ਬਾਤਾਂ ਦੇਸ ਪੰਜਾਬ ਦੀਆਂ/ਅਨੋਖਾ ਮੰਜਾ
ਅਨੋਖਾ ਮੰਜਾ
ਇੱਕ ਸੀ ਤਰਖਾਣ ਦਾ ਲੜਕਾ। ਉਹ ਵਿਆਹ ਨਹੀਂ ਸੀ ਕਰਵਾਉਂਦਾ। ਉਹ ਘਰੋਂ ਨਿਕਲ ਕੇ ਚਲੋ ਚਾਲ ਤੁਰ ਪਿਆ। ਉਹਨੇ ਆਪਣੇ ਸੰਦ ਨਾਲ ਲੈ ਲਏ। ਇੱਕ ਬਹੋਲਾ, ਇੱਕ ਆਰੀ। ਇੱਕ ਕੁਹਾੜਾ। ਗਹਾਂ ਇੱਕ ਸਿੰਗ ਪਿਆ ਸੀ। ਉਹਨੇ ਉਹਨੂੰ ਰੇਤ ਲਿਆ ਤੇ ਚਾਉਲ ਬਣਾ ਲਏ। ਅੱਗੇ ਇੱਕ ਪਿੰਡ ਤਰਖਾਣਾਂ ਦੇ ਘਰ ਜਾ ਕੇ ਕਹਿੰਦਾ, “ਮੇਰੇ ਚਾਉਲ ਉਬਾਲ ਦੋ।"
ਉਸ ਤਰਖਾਣ ਦੀ ਲੜਕੀ ਵੀ ਵਿਆਹ ਨਹੀਂ ਸੀ ਕਰਵਾਉਂਦੀ। ਉਹਨੇ ਚਾਉਲ ਉਬਾਲ ਦਿੱਤੇ ਤੇ ਉਹਨੇ ਖਾ ਲਏ। ਜਦ ਉਹ ਚਾਉਲ ਖਾ ਕੇ ਤੁਰ ਪਿਆ, ਤਰਖਾਣ ਦੀ ਲੜਕੀ ਆਪਣੇ ਬਾਪ ਨੂੰ ਕਹਿੰਦੀ, “ਮੈਂ ਵਿਆਹ ਕਰਵਾਉਨੀ ਆਂ ਓਸ ਨਾਲ ਜਿਹੜਾ ਆਪਣੇ ਰੋਟੀ ਖਾ ਕੇ ਗਿਐ।"
ਕੁੜੀ ਦੇ ਬਾਪ ਨੇ ਉਹਨੂੰ ਜਾ ਕੇ ਪੁੱਛਿਆ।
ਉਹ ਕਹਿੰਦਾ, “ਮੈਂ ਤਾਂ ਨੀ ਵਿਆਹ ਕਰਵਾਉਣਾ।"
ਪਰ ਉਹਨਾਂ ਨੇ ਜ਼ੋਰ ਨਾਲ ਉਹਦਾ ਵਿਆਹ ਕਰ ਦਿੱਤਾ।
ਇੱਕ ਦਿਨ ਦਿਨ ਛਿਪੇ ਉਹ ਬਣਾਂ ਨੂੰ ਚਲਿਆ ਗਿਆ। ਗਾਹਾਂ ਓਸ ਨੂੰ ਮਜ਼ਦੂਰ ਮਿਲੇ, ਕਹਿੰਦੇ, “ਤੂੰ ਦਿਨ ਛਿਪੇ ਕਿਉਂ ਜਾਨੈਂ, ਅਸੀਂ ਤੇਰੇ ਨਾਲ ਚਲਦੇ ਆਂ।"
ਤਖਾਣ ਦਾ ਲੜਕਾ ਕਹਿੰਦਾ, “ਮੈਂ ਕੋਈ ਨੀ ਨਾਲ ਲੈ ਕੇ ਜਾਣਾ।"
ਅੱਗੇ ਜਾ ਕੇ ਬਣ ਵਿੱਚ ਓਹ ਇੱਕ ਲੱਕੜੀ ਨੂੰ ਕਹਿੰਦਾ, “ਰਾਮ ਰਾਮ।" ਲੱਕੜੀ ਕਹਿੰਦੀ, “ਧੰਨ ਰਾਮ।" ਤਰਖਾਣ ਦਾ ਲੜਕਾ ਲੱਕੜੀ ਨੂੰ ਕਹਿੰਦਾ, “ਮੈਨੂੰ ਤੂੰ ਚਾਰ ਪਾਵੇ ਦੋ ਸੇਰਵੇ ਤੇ ਦੋ ਵਾਹੀਆਂ ਦੇ।"
ਲੱਕੜੀ ਕਹਿੰਦੀ, “ਮੈਨੂੰ ਵੱਢ ਲੈ।"
ਉਹਨੇ ਲੱਕੜੀ ਵੱਢ ਲਈ। ਓਹਦੇ ਫੇਰ ਓਸ ਨੇ ਚਾਰ ਪਾਵੇ, ਦੋ ਸੇਰਵੇ ਤੇ ਦੋ ਵਾਹੀਆਂ ਬਣਾ ਕੇ ਮੰਜੇ ਦੀ ਚੁਗਾਠ ਠੋਕ ਲਈ ਤੇ ਘਰ ਆ ਕੇ ਮੰਜਾ ਬੁਣ ਲਿਆ। ਮੰਜਾ ਬੁਣ ਕੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ, “ਜਾ ਏਸ ਨੂੰ ਬੇਚ ਆ ਪਰ ਇਹਦਾ ਮੁਲ ਪੰਜ ਸੌ ਰੁਪਯਾ ਕਰੀਂ।”
ਉਹ ਕੁੜੀ ਰਾਜੇ ਦੀ ਕਚਹਿਰੀ ਚਲੀ ਗਈ। ਜਾ ਕੇ ਕਹਿੰਦੀ, “ਕੋਈ ਮੰਜਾ ਲੈ ਲੋ।" ਰਾਜੇ ਨੇ ਮੰਜਾ ਲੈ ਲਿਆ ਤੇ ਕਹਿੰਦਾ, “ਕਿੰਨਾ ਮੁੱਲ ਐ ਇਹਦਾ?"
“ਪੰਜ ਸੌ ਰੁਪਏ।"
ਰਾਜੇ ਨੇ ਪੰਜ ਸੌ ਰੁਪਿਆ ਦੇ ਦਿੱਤਾ। ਤਰਖਾਣ ਦੀ ਲੜਕੀ ਫੇਰ ਕਹਿੰਦੀ, “ਜਿਹੜਾ ਇਹਤੇ ਪਵੇ ਉਹ ਜਾਗਦਾ ਰਵ੍ਹੇ।" ਰਾਜਾ ਕਹਿੰਦਾ, “ਚੰਗਾ।"
ਰਾਤ ਨੂੰ ਰਾਜਾ ਮੰਜੇ ਤੇ ਪੈ ਗਿਆ। ਰਾਤ ਦਾ ਪਹਿਲਾ ਪਹਿਰ ਬੀਤਿਆ। ਫੇਰ ਪਹਿਲਾ ਪਾਵਾ ਕਹਿੰਦਾ, “ਰਾਮ ਰਾਮ।" ਦੂਜਾ ਪਾਵਾ ਕਹਿੰਦਾ, “ਧੰਨ ਰਾਮ।" ਪਹਿਲਾ ਫੇਰ ਕਹਿੰਦਾ, “ਮੈਂ ਸ਼ਹਿਰ ਦੀ ਸੈਲ ਕਰਨ ਜਾਣੈ ਤੁਸੀਂ ਤਿੰਨੇ ਰਾਜੇ ਦਾ ਭਾਰ ਸਹਾਰਿਓ।"
ਦੂਜੇ ਪਾਵੇ ਕਹਿੰਦੇ, “ਚੰਗਾ।"
ਪਹਿਲਾ ਪਾਵਾ ਸ਼ਹਿਰ ਦੀ ਸੈਲ ਕਰਨ ਤੁਰ ਪਿਆ। ਪਾਵੇ ਨੂੰ ਇੱਕ ਚੋਰ ਮਿਲਿਆ। ਚੋਰ ਪਾਵੇ ਨੂੰ ਕਹਿੰਦਾ, “ਤੂੰ ਕੌਣ?"
ਪਾਵਾ ਕਹਿੰਦਾ, “ਤੂੰ ਕੌਣ?
ਚੋਰ ਕਹਿੰਦਾ, “ਮੈਂ ਚੋਰ।"
ਪਾਵਾ ਕਹਿੰਦਾ, “ਮੈਂ ਪਾਵਾ।"
ਚੋਰ ਕਹਿੰਦਾ, “ਮੈਂ ਤੈਨੂੰ ਵਢਣੈਂ" ਤੇ ਉਹਨੇ ਮਿਆਨ ਵਿੱਚੋਂ ਤਲਵਾਰ ਧੂਹ ਲਈ। ਪਾਵਾ ਉਹਦੇ ਬੁੜਕ ਕੇ ਸਿਰ ਵਿੱਚ ਲੱਗਿਆ। ਚੋਰ ਓਥੇ ਹੀ ਮਰ ਗਿਆ। ਫੇਰ ਪਾਵਾ ਪਾਵਿਆਂ ਕੋਲ ਮੁੜ ਆਇਆ।
ਪਾਵੇ ਕਹਿੰਦੇ, “ਕਿਹਾ 'ਕ ਸੈਲ ਕੀਤਾ।"
ਉਹ ਕਹਿੰਦਾ, “ਮੈਨੂੰ ਇੱਕ ਚੋਰ ਮਿਲਿਆ ਸੀ ਉਹਨੂੰ ਮਾਰ ਆਂਦੈ।"
ਰਾਜਾ ਪਲੰਘ ਤੇ ਪਿਆ ਸਾਰੀ ਗੱਲਬਾਤ ਸੁਣ ਰਿਹਾ ਸੀ। ਹੁਣ ਦੂਜਾ ਪਾਵਾ ਕਹਿੰਦਾ, “ਬਈ ਰਾਜੇ ਦਾ ਭਾਰ ਸਹਾਰਿਓ, ਮੈਂ ਵੀ ਸੈਲ ਕਰ ਆਵਾਂ।"
ਉਹ ਕਹਿੰਦੇ, “ਚੰਗਾ।"
ਦੂਜੇ ਪਾਵੇ ਕੋਲ ਇੱਕ ਮੁੰਹ ਵੇਖਣ ਵਾਲਾ ਸ਼ੀਸ਼ਾ ਸੀ। ਜਦ ਉਹ ਗਾਹਾਂ ਗਿਆ ਮੂਹਰੇ ਉਹਨੂੰ ਇੱਕ ਦਿਓ ਮਿਲ ਗਿਆ। ਦਿਓ ਪਾਵੇ ਨੂੰ ਦੇਖ ਕੇ ਟੱਪਣ ਲੱਗ ਪਿਆ। ਪਾਵਾ ਵੀ ਦਿਓ ਨੂੰ ਦੇਖ ਕੇ ਟੱਪਣ ਲੱਗ ਪਿਆ। ਦਿਓ ਪਾਵੇ ਨੂੰ ਕਹਿੰਦਾ, “ਤੂੰ ਟਪਦੈਂ? ਮੈਂ ਤੈਨੂੰ ਖਾਣੈਂ, ਤਾਂ ਟੱਪਦਾਂ।”
ਪਾਵਾ ਕਹਿੰਦਾ, “ਮੈਂ ਇੰਦਰ ਦੇ ਖਾੜੇ ਦੀ ਢੋਲਕ ਤੇ ਖੱਲ ਚੜ੍ਹਾਉਣੀ ਐ, ਇੱਕ ਦਿਓ ਮੇਰਾ ਫੜਿਆ ਹੋਇਐ ਦੂਜਾ ਤੂੰ ਮਿਲ ਪਿਐਂ, ਤਾਂ ਟੱਪਦਾਂ।”
ਦਿਓ ਕਹਿੰਦਾ, “ਦਖਾ ਤਾਂ ਕਿੱਥੇ ਫੜਿਆ ਹੋਇਐ ਤੇਰੇ ਕੋਲ।"
ਪਾਵੇ ਨੇ ਸ਼ੀਸ਼ਾ ਮੂਹਰੇ ਕਰ ਦਿੱਤਾ। ਦਿਓ ਡਰ ਗਿਆ ਕਹਿੰਦਾ, “ਮੈਨੂੰ ਕਿਵੇਂ ਛੱਡੋਂ ਵੀ।"
ਉਹ ਕਹਿੰਦਾ, “ਹੁਣ ਨੀ ਮੈਂ ਛੱਡਦਾ, ਤਾਂ ਛੱਡੂੰ ਜੇ ਤੂੰ ਏਥੇ ਇੱਕ ਬਾਗ ਲਾ ਦਏਂ ਤੇ ਉਸ ਵਿੱਚ ਤਲਾਬ ਹੋਵੇ।"
ਦਿਓ ਕਹਿੰਦਾ, “ਚੰਗਾ।"
ਦਿਓ ਨੇ ਚੀਕ ਮਾਰ ਕੇ ਪੰਜ ਸੌ ਦਿਓ ‘ਕੱਠਾ ਕਰ ਲਿਆ। ਨਾਲੇ ਬਾਗ ਲਾ ਦਿੱਤਾ ਤੇ ਨਾਲੇ ਤਾਲ।
ਫੇਰ ਪਾਵਾ ਮੁੜ ਕੇ ਪਲੰਘ ਕੋਲ ਆ ਗਿਆ ਤੇ ਆਪਣੇ ਨਾਲ ਹੋਈ ਬੀਤੀ ਸੁਣਾ ਦਿੱਤੀ। ਤੀਜਾ ਪਾਵਾ ਵੀ ਸੈਰ ਕਰਨ ਤੁਰ ਪਿਆ, ਅੱਗੇ ਇੱਕ ਤੀਵੀਂ ਚਰਾਗ਼ ਵਾਲੀ ਜਾਂਦੀ ਸੀ। ਉਹ ਉਹਦੇ ਮਗਰ ਲੱਗ ਤੁਰਿਆ। ਬਾਹਰ ਇੱਕ ਸਾਧ ਦੀ ਕੁਟਿਆ ਪਾਈ ਹੋਈ ਸੀ। ਉਹ ਉੱਥੇ ਚਲੀ ਗਈ। ਸਾਧ ਨੇ ਉਸ ਤੀਵੀਂ ਨੂੰ ਕੁੱਟਿਆ, ਕਹਿੰਦਾ, “ਏਨੀ ਦੇਰ ਕਿਉਂ ਲਾਈ ਐ।”
ਕਹਿੰਦੀ, “ਮੇਰਾ ਪਤੀ ਆਇਆ ਹੋਇਆ ਸੀ ਤਾਂ ਏਨੀ ਦੇਰ ਲੱਗ ਗਈ।"
ਸਾਧ ਕਹਿੰਦਾ, “ਜਾ ਆਪਣੇ ਪਤੀ ਦਾ ਸਿਰ ਵੱਢਕੇ ਲਿਆ।" ਪਿੱਛੇ ਪਾਵਾ ਖੜਾ ਸੁਣ ਰਿਹਾ ਸੀ। ਉਹ ਆਪਣੇ ਪਤੀ ਦਾ ਸਿਰ ਵੱਢਣ ਤੁਰ ਪਈ। ਪਾਵਾ ਬੁੜਕ ਕੇ ਸਾਧ ਦੇ ਸਿਰ ਵਿੱਚ ਜਾ ਲੱਗਿਆ। ਸਾਧ ਓਥੇ ਹੀ ਮਰ ਗਿਆ। ਪਾਵਾ ਤੀਵੀਂ ਕੋਲ ਜਾ ਕੇ ਕਹਿੰਦਾ, “ਮੈਂ ਸਾਧ ਮਾਰ ਦਿੱਤੇ ਕਿਤੇ ਆਪਣੇ ਪਤੀ ਦਾ ਸਿਰ ਨਾ ਵੱਢ ਲਿਆਈਂ।”
ਫੇਰ ਉਹ ਵੀ ਮੰਜੇ ਕੋਲ ਵਾਪਸ ਆ ਗਿਆ, ਤੇ ਸਾਰੀ ਵਾਰਤਾ ਦੂਜਿਆਂ ਨੂੰ ਸੁਣਾ ਦਿੱਤੀ। ਰਾਜਾ ਮੰਜੇ ਤੇ ਪਿਆ ਸਭ ਕੁਝ ਸੁਣ ਕੇ ਹੈਰਾਨ ਹੋ ਰਿਹਾ ਸੀ।
ਚੌਥਾ ਪਾਵਾਂ ਵੀ ਸ਼ਹਿਰ ਦੀ ਸੈਲ ਕਰਨ ਤੁਰ ਪਿਆ ਕੁਝ ਚਿਰ ਮਗਰੋਂ ਉਹ ਵੀ ਸੈਲ ਕਰ ਕੇ ਮੁੜ ਆਇਆ। ਆ ਕੇ ਕਹਿੰਦਾ, “ਜਿਹੜਾ ਮੰਜੇ ਤੇ ਪਿਐ ਓਹਦੀ ਜੁੱਤੀ ਵਿੱਚ ਸਵਾ ਗਿੱਠ ਦਾ ਸਪੋਲੀਆ ਐ। ਉਹਨੇ ਜਦ ਜੁੱਤੀ ਪਾਉਣੀ ਐ ਉਹਨੇ ਲੜ ਜਾਣੈ ਤੇ ਇਹਨੇ ਮਰ ਜਾਣੈ।”
ਸਵੇਰੇ ਰਾਜੇ ਦਾ ਚੂਹੜਾ ਜੁੱਤੀ ਝਾੜਨ ਆਇਆ। ਉਹਨੇ ਜੁੱਤੀ ਝਾੜੀ, ਵਿੱਚੋਂ ਸਵਾ ਗਿੱਠ ਦਾ ਸਪੋਲੀਆ ਨਿਕਲ ਆਇਆ।
ਰਾਜਾ ਇਸ ਅਣੋਖੇ ਮੰਜੇ ਨੂੰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹੋ ਰਿਹਾ ਸੀ।