ਬਾਤਾਂ ਦੇਸ ਪੰਜਾਬ ਦੀਆਂ/ਰਾਜੇ ਦੀ ਬਿੱਲੀ

ਰਾਜੇ ਦੀ ਬਿੱਲੀ


ਇੱਕ ਰਾਜੇ ਦੀ ਬਿੱਲੀ ਸੀ। ਉਹ ਰੋਜ਼ ਸੜਕ ਤੇ ਜਾ ਕੇ ਬੈਠ ਜਾਇਆ ਕਰੇ। ਪਹਿਲੀ ਵੇਰ ਆਇਆ ਗੁੜ ਦਾ ਗੱਡਾ। ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਮਿੱਚੀ ਜਾਏਗੀ।
ਉਹ ਕਹਿੰਦੀ,
ਚਿੱਪੀ ਖਿੱਚੀ ਤੇਰੀ ਅੰਮਾਂ ਬੋਬੀ
ਮੈਂ ਰਾਜੇ ਦੀ ਬਿੱਲੀ
"ਫੇਰ ਕਿਵੇਂ ਉਠੇਂਗੀ, ਗੱਡੇ ਵਾਲੇ ਨੇ ਕਿਹਾ।
ਉਹ ਕਹਿੰਦੀ, "ਤਾਂ ਉਠੂੰ ਜੋ ਕੰਨਾਂ ਦਾ ਕੋਕਰੂ ਭਰੇਂਗਾ, ਨਹੀਂ ਨੀ ਮੈਂ ਉਠਦੀ।
"ਇੱਕ ਪਿੰਨੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦਾ-ਪੈਂਦਾ ਗੱਡਾ ਈ ਪੈ ਗਿਆ। ਉਹ ਗੁੜ ਦੇ ਗੱਡੇ ਨੂੰ ਘਰ ਰੱਖ ਆਈ ਤੇ ਫੇਰ ਸੜਕ ਤੇ ਆ ਕੇ ਬੈਠਗੀ। ਫੇਰ ਆਇਆ ਸ਼ੱਕਰ ਦਾ ਗੱਡਾ। ਗੱਡੇ ਵਾਲਾ ਕਹਿੰਦਾ
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਮਿਚੀ ਜਾਏਗੀ।
ਬਿੱਲੀ ਬੋਲੀ,
ਚਿੱਪੀ ਖਿੱਚੀ ਤੇਰੀ ਅੰਮਾਂ ਬੋਬੀ
ਮੈਂ ਰਾਜੇ ਦੀ ਬਿੱਲੀ
"ਫੇਰ ਕਿਵੇਂ ਉਠੇਗੀ", ਗੱਡੇ ਵਾਲੇ ਨੇ ਪੁੱਛਿਆ।
"ਜੇ ਕੰਨਾਂ ਦਾ ਕੋਕਰੂ ਭਰੇਂਗਾ, ਤਾਂ ਉਠੂੰ।"
ਉਹ ਕਹਿੰਦਾ, "ਇੱਕ ਮੁੱਠੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦਾ ਪੈਂਦਾ ਗੱਡਾ ਈ ਪੈ ਗਿਆ।
ਉਹ ਸ਼ੱਕਰ ਦੇ ਗੱਡੇ ਨੂੰ ਘਰ ਰੱਖ ਆਈ। ਫੇਰ ਆ ਕੇ ਸੜਕ ਦੇ ਗੱਭੇ ਬੈਠਗੀ। ਫੇਰ ਆਇਆ ਗੰਨਿਆਂ ਦਾ ਗੱਡਾ। ਗੱਡੇ ਵਾਲਾ ਕਹਿੰਦਾ
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕਹਿੰਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।
"ਰਾਹ ਛੱਡੇਂਗੀ ਵੀ?"
"ਜੇ ਕੰਨ ਦਾ ਕੋਕਰੂ ਭਰੇਗਾ ਤਾਂ ਉਠੂੰਗੀ।"
ਉਹ ਕਹਿੰਦਾ, "ਇੱਕ ਗੰਨਾ ਪੈਜੂ, ਦੇ ਪੈ ਜਾਣਗੇ ਪਰ ਪੈਂਦਾ ਪੈਂਦਾ ਸਾਰਾ ਈ ਗੱਡਾ ਪੈ ਗਿਆ।
ਗੰਨਿਆਂ ਦਾ ਗੱਡਾ ਘਰ ਰੱਖ ਕੇ ਬਿੱਲੀ ਫੇਰ ਸੜਕ ਦੇ ਗੱਭੇ ਆ ਬੈਠੀ। ਫੇਰ ਆਇਆ ਕਪਾਹ ਦਾ ਗੱਡਾ-ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕੰਹਿਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।
"ਰਾਹ ਛੱਡੇਂਗੀ ਵੀ?"
"ਜੇ ਕੰਨ ਦਾ ਕੋਕਰੂ ਭਰੇਂਗਾ ਤਾਂ ਰਾਹ ਦਊਂਗੀ।"
"ਇੱਕ ਫੁੱਟੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦੈ ਪੈਂਦੇ ਕਪਾਹ ਦਾ ਸਾਰਾ ਗੱਡਾ ਈ ਬਿੱਲੀ ਦੇ ਕੰਨ 'ਚ ਪੈ ਗਿਆ। ਉਹ ਕਪਾਹ ਆਪਣੇ ਘਰ ਰੱਖ ਆਈ ਤੇ ਫੇਰ ਸੜਕ ਦੇ ਗੱਭੇ ਆ ਕੇ ਬਹਿਗੀ। ਫੇਰ ਆਇਆ ਚੌਲਾਂ ਦਾ ਗੱਡਾ। ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕੰਹਿਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।
"ਫੇਰ ਕਿਵੇਂ ਉਠੇਗੀ?"
"ਜੇ ਕੰਨਾਂ ਦਾ ਕੋਕਰੂ ਭਰੇਂਗਾ।"
"ਇੱਕ ਮੁੱਠੀ ਪੈਜੂ ਦੋ ਪੈ ਜਾਣਗੀਆਂ ਪਰ ਪੈਂਦੇ ਪੈਂਦੇ ਸਾਰਾ ਚੌਲਾਂ ਦਾ ਗੱਡਾ ਈ ਬਿੱਲੀ ਦੇ ਕੰਨ 'ਚ ਪੈ ਗਿਆ ... ਚੌਲ ਘਰ ਰੱਖ ਆਈ।
ਫੇਰ ਬਿੱਲੀ ਨੇ ਗੁੜ ਦੀਆਂ ਬਣਾ ਲਈਆਂ ਕੰਧਾਂ, ਸ਼ੱਕਰ ਦਾ ਬਣਾ ਲਿਆ ਗਾਰਾ ਤੇ ਗੰਨਿਆਂ ਦੀ ਉੱਤੇ ਪਾ ਲਈ ਛੱਤ। ਇਸ ਤਰ੍ਹਾਂ ਉਹਨੇ ਸਾਰੀਆਂ ਚੀਜ਼ਾਂ ਦਾ ਕੋਠਾ ਛੱਤ ਲਿਆ। ਉਸ ਦੇ ਚਾਰ ਬਲੂੰਗੜੇ ਸੀ, ਇੱਕ ਉਹਨਾਂ ਚੋਂ ਕਾਣਾ ਸੀ। ਉਹਨੂੰ ਨੂੰ ਕਹਿੰਦੀ, "ਜਦੋਂ ਮੈਂ ਆਵਾਂ ਤਾਂ ਥੋਨੂੰ ਕਿਹਾ ਕਰੂੰ, ਖੋਲ੍ਹ ਕੁੰਡਾ ਵੇ ਪੁੱਤ ਬਲੂੰਗੜਿਓ।" ਉਹ ਕਹਿੰਦੇ, "ਚੰਗਾ।"
ਇੱਕ ਗਿੱਦੜ ਬਿੱਲੀ ਦੇ ਘਰ ਦੇ ਕੌਲ਼ੇ ਕੋਲ ਬੈਠਾ ਇਹ ਸਭ ਕੁਝ ਸੁਣ ਰਿਹਾ ਸੀ। ਜਦੋਂ ਬਿੱਲੀ ਬਾਹਰ ਚਲੀ ਗਈ ਤੇ ਗਿੱਦੜ ਬੂਹੇ ਅੱਗੇ ਆ ਕੇ ਬਿੱਲੀ ਦੀ ਆਵਾਜ ਬਣਾ ਕੇ ਕਹਿੰਦਾ, "ਖੋਲ੍ਹੇ ਕੁੰਡਾ ਪੁੱਤ ਬਲੂੰਗੜਿਓ।"
ਉਹਨਾਂ ਨੇ ਕੁੰਡਾ ਖੋਲ੍ਹ ਦਿੱਤਾ। ਗਿੱਦੜ ਤਿੰਨ ਬੱਚੇ ਲੈ ਗਿਆ ਤੇ ਕਾਣੇ ਨੂੰ ਓਥੇ ਹੀ ਛੱਡ ਗਿਆ।
ਫੇਰ ਬਿੱਲੀ ਬਾਹਰੋਂ ਮੁੜ ਆਈ। ਕਹਿੰਦੀ, "ਖੋਲ੍ਹ ਕੁੰਡਾ ਵੇ ਪੁੱਤ ਬਲੂੰਗੜਿਓ।"
ਕਾਣੇ ਨੇ ਪਹਿਲਾਂ ਖੋਹਲਿਆ ਨਾ ਫੇਰ ਦੂਜੀ ਵਾਰ ਕਹੇ ਤੇ ਖੋਹਲਿਆ। ਉਹ ਕਹਿੰਦੀ, "ਦੂਜੇ ਕਿੱਧਰ ਗਏ।"
"ਗਿੱਦੜ ਚੱਕ ਕੇ ਲੈ ਗਿਆ।" ਕਾਣੇ ਨੇ ਦੱਸਿਆ।
ਫੇਰ ਬਿੱਲੀ ਨੇ ਇੱਕ ਤਸਲਾ, ਇੱਕ ਮੋਗਰੀ ਤੇ ਲਜ ਡੋਲ ਲਿਆ ਤੇ ਖੂਹ ਤੇ ਚਲੀ ਗਈ। ਪਹਿਲਾਂ ਬੱਕਰੀਆਂ ਆਈਆਂ, ਉਹਨਾਂ ਨੂੰ ਪਾਣੀ ਪਿਲਾ ਦਿੱਤਾ। ਫੇਰ ਆਇਆ ਗਿੱਦੜ, ਉਹਨੂੰ ਪਾਣੀ ਪਿਲਾਉਂਦੀ ਨੇ ਮੋਗਰੀ ਫੜ ਲਈ ਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।