਾਂ ਨਹੀਂ ਦਿੱਸਦਾ, ਸਾਰੇ ਲੰਮੇ, ਚੌੜੇ ਤੇ ਸੱਚੇ ਹੁੰਦੇ ਹਨ ਅਰ ਡਾਢੇ ਬਹਾਦਰ! ਖਬਰੇ ਇਨ੍ਹਾਂ ਦੀ ਕੋਈ ਜਾਤ ਭੀ ਹੁੰਦੀ ਹੈ ਕਿ ਨਹੀਂ?

ਸੁਆਣੀ-ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ, ਕਦੀ ਪਾਟੀਆਂ ਕੰਧਾਂ ਪੁਰ ਭੀ ਛੱਤ ਟਿਕੀ ਹੈ? ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ।

ਇਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸੁਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ:-

‘ਲਾਡਾਂ ਪਾਲਿਆ ਲਾਲ ਦੁਲਾਰਾ ਛੱਡ ਸਿਧਾਯਾ ਮੈਨੂੰ।

ਟੁਕੜੇ ਟੁਕੜੇ ਹਿਰਦਾ ਹੋਇਆ ਖੋਲ੍ਹ ਦੱਸਾਂ ਕੀ ਤੈਨੂੰ।’

ਮੈਨੂੰਇੰਨੇ ਨੂੰ ਕੁਲਪਤ ਰਾਇ ਨਾਜ਼ਮ ਦੀ ਵਹੁਟੀ ਦੀ ਡੌਲੀ ਆ ਗਈ ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ ਕਿਸੇ ਦੇ ਪੁੱਤ੍ਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ* ਦੇ ਜੁੱਧ ਦੀ ਭਯਾਨਕ ਕਹਾਣੀ ਐਉਂ ਦਿੱਤੀ:-

ਨਾਜ਼ਮਣੀ-ਭੈਣ ਜੀ! ਸਿੱਖਾਂ ਵਿਚਾਰਿਆਂ ਦੇ ਭਾ ਦੀ ਡਾਢੀ ਆ ਬਣੀ ਹੈ। ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਨ੍ਹਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਡੇ ਖੜੇ ਹੋ ਗਏ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਜੁੱਧ ਵਿਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤਕ ਦਾ ਇਲਾਕਾ ਮੱਲ ਲਿਆ ਸੀ ਤੇ ਫੇਰ ਗਸ਼ਤੀ ਫ਼ੌਜ ਨੇ ਉਨ੍ਹਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛੁਪ ਕੇ


*ਮਾਖੋਵਾਲ ਦੇ ਜੁੱਧ ਦਾ ਹਾਲ ਜੇਮਜ਼ ਬ੍ਰਾਊਨ, ਮੈਲਕਮ, ਗ੍ਰਿਫਨ, ਕਨਿੰਘਮ ਅਰ ਮੁਹੰਮਦ ਲਤੀਫ ਨੇ ਆਪਣੇ ਇਤਿਹਾਸਾਂ ਵਿਚ ਲਿਖਿਆ ਹੈ।

-੩੮-

ਨਿਕਲ ਗਏ ਤੇ ਬਨੀਂ ਪਹਾੜਾਂ ਜਾ ਵੱਸੇ। ਜੋ ਗਸ਼ਤੀ ਫੌਜ ਦੀ ਦੁਰਦਸ਼ਾ ਸਿੱਖਾਂ ਨੇ ਛਾਪੇ ਮਾਰ ਮਾਰਕੇ, ਰਾਤਾਂ ਚੀਰ ਚੀਰਕੇ ਕੀਤੀ ਹੈ ਉਹ ਹੀ ਜਾਣਦੇ ਹਨ, ਜਿਨ੍ਹਾਂ ਦੇ ਸਿਰ ਬੀਤੀ ਹੈ। ਬੁੱਢੇ ਕੋਟ ਲਾਗੇ ਸਤਲੁਜ ਦੀ ਬੇਟ ਵਿਚ ਸਿੰਘਾਂ ਦਾ ਮੋਮਨ ਖਾਂ ਨਾਲ ਭਾਰੀ ਘਮਸਾਨ ਮੱਚਿਆ ਸੀ, ਜਿਸ ਵਿਚ ਚੰਗੇ ਚੰਗੇ ਤੁਰਕ ਜੋਧੇ ਖੇਤ ਹੋਏ ਪਰ ਛੇਕੜ ਸਿੰਘ ਇਨ੍ਹਾਂ ਦਾ ਨਾਸ਼ ਕਰਕੇ ਚੁਪ ਕੀਤੇ ਹੱਥ ਵਿਚੋਂ ਸਾਬਣ ਦੀ ਚੱਕੀ ਵਾਂਗ ਤਿਲਕ ਗਏ। ਇਸ ਤੋਂ ਮਗਰੋਂ ਕਈ ਉਪੱਦਰ ਹੋਏ। ਸੁਣਿਆ ਹੈ ਕਿ ਜਲੰਧਰ ਦੇ ਨਵਾਬ ਆਦੀਨਾ ਬੇਗ ਨੇ ਆਪਣੇ ਉਨ੍ਹਾਂ ਸ਼ੱਕਾਂ ਦੇ ਦੂਰ ਕਰਨੇ ਲਈ, ਜੋ ਲਾਹੌਰ ਦੀ ਸਰਕਾਰ ਨੂੰ ਉਸ ਪੁਰ ਸਨ, ਸਿਖਾਂ ਨਾਲ ਵਡਾ ਧਰੋਹ ਕੀਤਾ ਹੈ। ਉਤੋਂ ਦੀ ਉਨ੍ਹਾਂ ਨਾਲ ਮਿੱਠਾ ਬਣਿਆ ਹੈ ਤੇ ਵਿਚੋਂ ਦਾਉ ਤੱਕਦਾ ਰਿਹਾ ਹੈ। ਮਾਖੋਵਾਲ ਵਿਚ, ਜੋ ਉਸ ਦੇ ਲਾਗੇ ਹੀ ਹੈ, ਸਿੱਖਾਂ ਦਾ ਇਕ ਭਾਰੀ ਮੇਲਾ* ਸੀ, ਹਜ਼ਾਰਾਂ ਲੋਕ ਕੱਠੇ ਹੋ ਰਹੇ ਸਨ, ਕਿਤੇ ਭਜਨ ਸਿਮਰਨ ਤੇ ਬਾਣੀਆਂ ਦੇ ਉਚਾਰ ਹੋ ਰਹੇ ਸਨ, ਅਰ ਸਿੱਖ ਬੇਚਿੰਤ ਢਾਣੀਆਂ ਲਾਈ ਬੈਠੇ ਢਾਡੀਆਂ ਤੋਂ ਵਾਰਾਂ ਸੁਣ ਰਹੇ ਸਨ। ਕਿਤੇ ਬੀਰ-ਰਸ ਦੇ ਨਕਸ਼ੇ ਬੱਝ ਰਹੇ ਸਨ, ਕਿਤੇ ਬਹਾਦਰੀ ਤੇ ਮੈਦਾਨੇ-ਜੰਗ ਦੀ ਕੱਟ ਵੱਢ ਦੇ ਗੀਤ ਅਲਾਪੇ ਜਾ ਰਹੇ ਸਨ, ਕਿ ਆਦੀਨਾ ਬੇਗ ਚੁਪ ਚਾਪ ਫੌਜ ਲੈ ਕੇ ਜਾ ਪਿਆ। ਸਿਖ ਲੋਕ ਬੇਖਬਰੇ ਸਨ-ਅਚਾਨਕ ਚਾਰ ਚੁਫੇਰਿਓਂ ਬਲਾ ਵਿਚ ਘਿਰ ਗਏ। ਬੜੀ ਫੁਰਤੀ ਕੀਤੀ, ਬੜੀ ਚਲਾਕੀ ਤੋਂ ਕੰਮ ਲਿਆ, ਪਰ ਫੇਰ ਭੀ ਕੀ ਬਣਦਾ ਸੀ? ਹਜ਼ਾਰਾਂ ਹੀ ਖੇਤ ਹੋਏ, ਲੋਥਾਂ ਦੇ ਢੇਰ ਲੱਗ ਗਏ, ਧਰਤੀ ਲਹੂ ਨਾਲ ਸੂਹੀ ਹੋ ਗਈ ਅਰ ਚਾਰ ਚੁਫੇਰੇ ਭੈਦਾਇਕ ਸਮਾਂ ਬੱਝ ਗਿਆ। ਪਰ ਜੋਧੇ ਸਿਖ ਸੰਭਲਦੇ ਸੰਭਾਲਦੇ ਛੇਕੜ ਡਟ ਗਏ, ਆਪਣੇ ਕੁਦਰਤੀ ਸੁਭਾਉ ਮੂਜਬ ਏਨੀ ਕੱਟ ਵੱਢ ਵੇਖ ਕੇ ਭੀ ਦਿਲ ਨਾ ਹਾਰਿਓ ਨੇ।ਮੇਲੇ ਵਿਚ ਸਾਰੇ ਜੋਧੇ ਨਹੀਂ ਸਨ, ਸੋ ਸਾਰੀ ਭੀੜ ਵਿਚ ਜੋਧਿਆਂ ਦੇ ਲੜਦਿਆਂ

*ਇਹ ਮੇਲਾ ਸੰਮਤ ੧੮੦੮ ਦੇ ਹੋਲੇ ਮਹੱਲੇ ਦਾ ਆਨੰਦਪੁਰ ਸਾਹਿਬ ਦਾ ਸੀ ਤੇ ਛਾਪਾ ਆਦੀਨਾ ਬੇਗ਼ ਨੇ ਐਨ ਮੇਲੇ ਵਾਲੇ ਦਿਨ ਮਾਰਿਆ ਸੀ।

-੩੯-

ਬੀ ਹਲਚਲੀ ਮਚ ਗਈ ਤੇ ਸਿੰਘ ਤਿਤਰ ਬਿਤਰ ਹੋ ਗਏ। ਇਧਰ ਤਾਂ ਆਦੀਨਾ ਬੇਗ ਨੇ ਖਬਰ ਘੱਲੀ ਹੈ ਕਿ ਮੈਂ ਫਤੇ ਪਾਈ ਤੇ ਭਾਰੀ ਕਤਲ ਕਰ ਦਿੱਤੀ ਹੈ, ਹੁਣ ਸਿੱਖ ਉਠਣ ਜੋਗੇ ਨਹੀਂ ਰਹੇ, ਪਰ ਮੇਰੇ ਪਤੀ ਜੀ ਮੈਨੂੰ ਦੱਸਦੇ ਸੀ ਕਿ ਉਸ ਨੇ ਅੰਦਰਖਾਨੇ ਆਪਣੇ ਮਿਤਰ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਪਾਸ ਘੱਲ ਦਿਤਾ ਹੈ ਕਿ ਮੈਂ ਲਾਹੌਰ ਦੇ ਹੁਕਮ ਕਰਕੇ ਤੁਸਾਂ ਤੇ ਆ ਪਿਆ ਸਾਂ, ਜੋ ਹੋਣਾ ਸੀ ਹੋ ਚੁਕਾ ਹੁਣ ਆਓ ਸੁਲਹ ਕਰ ਲਈਏ। ਸਰਦਾਰ ਜੱਸਾ ਸਿੰਘ ਨੇ ਇਸ ਵੇਲੇ ਬੜੀ ਦੂਰੰਦੇਸ਼ੀ ਕਰਕੇ ਸੁਲਹ ਮੰਨ ਲਈ ਸੀ ਕਿ ਸੁਲਹ ਨਾਲ ਖਾਲਸਾ ਅਨੰਦਪੁਰ ਦੇ ਪਹਾੜੀ ਇਲਾਕੇ ਵਿਚ ਆਰਾਮ ਨਾਲ ਰਹਿ ਸਕੇਗਾ ਤੇ ਦੇਸ਼ ਵਿਚ ਮੀਰ ਮੰਨੂੰ ਦੀ ਵਸ ਰਹੀ ਅੱਗ ਤੋਂ ਬਚਕੇ ਟੱਬਰਦਾਰ, ਸਿਖ ਏਥੇ ਦਿਨ-ਕਟੀ ਕਰ ਲੈਣਗੇ। ਇਉਂ ਉਨ੍ਹਾਂ ਨਾਲ ਉਸ ਦੀ ਸੁਲਹ ਹੋ ਗਈ ਹੈ ਤੇ ਸਿਖ ਹੁਣ ਫੇਰ ਆਨੰਦਪੁਰ ਵਿਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਇ ਵਿਚ ਆਦੀਨਾ ਬੇਗ ਬੜਾ ਚਾਲਾਕ ਹੈ। ਉਹ ਸੋਚਦਾ ਹੈ ਕਿ ਜੇ ਮੈਂ ਸਿਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ; ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸ ਨੇ ਸਿਖਾਂ ਨਾਲ ਅੰਦਰਖਾਨੇ ਸੁਲਹ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਇਧਰ ਸਿਖਾਂ ਤੇ ਛਾਪਾ ਮਾਰ ਤੇ ਸ਼ਹਿਰੀ ਵਸੋਂ ਕਤਲ ਕਰਕੇ ਲਾਹੌਰਪਤਬਣਾਲਈ ਸੂ ਕਿ ਮੈਂ ਸਿੱਖ ਯੋਧੇ ਖੂਬ ਮੁਕਾਏਹਨ।

ਦੀਵਾਨਣੀ-ਭੈਣ ਜੀ! ਤੁਹਾਨੂੰ ਇਹ ਕਿਥੋਂ ਪਤੇ ਲਗੇ?

ਨਾਜ਼ਮਣੀ-ਕੱਲ ਦਰਬਾਰ ਵਿਚ ਏਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇਕ ਮਿਤ੍ਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਭੀ ਨਹੀਂ ਲਗਦਾ, ਵਿਗੜਦਾ ਭੀ ਨਹੀਂ, ਸਿਖਾਂ ਨਾਲ ਲੜ ਭੀ ਪੈਂਦਾ ਹੈ ਤੇ ਫੇਰ ਸੁਲਹ ਭੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿਖਾਂ ਦੇ ਫਸਾਦ

-੪੦-

ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉੱਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿੱਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ*, ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ। ਸਿੱਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ।

ਦੀਵਾਨਣੀ-ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲਜਾ ਰਲਣਾ ਹੈ।

੭. ਕਾਂਡ।

ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ, ਯਥਾ-‘ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ’! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਰਕਮ ਰਕਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ਼ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ, ਇਹ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ਼ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਕਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਖਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ


*ਕੁਛ ਇਸੇ ਕਾਰ ਦੀ ਰਾਇ ਮੁਹੰਮਦ ਲਤੀਫ਼ ਨੇ ਲਿਖੀ ਹੈ।

-੪੧-