ਪਾਦਰੀ ਸੇਰਗਈ/7
7
ਕਾਫੀ ਹਫ਼ਤਿਆਂ ਤਕ ਪਾਦਰੀ ਸੇਰਗਈ ਨੂੰ ਇਕੋ ਹੀ ਵਿਚਾਰ ਪ੍ਰੇਸ਼ਾਨ ਕਰਦਾ ਰਿਹਾ। ਜਿਸ ਸਥਿਤੀ ਵਿਚ ਉਹ ਸੀ, ਤੇ ਜਿਸ ਵਿਚ ਉਹ ਏਨਾ ਆਪਣੀ ਇੱਛਾ ਕਾਰਨ ਨਹੀਂ ਜਿੰਨਾਂ ਆਰਕੀਮੇਂਡਟ੍ਰਿਟ ਤੇ ਵੱਡੇ ਪਾਦਰੀ ਦੀ ਇੱਛਾ ਕਰਕੇ ਪਿਆ ਸੀ, ਉਸ ਸਥਿਤੀ ਨੂੰ ਸਵੀਕਾਰ ਕਰਕੇ ਉਸਨੇ ਚੰਗਾ ਕੀਤਾ ਸੀ ਜਾਂ ਨਹੀਂ? ਉਸ ਚੌਦ੍ਹਾਂ ਸਾਲਾਂ ਦੇ ਲੜਕੇ ਨੂੰ ਰਾਜ਼ੀ ਕਰਕੇ ਇਸ ਸਥਿਤੀ ਦਾ ਆਰੰਭ ਹੋਇਆ। ਉਸ ਦਿਨ ਤੋਂ ਪਾਦਰੀ ਸੇਰਗਈ ਹਰ ਮਹੀਨੇ, ਹਰ ਹਫਤੇ, ਹਰ ਦਿਨ ਇਹ ਅਨੁਭਵ ਕਰਦਾ ਸੀ ਕਿ ਉਸਦਾ ਅੰਦਰਲਾ ਜੀਵਨ ਸਮਾਪਤ ਹੁੰਦਾ ਜਾ ਰਿਹਾ ਹੈ ਤੇ ਬਾਹਰੀ ਜੀਵਨ ਉਸ ਦੀ ਜਗ੍ਹਾ ਲੈਂਦਾ ਜਾ ਰਿਹਾ ਹੈ। ਉਸਨੂੰ ਤਾਂ ਜਿਵੇਂ ਅੰਦਰੋਂ ਅੰਦਰ ਬਾਹਰ ਵਲ ਉਲਟਾਇਆ ਜਾ ਰਿਹਾ ਸੀ।
ਸੇਰਗਈ ਨੂੰ ਵੇਖਿਆ ਕਿ ਉਹ ਸ਼ਰਧਾਲੂਆਂ ਤੇ ਭੇਟਾਂ ਚੜ੍ਹਾਉਣ ਵਾਲਿਆਂ ਨੂੰ ਮਠ ਵਲ ਖਿੱਚਣ ਦਾ ਵਸੀਲਾ ਸੀ ਤੇ ਇਸੇ ਲਈ ਮਠ ਦੇ ਪ੍ਰਬੰਧਕ ਉਸਦੀ ਨਿੱਤ-ਕਿਰਿਆ ਨੂੰ ਇਸ ਤਰ੍ਹਾਂ ਨਿਯਮਬੰਦ ਕਰਨਾ ਚਾਹੁੰਦੇ ਸਨ ਕਿ ਉਹ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਣ। ਮਸਲਨ, ਹੁਣ ਉਸਨੂੰ ਕੋਈ ਵੀ ਸ਼ਰੀਰਕ ਕੰਮ ਨਹੀਂ ਸੀ ਕਰਨ ਦਿਤਾ ਜਾਂਦਾ। ਉਸਦੀ ਜ਼ਰੂਰਤ ਦੀ ਹਰ ਚੀਜ਼ ਉਸ ਨੂੰ ਮੁਹਈਆ ਕਰ ਦਿਤੀ ਜਾਂਦੀ ਸੀ ਤੇ ਉਸ ਤੋਂ ਸਿਰਫ ਇਕ ਹੀ ਆਸ ਕੀਤੀ ਜਾਂਦੀ ਸੀ ਕਿ ਉਹ ਦਰਸ਼ਨਾਂ ਲਈ ਆਉਣ ਵਾਲਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਤੋਂ ਇਨਕਾਰ ਨਾ ਕਰੇ। ਉਸਦੀ ਸਹੂਲਤ ਲਈ ਦਿਨ ਨੀਯਤ ਕਰ ਦਿਤੇ ਗਏ, ਜਦੋਂ ਉਹ ਭਗਤਾਂ ਨੂੰ ਦਰਸ਼ਨ ਦੇਂਦਾ ਸੀ। ਆਦਮੀਆਂ ਲਈ ਇਕ ਖਾਸ ਮੁਲਾਕਾਤੀ ਕਮਰਾ ਬਣਾ ਦਿਤਾ ਗਿਆ ਤੇ ਜੰਗਲੇ ਨਾਲ ਘਿਰੀ ਇਕ ਜਗ੍ਹਾ ਵੀ ਬਣਾ ਦਿਤੀ ਗਈ, ਜਿਥੇ ਔਰਤਾਂ ਨੇ ਭੀੜ-ਭੜੱਕੇ ਨਾਲ ਉਸਨੂੰ ਧੱਕਾ ਨਾ ਵੱਜੇ ਅਤੇ ਉਹ ਭਗਤਾਂ ਨੂੰ ਅਸ਼ੀਰਵਾਦ ਦੇ ਸਕੇ। ਉਸਨੂੰ ਕਿਹਾ ਜਾਂਦਾ ਸੀ ਕਿ ਲੋਕਾਂ ਨੂੰ ਉਸਦੀ ਜ਼ਰੂਰਤ ਹੈ, ਕਿ ਈਸਾ ਮਸੀਹ ਦੇ ਪ੍ਰੇਮ ਸੰਬੰਧੀ ਨਿਯਮਾਂ ਦਾ ਪਾਲਣ ਕਰਦਿਆਂ ਉਹ ਲੋਕਾਂ ਨੂੰ ਦਰਸ਼ਨ ਦੇਣ ਤੋਂ ਇਨਕਾਰ ਨਹੀਂ ਸੀ ਕਰ ਸਕਦਾ, ਕਿ ਲੋਕਾਂ ਤੋਂ ਦੂਰ ਨੱਠਣਾ ਕਠੋਰਤਾ ਦਿਖਾਉਣਾ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਸਾਮ੍ਹਣੇ ਉਸਨੂੰ ਝੁਕਣਾ ਹੀ ਪੈਂਦਾ। ਪਰ ਜਿੰਨਾ ਜ਼ਿਆਦਾ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਸਵੀਕਾਰ ਕਰਦਾ ਜਾ ਰਿਹਾ ਸੀ, ਓਨਾ ਹੀ ਜ਼ਿਆਦਾ ਉਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਉਸਦਾ ਆਤਮਿਕ ਸੰਸਾਰ ਬਾਹਰੀ ਦੁਨੀਆਂ ਵਿਚ ਬਦਲਦਾ ਜਾ ਰਿਹਾ ਹੈ, ਕਿ ਉਸਦੀ ਆਤਮਾ ਵਿਚੋਂ ਅੰਮ੍ਰਿਤ ਦਾ ਸੋਮਾ ਸੁਕਦਾ ਜਾ ਰਿਹਾ ਹੈ, ਕਿ ਉਹ ਜੋ ਕੁਝ ਵੀ ਕਰਦਾ ਹੈ, ਉਸਦਾ ਦਿਨੋ ਦਿਨ ਜ਼ਿਆਦਾ ਹਿੱਸਾ ਪ੍ਰਮਾਤਮਾ ਲਈ ਨਹੀਂ, ਮਨੁੱਖ ਲਈ ਹੀ ਹੁੰਦਾ ਹੈ।
ਉਹ ਲੋਕਾਂ ਨੂੰ ਉਪਦੇਸ਼ ਦੇਂਦਾ ਜਾਂ ਅਸ਼ੀਰਵਾਦ, ਰੋਗੀਆਂ ਲਈ ਪ੍ਰਾਰਥਨਾ ਕਰਦਾ, ਜਾਂ ਜੀਵਨ ਬਾਰੇ ਉਹਨਾਂ ਨੂੰ ਸਲਾਹ ਦੇਂਦਾ, ਜਾਂ ਐਸੇ ਲੋਕਾਂ ਦੀ ਕ੍ਰਿਤਗਤਾ ਦੇ ਲਫਜ਼ ਸੁਣਦਾ, ਜਿਨ੍ਹਾਂ ਨੂੰ ਉਹਨਾਂ ਦੇ ਸ਼ਬਦਾਂ ਵਿਚ, ਉਸਨੇ ਰਾਜ਼ੀ ਹੋਣ ਵਿਚ, ਜਾਂ ਸਿੱਖਿਆ ਰਾਹੀਂ ਸਹਾਇਤਾ ਦਿਤੀ ਹੁੰਦੀ, ਉਸਨੂੰ ਇਸ ਸਭ ਕੁਝ ਤੋਂ ਖੁਸ਼ੀ ਮਿਲਦੀ, ਉਹ ਆਪਣੇ ਕੰਮਾਂ-ਕਾਰਾਂ ਦੇ ਨਤੀਜਿਆਂ ਤੇ ਲੋਕਾਂ ਉਤੇ ਆਪਣੇ ਪ੍ਰਭਾਵ ਬਾਰੇ ਸੋਚੇ ਬਿਨਾਂ ਨਾ ਰਹਿ ਸਕਦਾ। ਉਸਨੂੰ ਲਗਦਾ ਕਿ ਉਹ ਇਕ ਜੋਤ ਹੈ -ਤੇ ਜਿੰਨਾ ਹੀ ਜ਼ਿਆਦਾ ਉਹ ਇਹ ਅਨੁਭਵ ਕਰਦਾ, ਓਨਾ ਹੀ ਜ਼ਿਆਦਾ ਉਸਨੂੰ ਇਹ ਅਹਿਸਾਸ ਹੁੰਦਾ ਕਿ ਉਸਦੀ ਆਤਮਾ ਵਿਚ ਜਗਣ ਵਾਲੀ ਸੱਚਾਈ ਦੀ ਈਸ਼ਵਰੀ ਜੋਤ ਧੀਮੀ ਤੇ ਮੱਧਮ ਪੈਂਦੀ ਜਾ ਰਹੀ ਹੈ। "ਮੈਂ ਜੋ ਕੁਝ ਕਰਦਾ ਹਾਂ, ਉਸ ਵਿਚੋਂ ਕਿੰਨਾਂ ਪ੍ਰਮਾਤਮਾ ਲਈ ਤੇ ਕਿੰੰਨਾਂ ਇਨਸਾਨ ਲਈ ਹੁੰਦਾ ਹੈ?" ਇਹ ਸਵਾਲ ਉਸਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਹ ਇਸਦਾ ਜਵਾਬ ਨਾ ਦੇ ਸਕਦਾ ਹੋਵੇ ਇਹ ਗੱਲ ਨਹੀਂ ਸੀ, ਪਰ ਉਹ ਆਪਣੇ ਆਪ ਨੂੰ ਇਸਦਾ ਜਵਾਬ ਦੇਣ ਦਾ ਫੈਸਲਾ ਹੀ ਨਹੀਂ ਕਰ ਸਕਿਆ। ਆਪਣੀ ਆਤਮਾ ਦੀ ਗਹਿਰਾਈ ਵਿਚ ਉਸਨੂੰ ਇਹ ਅਨੁਭਵ ਹੁੰਦਾ ਕਿ ਸ਼ੈਤਾਨ ਨੇ ਉਸਦੀਆਂ ਪ੍ਰਮਾਤਮਾ ਲਈ ਸਾਰੀਆਂ ਗਤੀ-ਵਿਧੀਆਂ ਨੂੰ ਇਨਸਾਨ ਲਈ ਗਤੀ-ਵਿਧੀਆਂ ਵਿਚ ਬਦਲ ਦਿਤਾ ਹੈ। ਉਹ ਇਸ ਲਈ ਐਸਾ ਮਹਿਸੂਸ ਕਰਦਾ ਸੀ ਕਿ ਪਹਿਲਾਂ ਤਾਂ ਏਕਾਂਤ ਭੰਗ ਹੋਣ ਉਤੇ ਉਸਨੂੰ ਪ੍ਰੇਸ਼ਾਨੀ ਹੁੰਦੀ ਸੀ ਤੇ ਹੁਣ ਏਕਾਂਤ ਬੋਝਲ ਲਗਦੀ ਸੀ। ਦਰਸ਼ਕ ਉਸ ਲਈ ਬੋਝ ਬਣ ਜਾਂਦੇ ਸਨ, ਉਹ ਉਹਨਾਂ ਦੇ ਕਾਰਨ ਥਕ ਜਾਂਦਾ ਸੀ ਪਰ ਦਿਲ ਦੀ ਗਹਿਰਾਈ ਵਿਚ ਉਹਨਾਂ ਦੇ ਆਉਣ ਉਤੇ, ਆਪਣੇ ਆਸ-ਪਾਸ ਆਪਣੀ ਪ੍ਰਸੰਸਾ ਸੁਣਕੇ ਖੁਸ਼ੀ ਹੁੰਦੀ ਸੀ।
ਇਕ ਐਸਾ ਵੀ ਸਮਾਂ ਆਇਆ ਸੀ, ਜਦੋਂ ਉਸਨੇ ਉਥੋਂ ਚਲੇ ਜਾਣ ਦਾ, ਕਿਤੇ ਗਾਇਬ ਹੋ ਜਾਣ ਦਾ ਫੈਸਲਾ ਕਰ ਲਿਆ ਸੀ। ਉਸਨੇ ਤਾਂ ਇਸਦੀ ਪੂਰੀ ਯੋਜਨਾ ਵੀ ਬਣਾ ਲਈ ਸੀ। ਉਸਨੇ ਆਪਣੇ ਲਈ ਪੇਂਡੂਆਂ ਵਰਗੀ ਕਮੀਜ਼, ਪਾਜਾਮਾ, ਕੋਟ ਅਤੇ ਟੋਪੀ ਵੀ ਤਿਆਰ ਕਰ ਲਈ ਸੀ। ਉਸਨੇ ਪ੍ਰਬੰਧਕਾਂ ਨੂੰ ਇਹ ਬਹਾਨਾ ਲਾ ਦਿਤਾ ਸੀ ਕਿ ਮੰਗਤਿਆਂ ਨੂੰ ਦੇਣ ਲਈ ਉਸਨੂੰ ਉਹਨਾਂ ਦੀ ਜ਼ਰੂਰਤ ਹੈ। ਉਸਨੇ ਇਹਨਾਂ ਚੀਜ਼ਾਂ ਨੂੰ ਆਪਣੀ ਕੋਠੜੀ ਵਿਚ ਰਖਿਆ ਤੇ ਇਹ ਸੋਚਦਾ ਰਿਹਾ ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਪਾਕੇ ਤੇ ਵਾਲ ਕੱਟਕੇ ਚਲਦਾ ਬਣੇਗਾ। ਸ਼ੁਰੂ ਵਿਚ ਉਹ ਤਿੰਨ ਸੌ ਵਰਸਟ ਗੱਡੀ ਵਿਚ ਸਫਰ ਕਰੇਗਾ, ਫਿਰ ਉਸ ਤੋਂ ਉਤਰ ਕੇ ਪਿੰਡ ਪਿੰਡ ਘੁੰਮਦਾ ਫਿਰੇਗਾ। ਆਪਣੇ ਪਾਸ ਆਉਣ ਵਾਲੇ ਇਕ ਬੁੱਢੇ ਸੈਨਿਕ ਤੋਂ ਉਸਨੇ ਪੁੱਛਗਿਛ ਕਰ ਲਈ ਸੀ ਕਿ ਕਿਸ ਤਰ੍ਹਾਂ ਉਹ ਪਿੰਡ ਪਿੰਡ ਘੁੰਮਦਾ ਹੈ, ਭਿਖਿਆ ਤੇ ਸ਼ਰਨ ਲੈਣ ਲਈ ਉਹ ਕੀ ਕਰਦਾ ਹੈ। ਸੈਨਿਕ ਨੇ ਸਭ ਕੁਝ ਦੱਸ ਦਿਤਾ ਸੀ ਕਿ ਕਿਥੇ ਭਿਖਿਆ ਤੇ ਸ਼ਰਨ ਲੈਣਾ ਜ਼ਿਆਦਾ ਆਸਾਨ ਹੈ ਤੇ ਪਾਦਰੀ ਸੇਰਗਈ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਸੀ। ਇਕ ਰਾਤ ਤਾਂ ਉਸਨੇ ਪੇਂਡੂ ਪੁਸ਼ਾਕ ਪਾ ਵੀ ਲਈ ਸੀ ਅਤੇ ਚਲ ਪੈਣਾ ਚਾਹਿਆ ਸੀ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਉਸ ਲਈ ਉਥੇ ਹੀ ਰਹਿਣਾ ਜਾਂ ਉਥੋਂ ਨੱਠ ਜਾਣਾ ਜ਼ਿਆਦਾ ਚੰਗਾ ਰਹੇਗਾ। ਸ਼ੁਰੂ ਵਿਚ ਤਾਂ ਉਹ ਫੈਸਲਾ ਨਾ ਕਰ ਸਕਿਆ, ਪਰ ਪਿਛੋਂ ਇਹ ਦੁਚਿਤੀ ਖਤਮ ਹੋ ਗਈ, ਇਥੋਂ ਦੇ ਜੀਵਨ ਦਾ ਉਹ ਆਦੀ ਹੋ ਗਿਆ ਸੀ, ਸ਼ੈਤਾਨ ਦੇ ਸਾਹਮਣੇ ਉਸਨੇ ਹਥਿਆਰ ਸੁੱਟ ਦਿਤੇ ਤੇ ਪੇਂਡੂ ਪੁਸ਼ਾਕ ਹੁਣ ਉਸਨੂੰ ਸਿਰਫ ਉਸਦੇ ਵਿਚਾਰਾਂ ਤੇ ਭਾਵਨਾਵਾਂ ਦੀ ਯਾਦ ਹੀ ਕਰਾਉਂਦੀ ਸੀ।
ਪਾਦਰੀ ਸੇਰਗਈ ਕੋਲ ਆਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਸੀ ਤੇ ਆਤਮਿਕ ਦ੍ਰਿਸ਼ਟੀ ਤੋਂ ਆਪਣੇ ਆਪ ਨੂੰ ਦ੍ਰਿੜ ਬਣਾਉਣ ਤੇ ਪ੍ਰਰਾਥਨਾ ਕਰਨ ਲਈ ਉਸ ਪਾਸ ਬਹੁਤ ਹੀ ਘੱਟ ਸਮਾਂ ਰਹਿੰਦਾ ਜਾਂਦਾ ਸੀ। ਕਦੀ ਕਦੀ ਚੰਗੀਆਂ ਘੜੀਆਂ ਵਿਚ ਉਸਦੇ ਦਿਲ ਵਿਚ ਇਹ ਵਿਚਾਰ ਆਉਂਦਾ ਕਿ ਉਹ ਐਸੀ ਜਗ੍ਹਾ ਵਾਂਗ ਹੈ, ਜਿਥੇ ਕਦੀ ਕੋਈ ਚਸ਼ਮਾ ਵਹਿੰਦਾ ਹੁੰਦਾ ਸੀ। "ਅੰਮ੍ਰਿਤ ਦੀ ਪਤਲੀ ਜੇਹੀ ਧਾਰਾ ਸੀ, ਜੋ ਮੇਰੇ ਵਿਚੋਂ ਦੀ ਤੇ ਮੇਰੇ ਵਿਚੋਂ ਬਾਹਰ ਵਹਿੰਦੀ ਸੀ। ਉਹ ਸੀ ਹਕੀਕੀ ਜੀਵਨ, ਜਦੋਂ 'ਉਸ ਔਰਤ ਨੇ' (ਉਹ ਉਸ ਰਾਤ ਨੂੰ ਤੇ ਉਸਨੂੰ ਜੋ ਹੁਣ ਸਨਿਆਸਣ ਅਗਨੀਆ ਸੀ, ਹਮੇਸ਼ਾਂ ਉਤਸ਼ਾਹ ਨਾਲ ਯਾਦ ਕਰਦਾ ਸੀ) ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇਹ ਅੰਮ੍ਰਿਤ-ਪਾਨ ਕੀਤਾ ਸੀ। ਪਰ ਉਸ ਤੋਂ ਮਗਰੋਂ ਅੰਮ੍ਰਿਤ ਇਕੱਠਾ ਹੋਣ ਤੋਂ ਪਹਿਲਾਂ ਹੀ ਪਿਆਸਿਆਂ ਦੀ ਭੀੜ ਲਗ ਜਾਂਦੀ ਹੈ, ਉਹ ਇਕ ਦੂਸਰੇ ਨੂੰ ਧਿਕਦੇ ਹੋਏ ਆ ਭੀੜ ਪਾਉਂਦੇ ਹਨ। ਉਹਨਾਂ ਨੇ ਚਸ਼ਮੇ ਨੂੰ ਆਪਣੇ ਪੈਰਾਂ ਹੇਠਾਂ ਲਿਤਾੜ ਛਡਿਆ ਹੈ ਤੇ ਹੁਣ ਸਿਰਫ ਚਿਕੜ ਹੀ ਬਾਕੀ ਰਹਿ ਗਿਆ ਹੈ।" ਆਪਣੀਆਂ ਚੰਗੀਆਂ ਅਤੇ ਵਿਰਲੀਆਂ ਘੜੀਆਂ ਵਿਚ ਉਹ ਇੰਝ ਸੋਚਦਾ, ਪਰ ਉਸਦੀ ਆਮ ਸਥਿਤੀ ਇਹ ਰਹਿੰਦੀ ਸੀ-ਥਕਾਵਟ ਤੇ ਇਸ ਥਕਾਵਟ ਕਾਰਨ ਆਪਣੇ ਪ੍ਰਤੀ ਪ੍ਰਸੰਸਾ ਦੀ ਭਾਵਨਾ।
ਬਸੰਤ ਦੇ ਦਿਨ ਸਨ, ਪੀਪੋਲੋਵੇਨੀਏ ਤਿਉਹਾਰ ਦੀ ਦਾਅਵਤ ਸੀ। ਪਾਦਰੀ ਸੇਰਗਈ ਆਪਣੀ ਗੁਫਾ ਵਾਲੇ ਗਿਰਜੇ ਵਿੱਚ ਪ੍ਰਾਰਥਨਾ ਕਰਵਾ ਰਿਹਾ ਸੀ। ਜਿੰਨੇ ਲੋਕੀਂ ਉਥੇ ਸਮਾ ਸਕਦੇ ਸਨ, ਉਨੇ ਹੀ ਹਾਜ਼ਰ ਸਨ, ਭਾਵ ਵੀਹ ਕੁ। ਉਹ ਸਾਰੇ ਭੱਦਰ-ਪੁਰਸ਼, ਵਿਉਪਾਰੀ ਭਾਵ ਧਨੀ ਲੋਕ ਸਨ। ਪਾਦਰੀ ਸੇਰਗਈ ਤਾਂ ਸਾਰਿਆਂ ਨੂੰ ਹੀ ਆਉਣ ਦਿੰਦਾ ਸੀ। ਪਰ ਉਸਦੀ ਸੇਵਾ ਵਿਚ ਖੜੋਤਾ ਸਾਧੂ ਤੇ ਮਠ ਤੋਂ ਰੋਜ਼ ਉਸਦੀ ਕੋਠੜੀ ਵਿਚ ਭੇਜਿਆ ਜਾਣ ਵਾਲਾ ਸਹਾਇਕ ਐਸੀ ਛਾਂਟੀ ਕਰ ਦਿੰਦੇ ਸਨ। ਲਗਭਗ ਅੱਸੀ ਯਾਤ੍ਰੀ, ਖਾਸ ਕਰਕੇ ਔਰਤਾਂ ਬਾਹਰ ਭੀੜ ਬਣਾ ਕੇ ਖੜੀਆਂ ਸਨ ਤੇ ਪਾਦਰੀ ਸੇਰਗਈ ਦੇ ਆਉਣ ਤੇ ਉਸਦਾ ਅਸ਼ੀਰਵਾਦ ਲੈਣ ਦੀ ਉਡੀਕ ਕਰ ਰਹੀਆਂ ਸਨ। ਪਾਦਰੀ ਸੇਰਗਈ ਨੇ ਪੂਜਾ ਸਮਾਪਤ ਕੀਤੀ ਤੇ ਜਦੋਂ ਉਹ ਭਗਵਾਨ ਦੇ ਗੀਤ ਗਾਉਂਦਾ ਹੋਇਆ ਆਪਣੇ ਪੂਰਵਗਾਮੀ ਦੀ ਕਬਰ ਕੋਲ ਆਇਆ, ਤਾਂ ਲੜਖੜਾਇਆ ਤੇ ਉਸਦੇ ਪਿਛੇ ਖੜੋਤੇ ਵਪਾਰੀ ਤੇ ਛੋਟੇ ਪਾਦਰੀ ਨੇ ਉਸਨੂੰ ਸੰਭਾਲਿਆ ਨਾ ਹੁੰਦਾ, ਤਾਂ ਉਹ ਡਿੱਗ ਪੈਂਦਾ।
"ਕੀ ਹੋਇਆ ਹੈ ਤੁਹਾਨੂੰ? ਧਰਮ-ਪਿਤਾ ਸੇਰਗਈ! ਪਿਆਰੇ ਮਹਾਰਾਜ ਸੇਰਗਈ! ਹੇ ਪ੍ਰਮਾਤਮਾ!" ਔਰਤਾਂ ਚਿੱਲਾ ਉਠੀਆਂ। "ਚਾਦਰ ਨਾਲੋਂ ਚਿੱਟੇ ਹੋ ਗਏ ਹਨ।"
ਪਰ ਪਾਦਰੀ ਸੇਰਗਈ ਜਲਦੀ ਹੀ ਸੰਭਲ ਗਿਆ ਤੇ ਭਾਵੇਂ ਉਸਦਾ ਚਿਹਰਾ ਪੀਲਾ ਪੈ ਗਿਆ ਸੀ, ਫਿਰ ਵੀ ਉਸਨੇ ਛੋਟੇ ਪਾਦਰੀ ਤੇ ਵਪਾਰੀ ਨੂੰ ਪਰੇ ਹਟਾ ਦਿਤਾ ਤੇ ਉਸਤਤੀ ਦਾ ਗੀਤ ਜਾਰੀ ਰਖਿਆ। ਛੋਟੇ ਪਾਦਰੀ, ਪਾਦਰੀ ਸੇਰਾਪੀਓਨ, ਪ੍ਰਚਾਰਕਾਂ ਤੇ ਸ੍ਰੀਮਤੀ ਸੋਫੀਆ ਇਵਾਨੋਵਨਾ ਨੇ, ਜੇ ਹਮੇਸ਼ਾ ਸੇਰਗਈ ਦੀ ਕੋਠੜੀ ਦੇ ਕੋਲ ਹੀ ਰਹਿੰਦੀ ਸੀ ਤੇ ਉਸਦੀ ਸੇਵਾ ਕਰਦੀ ਸੀ, ਪਾਦਰੀ ਸੇਰਗਈ ਨੂੰ ਉਸਤਤੀ ਦਾ ਗੀਤ ਬੰਦ ਕਰਨ ਲਈ ਪ੍ਰਾਰਥਨਾ ਕੀਤੀ।
"ਕੋਈ ਗੱਲ ਨਹੀਂ, ਕੋਈ ਗੱਲ ਨਹੀਂ," ਆਪਣੀਆਂ ਮੁੱਛਾਂ ਹੇਠ ਜ਼ਰਾ ਕੁ ਮੁਸਕਰਾਉਂਦੇ ਹੋਏ ਪਾਦਰੀ ਸੇਰਗਈ ਨੇ ਕਿਹਾ, "ਪ੍ਰਾਰਥਨਾਵਾਂ ਵਿਚ ਵਿਘਨ ਨਹੀਂ ਪਾਓ।"
ਉਸਦੇ ਮਨ ਹੀ ਮਨ ਵਿਚ ਸੋਚਿਆ, "ਹਾਂ, ਸੰਤ ਹੀ ਸਿਰਫ ਇਸ ਤਰ੍ਹਾਂ ਕਰਦੇ ਹੁੰਦੇ ਹਨ।"
"ਸੰਤ! ਪ੍ਰਮਾਤਮਾ ਦਾ ਫਰਿਸ਼ਤਾ।" ਉਸੇ ਸਮੇਂ ਉਸਨੂੰ ਸੋਫੀਆ ਇਵਾਨੋਵਨਾ ਤੇ ਉਸ ਵਪਾਰੀ ਦੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਉਸਨੂੰ ਸੰਭਾਲਿਆ ਸੀ। ਲੋਕਾਂ ਦੀ ਬੇਨਤੀ, ਵੱਲ ਧਿਆਨ ਨਾ ਦੇਂਦਿਆਂ ਉਸਨੇ ਪੂਜਾ ਜਾਰੀ ਰਖੀ। ਲੋਕ ਭੀੜ-ਭੜੱਕਾ ਕਰਦੇ ਤੇ ਤੰਗ ਵਰਾਂਡਿਆਂ ਨੂੰ ਲੰਘਦੇ ਹੋਏ ਫਿਰ ਛੋਟੇ ਗਿਰਜੇ ਵਾਪਸ ਗਏ ਤੇ ਉਥੇ ਪਾਦਰੀ ਸੇਰਗਈ ਨੇ ਪ੍ਰਾਰਥਨਾ ਨੂੰ ਕੁਝ ਸੰਖੇਪ ਕਰਦਿਆਂ ਹੋਇਆ ਭੋਗ ਪਾਇਆ।
ਪ੍ਰਾਰਥਨਾ ਸਮਾਪਤ ਹੋਣ ਤੋਂ ਤੁਰਤ ਪਿਛੋਂ ਪਾਦਰੀ ਸੇਰਗਈ ਨੇ ਉਥੇ ਹਾਜ਼ਰ ਲੋਕਾਂ ਨੂੰ ਅਸ਼ੀਰਵਾਦ ਦਿਤੀ ਤੇ ਗੁਫਾ ਦੇ ਦਰਵਾਜ਼ੇ ਕੋਲ ਐਲਮ ਦਰਖਤ ਦੇ ਹੇਠਾਂ ਰਖੀ ਬੈਂਚ ਵਲ ਬਾਹਰ ਚਲਾ ਗਿਆ। ਉਹ ਆਰਾਮ ਕਰਨਾ, ਤਾਜ਼ਾ ਹਵਾ ਵਿਚ ਸਾਹ ਲੈਣਾ ਚਾਹੁੰਦਾ ਸੀ। ਪਰ ਬਾਹਰ ਆਉਂਦਿਆਂ ਹੀ ਲੋਕਾਂ ਦੀ ਭੀੜ ਉਸਦਾ ਅਸ਼ੀਰਵਾਦ ਲੈਣ, ਸਲਾਹ-ਮਸ਼ਵਰਾ ਕਰਨ ਤੇ ਮਦਦ ਲੈਣ ਲਈ ਉਸ ਵਲ ਦੌੜੀ। ਇਸ ਭੀੜ ਵਿਚ ਉਹ ਤੀਰਥਯਾਤਰੀ ਔਰਤਾਂ ਵੀ ਸਨ, ਜੋ ਹਮੇਸ਼ਾ ਇਕ ਅਸਥਾਨ ਤੋਂ ਦੂਸਰੇ ਤੀਰਥ ਅਸਥਾਨ ਤੇ ਇਕ ਗੁਰੂ ਤੋਂ ਦੂਸਰੇ ਗੁਰੂ ਕੋਲ ਜਾਂਦੀਆਂ ਰਹਿੰਦੀਆਂ ਸਨ ਤੇ ਜੋ ਹਮੇਸ਼ਾ ਹੀ ਹਰ ਸਾਧੂ ਤੇ ਹਰ ਗੁਰੂ ਨੂੰ ਵੇਖਕੇ ਟੁੰਬੀਆਂ ਜਾਂਦੀਆਂ ਸਨ, ਉਹਨਾਂ ਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਸਨ। ਪਾਦਰੀ ਸੇਰਗਈ ਇਹਨਾਂ ਇਕੋ ਜਿਹੀਆਂ, ਸ਼ਰਧਾਹੀਣ, ਭਾਵਨਾਹੀਣ ਤੇ ਪ੍ਰੰਪਰਾਗਤ ਔਰਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਆਦਮੀ ਤੀਰਥ ਯਾਤਰੀਆਂ ਵਿਚ ਜ਼ਿਆਦਾਤਰ ਰੀਟਾਇਰਡ ਸੈਨਕ ਸਨ ਜੋ ਜੀਵਨ ਦੀ ਆਮ ਧਾਰਾ ਤੋਂ ਵੱਖ ਹੋ ਚੁਕੇ ਸਨ, ਗਰੀਬ ਤੇ ਜ਼ਿਆਦਾਤਰ ਪਿਆਕੜ ਬੁੱਢੇ ਸਨ, ਜੋ ਸਿਰਫ ਪੇਟ ਭਰਨ ਲਈ ਇਕ ਮਠ ਤੋਂ ਦੂਸਰੇ ਮਠ ਤੱਕ ਭਟਕਦੇ ਫਿਰਦੇ ਸਨ। ਇਸ ਭੀੜ ਵਿਚ ਅਨਪੜ੍ਹ ਕਿਸਾਨ ਤੇ ਕਿਸਾਨ ਔਰਤਾਂ ਵੀ ਸਨ ਤੇ ਇਹ ਸਾਰੇ ਆਪਣੇ ਸਵਾਰਥ ਸਿਧ ਕਰਨ ਦੇ ਹਿੱਤ ਨਾਲ ਰੋਗੀ ਨੂੰ ਰਾਜ਼ੀ ਕਰਾਉਣ ਜਾਂ ਕਾਰ ਵਿਹਾਰਕ ਕੰਮਾਂ-ਬੇਟੀ ਦੀ ਸ਼ਾਦੀ ਕਰਨ, ਦੁਕਾਨ ਕਿਰਾਏ ਉਤੇ ਲੈਣ ਤੇ ਜ਼ਮੀਨ ਖਰੀਦਣ ਦੇ ਬਾਰੇ ਆਪਣੇ ਸੰਦੇਹ ਮਿਟਾਉਣ, ਹਰਾਮੀ ਬੱਚੇ ਜਾਂ ਮਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮੌਤ ਦਾ ਪਾਪ ਆਪਣੇ ਸਿਰ ਤੋਂ ਉਤਰਵਾਉਣ ਲਈ ਹੀ ਇਥੇ ਆਏ ਸਨ। ਪਾਦਰੀ ਸੇਰਗਈ ਬਹੁਤ ਸਮੇਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੂ ਸੀ ਤੇ ਉਹਨਾਂ ਵਿਚ ਉਸਦੀ ਕੋਈ ਵੀ ਦਿਲਚਸਪੀ ਨਹੀਂ ਸੀ। ਉਹ ਜਾਣਦਾ ਸੀ ਕਿ ਇਹਨਾਂ ਲੋਕਾਂ ਤੋਂ ਉਸਨੂੰ ਕੋਈ ਵੀ ਨਵੀਂ ਜਾਣਕਾਰੀ ਨਹੀਂ ਮਿਲ ਸਕਦੀ, ਕਿ ਇਹ ਲੋਕ ਉਸ ਵਿਚ ਕਿਸੇ ਤਰ੍ਹਾਂ ਦੀ ਵੀ ਧਾਰਮਕ ਭਾਵਨਾ ਪੈਦਾ ਨਹੀਂ ਕਰਦੇ, ਪਰ ਭੀੜ ਦੇ ਰੂਪ ਵਿਚ ਉਹਨਾਂ ਨੂੰ ਵੇਖਣਾ ਉਸਨੂੰ ਪਸੰਦ ਸੀ। ਐਸੀ ਭੀੜ ਦੇ ਰੂਪ ਵਿਚ, ਜਿਸਨੂੰ ਉਸਦੀ ਤੇ ਉਸਦੇ ਅਸ਼ੀਰਵਾਦ ਦੀ ਜ਼ਰੂਰਤ ਸੀ, ਜੋ ਉਸਦੇ ਸ਼ਬਦਾਂ ਨੂੰ ਮਹੱਤਤਾ ਦਿੰਦੀ ਸੀ। ਇਸੇ ਲਈ ਇਸ ਭੀੜ ਤੋਂ ਉਸਨੂੰ ਥਕਾਵਟ ਨਹੀਂ ਹੁੰਦੀ ਸੀ ਤੇ ਨਾਲ ਹੀ ਖੁਸ਼ੀ ਵੀ ਮਿਲਦੀ ਸੀ। ਪਾਦਰੀ ਸੇਰਾਪੀਓਨ ਨੇ ਇਹ ਕਹਿਕੇ ਲੋਕਾਂ ਨੂੰ ਭਜਾਉਣਾ ਚਾਹਿਆ ਕਿ ਸੇਰਗਈ ਥੱਕ ਗਏ ਹਨ, ਪਰ ਸੇਰਗਈ ਨੂੰ ਅੰਜੀਲ ਦੇ ਇਹ ਸ਼ਬਦ- "ਉਹਨਾਂ ਨੂੰ (ਬਚਿਆਂ ਨੂੰ) ਮੇਰੇ ਪਾਸ ਆਉਣ ਵਿਚ ਰੁਕਾਵਟ ਨਹੀਂ ਪਾਓ" -ਯਾਦ ਆ ਗਏ ਤੇ ਇਸਦੇ ਨਾਲ ਹੀ ਉਸਨੂੰ ਸਵੈ-ਸੰਤੁਸ਼ਟਤਾ ਦਾ ਅਹਿਸਾਸ ਹੋਇਆ ਤੇ ਉਸਨੇ ਕਿਹਾ ਕਿ ਉਹਨਾਂ ਨੂੰ ਆਉਣ ਦਿਤਾ ਜਾਏ। ਪਾਦਰੀ ਸੇਰਗਈ ਉਠਿਆ, ਉਸ ਜੰਗਲੇ ਕੋਲ ਗਿਆ, ਜਿਸਦੇ ਆਲੇ ਦੁਆਲੇ ਇਹ ਲੋਕ ਜਮ੍ਹਾ ਸਨ, ਉਹਨਾਂ ਨੂੰ ਅਸ਼ੀਰਵਾਦ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਗਾ। ਉਸਦੀ ਆਵਾਜ਼ ਏਨੀ ਦੁਰਬਲ ਸੀ ਕਿ ਉਹ ਖੁਦ ਟੁੰਬਿਆ ਗਿਆ। ਪਰ ਬਹੁਤ ਚਾਹੁਣ ਉਤੇ ਵੀ ਉਹ ਸਾਰਿਆਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ, ਉਸਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ, ਉਹ ਲੜਖੜਾਇਆ ਤੇ ਸੰਭਲਣ ਲਈ ਜੰਗਲੇ ਨੂੰ ਫੜ ਲਿਆ। ਫਿਰ ਉਸਨੇ ਖੂਨ ਸਿਰ ਵਲ ਦੌੜਦਾ ਮਹਿਸੂਸ ਕੀਤਾ ਤੇ ਉਸਦਾ ਚਿਹਰਾ ਪਹਿਲਾਂ ਤਾਂ ਪੀਲਾ ਪੈ ਗਿਆ ਤੇ ਫਿਰ ਅਚਾਨਕ ਲਾਲ ਹੋ ਗਿਆ। "ਲਗਦੈ ਕਿ ਇਹ ਸਭ ਕੁਝ ਕਲ੍ਹ ਉਤੇ ਛਡਣਾ ਪਵੇਗਾ। ਅੱਜ ਮੈਂ ਹੋਰ ਕੁਝ ਵੀ ਨਹੀਂ ਕਰ ਸਕਦਾ," ਉਸਨੇ ਕਿਹਾ ਤੇ ਸਾਰਿਆਂ ਨੂੰ ਇਕੋ ਵਾਰੀ ਅਸ਼ੀਰਵਾਦ ਦੇ ਕੇ ਬੈਂਚ ਵਲ ਤੁਰ ਪਿਆ। ਵਪਾਰੀ ਨੇ ਉਸਨੂੰ ਫਿਰ ਸਹਾਰਾ ਦਿਤਾ ਤੇ ਹੱਥ ਫੜਕੇ ਬੈਂਚ ਉਤੇ ਜਾ ਬਿਠਾਇਆ।
"ਧਰਮ-ਪਿਤਾ"! ਭੀੜ ਵਿਚੋਂ ਸੁਣਾਈ ਦਿਤਾ। "ਧਰਮ-ਪਿਤਾ! ਮਹਾਤਮਾ! ਸਾਨੂੰ ਛੱਡ ਨਾ ਜਾਣਾ! ਤੁਹਾਡੇ ਬਿਨਾਂ ਸਾਡਾ ਕੌਣ ਸਹਾਰਾ ਹੋਵੇਗਾ!"
ਪਾਦਰੀ ਸੇਰਗਈ ਨੂੰ ਐਲਮ ਦਰਖ਼ਤ ਦੀ ਛਾਂ ਹੇਠ ਬੈਂਚ ਉਤੇ ਬਿਠਾ ਕੇ ਵਪਾਰੀ -ਇਕ ਪੁਲੀਸ ਵਾਲੇ ਦੀ ਤਰ੍ਹਾਂ ਬੜੀ ਦ੍ਰਿੜਤਾ ਨਾਲ ਲੋਕਾਂ ਨੂੰ ਖਿੰਡਾਉਣ ਲਗਾ। ਇਹ ਸੱਚ ਹੈ ਕਿ ਉਹ ਹੌਲੀ ਹੌਲੀ ਬੋਲਦਾ ਸੀ ਤਾਂ ਕਿ ਪਾਦਰੀ ਸੇਰਗਈ ਨੂੰ ਉਸਦੇ ਬੋਲ ਸੁਣਾਈ ਨਾ ਦੇਣ ਪਰ ਗੁੱਸੇ ਨਾਲ ਤੇ ਡਾਂਟਦਿਆਂ ਹੋਇਆਂ ਉਹ ਉਹਨਾਂ ਨੂੰ ਕਹਿ ਰਿਹਾ ਸੀ।
"ਦੌੜੋ, ਦੌੜੋ ਇਥੋਂ। ਅਸ਼ੀਰਵਾਦ ਮਿਲ ਗਿਆ, ਹੋਰ ਕੀ ਚਾਹੁੰਦੇ ਹੋ? ਚਲਦੇ ਬਣੋ। ਵਰਨਾ ਧੌਣ ਮਰੋੜ ਦੇਵਾਂਗਾਂ। ਚਲੋ, ਚਲੋ ਇਥੋਂ! ਏ ਬੁੱਢੀਏ,- ਕਾਲੀਆਂ ਪੱਟੀਆਂ ਵਾਲੀਏ, ਜਾ ਇਥੋਂ, ਜਾਹ। ਕਿੱਧਰ ਵਧਦੀ ਆ ਰਹੀ ਏ। ਕਹਿ ਤਾਂ ਦਿਤਾ ਹੈ ਅੱਜ ਹੋਰ ਕੁਝ ਨਹੀਂ ਹੋਵੇਗਾ। ਕੱਲ ਫਿਰ ਪ੍ਰਮਾਤਮਾ ਦੀ ਕ੍ਰਿਪਾ ਹੋਵੇਗੀ, ਅੱਜ ਉਹ ਬਿਲਕੁਲ ਥੱਕ ਗਏ ਹਨ।"
"ਭਰਾਵਾ, ਬੱਸ ਇਕ ਨਜ਼ਰ ਉਸਦਾ ਪਿਆਰਾ ਚਿਹਰਾ ਦੇਖ ਲੈਣ ਦੇਣ", ਬੁੱਢੀ ਨੇ ਮਿੰਨਤ ਕੀਤੀ।
"ਹੁਣੇ ਵਿਖਾਉਂਦਾ ਹਾਂ ਤੈਨੂੰ ਉਸਦਾ ਚਿਹਰਾ! ਕਿਧਰ ਵਧਦੀ ਜਾ ਰਹੀ ਏ?"
ਪਾਦਰੀ ਸੇਰਗਈ ਨੇ ਵੇਖਿਆ ਕਿ ਵਪਾਰੀ ਕੁਝ ਜ਼ਿਆਦਾ ਹੀ ਕਰੜਾਈ ਦਿਖਾ ਰਿਹਾ ਹੈ ਤੇ ਉਸਨੇ ਕਮਜ਼ੋਰ ਜੇਹੀ ਆਵਾਜ਼ ਨਾਲ ਪ੍ਰਚਾਰਕ ਨੂੰ ਕਿਹਾ ਕਿ ਉਹ ਲੋਕਾਂ ਨੂੰ ਖਿੰਡਾਉਣ ਤੋਂ ਉਸਨੂੰ ਮਨ੍ਹਾ ਕਰ ਦੇਵੇ। ਪਾਦਰੀ ਸੇਰਗਈ ਜਾਣਦਾ ਸੀ ਕਿ ਵਪਾਰੀ ਉਹਨਾਂ ਨੂੰ ਖਿੰਡਾ ਤਾਂ ਦੇਵੇਗਾ ਕੀ ਤੇ ਉਹ ਖੁਦ ਵੀ ਇਹ ਹੀ ਚਾਹੁੰਦਾ ਸੀ ਕਿ ਇਕੱਲਾ ਰਹਿ ਜਾਏ ਤੇ ਆਪ ਆਰਾਮ ਕਰ ਸਕੇ, ਪਰ ਫਿਰ ਵੀ ਉਸਨੇ ਪ੍ਰਭਾਵ ਪੈਦਾ ਕਰਨ ਲਈ ਪ੍ਰਚਾਰਕ ਨੂੰ ਵਪਾਰੀ ਕੋਲ ਭੇਜਿਆ।
"ਠੀਕ ਹੈ, ਠੀਕ ਹੈ! ਮੈਂ ਇਹਨਾਂ ਨੂੰ ਖਿੰਡਾ ਨਹੀਂ ਰਿਹਾ, ਅਕਲ ਸਿਖਾ ਰਿਹਾ ਹਾਂ। ਇਹ ਲੋਕ ਤਾਂ ਆਦਮੀ ਦੀ ਜਾਨ ਲੈ ਕੇ ਹੀ ਸਬਰ ਕਰਦੇ ਹਨ। ਦਯਾ ਤਾਂ ਜਾਣਦੇ ਹੀ ਨਹੀਂ, ਸਿਰਫ ਆਪਣੀ ਹੀ ਚਿੰਤਾ ਕਰਦੇ ਹਨ। ਕਹਿ ਤਾਂ ਦਿਤਾ ਹੈ ਕਿ ਇਧਰ ਨਹੀਂ ਆਓ। ਜਾਓ ਵਾਪਸ। ਕੱਲ ਆਉਣਾ।"
ਵਪਾਰੀ ਨੇ ਸਾਰਿਆਂ ਨੂੰ ਖਿੰਡਾ ਦਿਤਾ।
ਵਪਾਰੀ ਨੇ ਏਨਾਂ ਉਤਸ਼ਾਹ ਇਸ ਲਈ ਵੀ ਦਿਖਾਇਆ ਸੀ ਕਿ ਉਸਨੂੰ </poem> ਅਮਨ-ਅਮਾਨ ਪਸੰਦ ਸੀ, ਲੋਕਾਂ ਨੂੰ ਖਿੰਡਾਉਣਾ ਤੇ ਉਹਨਾਂ ਉਤੇ ਹੁਕਮ ਚਲਾਉਣਾ ਚੰਗਾ ਲਗਦਾ ਸੀ ਤੇ ਖ਼ਾਸ ਗੱਲ ਇਹ ਸੀ ਕਿ ਉਸਨੂੰ ਪਾਦਰੀ ਸੇਰਗਈ ਨਾਲ ਮਤਲਬ ਸੀ। ਉਹ ਰੰਡਾ ਸੀ, ਉਸਦੀ ਇਕਲੌਤੀ ਲੜਕੀ ਬਿਮਾਰ ਸੀ ਤੇ ਉਸਦਾ ਵਿਆਹ ਨਹੀਂ ਹੋ ਸਕਦਾ ਸੀ। ਉਹ ਚੌਦ੍ਹਾਂ ਸੌ ਵਰਸਟ ਤੋਂ ਆਪਣੀ ਲੜਕੀ ਨੂੰ ਇਸ ਲਈ ਲੈ ਕੇ ਇਥੇ ਆਇਆ ਸੀ ਕਿ ਪਾਦਰੀ ਸੇਰਗਈ ਉਸਨੂੰ ਰਾਜ਼ੀ ਕਰ ਦੇਵੇ। ਲੜਕੀ ਦੀ ਦੋ ਸਾਲ ਦੀ ਬਿਮਾਰੀ ਦੇ ਦੌਰਾਨ ਉਸਨੇ ਵੱਖ-ਵੱਖ ਥਾਵਾਂ ਤੋਂ ਉਸਦਾ ਇਲਾਜ ਕਰਵਾਇਆ ਸੀ। ਸ਼ੁਰੂ ਵਿਚ ਗੁਬੇਰਨੀਆਂ ਦੇ ਵਿਸ਼ਵ-ਵਿਦਿਆਲੇ ਵਾਲੇ ਇਕ ਸ਼ਹਿਰ ਦੇ ਹਸਪਤਾਲ ਵਿਚ-ਪਰ ਕੋਈ ਫਾਇਦਾ ਨਾ ਹੋਇਆ; ਇਸ ਪਿਛੋਂ ਸਮਾਰਾ ਗੁਬੇਰਨੀਆ ਦੇ ਇਕ ਪੇਂਡੂ ਪਾਸ ਉਸਨੂੰ ਲੈ ਗਿਆ- ਉਥੇ ਕੁਝ ਫਾਇਦਾ ਹੋਇਆ ਤੇ ਫਿਰ ਮਾਸਕੋ ਦੇ ਇਕ ਡਾਕਟਰ ਤੋਂ ਇਲਾਜ ਕਰਵਾਇਆ, ਜਿਸਨੇ ਖੂਬ ਪੈਸੇ ਬਟੋਰੇ ਸਨ, ਪਰ ਫਾਇਦਾ ਕੁਝ ਨਹੀਂ ਹੋਇਆ ਸੀ। ਹੁਣ ਕਿਸੇ ਨੇ ਉਸਨੂੰ ਕਿਹਾ ਸੀ ਕਿ ਪਾਦਰੀ ਸੇਰਗਈ ਲੋਕਾਂ ਨੂੰ ਸਵਾਸਥ ਦਾਨ ਕਰਦਾ ਹੈ, ਇਸ ਲਈ ਉਹ ਆਪਣੀ ਲੜਕੀ ਨੂੰ ਇੱਥੇ ਲਿਆਇਆ ਸੀ। ਖੈਰ, ਭੀੜ ਨੂੰ ਖਿੰਡਾਉਣ ਤੋਂ ਪਿਛੋਂ ਉਹ ਪਾਦਰੀ ਸੇਰਗਈ ਕੋਲ ਆਇਆ ਤੇ ਕਿਸੇ ਪ੍ਰਕਾਰ ਦੀ ਵੀ ਭੂਮਿਕਾ ਬੰਨ੍ਹਣ ਤੋਂ ਬਿਨਾਂ ਉਸਦੇ ਸਾਮ੍ਹਣੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਹਿਣ ਲਗਾ-
"ਹੇ ਸੰਤ ਮਹਾਰਾਜ! ਮੇਰੀ ਬਿਮਾਰ ਲੜਕੀ ਨੂੰ ਰਾਜ਼ੀ ਕਰ ਦਿਓ, ਉਸਦੀ ਪੀੜਾ ਹਰ ਲਵੋ। ਮੈਂ ਤੁਹਾਡੇ ਪਵਿੱਤਰ ਚਰਨਾਂ ਨੂੰ ਛੂੰਹਦਾ ਹਾਂ।"
ਤੇ ਉਸਨੇ ਹੱਥ ਜੋੜ ਦਿਤੇ। ਇਹ ਸਭ ਕੁਝ ਉਸਨੇ ਐਸੇ ਢੰਗ ਨਾਲ ਕੀਤਾ ਤੇ ਕਿਹਾ ਜਿਵੇਂ ਇਹ ਕਾਨੂੰਨ ਤੇ ਰੀਤੀ-ਰਿਵਾਜ ਦੇ ਅਨੁਸਾਰ ਸਪਸ਼ਟ ਰੂਪ ਨਾਲ ਨਿਸ਼ਚਿਤ ਕੋਈ ਮੰਤਰ ਹੋਵੇ, ਜਿਵੇਂ ਕਿ ਸਿਰਫ ਏਸੇ ਢੰਗ ਨਾਲ, ਨਾ ਕਿ ਕਿਸੇ ਵੀ ਦੂਸਰੇ ਢੰਗ ਨਾਲ, ਉਸਨੂੰ ਆਪਣੀ ਲੜਕੀ ਨੂੰ ਰਾਜ਼ੀ ਕਰਵਾਉਣ ਦੀ ਪ੍ਰਾਰਥਨਾ ਕਰਨੀ ਚਾਹੀਦੀ ਸੀ। ਉਸਨੇ ਐਸੇ ਆਤਮ-ਵਿਸ਼ਵਾਸ ਨਾਲ ਇਹ ਕੁਝ ਕੀਤਾ ਕਿ ਪਾਦਰੀ ਸੇਰਗਈ ਤਕ ਨੂੰ ਵੀ ਐਸਾ ਲਗਾ ਕਿ ਇਹ ਇਸੇ ਢੰਗ ਨਾਲ ਕਿਹਾ ਤੇ ਕੀਤਾ ਜਾਣਾ ਚਾਹੀਦਾ ਹੈ। ਪਰ ਫਿਰ ਵੀ ਉਸਨੇ ਉਸਨੂੰ ਉਠਣ ਲਈ ਤੇ ਪੂਰੀ ਗੱਲ ਦੱਸਣ ਲਈ ਕਿਹਾ। ਵਪਾਰੀ ਨੇ ਦੱਸਿਆ ਕਿ ਉਸਦੀ ਲੜਕੀ ਬਾਈ ਸਾਲ ਦੀ ਕੁਆਰੀ ਕੁੜੀ ਹੈ, ਦੋ ਸਾਲ ਪਹਿਲਾਂ ਮਾਂ ਦੀ ਅਚਾਨਕ ਮੌਤ ਹੋ ਜਾਣ ਨਾਲ ਉਹ ਬਿਮਾਰ ਹੋ ਗਈ-ਪਿਤਾ ਦੇ ਸ਼ਬਦਾਂ ਵਿਚ, ਉਸਨੇ ਚੀਖ਼ ਮਾਰੀ ਤੇ ਉਦੋਂ ਤੋਂ ਹੀ ਬਿਮਾਰ ਹੈ। ਚੌਦਾਂ ਸੌ ਵਰਸਟ ਦੀ ਦੂਰੀ ਤੋਂ ਉਹ ਉਸਨੂੰ ਇਥੇ ਲਿਆਇਆ ਹੈ ਤੇ ਇਸ ਸਮੇਂ ਉਹ ਹੋਸਟਲ ਵਿਚ ਬੈਠੀ ਇਸ ਗੱਲ ਦੀ ਇੰਤਜ਼ਾਰ ਕਰ ਰਹੀ ਹੈ ਕਿ ਪਾਦਰੀ ਸੇਰਗਈ ਕਦੋਂ ਉਸਨੂੰ ਉਥੇ ਆਉਣ ਦਾ ਆਦੇਸ਼ ਦੇਂਦੇ ਹਨ। ਦਿਨ ਵੇਲੇ ਉਹ ਕਿਤੇ ਨਹੀਂ ਜਾਂਦੀ, ਉਜਾਲੇ ਤੋਂ ਡਰਦੀ ਹੈ ਤੇ ਸਿਰਫ਼ ਸੂਰਜ ਡੁੱਬਣ ਤੋਂ ਪਿਛੋਂ ਹੀ ਬਾਹਰ ਨਿਕਲ ਸਕਦੀ ਹੈ।
"ਤਾਂ ਕੀ ਉਹ ਬਹੁਤ ਕਮਜ਼ੋਰ ਹੈ?" ਪਾਦਰੀ ਸੇਰਗਈ ਨੇ ਪੁਛਿਆ। "ਕਮਜ਼ੋਰ ਤਾਂ ਉਹ ਖਾਸ ਨਹੀਂ ਹੈ, ਤਕੜੀ ਏ, ਪਰ ਜਿਸ ਤਰ੍ਹਾਂ ਕਿ ਡਾਕਟਰ ਨੇ ਕਿਹਾ ਸੀ, ਨਰਵਸਥੀਨੀਆ ਹੈ ਉਸਨੂੰ। ਜੇ ਤੁਸੀਂ ਉਸਨੂੰ ਲਿਆਉਣ ਦੀ ਆਗਿਆ ਦੇਵੋ, ਤਾਂ ਮੈਂ ਚੁਟਕੀ ਵਜਾਉਂਦਿਆਂ ਉਸਨੂੰ ਇਥੇ ਲੈ ਆਵਾਂ। ਹੇ ਧਰਮਾਤਮਾ! ਇਕ ਬਾਪ ਦੇ ਦਿਲ ਨੂੰ ਨਵਜੀਵਨ ਦਿਓ, ਉਸਦਾ ਬੰਸ, ਅੱਗੇ ਵਧਾਓ, ਆਪਣੀ ਪ੍ਰਾਰਥਨਾ ਨਾਲ ਮੇਰੀ ਬਿਮਾਰ ਲੜਕੀ ਦੀ ਜਾਨ ਬਚਾ ਦਿਓ।"
ਵਪਾਰੀ ਇਕ ਵਾਰੀ ਫਿਰ ਗੋਡਿਆਂ ਦੇ ਭਾਰ ਹੋ ਗਿਆ ਤੇ ਇਕ ਪਾਸੇ ਨੂੰ ਜੁੜੇ ਹੋਏ ਹੱਥਾਂ ਉਤੇ ਸਿਰ ਧਰਕੇ ਬੁੱਤ ਜਿਹਾ ਬਣ ਗਿਆ। ਪਾਦਰੀ ਸੇਰਗਈ ਨੇ ਉਸਨੂੰ ਫਿਰ ਉੱਠਣ ਲਈ ਕਿਹਾ ਤੇ ਇਹ ਸੋਚਕੇ ਕਿ ਉਸਦੇ ਕੰਮ-ਕਾਜ ਕਿੰਨੇ ਮੁਸ਼ਕਿਲ ਹਨ, ਪਰ ਉਸਦੇ ਬਾਵਜੂਦ ਉਹ ਕਿਸੇ ਕਿਸਮ ਦਾ ਇਤਰਾਜ਼ ਕੀਤੇ ਬਿਨਾਂ ਉਹਨਾਂ ਨੂੰ ਪੂਰਾ ਕਰਦਾ ਹੈ, ਉਸਨੇ ਡੂੰਘਾ ਹਉਕਾ ਭਰਿਆ ਅਤੇ ਕੁਝ ਪਲ ਦੀ ਚੁੱਪ ਪਿਛੋਂ ਉਸਨੇ ਕਿਹਾ:
"ਠੀਕ ਹੈ, ਸ਼ਾਮ ਨੂੰ ਉਸਨੂੰ ਨੂੰ ਆਉਣਾ। ਮੈਂ ਉਸ ਲਈ ਪ੍ਰਾਰਥਨਾ ਕਰਾਂਗਾ, ਪਰ ਇਸ ਵੇਲੇ ਤਾਂ ਮੈਂ ਬਹੁਤ ਥੱਕਿਆ ਹੋਇਆ ਤੇ ਉਸਨੇ ਅੱਖਾਂ ਬੰਦ ਕਰ ਲਈਆਂ।" ਫਿਰ ਮੈਂ ਬੁਲਵਾ ਭੇਜਾਂਗਾ।
ਵਪਾਰੀ ਪੱਬਾਂ ਭਾਰ ਉਥੋਂ ਚਲ ਪਿਆ,ਜਿਸ ਨਾਲ ਰੇਤ ਉਤੇ ਉਸਦੀ ਜੁੱਤੀ ਨੇ ਹੋਰ ਵੀ ਜ਼ਿਆਦਾ ਚਰਰ-ਚਰਰ ਕੀਤੀ। ਪਾਦਰੀ ਸੇਰਗਈ ਇਕੱਲਾ ਰਹਿ ਗਿਆ।
ਪਾਦਰੀ ਸੇਰਗਈ ਦਾ ਸਾਰਾ ਸਮਾਂ ਪ੍ਰਾਰਥਨਾਵਾਂ ਅਤੇ ਦਰਸ਼ਕਾਂ ਨੂੰ ਮਿਲਣ ਗਿਲਣ ਵਿਚ ਹੀ ਲੰਘਦਾ ਸੀ, ਪਰ ਅੱਜ ਦਾ ਦਿਨ ਤਾਂ ਖ਼ਾਸ ਕਰਕੇ ਮੁਸ਼ਕਿਲ ਰਿਹਾ ਸੀ। ਸਵੇਰੇ ਹੀ ਉੱਚਾ ਅਫਸਰ ਆ ਗਿਆ ਸੀ ਤੇ ਦੇਰ ਤੱਕ ਉਹ ਗੱਲਾਂ ਕਰਦਾ ਰਿਹਾ ਸੀ। ਉਸ ਤੋਂ ਪਿਛੋਂ ਇਕ ਔਰਤ ਆਪਣੇ ਲੜਕੇ ਨੂੰ ਲੈ ਕੇ ਆ ਗਈ। ਉਸਦਾ ਲੜਕਾ ਜਵਾਨ ਪ੍ਰੋਫੈਸਰ ਤੇ ਨਾਸਤਿਕ ਸੀ। ਪਰ ਮਾਂ ਪੱਕੀ ਆਸਤਿਕ ਸੀ ਤੇ ਪਾਦਰੀ ਸੇਰਗਈ ਦੀ ਵੱਡੀ ਭਗਤ ਸੀ। ਉਹ ਇਸ ਲਈ ਲੜਕੇ ਨੂੰ ਇਥੇ ਲਿਆਈ ਸੀ ਕਿ ਪਾਦਰੀ ਸੇਰਗਈ ਉਸ ਨਾਲ ਗੱਲਬਾਤ ਕਰੇ। ਗੱਲਬਾਤ ਬੜੀ ਮੁਸ਼ਕਿਲ ਰਹੀ। ਜਵਾਨ ਪ੍ਰੋਫੈਸਰ ਸ਼ਾਇਦ ਸਾਧੂ ਨਾਲ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦਾ ਤੇ ਇਸ ਲਈ ਉਸਦੀ ਹਰ ਗੱਲ ਨਾਲ ਇਸ ਤਰ੍ਹਾਂ ਸਹਿਮਤ ਹੋ ਜਾਂਦਾ ਸੀ, ਜਿਸ ਤਰ੍ਹਾਂ ਕੋਈ ਆਪਣੇ ਤੋਂ ਕਮਜ਼ੋਰ ਦੀ ਗੱਲ ਮੰਨ ਲੈਂਦਾ ਹੈ। ਪਰ ਪਾਦਰੀ ਸੇਰਗਈ ਤਾਂ ਮਹਿਸੂਸ ਕਰ ਰਿਹਾ ਸੀ ਕਿ ਇਹ ਨੌਜਵਾਨ ਪ੍ਰਮਾਤਮਾ ਨੂੰ ਨਹੀਂ ਮੰਨਦਾ, ਪਰ ਇਸ ਦੇ ਬਾਵਜੂਦ ਉਹ ਖੁਸ਼ ਹੈ, ਸੁਖ ਤੇ ਚੈਨ ਮਹਿਸੂਸ ਕਰਦਾ ਹੈ। ਹੁਣ ਉਸ ਗੱਲਬਾਤ ਦੀ ਯਾਦ ਆਉਣ ਤੇ ਉਸਦਾ ਮਨ ਬੇਚੈਨ ਹੋ ਉਠਿਆ।
"ਮਹਾਰਾਜ, ਭੋਜਨ ਕਰ ਲਓ," ਸਹਾਇਕ ਸੰਤ ਬੋਲਿਆ।
"ਹਾਂ, ਕੁਝ ਲੈ ਆਓ।"
ਸਹਾਇਕ ਸੰਤ ਗੁਫਾ ਦੇ ਦਰਵਾਜ਼ੇ ਰਾਹੀਂ ਕੋਈ ਦਸ ਕੁ ਕਦਮ ਦੀ ਦੂਰੀ ਉਤੇ ਬਣੀ ਹੋਈ ਕੋਠੜੀ ਵਿਚ ਗਿਆ ਤੇ ਪਾਦਰੀ ਸੇਰਗਈ ਇਕੱਲਾ ਰਹਿ ਗਿਆ।
ਉਹ ਸਮਾਂ ਕਦੋਂ ਦਾ ਬੀਤ ਚੁੱਕਿਆ ਸੀ, ਜਦੋਂ ਪਾਦਰੀ ਸੇਰਗਈ ਇਕੱਲਾ ਰਹਿੰਦਾ ਸੀ, ਖੁਦ ਹੀ ਆਪਣੀ ਦੇਖ-ਭਾਲ ਕਰਦਾ ਸੀ ਤੇ ਕੇਵਲ ਡਬਲਰੋਟੀ ਤੇ ਡਬਲਰੋਟੀ ਦਾ ਪ੍ਰਸ਼ਾਦ ਹੀ ਖਾਂਦਾ ਸੀ। ਬਹੁਤ ਦੇਰ ਪਹਿਲਾਂ ਹੀ ਉਸਨੂੰ ਪ੍ਰਤੱਖ ਪ੍ਰਮਾਣਾਂ ਨਾਲ ਇਹ ਸਪਸ਼ਟ ਕਰ ਦਿਤਾ ਗਿਆ ਸੀ ਕਿ ਉਸਨੂੰ ਆਪਣੀ ਸਿਹਤ ਵਲੋਂ ਅਣਗਹਿਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹ ਉਸਨੂੰ ਵੈਸ਼ਨੋਂ ਪਰ ਪੌਸ਼ਟਿਕ ਖੁਰਾਕ ਖੁਆਉਂਦੇ ਸਨ। ਉਹ ਘੱਟ, ਪਰ ਪਹਿਲੇ ਤੋਂ ਕਿਤੇ ਜ਼ਿਆਦਾ ਤੇ ਅਕਸਰ ਬੜੇ ਮਜ਼ੇ ਨਾਲ ਖਾਂਦਾ, ਜਦ ਕਿ ਪਹਿਲਾਂ ਘ੍ਰਿਣਾ ਨਾਲ ਤੇ ਪਾਪ ਸਮਝਦੇ ਹੋਏ ਐਸਾ ਕਰਦਾ ਸੀ। ਇਸ ਸਮੇਂ ਵੀ ਇਸ ਤਰ੍ਹਾਂ ਹੀ ਹੋਇਆ। ਉਸਨੇ ਦਲੀਆ ਖਾਧਾ, ਚਾਹ ਦਾ ਪਿਆਲਾ ਪੀਤਾ ਤੇ ਅੱਧੀ ਚਿੱਟੀ ਡਬਲ ਰੋਟੀ ਖਾ ਲਈ।
ਪ੍ਰਚਾਰਕ ਚਲਾ ਗਿਆ ਤੇ ਪਾਦਰੀ ਸੇਰਗਈ ਐਲਮ ਦਰਖ਼ਤ ਦੇ ਥੱਲੇ ਇਕੱਲਾ ਹੀ ਬੈਠਾ ਰਹਿ ਗਿਆ।
ਮਈ ਮਹੀਨੇ ਦੀ ਬਹੁਤ ਹੀ ਸੁਹਾਵਣੀ ਸ਼ਾਮ ਸੀ, ਭੋਜ, ਐਸਪਨ, ਐਲਮ, ਬਰਡਚੈਰੀ ਤੇ ਬਲੂਤ ਦੇ ਦਰਖਤਾਂ ਦੀਆਂ ਕਰੂੰਬਲਾਂ ਨਿਕਲੀਆਂ ਹੀ ਸਨ। ਐਲਮ ਦੇ ਪਿਛੋਂ ਬਰਡ-ਚੈਰੀ ਦੀਆਂ ਝਾੜੀਆਂ ਖ਼ੂਬ ਜੋਬਨ ਉਤੇ ਸਨ। ਬੁਲਬੁਲਾਂ, ਇਕ ਤਾਂ ਬਿਲਕੁਲ ਕੋਲ ਹੀ ਸੀ, ਅਤੇ ਦੋ ਜਾਂ ਤਿੰਨ ਥੱਲੇ, ਨਦੀ ਦੇ ਕੋਲ ਆਪਣੇ ਗੀਤ ਗਾ ਰਹੀਆਂ ਸਨ, ਦੂਰ ਨਦੀ ਵਲੋਂ ਗਾਣੇ ਦੀ ਆਵਾਜ਼ ਆ ਰਹੀ ਸੀ, ਸ਼ਾਇਦ ਕੰਮ ਤੋਂ ਵਾਪਸ ਆਉਂਦੇ ਹੋਏ ਮਜ਼ਦੂਰ ਗਾ ਰਹੇ ਸਨ। ਸੂਰਜ ਜੰਗਲ ਪਿਛੇ ਜਾ ਚੁਕਾ ਸੀ ਅਤੇ ਉਸ ਦੀਆਂ ਟੇਢੀਆਂ ਕਿਰਨਾਂ ਹਰਿਆਲੀ ਉਤੇ ਵਿਛੀਆਂ ਹੋਈਆਂ ਸਨ। ਇਹ ਪਾਸਾ ਪੂਰੀ ਤਰ੍ਹਾਂ ਰੌਸ਼ਨ ਸੀ ਤੇ ਦੂਸਰਾ ਐਲਮ ਵਾਲਾ, ਅਨ੍ਹੇਰਾ ਸੀ। ਗੁਬਰੈਲੇ ਉੱਡਦੇ ਸਨ, ਖੰਭ ਫੜਫੜਾਉਂਦੇ ਸਨ ਅਤੇ ਹੇਠਾਂ ਡਿੱਗ ਪੈਂਦੇ ਸਨ।
ਸ਼ਾਮ ਦੇ ਭੋਜਨ ਤੋਂ ਪਿਛੋਂ ਪਾਦਰੀ ਸੇਰਗਈ ਮਨ ਹੀ ਮਨ ਵਿਚ ਪ੍ਰਾਰਥਨਾ ਕਰਨ ਲਗਾ, "ਪ੍ਰਮਾਤਮਾ ਦੇ ਬੇਟੇ, ਈਸਾ-ਮਸੀਹ, ਸਾਡੇ 'ਤੇ ਦਯਾ ਕਰੋ।" ਇਸ ਤੋਂ ਪਿਛੋਂ ਉਹ ਭਜਨ ਗਾਉਣ ਲਗਾ ਤੇ ਇਸ ਸਮੇਂ ਇਕ ਚਿੜੀ ਝਾੜੀਆਂ ਵਿਚੋਂ ਉੱਡਕੇ ਜ਼ਮੀਨ ਉਤੇ ਆ ਬੈਠੀ, ਚਹਿਕਦੀ ਤੇ ਫੁਦਕਦੀ ਹੋਈ ਉਸਦੇ ਕੋਲ ਆਈ. ਕਿਸੇ ਕਾਰਨ ਡਰੀ ਤੇ ਉੱਡ ਗਈ। ਪਾਦਰੀ ਸੇਰਗਈ ਆਪਣੇ ਸੰਸਾਰ-ਤਿਆਗ ਦੇ ਬਾਰੇ ਪ੍ਰਾਰਥਨਾ ਕਰ ਰਿਹਾ ਸੀ ਤੇ ਇਸਨੂੰ ਜਲਦੀ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਤਾਂ ਕਿ ਬਿਮਾਰ ਲੜਕੀ ਵਾਲੇ ਵਪਾਰੀ ਨੂੰ ਬੁਲਵਾ ਭੇਜੇ। ਉਸਨੂੰ ਇਸ ਲੜਕੀ ਵਿਚ ਦਿਲਚਸਪੀ ਮਹਿਸੂਸ ਹੋ ਰਹੀ ਸੀ। ਉਸਨੂੰ ਇਸ ਲਈ ਦਿਲਚਸਪੀ ਮਹਿਸੂਸ ਹੋ ਰਹੀ ਸੀ ਕਿ ਉਹ ਧਿਆਨ ਲਾਂਭੇ ਪਾਉਣ ਵਾਲੀ, ਕੋਈ ਨਵਾਂ ਜੀਵ ਸੀ ਕਿ ਉਹ ਤੇ ਉਸਦਾ ਬਾਪ ਉਸਨੂੰ ਇਕ ਐਸਾ ਪਹੁੰਚਿਆ ਹੋਇਆ ਮਹਾਤਮਾ ਮੰਨਦੇ ਸਨ, ਜਿਸਦੀ ਪ੍ਰਾਰਥਨਾ ਪ੍ਰਮਾਤਮਾ ਦੇ ਦਰਬਾਰ ਵਿਚ ਮੰਨ ਲਈ ਜਾਂਦੀ ਹੈ। ਉਹ ਖੁਦ ਇਸ ਤੋਂ ਇਨਕਾਰ ਕਰਦਾ ਸੀ, ਪਰ ਦਿਲ ਦੀ ਗਹਿਰਾਈ ਵਿਚ ਆਪਣੇ ਆਪ ਨੂੰ ਐਸਾ ਹੀ ਮੰਨਦਾ ਸੀ।
ਉਸਨੂੰ ਅਕਸਰ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਇਹ ਹੋ ਕਿਸ ਤਰ੍ਹਾਂ ਗਿਆ, ਕਿ ਉਹ ਸਤੇਪਾਨ ਕਸਾਤਸਕੀ ਐਸਾ ਅਸਾਧਾਰਨ ਮਹਾਤਮਾ ਤੇ ਚਮਤਕਾਰੀ ਵਿਅਕਤੀ ਬਣ ਗਿਆ। ਪਰ ਉਹ ਐਸਾ ਸੀ, ਇਸ ਵਿਚ ਕੋਈ ਸ਼ੰਕਾ ਨਹੀਂ ਸੀ। ਉਹਨਾਂ ਚਮਤਕਾਰਾਂ ਉਤੇ ਤਾਂ ਉਹ ਅਵਿਸ਼ਵਾਸ ਨਹੀਂ ਕਰ ਸਕਦਾ ਸੀ, ਜਿਹੜੇ ਉਸਨੇ ਖੁਦ ਦੇਖੇ ਸਨ। ਐਸਾ ਪਹਿਲਾ ਚਮਤਕਾਰ ਸੀ ਉਸ ਚੌਦ੍ਹਾਂ ਸਾਲ ਦੇ ਲੜਕੇ ਦਾ ਰਾਜ਼ੀ ਹੋਣਾ ਤੇ ਨਵੀਨਤਮ ਸੀ ਇਕ ਬੁੱਢੀ ਔਰਤ ਦੀਆਂ ਅੱਖਾਂ ਦੀ ਰੌਸ਼ਨੀ ਦਾ ਵਾਪਸ ਆਉਣਾ।
ਬਹੁਤ ਅਜੀਬ ਹੁੰਦਿਆਂ ਹੋਇਆ ਵੀ ਗੱਲ ਇਸੇ ਤਰ੍ਹਾਂ ਦੀ ਹੀ ਸੀ। ਵਪਾਰੀ ਦੀ ਲੜਕੀ ਵਿਚ ਉਸਦੀ ਦਿਲਚਸਪੀ ਇਸ ਲਈ ਸੀ ਕਿ ਉਹ ਨਵਾਂ ਜੀਵ ਸੀ ਤੇ ਉਸ ਵਿਚ ਯਕੀਨ ਰਖਦੀ ਸੀ ਤੇ ਇਸ ਲਈ ਵੀ ਕਿ ਉਸਦੇ ਦੁਆਰਾ ਸੁਆਸਥ-ਪ੍ਰਦਾਨ ਕਰਨ ਦੀ ਆਪਣੀ ਸ਼ਕਤੀ ਤੇ ਆਪਣੀ ਪ੍ਰਸਿਧੀ ਦੀ ਦੁਬਾਰਾ ਪੁਸ਼ਟੀ ਕਰ ਸਕਦਾ ਸੀ। "ਹਜ਼ਾਰਾਂ ਵਰਸਟ ਦੀ ਦੂਰੀ ਤੋਂ ਲੋਕ ਆਉਂਦੇ ਹਨ, ਅਖਬਾਰਾਂ ਵਿਚ ਚਰਚਾ ਹੁੰਦੀ ਹੈ, ਸਮਰਾਟ ਨੂੰ ਪਤਾ ਹੈ, ਯੂਰਪ, ਨਾਸਤਿਕ ਯੂਰਪ ਵਿਚ ਧੁੰਮਾਂ ਮੱਚੀਆਂ ਹੋਈਆਂ ਹਨ," ਉਸਨੇ ਮਨ ਹੀ ਮਨ ਵਿਚ ਸੋਚਿਆ। ਅਚਾਨਕ ਹੀ ਉਸਨੂੰ ਆਪਣੇ ਇਸ ਹੰਕਾਰ ਉਤੇ ਸ਼ਰਮ ਆਈ ਤੇ ਉਹ ਦੁਬਾਰਾ ਪ੍ਰਾਰਥਨਾ ਕਰਨ ਲਗਾ: "ਹੇ ਪ੍ਰਮਾਤਮਾ, ਅਰਸ਼ਾਂ ਦੇ ਵਾਲੀ, ਸ਼ਾਂਤੀ ਦਾਤਾ, ਸੱਚ-ਆਤਮਾ, ਆ ਕੇ ਸਾਡੇ ਦਿਲਾਂ ਵਿਚ ਵਾਸਾ ਕਰੋ, ਸਾਨੂੰ ਪਾਪਾਂ ਤੋਂ ਮੁਕਤ ਕਰੋ, ਸਾਡੀਆਂ ਆਤਮਾਵਾਂ ਦੀ ਰਖਿਆ ਕਰੋ ਤੇ ਉਹਨਾਂ ਵਿਚ ਆਪਣੀ ਜੋਤ ਜਗਾਓ। ਝੂਠੇ ਸੰਸਾਰਕ ਹੰਕਾਰ ਦੇ ਪਾਪਾਂ ਤੋਂ ਮੇਰੀ ਆਤਮਾ ਨੂੰ ਮੁਕਤ ਕਰਾਓ, "ਉਹ ਦੁਹਰਾਉਂਦਾ ਗਿਆ ਤੇ ਉਸਨੂੰ ਯਾਦ ਆਇਆ ਕਿ ਕਿੰਨ੍ਹੀ ਵਾਰੀ ਉਸਨੇ ਇਸ ਲਈ ਪ੍ਰਾਰਥਨਾ ਕੀਤੀ ਸੀ ਤੇ ਕਿੰਨੀਆਂ ਅਸਫ਼ਲ ਰਹੀਆਂ ਸਨ ਉਸਦੀ ਪ੍ਰਾਰਥਨਾਵਾਂ। ਉਸਦੀਆਂ ਪ੍ਰਾਰਥਨਾਵਾਂ ਦੂਸਰਿਆਂ ਲਈ ਚਮਤਕਾਰ ਕਰਦੀਆਂ ਸਨ, ਪਰ ਆਪਣੇ ਲਈ ਉਹ ਪ੍ਰਮਾਤਮਾ ਕੋਲੋਂ ਇਸ ਤੱਛ ਭਾਵਨਾ ਤੋਂ ਮੁਕਤੀ ਵੀ ਨਹੀਂ ਸੀ ਪ੍ਰਾਪਤ ਕਰ ਸਕਿਆ।
ਉਸਨੂੰ ਆਪਣੇ ਇਕਾਂਤਵਾਸ ਦੇ ਪਹਿਲੇ ਸਾਲ ਦੀਆਂ ਪ੍ਰਾਰਥਨਾਵਾਂ ਯਾਦ ਆ ਗਈਆਂ, ਜਦੋਂ ਉਹ ਪ੍ਰਮਾਤਮਾ ਕੋਲੋਂ ਪਵਿੱਤ੍ਰਤਾ, ਨਿਮਰਤਾ ਤੇ ਪਿਆਰ ਦਾ ਵਰਦਾਨ ਮੰਗਦਾ ਹੁੰਦਾ ਸੀ। ਉਦੋਂ ਉਸਨੂੰ ਲਗਦਾ ਸੀ ਕਿ ਪ੍ਰਮਾਤਮਾ ਉਸਦੀਆਂ ਪ੍ਰਾਰਥਨਾਵਾਂ ਸੁਣਦਾ ਵੀ ਸੀ। ਉਸਦਾ ਮਨ ਪਵਿੱਤਰ ਸੀ ਤੇ ਉਸਨੇ ਆਪਣੀ ਉਂਗਲੀ ਕੱਟ ਸੁੱਟੀ ਸੀ। ਉਸਨੇ ਆਪਣੀ ਉਂਗਲੀ ਦੀ ਬਾਕੀ ਬਚੀ ਪੋਰੀ ਉਪਰ ਚੁੱਕਕੇ ਉਸਨੂੰ ਚੁੰਮਿਆ। ਉਸਨੂੰ ਲਗਾ ਕਿ ਉਹਨੀਂ ਦਿਨੀਂ, ਜਦੋਂ ਉਹ ਆਪਣੇ ਪਾਪਾਂ ਲਈ ਨਿਰੰਤਰ ਆਪਣੇ ਆਪ ਨੂੰ ਕੋਸਿਆ ਕਰਦਾ ਸੀ, ਉਹ ਸਨਿਮਰ ਵੀ ਸੀ। ਉਸਨੂੰ ਲਗਾ ਕਿ ਉਦੋਂ ਉਸ ਵਿਚ ਪਿਆਰ ਵੀ ਸੀ, ਤੇ ਉਸਨੂੰ ਯਾਦ ਆਇਆ ਕਿ ਉਸ ਬੁੱਢੇ ਤੋਂ, ਜੋ ਉਸ ਕੋਲ ਆਇਆ ਸੀ, ਉਸ ਪਿਆਕੜ ਸੈਨਿਕ ਤੋਂ, ਜਿਸਨੇ ਉਸ ਕੋਲੋਂ ਪੈਸੇ ਮੰਗੇ ਸੀ, ਤੇ ਉਸ ਔਰਤ ਨਾਲ ਉਸਨੇ ਕੈਸਾ ਸਨੇਹ ਭਰਿਆ ਵਰਤਾਉ ਕੀਤਾ ਸੀ। ਪਰ ਹੁਣ? ਉਸਨੇ ਆਪਣੇ ਆਪ ਨੂੰ ਪੁੱਛਿਆ ਕਿ ਕੀ ਉਹ ਹੁਣ ਕਿਸ ਨੂੰ ਪਿਆਰ ਕਰਦਾ ਹੈ, ਸੋਫੀਆ ਈਵਾਨੋਵਨਾ ਨੂੰ, ਪਾਦਰੀ ਸੇਰਾਪੀਓਨ ਨੂੰ? ਕੀ ਉਸਨੇ ਉਹਨਾਂ ਲੋਕਾਂ ਸੰਬੰਧੀ ਪ੍ਰੇਮਭਾਵਨਾ ਅਨੁਭਵ ਕੀਤੀ ਸੀ, ਜੋ ਅੱਜ ਉਸ ਕੋਲ ਆਏ ਸਨ? ਉਸ ਜਵਾਨ ਪ੍ਰੋਫੈਸਰ ਪ੍ਰਤਿ, ਜਿਸ ਨਾਲ ਉਸਨੇ ਉਪਦੇਸ਼ ਦੇਂਦਿਆਂ ਗੱਲ-ਬਾਤ ਕੀਤੀ ਸੀ ਤੇ ਅਸਲ ਵਿਚ ਜਿਸਦੇ ਸਾਹਮਣੇ ਉਸਨੇ ਆਪਣੀ ਅਕਲ ਤੇ ਇਸ ਗੱਲ ਦੀ ਪ੍ਰਦਰਸ਼ਨੀ ਕਰਨੀ ਚਾਹੀ ਸੀ ਕਿ ਉਹ ਵੀ ਕੁਝ ਘੱਟ ਪੜ੍ਹਿਆ ਲਿਖਿਆ ਨਹੀਂ ਹੈ? ਲੋਕਾਂ ਦਾ ਪਿਆਰ ਪਾ ਕੇ ਉਸਨੂੰ ਖੁਸ਼ੀ ਹੁੰਦੀ ਹੈ, ਉਸਨੂੰ ਇਸਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਪਰ ਉਹਨਾਂ ਪ੍ਰਤਿ ਉਸਨੂੰ ਪਿਆਰ ਦਾ ਅਹਿਸਾਸ ਨਹੀਂ ਹੁੰਦਾ। ਹੁਣ ਨਾ ਤਾਂ ਉਸ ਵਿਚ ਪਿਆਰ ਸੀ, ਨਾ ਨਿਮਰਤਾ ਤੇ ਨਾ ਹੀ ਪਵਿੱਤਰਤਾ।
ਇਹ ਜਾਣ ਕੇ ਉਸਨੂੰ ਖੁਸ਼ੀ ਹੋਈ ਸੀ ਕਿ ਵਪਾਰੀ ਦੀ ਲੜਕੀ ਬਾਈ ਸਾਲ ਦੀ ਹੈ ਤੇ ਉਹ ਇਹ ਜਾਨਣ ਲਈ ਵੀ ਉਤਸੁਕ ਸੀ ਕਿ ਲੜਕੀ ਸੋਹਣੀ ਹੈ ਕਿ ਨਹੀਂ। ਉਸਨੇ ਜਦੋਂ ਇਹ ਪੁਛਿਆ ਸੀ ਕਿ ਕੀ ਉਹ ਬਹੁਤ ਕਮਜ਼ੋਰ ਹੈ, ਤਾਂ ਅਸਲ ਵਿਚ ਉਹ ਇਹ ਹੀ ਜਾਨਣਾ ਚਾਹੁੰਦਾ ਸੀ ਕਿ ਉਸ ਵਿਚ ਔਰਤਾਂ ਵਾਲੀ ਖਿੱਚ ਹੈ ਜਾਂ ਨਹੀਂ।
"ਕੀ ਮੇਰਾ ਏਨਾ ਪਤਨ ਹੋ ਗਿਐ?" ਉਸਨੇ ਸੋਚਿਆ। "ਹੇ ਪ੍ਰਮਾਤਮਾ, ਮੇਰੀ ਮੱਦਦ ਕਰੋ, ਮੈਨੂੰ ਉਪਰ ਉਠਾਓ, ਹੇ ਮੇਰੇ ਪ੍ਰਮਾਤਮਾ।" ਤੇ ਉਹ ਹੱਥ ਜੋੜਕੇ ਪ੍ਰਾਰਥਨਾ ਕਰਨ ਲਗਾ। ਬੁਲਬੁਲਾਂ ਆਪਣਾ ਗਾਣਾ ਗਾਈ ਜਾ ਰਹੀਆਂ ਸਨ। ਇਕ ਗੁਬਰੈਲਾ ਉੱਡਕੇ ਉਸ ਉਤੇ ਆ ਬੈਠਾ ਤੇ ਉਸਦੀ ਗਿੱਚੀ ਉਤੇ ਰੀਂਗਣ ਲਗਾ। ਉਸਨੇ ਉਸਨੂੰ ਪਰ੍ਹਾਂ ਸੁੱਟ ਮਾਰਿਆ। "ਪਰ ਕੀ ਪ੍ਰਮਾਤਮਾ ਹੈ ਵੀ? ਕੀ ਮੈਂ ਬਾਹਰੋਂ ਤਾਲਾ ਲਗੇ ਹੋਏ ਘਰ ਉਤੇ ਦਸਤਕ ਦੇ ਰਿਹਾ ਹਾਂ... ਦਰਵਾਜ਼ੇ 'ਤੇ ਲਗਾ ਹੋਇਆ ਤਾਲਾ ਤਾਂ ਕਿ ਉਸਨੂੰ ਦੇਖ ਸਕਾਂ? ਇਹ ਹੀ ਤਾਂ ਉਹ ਤਾਲਾ ਹੈ-ਬੁਲਬੁਲਾਂ, ਗੁਬਰੈਲੇ, ਪਾਕ੍ਰਿਤੀ। ਮੁਮਕਿਨ ਹੈ ਕਿ ਉਹ ਨੌਜਵਾਨ ਹੀ ਠੀਕ ਹੈ।" ਤੇ ਉਹ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨ ਲਗਾ ਤੇ ਦੇਰ ਤਕ, ਉਸ ਸਮੇਂ ਤਕ ਪ੍ਰਾਰਥਨਾ ਕਰਦਾ ਰਿਹਾ, ਜਦੋਂ ਤਕ ਕਿ ਐਸੇ ਵਿਚਾਰ ਅਲੋਪ ਨਹੀਂ ਹੋ ਗਏ ਅਤੇ ਉਸਨੂੰ ਦੁਬਾਰਾ ਮਾਨਸਿਕ ਸ਼ਾਂਤੀ ਤੇ ਵਿਸ਼ਵਾਸ ਦੀ ਤਸੱਲੀ ਨਾ ਹੋਣ ਲਗੀ। ਉਸਨੇ ਘੰਟੀ ਵਜਾਈ ਤੇ ਪ੍ਰਚਾਰਕ ਦੇ ਆਉਣ ਉਤੇ ਵਪਾਰੀ ਤੇ ਉਸਦੀ ਲੜਕੀ ਨੂੰ ਬੁਲਾ ਭੇਜਣ ਲਈ ਕਿਹਾ।
ਵਪਾਰੀ ਲੜਕੀ ਦਾ ਹੱਥ ਫੜੀ ਆਇਆ ਤੇ ਉਸਨੂੰ ਕੋਠੜੀ ਤੱਕ ਪਹੁੰਚਾ ਕੇ ਫੌਰਨ ਉਥੋਂ ਚਲਾ ਗਿਆ।
ਵਪਾਰੀ ਦੀ ਲੜਕੀ ਸੁਨਹਿਰੀ ਵਾਲਾਂ ਵਾਲੀ ਤੇ ਬੇਹੱਦ ਗੋਰੇ ਰੰਗ ਦੀ ਸੀ, ਚਿਹਰਾਂ ਉਸਦਾ ਪੀਲਾ ਸੀ, ਸਰੀਰ ਗੁਦਗੁਦਾ ਤੇ ਬੇਹੱਦ ਮਸਕੀਨ, ਬੱਚਿਆਂ ਵਰਗਾ ਸਹਿਮਿਆ ਚਿਹਰਾ, ਪਰ ਸਰੀਰਕ ਉਭਾਰ-ਨਿਖਾਰ ਔਰਤਾਂ ਵਾਲਾ ਸੀ। ਪਾਦਰੀ ਸੇਰਗਈ ਦਰਵਾਜ਼ੇ ਕੋਲ ਬੈਂਚ ਉਤੇ ਹੀ ਬੈਠਾ ਰਿਹਾ। ਲੜਕੀ ਜਦੋਂ ਕੋਠੜੀ ਵੱਲ ਜਾਂਦੀ ਹੋਈ ਉਸ ਕੋਲ ਰੁਕੀ ਤੇ ਉਸਨੇ ਉਸਨੂੰ ਆਸ਼ੀਰਵਾਦ ਦਿਤਾ, ਤਾਂ ਜਿਸ ਢੰਗ ਨਾਲ ਉਸਨੇ ਸਰੀਰ ਦੀ ਜਾਂਚ ਕੀਤੀ ਉਸ ਨਾਲ ਉਹ ਖੁਦ ਹੀ ਕੰਬ ਗਿਆ। ਉਹ ਅਗੇ ਚਲੀ ਗਈ ਤੇ ਪਾਦਰੀ ਨੂੰ ਇਸ ਤਰ੍ਹਾਂ ਲਗਾ ਜਿਵੇਂ ਕਿਸੇ ਨੇ ਉਸਨੂੰ ਡੰਗ ਮਾਰ ਦਿਤਾ ਹੈ। ਉਸਦੇ ਚਿਹਰੇ ਤੋਂ ਉਸਨੇ ਭਾਂਪ ਲਿਆ ਸੀ ਕਿ ਉਹ ਕਾਮ-ਮੱਤੀ ਤੇ ਮੰਦਬੁਧੀ ਵਾਲੀ ਹੈ। ਪਾਦਰੀ ਸੇਰਗਈ ਉਠਿਆ ਤੇ ਕੋਠੜੀ ਵਿਚ ਗਿਆ। ਉਹ ਸਟੂਲ ਉਤੇ ਬੈਠੀ ਉਸਦੀ ਉਡੀਕ ਕਰ ਰਹੀ ਸੀ।
ਉਸਦੇ ਅੰਦਰ ਆਉਣ ਉਤੇ ਉੱਠ ਕੇ ਖੜੀ ਹੋ ਗਈ।
"ਮੈਂ ਆਪਣੇ ਪਾਪਾ ਕੋਲ ਜਾਣਾ ਚਾਹੁੰਦੀ ਹਾਂ," ਉਹ ਬੋਲੀ।
"ਡਰਨ ਦੀ ਕੋਈ ਲੋੜ ਨਹੀਂ ਹੈ," ਸੇਰਗਈ ਨੇ ਕਿਹਾ।
"ਕਿੱਥੇ ਪੀੜ ਹੁੰਦੀ ਏ ਤੈਨੂੰ?"
"ਹਰ ਜਗ੍ਹਾ ਹੀ ਪੀੜ ਹੁੰਦੀ ਏ ਮੈਨੂੰ," ਉਹ ਬੋਲੀ ਤੇ ਅਚਾਨਕ ਉਸਦੇ ਚਿਹਰੇ ਉਤੇ ਮੁਸਕਰਾਹਟ ਖਿੜ ਉਠੀ।
"ਤੂੰ ਰਾਜ਼ੀ ਹੋ ਜਾਵੇਂਗੀ," ਪਾਦਰੀ ਨੇ ਕਿਹਾ, "ਪ੍ਰਾਰਥਨਾ ਕਰੋ।"
"ਪ੍ਰਾਰਥਨਾ ਕਰਨ ਨਾਲ ਕੀ ਹੋਵੇਗਾ, ਮੈਂ ਬਹੁਤ ਪ੍ਰਾਰਥਨਾ ਕਰ ਚੁਕੀ ਹਾਂ, ਕੁਝ ਲਾਭ ਨਹੀਂ ਹੋਇਆ।" ਉਹ ਮੁਸਕਰਾਉਂਦੀ ਜਾ ਰਹੀ ਸੀ। "ਹਾਂ, ਤੁਸੀਂ ਪਾਰਥਨਾ ਕਰੋ ਤੇ ਆਪਣਾ ਹੱਥ ਮੇਰੇ ਉਤੇ ਰਖੋ। ਮੈਂ ਸੁਪਨੇ ਵਿਚ ਤੁਹਾਨੂੰ ਦੇਖ ਚੁਕੀ ਹਾਂ।"
"ਕੀ ਵੇਖਿਆ ਸੀ ਤੂੰ ਸੁਪਨੇ ਵਿਚ?"
"ਮੈਂ ਵੇਖਿਆ ਸੀ ਕਿ ਤੁਸੀਂ ਇਸ ਤਰ੍ਹਾਂ ਆਪਣਾ ਹੱਥ ਮੇਰੀ ਛਾਤੀ ਉਤੇ ਰਖਿਆ ਸੀ," ਉਸਨੇ ਪਾਦਰੀ ਦਾ ਹੱਥ ਫੜ ਕੇ ਆਪਣੀ ਛਾਤੀ ਉਤੇ ਰਖ ਲਿਆ, "ਇਸ ਜਗ੍ਹਾ" ਪਾਦਰੀ ਨੇ ਉਸਨੂੰ ਆਪਣਾ ਸੱਜਾ ਹੱਥ ਦੇ ਦਿਤਾ।
"ਕੀ ਨਾਂ ਹੈ ਤੇਰਾ?" ਉਸਨੇ ਸਿਰ ਤੋਂ ਪੈਰਾਂ ਤਕ ਕੰਬਦੇ ਹੋਏ ਪੁਛਿਆ। ਉਹ ਇਹ ਮਹਿਸੂਸ ਕਰ ਰਿਹਾ ਸੀ ਕਿ ਬਾਜ਼ੀ ਹਾਰ ਗਿਆ ਹੈ, ਕਿ ਵਾਸ਼ਨਾ ਉਸਦੇ ਵਸੋਂ ਬਾਹਰ ਹੋ ਚੁਕੀ ਹੈ।
"ਮਾਰੀਆ। ਕਿਉਂ, ਕੀ ਗੱਲ ਏ?"
ਉਸਨੇ ਪਾਦਰੀ ਦਾ ਹੱਥ ਲੈ ਕੇ ਚੁੰਮਿਆ ਤੇ ਫਿਰ ਉਸਦੇ ਲੱਕ ਦੁਆਲੇ ਬਾਂਹ ਵਲਦਿਆਂ ਆਪਣੀ ਵੱਲ ਖਿਚਿਆ।
"ਇਹ ਤੂੰ ਕੀ ਕਰ ਰਹੀ ਏ?" ਪਾਦਰੀ ਸੇਰਗਈ ਨੇ ਕਿਹਾ।
"ਮਾਰੀਆ, ਤੂੰ ਸ਼ੈਤਾਨ ਏਂ।"
"ਕੋਈ ਗੱਲ ਨਹੀਂ।"
ਤੇ ਉਹ ਉਸਨੂੰ ਬਾਹਾਂ ਵਿਚ ਕੱਸੀ ਉਸਦੇ ਨਾਲ ਬਿਸਤਰੇ ਉਤੇ ਬੈਠ ਗਈ। ਪਹੁ-ਫੁਟਾਲਾ ਹੁੰਦਿਆਂ ਉਹ ਬਾਹਰ ਵਿਹੜੇ ਵਿਚ ਆਇਆ।
"ਕੀ ਸਚਮੁਚ ਇਹ ਸਭ ਕੁਝ ਹੋਇਆ ਸੀ? ਇਸਦਾ ਬਾਪ ਆਏਗਾ ਤੇ ਇਹ ਸਭ ਕੁਝ ਉਸਨੂੰ ਕਹਿ ਸੁਣਾਏਗੀ। ਇਹ ਸ਼ੈਤਾਨ ਹੈ। ਤਾਂ ਹੁਣ ਮੈਂ ਕੀ ਕਰਾਂ? ਇਹ ਹੈ ਉਹੀ ਕੁਹਾੜੀ, ਜਿਸ ਨਾਲ ਮੈਂ ਉਂਗਲੀ ਕੱਟੀ ਸੀ।" ਉਸਨੇ ਕੁਹਾੜੀ ਫੜੀ ਤੇ ਕੋਠੜੀ ਵੱਲ ਤੁਰ ਪਿਆ।
ਸਹਾਇਕ ਸੰਤ ਝੱਟਪਟ ਉਸ ਵਲ ਆਇਆ।
"ਲੱਕੜੀਆਂ ਚਾਹੀਦੀਆਂ ਹਨ ਤੁਹਾਨੂੰ? ਲਿਆਉ, ਮੈਨੂੰ ਕੁਹਾੜੀ ਦਿਓ।"
ਉਸਨੇ ਕੁਹਾੜੀ ਦੇ ਦਿਤੀ। ਉਹ ਕੋਠੜੀ ਅੰਦਰ ਗਿਆ। ਲੜਕੀ ਸੌਂ ਰਹੀ ਸੀ। ਉਹ ਉਸਨੂੰ ਵੇਖਕੇ ਕੰਬ ਉਠਿਆ। ਕੋਠੜੀ ਦੇ ਸਿਰੇ ਉਤੇ ਜਾਕੇ ਉਸਨੇ ਪੇਂਡੂਆਂ ਵਾਲੇ ਕਪੜੇ ਪਾਏ, ਕੈਂਚੀ ਲੈ ਕੇ ਵਾਲ ਕੱਟੇ ਤੇ ਪਹਾੜ ਦੇ ਕੋਲੋਂ ਦੀ ਜਾਂਦੀ ਹੋਈ ਪਗਡੰਡੀ ਉਤੇ ਨਦੀ ਵਾਲੇ ਪਾਸੇ ਚਲ ਪਿਆ, ਜਿਥੇ ਉਹ ਚਾਰ ਸਾਲਾਂ ਤੋਂ ਨਹੀਂ ਸੀ ਗਿਆ।
ਨਦੀ ਦੇ ਕਿਨਾਰੇ-ਕਿਨਾਰੇ ਇਕ ਸੜਕ ਸੀ। ਉਹ ਉਸੇ ਉਪਰ ਤੁਰ ਪਿਆ ਤੇ ਦੁਪਹਿਰ ਤੱਕ ਤੁਰਦਾ ਹੀ ਗਿਆ। ਦੁਪਹਿਰੇ ਉਹ ਰਾਈ ਦੇ ਖੇਤ ਵਿਚ ਵੜਕੇ ਲੇਟ ਗਿਆ। ਸ਼ਾਮ ਹੋਣ ਤਕ ਨਦੀ ਦੇ ਕਿਨਾਰੇ ਵੱਸੇ ਹੋਏ ਇਕ ਪਿੰਡ ਤਕ ਪਹੁੰਚ ਗਿਆ। ਉਹ ਪਿੰਡ ਵਾਲੇ ਪਾਸੇ ਨਹੀਂ ਸਗੋਂ ਖੜੀ ਚਟਾਨ ਵਾਲੇ ਪਾਸੇ ਤੁਰ ਪਿਆ।
ਸਵੇਰ-ਸਾਰ ਦਾ ਵੇਲਾ ਸੀ, ਸੂਰਜ ਚੜ੍ਹਨ ਵਿਚ ਸ਼ਾਇਦ ਅੱਧੇ ਕੁ ਘੰਟੇ ਦੀ ਦੇਰ ਸੀ। ਸਭ ਕੁਝ ਧੁੰਦਲਾ-ਧੁੰਦਲਾ, ਉਦਾਸ-ਉਦਾਸ ਸੀ ਤੇ ਪੱਛਮ ਵੱਲੋਂ ਪਹੁ-ਫੁਟਾਲੇ ਤੋਂ ਪਹਿਲਾਂ ਦੀ ਠੰਡੀ ਹਵਾ ਆ ਰਹੀ ਸੀ। "ਹਾਂ, ਹੁਣ ਕਿੱਸਾ ਖਤਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਨਹੀਂ ਹੈ, ਪਰ ਕਿਸ ਤਰ੍ਹਾਂ ਅੰਤ ਕਰਾਂ ਆਪਣਾ? ਨਦੀ ਵਿਚ ਛਾਲ ਮਾਰ ਕੇ? ਪਰ ਮੈਂ ਤਰਨਾ ਜਾਣਦਾ ਹਾਂ, ਡੁੱਬ ਨਹੀਂ ਸਕਾਂਗਾ। ਫਾਂਸੀ ਚੜ੍ਹ ਕੇ? ਹਾਂ, ਇਹ ਰਿਹਾ ਕਮਰਕੱਸਾ।" ਉਸਨੂੰ ਇਹ ਏਨਾ ਸੰਭਵ ਤੇ ਮੌਤ ਏਨੀ ਨਜ਼ਦੀਕ ਲਗੀ ਕਿ ਉਹ ਭੈ-ਭੀਤ ਹੋ ਉਠਿਆ। ਪਹਿਲਾਂ ਦੀ ਤਰ੍ਹਾਂ ਨਿਰਾਸ਼ਾ ਦੀਆਂ ਘੜੀਆਂ ਵਿਚ ਉਸਨੇ ਪ੍ਰਾਰਥਨਾ ਕਰਨੀ ਚਾਹੀ। ਪਰ ਪ੍ਰਾਰਥਨਾ ਕਰੇ ਤਾਂ ਕਿਸ ਅੱਗੇ? ਪ੍ਰਮਾਤਮਾ ਤਾਂ ਰਿਹਾ ਨਹੀਂ। ਉਹ ਕੁਹਣੀ ਟਿਕਾ ਕੇ ਲੇਟਿਆ ਹੋਇਆ ਸੀ। ਅਚਾਨਕ ਉਸਨੂੰ ਇੰਨੇ ਜ਼ੋਰ ਦੀ ਨੀਂਦ ਮਹਿਸੂਸ ਹੋਈ ਕਿ ਉਹ ਸਿਰ ਨੂੰ ਹੱਥਾਂ ਉਤੇ ਟਿਕਾਈ ਨਾ ਰਖ ਸਕਿਆ, ਉਸਨੇ ਬਾਹਾਂ ਫੈਲਾਅ ਕੇ ਸਿਰ ਨੂੰ ਉਹਨਾਂ ਉਤੇ ਟਿਕਾ ਦਿੱਤਾ ਤੇ ਉਸੇ ਘੜੀ ਸੌਂ ਗਿਆ। ਪਰ ਪਲ ਭਰ ਹੀ ਉਸਨੂੰ ਊਂਘ ਆਈ, ਝਟਪਟ ਹੀ ਉਸਦੀ ਅੱਖ ਖੁਲ੍ਹ ਗਈ ਤੇ ਉਹ ਜਾਂ ਤਾਂ ਸੁਪਨੇ ਵਿਚ ਜਾਂ ਯਾਦਾਂ ਦੇ ਚਿਤ੍ਰਪਦ ਉਤੇ ਇਕ ਦ੍ਰਿਸ਼ ਵੇਖਣ ਲਗਾ।
ਉਸਨੇ ਲਗਭਗ ਬਾਲਕ ਦੇ ਰੂਪ ਵਿਚ ਆਪਣੇ ਆਪ ਨੂੰ ਮਾਂ ਦੇ ਪਿੰਡ ਵਾਲੇ ਘਰ ਵਿਚ ਵੇਖਿਆ। ਇਕ ਬੱਘੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਕੇ ਰੁਕੀ ਤੇ ਉਸ ਵਿਚੋਂ ਇਕ ਵੱਡੀ ਸਾਰੀ ਕਾਲੀ, ਬੇਲਚਾ ਦਾੜ੍ਹੀ ਵਾਲਾ ਚਾਚਾ ਨਿਕੋਲਾਈ ਸੇਰਗੇਈ ਵਿਚੋ ਨਿਕਲੇ। ਉਹਨਾਂ ਨਾਲ ਇਕ ਦੁਬਲੀ ਪਤਲੀ ਲੜਕੀ ਸੀ, ਵੱਡੀਆਂ-ਵੱਡੀਆਂ ਮਸਕੀਨ ਅੱਖਾਂ, ਤਰਸਯੋਗ ਤੇ ਸਹਿਮੇ ਜਿਹੇ ਚਿਹਰੇਵਾਲੀ। ਉਸਦਾ ਨਾਂ ਸੀ ਪਾਸ਼ੇਨਕਾ। ਇਸ ਪਾਸ਼ੇਨਕਾ ਨੂੰ ਲੜਕਿਆਂ ਵਿਚ ਖੇਡਣ ਲਈ ਛੱਡ ਦਿੱਤਾ ਗਿਆ। ਉਸ ਨਾਲ ਖੇਡਣ-ਕੁੱਦਣ ਤੋਂ ਬਿਨਾਂ ਤਾਂ ਛੁਟਕਾਰਾ ਨਹੀਂ ਸੀ, ਪਰ ਇਸ ਵਿਚ ਮਜ਼ਾ ਨਹੀਂ ਸੀ ਆ ਰਿਹਾ। ਬੁੱਧੂ ਸੀ ਉਹ। ਆਖਿਰ ਹੋਇਆ ਇਹ ਕਿ ਉਸਦਾ ਮਜ਼ਾਕ ਉਡਾਇਆ ਜਾਣ ਲਗਾ ਤੇ ਉਸਨੂੰ ਇਹ ਦਿਖਾਉਣ ਲਈ ਮਜਬੂਰ ਕੀਤਾ ਗਿਆ ਕਿ ਉਹ ਤਰਦੀ ਕਿਸ ਤਰ੍ਹਾਂ ਹੈ। ਉਹ ਫਰਸ਼ ਉਤੇ ਲੇਟਕੇ ਦਿਖਾਉਣ ਲਗੀ। ਸਾਰੇ ਖਿੜਖਿੜਾ ਕੇ ਹੱਸਣ ਤੇ ਉਸਦਾ ਉੱਲੂ ਬਨਾਉਣ ਲੱਗੇ। ਉਹ ਇਹ ਸਮਝ ਗਈ, ਉਸਦੇ ਚਿਹਰੇ ਉਤੇ ਲਾਲ ਲਾਲ ਧੱਬੇ ਉਭਰ ਆਏ ਤੇ ਉਸਦੀ ਸ਼ਕਲ ਏਨੀ ਤਰਸਯੋਗ, ਏਨੀ ਜ਼ਿਆਦਾ ਤਰਸਯੋਗ ਹੋ ਗਈ ਕਿ ਉਹ ਖੁਦ ਵੀ ਪਾਣੀ ਪਾਣੀ ਹੋ ਗਿਆ ਸੀ ਤੇ ਉਸਦੀ ਟੇਢੀ, ਦਿਆਲੂ ਤੇ ਨਿਮਾਣੀ ਮੁਸਕਰਾਹਟ ਕਦੀ ਵੀ ਨਹੀਂ ਸੀ ਭੁੱਲ ਸਕਿਆ। ਸੇਰਗਈ ਯਾਦ ਕਰਨ ਲਗਾ ਕਿ ਦੁਬਾਰਾ ਉਸ ਨਾਲ ਕਦੋਂ ਮੁਲਾਕਾਤ ਹੋਈ ਸੀ। ਕਈ ਸਾਲਾਂ ਪਿਛੋਂ, ਸਾਧੂ ਬਨਣ ਤੋਂ ਪਹਿਲਾਂ ਉਸ ਨਾਲ ਫਿਰ ਉਸਦੀ ਮੁਲਾਕਾਤ ਹੋਈ ਸੀ। ਉਸਨੇ ਕਿਸੇ ਜ਼ਿਮੀਂਦਾਰ ਨਾਲ ਵਿਆਹ ਕਰ ਲਿਆ ਸੀ, ਜਿਸਨੇ ਉਸਦੀ ਸਾਰੀ ਜਾਇਦਾਦ ਉਡਾ ਦਿਤੀ ਸੀ ਤੇ ਉਸਨੂੰ ਖੂਬ ਮਾਰਦਾ-ਕੁੱਟਦਾ ਸੀ। ਉਸਦੇ ਦੋ ਬੱਚੇ ਸਨ—ਲੜਕਾ ਤੇ ਲੜਕੀ। ਲੜਕਾ ਛੋਟੀ ਹੀ ਉਮਰ ਵਿਚ ਮਰ ਗਿਆ ਸੀ।
ਸੇਰਗਈ ਨੂੰ ਯਾਦ ਆਇਆ ਕਿ ਜਦੋਂ ਉਹ ਉਸਨੂੰ ਮਿਲਿਆ ਸੀ ਤਾਂ ਕਿੰਨੀ ਦੁਖੀ ਸੀ ਉਹ। ਇਸ ਤੋਂ ਪਿਛੋਂ ਮਠ ਵਿਚ ਉਸ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹ ਵਿਧਵਾ ਹੋ ਚੁੱਕੀ ਸੀ। ਉਸ ਸਮੇਂ ਵੀ ਉਹ ਉਸੇ ਤਰ੍ਹਾਂ ਦੀ ਹੀ ਸੀ, ਬੁੱਧੂ ਕਹਿਣਾ ਤਾਂ ਠੀਕ ਨਹੀਂ ਹੋਵੇਗਾ, ਪਰ ਨੀਰਸ, ਤੁੱਛ ਤੇ ਤਰਸਯੋਗ। ਆਪਣੀ ਲੜਕੀ ਤੇ ਉਸਦੇ ਮੰਗੇਤਰ ਨਾਲ ਆਈ ਸੀ ਉਹ। ਗਰੀਬ ਹੋ ਚੁਕੇ ਸਨ ਉਹ। ਪਿਛੋਂ ਉਸਨੇ ਸੁਣਿਆ ਸੀ ਕਿ ਉਹ ਕਿਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਹੈ ਤੇ ਬਹੁਤ ਗਰੀਬ ਹੈ। "ਪਰ ਉਸਦੇ ਬਾਰੇ ਕਿਉਂ ਸੋਚ ਰਿਹਾ ਹਾਂ?" ਉਸਨੇ ਆਪਣੇ ਆਪ ਨੂੰ ਸਵਾਲ ਕੀਤਾ। ਫਿਰ ਵੀ ਉਸ ਬਾਰੇ ਸੋਚੇ ਬਿਨਾਂ ਨਾ ਰਹਿ ਸਕਿਆ। "ਕਿਥੇ ਹੈ ਉਹ? ਕੀ ਹਾਲ ਹੈ ਉਸਦਾ? ਕੀ ਉਹ ਉਸੇ ਤਰ੍ਹਾਂ ਦੁਖੀ ਹੈ, ਜਿਸ ਤਰ੍ਹਾਂ ਉਸ ਸਮੇਂ ਸੀ, ਜਦੋਂ ਉਸਨੇ ਫਰਸ਼ ਉਤੇ ਇਹ ਵਿਖਾਇਆ ਸੀ ਕਿ ਉਹ ਕਿਸ ਤਰ੍ਹਾਂ ਤਰਦੀ ਹੈ? ਪਰ ਮੈਂ ਕਿਉਂ ਉਸ ਬਾਰੇ ਸੋਚ ਰਿਹਾ ਹਾਂ। ਕੀ ਕਰ ਰਿਹਾ ਹਾਂ? ਬਸ, ਖੇਡ ਖਤਮ ਕਰਨੀ ਚਾਹੀਦੀ ਹੈ।"
ਫਿਰ ਉਹ ਭੈ-ਭੀਤ ਹੋ ਉਠਿਆ ਤੇ ਇਸ ਵਿਚਾਰ ਨੂੰ ਭੁੱਲਣ ਲਈ ਫਿਰ ਉਹ ਪਾਸ਼ੇਨਕਾ ਬਾਰੇ ਸੋਚਣ ਲਗਾ।
ਇਸ ਤਰ੍ਹਾਂ ਕਦੀ ਉਹ ਆਪਣੇ ਅਟੱਲ ਅੰਤ ਤੇ ਕਦੀ ਪਾਸ਼ੇਨਕਾ ਦੇ ਬਾਰੇ ਸੋਚਦਾ ਹੋਇਆ ਦੇਰ ਤਕ ਲੇਟਿਆ ਰਿਹਾ। ਉਸਨੂੰ ਲਗਿਆ ਕਿ ਪਾਸ਼ੇਨਕਾ ਹੀ ਉਸਦੀ ਰਖਿਆ ਕਰ ਸਕਦੀ ਹੈ। ਆਖਰ ਉਸਦੀ ਅੱਖ ਲਗ ਗਈ। ਸੁਪਨੇ ਵਿਚ ਉਸਨੂੰ ਇਕ ਫਰਿਸ਼ਤਾ ਦਿਖਾਈ ਦਿਤਾ, ਜਿਸਨੇ ਉਸ ਕੋਲ ਆ ਕੇ ਕਿਹਾ: ਪਾਸ਼ੇਨਕਾ ਕੋਲ ਜਾਹ ਤੇ ਉਸ ਤੋਂ ਪਤਾ ਕਰ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਤੇਰਾ ਪਾਪ ਕੀ ਹੈ ਤੇ ਪਾਪ ਤੋਂ ਮੁਕਤੀ ਦਾ ਸਾਧਨ ਕੀ ਹੈ।"
ਜਦੋਂ ਉਹ ਉਠਿਆ, ਤਾਂ ਇਸ ਨਤੀਜੇ ਉਤੇ ਪੁੱਜਾ ਕਿ ਸੁਪਨੇ ਵਿਚ ਉਸਨੂੰ ਜੋ ਕੁਝ ਕਿਹਾ ਗਿਆ ਹੈ, ਉਹ ਪ੍ਰਮਾਤਮਾ ਦਾ ਆਦੇਸ਼ ਹੈ। ਉਹ ਖੁਸ਼ ਹੋਇਆ ਤੇ ਉਸਨੇ ਐਸਾ ਹੀ ਕਰਨ ਦਾ ਫੈਸਲਾ ਕੀਤਾ। ਜਿਥੇ ਉਹ ਰਹਿੰਦੀ ਸੀ ਉਸਨੂੰ ਉਸ ਸ਼ਹਿਰ ਦਾ ਪਤਾ ਸੀ-ਤਿੰਨ ਸੌ ਤੋਂ ਜ਼ਿਆਦਾ ਵਰਸਟ ਦੂਰ ਸੀ। ਸੇਰਗਈ ਉਧਰ ਹੀ ਤੁਰ ਪਿਆ।