ਬਾਤਾਂ ਦੇਸ ਪੰਜਾਬ ਦੀਆਂ/ਮਚਲੀ ਚੁਹੀ
ਮਚਲੀ ਚੂਹੀ
ਇੱਕ ਸੀ ਚੂਹਾ ਇੱਕ ਸੀ ਚੂਹੀ। ਦੋਨੋਂ ਇੱਕ ਘਰ ਵਿੱਚ ਕੱਠੇ ਰਹਿੰਦੇ ਸੀ। ਚੂਹਾ ਚੂਹੀ ਨੂੰ ਕਹਿੰਦਾ, “ਆ ਚੂਹੀਏ ਆਪਾਂ ਮੋਠ ਬੀਜਣ ਚੱਲੀਏ।” ਚੂਹੀ ਕਹਿੰਦੀ:
ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ
ਚੂਹਾ ਕਹਿੰਦਾ। "ਚਲ ਮਹੀਓਂ ਬੀਜ ਆਉਨਾ।"
ਉਹ ਕੱਲਾ ਈ ਮੋਠ ਬੀਜ ਆਇਆ। ਕੁਝ ਦਿਨਾਂ ਮਗਰੋਂ ਫੇਰ ਚੂਹੀ ਨੂੰ ਕਹਿਣ ਲੱਗਾ, “ਆ ਚੂਹੀਏ ਆਪਾਂ ਮੋਠ ਗੁੱਡ ਆਈਏ। ਚੂਹੀ ਨੇ ਫੇਰ ਬਹਾਨਾ ਲਾ ਦਿੱਤਾ, ਕਹਿੰਦੀ:
ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ
ਚੂਹਾ ਕੱਲਾ ਈ ਮੋਠ ਗੁੱਡ ਆਇਆ। ਇੱਕ ਦੋ ਵਾਰ ਮੀਂਹ ਪੈਣ ਕਰਕੇ ਮੋਠਾਂ ਦੀ ਫਸਲ ਤਿਆਰ ਹੋ ਗਈ। ਚੂਹਾ-ਚੂਹੀ ਨੂੰ ਆਖਣ ਲੱਗਾ, “ਆ ਚੂਹੀਏ ਆਪਾਂ ਮੋਠ ਵੱਢ ਆਈਏ।” ਚੂਹੀ ਨੇ ਪਹਿਲਾਂ ਵਾਲਾ ਹੀ ਬਹਾਨਾ ਲਾ ਦਿੱਤਾ ਕਹਿੰਦੀ :
ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈ ਕੀ ਕਰੂੰ
ਚੂਹਾ ਕੱਲਾ ਹੀ ਮੋਠ ਵੱਢ ਕੇ ਸੁਕਣੇ ਪਾ ਆਇਆ। ਫਲੀਆਂ ਸੁਕਾਣ ਮਗਰੋਂ ਚੂਹੇ ਨੇ ਉਹਨਾਂ ਨੂੰ ਝਾੜ ਲਿਆ ਤੇ ਘਰ ਲੈ ਆਇਆ। ਘਰ ਆ ਕੇ ਉਹਨੇ ਚੂਹੀ ਨੂੰ ਆਖਿਆ, “ਚੂਹੀਏ-ਚੂਹੀਏ, ਮੋਠਾਂ ਨੂੰ ਰਿਣੇ ਧਰ ਦੇ।” ਚੂਹੀ ਨੇ ਫੇਰ ਓਹ ਘੜਿਆ ਘੜਾਇਆ ਬਹਾਨਾ ਲਾ ਦਿੱਤਾ:
ਮੇਰਾ ਸਿਰ ਦੁਖਦਾ
ਮੇਰਾ ਢਿੱਡ ਦੁਖਦਾ
ਮੈਂ ਕੀ ਕਰੂੰ
ਚੂਹਾ ਕਹਿੰਦਾ, “ਚੰਗਾ ਮਹੀਓਂ ਰਿੰਨ੍ਹ ਦਿੰਨਾਂ ਚੂਹੇ ਨੇ ਅੱਗ ਬਾਲੀ ਤੇ ਚੁੱਲ੍ਹੇ ਉੱਤੇ ਮੋਠ ਰਿਝਣੇ ਧਰ ਦਿੱਤੇ। ਜਦ ਮੋਠ ਰਿਝ ਗਏ ਤੇ ਚੂਹਾ ਚੂਹੀ ਨੂੰ ਕਹਿੰਦਾ, “ਆ ਚੂਹੀਏ ਖਾਣਾ ਖਾ ਲੈ।”
ਚੂਹੀ ਕਹਿੰਦੀ, “ਲਿਆ।”
ਜਦ ਚੂਹੀ ਖਾਣ ਲੱਗੀ ਤਾਂ ਚੂਹੇ ਨੇ ਸੋਟਾ ਚੁੱਕ ਕੇ ਚੂਹੀ ਦੇ ਮਾਰਿਆ। ਚੂਹੀ ਉੱਥੇ ਹੀ ਮਰ ਗਈ।