ਬਾਤਾਂ ਦੇਸ ਪੰਜਾਬ ਦੀਆਂ/ਮਚਲੀ ਚਿੜੀ

ਮਚਲੀ ਚਿੜੀ


ਇੱਕ ਸੀ ਚਿੜੀ ਤੇ ਇੱਕ ਸੀ ਮੱਝ। ਦੋਹਾਂ ਨੇ ਸ਼ਰਤ ਲਾਈ। ਮੱਝ ਕਹਿੰਦੀ, "ਜੇ ਤੈਨੂੰ ਬਿੱਠ ਆਈ ਤਾਂ ਤੂੰ ਮੇਰੇ ਤੇ ਕਰ ਦਈਂ। ਜੇ ਮੈਨੂੰ ਫੋਸ ਆਇਆ ਤਾਂ ਮੈਂ ਤੇਰੇ ਤੇ ਕਰ ਦਊਂਗੀ।"
ਚਿੜੀ ਕਹਿੰਦੀ, "ਚੰਗਾ"।
ਚਿੜੀ ਮੁੜ ਘਿੜ ਆਵੇ ਮੱਝ ਦੀ ਪਿੱਠ ਉੱਤੇ ਬਿੱਠ ਕਰ ਜਾਵੇ।
ਅੱਠ ਪਹਿਰ ਮਗਰੋਂ ਮੱਝ ਚਿੜੀ ਨੂੰ ਕਹਿੰਦੀ, "ਆ ਭੈਣ ਹੁਣ ਮੇਰੀ ਵਾਰੀ ਆ, ਆ ਹੋ ਥੱਲੋ।"
ਚਿੜੀ ਥੱਲੇ ਬਹਿ ਗਈ। ਮੱਝ ਨੇ ਉਪਰੋਂ ਫੋਸ ਕਰ ਦਿੱਤਾ। ਚਿੜੀ ਵਿਚਾਰੀ ਫੋਸ ਥੱਲੇ ਈ ਆਗੀ। ਕੋਲੋਂ ਦੀ ਇੱਕ ਰਾਹੀ ਲੰਘਿਆ ਜਾਂਦਾ ਸੀ। ਚਿੜੀ ਰਾਹੀ ਨੂੰ ਕਹਿੰਦੀ, "ਜੇ ਰਾਹੀਆ ਰਾਹੀਆ ਤੂੰ ਮੈਨੂੰ ਏਥੋਂ ਕੱਢੋ ਤਾਂ ਤੈਨੂੰ ਪੱਕੀ ਪੱਕੀ ਲੀਲ੍ਹ ਦਊਂ।"
ਰਾਹੀ ਨੇ ਚਿੜੀ ਨੂੰ ਫੋਸ ਹੇਠੋਂ ਕੱਢ ਦਿੱਤਾ। ਚਿੜੀ ਫੇਰ ਟੋਭੇ ਵਿੱਚ ਖੰਭ ਧੋਣ ਜਾ ਵੜੀ। ਉਥੇ ਉਹਦੇ ਪੈਰ ਗਾਰੇ ਵਿੱਚ ਖੁੱਭ ਗਏ। ਫੇਰ ਉਹ ਟੋਭੇ ਵਿਚੋਂ ਕਹਿੰਦੀ, "ਰਾਹੀਆ ਰਾਹੀਆ ਜੇ ਤੂੰ ਮੈਨੂੰ ਏਥੋਂ ਕੱਢੇ ਪੱਕੀ-ਪੱਕੀ ਲੀਲ਼ ਦਊਂ।"
ਰਾਹੀ ਨੇ ਉਹ ਉਥੋਂ ਵੀ ਕੱਢ ਦਿੱਤੀ। ਫੇਰ ਓਹ ਔਲੂ ਵਿੱਚ ਜਾ ਡਿਗੀ। ਓਹ ਫੇਰ ਔਲੂ ਵਿਚੋਂ ਹੀ ਕਹਿੰਦੀ, "ਰਾਹੀਆ ਰਾਹੀਆ ਜੇ ਤੂੰ ਏਥੋਂ ਕੱਢੇ-ਪੱਕੀ ਪੱਕੀ ਲੀਲ੍ਹ ਦਊਂ।"
ਰਾਹੀ ਨੇ ਚਿੜੀ ਨੂੰ ਔਲੂ ਵਿਚੋਂ ਕੱਢ ਦਿੱਤਾ ਫੇਰ ਉਹ ਬਲਦਾਂ ਹੇਠਾਂ ਪੈੜ ਵਿੱਚ ਜਾ ਡਿੱਗੀ। ਉਹ ਫੇਰ ਪੈੜ ਵਿੱਚੋਂ ਹੀ ਕਹਿੰਦੀ, "ਰਾਹੀਆ ਰਾਹੀਆ ਜੇ ਤੂੰ ਮੈਨੂੰ ਏਥੋਂ ਕੱਢ ਪੱਕੀ ਪੱਕੀ ਲੀਲ੍ਹ ਦਊਂ।"
ਰਾਹੀ ਨੇ ਚਿੜੀ ਨੂੰ ਪੈੜ ਵਿਚੋਂ ਵੀ ਕੱਢ ਦਿੱਤਾ।ਉਹ ਏਥੋਂ ਉਡ ਕੇ ਬਾੜ ਵਿੱਚ ਜਾ ਫਸੀ। ਰਾਹੀ ਨੇ ਚਿੜੀ ਨੂੰ ਬਾੜ ਵਿਚੋਂ ਵੀ ਕੱਢ ਦਿੱਤਾ। ਇਸ ਮਗਰੋਂ ਉਹ ਇਕ ਘੋੜੇ ਦੀਆਂ ਲੱਤਾਂ ਵਿੱਚ ਜਾ ਡਿੱਗੀ। ਰਾਹੀ ਨੇ ਉਹਨੂੰ ਘੋੜੇ ਦੀਆਂ ਲੱਤਾਂ ਹੇਠਾਂ ਵੀ ਕੱਢ ਦਿੱਤਾ। ਫੇਰ ਉਹ ਚਿੜੀ ਨੂੰ ਕਹਿੰਦਾ, "ਲਿਆ ਮੇਰੀ ਹੁਣ ਪੱਕੀ ਪੱਕੀ ਲੀਲ।"

"ਤੂੰ ਮੇਰਾ ਕੀ ਕੀਤਾ ਸੀ?"

“ਤੈਨੂੰ ਮੈਂ ਫੋਸ ਹੋਠੋਂ ਕੱਢਿਆ ਸੀ।”
“ਓਥੇ ਤਾਂ ਮੈਂ ਪਾਥੀਆਂ ਪੱਥਦੀ ਸੀ।"

“ਲਿਆ ਮੇਰੀ ਪੱਕੀ ਪੱਕੀ ਲੀਲ੍ਹ!"
“ਤੈਂ ਮੇਰਾ ਕੀ ਕੀਤਾ ਸੀ?”
“ਮੈਂ ਤੈਨੂੰ ਟੋਭੇ 'ਚੋਂ ਕੱਢਿਆ ਸੀ।"
“ਓਥੇ ਤਾਂ ਮੈਂ ਮਲ ਮਲ ਗੋਤੇ ਲਾਉਂਦੀ ਸੀ।"

“ਲਿਆ ਮੇਰੀ ਪੱਕੀ ਪੱਕੀ ਲੀਲ੍ਹ?”
“ਤੈਂ ਮੇਰਾ ਕੀ ਕੀਤਾ ਸੀ?"
“ਮੈਂ ਤੈਨੂੰ ਔਲੂ ਚੋਂ ਕੱਢਿਆ ਸੀ?”
“ਓਥੇ ਤਾਂ ਮੈਂ ਬੇਲੀ ਰੱਬ ਬਣਾਉਂਦੀ ਸੀ।"

“ਲਿਆ ਮੇਰੀ ਪੱਕੀ ਪੱਕੀ ਲੀਲ੍ਹ।"
“ਤੂੰ ਮੇਰਾ ਕੀ ਕੀਤਾ ਸੀ?"
“ਮੈਂ ਤੈਨੂੰ ਬਲਦਾਂ ਹੇਠੋਂ ਕੱਢਿਆ ਸੀ।”
“ਓਥੇ ਤਾਂ ਮੈਂ ਗੋਰੇ ਬੱਗੇ ਦੀਆਂ ਕੀਲੀਆਂ ਲਾਉਂਦੀ ਸੀ।"

“ਲਿਆ ਮੇਰੀ ਪੱਕੀ ਪੱਕੀ ਲੀਲ੍ਹਾ।"
“ਤੈਂ ਮੇਰਾ ਕੀ ਕੀਤਾ ਸੀ?"
“ਬਾੜ ਚੋਂ ਕੱਢੀ ਸੀ?"
“ਓਥੇ ਤਾਂ ਮੈਂ ਕੰਨ ਬਨ੍ਹਾਉਂਦੀ ਸੀ।"
 
“ਲਿਆ ਮੋਰੀ ਪੱਕੀ ਪੱਕੀ ਲੀਲ੍ਹ।"
“ਤੈਂ ਮੇਰਾ ਕੀ ਕੀਤਾ ਸੀ?"
“ਘੋੜੇ ਦੀਆਂ ਲੱਤਾਂ ਹੇਠੋਂ ਕੱਢੀ ਸੀ।"
"ਓਥੇ, ਤਾਂ ਮੈਂ ਲੱਤਾਂ-ਬਾਹਾਂ ਦੀ ਮੋਚ ਕਢਾਉਂਦੀ ਸੀ।"

ਗੱਲਾਂ ਕਰਦੇ-ਕਰਦੇ ਚਿੜੀ ਦੇ ਖੰਭ ਸੁੱਕ ਗਏ ਤੇ ਉਹ ਫੁਰਰ-ਫੁਰਰ ਕਰਦੀ ਉੱਡ ਗਈ। ਰਾਹੀ ਆਪਣੇ ਘਰ ਨੂੰ ਚਲਿਆ ਗਿਆ।