ਤਕ ਖ਼ਬਰ ਨਾ ਹੋਵੇ।

ਦੀਵਾਨ-ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ।

ਦੀਵਾਨਣੀ—ਹਾਂ ਤੁਸੀਂ ਹੀ ਬਹੁੜ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ!

ਧੀ-ਮਿਸਰ ਜੀ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ!

ਮਿਸਰ-ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ ਅਜੇ ਵੇਲਾ ਹੈ ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫੇਰ ਉਸ ਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ।

ਦੀਵਾਨ-ਮਿਸਰ ਜੀ! ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ।

ਮਿਸਰ ਜੀ ਉਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਏਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬੀਮਾਰ ਹਨ ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅੱਪੜੇ।

ਪੰਡਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁੱਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਵਾਨ ਦੇ ਵੱਡੇ ਪੁਤ੍ਰ ਨੇ ਆ ਕੇ ਹਾਲ ਸੁਣਿਆ, ਉਹ ਬੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਮ੍ਹਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜ ਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇਕ ਭਰਾ ਅੱਗੇ ਹੀ ਨਲੈਕ ਹੈ, ਇਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ।

੨. ਕਾਂਡ

ਚਾਰ ਕੁ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ ਵਿਹੜੇ ਵਿਚ ਪਰਵਾਰ ਸਮੇਤ ਬੈਠੇ ਹੋਏ ਸਨ, ਆਪ ਇਸ ਵਿਹੜੇ ਵਿਚ ਆਪਣੇ ਪ੍ਰਵਾਰ ਦੇ ਗੱਭੇ ਬੈਠੇ ਹੋਏ ਐਸੇ ਭਾਸਦੇ ਸਨ, ਜਿਵੇਂ ਗ੍ਰਹਿਣਿਆਂ ਹੋਇਆ ਚੰਦ੍ਰਮਾ ਬੱਦਲਾਂ ਹੇਠ ਆਏ ਹੋਏ ਤਾਰਾ ਮੰਡਲ ਦੇ ਵਿਚਕਾਰ ਹੋਵੇ। ਸਭਨਾਂ ਦੇ ਦਿਲ ਰਾਮ ਲਾਲ ਦੇ ਸਿੱਖ ਹੋ ਜਾਣ ਕਰਕੇ ਅਜਿਹੇ ਕੁਮਲਾ ਗਏ ਸਨ ਜਿਵੇਂ ਕੱਕਰ ਪਏ ਤੇ ਕੌਲ ਫੁੱਲ। ਤਿੰਨ ਦਿਨ ਕਲੇਜੇ ਮੁੱਠਾਂ ਵਿਚ ਲੀਤਿਆਂ ਸੁੱਖਣਾਂ ਸੁੱਖਦਿਆਂ ਬੀਤੇ ਸਨ। ਪਲ ਪਲ ਵਿਚ ਭੈ ਉਠਦਾ ਸੀ ਕਿ ਹੁਣ ਬੀ ਨਵਾਬ ਸਾਹਿਬ ਪਾਸ, ਕੋਈ ਚੁਗਲੀ ਨਾ ਵੱਟ ਵੇਵੇ। ਦੀਵਾਨ ਸਾਹਿਬ ਬੀਮਾਰੀ ਦਾ ਬਹਾਨਾ ਬਣਾ ਕੇ ਹੀ ਨਹੀਂ ਸਨ ਨਿਕਲੇ। ਰਾਮ ਲਾਲੇ ਦੀ ਮਾਂ ਦਾ ਹਿਰਦਾ ਦੀਵਾਨ ਨਾਲੋਂ ਅਧਿਕ ਦੁਖੀ ਸੀ। ਇਕ ਤਾਂ ਰਾਮ ਲਾਲ ਛੋਟਾ ਪੁੱਤਰ ਹੋਣ ਕਰਕੇ ਸਭ ਨਾਲੋਂ ਪਿਆਰਾ ਸੀ। ਦੂਸਰੇ ਇਸ ਦੀ ਵਹੁਟੀ, ਜੋ ਇਕ ਸਹਿਜਧਾਰੀ ਸਿੱਖ ਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ, ਸੱਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ। ਜਿਥੇ ਹੋਰ ਨੂੰਹਾਂ ਸੱਮ ਨਾਲ ਉਪਰਲਾ ਢੰਗ ਨਿਬਾਹੁੰਦੀਆਂ ਸਨ, ਉਥੇ ਇਹ ਸੱਸ ਨੂੰ ਮਾਵਾਂ ਨਾਲੋਂ ਵਧੀਕ ਪਿਆਰ ਕਰਦੀ ਸੀ, ਇਨ੍ਹਾਂ ਕਾਰਨਾਂ ਕਰ ਕੇ ਰਾਮ ਲਾਲ ਵਹੁਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੀਕ ਪਿਆਰਾ ਸੀ।

ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿਚ ਗੁੱਟ ਹੋ ਗਏ, ਓਧਰੋਂ ਰਾਮ ਲਾਲ ਉਸਦੀ ਵਹੁਟੀ ਤੇ ਪੋਤਰਾ ਆ ਪਹੁੰਚੇ। ਰਾਮ ਲਾਲ ਪਿਤਾ ਨੂੰ ਸੁਸਤੀ ਵਿਚ ਅੱਖਾਂ ਮੀਟ ਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ, ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁਲ੍ਹ ਗਈਆਂ। ਪੁਤ੍ਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ। ਕਿਥੇ ਉਹ ਪਤਲਾ ਸੁਕੜੀ ਰਾਮ ਲਾਲ, ਕਿਥੇ ਇਹ ਬਲੀ ਸ਼ੇਰ ਰੂਪ ਸਿੰਘ ਬਹਾਦਰ, ਸੱਚ ਮੁੱਚ ਕਾਂਇਆਂ ਪਲਟੇ ਹੋ ਗਈ, ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰ ਕੇ ਤਾਂ ਪਛਾੜਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹੋ ਨਲੈਕ ਪੁੱਤਰ ਹੈ, ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ ਖ਼ਤਰੇ ਵਿਚ ਪਾਯਾ ਹੈ। ਮੋਹ ਦਾ ਜੋਸ਼ ਉਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਇਉਂ ਬੁਲਾਇਆ:-‘ਦੁਸ਼ਟਾ! ਨਿੱਜ ਜੰਮਦੋਂ, ਔਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲਾਂ ਮਰ ਜਾਂਦਾ ਮੈਂ ਐਸ ਉਮਰਾ ਵਿਚ ਮੈਨੂੰ ਇਹ ਸੱਲ ਦਿਖਾਇਆ ਹਈ।ਤੇਰਾ ਸੱਯਾਨਾਸ!’

ਦੀਵਾਨ ਜੀ ਨੇ ਅਜੇ ਖ਼ਬਰ ਨਹੀਂ ਕਿੰਨਾ ਕੁ ਜ਼ਹਿਰ ਉਗਲਨਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸੱਦਾ ਆ ਗਿਆ। ਬੜੀ ਛੇਤੀ ਉਠੇ ਦੀਵਾਨਖਾਨੇ ਵਿਚ ਜਾ ਕੇ ਕਪੜੇ ਪਹਿਨ ਕੇ ਨਵਾਬ ਸਾਹਿਬ ਵਲ ਗਏ। ਏਧਰ ਮਮਤਾ ਦੀ ਮਾਰੀ ਮਾਂ ਨੇ ਉਠਕੇ ਪੁੱਤਰ ਨੂੰ ਗਲ ਲਾਇਆ ਅਰ ਛਾਤੀ ਨਾਲ ਸਿਰ ਲਾ ਕੇ ਬਹਿ ਗਈ ਤੇ ਫੁੱਟ ਫੁੱਟ ਕੇ ਰੋਈ। ਭੈਣਾਂ ਬੀ ਆ ਚੰਬੜੀਆਂ ਤੇ ਰੋਣ ਲਗ ਪਈਆਂ। ਸਿੰਘ ਹੁਰਾਂ ਦੇ ਹਿਰਦੇ ਵਿਚ ਜਿਥੇ ਪਿਉ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉਥੇ ਮਾਤਾ ਤੇ ਭੈਣ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ, ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿਚ ਇਸ ਮੋਹ ਦੇ ਨੇ ਠੱਗ ਜਾਦੂ ਲੈਣ ਵਾਲਾ ਅਸਰ ਨ ਪੈਦਾ ਕੀਤਾ। ਕੁਛ ਚਿਰ ਮਗਰੋਂ ਪੁੱਛਣ ਲੱਗੇ, ‘ਮਾਂ ਜੀ! ਤੁਸੀਂ ਕਿਉਂ ਵਿਰਲਾਪ ਕਰਦੇ ਹੋ?

ਮਾਂ-ਬੱਚਾ! ਤੇਰੇ ਸਿੱਖ ਹੋ ਜਾਣ ਕਰ ਕੇ।

ਪੁੱਤ੍ਰ-ਕੀ ਸਿੱਖ ਹੋਣਾ ਪਾਪ ਹੈ?

ਮਾਂ-ਨਹੀਂ ਕਾਕਾ ਪਾਪ ਕਾਹਦਾ ਹੈ, ਸਗੋਂ ਭਲੀ ਗੱਲ ਹੈ।

ਪੁੱਤ੍ਰ-ਹੋਰ ਕੁਛ ਐਬ ਹੈ?

ਮਾਂ-ਨਹੀਂ ਕਾਕਾ! ਉੱਤਮ ਗੱਲ ਹੈ,ਜੋ ਗੁਣ ਤੇਰੇ ਵਿਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿਚ ਭੀ ਨਹੀਂ ਹਨ। ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ। ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿਚ ਜੋ ਭਾਗ ਹੈ ਤੇਰੇ ਹੀ ਚਰਨਾਂ ਦੀ ਖ਼ੈਰ ਖ਼ਰੋਤ ਹੈ। ਜਿਸ ਦਿਨ ਦਾ ਤੂੰ ਜੰਮਿਆ ਹੈਂ ਉਸ ਦਿਨ ਦੀ ਚਹਿਲ ਪਹਿਲ ਹੈ ਤੇ (ਇਹ ਕਹਿ ਕੇ ਨੂੰਹ ਨੂੰ ਗਲ ਲਾ ਲਿਆ) ਜਿਸ ਦਿਨ ਦੀ ਇਹ ਪਿਆਰੀ ਸੁਘੜ ਸਾਡੇ ਘਰ ਆਈ ਹੈ ਤਦ ਦੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ (ਫਿਰ ਪੋਤਰੇ ਨੂੰ ਗੋਦੀ ਵਿਚ ਲੈ ਕੇ ਤੇ ਪਿਆਰ ਕਰਕੇ) ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ।

ਪੁੱਤ੍ਰ-ਮਾਂ ਜੀ! ਫੇਰ ਐਡਾ ਦੁੱਖ ਕਿਉਂ ਮਨਾਉਂਦੇ ਹੋ?

ਮਾਂ-ਬੱਚਾ! ਸਮਾਂ ਵੇਖਕੇ ਤੁਰਨਾ ਲੋੜੀਏ। ਇਕ ਵੇਰ ਇਕ ਸ਼ੇਰ ਨੇ ਬਘਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ?’ ਬਘਿਆੜ ਨੇ ਕਿਹਾ ਕਿ ‘ਹਾਂ ਮਹਾਰਾਜ!’ ਸ਼ੇਰ ਨੇ ਉਸਨੂੰ ਘੁਰਕ ਕੇ ਕਿਹਾ ‘ਹੇ ਦੁਸ਼ਟ! ਪਾਤਸ਼ਾਹ ਨੂੰ ਐਸੇ ਵਾਕ ਬੋਲਦਾ ਹੈਂ?’ ਅਰ ਹੱਲਾ ਕਰਕੇ ਉਸ ਨੂੰ ਮਾਰ ਸਿੱਟਿਆ, ਫੇਰ ਇਕ ਖੋਤੇ ਨੂੰ ਪੁੱਛਣ ਲੱਗਾ: ‘ਕਿਉਂ ਬਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈਂ’? ਖੋਤੇ ਨੇ ਕਿਹਾ: ‘ਹਰੇ ਹਰੇ ਮਹਾਰਾਜ! ਆਪਦੇ ਮੂੰਹੋਂ ਤਾਂ ਖੁਸ਼ਬੋ ਆਉਂਦੀ ਹੈ।’ ਸ਼ੇਰ ਨੇ ਕਿਹਾ: ‘ਓ ਗਧੇ! ਸਾਡੇ ਪਾਤਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈਂ, ਜਿੰਦ ਨਹੀਂ ਲੋੜੀਂਦੀ?’ ਇਹ ਕਹਿਕੇ ਉਸ ਨੂੰ ਵੀ ਚਿੱਤ ਕਰ ਦਿੱਤਾ। ਫੇਰ ਲੂੰਬੜੀ ਦੀ ਵਾਰੀ ਆਈ, ਉਸ ਨੂੰ ਭੀ ਸ਼ੇਰ ਨੇ ਇਹ ਗੱਲ ਪੁੱਛੀ। ਲੂੰਬੜੀ ਬੋਲੀ ਮਹਾਰਾਜ! ਜਗਤ ਦੇ ਸਿਰਤਾਜ। ਮੈਨੂੰ ਕੁਛ ਦਿਨ ਤੋਂ ਰੇਜ਼ਸ਼ ਹੋ ਗਈ ਹੈ, ਨਿੱਛਾਂ ਤੇ ਨਜ਼ਲੇ ਨਾਲ ਨੱਕ ਪੱਕ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਬੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ।’ ਸ਼ੇਰ ਨੇ ਹੱਸ ਕੇ ਕਿਹਾ। ‘ਤੈਨੂੰ ਇਹ ਅਕਲ ਕਿਨ੍ਹੇ ਦੱਸੀ ਹੈ।’ ਉਹ ਬੋਲੀ ਕਿ ਔਹਨਾਂ (ਬਘਿਆੜ ਤੇ ਖੋਤੇ ਵੱਲ ਸੈਨਤ ਕਰ ਕੇ) ਲੋਥਾਂ ਨੇ ਸਿਖਾਈ ਹੈ’। ਸੋ ਬੱਚਾ! ਇਹੋ ਗੱਲ ਆ ਬਣੀ ਹੈ। ਸਿੱਖ ਤਾਂ ਤੁਰਕ ਰਾਜਿਆਂ ਨਾਲ ਸੱਚ ਧਰਮ ਵਰਤਦੇ ਹਨ ਸੋ ਬੀ ਮੂੰਹ ਦੀ ਖਾਂਦੇ ਹਨ ਤੇ ਜਿਹੜੇ ਹਿੰਦੂ ‘ਖ਼ੁਸ਼ਾਮਦ’ ਕਰਦੇ ਹਨ ਉਹ ਬੀ ਪਿਛੇ ਗਿੱਚੀ ਪਰਨੇ ਡਿੱਗਦੇ ਹਨ, ਪਰ ਤੇਰੇ ਪਿਤਾ ਵਰਗੇ ਦਾਨੇ ਵਿਚ ਵਿਚਾਲੇ ਤੁਰ ਕੇ, ਸੁਖੀ ਰਹਿੰਦੇ ਹਨ।

ਪੁਤ੍ਰ-ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ

-੮-

ਹਠ ਤੇ ਨਾ ਕੁਸ਼ਾਮਤੀਆਂ ਵਾਲੀ ਕੁਸ਼ਾਮਤ ਦਾ ਸਮਾਂ ਆਯਾ ਹੈ।

ਮਾਂ-ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ ‘ਤੂੰ ਸੱਚ ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭੂ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? ‘ਢੱਕੀ ਰਿੱਝੇ ਕੋਈ ਨ ਬੁੱਝੇ’ ਵਾਲੀ ਗੱਲ ਤੁਰੀ ਜਾਂਦੀ ਸੀ।

ਪੁਤ੍ਰ-ਮਾਂ ਜੀ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ, ਪਰ-

‘ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ॥

ਤਾ ਸਿਉ ਟੂਟੀ ਕਿਉ ਬਨੈ ਜਾਕੇ ਜੀਅ ਪਰਾਨ’॥੧੨੭॥

ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹੁਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਰਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਵੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚੋਂ ਚਮਕਦਾ ਦਿੱਸਦਾ ਤੇ ਮੈਨੂੰ ਆਪਣੀ ਵੱਲ ਖਿਚਦਾ ਹੈ। ਮੇਰਾ ਆਪਣਾ ਆਪ ਮੇਰੇ ਵੱਸ ਨਹੀਂ ਮੈਂ ਸਿੱਖ ਹੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਭੀ ਸਮਝਦਾ ਹਾਂ। ਪਰ ਹਾਇ ਕੀ ਕਰਾਂ? ਪਿਆਰੇ ਦਾ ਪਿਆਰ ਘੁੰਮਣ ਘੇਰ ਵਿਚ ਵਸੇ ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿੱਸਦੇ ਹਨ। ਮਾਂ ਜੀ:

"ਕਮਲ ਨੈਨ ਅੰਜਨ ਸਿਆਮ ਚੰਦ ਬਦਨ ਚਿਤੇ ਚਾਰੇ॥

ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ*" ॥੧੦॥

ਮਾਂ (ਹਾਹੁਕਾ ਲੈ ਕੇ)-ਬੱਚਾ ਬੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਸੋ ਘਰ ਦੇ ਕੰਮੋਂ ਗਈਆਂ; ਪਰ ਫੇਰ ਬੀ ਐਸਾ ਕੰਮ ਕਰੀਏ ਕਿ ਸੱਪ ਬੀ ਮਰ ਜਾਏ ਤੇ ਲਾਠੀ ਬੀ ਬਚ ਜਾਏ।

ਪੁੱਤ੍ਰ-ਮਾਂ ਜੀ! ਦੱਸੋ, ਜ਼ਰੂਰ ਐਸੀ ਗੱਲ ਦੱਸੋ ਕਿ ਮੇਰੀ ਸਿੱਖੀ ਬੀ ਕੇਸਾਂ ਸ੍ਵਾਸਾਂ ਨਾਲ ਨਿਭ ਜਾਏ ਤੇ ਆਪ ਬੀ ਔਖੋ ਨਾ ਹੋਵੇ।

ਮਾਂ-ਬੱਚਾ ਕੇਸ ਛੱਡ ਦੇਹ, ਸਿੱਖਾਂ ਦੀ ਸੰਗਤ ਛੱਡ ਦੇਹ, ਸ਼ਕਲ ਪਿਤਾ ਵਾਲੀ ਰੱਖ; ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ।

ਪੁੱਤ੍ਰ-ਮਾਂ ਜੀ! ਤੁਸਾਂ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵਾਂ? ਕੇਸ ! ਪਿਆਰੇ ਕੇਸ ! ਜਿੰਦੋਂ ਪਿਆਰੇ ਕੇਸ ! ਤਿਆਗਾਂ ? ਗੁਰੂ ਕਾ ਤਾਜ ਬਖ਼ਸ਼ਿਆ ਭੋਇੰ ਤੇ ਪਟਕਾਂ ? ਪਿਆਰੇ ਦੀ ਨਿਸ਼ਾਨੀ; ਪਿਆਰੇ ਦੀ ਪ੍ਰੇਮ-ਭਰੀ ਯਾਦ ਸੱਟ ਦਿਆਂ ? ਹਾਇ ! ਮੌਤ


*ਰਾਮ ਲਾਲ ਦਾ ਇਹ ਭਾਵ ਸੀ: (ਕਲਗੀਆਂ ਵਾਲੇ ਦਾ) ਮੁਖੜਾ ਚੰਦ (ਵਰਗਾ) ਨੈਣ ਕਮਲਾਂ (ਵਰਗੇ ਹਨ) ਜੋ ਸੁਰਮੇ (ਨਾਲ) ਸ਼ਯਾਮ (ਰੰਗ ਦੀ ਮੌਜ ਦੇ ਰਹੇ) ਐਸੀ ਸੁਹਣੀ ਤੱਕਣੀ ਤੱਕ ਰਹੇ (ਕਿ) ਮਨ ਨੂੰ ਮੋਹ ਰਹੇ ਹਨ, (ਉਸ ਪਿਆਰੇ ਦੇ) ਭੇਦ ਵਿਚ ਮੈਂ ਮਗਨ ਹੋ ਰਿਹਾ ਹਾਂ। ਐਸੀ ਮਗਨਤਾ ਹੈ ਕਿ ਕੋਈ ਟੋਟੇ ਟੋਟੇ ਕਰ ਦੇਵੇ ਤਾਂ ਉਹ ਹਾਰੇਗਾ (ਮੈਨੂੰ ਸਰੀਰ ਕਟੀਣ ਦਾ ਪਤਾ ਵੀ ਨਹੀਂ ਲਗੇਗਾ)। ਅਥਵਾ- (ਆਪਣਾ ਆਪ) ਟੁਕੜੇ ਟੁਕੜੇ ਕਰ ਕੇ (ਪ੍ਰੇਮ ਦੀ ਬਾਜੀ ਉਸ ਦੇ ਅੱਗੇ ਹਾਰ ਦਿੱਤੀ ਹੈ। ਭਾਵ ਆਪਾ ਸਦਕੇ ਕਰ ਦਿੱਤਾ ਹੈ)। ਆਵੇ ਪਰ ਇਹ ਨਾ ਹੋਵੇ! ਉਹ ਪਿਆਰਾ ਮੇਰੀ ਜਿੰਦ ਦੀ ਬੀ ਜਿੰਦ ਮੇਰੇ ਆਤਮਾਂ ਦੀ ਬੀ ਆਤਮਾਂ, ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨੂੰ ਨਾ ਮੰਨਾਂ? ਮਾਂ ਜੀ! ਮੌਤ ਆਵੇ, ਪਰ ਇਹ ਦਿਨ ਨਾ ਆਵੇ (ਠੰਢਾ ਸਾਹ ਤੇ ਅੱਖਾਂ ਤਰ-ਬਤਰ)।

ਮਾਂ-ਬੱਚਾ! ਮੈਂ ਪੱਥਰਚਿੱਤ ਤੇਰੇ ਕੋਮਲ ਹਿਰਦੇ ਦੀਆਂ ਬ੍ਰੀਕ ਗੱਲਾਂ ਕਿੱਥੋਂ ਸਮਝਾਂ? ਪਰ ਧਰਮ ਤਾਂ ਹਿਰਦੇ ਵਿਚ ਹੈ ਦਿਖਾਵੇ ਨਾਲ ਕੀ ਬਣਦਾ ਹੈ?

ਪੁੱਤ੍ਰ-ਮਾਂ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀਂ ਸੰਸਾਰ ਨੂੰ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖ਼ਾਰਬਿੰਦ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ।

ਮਾਂ-ਬੱਚਾ! ਕੀ ਕੇਸ ਹੀਨ ਸਾਰੇ ਨਰਕਾਂ ਨੂੰ ਜਾਣਗੇ?

ਪੁੱਤ੍ਰ-ਮਾਂ ਜੀ,ਇਹ ਤਾਂ ਪਤਾ ਨਹੀਂ,ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ। ਮੇਰੇ ਪਿਆਰੇ ਸਤਿਗੁਰੂ ਆਪ ਕੇਸ਼ਾਧਾਰੀ ਸਨ, ਮੈਂ ਕਿੱਕਰ ਉਹਨਾਂ ਦੇ ਪੂਰਨਿਆਂ ਤੇ ਨਾ ਤੁਰਾਂ ? ‘ਤੂੰ ਸਾਹਿਬ ਹਉ ਸਾਂਗੀ ਤੇਰਾ’। ਕੇਸ ਤਨ ਦੀ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇ ਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ, ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ। ਮਾਤਾ ਜੀ! ਸੱਚੇ ਧਰਮੀ ਹੋਣਾ ਤਾਂ ਵੱਡੀ ਦੂਰ ਹੈ, ਹਾਲੇ ਤਾਂ ਮੈਂ ਸਤਿਗੁਰਾਂ ਦਾ ਸਾਂਗੀ ਬਣਨ ਦਾ ਯਤਨ ਕਰਦਾ ਹਾਂ, ਪਰ ਆਹ! ਸਾਂਗੀ ਬਣਨੇ ਦਾ ਬੀ ਐਸਾ ਸੁਖ ਹੈ, ਜੋ ਜਗਤ ਦੇ ਸਮੱਗਰ ਸੁਖਾਂ ਥੀਂ ਵੱਡਾ ਹੈ: ਸੋਚ ਮਾਂ ਜੀ! ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫੇਰ ਕਿੱਡਾ ਆਨੰਦ ਹੋ ਜਾਵੇ?

ਮਾਂ-ਤਾਂ ਬੱਚਾ! ਅਜੇ ਤੂੰ ਸਿੱਖ ਬੀ ਨਹੀਂ?

ਪੁੱਤ੍ਰ-ਮਾਂ ਜੀ! ਸਿੱਖ, ਮੈਂ ਤਾਂ ਸਿੱਖਾਂ ਦੇ ਜੋੜੇ-ਬਰਦਾਰ ਹੋਣ ਦੇ ਲਾਇਕ ਬੀ ਨਹੀਂ। ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ। ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾਂ ਲੋਕਾਂ ਦੇ ਵਡੱਕੇ ਤਰਸਦੇ ਹਨ।

ਮਾਂ-ਤੇ ਫੇਰ ਹੋਇਆ ਕੀ?

ਪੁੱਤ੍ਰ-‘ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ॥ ਚਰਨਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ’* ॥ ੨ ॥

ਮਾਂ-ਬੱਚਾ! ਕੀ ਕਹਾਂ? ਕੀ ਕਰਾਂ? ਅਤੇ ਕੀ ਨਾ ਕਰਾਂ? ਤੂੰ ਤਾਂ ਗੱਲਾਂ ਕੁਝ ਬਾਵਰਿਆਂ ਵਾਂਗੂੰ ਲੈ ਤੁਰਿਓਂ।

ਪੁਤ੍ਰ-ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ॥

ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ॥੬॥

ਮਾਂ-ਸੱਚ ਹੈ ਜੀਉਣ ਜੋਗਿਆ! ਤੇਰੇ ਭੇਤਾਂ ਨੂੰ ਮੈਂ ਕੀ ਜਾਣਾ।

(ਹਾਹੁਕਾ ਲੈ ਕੇ)-ਬੱਚਾ ! ਹੈਂ ..... ਤੇਰੀ ਸੁੰਦਰ ਦੇਹੀ, ਤੇਰਾ ਪਿਆਰਾ ਚਿਹਰਾ ਜ਼ਾਲਮ ਮੁਗਲ ਹਾਕਮਾਂ ਦੇ ਢਹੇ ਚੜ੍ਹ ਜਾਵੇਗਾ, (ਰੋ ਕੇ) ਮੇਰੇ ਲਾਲ! ਉਹ ਖ਼ਬਰੇ ਤੇਰੇ ਨਾਲ ਕੀਹ ਕਰਨਗੇ? ਪਿਆਰੇ ਲਾਲ? ਬੁੱਢੀ ਮਾਂ ਤੇ ਤਰਸ ਕਰ, ਬਖ਼ਸ਼ ਲੈ! ਹਾਇ ਮਮਤਾ! ਲਾਲ! ਤੂੰ ਪੁੰਨ ਦਾਨ ਕਰ, ਗ੍ਰੰਥੀਆਂ ਨੂੰ ਪਾਲ, ਸਿੱਖਾਂ ਨੂੰ ਰੁਪਏ ਦੇਹ, ਜੋ ਤੇਰਾ ਜੀ ਆਵੇ ਧਰਮ ਦੇ ਕੰਮ ਕਰ। ਜੇ ਤੂੰ ਧਰਮ ਅਰਥ ਲਾਵੇਂ ਤਾਂ ਕੀ ਗੁਰੂ ਸਾਹਿਬ ਜੀ ਪ੍ਰਸੰਨ ਨਾ ਹੋਣਗੇ?

ਪੁਤ੍ਰ-ਕਿਉਂ ਨਹੀਂ, ਪਰ ਮਾਂ ਜੀ!

‘ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਂਟ ॥

ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ+’ ॥੧॥

ਮਾਤਾ-ਹਾਇ ਮੇਰੇ ਭਾਗ! ਮੈਂ ਪਹਿਲੋਂ ਕਿਉਂ ਨਾ ਮਰ ਗਈ, ਬੱਚਾ ਤੇਰੇ ਸਿਰ ਦੀਆਂ ਖ਼ੈਰਾਂ ਮਨਾਉਂਦਿਆਂ ਸੁਖਣਾ ਦੇਂਦਿਆਂ ਤੇ ਮੰਨਤਾਂ


*ਤਨ ਪ੍ਰੀਤਮ ਦੇ ਪ੍ਰੇਮ ਵਿਚ ਖਚਿਤ ਹੋ ਰਿਹਾ ਹੈ, ਰਾਈ ਦੇ ਦਾਣੇ ਜਿੰਨੀ ਵਿੱਚ ਨਹੀਂ ਰਹੀ। ਚਰਨ ਕਮਲਾਂ ਵਿਚ ਮਨ ਵਿੱਝ ਗਿਆ ਹੈ, ਸੰਜੋਗ ਦੀ ਸੂਰਤ ਵਾਲਿਆਂ ਨੂੰ (ਹੀ) ਇਸ ਦੀ ਸੋਝੀ (ਪੈ ਸਕਦੀ) ਹੈ।

+ਸੰਸਾਰ ਝੂਠੇ ਵਿਹਾਰਾਂ ਵਿਚ ਉਲਝ ਰਿਹਾ ਹੈ (ਇਉਂ ਉਲਝਿਆ ਹੀ ਮਰਦਾ ਤੇ ਗੁਆਚਦਾ ਰਹਿੰਦਾ ਹੈ (ਕਿਉਂਕਿ ਉਹ ਇਸ) ਭੇਤ ਨੂੰ ਨਹੀਂ ਜਾਣਦਾ (ਕਿ ਪ੍ਰੇਮ ਜੀਵਨ ਹੈ ਸੋ ਉਹ) ਪ੍ਯਾਰੋ ਦੇ ਪ੍ਰੇਮ ਨਾਲ ਵਿੰਨ੍ਹਿਆਂ ਨਹੀਂ ਗਿਆ।

+ਕਥਾ ਹੈ ਕਿ ਰਾਵਣ ਨੇ ਸੀਸ ਦੇ ਕੇ ਸ਼ਿਵਾਂ ਨੂੰ ਪ੍ਰਸੰਨ ਕੀਤਾ ਸੀ। ਜੇ ਇਸ ਪ੍ਰੇਮ ਦਾ ਸੌਦਾ ਦੰਮਾਂ ਨਾਲ ਮਿਲ ਸਕਦਾ ਹੁੰਦਾ ਤਾਂ ਰਾਵਣ ਵਰਗੇ ਕੰਗਾਲ ਤਾਂ ਨਹੀਂ ਸਨ, ਜਿਹਨਾਂ ਨੂੰ ਸਿਰ ਦੇਣਾ ਪਿਆ। ਭਾਵ ਪਰਮੇਸ਼ੁਰ ਪ੍ਰੇਮ ਨਾਲ ਮਿਲਦਾ ਹੈ; ਧਨ ਨਾਲ ਨਹੀਂ।

-੧੨-

ਚੜ੍ਹਾਉਂਦਿਆਂ ਐਹ ਦਿਨ ਆਏ, ਤੂੰ ਸਿਰ-ਧੜ ਦੀ ਬਾਜ਼ੀ ਲਾ ਬੈਠਾ ਹੈਂ। ਬੱਚਾ! ਇਹ ਬਾਜ਼ੀ ਨਾ ਖੇਡ, ਜਿਸ ਰਸਤੇ ਤੂੰ ਚੜ੍ਹਿਆ ਹੈਂ ਧਰੂ ਪ੍ਰਹਿਲਾਦ ਆਦਿਕਾਂ ਵੱਲ ਵੇਖ, ਭਾਈ ਮਨੀ ਸਿੰਘ ਜੀ ਆਦਿਕਾਂ ਨੂੰ ਅੱਖੀਂ ਡਿੱਠਾ ਹਈ। ਹਾਇ, ਤਾਰੂ ਸਿੰਘ ਦੀ ਮਾਂ ਦਾ ਦਰਦਨਾਕ ਹਾਲ ਮੇਰਾ ਕਲੇਜਾ ਧੂਹ ਲਿਜਾਂਦਾ ਹੈ: ਬੱਚਾ! ਇਹ ਬੜਾ ਕਠਨ ਪੈਂਡਾ ਹੈ।

ਪੁੱਤ੍ਰ-ਮਾਂ ਜੀ! ਮਹਾਰਾਜ ਜੀ ਕਹਿੰਦੇ ਹਨ:-

‘ਸਾਗਰ ਮੇਰੁ ਉਦਿਆਨ ਬਨ ਨਵਖੰਡ ਬਸੁਧਾ ਭਰਮ॥

ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ*’ ॥੩॥

ਮਾਂ-ਪੁਤ੍ਰ! ਤੈਨੂੰ ਇਹ ਸ਼ੁਦਾ ਕਿਥੋਂ ਚੰਬੜ ਗਿਆ? ਮੈਂ ਤੈਨੂੰ ਭਲੇ ਪਾਸਿਓਂ ਤਾਂ ਨਹੀਂ ਰੋਕਦੀ। ਦੇਖ: ਪੁੰਨ ਦਾਨ, ਜਪ ਤਪ ਆਦਿਕ ਥੋੜੇ ਕੰਮ ਹਨ, ਜਿਨ੍ਹਾਂ ਨਾਲ ਖ਼ੁਸ਼ੀ ਹੁੰਦੀ ਅਰ ਜਸ ਫੈਲਦਾ ਹੈ? ਮੈਂ ਤਾਂ ਨਿਰਾ ਏਸ ਗਲੋਂ ਰੋਕਦੀ ਹਾਂ, ਕਿ ਵੱਜ ਵਜਾ ਕੇ ਸਿੱਖ ਨਾ ਬਣ, ਆਪਣੇ ਧਰਮ ਦਾ ਰੌਲਾ ਨਾ ਪਾ।

ਪੁਤ੍ਰ (ਠੰਢਾ ਸਾਹ ਭਰਕੇ)-ਮਾਂ ਜੀ!

‘ਜਪ ਤਪ ਸੰਜਮ ਹਰਖ ਸੁਖ ਮਾਨ ਮਹੰਤ ਅਰੁ ਗਰਬ॥

ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਉ ਸਰਬ’ ॥੫॥

ਮਾਂ (ਨਿਰਾਸ ਹੋ ਕੇ) -ਬੱਚਾ! ਖ਼ਬਰੇ ਤੈਨੂੰ ਪ੍ਰੇਮ ਵਿਚ ਕੀ ਮਿੱਠਾ ਲੱਗਾ ਹੈ, ਮੈਂ ਤਾਂ ਸਭ ਨੂੰ ਦੁਖੀ ਹੁੰਦਾ ਡਿਠਾ ਸੁਣਿਆ ਹੈ।

ਪੁਤ੍ਰ-‘ਮੁਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ॥


*ਸਮੁੰਦਰ, ਸੁਮੇਰ ਪਹਾੜ ਜੰਗਲ ਬਨ, ਨੌਂ ਖੰਡਾਂ ਵਾਲੀ ਸਾਰੀ ਪ੍ਰਿਥਵੀ ਇਨ੍ਹਾਂ ਸਾਰੀਆਂ ਨੂੰ ਫ਼ਿਰ ਨਿਕਲਨਾ ਪਿਆਰੇ ਦੇ ਪ੍ਰੇਮ ਪੈਂਡੋ ਵਿਚ ਇਕ ਕਦਮ ਮਾਤ ਹੈ ਭਾਵ ਐਡਾ ਭਾਰਾ ਪੈਂਡਾ ਪ੍ਰੇਮ ਦੇ ਰਸਤੇ ਦਾ ਇਕ ਕਦਮ ਹੁੰਦਾ ਹੈ।

+ਜਪ, ਤਪ, ਸੰਜਮ ਖ਼ੁਸ਼ੀ ਤੇ ਸੁਖ, ਮਾਨ, ਵਡਿਆਈ ਅਰ ਹੰਕਾਰ ਏਹ ਸਾਰੇ ਪਦਾਰਥ ਪਿਆਰੋ ਦੇ ਪ੍ਰੇਮ ਦੀ ਇਕ ਪਲ ਉਤੋਂ ਵਾਰ ਕੇ ਸੁੱਟ ਦਿਆਂ, ਭਾਵ ਏਹ ਕਿ ਸਾਰੇ ਪਦਾਰਥ ਪ੍ਰੇਮ ਦੀ ਇਕ ਪਲ ਦੇ ਤੁੱਲ ਨਹੀਂ ਹਨ।

-੧੩-

ਬੀਧੈ ਬਾਂਧੇ ਕਮਲ ਮਹਿ ਭੰਵਰ ਰਹੇ ਲਪਟਾਇ’* ॥੪॥

ਮਾਂ-ਸ਼ਰਾਬੀ ਨੂੰ ਨਸ਼ੇ ਦੀ ਚੇਟਕ ਵਾਂਗੂ ਇਹ ਭੀ ਚੇਟਕ ਹੀ ਜਾਪਦੀ ਹੈ। ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ? -ਹਾਇ ਪੁਤ੍ਰ! ਤੈਨੂੰ ਕੀ ਸ਼ੁਦਾ ਹੋ ਗਿਆ? ਮਾਂ ਵਾਰੀ! ਆ ਕੁਛ ਸਮਝ ਕਰ।

ਪੁਤ੍ਰ-ਮਾਂ ਜੀ! ਲਿਖਿਆਂ ਤਾਂ ਐਉਂ ਹੈ:-

‘ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥

ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ+’ ॥੭॥

ਇਹ ਸੁਆਦ ਐਵੇਂ ਕਿਥੋਂ ਆ ਸਕਦਾ ਹੈ: ਆਪਣਾ ਆਪ ਜਦ ਤੀਕ ਨਾ ਜਾਣੇ ਤੇ ਸਤਿਗੁਰ ਕਲਗੀਧਰ ਦੀ ਕਿਰਪਾ ਨਾ ਹੋਵੇ? ਜੀਓ ਜੀ ਹਾਂ:-

‘ਜਾਕੇ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥

ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ+’ ॥੮॥

ਮਾਂ-ਮੈਂ ਸਮਝਾ ਰਹੀ, ਕੁਛ ਨਾ ਪੋਹਿਆ, ਹਾਇ ਪਿਆਰੇ ਪੁਤ੍ਰ! ਇਹ ਉੱਚੀਆਂ ਘਾਟੀਆਂ ਬਿਖੜੇ ਰਸਤੇ ਨਾ ਫੜ; ਆਪਣੇ ਅੰਦਰ ਵੜਕੇ ਸਤਿਗੁਰਾਂ ਨੂੰ ਧਿਆ ਲੈ। ਨਿੱਕੀ ਜਿਹੀ ਤੇਰੀ ਜਿੰਦ ਹੈ, ਇਕ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ, ਮੇਰੇ ਲਾਲ! ਕੀਕੁਰ ਬਚੇਂਗਾ?


*ਪ੍ਰੇਮ ਦੀ ਚਾਂਦਨੀ (ਰਿਦੇ ਰੂਪੀ} ਅਕਾਸ਼ ਵਿਚ ਪਸਰ ਰਹੀ ਹੈ (ਮਨ ਰੂਪੀ) ਭਵਰੋ ਹੁਰੀਂ (ਪ੍ਰੀਤਮ ਰੂਪੀ} ਕਮਲ ਵਿਚ ਵਿੰਨ੍ਹੇ ਤੇ ਬੱਝੇ ਜਾ ਕੇ ਬੀ ਲਿਪਟੇ ਰਹਿੰਦੇ ਹਨ। ਭਾਵੇਂ ਪ੍ਰੇਮ ਦਾ ਸੁਆਦ ਐਸਾ ਹੈ ਕਿ ਖੇਦਾਂ ਦੀ ਪ੍ਰਵਾਹ ਨਹੀਂ ਰਹਿੰਦੀ। ਮਸਕ੍ਰਿਨ-ਚੰਦ (ਵਿਲਸਨ ਕੋਸ਼} ਚਾਂਦਨੀ ਵੇਲੇ ਕਮਲ ਮੁੰਦੇ ਜਾਂਦੇ ਹਨ ਤਾਂ ਭਵਰੇ ਵਿਚ ਬੰਨ੍ਹੇ ਵਿਚੋਂ ਵਿੱਝ ਜਾਂਦੇ ਹਨ।

+ਹੇ ਮੂਸਨ ਤਦੋਂ ਲੁੱਟੇ ਜਾਈਦਾ ਹੈ ਜਦੋਂ ਦਿਆਲ (ਪਰਮੇਸ਼ਰ) ਭੁੱਲ ਜਾਵੇ। (ਹਾਂ) ਜਦੋਂ ਘਬ ਦਬ ਪਰਮੇਸ਼ੁਰ ਤੋਂ ਵਿਛੋੜੇ ਤਾਂ ਇਹਨਾਂ ਨੂੰ ਸਾੜ ਦੇਈਏ, ਕਿਉਂਕਿ ਘਰ ਬਾਰ ਦੇ ਨੁਕਸਾਨ ਨਾਲ ਬੇਹਾਲ ਨਹੀਂ ਹੋਈਦਾ, ਬੇਹਾਲ ਤਾਂ ਪ੍ਰੇਮ ਦੇ ਵਿਛੁੜਨ ਨਾਲ ਹੋਈਦਾ ਹੈ।

+ਜਿਨ੍ਹਾਂ ਨੂੰ ਪ੍ਰੇਮ ਦਾ ਸੁਆਦ ਪਿਆ ਹੈ ਓਹ ਪ੍ਰੀਤਮ (ਵਾਹਿਗੁਰੂ) ਦੇ ਚਰਨਾਂ ਦਾ ਹਰ ਵੇਲੇ ਮਨ ਵਿਚ ਸਿਮਰਨ ਕਰਦੇ ਹਨ। ਪਰਮੇਸ਼ੁਰ ਦੇ ਪ੍ਰੇਮੀ ਹੋਰ ਪਾਸੇ ਕਦੇ ਨਹੀਂ ਮੂੰਹ ਧਰਦੇ।

-੧੪-

ਪੁਤ੍ਰ-ਮਾਂ ਜੀ! ਹੈ ਤਾਂ ਇਸੇ ਤਰ੍ਹਾਂ।

‘ਲਖ ਘਾਟੀਂ ਊਚੌ ਘਨੌ ਚੰਚਲ ਚੀਤ ਬਿਹਾਲ'॥

ਪਰ ਸਤਿਗੁਰਾਂ ਦੀ ਕ੍ਰਿਪਾ ਹੋਵੇ ਤਾਂ:-

‘ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ’* ॥੯॥

ਭੈਣ-ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ; ਕੀ ਸਬੱਬ ਹੈ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ!

ਭਰਾ-ਭੈਣ ਜੀ! ਮੇਰੇ ਵੱਸ ਨਹੀਂ:-

‘ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ’ ॥

੩. ਕਾਂਡ।

ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। ‘ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।'

ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ ਆਇਆ ਤੇ ਬੋਲੇ:-

ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ। ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ


*ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ।

+ਭਾਵ ਪਿਆਰ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ।

-੧੫-