ਜੜ ਪੱਟੂ

ਇੱਕ ਸੀ ਜੜਪੱਟੂ, ਤਿੰਨ ਉਹਦੇ ਭਾਈ ਸੀ। ਉਹਨਾਂ ਨੇ ਜੜਪੱਟੂ ਅੱਡ ਕਰ ਦਿੱਤਾ। ਉਹਨਾਂ ਉਹਨੂੰ ਇੱਕ ਬੁੜ੍ਹੀ, ਇੱਕ ਕੱਟੀ ਤੇ ਇੱਕ ਝੁੱਗੀ ਹਿੱਸੇ ਵਿੱਚ ਦੇ ਦਿੱਤੀ।
ਜੜਪੱਟੂ ਰੋਜ਼ ਜਾਇਆ ਕਰੇ ਉਹਨਾਂ ਦੇ ਖੇਤਾਂ ਵਿੱਚ ਚੋਰੀ ਆਪਣੀ ਕੱਟੀ ਚਾਰ ਲਿਆਇਆ ਕਰੇ। ਇੱਕ ਦਿਨ ਉਹ ਤਿੰਨੇ ਭਾਈ ਤਿੰਨੇ ਪਾਸੇ ਬੈਠ ਗਏ। ਚੌਥੇ ਪਾਸੇ ਚੋਂ ਉਹ ਆ ਗਿਆ। ਜਦ ਉਹਨੇ ਆਪਣੀ ਕੱਟੀ ਚਾਰੇ 'ਚ ਛੱਡੀ ਤਾਂ ਉਹਨਾਂ ਤਿੰਨਾਂ ਭਾਈਆਂ ਨੇ ਫੜਕੇ ਉਹ ਕੱਟੀ ਮਾਰ ਦਿੱਤੀ। ਉਹਨੇ ਫੇਰ ਕੱਟੀ ਦੀ ਖੱਲ ਉਤਾਰ ਕੇ ਸੁਕਾ ਲਈ ਤੇ ਸੁੱਕੀ ਖਲ ਮੋਢੇ ਤੇ ਰੱਖ ਕੇ ਚਲੋ ਚਾਲ ਤੁਰ ਪਿਆ। ਰਾਹ ਵਿੱਚ ਉਹਨੂੰ ਸੁਨਸਾਨ ਜਗ੍ਹਾ ਤੇ ਇੱਕ ਬਹੁਤ ਭਾਰੀ ਦਰਖੱਤ ਦਖਾਈ ਦਿੱਤਾ। ਉਹ ਉਸ ਦਰੱਖਤ ਦੀ ਟੀਸੀ ਤੇ ਚੜ੍ਹ ਕੇ ਬੈਠ ਗਿਆ-ਕੱਟੀ ਦੀ ਖਲ ਵੀ ਉਹਨੇ ਆਪਣੇ ਨਾਲ ਹੀ ਚੁੱਕੀ ਹੋਈ ਸੀ। ਉਧਰੋਂ ਆਉਂਦੇ ਸੀ ਤਿੰਨ ਚੋਰ। ਉਹ ਇਸ ਦਰੱਖਤ ਥੱਲੇ ਆ ਕੇ ਕਹਿੰਦੇ, "ਕਿਸੇ ਚੰਗੇ ਘਰ ਨੂੰ ਪਾੜ ਲੱਗ ਜਾਵੇ ਤਾਂ ਅਸੀਂ ਏਸ ਦਰੱਖਤ ਨੂੰ ਚੋਰੀ ਦਾ ਅੱਧਾ ਮਾਲ ਦੇਵਾਂਗੇ।" ਫੇਰ ਉਹਨਾਂ ਨੇ ਇਕ ਸੁਨਿਆਰ ਦੇ ਘਰ ਨੂੰ ਪਾੜ ਜਾ ਲਾਇਆ ਤੇ ਚੋਰੀ ਦਾ ਮਾਲ ਲੈ ਕੇ ਇਸੇ ਦਰੱਖਤ ਥੱਲੇ ਆ ਕੇ ਕਹਿੰਦਾ, “ਢੇਰੀਆਂ ਛੇਤੀ ਛੇਤੀ ਲਾਲੋ ਉਪਰੋਂ ਕਿਤੇ ਰੱਬ ਨਾ ਗਿਰ ਪਵੇ।"
ਜੜਪੱਟ ਉਪਰ ਬੈਠਾ ਚੋਰਾਂ ਦੀ ਘੁਸਰ ਮੁਸਰ ਸੁਣ ਰਿਹਾ ਸੀ। ਉਹਨੇ ਝੱਟ ਦੇਣੇ ਉਪਰੋਂ ਖੱਲ ਸਿੱਟ ਦਿੱਤੀ।
ਚੋਰ ‘ਰੱਬ ਡਿੱਗ ਪਿਆ’, ‘ਰੱਬ ਡਿੱਗ ਪਿਆ' ਆਖਦੇ ਓਥੋਂ ਡਰ ਕੇ ਨੱਸ ਗਏ ਤੇ ਚੋਰੀ ਦਾ ਮਾਲ ਵੀ ਓਥੇ ਹੀ ਛੱਡ ਗਏ। ਜੜਪੱਟੂ ਨੇ ਚੋਰਾਂ ਦੇ ਸਾਰੇ ਰੁਪਏ ਚੁੱਕ ਲਏ ਤੇ ਘਰ ਆ ਕੇ ਆਪਣੇ ਭਾਈਆਂ ਨੂੰ ਕਹਿੰਦਾ, “ਦੇਖੋ ਮੇਰੀ ਮਰੀ ਜਹੀ ਕੱਟੀ ਸੀ ਓਸ ਦੀ ਖਲ ਦੀ ਕਿੰਨੀ ਮਾਇਆ ਲੈ ਕੇ ਆਂਦੀ ਏ। ਤੁਸੀਂ ਵੀ ਆਪਣੀਆਂ ਮੈਸਾਂ ਦੀ ਖਲ ਬੇਚ ਆਓ।”
ਉਹਨਾਂ ਨੇ ਆਪਣੀਆਂ ਮੈਸਾਂ ਮਾਰ ਦਿੱਤੀਆਂ ਤੇ ਖੱਲਾਂ ਸੁਕਾ ਕੇ ਬੇਚਣ ਤੁਰ ਪਏ ਚਲੋ ਚਾਲ ਜਾਂਦੇ ਹੋਏ ‘ਕੋਈ ਲੈ ਲੋ ਖੱਲਾਂ' ਦਾ ਹੋਕਾ ਲਾਈ ਜਾਣ। ਖੱਲ ਦਾ ਕੋਈ ਦੋ ਆਨੇ ਦੋਵੇ, ਕੋਈ ਛੇ ਆਨੇ ਅਤੇ ਕੋਈ ਅੱਠ ਆਨੇ। ਆਖਰ ਉਹ ਆਪਣੀਆਂ ਖੱਲਾਂ ਪਿੰਡ ਦੇ ਬੰਨੇ ਤੇ ਸੁੱਟ ਕੇ ਮੁੜ ਆਏ। ਓਹ ਕਹਿੰਦੇ, "ਏਸ ਜੜਪੱਟੂ ਨੇ ਮਾਰੇ। ਇਹਦੀ ਬੁੜ੍ਹੀ ਨੂੰ ਮਾਰੋ। ਉਹਨਾਂ ਨੇ ਉਹਦੀ ਬੁੜ੍ਹੀ ਮਾਰ ਦਿੱਤੀ। ਜੜਪੱਟੂ ਮਰੀ ਪਈ ਬੁੜ੍ਹੀ ਦੇ ਸੋਹਣੇ ਜਹੇ ਕਪੜੇ ਪਾ ਕੇ ਚਲੋ ਚਲਾ ਲਈ ਜਾਂਦੈ। ਇੱਕ ਖੂਹ ਤੇ ਕੁੜੀਆਂ ਪਾਣੀ ਭਰਦੀਆਂ ਸੀ। ਉਹ ਕਹਿੰਦੀਆਂ, “ਵੇ ਭਾਈ ਸਾਨੂੰ ਆਹ ਕੁੜੀ ਤਾਂ ਦਖਾਲ ਜਾ।"
ਕਹਿੰਦਾ, “ਭਾਈ ਇਹ ਤਾਂ ਦੇਖੇ ਤੇ ਮਰ ਜਾਂਦੀ ਹੁੰਦੀ ਐ।"
ਕੁੜੀਆਂ ਨੇ ਜ਼ਿਦ ਕੀਤੀ ਤੇ ਉਹਨੇ ਰੱਸੀਆਂ ਢਿੱਲੀਆਂ ਛੱਡ ਦਿੱਤੀਆਂ ਤੇ ਬੁੜ੍ਹੀ ਥੱਲੇ ਡਿੱਗ ਪਈ। ਉਹ ਰੋਣ ਲੱਗ ਪਿਆ। ਪਿੰਡ ਨੇ ਕੱਠ ਕਰਕੇ ਓਸ ਨੂੰ ਇੱਕ ਕੁੜੀ ਦੇ ਦਿੱਤੀ। ਉਹ ਕੁੜੀ ਨੂੰ ਲੈ ਕੇ ਘਰ ਆ ਗਿਆ। ਕਹਿੰਦਾ, “ਮਰੀ ਤਾਂ ਬੁੜ੍ਹੀ ਓ ਸੀ, ਦੇਖੋ ਮੈਂ ਕਿਹੋ ਜਿਹੀ ਸੋਹਣੀ ਬਹੁ ਲੈ ਕੇ ਆਇਆ ਹਾਂ। ਤੁਸੀਂ ਵੀ ਆਪਣੀਆਂ ਬਹੂਆਂ ਮਾਰ ਲਵੋ, ਤੁਸੀਂ ਵੀ ਇਹੋ ਜਹੀਆਂ ਲੈ ਕੇ ਆਵੋ।"
ਉਹਨਾਂ ਨੇ ਆਪਣੀਆਂ ਬਹੁਆਂ ਮਾਰ ਲਈਆਂ। ਚਲੋ ਚਾਲ ਲਈ ਜਾਂਦੇ ਨੇ ਤੇ ਹੋਕਾ ਦਿੰਦੇ ਨੇ, “ਕੋਈ ਮਰੀ ਹੋਈ ਲੈ ਲੋ, ਜਿਉਂਦੀ ਦੇ ਦੋ" ਮਰੀ ਹੋਈ ਭਲਾ ਕੀਹਨੇ ਲੈਣੀ ਸੀ, ਉਹਨਾਂ ਨੂੰ ਬੰਨੇ ਤੇ ਫੂਕ ਕੇ ਮੁੜ ਆਏ। ਕਹਿੰਦੇ, “ਏਸ ਜੜਪੱਟੂ ਨੇ ਮਾਰੇ, ਇਹ ਦੀ ਝੁੱਗੀ ਸਾੜੋ।" ਉਹਨਾਂ ਨੇ ਜੜਪੱਟੂ ਦੀ ਝੁੱਗੀ ਜਾਲਤੀ।
ਜੜਪੱਟੂ ਸੁਆਹ ਦਾ ਗੱਡਾ ਭਰੀਂ ਚਲੋ ਚਾਲ ਲਈ ਜਾਂਦੈ। ਰਾਹ ਵਿੱਚ ਇੱਕ ਬੜ੍ਹੀ ਆਪਣੇ ਪੋਤੇ ਨੂੰ ਲਈ ਤੁਰੀ ਆਉਂਦੀ ਸੀ। ਕਹਿੰਦੀ, “ਭਾਈ ਮੇਰੇ ਮੁੰਡੇ ਨੂੰ ਗੱਡੇ ਤੇ ਬਹਾਲ ਲੈ।"
ਕਹਿੰਦਾ, “ਮਾਈ ਮੈਂ ਤਾਂ ਨੀ ਕਿਸੇ ਨੂੰ ਉਤੇ ਬੈਠਣ ਦਿੰਦਾ। ਮੇਰੇ ਰੁਪਿਆਂ ਦੀ ਤਾਂ ਸੁਆਹ ਬਣ ਜੂਗੀ।"
ਫੇਰ ਬੁੜ੍ਹੀ ਹਾੜ੍ਹੇ ਕੱਢਣ ਲੱਗ ਪਈ-ਫੇਰ ਜੜਪੱਟੂ ਨੇ ਮੁੰਡੇ ਨੂੰ ਗੱਡੇ ਤੇ ਬਹਾਲ ਲਿਆ। ਜਦ ਉਹ ਚਲੋ ਚਾਲ ਬੁੜ੍ਹੀ ਦੇ ਪਿੰਡ ਕੋਲ ਚਲੇ ਗਏ ਤਾਂ ਬੁੜ੍ਹੀ ਕਹਿੰਦੀ, “ਲੈ ਭਾਈ ਮੇਰੇ ਪੋਤੇ ਨੂੰ ਉਤਾਰ ਦੇ।"
ਉਹਨੇ ਮੁੰਡਾ ਉਤਾਰ ਕੇ ਆਖਿਆ, “ਭਾਈ ਹਾਲੇ ਜਾਈਂ ਨਾ, ਮੈਨੂੰ ਰੁਪਏ ਦੇਖ ਲੈਣ ਦੇ।" ਜਦ ਵੇਖਿਆ ਤੇ ਬੋਲਿਆ, “ਮੇਰੇ ਤਾਂ ਰੁਪਿਆਂ ਦੀ ਸੁਆਹ ਹੋਈ ਪਈ ਐ, ਇਹਨਾਂ ਰੁਪਿਆਂ ਦਾ ਗੱਡਾ ਭਰ।"
ਬੁੜ੍ਹੀ ਨੇ ਰੁਪਿਆਂ ਦਾ ਗੱਡਾ ਭਰ ਦਿੱਤਾ। ਫੇਰ ਉਹ ਆਪਣੇ ਘਰ ਆ ਗਿਆ ਘਰ ਆ ਕੇ ਕਹਿੰਦਾ, “ਦੇਖੋ ਮੇਰੀ ਨਿੱਕੀ ਜਿਹੀ ਝੁੱਗੀ ਦੀ ਸੁਆਹ ਦੇ ਕਿੰਨੇ ਰੁਪਏ ਵੱਟੇ ਗਏ ਨੇ। ਤੁਸੀਂ ਵੀ ਆਪਣੇ ਕੋਠਿਆਂ ਦੀ ਸੁਆਹ ਬੇਚ ਕੇ ਐਨੇ ਰੁਪਏ ਲੈ ਆਓ।"
ਉਹਨਾਂ ਨੇ ਆਪਣੇ ਕੋਠੇ ਜਾਲ ਲਏ ਤੇ ਸੁਆਹ ਦੇ ਗੱਡੇ ਭਰ ਲਏ। ਪਿੰਡਾਂ ਵਿੱਚ ਬੇਚਦੇ ਫਿਰਦੇ ਨੇ ਕਹਿੰਦੇ "ਸੁਆਹ ਲੈ ਲੋ।" ਪਿੰਡ ਦੇ ਲੋਕ ਬੋਲੇ, "ਮੂਰਖੋ ਆਹ ਕਿਸੇ ਨੇ ਕੀ ਕਰਨੀ ਐ।"
ਉਹ ਸੁਆਹ ਪਿੰਡੋਂ ਬਾਹਰ ਸੁੱਟ ਕੇ ਖਾਲੀ ਹੱਥ ਲਟਕਾਉਂਦੇ ਮੁੜ ਆਏ। ਕਹਿੰਦੇ, “ਆਹ ਜੜਪੱਟੂ ਨੇ ਮਾਰੇ, ਏਸ ਨੂੰ ਨਹਿਰ ਵਿੱਚ ਸੁੱਟ ਕੇ ਆਵੋ।"
ਉਹ ਜੜਪੱਟੂ ਨੂੰ ਬੋਰੀ ਵਿੱਚ ਬੰਨ੍ਹਕੇ ਡੋਲੀ ਵਿੱਚ ਰੱਖਕੇ ਨਹਿਰ ਵਲ ਨੂੰ ਤੁਰ ਪਏ। ਰਾਹ ਵਿੱਚ ਉਹਨਾਂ ਨੂੰ ਭੁੱਖ ਲੱਗੀ ਤਾਂ ਡੋਲੀ ਰਾਹ ਦੇ ਇੱਕ ਪਾਸੇ ਰੱਖ ਕੇ ਆਪ ਪਿੰਡ ਵਿੱਚੋਂ ਰੋਟੀ ਮੰਗਣ ਚਲੇ ਗਏ। ਓਥੇ ਇੱਕ ਪਾਲੀ ਡੰਗਰ ਚਾਰ ਰਿਹਾ ਸੀ। ਉਹਨੂੰ ਡੋਲੀ ਵਿੱਚੋਂ ਰੋਣ ਦੀ ਆਵਾਜ਼ ਸੁਣੀ ਉਹ ਕਹਿੰਦਾ, “ਤੂੰ ਕਾਹਤੋਂ ਰੋਨੈਂ?"
ਕਹਿੰਦਾ, “ਮੇਰਾ ਤੀਆ ਵਿਆਹ ਕਰਦੇ ਨੇ, ਮੈਂ ਕਰਾਉਣਾ ਨੀ।"
ਪਾਲੀ ਕਹਿੰਦਾ, “ਤੇਰੀ ਥਾਂ ਮੈਂ ਕਰਾ ਲੈਨਾ ਤੂੰ ਮੇਰਾ ਮਾਲ ਫਲਾਣੇ ਪਿੰਡ ਬਾੜ ਦਈਂ।"
ਪਾਲੀ ਉਹਦੀ ਥਾਂ ਬੋਰੀ 'ਚ ਬੈਠ ਗਿਆ। ਉਹ ਉਹਦਾ ਸਾਰਾ ਮਾਲ ਡੰਗਰ ਲੈ ਕੇ ਆਪਣੇ ਪਿੰਡ ਆ ਗਿਆ। ਉਹਦੇ ਭਰਾਵਾਂ ਨੇ ਮਗਰੋਂ ਪਾਲੀ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ। ਉਹਨਾਂ ਨੇ ਘਰ ਆ ਕੇ ਦੇਖਿਆ, ਜੜਪੱਟ ਮਾਲ ਲਈਂ ਖੜੈ। ਉਹ ਕਹਿੰਦਾ, “ਤੁਸੀਂ ਤਾਂ ਅਜੇ ਮੈਨੂੰ ਨੇੜੇ ਹੀ ਸੁੱਟਿਆ ਸੀ ਜੇ ਕਿਤੇ ਗੱਭੇ ਨੂੰ ਸਿੱਟ ਦਿੰਦੇ ਤਾਂ ਹਾਥੀ ਘੋੜੇ ਲੈ ਕੇ ਮੁੜਦਾ।"
ਉਹ ਕਹਿੰਦੇ, “ਜਾ ਸਾਨੂੰ ਉੱਥੇ ਸੁੱਟ ਕੇ ਆ।"
ਉਹ ਤਿੰਨਾਂ ਨੂੰ ਡੋਲੀ ਵਿੱਚ ਬਹਾਕੇ ਨਹਿਰ ਤੇ ਲੈ ਗਿਆ ਤੇ ਨਹਿਰ ਵਿੱਚ ਧੱਕਾ ਦੇ ਆਇਆ।"
ਆਪ ਮਗਰੋਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗ ਪਿਆ।