ਪੰਜਾਬ ਦੇ ਲੋਕ ਨਾਇਕ/ਸੋਹਣਾ ਜ਼ੈਨੀ

ਵਾਚਨ - Jagseer S Sidhu
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49466ਪੰਜਾਬ ਦੇ ਲੋਕ ਨਾਇਕ — ਸੋਹਣਾ ਜ਼ੈਨੀਸੁਖਦੇਵ ਮਾਦਪੁਰੀ

ਸੋਹਣਾ ਜ਼ੈਨੀ

'ਸੋਹਣਾ ਜ਼ੈਨੀ' ਲਹਿੰਦੇ ਪੰਜਾਬ ਦੇ ਗੁਜਰਾਤ ਦੇ ਇਲਾਕੇ ਵਿੱਚ ਵਾਪਰੀ ਪ੍ਰੀਤ ਕਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਪ੍ਰੀਤ ਕਥਾ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ।

ਜ਼ਿਲਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨਦਾਨ ਕੀਤੇ, ਮੰਨਤਾ ਮੰਨੀਆਂ। ਇਕ ਦਿਨ ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ ਤੇ ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ਼ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸੋਹਣਾ ਜਵਾਨ ਹੋ ਗਿਆ ਤੇ ਸ਼ਿਕਾਰ ਖੇਡਣ ਲੱਗ ਪਿਆ। ਇਕ ਦਿਨ ਉਹ ਸ਼ਿਕਾਰ ਖੇਡਦਾ ਖੇਡਦਾ ਆਪਣੇ ਖੂਹ 'ਤੇ ਜਾ ਪੁੱਜਿਆ। ਖੂਹ ਦੇ ਨੇੜੇ ਹੀ ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ ਖੂਹੇ ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ ਬਣ ਪੈ ਰਿਹਾ ਸੀ:-

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ।
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲਾ ਕਿਹੜਾ!
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖਤ ਕਮਾਨਾਂ।
ਇਕ ਨਜ਼ਰ ਥੀਂ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ।
ਜ਼ੁਲਫਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ।
ਦਿਨ ਤੇ ਰਾਤ ਇਕੱਠੇ ਕੀਤੇ
ਕੁਦਰਤ ਰਬ ਤਾਅਲਾ(ਕਵੀ ਜਲਾਲ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝਲ ਸਕਿਆ। ਉਹ ਜ਼ੈਨੀ ਦਾ ਹੋ ਗਿਆ:-

ਸੋਹਣਾ ਤਰਫ ਜ਼ੈਨੀ ਦੇ ਵੇਖੇ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜ਼ੈਨੀ ਦਾ ਦਿਲ ਵਿੱਚ ਪੁੜਿਆ
ਛੁੱਟਾ ਤੀਰ ਕਮਾਨੋਂ(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਆਪਣੇ ਮੱਧ ਭਰੇ ਨੈਣਾਂ ਵਿੱਚ ਸਮੋ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈਅ ਹੁਣ ਉਸ ਨੂੰ ਪਿਆਰੀ ਪਿਆਰੀ, ਖ਼ੁਸ਼ ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।

ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵੱਲ ਭੱਜ ਤੁਰਿਆ। ਖੂਹ 'ਤੇ ਪੁੱਜ ਕੇ ਕੀ ਵੇਖਦਾ ਹੈ...ਡੇਰੇ ਵਾਲ਼ੀ ਥਾਂ ਤਾਂ ਭਾਂ ਭਾਂ ਪਈ ਕਰਦੀ ਹੈ। ਜੋਗੀ ਰਾਤੋਂ ਰਾਤ ਅਗਾਂਹ ਤੁਰ ਗਏ ਸਨ।

ਸੋਹਣੇ ਦੇ ਕਾਲਜੇ 'ਚੋਂ ਰੁਗ ਭਰਿਆ ਗਿਆ। ਜ਼ੈਨੀ ਤਾਂ ਉਹਦਾ ਸਭ ਕੁਝ ਖੋਹ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿੱਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨੱਸ ਤੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾ ਪੁਰ ਪਿੰਡ ਦੀ ਜੂਹ ਵਿੱਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।

ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵੱਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦਿਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ਼ ਆਪਣੀ ਭੁਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।

ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿੱਚ ਜਾ ਵੜਿਆ। ਉਸ ਮਿੰਨਤਾਂ ਤਰਲੈ ਕਰਕੇ ਸਮਰਨਾਥ ਨੂੰ ਆਖਿਆ ਕਿ ਉਹ ਉਹਨੂੰ ਆਪਣੇ ਕੋਲ ਖੋਤੇ ਚਾਰਨ 'ਤੇ ਰੱਖ ਲਵੇ। ਸਮਰਨਾਥ ਬੜੇ ਨਰਮ ਹਿਰਦੇ ਵਾਲ਼ਾ ਪੁਰਸ਼ ਸੀ। ਉਹਨੂੰ ਉਹਦੇ ਮੁਰਝਾਏ ਚਿਹਰੇ 'ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ 'ਤੇ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੂ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਲ੍ਹ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ਼ ਰਹੀਆਂ ਸਨ, ਜ਼ੈਨੀ ਕਲਮ ਕੱਲੀ ਜੰਗਲ ਵਿੱਚੋਂ ਪਾਣੀ ਲੈਣ ਵਾਸਤੇ ਆਈ। ਸੋਹਣਾ ਪਾਣੀ ਭਰੇਂਦੀ ਜ਼ੈਨੀ ਪਾਸ ਪੁੱਜਿਆ ਤੇ ਹੌਸਲਾ ਕਰਕੇ ਬੋਲਿਆ, "ਜ਼ੈਨੀਏਂ?"

ਜ਼ੈਨੀ ਤ੍ਰਬਕ ਗਈ। ਉਸ ਵੇਖਿਆ ਸੋਹਣਾ ਉਹਦੇ ਵੱਲ ਬਿਟਰ ਬਿਟਰ ਝਾਕ ਰਿਹਾ ਸੀ।

"ਕੀ ਗੱਲ ਐ ਵੇ?"

"ਜ਼ੈਨੀਏਂ ਮੈਂ ਤੇਰੇ ਪਿੱਛੇ ਪਾਗਲ ਹੋ ਗਿਆ ਹਾਂ। ਮੈਂ ਆਪਣਾ ਘਰ-ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲੀ ਵਿੱਚ ਖ਼ੈਰ ਪਾ ਦੇ ਜ਼ੈਨੀਏ।" ਸੋਹਣੇ ਪੱਲਾ ਅੱਡਿਆ।

"ਵੇ ਮੂੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜ੍ਹੀ ਹੋ ਗਈ।

"ਜ਼ੈ‍ਨੀਏਂ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖਾਤਰ ਆਪਣਾ ਪਿਆਰਾ ਬਾਪ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਛੱਡ ਕੇ ਫਕੀਰੀ ਧਾਰਨ ਕੀਤੀ ਏ। ਜ਼ੈਨੀਏਂ। ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।” ਸੋਹਣਾ ਤਰਲੇ ਲੈ ਰਿਹਾ ਸੀ।

"ਨਮਕ ਹਰਾਮੀਆਂ, ਤੇਰੀ ਇਹ ਮਜ਼ਾਲ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਅੱਜ ਡੇਰੇ ਚਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ਼ ਮੁਰੰਮਤ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।

ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਅਜੇ ਉਪਾਸ਼ਕ ਲਈ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ ਡਰਦਾ ਕਾਫ਼ੀ ਹਨੇਰਾ ਹੋਏ 'ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।

ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਫਿਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ, ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ
ਜ਼ੈਨੀ ਦੇ ਵੱਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵੱਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖੁਮਾਰ ਸ਼ਰਾਬੋ ਵੱਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗ਼ਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ(ਜਲਾਲ)

ਜ਼ੈਨੀ ਹੁਣ ਸੋਹਣੇ ਦੀ ਖ਼ਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਸਮਰਨਾਥ ਨੇ ਸੋਹਣੇ ਨੂੰ ਡੇਰੇ ਵਿੱਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ।

ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਚੜ੍ਹ ਗਿਆ। ਉਹ ਉਸ ਨੂੰ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਾਰਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ। ਆਪਣੇ ਸਿਰ ਖੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿੱਚ ਕਿਸੇ ਦਰਖ਼ੱਤ ਨਾਲ਼ ਬੰਨ੍ਹ ਦੇਵੋ। ਡੇਰਾ ਅਗਾਂਹ ਲੈ ਜਾਂਦੇ ਹਾਂ। ਆਪੇ ਸਾਡਾ ਪਿੱਛਾ ਛੱਡ ਦੇਵੇਗਾ।"

ਜੋਗੀ ਰਾਤ ਸਮੇਂ ਸੋਹਣੇ ਨੂੰ ਜੰਗਲ 'ਚ ਲੈ ਗਏ, ਪਿਹਲਾਂ ਤਾਂ ਉਹਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖਤ ਨਾਲ਼ ਬੰਨ੍ਹ ਦਿੱਤਾ। ਰਾਤੋਂ ਰਾਤ ਡੇਰਾ ਅਗਾਂਹ ਤੁਰ ਗਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖਤ ਨਾਲ਼ੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ਼ ਵਿੱਚ ਨਸ ਤੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਡੇਰੇ ਵਿੱਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ।

ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਜ਼ੈਨੀ ਦਾ ਪਿੱਛਾ ਛੱਡਣ ਵਾਲਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁੱਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿੱਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲ਼ਣ ਲਈ ਦੇ ਦਿੱਤੀ।

ਜੋਗੀਆਂ ਨੇ ਸੋਹਣੇ 'ਤੇ ਤੇਲੀਆ ਸੱਪ ਛੱਡ ਦਿੱਤਾ, ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।

ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿੱਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ 'ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।

ਆਖ਼ਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਲਿਜਾਇਆ ਗਿਆ। ਸਾਰਾ ਡੇਰਾ ਇਕੱਠਾ ਹੋਇਆ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿੱਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਦੀਆਂ ਸੁਖਾਂ ਮਨਾ ਰਹੀ ਸੀ।

ਬੀਨਾਂ ਬੱਜੀਆਂ! ਕੁਲਮਾਰ ਨਾਗ ਸੋਹਣੇ 'ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਚੰਦਾ ਵੇਖ ਨਾ ਸਕੀ। ਸੱਪ ਨੇ ਸੋਹਣੇ ਦੁਆਲ਼ੇ ਵਲ੍ਹੇਟ ਪਾ ਲਏ ਸਨ। ਉਸ ਆਪਣਾ ਮੂੰਹ ਪਰੇ ਘੁਮਾ ਲਿਆ। ਸੱਪ ਦੀ ਜ਼ਹਿਰ ਨਾਲ਼ ਸੋਹਣੇ ਦਾ ਸਰੀਰ ਕਾਲ਼ਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ। ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖੁਸ਼ੀ ਵਿੱਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।

ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ ਫੁਟਾਲੇ ਤੱਕ ਸੁਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, "ਜ਼ੈਨੀਏਂ। ਮੈਂ ਜ਼ੱਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤੇ ਨਹੀਂ ਵੇਖਦਾ ਪਿਆ?"

"ਸੋਹਣਿਆ ਸ਼ੁਕਰ ਏ ਖੁਦਾ ਦਾ, ਜਾਨ ਬਚ ਗਈ ਏ। ਵੇਲ਼ਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।"

"ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾ ਰੱਬ ਦੇ ਵਾਸਤੇ ਡੇਰੇ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।

"ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜੀ ਸਕਦੀ। ਚਲ ਮੈਨੂੰ ਆਪਣੇ ਦੇਸ਼ ਲੈ ਚੱਲ।"

ਜੋਗੀਆਂ ਦੇ ਡੇਰੇ ਵਿੱਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਦੋ ਪਿਆਰੇ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੇ ਤੁਰੇ ਜਾ ਰਹੇ ਸਨ।

ਪੰਨਾ