41852ਪਾਰਸ — ੬.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

੬.

ਰਾਤ ਦੇ ਅੱਠ ਵਜੇ ਹੋਣਗੇ, ਹਰਿਚਰਨ ਦੀ ਬੈਠਕ ਸਜੀ ਹੋਈ ਹੈ। ਪਿੰਡ ਦੇ ਮੁੱਖ ਲੋਕ ਹੁਣ ਏਥੇ ਹੀ ਆਕੇ ਬੈਠਦੇ ਹਨ। ਚਾਣ ਚੱਕ ਹੀ ਇਕ ਆਦਮੀ ਨੇ ਆਕੇ ਬੜੀ ਮਜ਼ੇਦਾਰ ਗੱਲ ਸੁਣਾਈ। ਲੁਹਾਰਾਂ ਦੇ ਮੁੰਡੇ ਨੇ ਇਕ ਖੁਸ਼ੀ ਦੇ ਮੌਕੇ ਤੇ ਕਲਕਤਿਉਂ ਦੋ ਰੰਡੀਆਂ ਗੌਣ ਲਈ ਸੱਦੀਆਂ ਹਨ। ਉਹਨਾਂ ਦੀ ਨਾ-ਮਹਿਫਲ ਵਿਚ ਗੁਰਚਰਨ ਬੈਠਾ ਹੋਇਆ ਸੀ। ਹਰਿਚਰਨ ਹੱਸਦਾ ਹੱਸਦਾ ਲੋਟਣ ਕਬੂਤਰ ਹੋ ਗਿਆ ਕਹਿਣ ਲੱਗਾ ਤੂੰ ਸਗੋ ਪਾਗਲ ਹੋ ਗਿਆਏ' ? ਪਾਗਲ ਦੀ ਗਲ ਤਾਂ ਸੁਣੋ! ਆਖਦਾ ਹੈ ਭਰਾ ਜੀ ਵੇਸਵਾ ਦਾ ਨਾਚ ਵੇਖ ਲਿਆ ਸੀ, ਕਿਤੇ ਭੰਗ ਤਾਂ ਨਹੀਂ ਪੀ ਲਈ ?

ਅਵਿਨਾਸ ਨੇ ਸੌਂਹ ਖਾਕੇ ਆਖਿਆ, ਮੈਂ ਆਪ ਅੱਖੀਂ ਵੇਖ ਆਇਆ ਹਾਂ।

ਇਕ ਆਦਮੀ ਭੱਜਾ ਭੱਜਾ ਗਿਆ ਦਸਕੁ ਮਿੰਟ ਪਿਛੋਂ ਆਕੇ ਕਹਿਣ ਲੱਗਾ ਬਿਲਕੁਲ ਠੀਕ ਹੈ, ਉਹ ਨਿਰਾ ਮੁਜਰਾ ਹੀ ਨਹੀਂ ਸੁਣਦੇ, ਸਗੋਂ ਰੁਮਾਲ, ਪੱਲੇ ਕੁਝ ਬੰਨਕੇ ਕੰਜਰੀ ਤੋਂ ਸਿਰਵਾਰਨਾ ਕਰਦੇ ਵੀ ਮੈਂ ਦੇਖ ਆਇਆ ਹਾਂ।

ਬਸ ਫੇਰ ਕੀ ਸੀ ਇਕ ਵਾਰ ਹੀ ਰੌਲਾ ਪੈ ਗਿਆ ਕੋਈ ਆਖਣ ਲੱਗਾ ਇਕ ਦਿਨ ਤਾਂ ਏਦਾਂ ਹੋਣਾ ਈ ਸੀ। ਕੋਈ ਕਹਿ ਰਿਹਾ ਸੀ, ਜਿਸ ਦਿਨ ਬੇ ਕਸੂਰ ਔਰਤ ਦੇ ਪਿੰਡੇ ਨੂੰ ਹੱਥ ਲਾਇਆ ਸੀ, ਮੈਂ ਉਸ ਦਿਨ ਹੀ ਸਭ ਕੁਝ ਸਮਝ ਗਿਆ ਸਾਂ, ਕੋਈ ਪੁੱਤ ਦੇ ਡਾਕੇ ਦੀ ਗੱਲ ਬਾਤ ਛੇੜਕੇ ਆਖ ਰਿਹਾ ਸੀ, ਪੁੱਤਰ ਦੀਆਂ ਕਰਤੂਤਾਂ ਤੋਂ ਆਪੇ ਪਤਾ ਲਗਦਾ ਹੈ ਕਿ ਜੇਹੀ ਕੋਕੋ ਤੇਹੇ ਬੱਚੇ ਏਦਾਂ ਪਤਾ ਨਹੀਂ ਕਿੰਨੀਆਂ ਤੇ ਕੇਹੋ ਜਹੀਆਂ ਧੂਤ ਭੀਤੀਆਂ ਨਿਕਲ ਰਹੀਆਂ ਸਨ।

ਅਜ ਇਕ ਹਰਿਚਰਨ ਹੀ ਸੀ ਜੋ ਕਿ ਚੁਪ ਚਾਪ ਸੀ, ਉਹ ਬੇਧਿਆਨਾ ਜਿਹਾ ਹੋਕੇ ਚੁਪ ਚਾਪ ਬੈਠਾ ਰਿਹਾ, ਉਹਨੂੰ ਛੋਟੇ ਹੁੰਦਿਆਂ ਦੀਆਂ ਗੱਲਾਂ ਚੇਤੇ ਆਉਣ ਲਗੀਆਂ ਕੀ ਮੇਰੇ ਭਰਾ ਗੁਰਚਰਨ ਓਹੋ ਹਨ ? ਕੀ ਇਹੋ ਹੀ ਨਜੂਮਦਾਰ ਹੈ ?