ਬਾਤਾਂ ਦੇਸ ਪੰਜਾਬ ਦੀਆਂ/ਚੱਪਣੀ ਤੇ ਚੂਹਾ

49572ਬਾਤਾਂ ਦੇਸ ਪੰਜਾਬ ਦੀਆਂ — ਚੱਪਣੀ ਤੇ ਚੂਹਾਸੁਖਦੇਵ ਮਾਦਪੁਰੀ

ਚੱਪਣੀ ਤੇ ਚੂਹਾ


ਇੱਕ ਸੀ ਬਾਪ ਇੱਕ ਸੀ ਕੁੜੀ, ਇੱਕ ਕੁੜੀ ਦੀ ਮਾਂ ਸੀ। ਕੁੜੀ ਦਾ ਉਹਨਾਂ ਨੇ ਨਾਂ ਚੱਪਣੀ ਰੱਖ ਲਿਆ। ਕੁੜੀ ਗਾਲਾਂ ਕੱਢਣ ਲੱਗ ਪਈ-ਮਾਂ ਨੇ ਕੁੱਟੀ ਪਿਓ ਨੇ ਝਿੜਕੀ। ਚੱਪਣੀ ਉਠ ਚੱਲੀ-ਚਲੋ ਚਾਲ ਜਾਂਦੀ ਐ। ਰਸਤੇ ਵਿੱਚ ਇੱਕ ਹਾਲੀ ਹਲ ਵਾਹੁੰਦਾ ਸੀ। ਉਹ ਕਹਿੰਦਾ, "ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ  : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਹਾਲੀ ਕਹਿੰਦਾ  : "ਚੱਪਣੀ ਤੂੰ ਮੇਰੇ ਕੋਲ ਰਹਿ ਪੈ।"
ਚੱਪਣੀ ਕਹਿੰਦੀ  : "ਖਾਣ ਪੀਣ ਨੂੰ ਕੀ ਐ?"
ਉਹ ਕਹਿੰਦਾ  : "ਖਾਣ ਪੀਣ ਨੂੰ ਤਾਂ ਕੁਝ ਨੀਂ?"


ਉਹ ਉਥੋਂ ਤੁਰ ਪਈ। ਗਹਾਂ ਇੱਕ ਮੋਰ ਪੈਲ ਪਾਉਂਦਾ ਸੀ। ਉਹ ਕਹਿੰਦਾ: ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ  : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਮੋਰ ਫੇਰ ਕਹਿੰਦਾ  : "ਚੱਪਣੀ ਤੂੰ ਮੇਰੇ ਕੋਲ ਰਹਿ ਪੈ।"
ਚੱਪਣੀ ਫੇਰ ਕਹਿੰਦੀ  : "ਖਾਣ ਪੀਣ ਨੂੰ ਕੀ?"
ਮੋਰ ਕਹਿੰਦਾ  : "ਮੇਰੇ ਕੋਲ ਦਾਣੇ ਹੀ ਨੇ।"
ਚੱਪਣੀ ਉੱਥੋਂ ਤੁਰ ਪਈ। ਗਹਾਂ ਇੱਕ ਚੂਹਾ ਖੁੱਡ ਪੁੱਟਦਾ ਸੀ। ਕਹਿੰਦਾ, "ਚੱਪਣੀ ਚੱਪਣੀ ਕਿੱਥੇ ਚੱਲੀ?"
ਚੱਪਣੀ ਬੋਲੀ  : "ਮਾਂ ਨੇ ਕੁੱਟੀ
ਪਿਓ ਨੇ ਝਿੜਕੀ
ਚੱਪਣੀ ਉੱਠ ਚੱਲੀ।"
ਚੂਹਾ ਕਹਿੰਦਾ  : "ਮੇਰੇ ਕੋਲ ਰਹੇਂਗੀ?"

ਚੱਪਣੀ ਬੋਲੀ : “ਖਾਣ ਪੀਣ ਨੂੰ ਕੀ?? ਚੂਹਾ ਕਹਿੰਦਾ : “ਲੱਡੂ, ਜਲੇਬੀਆਂ, ਪੇੜੇ, ਬਰਫੀ, ਕਪੜੇ।

ਚੱਪਣੀ ਚੂਹੇ ਕੋਲ ਰਹਿ ਪਈ। ਚੱਪਣੀ ਫੇਰ ਚੂਹੇ ਨੂੰ ਕਹਿੰਦੀ, “ਤੂੰ ਹੱਟੀਓਂ ਤੇਲ ਲਿਆ।”

ਚੂਹਾ ਹੱਟੀ ਆਲੇ ਨੂੰ ਜਾਕੇ ਕਹਿੰਦਾ, “ਬਈ ਤੇਲ ਦਈਂ।" ਉਹ ਕਹਿੰਦਾ, “ਕੱਢ ਲੈ ਪੀਪੇ 'ਚੋਂ।" ਚੂਹਾ ਤੇਲ ਕੱਢਣ ਲੱਗਿਆ ਤੇਲ ਦੇ ਪੀਪੇ ਵਿੱਚ ਹੀ ਡੁੱਬ ਗਿਆ। ਚੱਪਣੀ ਨੂੰ ਜਾ ਕੇ ਮੁੰਡੇ ਕਹਿੰਦੇ, “ਚੂਹਾ ਡੁੱਬ ਗਿਆ।" ਚੱਪਣੀ ਫੇਰ ਰੋਣ ਲੱਗ ਪਈ ਤੇ ਉਥੋਂ ਵੀ ਗਹਾਂ ਨੂੰ ਤੁਰ ਪਈ।