ਵਾਚਨ - ਅਮਨਦੀਪ ਕੌਰ ਖੀਵਾ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
48012ਪੰਜਾਬ ਦੇ ਲੋਕ ਨਾਇਕ — ਕੀਮਾ ਮਲਕੀਸੁਖਦੇਵ ਮਾਦਪੁਰੀ

ਪੁੱਛਦੀ ਹੈ ਗੋਲੀ ਕਿਧਰੋਂ ਤੂੰ ਆਈ ਨੀ
ਚੰਦ ਜਹੇ ਮੁਖ ਤੇ ਸਵਾਹ ਲਾਈ ਨੀ
ਕਿਹੜੀ ਗੱਲੋਂ ਭੈਣਾਂ ਤੂੰ ਹੋਈ ਫ਼ਕੀਰ ਨੀ
ਤਨ ਤੇ ਨਾ ਕੋਈ ਦਿਸਦੀ ਨਾ ਲੀਰ ਨੀ
ਦਸ ਤੈਨੂੰ ਕਿਸ ਨੇ ਮੰਗਣ ਚਾੜ੍ਹਿਆ
ਹੁੰਦਾ ਏ ਮਲੂਮ ਦੁੱਖਾਂ ਨੇ ਲਤਾੜਿਆ
ਹੁਸਨ ਕਮਾਲ ਨੀ ਪਰੀ ਦੇ ਤੁਲ ਦਾ
ਇਕ ਇਕ ਨੈਣ ਨੀ ਕਰੋੜ ਮੁੱਲ ਦਾ

ਪੰਨਾ

ਕੀਮਾ ਮਲਕੀ

ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ "ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਘਾਂ ਝੂਟਦੀਆਂ" ਵਾਲ਼ਾ ਰੀਕਾਰਡ ਸੁਣ ਕੇ ਆਨੰਦ ਨਾ ਮਾਣਿਆ ਹੋਵੇ। ਦੋ ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਮੰਗਣੇ ਵਿਆਹ ਜਾਂ ਕਿਸੇ ਹੋਰ ਖ਼ੁਸ਼ੀ ਦੇ ਅਵਸਰ 'ਤੇ ਕੋਠਿਆਂ ਦੀਆਂ ਛੱਤਾਂ ਉੱਤੇ ਲਾਊਡ ਸਪੀਕਰ ਰੱਖ ਕੇ ਰੀਕਾਰਡ ਸੁਨਣ ਦਾ ਆਮ ਰਿਵਾਜ਼ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ "ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ" ਵਾਲਾ ਰੀਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਸਰੋਤਿਆਂ ਦੇ ਦਿਲਾਂ ਵਿੱਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫ਼ਾ ਦੀ ਸਾਖਸ਼ਾਤ ਮੂਰਤ, ਸਿਦਕਵਾਨ ਮਲਕੀ ਦੇ ਹੁਸ਼ਨਾਕ ਚਿਹਰੇ ਨੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।

ਮਲਕੀ ਸਿੰਧ ਦੇ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿੱੱਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ——ਅਖਤੂ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ! ਘਰ ਵਿੱਚ ਕਿਸੇ ਕਿਸਮ ਦੀ ਤੋਟ ਨਹੀਂ ਸੀ, ਚਾਰੇ ਬੰਨੇ ਸੱਭੇ ਖ਼ੈਰਾਂ ਸਨ। ਦੋਨੋਂ ਪੁੱਤਰ ਵਿਆਹੇ ਹੋਏ ਸਨ——ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇਕ ਗੱਲ ਦੀ ਚਿੰਤਾ ਸੀ—— ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ.... ਮਲਕੀ ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿੱਚ ਹੋ ਰਹੀ ਸੀ:

ਮਲਕੀ ਜਵਾਨ ਹੋਈ ਚੌਦਾਂ ਸਾਲ ਦੀ।
ਚਿਹਰੇ ਦੀ ਡਲ੍ਹਕ ਜਿਉਂ ਚਮਨ ਲਾਲ ਦੀ।
ਮੱਥਾ ਬਾਲਾ ਚੰਦ ਚੰਦ ਸ਼ਰਮਾਂਵਦਾ।
ਜ਼ੁਲਫ਼ਾਂ ਦਾ ਪੇਚ ਪੁੱਠੇ ਪੇਚ ਪਾਂਵਦਾ।
ਗੋਲ਼ ਗੋਲ਼ ਗੱਲ੍ਹਾ ਲੱਗਣ ਪਿਆਰੀਆਂ।
ਆਸ਼ਕਾਂ ਦੇ ਸੀਨੇ ਤੇ ਚੱਲਣ ਆਰੀਆਂ।
ਪਲਕਾਂ ਦੇ ਤੀਰ ਤੋੜਦੇ ਨੇ ਧੀਰ ਨੂੰ।
ਹੁਸਨ ਡੁਲਾਵੇ ਰਾਜਾ ਤੇ ਵਜ਼ੀਰ ਨੂੰ।

ਪੁੱਟਦੇ ਨੇ ਲਾਲ ਲਾਲ ਲਾਲ ਬੁੱਲ੍ਹੀਆਂ।
ਇਸ਼ਕ ਦੇ ਵਿੱਚ ਸੂਰਤਾਂ ਕਈ ਭੁੱਲੀਆਂ।
ਨੱਕ ਖੰਡੇਧਾਰ ਠੋਡੀ ਸੀ ਬਦਾਮ ਜੀ।
ਲੱਗਦੇ ਪਿਆਰੇ ਅੰਗ ਜੋ ਤਮਾਮ ਜੀ।
ਚਿੱਟੇ ਚਿੱਟੇ ਦੰਦ ਕਲੀਆਂ ਪਰੋਤੀਆਂ।
ਐਸੀ ਐਸੀ ਮਾਲ਼ਾ ਜੌਹਰੀਆਂ ਦੇ ਹੋਤੀਆਂ।
ਸੀਨੇ ਤੇ ਪੱਕੇ ਜੋ ਕੰਧਾਰੀ ਅਨਾਰ ਜੀ।
ਕਰਾਂ ਕੀ ਸਿਫ਼ਤ ਹੁਸਨ ਬੇਸ਼ੁਮਾਰ ਜੀ।(ਬਖ਼ਸ਼ੀ ਈਸਾਈ)

ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਿਹੀ ਹੁਸ਼ਨਾਕ ਧੀ ਨੂੰ ਜਨਮ ਦਿੱਤਾ ਸੀ ਪਰੰਤੂ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌ ਬਣਿਆਂ ਹੋਇਆ ਸੀ.... ਇਕ ਉਸ ਦਾ ਬਾਪ ਸੀ ਜਿਹੜਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫ਼ਿਕਰ ਜਿੰਦਗੀ ਬਤੀਤ ਕਰ ਰਿਹਾ ਸੀ..... ਉਹਦੀ ਧੀ ਜਵਾਨੀ ਦੀਆਂ ਬਰੂਹਾਂ ਤੇ ਆਣ ਖਲੋਤੀ ਸੀ ਜਿਸ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ।

ਰਾਏ ਮੁਬਾਰਕ ਅਬੈੜੇ ਸੁਭਾਅ ਦਾ ਮਾਲਕ ਸੀ ਜਿਸ ਕਰਕੇ ਜਮਾਲੋ ਉਹਦੇ ਨਾਲ਼ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖ਼ਰ ਇਕ ਦਿਨ ਹਿੰਮਤ 'ਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, "ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ..... ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹੁਣ ਦਾ ਕੋਈ ਸੁਬ ਬੰਨ੍ਹ ਕਰ।"

ਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ .... ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲ਼ੀ ਬੱਚੀ ਸੀ।

"ਭਾਗਵਾਨੇ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ.... ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊਗਾ....ਭਲ਼ਕੇ ਚਿੱਠੀ ਲਿਖਦਾ ਆਂ ਉਹਨੂੰ।"

ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ।

ਵੱਡੇ ਭਰਾ ਦੀ ਚਿੱਠੀ ਮਿਲਦੇ ਸਾਰ ਹੀ ਦਰੀਏ ਨੂੰ ਖੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖ਼ੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ.... ਉਹ ਆਪਣੇ ਨਿੱਜੀ ਹਿੱਤਾਂ ਲਈ ਕੁੱਝ ਵੀ ਕਰ ਸਕਦਾ ਸੀ! ਪਰੀਆਂ ਵਰਗੀ ਉਹਦੀ ਹੁਸ਼ਨਾਕ ਭਤੀਜੀ ਮਲਕੀ ਉਹਦੇ ਲਈ ਇਕ ਅਜਿਹੀ ਗਿੱਦੜਸਿੰਗੀ ਸਾਬਤ ਹੋ ਸਕਦੀ ਸੀ ਜਿਸ ਦੁਆਰਾ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨ ਪ੍ਰੱਸਤ ਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਏਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ!

ਆਥਣ ਪਸਰ ਰਹੀ ਸੀ ਜਦੋਂ ਦਰੀਆ ਗੜ੍ਹ ਮੁਗਲਾਣੇ ਪੁੱਜਾ। ਉਹਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਬਾਰਕ ਅਤੇ ਦੋਨੋਂ ਭਤੀਜਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਆਂਢੀ-ਗੁਆਂਢੀ ਉਹਦੀ ਖ਼ਬਰ ਸਾਰ ਲੈਣ ਆਏ, ਘਰ ਦੀਆਂ ਜ਼ਨਾਨੀਆਂ ਰੋਟੀ ਟੁੱਕ ਦੇ ਆਹੁਰ ਵਿੱਚ ਰੁੱਝ ਗਈਆਂ .... ਮੁਰਗ ਮੁਸੱਲਮ ਭੁੰਨੇ ਗਏ... ਦਰੀਏ ਅਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਲ੍ਹ ਲਏ- ਉਹਦੇ ਭਤੀਜੇ ਉਹਦੀ ਖ਼ਾਤਰਦਾਰੀ ਵਿੱਚ ਪੇਸ਼ ਪੇਸ਼ ਸਨ.... ਭਾਬੀ ਜਮਾਲੋ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ ਜੋ ਆਨੀ ਬਹਾਨੀਂ ਦੋਹਾਂ ਭਰਾਵਾਂ ਦੀ ਗੱਲਬਾਤ ਸੁਨਣ ਦਾ ਯਤਨ ਕਰ ਰਹੀ ਸੀ.... ਮਲਕੀ ਕਿੱਧਰੇ ਵੀ ਨਜ਼ਰ ਨਹੀਂ ਸੀ ਆ ਰਹੀਂ....। ਘਰ 'ਚ ਆਪਣੀਆਂ ਭਾਬੀਆਂ ਵਿਚਕਾਰ ਬੈਠੀ ਆਪਣੇ ਭਵਿੱਖ ਦੇ ਹਮਸਫ਼ਰ ਦੀ ਨੁਹਾਰ ਚਿਤਵ ਰਹੀ ਸੀ। ਉਹਨੂੰ ਏਸ ਗੱਲ ਦੀ ਭਿਣਕ ਪੈ ਗਈ ਸੀ ਕਿ ਉਹਦਾ ਚਾਚਾ ਦਰੀਆ ਉਹਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ ਹੈ!

ਅੰਨ ਪਾਣੀ ਛਕਣ ਛਕਾਉਣ ਮਗਰੋਂ ਜ਼ਨਾਨੀਆਂ ਆਪਣੇ ਕਮਰਿਆਂ 'ਚ ਚਲੀਆਂ ਗਈਆ, ਦਰੀਆ ਤੇ ਮੁਬਾਰਕ ਮੰਜੀਆਂ 'ਤੇ ਲੰਮੇ ਪੈ ਗਏ.... ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ.... ਆਖ਼ਰ ਉਹਨੇ ਗੱਲ ਤੋਰੀ, "ਬੜੇ ਭਾਈ ਜਾਗਦੈਂ? ਗੱਲ ਮੂੰਹੋਂ ਕੱਢਣੀ ਬੜੀ ਔਖੀ ਐ.... ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਬਾੜਾ ਨੇ.... ਬਾਰ-ਬਾਰ ਤਾਂ ਰਿਸ਼ਤੇ ਲੱਭਦੇ ਨੀ... ਚੰਗੇ ਪਰਿਵਾਰ ਨਾਲ਼ ਹੱਥ ਜੁੜ ਜਾਣ ਤਾਂ ਧੀ ਵੀ ਸੁਖਾਲ਼ੀ ਤੇ ਮਾਪੇ ਵੀ ਸੁਖਾਲ਼ੇ..... ਬੜੇ ਭਾਈ ਜੇ ਮੇਰੀ ਗੱਲ ਮੰਨੋਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ਼ ਕਰ ਦਿੰਨੇ ਆਂ, ਉਹ ਮੇਰੇ ਤੋਂ ਬਾਹਰ ਨੀ.... ਐਡੇ ਵੱਡੇ ਸਾਕ ਨਾਲ਼ ਸਿਰ ਜੋੜਨ ਨਾਲ ਸਾਰੇ ਖ਼ਾਨਦਾਨ ਨੂੰ ਬਹੁਤ ਫ਼ਾਇਦੈ, ਨਾਲ਼ੇ ਮਲਕੀ ਰਾਜ ਕਰੂਗੀ, ਗੋਲੀਆਂ 'ਤੇ ਹੁਕਮ ਚਲਾਊਗੀ ਨਾਲ਼ੇ ਆਪਾਂ ਸਰਦਾਰੀਆਂ ਭੋਗਾਂਗੇ!"

ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰੀਆ ਐਡੀ ਵੱਡੀ ਗੱਲ ਆਖ ਦੇਵੇਗਾ.... ਉਹ ਇਕਦਮ ਅੱਗ ਦੇ ਭਬੂਕੇ ਵਾਂਗ ਉੱਠ ਕੇ ਬੈਠ ਗਿਆ ਤੇ ਆਪਣੇ-ਆਪ ਨੂੰ ਮਸੀਂ ਕਾਬੂ ਕਰਦਿਆਂ ਬੋਲਿਆ, "ਛੋਟੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ? ਮੈਂ ਆਪਣੀ ਮਲੂਕ ਜਿਹੀ ਧੀ, ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲ਼ੀ, ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ .... ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂਹ ਖਾਤੇ 'ਚ ਧੱਕਾ ਦੇਣਾ ਬੇਹਤਰ ਐ.... ਲੱਖ ਲਾਅਣਤ ਐ ਤੇਰੀ ਕਮੀਨੀ ਸੋਚ 'ਤੇ..... ਤੂੰ ਐਨਾ ਨਿੱਘਰ ਜਾਵੇਂਗਾ ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ... ਐਡਾ ਸੁਆਰਥੀ! ਜਿਹੜਾ ਆਪਣੀ ਭਤੀਜੀ ਦੀ ਬਲੀ ਦੇ ਕੇ ਸਰਦਾਰੀਆਂ ਭਾਲਦੈ.... ਦੁਰ ਫਿਟੇ ਮੂੰਹ ਤੇਰੇ .... ਮੈਂ ਤਾਂ ਐਦਾਂ ਦੀ ਨਵਾਬੀ ਤੇ ਧਾਰ ਨੀ ਮਾਰਦਾ...."

ਦਰੀਆ ਮੁਬਾਰਕ ਦੇ ਕੱਬੇ ਸੁਭਾਅ ਤੋਂ ਵਾਕਿਫ਼ ਸੀ ਉਹਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ... ਦੋਨੋਂ ਸਾਰੀ ਰਾਤ ਆਪਣੀਆਂ-ਆਪਣੀਆਂ ਮੰਜੀਆਂ 'ਤੇ ਪਏ ਉਸਲਵੱਟੇ ਭੰਨਦੇ ਰਹੇ!

ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਇਸ ਗੱਲ ਦਾ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਸ ਦੀ ਗੱਲ ਨਹੀਂ ਸੀ ਮੰਨੀ.... ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਪ੍ਰਵੇਸ਼ ਕਰ ਚੁੱਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ, ਉਹਨੇ ਆਪਣੇ ਮਨ ਵਿੱਚ ਕਿਹਾ, "ਵੇਖਾਂਗਾ ਕਿਹੜਾ ਵੱਡਾ ਨਾਢੂ ਖ਼ਾਂ ਮਲਕੀ ਨੂੰ ਵਿਆਹ ਕੇ ਲਜਾਊਗਾ।"

ਉਹ ਅਗਲੀ ਸਵੇਰ ਬਿਨਾਂ ਕੁਝ ਖਾਧੇ ਪੀਤੇ ਗੁੱਸੇ ਨਾਲ਼ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ...।

ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿੱਚ ਸੋਗੀ ਵਾਤਾਵਰਣ ਪੈਦਾ ਕਰ ਦਿੱਤਾ.... ਮੁਬਾਰਕ ਨੇ ਦਰੀਏ ਨਾਲ਼ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿੱਚ ਬੜੀ ਗੰਭੀਰਤਾ ਨਾਲ਼ ਵਿਚਾਰੀ। ਸਾਰਾ ਪਰਿਵਾਰ ਉਸ ਵੱਲੋਂ ਲਏ ਦ੍ਰਿੜਤਾ ਭਰੇ ਫ਼ੈਸਲੇ ਨਾਲ਼ ਸੌ ਫੀਸਦੀ ਸਹਿਮਤ ਸੀ। ਮਲਕੀ ਆਪਣੇ ਮਨ ਵਿੱਚ ਖ਼ੁਸ਼ੀਆਂ ਦੇ ਲੱਡੂ ਭੋਰਦੀ ਹੋਈ ਆਪਣੇ ਬਾਪ ਦੇ ਬਲਿਹਾਰੇ ਜਾ ਰਹੀ ਸੀ ਜਿਸ ਨੇ ਉਹਨੂੰ ਬੁੱਢੇ ਬਾਦਸ਼ਾਹ ਦੇ ਹਰਮ ਵਿੱਚ ਜਾਣੋਂ ਬਚਾ ਲਿਆ ਸੀ।

ਜਮਾਲੋ ਬੜੀ ਗੰਭੀਰਤਾ ਨਾਲ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ। "ਬਾਦਸ਼ਾਹ ਦਾ ਕੀ ਐ ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ!"

ਜਮਾਲੋ ਦੀ ਵੱਡੀ ਭੈਣ ਲਾਲੋ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀਂ ਚੌਧਰੀ ਨਾਲ਼ ਵਿਆਹੀ ਹੋਈ ਸੀ——ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਸੀ ਜਮਾਲੋ ਤਖ਼ਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ਼ ਫ਼ੈਸਲਾ ਕਰ ਲਿਆ ਸੀ ਕਿ ਜੇ ਸੱਚੇ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ 'ਤੇ ਕੱਠਿਆਂ ਕਰ ਦੇਵੇਗੀ। ਓਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਿਸੇ ਹੋਰ ਨਾਲ ਸਾਂਝੀ ਨਹੀਂ ਸੀ ਕੀਤੀ। ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ ਗੱਲ ਤੋਰੀ.... ਉਹ ਪਹਿਲਾਂ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਪਰਿਵਾਰ ਤੋਂ ਜਾਣੂ ਸੀ——ਉਹ ਬਖਤਾਵਰਾਂ ਦਾ ਪਰਿਵਾਰ ਸੀ...... ਦੋਨੋਂ ਪਰਿਵਾਰ ਮਿਲ਼ ਕੇ ਜ਼ਿਹਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ..... ਕਿਠੇ ਸ਼ਿਕਾਰ ਖੇਡਣਗੇ ... ਕਿਹੜਾ ਉਹਨਾਂ ਅੱਗੇ ਕੁਸਕੇ ਗਾ।

ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਸਿਰ ਮੱਥੇ ਇਹ ਰਿਸ਼ਤੇ ਪਰਵਾਨ ਕਰ ਲਏ ਤੇ ਨਿਕਾਹ ਦਾ ਦਿਨ ਧਰ ਦਿੱਤਾ:

ਕੀਮਾ ਪੁੱਤ ਹੈਸੀ ਜਾਨੀਂ ਚੌਧਰੀ ਦਾ,
ਭਾਈ ਲਾਲੋ ਦਾ ਸਮਝ ਲਓ ਜਾਇਆ ਜੇ।
ਲਾਡਾਂ ਨਾਲ ਸੀ ਪਾਲ਼ਿਆ ਮਾਪਿਆਂ ਨੇ
ਗੜ੍ਹ ਮੁਗਲਾਣੇ ਦੇ ਵਿੱਚ ਪਰਨਾਇਆ ਜੇ।
ਮੁਬਾਰਕ ਅਲੀ ਦੀ ਸੀ ਮਲਕੀ ਧੀ ਲੋਕੋ
ਕੀਮਾ ਉਸ ਦੇ ਨਾਲ਼ ਵਿਆਹਿਆ ਜੇ।
ਸ਼ਾਦੀ ਹੋ ਚੁੱਕੀ ਮਲਕੀ ਤੇ ਕੀਮਾ ਦੀ ਖ਼ੁਸ਼ੀ ਸੇਤੀ
ਦੋਵਾਂ ਧਿਰਾਂ ਨੇ ਸ਼ਗਨ ਮਨਾਇਆ ਜੇ।
ਬਖ਼ਸ਼ੀ ਦਿਨ ਮੁਕਲਾਵੇ ਦਾ ਆਇਆ ਨੇੜੇ
ਲਾਲੋ ਮਾਂ ਨੇ ਕੀਮਾ ਸਦਵਾਇਆ ਜੇ।(ਬਖ਼ਸ਼ੀ ਈਸਾਈ)

ਕੀਮਾ ਮੁਕਲਾਵਾ ਲੈਣ ਲਈ ਘੋੜੇ ਤੇ ਅਸਵਾਰ ਹੋ ਗੜ੍ਹ ਮੁਗਲਾਣੇ ਪੁੱਜ ਗਿਆ। ਉਹਦਾ ਸ਼ਗਨਾਂ ਨਾਲ਼ ਸੁਆਗਤ ਕੀਤਾ ਗਿਆ:-

ਘਰ ਗਿਆ ਕੀਮਾਂ ਖ਼ੁਸ਼ੀਆਂ ਮਨਾਂਵਦੇ।
ਤੇਲ ਚੋ ਕੇ ਝੱਟ ਮੰਜੇ 'ਤੇ ਬਠਾਂਵਦੇ।
ਕਰਦੀਆਂ ਮਖ਼ੌਲ ਮਲਕੀ ਦੀਆਂ ਸਹੇਲੀਆਂ।
ਮੰਜੇ ਦੇ ਦਵਾਲੇ ਭੌਂਦੀਆਂ ਨੇ ਵੇਹਲੀਆਂ।(ਬਖ਼ਸ਼ੀ ਈਸਾਈ)

ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖ਼ੁਸ਼ੀਆਂ ਦੀ ਥਾਂ ਗ਼ਮੀਆਂ ਲਈ ਖੜੋਤੀ ਹੈ..... ਰਾਏ ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਆਪਣੀ ਭਤੀਜੀ ਦੇ ਮੁਕਲਾਵੇ 'ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ... ਉਹ ਇਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ਼ ਬਣਿਆਂ ਅਜੇ ਤੱਕ ਠੰਢਾ ਨਹੀਂ ਸੀ ਹੋਇਆ ..... ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ:

ਦਰੀਆ ਨਵਾਬ ਜਦੋਂ ਖ਼ਤ ਪੜ੍ਹਦਾ।
ਨਾਮ ਸੁਣ ਕੀਮੇ ਦਾ ਤੁਰਤ ਸੜਦਾ।
ਓਸੇ ਵੇਲੇ ਝਟ ਹੋਂਵਦਾ ਤਿਆਰ ਜੀ।
ਨਾਲ਼ ਹੈ ਤਿਆਰ ਹੋਏ ਸਿਪਾਹ ਸਲਾਰ ਜੀ।
ਜ਼ੋਰ ਸ਼ੋਰ ਨਾਲ ਧੂੜ ਹੈ ਧੁਮਾਂਵਦਾ
ਗੜ੍ਹ ਮੁਗਲਾਣੇ ਤਾਈਂ ਘੇਰਾ ਪਾਂਵਦਾ
ਦੇਖਦੇ ਜੋ ਲੋਕ ਕਰਦੇ ਵਿਚਾਰ ਜੀ
ਨੌਕਰ ਪਿਆਦਿਆਂ ਦੇ ਬੇਸ਼ੁਮਾਰ ਜੀ
ਦੋ ਮੀਲ ਪਿੰਡੋਂ ਪਰ੍ਹੇ ਡੇਰਾ ਲਾਂਵਦਾ

ਰਫਲਾਂ ਬੰਦੂਕਾਂ ਫੋਕੀਆਂ ਚਲਾਂਵਦਾ
ਔਂਦਾ ਜਾਂਦਾ ਬੰਦਾ ਜੋ ਨਜ਼ਰ ਆਂਵਦਾ
ਹੱਥਕੜੀ ਲਾ ਕੇ ਉਸ ਨੂੰ ਬਠਾਂਵਦਾ
ਹੱਸੂ ਤੇ ਬੱਸੂ ਮਲਕੀ ਦੇ ਭਾਈ ਜੋ
ਪੁੱਠੀ ਹੱਥਕੜੀ ਉਹਨਾਂ ਨੂੰ ਲਗਾਈ ਜੋ
ਬੰਨ੍ਹ ਲੀਤਾ ਦਰੀਏ ਨੇ ਸਕਾ ਭਾਈ ਜੋ
ਬੰਨ੍ਹ ਲਈ ਜਮਾਲੋ ਮਲਕੀ ਦੀ ਮਾਈ ਜੋ
ਬੰਨ੍ਹ ਕੇ ਤੇ ਬੰਦੇ ਦਿੱਲੀ ਨੂੰ ਲੈ ਜਾਂਵਦਾ
ਕਰਦਾ ਜ਼ੁਲਮ ਕੋਈ ਨਾ ਹਟਾਂਵਦਾ
ਬੰਨ੍ਹ ਲਿਆ ਕੀਮਾ ਮਲਕੀ ਦਾ ਸਾਈਂ ਜੋ
ਹੱਥੀਂ ਹੱਥ ਕੜੀ, ਪੈਰੀਂ ਬੇੜੀ ਪਾਈ ਜੋ।(ਬਖ਼ਸ਼ੀ ਈਸਾਈ)

ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ। ਦਰੀਏ ਨੇ ਕੁਮਕ ਲੈ ਕੇ ਏਸ ਤਰ੍ਹਾਂ ਚੜ੍ਹਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗ਼ੀ ਨੂੰ ਗ੍ਰਿਫ਼ਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ, ਦਰੀਏ ਨੇ ਆਪਣੇ ਮੰਤਵ ਦੀ ਪ੍ਰਾਪਤੀ ਲਈ ਸਰਕਾਰੀ ਦਬਾਅ ਦਾ ਇਕ ਹੋਰ ਹੱਥਕੰਡਾ ਵਰਤਿਆ ਸੀ..... ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਛਾਂਟ ਰਿਹਾ ਸੀ:

ਦਰੀਆ ਆਖਦਾ ਦੇਖ ਮੁਬਾਰਕਾ ਓਏ
ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ
ਤੇਰੀਂ ਮਲਕੀ ਨੂੰ ਅਕਬਰ ਦੇ ਘਰ ਦੇਣਾ
ਕੀਮੇ ਜੱਟ ਦੇ ਨਾਲ਼ ਘਲਾਵਣਾ ਨਹੀਂ
ਸਾਰਾ ਕੋੜਮਾ ਦਿੱਲੀ ਨੂੰ ਬੰਨ੍ਹ ਖੜਨਾ
ਕਿਸੇ ਰਾਹ ਦੇ ਵਿੱਚ ਅਟਕਾਵਣਾ ਨਹੀਂ
ਆ ਮੰਨ ਕਹਿਣਾ ਮੇਰੇ ਲੱਗ ਆਖੇ
ਵੇਲਾ ਬੀਤਿਆ ਫੇਰ ਬਿਆਵਣਾ ਨਹੀਂ।(ਬਖ਼ਸ਼ੀ ਈਸਾਈ)

ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ ਤੇ ਅੜਿਆ ਹੋਇਆ ਸੀ.... ਉਹਨੂੰ ਆਪਣੀ ਇੱਜ਼ਤ ਪਿਆਰੀ ਸੀ, ਆਪਣੇ ਪਰਿਵਾਰ ਦੀ ਮਾਣ ਮਰਯਾਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, "ਕਮੀਨਿਆਂ .... ਮਲਕੀ ਦਾ ਕੀਮੇ ਨਾਲ਼ ਨਿਕਾਹ ਹੋ ਚੁੱਕੈ ਉਹ ਹੁਣ ਉਹਦੀ ਐ .... ਉਹਦੇ ਘਰ ਹੀ ਵੱਸੇਗੀ ..... ਇਹਦੇ ਤੋਂ ਮੈਂ ਸੈਆਂ ਬਾਦਸ਼ਾਹਾਂ ਨੂੰ ਵਾਰ ਸਕਦਾਂ ....।"

ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਦਗ ਰਹੇ ਸਨ। ਉਹ ਗੇੜੇ ਤੇ ਗੇੜਾ ਕੱਢ ਰਿਹਾ ਸੀ..... ਉਸ ਦੀ ਆਤਮਾ ਉਸ ਨੂੰ ਲਾਅਣਤਾਂ ਵੀ ਪਾ ਰਹੀ ਸੀ ਪਰਤੂ ਜਦੋਂ ਬੰਦਾ ਆਪਣੇ- ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ.... ਆਪਣੀਆਂ ਧੀਆਂ ਵਰਗੀ ਭਤੀਜੀ ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ। ਨਾ ਹੀ ਕਿਸੇ ਕਿਸਮ ਦਾ ਅਫ਼ਸੋਸ ਹੋ ਰਿਹਾ ਸੀ..... ਸਰਕਾਰੀ ਅਫ਼ਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ.....

ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ੍ਹ ਕੇ ਦਰੀਆ ਕਾਫ਼ਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋ ਗਿਆ.... ਕੱਲੇ ਕੱਲੇ ਕੈਦੀ ਦੀ ਕਈ-ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਹਨਾਂ ਦਿਨਾਂ ਵਿੱਚ ਪੈਦਲ ਹੀ ਸਫ਼ਰ ਤੈਅ ਕਰਨਾ ਪੈਂਦਾ ਸੀ———ਅਫ਼ਸਰਸ਼ਾਹੀ ਘੋੜਿਆਂ, ਊਠਾਂ ਤੇ ਸਫ਼ਰ ਕਰਦੀ ਸੀ.... ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜ਼ੋਖ਼ਮ ਭਰਿਆ....

ਮਲਕੀ ਲਈ ਤਾਂ ਜਾਣੀਦਾ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ.... ਉਹਦਾ ਸਭੋ ਕੁਝ ਉੱਜੜ ਚੁੱਕਾ ਸੀ.... ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ, ਕਰੇ ਤਾਂ ਕੀ ਕਰੇ? ਕਿਹੜੀ ਬਣਤ ਬਣਾਵੇ ਜਿਸ ਨਾਲ਼ ਸਾਰੇ ਜਣੇ ਛੁੱਟ ਜਾਣ!

ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦੇਂਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦੇਂਦੀ।

ਮਲਕੀ ਜਿੰਨੀ ਸਰੀਰਕ ਤੌਰ ਤੇ ਨਰੋਈ ਸੀ ਉਤਨੀ ਹੀ ਉਹ ਅੰਦਰੋਂ ਮਜਬੂਤ ਸੀ। ਇਰਾਦੇ ਦੀ ਪੱਕੀ.... ਉਹਨੇ ਆਪਣੇ ਮਨ ਨਾਲ਼ ਪੱਕਾ ਫ਼ੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ....

ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ ਤੇ ਭਬੂਤੀ ਮਲ਼ ਲਈ। ਗਲ਼ ਵਿੱਚ ਮਾਲ਼ਾ, ਮੋਢੇ ਤੇ ਬਗਲੀ ਦੇ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ.... ਜਿਧਰ ਜਿਧਰ ਦਰੀਏ ਦਾ ਕਾਫ਼ਲਾ ਜਾ ਰਿਹਾ ਸੀ ਓਧਰ ਓਧਰ ਉਹਨਾਂ ਦੀ ਪੈੜ ਦੱਬਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ..... ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ.... ਬੇਗ਼ਾਨੇ ਲੋਕ ਬੇਗਾਨੀ ਧਰਤੀ...... ਪੈਰਾਂ 'ਚ ਬਿਆਈਆਂ ਫੱਟ ਗਈਆਂ.... ਮਲੂਕੜੇ ਪੈਰਾਂ 'ਚੋਂ ਲਹੂ ਸਿਮ ਸਿਮ ਜਾ ਰਿਹਾ ਸੀ ਪਰੰਤੂ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਹੀਂ ਸੀ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ...... ਉਹਦਾ ਨੂਰਾਨੀ ਚਿਹਰਾ ਦਗ ਦਗ ਪਿਆ ਕਰਦਾ ਸੀ।

ਵਾਟਾਂ ਕੱਛਦਾ ਦਰੀਏ ਦਾ ਕਾਫ਼ਲਾ ਕੁਰੂਕਸ਼ੇਤਰ ਦੀ ਧਰਤੀ 'ਤੇ ਥਾਨੇਸਰ ਦੇ ਪੜਾ 'ਤੇ ਜਾ ਪੁੱਜਾ ..... ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਛਿਆ ਮੰਗਣ ਲਈ ਇਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਨਾਲ਼ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਛਿਆ ਪਾਉਣ ਆਈ ਜਮਨਾ ਦੀ ਗੋਲੀ ਨੇ ਭਰ ਜ਼ੋਬਨ ਮੁਟਿਆਰ ਜੋਗਣ ਦੇ ਦਰਦ ਨੂੰ ਮਹਿਸੂਸ ਕਰਦਿਆਂ ਪੁੱਛਿਆ।

ਪੁੱਛਦੀ ਹੈ ਗੋਲੀ ਕਿਧਰੋਂ ਤੂੰ ਆਈ ਨੀ
ਚੰਦ ਜਿਹੇ ਮੁਖ ਤੇ ਸਵਾਹ ਲਾਈ ਨੀ
ਕਿਹੜੀ ਗੱਲੋਂ ਭੈਣਾਂ ਤੂੰ ਹੋਈ ਫ਼ਕੀਰ ਨੀ
ਤਨ ਤੇ ਨਾ ਕੋਈ ਦਿਸਦੀ ਨਾ ਲੀਰ ਨੀ
ਦੱਸ ਤੈਨੂੰ ਕਿਸ ਨੇ ਮੰਗਣ ਚਾੜ੍ਹਿਆ
ਹੁੰਦਾ ਏ ਮਲੂਮ ਦੁੱਖਾਂ ਨੇ ਲਤਾੜਿਆ
ਹੁਸਨ ਕਮਾਲ ਨੀ ਪਰੀ ਦੇ ਤੁਲ ਦਾ
ਇਕ ਇਕ ਨੈਣ ਨੀ ਕਰੋੜ ਮੁੱਲ ਦਾ।(ਬਖ਼ਸ਼ੀ ਈਸਾਈ)

ਗੋਲੀ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ। ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ ਵੇਦਨਾ ਜਾਗ ਪਈ, ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ਼ ਭੰਨੀ ਹੋਈ..... ਤਰਸ ਭਰੀਆਂ ਨਜ਼ਰਾਂ ਨਾਲ਼ ਨਿਹਾਰਦੀ ਹੋਈ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾਂ ਕਿਸੇ ਸੰਕੋਚ ਤੋਂ ਸਾਰੀ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ਼ ਪਰਨਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾਂ ਕੇ ਲਿਆਇਆ ਹੈ!

ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਭਲੀ ਪ੍ਰਕਾਰ ਜਾਣੂ ਸੀ.... ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿਉਂਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ਼ ਲਾਲ਼ ਪੀਲ਼ੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਂ ਬੁਲਾ ਕੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ ਹੀ ਰੱਖ ਲਿਆ ਤੇ ਇਹ ਵਿਸ਼ਵਾਸ ਦਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ਼ ਮਿਲੇਗਾ।

ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰਨ ਦਾ ਸੀ..... ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਗੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ। ਇਸ ਲਈ ਉਹ ਰਾਤੋ ਰਾਤ ਅਗਾਂਹ ਤੁਰ ਗਏ।

ਅਗਲੀ ਸਵੇਰ ਜਮਨਾ ਨੂੰ ਕੈਦੀਆਂ ਦੇ ਅਗਾਂਹ ਤੋਰੇ ਜਾਣ ਦੀ ਖ਼ਬਰ ਮਿਲ ਗਈ! ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ.... ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫ਼ੈਸਲਾ ਕਰ ਲਿਆ! ਉਹਨੇ ਮਲਕੀ ਦਾ ਫ਼ਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ਼ ਦਿੱਲੀ ਨੂੰ ਲੈ ਕੇ ਤੁਰ ਪਈ!

ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ! ਉਸ ਨੂੰ ਦਰੀਏ ਦੇ ਕਮੀਨਗੀ ਭਰੇ ਛੜਯੰਤਰ ਤੋਂ ਜਾਣੂ ਕਰਵਾਇਆ! ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਜੋੜੀ ਗਈ। ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿੱਚ ਚਿਤਵ ਕੇ ਉਹ ਕੰਬ ਗਈ!

ਹਨ੍ਹੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚੋਂ ਵਿਹਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜਿਹਾ ਵਰਤਾਓ ਕੀਤਾ ਸੀ। ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਸੀ ਜਿਸ ਕਾਰਨ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ.... ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਚੁੱਕਿਆ।

ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿਗ ਰਹੇ ਸਨ।

ਹੰਝੂ ਤਾਂ ਪੱਧਰ ਦਿਲਾਂ ਨੂੰ ਵੀ ਪਿਘਲਾ ਦੇਂਦੇ ਨੇ। ਅਕਬਰ ਕੀਹਦੇ ਪਾਣੀਹਾਰ ਸੀ.... ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ 'ਚ ਘੁਟਦਿਆਂ ਕਿਹਾ, "ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ, ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸੁਜਾਈਆਂ ਨੇ।"

"ਰਾਜਨ!" ਰਾਣੀ ਗਲਾ ਸਾਫ਼ ਕਰਦਿਆਂ ਬੋਲੀ, "ਤੁਸੀਂ ਤੇ ਅਦਲੀ ਰਾਜਾ ਅਖਵਾਂਦੇ ਓ.... ਤੁਹਾਡੇ ਇਨਸਾਫ਼ ਦੀਆਂ ਧੁੰਮਾਂ ਚਾਰੇ ਜਗ ਰੌਸ਼ਨ ਨੇ, ਮੇਰੇ ਪਾਸੋਂ ਕਿਹੜੀ ਖ਼ੁਨਾਮੀ ਹੋ ਗਈ ਹੈ ਜੋ ਤੁਸੀਂ ਇਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ!"

"ਰਾਣੀ ਕੀ ਬੁਝਾਰਤਾਂ ਪਾ ਰਹੀ ਏਂ ਸਪੱਸ਼ਟ ਗੱਲ ਕਰ।"

ਰਾਣੀ ਅਕਬਰ ਦੀ ਨਬਜ਼ ਨੂੰ ਬਖ਼ੂਬੀ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ....ਬੋਲੀ, "ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਂਦਾਰ ਜ਼ਾਇਦਾਦ ਪਿੱਛੇ ਆਪਣੇ ਸੱਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨਹੀਂ ਕਰਦੇ। ਮੇਰੇ ਭੋਲੇ਼ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜ਼ਾਇਦਾਦ ਨੂੰ ਹੜੱਪਣ ਅਤੇ ਉਹਦੀ ਨੰਬਰਦਾਰੀ ਹਥਿਆਉਣ ਖ਼ਾਤਰ ਉਹਨਾਂ ਤੇ ਰਾਜ ਦਰਬਾਰ ਵਿਰੁੱਧ ਬਗ਼ਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ ਤੇ ਤੁਹਾਡੇ ਦਰਬਾਰ 'ਚ ਉੱਚਾ ਰੁੱਤਬਾ ਲੈਣ ਖ਼ਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਿਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਆਇਐ...."

ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੰਭੀ ਗਈ ਤੇ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ!

ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ!

ਬੰਦੀਆਂ ਸਮੇਤ ਦਰੀਆ ਹਾਜ਼ਰ ਹੋ ਗਿਆ! ਰਾਜੇ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ... ਕਮੀਨਗੀ ਦੇ ਡੋਰੇ ਉਹਦੀਆਂ ਅੱਖੀਆਂ ਵਿੱਚ ਸਾਫ਼ ਝਲਕ ਰਹੇ ਸਨ!

ਅਕਬਰ ਨੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ਼ ਧੋਖਾਦੇਹੀ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ!

ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖ਼ਲਾਸੀ ਹੋਈ ਸੀ।

ਜਮਨਾ ਸਾਰਿਆਂ ਨੂੰ ਆਪਣੇ ਨਾਲ਼ ਥਾਨੇਸਰ ਲੈ ਆਈ! ਜਮਨਾ ਦੇ ਮਹਿਲ ਦੀ ਛੱਤ ਉੱਤੇ ਚੰਦ ਚਾਂਦਨੀ ਰਾਤ ਵਿੱਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ... ਦੋਨੋਂ ਇਕ ਦੂਜੇ 'ਚ ਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਹੋਏ ਗੜ੍ਹ ਮੁਗ਼ਲਾਣੇ ਨੂੰ ਤੁਰ ਪਏ। ਸਾਰੇ ਵਾਤਾਵਰਣ ਵਿੱਚ ਮੁਹੱਬਤ, ਕੁਰਬਾਨੀ ਅਤੇ ਸਿਦਕ ਦਿਲੀ ਦੀ ਸੁਗੰਧੀ ਮਹਿਕਾਂ ਵੰਡ ਰਹੀ ਸੀ...... ਜਮਨਾ ਆਪਣੇ ਮਹਿਲ ਦੀ ਛੱਤ 'ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ.... ਉਹਦੇ ਨੈਣਾਂ 'ਚ ਅਨੋਖੀ ਖ਼ੁਸ਼ੀ ਦੇ ਹੰਝੂ ਟਪਕ ਰਹੇ ਸਨ!

ਪੰਨਾ