ਪੰਜਾਬ ਦੇ ਲੋਕ ਨਾਇਕ/ਮਿਰਜ਼ਾ ਸਾਹਿਬਾਂ

ਵਾਚਨ - ਅਮਨਦੀਪ ਕੌਰ ਖੀਵਾ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਮਿਰਜ਼ਾ ਸਾਹਿਬਾਂ

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖ਼ਰਲਾਂ ਦਾ ਸਰਦਾਰ, ਦਾਨਾਂਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ! ਉਸ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਰਹੀਆਂ। ਸਿਆਣੀਆਂ ਤ੍ਰੀਮਤਾਂ ਉਸ ਨੂੰ ਦਿਲਬਰੀਆਂ ਦੇਂਦੀਆਂ ਰਹੀਆਂ, ਢਾਰਸਾਂ ਬਨ੍ਹਾਂਉਂਦੀਆਂ ਰਹੀਆਂ।

ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਗੱਲ ਦੀ ਤੋਟ ਨਾ ਸੀ। ਉਹ ਝੰਗ ਸਿਆਲ ਦਾ ਚੌਧਰੀ ਸੀ। ਆਪਣੀ ਭੈਣ ਦੀ ਕਿਸੇ ਨਾ ਕਿਸੇ ਪਜ ਬਹਾਨੇ ਮਦਦ ਕਰਨੀ, ਉਹ ਆਪਣਾ ਫ਼ਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।

ਕੁਝ ਵਰ੍ਹੇ ਹੋਏ ਖੀਵੇ ਖਾਨ ਦੀ ਘਰ ਵਾਲ਼ੀ ਦੋ ਪੁੱਤਰ ਤੇ ਇਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਮਿਰਜ਼ੇ ਦਾ ਜੀ ਪਰਚਾਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ।

ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ! ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜ਼ੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ।

ਸਾਹਿਬਾਂ ਮੁਟਿਆਰ ਹੋਣ ਲੱਗੀ।

ਮਿਰਜ਼ਾ ਜਵਾਨ ਹੋਣ ਲੱਗਾ।

ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ। ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇਕ ਦੂਜੇ ਦੇ ਸਦੱਕੜੇ ਜਾਂਦੇ ਸਨ।

ਦੋ ਜਵਾਨੀਆਂ ਦਾ ਇਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ੇ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।

"ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ!"

"ਸਾਹਿਬਾਂ ਇਹ ਲੋਕੀਂ ਕੀ ਜਾਨਣ! ਸਾਡੀ ਬਚਪਨ ਦੀ ਮੁਹੱਬਤ 'ਚ ਕੋਈ ਫ਼ਰਕ ਨਹੀਂ ਪਿਆ-ਅਸੀਂ ਬਚਪਨ 'ਚ ਮੁਹੱਬਤ ਕਰਦੇ ਰਹੇ-ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ......"

"ਮਿਰਜ਼ਿਆ, ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤਾਂ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿੱਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿੱਚ ਫ਼ਖ਼ਰ ਅਨੁਭਵ ਕਰਦੈ। ਮਿਰਜ਼ਿਆ ਇਹ ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।"

"ਸਾਹਿਬਾਂ ਤੂੰ ਮੇਰਾ ਸਭ ਕੁਝ ਏਂ ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ!"

ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ ਸਾਹਿਬਾਂ ਦਾ ਖਿੜ ਖਿੜ ਹੱਸਣਾ, ਮਿਲ ਬੈਠਣਾ ਚੰਗਾ ਨਾ ਸੀ ਲੱਗਦਾ। ਉਹਨੇ ਖੀਵੇ ਖਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿੱਚ ਇਸ ਪਿਆਰ ਵਿੱਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ ਸਾਹਿਬਾਂ ਦੀ ਮਮਤਾ ਵਿੱਚ ਮੁਗਧ ਹੋਏ ਉਹਦੇ ਦਿਲ ਵਿੱਚ ਕਾਂਜੀ ਘੋਲ ਦਿੱਤੀ।

ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉੱਠਣਾ, ਬੈਠਣਾ ਪਹਿਲਾਂ ਵਰਗਾ ਨਿੱਘ ਨਹੀਂ ਸੀ ਦੇਂਦਾ। ਉਸ ਪਾਸੋਂ ਲਾਡਾਂ ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।

ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸੱਕਾ ਮਾਮਾ ਉਹਦੇ ਨਾਲ਼ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।

ਮਿਰਜ਼ੇ ਦੇ ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਉਹਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ। ਸਾਹਿਬਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫ਼ਤਾਂ ਖੜੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉੱਡ ਕੇ ਸਾਹਿਬਾਂ ਪਾਸ ਪੁੱਜ ਜਾਵੇ। ਪਰੰਤੂ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ ਵਿੱਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।

ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬਨ੍ਹਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।

ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇਕ ਮੁੰਡੇ ਨਾਲ਼ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿੱਚ ਮੂੰਹ ਦਈ ਡੁਸਕਦੀ ਰਹੀ, ਹਟਕੌਰੇ ਭਰਦੀ ਰਹੀ, ਆਪਣੇ ਧੁੰਧਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।

ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ:

"ਮਿਰਜ਼ਿਆ ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਜੇ ਤੈਨੂੰ ਮੇਰੇ ਨਾਲ਼ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ। ਜੇ ਤੂੰ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ਼ ਹੀ ਹੋਵੇਗਾ।"

ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ! ਉਹਦੇ ਡੌਲੇ ਫਰਕ ਉੱਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁਕਣ ਵਾਲ਼ੀ ਹੈ ਤੇ ਤੂੰ ਘਰੋਂ ਟੁਰ ਪਿਐਂ।" ਤੇ ਖੀਵੀ ਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਟੁਰੇ।

"ਮਾਂ ਜੇ ਅੱਜ ਮੈਂ ਝੰਗ ਨਾ ਅਪੜਿਆਂ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾਂ ਜੀ ਨਹੀਂ ਸਕਦਾ। ਮੇਰਾ ਰਾਹ ਛੱਡ ਦੇ ਮਾਂ। ਉਸ ਦੀ ਜਿੰਦ ਨੂੰ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ...।"

"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇਂ। ਚੰਗਾ ਦੇਰ ਨਾ ਕਰ ਛੇਤੀ ਜਾਹ। ਪੁੱਤਰਾ ਖ਼ਰਲਾਂ ਦੇ ਖ਼ੂਨ ਨੂੰ ਦਾਗ਼ ਨਾ ਲਾਈਂ ਸਾਹਿਬਾਂ ਨੂੰ ਨਾਲ਼ ਲੈ ਕੇ ਮੁੜੀ।"

ਤੇ ਮਿਰਜ਼ੇ ਦੀ ਮਾਂ ਨੇ ਰੱਬ ਅੱਗੇ ਦੋਨੋਂ ਹੱਥ ਜੋੜ ਦਿੱਤੇ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ਼ ਗੱਲਾਂ ਕਰਨ ਲੱਗੀ।

ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨ੍ਹੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਸ਼-ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ। ਤੇ ਸਾਹਿਬਾਂ ਉਹਨੂੰ ਉਡੀਕਦੀ-ਉਡੀਕਦੀ ਬੇ-ਆਸ ਹੋ ਚੁੱਕੀ ਸੀ।

ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਹ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖ਼ਬਰ ਦੇ ਆਈ।

ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲ਼ੇ ਬਾਹਾਂ ਵਲ਼ ਦਿੱਤੀਆਂ ਤੇ ਡੁਸਕਣ ਲੱਗ ਪਈ।

"ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ। ਹੌਂਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਹੁਤਰੇ ਵਾਸਤੇ ਪਾ ਚੱਕੀ ਏ। ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿੱਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਆਗਿਆਂ ਦੇਂਦਾ ਏ ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰੌਣ ਲੱਗਾ।

"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"

"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆ ਹਾਂ। ਤੂੰ ਤਾਂ ਮੇਰੀ ਜ਼ਿੰਦਗੀ ਏਂ, ਤੈਨੂੰ ਲੈਣ ਹੀ ਆਇਆ ਹਾਂ। ਉਹ ਕਿਹੜਾ ਸੂਰਮਾ ਹੈ ਜਿਹੜਾ ਹੁਣ ਤੈਨੂੰ ਮੇਰੇ ਪਾਸੇ ਖੋਹ ਲਵੇਗਾ।"

ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।

"ਚੱਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏਂ ਨਾ ਮੇਰੇ ਨਾਲ਼ ਹੁਣੇ ਟੁਰਨ ਲਈ?" ਮਿਰਜ਼ਾ ਪ੍ਰਸ਼ਨ ਸੂਚਕ ਨਿਗਾਹਾਂ ਨਾਲ਼ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।

ਇਕ ਪਲ ਸੋਚ ਕੇ ਸਾਹਿਬਾਂ ਬੋਲੀ, "ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"

ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾ ਕੇ ਦਾਨਾਬਾਦ ਨੂੰ ਨੱਸ ਟੁਰਿਆ।

ਕਾਜ਼ੀ ਹੋਰੀਂ ਨਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਿਖਾਈ ਨਾ ਦਿੱਤੀ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗ ਪਈਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ਼ ਕਰਨ ਲੱਗਾ। "ਖੌਰੇ ਕਿਸੇ ਖੂਹ ਖਾਤੇ ਵਿੱਚ ਹੀ ਡੁੱਬ ਮੋਈ ਹੋਵੇ" ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"

ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿੱਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇਕ ਤੂਫ਼ਾਨੀ ਹਨ੍ਹੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ, ਸਫ਼ਰ ਦਾ ਥਕੇਂਵਾਂ ਬੱਕੀ ਤੇ ਭਾਰੂ ਹੋ ਗਿਆ। ਉਹ ਨਹੁੰ ਲੈਣ ਲੱਗੀ।

"ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਆਂ, ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।" ਮਿਰਜ਼ੇ ਨੇ ਬੱਕੀ ਜੰਡ ਨਾਲ਼ ਬੰਨ੍ਹ ਦਿੱਤੀ ਤੇ ਆਪ ਸਾਹਿਬਾਂ ਦੇ ਪੱਟ ਦਾ ਸਰਹਾਣਾ ਲਾ ਕੇ ਸੌਂ ਗਿਆ।

ਸਾਹਿਬਾਂ ਨੇ ਕਈ ਵਾਰੀ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਘੂਕ ਸੁੱਤਾ ਰਿਹਾ।

ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਵਧ ਰਿਹਾ ਸੀ। ਉਸ ਮਿਰਜ਼ੇ ਨੂੰ ਹਲੂਣਿਆਂ, "ਮਿਰਜ਼ਿਆ ਜਾਗ ਖੋਲ੍ਹ ਵੈਰੀ ਸਿਰ 'ਤੇ ਪੁੱਜ ਗਏ ਨੇ।"

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ਼ ਉਨ੍ਹਾਂ ਦਾ ਮੁਕਾਬਲਾ ਕੀਤਾ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ਼ ਛਲਣੀ ਛਲਣੀ ਹੋ ਗਿਆ।

ਅੰਤ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ 'ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ਼ ਖੜੀ ਹੰਝੂ ਕੇਰਦੀ ਰਹੀ।

page