ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
50835ਪਾਦਰੀ ਸੇਰਗਈ — 8ਗੁਰਬਖ਼ਸ਼ ਸਿੰਘ ਫ਼ਰੈਂਕਲਿਉ ਤਾਲਸਤਾਏ

8

ਪਾਸ਼ੇਨਕਾ ਤਾਂ ਕਦੋਂ ਦੀ ਪਾਸ਼ੇਨਕਾ ਨਹੀਂ ਸੀ ਰਹੀ, ਬੁੱਢੀ ਹੱਡੀਆਂ ਦੀ ਮੁੱਠ ਤੇ ਝੁਰੜੀਆਂ ਵਾਲੀ ਪਰਾਸਕੋਵੀਆ ਮਿਖਾਇਲੋਵਨਾ ਬਣ ਚੁੱਕੀ ਸੀ, ਇਕ ਬਦਕਿਸਮਤ ਤੇ ਪਿਆਕੜ ਸਰਕਾਰੀ ਕਰਮਚਾਰੀ ਮਾਵਰੀਕੀਏਵ ਦੀ ਸੱਸ ਸੀ। ਉਹ ਉਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਸੀ, ਜਿਥੇ ਉਸਦੇ ਜਵਾਈ ਦੀ ਨੌਕਰੀ ਛੁੱਟ ਗਈ ਸੀ। ਸਾਰੇ ਟੱਬਰ-ਲੜਕੀ, ਰੋਗੀ ਤੇ ਕਮਜ਼ੋਰੀ ਦੇ ਮਾਰੇ ਜਵਾਈ ਤੇ ਪੰਜ ਦੋਹਤੇ-ਦੋਹਤੀਆਂ-ਦਾ ਭਾਰ ਆਪਣੇ ਮੋਢਿਆਂ ਉਤੇ ਚੁਕਿਆ ਹੋਇਆ ਸੀ। ਇਹ ਪੰਜਾਹ ਕੋਪੇਕ ਫੀ ਘੰਟੇ ਦੇ ਹਿਸਾਬ ਨਾਲ ਵਪਾਰੀਆਂ ਦੀਆਂ ਕੁੜੀਆਂ ਨੂੰ ਸੰਗੀਤ ਸਿਖਾਉਂਦੀ ਤੇ ਇਸ ਤਰ੍ਹਾਂ ਸਭ ਦਾ ਪੇਟ ਪਾਲਦੀ ਸੀ। ਦਿਨ ਵਿਚ ਕਦੀ ਚਾਰ ਤੇ ਪੰਜ ਘੰਟੇ ਸੰਗੀਤ ਦੀ ਸਿਖਿਆ ਦਿੰਦੀ ਤੇ ਇਸ ਤਰ੍ਹਾਂ ਮਹੀਨੇ ਵਿਚ ਕੋਈ ਸੱਠ ਕੁ ਰੂਬਲ ਕਮਾ ਲੈਂਦੀ। ਜਵਾਈ ਦੀ ਦੁਬਾਰਾ ਨੌਕਰੀ ਲਗਣ ਤਕ ਇਸੇ ਆਮਦਨੀ ਉਤੇ ਗੁਜ਼ਾਰਾ ਹੁੰਦਾ ਸੀ। ਜਵਾਈ ਲਈ ਨੌਕਰੀ ਦੀ ਭਾਲ ਲਈ ਬੇਨਤੀ ਕਰਦਿਆਂ ਪਰਾਸਕੋਵੀਆ ਮਿਖਾਇਲੋਵਨਾ ਨੇ ਸਾਰਿਆਂ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਲੋਕਾਂ ਨੂੰ ਖ਼ਤ ਲਿਖੇ ਸਨ। ਐਸਾ ਹੀ ਇਕ ਖ਼ਤ ਉਸਨੇ ਸੇਰਗਈ ਨੂੰ ਵੀ ਭੇਜਿਆ ਸੀ, ਪਰ ਇਹ ਖਤ ਮਿਲਣ ਤੋਂ ਪਹਿਲਾਂ ਹੀ ਉਹ ਮਠ ਤੋਂ ਚਲਾ ਗਿਆ ਹੋਇਆ ਸੀ।

ਸ਼ਨੀਵਾਰ ਦਾ ਦਿਨ ਸੀ ਤੇ ਪਰਾਸਕੋਵੀਆ ਮਿਖਾਇਲੋਵਨਾ ਕਿਸ਼ਮਿਸ਼ ਵਾਲੀ ਮਿੱਠੀ ਰੋਟੀ ਲਈ ਖ਼ੁਦ ਆਟਾ ਗੁੰਨ ਰਹੀ ਸੀ। ਉਸਦੇ ਮਾਪਿਆਂ ਦੇ ਘਰ ਭੂਮੀ-ਗੁਲਾਮ ਰਸੋਈਆ ਇਸ ਤਰ੍ਹਾਂ ਦੀ ਰੋਟੀ ਬਹੁਤ ਵਧੀਆ ਬਣਾਉਂਦਾ ਸੀ। ਉਹ ਐਤਵਾਰ ਵਾਲੇ ਦਿਨ ਦੋਹਤੇ-ਦੋਹਤੀਆਂ ਦੀ ਇਸੇ ਮਿੱਠੀ ਰੋਟੀ ਨਾਲ ਦਾਅਵਤ ਕਰਨਾ ਚਾਹੁੰਦੀ ਸੀ।

ਉਸਦੀ ਲੜਕੀ ਮਾਸ਼ਾ ਸਭ ਤੋਂ ਛੋਟੇ ਬੱਚੇ ਨੂੰ ਲੋਰੀ ਦੇ ਰਹੀ ਸੀ ਤੇ ਦੋ ਵੱਡੇ ਬੱਚੇ, ਲੜਕਾ ਤੇ ਲੜਕੀ, ਸਕੂਲ ਗਏ ਹੋਏ ਸਨ। ਜਵਾਈ ਰਾਤ ਭਰ ਨਹੀਂ ਸੁੱਤਾ ਸੀ ਤੇ ਹੁਣ ਉਸਦੀ ਅੱਖ ਲਗ ਗਈ ਸੀ। ਪਰਾਸਕੋਵੀਆ ਮਿਖਾਇਲੋਵਨਾ ਵੀ ਪਿਛਲੀ ਰਾਤ ਬਹੁਤ ਦੇਰ ਤੱਕ ਸੌ ਨਹੀਂ ਸੀ ਸਕੀ, ਜਵਾਈ ਦੇ ਵਿਰੁਧ ਲੜਕੀ ਦਾ ਗੁੱਸਾ ਠੰਡਾ ਕਰਨ ਵਿਚ ਲਗੀ ਰਹੀ ਸੀ।

ਉਹ ਇਹ ਸਮਝ ਚੁਕੀ ਸੀ ਕਿ ਜਵਾਈ ਕਮਜ਼ੋਰ ਆਚਰਨ ਦਾ ਬੰਦਾ ਹੈ, ਉਸ ਲਈ ਗੱਲਾਂ-ਬਾਤਾਂ ਤੇ ਜ਼ਿੰਦਗੀ ਦਾ ਆਪਣਾ ਢੰਗ ਬਦਲਣਾ ਮੁਮਕਿਨ ਨਹੀਂ, ਕਿ ਲੜਕੀ ਦੇ ਤਾਅਨੇ-ਮਿਹਣਿਆਂ ਤੋਂ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਉਹ ਉਹਨਾਂ ਨੂੰ ਸ਼ਾਂਤ ਕਰਨ ਦਾ ਪੂਰਾ ਜ਼ੋਰ ਲਾਉਂਦੀ ਸੀ ਤਾਂਕਿ ਭਲਾ-ਬੁਰਾ ਕਹਿਣ ਤੇ ਗੁੱਸਾ ਗਿਲਾ ਕਰਨ ਦੀ ਨੌਬਤ ਨਾ ਆਏ। ਮਨੁੱਖੀ ਸੰਬੰਧਾਂ ਵਿਚਲੀ ਸਾਰੀ ਨਿਰਦੈਤਾ ਉਸ ਲਈ ਬੇਹੱਦ ਅਸਹਿ ਸੀ। ਉਸਨੂੰ ਇਹ ਬਿਲਕੁਲ ਸਪਸ਼ਟ ਸੀ ਕਿ ਬੱਕ-ਬੱਕ ਨਾਲ ਸਥਿਤੀ ਸੁਧਰਨ ਦੀ ਬਜਾਏ ਹੋਰ ਵਿਗੜੇਗੀ ਹੀ। ਉਸਨੇ ਇਸ ਮਾਮਲੇ ਉਤੇ ਸੋਚ ਵਿਚਾਰ ਵੀ ਨਹੀਂ ਕੀਤੀ ਸੀ, ਉਹ ਤਾਂ ਗੁੱਸੇ ਤੋਂ ਵੈਸੇ ਹੀ ਘਬਰਾਉਂਦੀ ਸੀ, ਜਿਸ ਤਰ੍ਹਾਂ ਕਿ ਬਦਬੂ ਤੋਂ, ਸ਼ੋਰ-ਸ਼ਰਾਬੇ ਤੋਂ ਤੇ ਮਾਰ-ਕੁਟਾਈ ਤੋਂ।

ਆਪਣੀ ਨਿਪੁੰਨਤਾ ਉਤੇ ਖ਼ੁਦ ਮੁਗਧ ਹੁੰਦੀ ਹੋਈ ਉਹ ਲੂਕੇਰਿਆ ਨੂੰ ਇਸ ਸਮਝਾ ਰਹੀ ਸੀ ਕਿ ਆਟਾ ਕਿਵੇਂ ਗੁੰੰਨ੍ਹਣਾ ਚਾਹੀਦਾ ਹੈ। ਇਸੇ ਸਮੇਂ ਉਸਦਾ ਛੇ ਸਾਲ ਦਾ ਦੋਹਤਾ, ਮੀਸ਼ਾ, ਜਿਸਨੇ ਏਪਰਨ ਤੇ ਆਪਣੀਆਂ ਟੇਢੀਆਂ-ਮੇਢੀਆਂ ਲੱਤਾਂ ਉਤੇ ਜਰਾਬਾਂ ਚੜ੍ਹਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਥਾਂ ਥਾਂ ਰਫੂ ਕੀਤਾ ਹੋਇਆ ਸੀ, ਡਰੀ ਹੋਈ ਸੂਰਤ ਬਣਾਈ ਰਸੋਈ ਵਿਚ ਦੌੜਿਆ ਆਇਆ।

"ਨਾਨੀ,ਇਕ ਡਰਾਉਣਾ ਜਿਹਾ ਬੁੱਢਾ ਤੈਨੂੰ ਬੁਲਾ ਰਿਹੈ।" ਲੂਕੇਰਿਆ ਨੇ ਬਾਹਰ ਵੇਖਿਆ-

"ਮਾਲਕਣ, ਕੋਈ ਤੀਰਥ ਯਾਤਰੀ ਹੈ।"

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀਆਂ ਹੱਡਲ ਅਰਕਾਂ ਨੂੰ ਆਪਸ ਵਿਚ ਰਗੜਕੇ ਆਟਾ ਉਤਾਰਿਆ, ਏਪਰਨ ਨਾਲ ਹੱਥ ਪੂੰਝੇ ਤੇ ਯਾਤਰੀ ਲਈ ਪੰਜ ਕੋਪੇਕ ਬਟੂਏ ਵਿਚੋਂ ਲਿਆਉਣ ਲਈ ਅੰਦਰ ਗਈ। ਪਰ ਫਿਰ ਉਸਨੂੰ ਯਾਦ ਆਇਆ ਕਿ ਬਟੂਏ ਵਿਚ ਤਾਂ ਦਸ ਕੋਪੇਕ ਤੋਂ ਘੱਟ ਦਾ ਸਿੱਕਾ ਨਹੀਂ ਹੈ। ਸੋ ਉਹ ਸਿਰਫ ਰੋਟੀ ਦੇਣ ਦਾ ਫੈਸਲਾ ਕਰਕੇ ਅਲਮਾਰੀ ਵਲ ਵਧੀ। ਪਰ ਉਸੇ ਵੇਲੇ ਇਹ ਖਿਆਲ ਆਉਣ ਉਤੇ ਕਿ ਉਹ ਕੰਜੂਸੀ ਕਰ ਰਹੀ ਹੈ, ਉਸਨੂੰ ਸ਼ਰਮ ਆਈ ਤੇ ਲੂਕੇਰਿਆ ਨੂੰ ਰੋਟੀ ਦਾ ਵੱਡਾ ਸਾਰਾ ਟੁਕੜਾ ਕੱਟਣ ਦਾ ਆਦੇਸ਼ ਦੇ ਕੇ ਖ਼ੁਦ ਦਸ ਕੋਪੇਕ ਦਾ ਸਿੱਕਾ ਲੈਣ ਅੰਦਰ ਚਲੀ ਗਈ। "ਤੇ ਹੁਣ ਆਪਣੀ ਕੰਜੂਸੀ ਦੀ ਸਜ਼ਾ ਭੁਗਤ," ਉਸਨੇ ਆਪਣੇ ਆਪ ਨੂੰ ਕਿਹਾ, "ਦੂਣਾ ਦੇਹ।"

ਉਸਨੇ ਮੁਆਫੀ ਮੰਗਦਿਆਂ ਹੋਇਆਂ ਰੋਟੀ ਤੇ ਪੈਸੇ ਵੀ ਤੀਰਥ-ਯਾਤਰੀ ਨੂੰ ਦੇ ਦਿਤੇ। ਪਰ ਆਪਣੀ ਐਸੀ ਉਦਾਰਤਾ ਉਤੇ ਮਾਨ ਕਰਨ ਦੀ ਥਾਂ ਉਸਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੋਈ ਕਿ ਉਹ ਏਨਾ ਘੱਟ ਦੇ ਰਹੀ ਹੈ। ਏਨਾ ਪ੍ਰਭਾਵਸ਼ਾਲੀ ਵਿਅਕਤੀਤੱਵ ਸੀ ਤੀਰਥ-ਯਾਤਰੀ ਦਾ।

ਇਹ ਠੀਕ ਹੈ ਕਿ ਸੇਰਗਈ ਨੇ ਈਸਾ-ਮਸੀਹ ਦੇ ਨਾਂ ਉਤੇ ਭੀਖ਼ ਮੰਗਦਿਆਂ ਹੋਇਆਂ ਤਿੰਨ ਸੌ ਵਰਸਟ ਦਾ ਫ਼ਾਸਲਾ ਤੈਅ ਕੀਤਾ ਸੀ, ਉਹ ਕਮਜ਼ੋਰ ਹੋ ਗਿਆ ਤੇ ਮੁਰਝਾ ਜੇਹਾ ਗਿਆ ਸੀ, ਖਸਤਾਹਾਲ ਹੋ ਗਿਆ ਸੀ, ਬੇਸ਼ਕ ਉਸਦੇ ਵਾਲ ਕਟੇ ਹੋਏ ਸਨ ਉਸਨੇ ਪੇਂਡੂਆਂ ਵਾਲੀ ਟੋਪੀ ਤੇ ਜੁੱਤੀ ਪਾਈ ਹੋਈ ਸੀ, ਬੇਸ਼ਕ ਉਸਨੇ ਨਿਮਰਤਾ ਨਾਲ ਝੁਕਕੇ ਪ੍ਰਣਾਮ ਕੀਤਾ ਸੀ, ਫਿਰ ਵੀ ਉਸ ਵਿਚ ਕੁਝ ਪ੍ਰਭਾਵਸ਼ਾਲੀ ਸੀ ਜੋ ਜ਼ਬਰਦਸਤੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਸੀ। ਪਰ ਪਰਾਸਕੋਵੀਆ ਮਿਖਾਇਲੋਵਨਾ ਉਸਨੂੰ ਪਛਾਣ ਨਾ ਸਕੀ। ਉਹ ਪਛਾਣ ਵੀ ਕਿਵੇਂ ਸਕਦੀ ਸੀ, ਲਗਭਗ ਤੀਹ ਸਾਲ ਹੋ ਗਏ ਸਨ ਉਸਨੂੰ ਸੇਰਗਈ ਨੂੰ ਵੇਖਿਆਂ।

"ਮੁਆਫ਼ੀ ਚਾਹੁੰਦੀ ਹਾਂ, ਮਹਾਰਾਜ। ਸ਼ਾਇਦ ਤੁਸੀਂ ਭੋਜਨ ਕਰਨਾ ਚਾਹੁੰਦੇ ਹੋ?"

ਸੇਰਗਈ ਨੇ ਰੋਟੀ ਤੇ ਪੈਸੇ ਲੈ ਲਏ। ਪਰ ਉਥੋਂ ਗਿਆ ਨਾ; ਖੜੋਤਾ-ਖੜੋਤਾ ਪਰਾਸਕੋਵੀਆ ਮਿਖਾਹਿਲੋਵਨਾ ਵਲ ਵਧਦਾ ਰਿਹਾ, ਜਿਸ ਨਾਲ ਉਸਨੂੰ ਬੜੀ ਹੈਰਾਨੀ ਹੋਈ।

"ਪਾਸ਼ੇਨਕਾ, ਮੈਂ ਤਾਂ ਤੇਰੇ ਪਾਸ ਆਇਆ ਹਾਂ, ਮੈਨੂੰ ਠੁਕਰਾਉ ਨਹੀਂ।"

ਸੇਰਗਈ ਦੀਆਂ ਕਾਲੀਆਂ-ਕਾਲੀਆਂ ਅੱਖਾਂ ਜਿਵੇਂ ਮੁਆਫ਼ੀ ਦੀ ਮੰਗ ਕਰਦੀਆਂ ਹੋਈਆਂ ਇਕ ਟੱਕ ਉਸ ਵਲ ਵੇਖਣ ਲਗੀਆਂ ਤੇ ਉਸ ਵਿਚ ਅੱਥਰੂ ਚਮਕ ਉਠੇ। ਤੇ ਧੌਲੀਆਂ ਹੋ ਰਹੀਆਂ ਮੁੱਛਾਂ ਹੇਠ ਉਸਦੇ ਬੁਲ੍ਹ ਤਰਸਯੋਗ ਢੰਗ ਨਾਲ ਫਰਕਣ ਲੱਗੇ।

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਸੁੱਕੀ ਹੋਈ ਛਾਤੀ ਥੰਮ੍ਹੀ, ਉਸਦਾ ਮੂੰਹ ਖੁਲ੍ਹ ਗਿਆ ਤੇ ਤੀਰਥ-ਯਾਤ੍ਰੀ ਦੇ ਚਿਹਰੇ ਉਤੇ ਨਜ਼ਰਾਂ ਗੱਡੀ ਉਥੇ ਦੀ ਉਥੇ ਬੁੱਤ ਬਣੀ ਖੜੀ ਰਹਿ ਗਈ।

"ਨਹੀਂ, ਐਸਾ ਨਹੀਂ ਹੋ ਸਕਦਾ! ਸਤੇਪਾਨ! ਸੇਰਗਈ! ਪਾਦਰੀ ਸੇਰਗਈ!"

"ਹਾਂ, ਉਹੀ ਹਾਂ ਮੈਂ," ਸੇਰਗਈ ਨੇ ਹੌਲੀ ਜਿਹਾ ਜਵਾਬ ਦਿਤਾ, "ਪਰ ਨਾ ਤਾਂ ਸੇਰਗਈ, ਨਾ ਪਾਦਰੀ ਸੇਰਗਈ, ਮਹਾਂਪਾਪੀ ਸਤੇਪਾਨ ਕਸਾਤਸਕੀ, ਪਤਿੱਤ ਮਹਾਂਪਾਪੀ ਹਾਂ ਮੈਂ। ਮੈਨੂੰ ਸਹਾਰਾ ਦੇਹ, ਮੇਰੀ ਮਦਦ ਕਰ।"

"ਇਹ ਕੀ ਕਹਿ ਰਹੇ ਹੋ ਤੁਸੀਂ? ਕਿਸ ਤਰ੍ਹਾਂ ਤੁਸੀਂ ਏਨੇ ਨਿਮਾਣੇ ਹੋ ਗਏ! ਆਉ, ਆਉ ਅੰਦਰ ਚਲੋ।"

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣਾ ਹੱਥ ਵਧਾਇਆ, ਪਰ ਸੇਰਗਈ ਨੇ ਉਸਨੂੰ ਪਕੜਿਆ ਨਾ ਤੇ ਉਸ ਦੇ ਪਿੱਛੇ ਤੁਰ ਪਿਆ।

ਪਰ ਉਹ ਉਸਨੂੰ ਰੱਖੇ ਤਾਂ ਕਿੱਥੇ? ਫ਼ਲੈਟ ਤਾਂ ਬਹੁਤ ਹੀ ਛੋਟਾ ਸੀ। ਸ਼ੁਰੂ ਵਿਚ ਇਕ ਛੋਟੀ ਜਿਹੀ ਕੋਠੜੀ ਉਸਨੂੰ ਦੇ ਦਿਤੀ ਗਈ, ਪਰ ਪਿਛੋਂ ਉਸਨੇ ਉਹ ਆਪਣੀ ਲੜਕੀ ਨੂੰ ਦੇ ਦਿਤੀ ਸੀ, ਜਿਹੜੀ ਹੁਣ ਵੀ ਉਥੇ ਬੈਠੀ ਆਪਣੇ ਬੱਚੇ ਨੂੰ ਸੁਆ ਰਹੀ ਸੀ।

"ਇਥੇ ਤਸ਼ਰੀਫ ਰਖੋ, ਮੈਂ ਹੁਣੇ ਆਉਂਦੀ ਹਾਂ," ਉਸਨੇ ਰਸੋਈਘਰ ਦੀ ਬੈਂਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

ਸੇਰਗਈ ਬੈਂਚ ਉਤੇ ਬੈਠ ਗਿਆ ਤੇ ਬੈਠਦਿਆਂ ਹੀ ਉਸਨੇ ਪਹਿਲੇ ਇਕ ਤੇ ਫਿਰ ਦੂਸਰੇ ਮੋਢੇ ਤੋਂ ਥੈਲਾ ਉਤਾਰਿਆ। ਸਮਝੋ ਕਿ ਹੁਣ ਇਹ ਉਸਦੀ ਆਦਤ ਹੀ ਬਣ ਗਈ ਸੀ।

"ਹੈ ਪ੍ਰਮਾਤਮਾ, ਹੇ ਪ੍ਰਮਾਤਮਾ, ਕਿਸ ਤਰ੍ਹਾਂ ਨਿਮਾਣੇ ਬਣ ਗਏ ਨੇ। ਏਨਾ ਉੱਚਾ ਨਾਂ ਤੇ ਅਚਾਨਕ ਇਹ... "

ਸੇਰਗਈ ਨੇ ਕੋਈ ਜਵਾਬ ਨਾ ਦਿਤਾ ਤੇ ਥੈਲੇ ਨੂੰ ਆਪਣੇ ਕੋਲ ਰੱਖਦਿਆਂ ਜ਼ਰਾ ਕੁ ਮੁਸਕਰਾ ਪਿਆ।

"ਮਾਸ਼ਾ, ਜਾਣਦੀ ਏ ਇਹ ਕੌਣ ਏ?"

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਲੜਕੀ ਨੂੰ ਕੰਨ ਵਿਚ ਦਸਿਆ ਕਿ ਸੇਰਗਈ ਕੌਣ ਸੀ। ਉਹਨਾਂ ਦੋਹਾਂ ਨੇ ਮਿਲਕੇ ਪਲੰਘ ਤੇ ਬੱਚੇ ਦਾ ਪੰਘੂੜਾ ਬਾਹਰ ਕਢਿਆ ਤੇ ਕੋਠੜੀ ਨੂੰ ਸੇਰਗਈ ਲਈ ਖਾਲੀ ਕਰ ਦਿਤਾ।

ਪਰਾਸਕੋਵੀਆ ਮਿਖਾਇਲੋਵਨਾ ਸੇਰਗਈ ਨੂੰ ਕੋਠੜੀ ਵਿਚ ਲੈ ਗਈ।

"ਇੱਥੇ ਆਰਾਮ ਫਰਮਾਉ। ਮੈਂ ਮੁਆਫ਼ੀ ਚਾਹੁੰਦੀ ਹਾਂ, ਪਰ ਮੈਨੂੰ ਹੁਣੇ ਜਾਣਾ ਪਵੇਗਾ।"

"ਕਿਥੇ?"

"ਸਬਕ ਦੇਣ। ਕਹਿੰਦਿਆਂ ਸ਼ਰਮ ਆਉਂਦੀ ਹੈ-ਮੈਂ ਸੰਗੀਤ ਸਿਖਾਉਂਦੀ ਹਾਂ।"

"ਸੰਗੀਤ ਸਿਖਾਉਣਾ ਤਾਂ ਚੰਗੀ ਗੱਲ ਏ। ਪਰ ਇੱਕ ਗੱਲ ਧਿਆਨ 'ਚ ਰਖਣਾ, ਮੈਂ ਤਾਂ ਤੁਹਾਡੇ ਪਾਸ ਕਿਸੇ ਕੰਮ ਆਇਆ ਹਾਂ। ਕਦੋਂ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ?"

"ਇਹ ਮੇਰੀ ਬੜੀ ਖੁਸ਼ਕਿਸਮਤੀ ਹੋਵੇਗੀ। ਸ਼ਾਮ ਨੂੰ ਠੀਕ ਰਹੇਗਾ?"

"ਹਾਂ, ਪਰ ਇਕ ਹੋਰ ਪ੍ਰਾਰਥਨਾ ਹੈ। ਕਿਸੇ ਨੂੰ ਇਹ ਨਾ ਦਸਣਾ ਕਿ ਮੈਂ ਕੌਣ ਹਾਂ। ਸਿਰਫ ਤੁਹਾਡੇ ਸਾਮ੍ਹਣੇ ਹੀ ਮੈਂ ਆਪਣਾ ਭੇਦ ਖੋਲ੍ਹਿਆ ਹੈ। ਕੋਈ ਵੀ ਨਹੀਂ ਜਾਣਦਾ ਕਿ ਮੈਂ ਕਿਥੇ ਚਲਾ ਗਿਆ ਹਾਂ। ਇਸ ਤਰ੍ਹਾਂ ਕਰਨਾ ਜ਼ਰੂਰੀ ਹੈ।"

"ਓਫ, ਪਰ ਮੈਂ ਤਾਂ ਲੜਕੀ ਨੂੰ ਦਸ ਦਿਤਾ ਹੈ।"

"ਤਾਂ ਉਸਨੂੰ ਕਹਿ ਦੇਵੋ ਕਿ ਉਹ ਕਿਸੇ ਨਾਲ ਇਸਦੀ ਗੱਲ ਨਾ ਕਰੇ।"

ਸੇਰਗਈ ਨੇ ਜੁੱਤੀ ਉਤਾਰੀ, ਲੇਟਿਆ ਤੇ ਉਸੇ ਘੜੀ ਡੂੰਘੀ ਨੀਂਦ ਸੌਂ ਗਿਆ। ਉਸਨੇ ਜਾਗਦਿਆਂ ਰਾਤ ਬਿਤਾਈ ਸੀ ਤੇ ਚਾਲ੍ਹੀ ਵਰਸਟ ਦੀ ਮੰਜ਼ਿਲ ਤੈਅ ਕੀਤੀ ਸੀ।

ਪਰਾਸਕੋਵੀਆ ਮਿਖਾਇਲੋਵਨਾ ਜਦੋਂ ਘਰ ਵਾਪਸ ਆਈ, ਸੇਰਗਈ ਆਪਣੀ ਕੋਠੜੀ ਵਿਚ ਬੈਠਾ ਉਸਦੀ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਦੇ ਖਾਣੇ ਵੇਲੇ ਵੀ ਇਹ ਬਾਹਰ ਨਹੀਂ ਸੀ ਆਇਆ ਤੇ ਕੋਠੜੀ ਵਿਚ ਹੀ ਸ਼ੋਰਬਾ ਅਤੇ ਦਲੀਆ ਖਾ ਲਿਆ ਸੀ, ਜੋ ਲੂਕੇਰਿਆ ਉਸਨੂੰ ਦੇ ਗਈ ਸੀ।

"ਤੂੰ ਜਿਸ ਸਮੇਂ ਆਉਣ ਨੂੰ ਕਿਹਾ ਸੀ, ਉਸ ਤੋਂ ਪਹਿਲਾਂ ਹੀ ਕਿਉਂ ਆ ਗਈ?" ਸੇਰਗਈ ਨੇ ਪੁਛਿਆ। "ਹੁਣ ਅਸੀਂ ਗੱਲਾਂ ਕਰ ਸਕਦੇ ਹਾਂ?"

"ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਇਹ ਖੁਸ਼ਕਿਸਮਤੀ ਪ੍ਰਾਪਤ ਹੋਈ ਹੈ, ਮੇਰੇ ਘਰ ਐਸਾ ਪ੍ਰਾਹੁਣਾ ਆਇਆ ਹੈ। ਮੈਂ ਇਕ ਸਬਕ ਛੱਡ ਦਿਤਾ। ਕਿਸੇ ਦੂਸਰੇ ਦਿਨ ਪੂਰਾ ਕਰ ਲਵਾਂਗੀ...ਮੈਂ ਤਾਂ ਤੁਹਾਡੇ ਕੋਲ ਜਾਣ ਦਾ ਸੁਪਨਾ ਹੀ ਦੇਖਦੀ ਰਹੀ, ਤੁਹਾਨੂੰ ਖਤ ਵੀ ਲਿਖਿਆ ਤੇ ਅਚਾਨਕ ਐਸੇ ਭਾਗ ਜਾਗੇ।"

"ਪਾਸ਼ੇਨਕਾ ਜੋ ਸ਼ਬਦ ਮੈਂ ਹੁਣ ਤੈਨੂੰ ਕਹਾਂਗਾ, ਕ੍ਰਿਪਾ ਕਰਕੇ ਉਹਨਾਂ ਨੂੰ ਪਵਿੱਤਰ ਇਕਬਾਲ, ਉਹਨਾਂ ਨੂੰ ਐਸੇ ਸ਼ਬਦ ਮੰਨਣਾ ਜੋ ਮੈਂ ਮਰਨ ਵੇਲੇ ਪ੍ਰਮਾਤਮਾਂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਹੇ ਹਨ। ਪਾਸ਼ੇਨਕਾ! ਮੈਂ ਪਵਿੱਤਰ ਆਤਮਾ ਨਹੀਂ ਹਾਂ, ਮੈਂ ਤਾਂ ਸਾਧਾਰਣ, ਬਿਲਕੁਲ ਸਾਧਾਰਣ ਵਿਅਕਤੀ ਵੀ ਨਹੀਂ ਹਾਂ। ਮੈਂ ਤਾਂ ਪਾਪੀ ਹਾਂ, ਨਰਕ ਦਾ ਕੀੜਾ, ਬਹੁਤ ਹੀ ਨੀਚ, ਕੁਰਾਹੀਆ, ਘੁਮੰਡੀ ਪਾਪੀ ਹਾਂ; ਪਤਾ ਨਹੀ ਸਾਰਿਆਂ ਤੋਂ ਹੀ ਗਿਆ ਗੁਜ਼ਰਿਆ ਹਾਂ ਜਾਂ ਨਹੀਂ, ਪਰ ਬੇਹੱਦ ਬੁਰਿਆਂ ਤੋਂ ਵੀ ਬੁਰਾ ਹਾਂ।"

ਪਾਸ਼ੇਨਕਾ ਪਹਿਲਾਂ ਤਾਂ ਅੱਖਾਂ ਫਾੜ-ਫਾੜ ਕੇ ਉਸ ਵੱਲ ਦੇਖਦੀ ਰਹੀ—ਉਹ ਕੁਝ ਕੁਝ ਵਿਸ਼ਵਾਸ ਕਰ ਰਹੀ ਸੀ। ਪਰ ਪਿਛੋਂ ਜਦੋਂ ਉਸਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ, ਤਾਂ ਉਸਨੇ ਆਪਣਾ ਹੱਥ ਉਸਦੇ ਹੱਥ ਨਾਲ ਛੂਹਿਆ ਤੇ ਦਿਆਪੂਰਵਕ ਢੰਗ ਨਾਲ ਮੁਸਕਰਾਉਂਦਿਆਂ ਹੋਇਆ ਕਿਹਾ—

"ਸਤੇਪਾਨ, ਸ਼ਾਇਦ ਤੁਸੀਂ ਵਧਾ-ਚੜ੍ਹਾ ਕੇ ਕਹਿ ਰਹੇ ਹੋ?"

"ਨਹੀਂ ਪਾਸ਼ੇਨਕਾ। ਮੈਂ ਵਿਭਚਾਰੀ ਹਾਂ, ਹਤਿਆਰਾ, ਪਖੰਡੀ ਤੇ ਧੋਖੇਬਾਜ਼ ਹਾਂ।"

"ਹੇ ਪ੍ਰਮਾਤਮਾ! ਇਹ ਮੈਂ ਕੀ ਸੁਣ ਰਹੀ ਹਾਂ?" ਪਰਾਸਕੋਵੀਆ ਮਿਖਾਇਲੋਵਨਾ ਕਹਿ ਉਠੀ।

"ਪਰ ਜਿਊਣਾ ਤਾਂ ਹੋਵੇਗਾ ਹੀ। ਤੇ ਮੈਂ ਜਿਹੜਾ ਸਮਝਦਾ ਸਾਂ ਕਿ ਸਭ ਕੁਝ ਜਾਣਦਾ ਹਾਂ, ਜੋ ਦੂਸਰਿਆਂ ਨੂੰ ਜਿਊਣ ਦਾ ਢੰਗ ਸਿਖਾਉਂਦਾ ਹਾਂ, ਉਹ ਹੀ ਮੈਂ, ਕੁਝ ਵੀ ਤਾਂ ਨਹੀਂ ਜਾਣਦਾ ਤੇ ਤੈਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਮੈਨੂੰ ਇਸਦੀ ਸਿਖਿਆ ਦੇਹ।"

"ਇਹ ਕੀ ਕਹਿ ਰਿਹਾ ਹੈ, ਸਤੇਪਾਨ। ਮਜ਼ਾਕ ਕਰ ਰਿਹੈਂ। ਕਿਉਂ ਤੁਸੀਂ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਹੋ?"

"ਚਲੋ ਐਸਾ ਹੀ ਸਹੀ ਕਿ ਮੈਂ ਮਜ਼ਾਕ ਕਰ ਰਿਹਾ ਹਾਂ। ਫਿਰ ਵੀ ਤੂੰ ਦੱਸ ਕਿ ਕੈਸੀ ਗੁਜ਼ਰ ਰਹੀ ਹੈ ਤੇ ਕੈਸੀ ਗੁਜ਼ਰੀ ਹੈ ਤੇਰੀ ਜ਼ਿੰਦਗੀ?"

"ਮੇਰੀ ਜ਼ਿੰਦਗੀ? ਬਹੁਤ ਹੀ ਭਿਆਨਕ, ਬਹੁਤ ਹੀ ਬੁਰੀ ਰਹੀ ਹੈ ਮੇਰੀ ਜ਼ਿੰਦਗੀ ਤੇ ਪ੍ਰਮਾਤਮਾ ਹੁਣ ਠੀਕ ਹੀ ਮੈਨੂੰ ਇਸਦੀ ਸਜ਼ਾ ਦੇ ਰਿਹਾ ਹੈ। ਏਨੀ ਬੁਰੀ, ਏਨੀ ਜ਼ਿਆਦਾ ਬੁਰੀ ਹੈ ਮੇਰੀ ਜ਼ਿੰਦਗੀ..."

"ਤੇਰਾ ਵਿਆਹ ਕਿਵੇਂ ਹੋਇਆ? ਪਤੀ ਨਾਲ ਤੇਰਾ ਜੀਵਨ ਕਿਸ ਤਰ੍ਹਾਂ ਦਾ ਬੀਤਿਆ?"

"ਸਭ ਕੁਝ ਬਹੁਤ ਬੁਰਾ ਰਿਹਾ। ਬਹੁਤ ਹੀ ਬੁਰੇ ਢੰਗ ਨਾਲ ਪਿਆਰ ਕੀਤਾ ਤੇ ਵਿਆਹ ਕਰ ਲਿਆ। ਪਿਤਾ ਮੇਰੇ ਵਿਆਹ ਦੇ ਖਿਲਾਫ ਸਨ। ਪਰ ਮੈਂ ਕਿਸੇ ਵੀ ਚੀਜ਼ ਦੀ ਪ੍ਰਵਾਹ ਨਾ ਕੀਤੀ, ਵਿਆਹ ਰਚਾ ਲਿਆ। ਵਿਆਹ ਤੋਂ ਪਿਛੋਂ ਪਤੀ ਦੀ ਮਦਦ ਕਰਨ ਦੀ ਥਾਂ ਮੈਂ ਆਪਣੀ ਈਰਖਾ ਦੀ ਭਾਵਨਾ ਨਾਲ, ਜਿਸ ਉਤੇ ਕਾਬੂ ਨਹੀਂ ਸਾਂ ਪਾ ਸਕੀ, ਉਸਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੀ।"

"ਮੈਂ ਸੁਣਿਆ ਸੀ ਕਿ ਉਸਨੂੰ ਪੀਣ ਦੀ ਆਦਤ ਸੀ।"

"ਹਾਂ, ਪਰ ਮੈਂ ਉਸਨੂੰ ਸ਼ਾਂਤ ਨਹੀਂ ਕਰ ਸਕਦੀ ਸੀ। ਉਸਨੂੰ ਭਲਾ-ਬੁਰਾ ਕਹਿੰਦੀ ਸਾਂ, ਪੀਣ ਦੀ ਆਦਤ ਤਾਂ ਬਿਮਾਰੀ ਹੀ ਹੈ। ਉਹ ਆਪਣੇ ਆਪ 'ਤੇ ਕਾਬੂ ਨਹੀਂ ਪਾ ਸਕਦਾ ਸੀ ਤੇ ਮੈਨੂੰ ਅੱਜ ਵੀ ਯਾਦ ਹੈ ਕਿਸ ਤਰ੍ਹਾਂ ਮੈਂ ਉਸਨੂੰ ਪੀਣ ਲਈ ਨਹੀਂ ਦਿੰਦੀ ਸਾਂ। ਬੜੇ ਭਿਆਨਕ ਨਾਟਕ ਹੋਇਆ ਕਰਦੇ ਸੀ ਸਾਡੇ ਇਥੇ।"

ਤੇ ਉਸਨੇ ਆਪਣੀਆਂ ਸੋਹਣੀਆਂ ਤੇ ਬਹੁਤ ਪੁਰਾਣੀਆਂ ਯਾਦਾਂ ਕਾਰਨ ਦੁਖੀ ਅੱਖਾਂ ਨਾਲ ਕਸਾਤਸਕੀ ਵੱਲ ਵੇਖਿਆ।

ਕਸਾਤਸਕੀ ਨੂੰ ਯਾਦ ਆਇਆ ਕਿਸ ਤਰ੍ਹਾਂ ਉਸਨੇ ਲੋਕਾਂ ਤੋਂ ਸੁਣਿਆ ਸੀ ਕਿ ਪਾਸ਼ੇਨਕਾ ਦਾ ਪਤੀ ਉਸਨੂੰ ਮਾਰਦਾ-ਕੁੱਟਦਾ ਹੈ। ਤੇ ਹੁਣ ਉਸਦੀ ਦੁਬਲੀ-ਪਤਲੀ, ਕੰਨਾਂ ਪਿਛੇ ਨਾੜੀਆਂ ਵਾਲੀ ਦੁਬਲੀ ਪਤਲੀ ਗਰਦਨ ਉਤੇ ਸੁਨਿਹਰੀ ਤੇ ਚਿੱਟੇ ਵਿਰਲੇ ਵਾਲਾਂ ਦੀ ਛੋਟੀ ਜਿਹੀ ਗੁੱਤ ਨੂੰ ਵੇਖਦੇ ਹੋਏ ਜਿਵੇਂ ਉਹ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਸਾਹਮਣੇ ਵੇਖ ਰਿਹਾ ਹੋਵੇ।

"ਇਸਦੇ ਪਿਛੋਂ ਮੈਂ ਦੋ ਬੱਚਿਆਂ ਨਾਲ ਇਕੱਲੀ ਰਹਿ ਗਈ, ਹੱਥ-ਪੱਲੇ ਵੀ ਕੁਝ ਨਹੀਂ ਸੀ।"

"ਪਰ ਜਗੀਰ ਤਾਂ ਸੀ?"

ਉਹ ਮੇਰੇ ਪਤੀ ਵਾਸਿਯਾ ਦੇ ਹੁੰਦਿਆਂ ਹੀ ਅਸੀਂ ਵੇਚ ਦਿੱਤੀ ਸੀ ਤੇ...ਸਾਰੀ ਰਕਮ ਉੱਡ ਗਈ ਸੀ। ਕਿਸੇ ਤਰ੍ਹਾਂ ਜਿਊਣਾ ਤਾਂ ਜ਼ਰੂਰੀ ਸੀ, ਪਰ ਸਾਰੀਆਂ ਅਮੀਰਜ਼ਾਦੀਆਂ ਦੀ ਤਰ੍ਹਾਂ ਮੈਂ ਵੀ ਕੁਝ ਨਹੀਂ ਸਾਂ ਕਰ ਸਕਦੀ। ਮੇਰੀ ਹਾਲਤ ਤਾਂ ਕੁਝ ਜ਼ਿਆਦਾ ਹੀ ਖਰਾਬ ਸੀ, ਬਿਲਕੁਲ ਬੇਸਹਾਰਾ ਸਾਂ ਮੈਂ। ਸੋ ਇਸ ਤਰ੍ਹਾਂ ਜੋ ਕੁਝ ਬਚਿਆ-ਬਚਾਇਆ ਸੀ, ਉਸ ਨਾਲ ਗੁਜ਼ਾਰਾ ਕੀਤਾ-ਬੱਚੇ ਨੂੰ ਪੜ੍ਹਾਇਆ, ਖੁਦ ਵੀ ਕੁਝ ਪੜ੍ਹੀ। ਬੇਟਾ ਮੀਤਿਆ ਜਦੋਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਬਿਮਾਰ ਹੋ ਗਿਆ ਤੇ ਪ੍ਰਮਾਤਮਾ ਨੇ ਉਸਨੂੰ ਆਪਣੇ ਪਾਸ ਬੁਲਾ ਲਿਆ। ਬੇਟੀ ਮਾਸ਼ਾ ਨੂੰ ਵਾਨਿਯਾ—ਜਵਾਈ—ਨਾਲ ਪਿਆਰ ਹੋ ਗਿਆ। ਇਹ ਭਲਾ ਆਦਮੀ ਹੈ, ਪਰ ਬਦਕਿਸਮਤ ਹੈ, ਬਿਮਾਰ ਰਹਿੰਦਾ ਹੈ।"

"ਮਾਂ," ਲੜਕੀ ਨੇ ਉਸਨੂੰ ਟੋਕਦਿਆਂ ਹੋਇਆਂ ਕਿਹਾ, "ਮੀਸ਼ਾ ਨੂੰ ਲੈ ਲਉ, ਮੈਂ ਆਪਣੇ ਟੁਕੜੇ ਟੁਕੜੇ ਤਾਂ ਨਹੀਂ ਕਰ ਸਕਦੀ!"

ਪਰਾਸਕੋਵੀਆ ਮਿਖਾਇਲੋਵਨਾ ਚੌਕੀ, ਉੱਠੀ, ਘਸੀਆਂ ਹੋਈਆਂ ਅੱਡੀਆਂ ਵਾਲੀ ਜੁੱਤੀ ਨਾਲ ਜਲਦੀ ਜਲਦੀ ਕਦਮ ਪੁੱਟਦੀ ਹੋਈ ਬਾਹਰ ਗਈ ਤੇ ਦੋ ਸਾਲ ਦੇ ਲੜਕੇ ਨੂੰ ਚੁਕੀ ਮੁੜਦੇ ਪੈਰੀਂ ਵਾਪਸ ਆ ਗਿਆ। ਲੜਕਾ ਪਿਛਲੇ ਪਾਸੇ ਝੁਕ ਗਿਆ ਤੇ ਉਸਨੇ ਆਪਣੇ ਛੋਟਿਆਂ-ਛੋਟਿਆਂ ਹੱਥਾਂ ਨਾਲ ਉਸਦੇ ਸਿਰ ਉਤੇ ਬੰਨ੍ਹੇ ਰੁਮਾਲ ਦਾ ਸਿਰਾ ਫੜ ਲਿਆ।

"ਸੋ, ਮੈਂ ਕੀ ਕਹਿ ਰਹੀ ਸਾਂ? ਹਾਂ, ਇਥੇ ਉਸਦੀ ਨੌਕਰੀ ਚੰਗੀ ਸੀ, ਅਫਸਰ ਵੀ ਬਹੁਤ ਭਲਾ ਸੀ, ਪਰ ਵਾਨਿਯਾ ਤੋਂ ਗੱਡੀ ਨਹੀਂ ਰਿੜ੍ਹੀ ਤੇ ਉਸਨੇ ਅਸਤੀਫਾ ਦੇ ਦਿਤਾ।"

"ਕੀ ਬਿਮਾਰੀ ਹੈ ਉਸਨੂੰ?"

"ਤੰਤੂ ਰੋਗ। ਹਾਂ, ਬੜੀ ਭਿਆਨਕ ਬਿਮਾਰੀ ਹੈ ਇਹ। ਅਸੀਂ ਇਸ ਬਾਰੇ ਸਲਾਹ ਲਈ; ਇਲਾਜ ਲਈ ਕਿਤੇ ਜਾਣ ਦੀ ਜ਼ਰੂਰਤ ਸੀ, ਪਰ ਸਾਡਾ ਹੱਥ ਤੰਗ ਸੀ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਹੀ ਠੀਕ ਹੋ ਜਾਏਗਾ। ਦਰਦ ਤਾਂ ਉਸਨੂੰ ਖਾਸ ਨਹੀਂ ਹੁੰਦਾ, ਪਰ..."

"ਲੂਕੇਰਿਆ!" ਜਵਾਈ ਦੀ ਕਮਜ਼ੋਰ ਤੇ ਗੁੱਸੇਭਰੀ ਆਵਾਜ਼ ਸੁਣਾਈ ਦਿੱਤੀ। "ਜਦੋਂ ਉਸਦੀ ਜ਼ਰੂਰਤ ਹੁੰਦੀ ਹੈ, ਤਾਂ ਹਮੇਸ਼ਾ ਕਿਤੇ ਨਾ ਕਿਤੇ ਉਸਨੂੰ ਭੇਜ ਦਿੱਤਾ ਜਾਂਦਾ ਹੈ। ਮਾਂ!"

"ਹੁਣੇ ਆਉਂਦੀ ਹਾਂ," ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਗੱਲ ਫਿਰ ਵਿੱਚੇ ਛੱਡ ਦਿੱਤੀ। ਉਸਨੇ ਅਜੇ ਖਾਣਾ ਨਹੀਂ ਖਾਧਾ। ਸਾਡੇ ਨਾਲ ਨਹੀਂ ਖਾ ਸਕਦਾ।"

ਉਹ ਬਾਹਰ ਗਈ ਉਥੇ ਉਸਨੇ ਕੁਝ ਕੰਮ ਕੀਤਾ ਤੇ ਆਪਣੇ ਸੰਵਲਾਏ ਹੱਡਲ ਹੱਥਾਂ ਨੂੰ ਪੂੰਝਦੀ ਵਾਪਸ ਆਈ।

"ਸੋ ਐਸੀ ਹੈ ਮੇਰੀ ਜ਼ਿੰਦਗੀ। ਬੱਚੇ ਲਗਾਤਾਰ ਸ਼ਿਕਵਾ-ਸ਼ਿਕਾਇਤ ਕਰਦੇ ਰਹਿੰਦੇ ਹਨ, ਅਸੰਤੁਸ਼ਟ ਰਹਿੰਦੇ ਹਨ, ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਹੈ, ਸਭ ਚੰਗੇ ਹਨ, ਤੰਦਰੁਸਤ ਹਨ ਤੇ ਜ਼ਿੰਦਗੀ ਅਸਹਿ ਨਹੀਂ। ਪਰ ਮੇਰੇ ਬਾਰੇ ਗੱਲਾਂ ਦਾ ਕੀ ਫਾਇਦੈ?"

"ਪਰ ਘਰ ਦਾ ਖਰਚ ਕਿਸ ਤਰ੍ਹਾਂ ਚਲਦਾ ਹੈ?"

"ਮੈਂ ਕੁਝ ਕਮਾ ਲੈਂਦੀ ਹਾਂ। ਸੰਗੀਤ ਵਿਚ ਮੇਰਾ ਮਨ ਨਹੀਂ ਲਗਦਾ ਸੀ, ਪਰ ਹੁਣ ਉਹ ਮੇਰੇ ਕਿੰਨਾਂ ਕੰਮ ਆਇਐ।"

ਉਹ ਜਿਸ ਦਰਾਜ਼ਾਂ ਵਾਲੀ ਮਾਰੀ ਉਤੇ ਬੈਠੀ ਸੀ, ਉਸੇ ਉਤੇ ਆਪਣਾ ਛੋਟਾ ਜਿਹਾ ਹੱਥ ਟਿਕਾਈ ਆਪਣੀਆਂ ਪਤਲੀਆਂ ਪਤਲੀਆਂ ਉਂਗਲੀਆਂ ਨਾਲ ਜਿਵੇਂ ਉਸਨੇ ਕੋਈ ਧੁਨ ਵਜਾਈ।

"ਕੀ ਦੇਂਦੇ ਹਨ ਉਹ ਤੁਹਾਨੂੰ ਇਕ ਸਬਕ ਦਾ?"

"ਇਕ ਰੂਬਲ ਵੀ, ਪੰਜਾਹ ਕੋਪੇਕ ਵੀ, ਤੀਹ ਕੋਪੇਕ ਵੀ। ਬਹੁਤ ਹੀ ਮਿਹਰਬਾਨ ਹਨ ਉਹ ਮੇਰੇ 'ਤੇ।"

"ਉਹ ਕੁਝ ਸਿੱਖ ਵੀ ਜਾਂਦੇ ਹਨ?" ਅੱਖਾਂ ਹੀ ਅੱਖਾਂ ਵਿਚ ਕੁਝ ਮੁਸਕਰਾਉਂਦੇ ਹੋਏ ਕਸਾਤਸਕੀ ਨੇ ਪੁੱਛਿਆ।

ਪਰਾਸਕੋਵੀਆ ਮਿਖਾਇਲੋਵਨਾ ਨੂੰ ਸ਼ੁਰੂ ਤੋਂ ਹੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਗੰਭੀਰਤਾ ਨਾਲ ਪੁੱਛ ਰਿਹਾ ਹੈ। ਤੇ ਉਸਨੇ ਸੁਆਲੀਆ ਨਜ਼ਰਾਂ ਨਾਲ ਉਸ ਵਲ ਵੇਖਿਆ।

"ਹਾਂ, ਸਿੱਖ ਹੀ ਜਾਂਦੇ ਹਨ। ਇਕ ਬਹੁਤ ਹੀ ਚੰਗੀ ਲੜਕੀ ਹੈ, ਕਸਾਈ ਦੀ। ਬਹੁਤ ਹੀ ਚੰਗੀ, ਬਹੁਤ ਹੀ ਭਲੀ। ਮਗਰ ਮੈਂ ਢੰਗ ਦੀ ਔਰਤ ਹੁੰਦੀ, ਤਾਂ ਆਪਣੇ ਪਿਤਾ ਦੇ ਸੰਬੰਧਾਂ ਦੀ ਬਦੌਲਤ ਜਵਾਈ ਨੂੰ ਕੋਈ ਚੰਗੀ ਨੌਕਰੀ ਦਵਾ ਦਿੰਦੀ। ਪਰ ਮੈਂ ਤਾਂ ਕਾਸੇ ਜੋਗੀ ਨਹੀਂ ਸਾਂ ਤੇ ਇਸੇ ਲਈ ਸਾਰਿਆਂ ਨੂੰ ਇਸ ਹਾਲਤ ਤੱਕ ਪਹੁੰਚਾ ਦਿੱਤੈ।"

"ਹਾਂ, ਹਾਂ," ਕਸਾਤਸਕੀ ਨੇ ਸਿਰ ਝੁਕਾਉਂਦਿਆਂ ਹੋਇਆਂ ਕਿਹਾ। "ਪਾਸ਼ੇਨਕਾ, ਇਹ ਦੱਸੋ ਤੁਸੀਂ ਗਿਰਜੇ ਦੇ ਜੀਵਨ ਵਿਚ ਤਾਂ ਹਿੱਸਾ ਲੈਂਦੇ ਹੋ ਨਾ?"

"ਓਹ, ਇਸ ਬਾਰੇ ਕੁਝ ਨਾ ਪੁੱਛੋ। ਬਹੁਤ ਬੁਰਾ ਹਾਲ ਹੈ, ਬਿਲਕੁਲ ਹੀ ਭੁਲਾ ਦਿੱਤਾ ਹੈ ਉਸਨੂੰ ਮੈਂ। ਬੱਚਿਆਂ ਨਾਲ ਕਦੀ ਕਦੀ ਵਰਤ ਰਖਦੀ ਹਾਂ ਤੇ ਗਿਰਜੇ ਚਲੀ ਜਾਂਦੀ ਹਾਂ, ਵਰਨਾ ਮਹੀਨਿਆਂ ਬੱਧੀ ਉਧਰ ਮੂੰਹ ਨਹੀਂ ਕਰਦੀ। ਬੱਚਿਆਂ ਨੂੰ ਭੇਜ ਦਿੰਦੀ ਹਾਂ।"

"ਖੁਦ ਕਿਉਂ ਨਹੀਂ ਜਾਂਦੀ?"

"ਸੱਚੀ ਗੱਲ ਤਾਂ ਇਹ ਹੈ..." ਉਸਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ। "ਫਟੇ ਪੁਰਾਣੇ ਕਪੜਿਆਂ ਵਿਚ ਲੜਕੀ ਤੇ ਦੋਹਤੇ-ਦੋਹਤੀਆਂ ਸਾਮ੍ਹਣੇ ਗਿਰਜੇ ਵਿਚ ਮੈਨੂੰ ਸ਼ਰਮ ਆਉਂਦੀ ਹੈ ਤੇ ਨਵੇਂ ਕਪੜਿਆਂ ਵਿਚ ਨਹੀਂ। ਵੈਸੇ ਆਲਸ ਵੀ ਰਹਿੰਦੈ।"

"ਘਰ ਪ੍ਰਾਰਥਨਾ ਕਰਦੀ ਹੈਂ?"

"ਕਰਦੀ ਹਾਂ, ਪਰ ਐਵੇਂ ਹੀ ਮਸ਼ੀਨੀ ਜਿਹੇ ਢੰਗ ਨਾਲ। ਜਾਣਦੀ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਸੱਚੀ ਭਾਵਨਾ ਨਹੀਂ ਹੈ। ਬੱਸ, ਆਪਣੀਆਂ ਮੂਰਖਤਾਈਆਂ ਦੀ ਚੇਤਨਾ ਹੀ ਬਣੀ ਰਹਿੰਦੀ ਹੈ..."

"ਹਾਂ, ਹਾਂ, ਐਸਾ ਤਾਂ ਹੈ, ਐਸਾ ਤਾਂ ਹੈ," ਕਸਾਤਸਕੀ ਨੇ ਜਿਵੇਂ ਉਸਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ।

"ਆਉਂਦੀ ਹਾਂ, ਹੁਣੇ ਆਉਂਦੀ ਹਾਂ," ਉਸਨੇ ਜਵਾਈ ਦੀ ਗੱਲ ਸੁਣਕੇ ਜਵਾਬ ਦਿਤਾ ਤੇ ਸਿਰ ਉਤੇ ਆਪਣਾ ਰੁਮਾਲ ਠੀਕ ਕਰਕੇ ਬਾਹਰ ਚਲੀ ਗਈ।

ਇਸ ਵਾਰੀ ਉਹ ਦੇਰ ਤੱਕ ਨਹੀਂ ਵਾਪਸ ਆਈ। ਜਦੋਂ ਉਹ ਵਾਪਸ ਆਈ ਤਾਂ ਕਸਾਤਸਕੀ ਉਸੇ ਸਥਿਤੀ ਵਿਚ ਗੋਡਿਆਂ ਉਤੇ ਅਰਕਾਂ ਰੱਖੀ ਤੇ ਸਿਰ ਝੁਕਾਕੇ ਬੈਠਾ ਹੋਇਆ ਸੀ, ਪਰ ਥੈਲਾ ਪਿੱਠ ਉਤੇ ਸੀ।

ਜਦੋਂ ਉਹ ਟੀਨ ਦਾ ਲੈਂਪ ਲੈ ਕੇ ਅੰਦਰ ਆਈ ਤਾਂ ਕਸਾਤਸਕੀ ਨੇ ਆਪਣੀਆਂ ਸੋਹਣੀਆਂ ਤੇ ਥੱਕੀਆਂ ਹੋਈਆਂ ਅੱਖਾਂ ਉੱਚੀਆਂ ਕਰਕੇ ਉਸ ਵੱਲ ਵੇਖਿਆ ਤੇ ਬਹੁਤ ਹੀ ਡੂੰਘਾ ਸਾਹ ਲਿਆ।

"ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਤੁਸੀਂ ਕੌਣ ਹੋ," ਉਸਨੇ ਝਕਦੇ ਝਕਦੇ ਕਹਿਣਾ ਸ਼ੁਰੂ ਕੀਤਾ। "ਸਿਰਫ ਏਨਾ ਹੀ ਦੱਸਿਆ ਹੈ ਕਿ ਕੁਲੀਨ ਤੀਰਥਯਾਤਰੀ ਹੈ। ਤੇ ਮੈਂ ਤੁਹਾਨੂੰ ਜਾਣਦੀ ਹਾਂ। ਚਲੋ ਚੱਲਕੇ ਚਾਹ ਪੀਉ।"

"ਨਹੀਂ..."

"ਤਾਂ ਮੈਂ ਇਥੇ ਲੈ ਆਉਂਦੀ ਹਾਂ।"

"ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਪ੍ਰਮਾਤਮਾ ਤੇਰਾ ਭਲਾ ਕਰੇ, ਪਾਸ਼ੇਨਕਾ। ਮੈਂ ਚਲਦਾ ਹਾਂ। ਜੇ ਤੈਨੂੰ ਮੇਰੇ 'ਤੇ ਦਯਾ ਆਉਂਦੀ ਹੈ, ਤਾਂ ਕਿਸੇ ਨੂੰ ਵੀ ਨਹੀਂ ਦੱਸਣਾ ਕਿ ਤੇਰੇ ਨਾਲ ਮੇਰੀ ਮੁਲਾਕਾਤ ਹੋਈ ਸੀ। ਤੈਨੂੰ ਪ੍ਰਮਾਤਮਾ ਦੀ ਕਸਮ, ਕਿਸੇ ਨਾਲ ਵੀ ਇਸ ਦਾ ਜ਼ਿਕਰ ਨਹੀਂ ਕਰਨਾ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇਰਾ। ਮੈਂ ਤਾਂ ਤੇਰੇ ਪੈਰ ਫੜ ਲੈਂਦਾ, ਪਰ ਜਾਣਦਾ ਹਾਂ ਕਿ ਇਸ ਨਾਲ ਤੈਨੂੰ ਪ੍ਰੇਸ਼ਾਨੀ ਹੋਵੇਗੀ ਧੰਨਵਾਦ, ਈਸਾ-ਮਸੀਹ ਦੇ ਨਾਂਅ 'ਤੇ, ਮੁਆਫ਼ ਕਰ ਦੇਵੀਂ।"

"ਅਸ਼ੀਰਵਾਦ ਦਿਉ।"

"ਪ੍ਰਮਾਤਮਾ ਅਸ਼ੀਰਵਾਦ ਦੇਵੇਗਾ। ਈਸਾ-ਮਸੀਹ ਦੇ ਨਾਂਅ 'ਤੇ ਮੁਆਫ਼ ਕਰ ਦੇਵੀਂ।"

ਕਸਾਤਸਕੀ ਨੇ ਜਾਣਾ ਚਾਹਿਆ, ਪਰ ਪਰਾਸਕੋਵੀਆ ਮਿਖਾਇਲੋਵਨਾ ਨੇ ਉਸਨੂੰ ਰੋਕਿਆ, ਰੋਟੀ, ਰੱਸ ਤੇ ਮੱਖਣ ਲਿਆਕੇ ਦਿਤਾ। ਉਸਨੇ ਇਹ ਸਭ ਕੁਝ ਲੈ ਲਿਆ, ਤੇ ਚਲਾ ਗਿਆ।

ਅਨ੍ਹੇਰਾ ਹੋ ਚੁਕਿਆ ਸੀ, ਦੋ ਮਕਾਨ ਲੰਘਦਿਆਂ ਹੀ ਕਸਾਤਸਕੀ ਉਸਦੀਆਂ ਅੱਖਾਂ ਤੋਂ ਓਹਲੇ ਹੋ ਗਿਆ ਤੇ ਸਿਰਫ ਬਿਸ਼ਪ ਦੇ ਕੁੱਤੇ ਤੇ ਭੌਂਕਣ ਤੋਂ ਹੀ ਪਤਾ ਲਗਾ ਕਿ ਉਹ ਤੁਰੀ ਜਾ ਰਿਹਾ ਹੈ।

"ਸੋ ਇਹ ਸੀ ਮੇਰੇ ਸੁਪਨੇ ਦਾ ਮਤਲਬ। ਪਾਸ਼ੇਨਕਾ ਉਹ ਹੈ, ਜੋ ਮੈਨੂੰ ਹੋਣਾ ਚਾਹੀਦਾ ਸੀ ਤੇ ਜੋ ਮੈਂ ਨਹੀਂ ਹੋ ਸਕਿਆ। ਮੈਂ ਇਹ ਮੰਨਦਿਆਂ ਵੀ ਕਿ ਪ੍ਰਮਾਤਮਾ ਲਈ ਜਿਉ ਰਿਹਾ ਹਾਂ, ਲੋਕਾਂ ਲਈ ਜੀਵਿਆ ਤੇ ਉਹ ਇਹ ਕਲਪਨਾ ਕਰਦੀ ਹੋਈ ਕਿ ਲੋਕਾਂ ਲਈ ਜਿਉਂਦੀ ਹੈ, ਪ੍ਰਮਾਤਮਾ ਲਈ ਜਿਉ ਰਹੀ ਹੈ।

"ਹਾਂ, ਨੇਕੀ ਦਾ ਇਕ ਵੀ ਕੰਮ, ਪੁਰਸਕਾਰ ਪਾਉਣ ਦੀ ਭਾਵਨਾ ਦੇ ਬਿਨਾਂ ਕਿਸੇ ਨੂੰ ਦਿਤਾ ਗਿਆ ਪਾਣੀ ਦਾ ਇਕ ਗਲਾਸ ਵੀ ਮੇਰੇ ਦੁਆਰਾ ਲੋਕਾਂ ਲਈ ਕੀਤੇ ਗਏ ਸਾਰਿਆਂ ਨੇਕ ਕੰਮਾਂ ਨਾਲੋਂ ਮਹੱਤਵਪੂਰਨ ਹੈ। ਪਰ ਪ੍ਰਮਾਤਮਾ ਦੀ ਸੇਵਾ ਕਰਨ ਦੀ ਕੁਝ ਸੱਚੀ ਭਾਵਨਾ ਤਾਂ ਹੈ ਹੀ ਸੀ? ਉਸਨੇ ਆਪਣੇ ਆਪ ਨੂੰ ਪੁੱਛਿਆ। ਤੇ ਉਸਨੂੰ ਇਹ ਜਵਾਬ ਮਿਲਿਆ–ਹਾਂ, ਪਰ ਇਸ ਨੂੰ ਲੋਕਾਂ ਵਿਚ ਪ੍ਰਸਿੱਧੀ ਪਾਉਣ ਦੀ ਭਾਵਨਾ ਨੇ ਮਿਟਾ ਦਿਤਾ ਸੀ, ਇਸ 'ਤੇ ਆਪਣੀ ਕਾਲੀ ਛਾਇਆ ਪਾ ਦਿਤੀ ਸੀ। ਹਾਂ, ਉਹਨਾਂ ਲਈ ਪ੍ਰਮਾਤਮਾ ਨਹੀਂ ਹੈ, ਜਿਹੜੇ ਮੇਰੀ ਤਰ੍ਹਾਂ ਲੋਕਾਂ ਵਿਚ ਪ੍ਰਸਿੱਧੀ ਪਾਉਣ ਲਈ ਜਿਉਂਦੇ ਹਨ। "ਲੱਭਾਂਗਾ, ਮੈਂ ਪ੍ਰਮਾਤਮਾ ਨੂੰ ਲੱਭਾਂਗਾ।"

ਤੇ ਉਹ ਉਸੇ ਤਰ੍ਹਾਂ ਜਿਵੇਂ ਪਾਸ਼ੇਨਕਾ ਕੋਲ ਪਹੁੰਚਿਆ ਸੀ, ਪਿੰਡ ਪਿੰਡ ਭਟਕਣ ਲੱਗਾ, ਕਦੀ ਤਾਂ ਨਰ-ਨਾਰੀ ਤੀਰਥ-ਯਾਤਰੀਆਂ ਨਾਲ ਹੋ ਜਾਂਦਾ, ਤੇ ਕਦੀ ਉਹਨਾਂ ਤੋਂ ਵੱਖ ਹੋ ਜਾਂਦਾ, ਈਸਾ-ਮਸੀਹ ਦੇ ਨਾਂ ਉਤੇ ਰੋਟੀ ਮੰਗਦਾ ਤੇ ਕਿਤੇ ਰਾਤ ਬਿਤਾਉਂਦਾ। ਕਦੀ ਕਦੀ ਕੋਈ ਗੁਸੈਲ ਸਵਾਣੀ ਉਸਨੂੰ ਡਾਂਟ ਦਿੰਦੀ, ਨਸ਼ੇ ਵਿਚ ਧੁੱਤ ਕੋਈ ਕਿਸਾਨ ਬੁਰਾ ਭਲਾ ਕਹਿ ਦਿੰਦਾ, ਪਰ ਅਕਸਰ ਲੋਕ ਉਸਨੂੰ ਕੁਝ ਖਵਾਉਂਦੇ ਪਿਆਉਂਦੇ ਤੇ ਰਸਤੇ ਲਈ ਕੁਝ ਦੇ ਦਿੰਦੇ। ਕੁਲੀਨਾਂ ਵਰਗੀ ਉਸਦੀ ਸ਼ਕਲ-ਸੂਰਤ ਦੇ ਕਾਰਨ ਕੁਝ ਲੋਕਾਂ ਨੂੰ ਉਸ ਨਾਲ ਹਮਦਰਦੀ ਹੁੰਦੀ ਤੇ ਕੁਝ ਇਹ ਵੇਖਕੇ ਖੁਸ਼ ਹੁੰਦੇ ਕਿ ਕੋਈ ਰਈਸ ਵੀ ਭੀਖ ਮੰਗਣ ਵਾਲਿਆਂ ਦੀ ਭੈੜੀ ਹਾਲਤ ਤਕ ਪਹੁੰਚ ਗਿਆ ਹੈ। ਪਰ ਉਸਦੀ ਨਿਮਰਤਾ ਸਾਰਿਆਂ ਦਾ ਦਿਲ ਜਿੱਤ ਲੈਂਦੀ।

ਜਿਸ ਕਿਸੇ ਦੇ ਘਰ ਉਸਨੂੰ ਅੰਜੀਲ ਮਿਲ ਜਾਂਦੀ, ਉਹ ਅਕਸਰ ਉਸਨੂੰ ਪੜ੍ਹਕੇ ਸੁਣਾਉਂਦਾ, ਹਮੇਸ਼ਾ ਤੇ ਹਰ ਥਾਂ ਹੀ ਲੋਕ ਮੁਗਧ ਹੋ ਕੇ ਸੁਣਦੇ ਤੇ ਹੈਰਾਨ ਹੁੰਦੇ ਕਿ ਚਿਰਾਂ ਤੋਂ ਜਾਣੀ-ਪਛਾਣੀ ਅੰਜੀਲ ਉਹਨਾਂ ਨੂੰ ਕਿੰਨੀ ਨਵੀਂ ਪ੍ਰਤੀਤ ਹੁੰਦੀ ਹੈ। ਜੇ ਸਲਾਹ-ਮਸ਼ਵਰਾ ਦੇ ਕੇ ਕੁਝ ਲਿਖ-ਪੜ੍ਹ ਕੇ ਜਾਂ ਸਮਝਾ-ਬੁਝਾ ਕੇ ਲੋਕਾਂ ਦਾ ਝਗੜਾ ਨਿਪਟਾਉਣ ਜਾਂ ਐਸੀ ਹੀ ਸੇਵਾ ਕਰਨ ਦਾ ਕੋਈ ਮੌਕਾ ਮਿਲਦਾ, ਤਾਂ ਉਹ ਉਹਨਾਂ ਵਲੋਂ ਧੰਨਵਾਦ ਕੀਤੇ ਜਾਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦਾ। ਇਸ ਤਰ੍ਹਾਂ ਹੌਲੀ-ਹੌਲੀ ਉਸਦੀ ਆਤਮਾ ਵਿਚ ਪ੍ਰਮਾਤਮਾ ਦਾ ਵਾਸਾ ਹੋਣ ਲਗਾ।

ਇਕ ਦਿਨ ਉਹ ਦੋ ਬੁੱਢੀਆਂ ਔਰਤਾਂ ਤੇ ਇਕ ਸੈਨਿਕ ਤੀਰਥ-ਯਾਤੀ ਨਾਲ ਜਾ ਰਿਹਾ ਸੀ। ਇਕ ਬੱਘੀ ਤੇ ਦੋ ਘੋੜ-ਸਵਾਰ ਉਸਦੇ ਕੋਲੋਂ ਦੀ ਲੰਘੇ। ਬੱਘੀ ਅੱਗੇ ਦੁੜਕੀ ਚਾਲ ਵਾਲਾ ਵਧੀਆ ਘੋੜਾ ਜੋੜਿਆ ਹੋਇਆ ਸੀ ਤੇ ਇਕ ਇਸਤਰੀ ਤੇ ਭੱਦਰਪੁਰਸ਼ ਉਸ ਵਿਚ ਬੈਠੇ ਸਨ। ਇਕ ਘੋੜੇ ਉਤੇ ਬੱਘੀ ਵਿਚ ਬੈਠੀ ਇਸਤ੍ਰੀ ਦਾ ਪਤੀ ਸਵਾਰ ਸੀ ਤੇ ਦੂਸਰੇ ਉਤੇ ਉਸਦੀ ਲੜਕੀ ਬੱਘੀ ਵਿਚ ਬੈਠਾ ਸੱਜਣ ਕੋਈ ਫਰਾਂਸੀਸੀ ਮਹਿਮਾਨ ਸੀ।

ਫਰਾਂਸੀਸੀ ਮਹਿਮਾਨ ਨੂੰ ਤੀਰਥ ਯਾਤਰੀ ਵਿਖਾਉਣ ਲਈ ਉਹਨਾਂ ਨੇ ਇਹਨਾਂ ਨੂੰ ਰੋਕਿਆ, ਜੋ ਰੂਸੀ ਲੋਕਾਂ ਦੇ ਅੰਧਵਿਸ਼ਵਾਸ ਅਨੁਸਾਰ ਕੰਮ ਕਰਨ ਦੀ ਬਜਾਏ ਜਗ੍ਹਾ ਜਗ੍ਹਾ ਭਟਕਦੇ ਹਨ।

ਇਹ ਰਈਸ ਲੋਕ ਇਹ ਸਮਝਦੇ ਹੋਏ ਫਰਾਂਸੀਸੀ ਵਿਚ ਗੱਲਾਂ ਕਰ ਰਹੇ ਸਨ ਕਿ ਤੀਰਥ-ਯਾਤਰੀਆਂ ਵਿਚੋਂ ਕਿਸੇ ਨੂੰ ਵੀ ਉਹਨਾਂ ਦੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ।

"ਇਹਨਾ ਨੂੰ ਪੁਛੋ", ਫਰਾਂਸੀਸੀ ਨੇ ਕਿਹਾ, "ਇਹਨਾਂ ਨੂੰ ਪੁਛੋ ਕਿ ਕੀ ਇਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਪ੍ਰਮਾਤਮਾ ਉਹਨਾਂ ਦੀ ਇਸ ਤੀਰਥਯਾਤਰਾ ਨਾਲ ਖੁਸ਼ ਹੁੰਦਾ ਹੈ?"

ਜਦੋਂ ਇਹਨਾਂ ਲੋਕਾਂ ਤੋਂ ਪੁੱਛਿਆ ਗਿਆ ਤਾਂ ਬੁੱਢੀ ਔਰਤ ਨੇ ਜਵਾਬ ਦਿਤਾ:

"ਜਿਸ ਤਰ੍ਹਾਂ ਪ੍ਰਮਾਤਮਾ ਚਾਹੇ। ਪੈਰ ਤਾਂ ਤੀਰਥਾਂ ਤੇ ਹੋ ਆਏ, ਦਿਲ ਦੀ ਪ੍ਰਮਾਤਮਾ ਜਾਣੇ।

"ਸੈਨਿਕ ਨੇ ਇਸ ਸਵਾਲ ਦਾ ਇਹ ਜਵਾਬ ਦਿਤਾ ਕਿ ਉਹ ਇਕੱਲਾ ਹੈ, ਟਿਕਾਣਾ ਕੋਈ ਨਹੀਂ।

ਕਸ਼ਾਤਸਕੀ ਤੋਂ ਪੁਛਿਆ ਗਿਆ ਕਿ ਉਹ ਕੌਣ ਹੈ।

"ਪ੍ਰਮਾਤਮਾ ਦਾ ਦਾਸ।"

"ਕੀ ਕਿਹਾ ਹੈ ਉਸਨੇ? ਜਵਾਬ ਨਹੀਂ ਦਿਤਾ?"

"ਉਸਨੇ ਕਿਹਾ ਹੈ ਕਿ ਪ੍ਰਭੂ ਦਾ ਦਾਸ ਹਾਂ।"

"ਇਹ ਜ਼ਰੂਰ ਕਿਸੇ ਪਾਦਰੀ ਦਾ ਲੜਕਾ ਹੈ, ਉੱਚੀ ਕੁਲ ਦਾ ਹੈ। ਤੁਹਾਡੇ ਪਾਸ ਕੁਝ ਭਾਨ ਹੈ?"

"ਫਰਾਂਸੀਸੀ ਨੇ ਭਾਨ ਕੱਢਿਆ ਤੇ ਹਰ ਇਕ ਨੂੰ ਵੀਹ ਵੀਹ ਕੋਪੇਕ ਦੇ ਦਿਤੇ।

"ਇਹਨਾਂ ਨੂੰ ਕਹਿ ਦੇਵੋ ਕਿ ਮੋਮਬਤੀਆਂ ਲਈ ਨਹੀਂ, ਬਲਕਿ ਇਸ ਲਈ ਪੈਸੇ ਦਿੱਤੇ ਹਨ ਕਿ ਇਹ ਲੋਕ ਚਾਹ ਪੀਣ।"

"ਤੁਹਾਡੇ ਲਈ ਚਾਹ, ਦਾਦਾ ਚਾਹ। ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਦਸਤਾਨਾ ਪਾਏ ਹੱਥਾਂ ਨਾਲ ਕਸਾਤਸਕੀ ਦਾ ਮੋਢਾ ਥਪਕਿਆ।

"ਈਸਾ ਮਸੀਹ ਤੁਹਾਡੀ ਰਖਿਆ ਕਰੇ," ਕਸਾਤਸਕੀ ਨੇ ਟੋਪੀ ਹੱਥ ਵਿਚ ਫੜੀ ਆਪਣਾ ਗੰਜਾ ਸਿਰ ਝੁਕਾਕੇ ਕਿਹਾ।

ਕਸਾਤਸਕੀ ਨੂੰ ਇਸ ਮੁਲਾਕਾਤ ਨਾਲ ਇਸ ਲਈ ਪ੍ਰਸੰਨਤਾ ਹੋਈ ਕਿ ਉਹ ਆਪਣੇ ਬਾਰੇ ਵਿਚ ਲੋਕਾਂ ਦੀ ਰਾਏ ਦੀ ਪ੍ਰਵਾਹ ਨਾ ਕਰਦੇ ਹੋਏ ਬਹੁਤ ਹੀ ਸਾਧਾਰਨ, ਬਹੁਤ ਹੀ ਮਾਮੂਲੀ ਕੰਮ ਕਰਨ ਵਿਚ ਸਫਲ ਹੋਇਆ ਸੀ। ਉਸਨੇ ਬੜੀ ਹੀ ਨਿਮਰਤਾ ਨਾਲ ਵੀਹ ਕੋਪੇਕ ਲੈ ਕੇ ਆਪਣੇ ਸਾਥੀ, ਅੰਨ੍ਹੇ ਫਕੀਰ ਨੂੰ ਦੇ ਦਿੱਤੇ ਸਨ। ਜਨਤਕ-ਰਾਏ ਨੂੰ ਜਿੰਨੀ ਵੀ ਉਹ ਘੱਟ ਮਹੱਤਤਾ ਦਿੰਦਾ ਸੀ, ਓਨਾ ਹੀ ਜ਼ਿਆਦਾ ਉਸਨੂੰ ਪ੍ਰਮਾਤਮਾ ਦਾ ਅਹਿਸਾਸ ਹੁੰਦਾ ਸੀ। ਕਸ਼ਾਤਸਕੀ ਨੇ ਇਸੇ ਤਰ੍ਹਾਂ ਅੱਠ ਮਹੀਨੇ ਗੁਜ਼ਾਰ ਦਿਤੇ। ਨੌਵੇਂ ਮਹੀਨੇ ਗੁਬੇਰਨੀਆਂ ਦੇ ਇਕ ਸ਼ਹਿਰ ਵਿਚ ਹੋਰ ਤੀਰਥ-ਯਾਤ੍ਰੀਆਂ ਨਾਲ ਉਸ ਰੈਣ-ਬਸੇਰੇ ਵਿਚ ਪੁਲੀਸ ਵਾਲੇ ਨੇ ਉਸਨੂੰ ਵੀ ਰੋਕ ਲਿਆ, ਜਿਥੇ ਉਸਨੇ ਰਾਤ ਕੱਟੀ ਸੀ। ਕਿਉਂਕਿ ਉਸ ਕੋਲ ਪਾਸਪੋਰਟ ਨਹੀਂ ਸੀ, ਉਸਨੂੰ ਥਾਣੇ ਲਿਜਾਇਆ ਗਿਆ। ਉਥੇ ਉਸਨੂੰ ਇਹ ਪੁੱਛਿਆ ਗਿਆ ਕਿ ਉਸਦਾ ਪਾਸਪੋਰਟ ਕਿਥੇ ਹੈ। ਤੇ ਉਹ ਕੌਣ ਹੈ? ਉਸਨੇ ਜਵਾਬ ਦਿਤਾ ਕਿ ਉਸਦੇ ਕੋਲ ਪਾਸਪੋਰਟ ਨਹੀਂ ਹੈ ਤੇ ਉਹ ਪ੍ਰਮਾਤਮਾ ਦਾ ਦਾਸ ਹੈ। ਆਵਾਰਾ ਲੋਕਾਂ ਵਿਚ ਸ਼ਾਮਲ ਕਰਕੇ ਉਸ ਉਤੇ ਮੁਕੱਦਮਾ ਚਲਾਇਆ ਗਿਆ ਤੇ ਸਾਇਬੇਰੀਆ ਵਿਚ ਜਲਾਵਤਨ ਕਰ ਦਿਤਾ ਗਿਆ।

ਸਾਇਬੇਰੀਆ ਵਿਚ ਉਹ ਇਕ ਅਮੀਰ ਕਿਸਾਨ ਕੋਲ ਰਹਿਣ ਲਗਾ ਤੇ ਹੁਣ ਵੀ ਉਥੇ ਹੀ ਰਹਿੰਦਾ ਹੈ। ਉਹ ਮਾਲਕ ਦੇ ਖੇਤ ਵਿਚ ਕੰਮ ਕਰਦਾ ਹੈ, ਬੱਚਿਆਂ ਨੂੰ ਪੜ੍ਹਾਉਂਦਾ ਹੈ ਤੇ ਬਿਮਾਰਾਂ ਦੀ ਸੇਵਾ ਕਰਦਾ ਹੈ।