ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
50829ਪਾਦਰੀ ਸੇਰਗਈ — 2ਗੁਰਬਖ਼ਸ਼ ਸਿੰਘ ਫ਼ਰੈਂਕਲਿਉ ਤਾਲਸਤਾਏ

2

ਵਿਆਹ ਲਈ ਨਿਸ਼ਚਿਤ ਕੀਤੇ ਦਿਨ ਤੋਂ ਦੋ ਹਫਤੇ ਪਹਿਲਾਂ ਕਸਾਤਸਕੀ ਤਜ਼ਾਰਸਕੋਯੇ ਸੇਲੋ ਵਿਚ ਆਪਣੀ ਮੰਗੇਤਰ ਦੇ ਪੇਂਡੂ ਬੰਗਲੇ ਵਿਚ ਬੈਠਾ ਸੀ। ਮਈ ਮਹੀਨੇ ਦਾ ਗਰਮ ਦਿਨ ਸੀ। ਕੁਝ ਸਮਾਂ ਬਾਗ ਵਿਚ ਟਹਿਲਣ ਮਗਰੋਂ ਉਹ ਦੋਵੇਂ ਲਾਇਮ ਦਰਖਤਾਂ ਦੀ ਸੁਹਾਵਣੀ ਛਾਂ ਹੇਠਾਂ ਜਾ ਬੈਠੇ। ਮਲਮਲ ਦੀ ਚਿੱਟੀ ਫਰਾਕ ਵਿਚ ਮੇਰੀ[1] ਖਾਸ ਕਰਕੇ ਬਹੁਤ ਸੋਹਣੀ ਲਗ ਰਹੀ ਸੀ। ਉਹ ਪਿਆਰ ਅਤੇ ਭੋਲੇਪਨ ਦੀ ਜਿਊਂਦੀ ਜਾਗਦੀ ਤਸਵੀਰ ਲਗ ਰਹੀ ਸੀ। ਉਥੇ ਬੈਠੀ ਉਹ ਕਦੀ ਤਾਂ ਆਪਣੀ ਨਜ਼ਰ ਝੁਕਾ ਲੈਂਦੀ ਅਤੇ ਕਦੀ ਨਜ਼ਰਾਂ ਉਠਾ ਕੇ ਉਹ ਡੀਲ-ਡੋਲ ਵਾਲੇ ਖੂਬਸੂਰਤ ਨੌਜਵਾਨ ਨੂੰ ਦੇਖਦੀ, ਜੋ ਬਹੁਤ ਹੀ ਪਿਆਰ ਅਤੇ ਨਿਮਰਤਾ ਨਾਲ ਉਸ ਨਾਲ ਗੱਲਾਂ ਕਰ ਰਿਹਾ ਸੀ। ਆਪਣੀ ਮੰਗੇਤਰ ਦੀ ਫਰਿਸ਼ਤਿਆਂ ਵਰਗੀ ਪਵਿੱਤਰਤਾ ਨੂੰ ਕਿਸੇ ਕਿਸਮ ਦੀ ਠੇਸ ਲਗਾਉਣ, ਉਸ ਉਤੇ ਕਿਸੇ ਤਰ੍ਹਾਂ ਦੀ ਵੀ ਕਾਲੀ ਛਾਇਆ ਪਾਉਣ ਤੋਂ ਡਰਦਾ ਸੀ। ਕਸਾਤਸਕੀ ਪੰਜਵੇਂ ਦਹਾਕੇ ਦੇ ਉਹਨਾਂ ਲੋਕਾਂ ਵਿਚੋਂ ਸੀ, ਜਿਸ ਤਰ੍ਹਾਂ ਦੇ ਹੁਣ ਨਹੀਂ ਰਹੇ, ਜਿਹੜੇ ਜਾਣ-ਬੁੱਝ ਕੇ ਲਿੰਗ-ਸੰਬੰਧਾਂ ਵਿਚ ਖੁਲ੍ਹ ਲੈਂਦੇ ਸਨ ਤੇ ਇਸ ਲਈ ਉਹ ਆਪਣੀ ਆਤਮਾ ਨੂੰ ਖੁਦ ਕੋਸਦੇ ਤਕ ਨਹੀਂ ਸਨ, ਪਰ ਔਰਤਾਂ ਤੋਂ ਫਰਿਸ਼ਤਿਆਂ ਵਰਗੀ ਪਵਿੱਤਰਤਾ ਦੀ ਉਮੀਦ ਕਰਦੇ ਸਨ ਅਤੇ ਆਪਣੇ ਸਮਾਜਿਕ ਹਲਕੇ ਦੀ ਹਰ ਲੜਕੀ ਵਿਚ ਐਸੀ ਸਵਰਗੀ ਪਵਿੱਤਰਤਾ ਦੇਖਦੇ ਹੋਏ ਉਹਨਾਂ ਨਾਲ ਇਸੇ ਤਰ੍ਹਾਂ ਪੇਸ਼ ਆਉਂਦੇ ਸਨ। ਐਸੇ ਦ੍ਰਿਸ਼ਟੀਕੋਣ ਵਿਚ ਬਹੁਤ ਕੁਝ ਸੀ, ਆਦਮੀ ਆਪਣੇ ਲਈ ਜੋ ਅਯੋਗ ਖੁਲ੍ਹ ਲੈਂਦੇ ਸਨ, ਉਸ ਵਿਚ ਬਹੁਤ ਕੁਝ ਹਾਨੀਕਾਰਕ ਵੀ ਸੀ। ਪਰ ਔਰਤਾਂ ਸੰਬੰਧੀ ਉਹਨਾਂ ਦਾ ਇਹ ਵਤੀਰਾ ਅੱਜਕਲ ਦੇ ਨੌਜਵਾਨਾਂ ਦੇ ਇਸ ਵਤੀਰੇ ਤੋਂ ਬਹੁਤ ਵੱਖਰਾ ਸੀ ਕਿ ਹਰ ਔਰਤ ਅਤੇ ਹਰ ਲੜਕੀ ਕਿਸੇ ਆਦਮੀ ਦੀ ਖੋਜ ਵਿਚ ਹੀ ਰਹਿੰਦੀ ਹੈ। ਮੇਰੇ ਖਿਆਲ ਵਿਚ ਪਹਿਲਾ ਦ੍ਰਿਸ਼ਟੀਕੋਣ ਚੰਗਾ ਸੀ। ਲੜਕੀਆਂ ਇਹ ਸਮਝਦੀਆਂ ਹੋਈਆਂ ਕਿ ਉਹਨਾਂ ਨੂੰ ਦੇਵੀਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ, ਸਚਮੁਚ ਹੀ ਵਧ ਤੋਂ ਵਧ ਦੇਵੀਆਂ ਬਨਣ ਦੀ ਕੋਸ਼ਿਸ਼ ਕਰਦੀਆਂ ਸਨ। ਔਰਤਾਂ ਬਾਰੇ ਕਸਾਤਸਕੀ ਦਾ ਵੀ ਐਸਾ ਹੀ ਦ੍ਰਿਸ਼ਟੀਕੋਣ ਸੀ ਤੇ ਆਪਣੇ ਮੰਗੇਤਰ ਨੂੰ ਉਹ ਇਸੇ ਰੂਪ ਵਿਚ ਦੇਖਦਾ ਸੀ। ਇਸ ਦਿਨ ਤਾਂ ਉਹ ਖਾਸ ਤੌਰ ਉਤੇ ਉਸਦੇ ਪਿਆਰ ਵਿਚ ਡੁੱਬਿਆ ਹੋਇਆ ਸੀ ਤੇ ਉਸਦੇ ਪ੍ਰਤੀ ਸਰੀਰਕ ਨੇੜਤਾ ਦੀ ਜ਼ਰਾ ਜਿੰਨੀ ਵੀ ਇੱਛਾ ਮਹਿਸੂਸ ਨਹੀਂ ਸੀ ਕਰ ਰਿਹਾ। ਇਸ ਦੇ ਉਲਟ ਉਸਦੀ ਪਹੁੰਚ ਤੋਂ ਬਾਹਰ ਹੋਣ ਦੇ ਵਿਚਾਰ ਵਿਚ ਮੁਗਧ ਹੋ ਕੇ ਉਸਨੂੰ ਦੇਖ ਰਿਹਾ ਸੀ।

ਉਹ ਉਠਿਆ ਅਤੇ ਤਲਵਾਰ ਦੇ ਮਿਆਨ ਉਤੇ ਦੋਵੇਂ ਹੱਥ ਧਰ ਕੇ ਉਸਦੇ ਸਾਹਮਣੇ ਖੜਾ ਹੋ ਗਿਆ।

"ਉਸ ਖੁਸ਼ੀ ਨੂੰ, ਜਿਹੜੀ ਇਨਸਾਨ ਨੂੰ ਮਿਲ ਸਕਦੀ ਹੈ, ਮੈਂ ਸਿਰਫ ਹੁਣੇ ਹੀ ਜਾਣਿਆ ਹੈ। ਇਹ ਸੁਖ ਤੁਸੀਂ, ਤੂੰ," ਉਸਨੇ ਸਹਿਮੀ ਸਹਿਮੀ ਜਿਹੀ ਮੁਸਕਰਾਹਟ ਨਾਲ ਕਿਹਾ, "ਦਿਤਾ ਹੈ।" ਉਹ ਪ੍ਰਸਪਰ ਸੰਬੰਧਾਂ ਦੀ ਉਸ ਅਵਸਥਾ ਵਿਚ ਸੀ ਜਦੋਂ ਅਜੇ "ਤੂੰ" ਕਹਿਣ ਦੀ ਉਸਨੂੰ ਆਦਤ ਨਹੀਂ ਹੋਈ ਸੀ। ਇਖਲਾਕੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਅਜੇ ਆਪਣੇ ਆਪ ਨੂੰ ਨੀਵਾਂ ਸਮਝਦੇ ਹੋਏ ਕਸਾਤਸਕੀ ਇਸ ਫਰਿਸ਼ਤੇ ਨੂੰ "ਤੂੰ" ਕਹਿੰਦੇ ਡਰ ਜਿਹਾ ਮਹਿਸੂਸ ਕਰ ਰਿਹਾ ਸੀ।

"ਮੈਂ ਆਪਣੇ ਆਪ ਨੂੰ ਪਹਿਚਾਣ ਲਿਆ ਹੈ....ਤੇਰੀ ਬਦੌਲਤ- ਇਹ ਸਮਝ ਗਿਆ ਹਾਂ ਕਿ ਜਿਸ ਤਰ੍ਹਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸਾਂ, ਉਸ ਤੋਂ ਬੇਹਤਰ ਹਾਂ।"

"ਮੈਂ ਤਾਂ ਬਹੁਤ ਪਹਿਲਾਂ ਤੋਂ ਹੀ ਇਹ ਜਾਣਦੀ ਸਾਂ। ਇਸੇ ਲਈ ਤਾਂ ਮੇਰਾ ਤੁਹਾਡੇ ਨਾਲ ਪਿਆਰ ਹੋ ਗਿਆ ਸੀ।"

ਕੋਲ ਹੀ ਕਿਤੇ ਬੁਲਬੁਲ ਨੇ ਗਾਉਣਾ ਸ਼ੁਰੂ ਕਰ ਦਿਤਾ। ਹਵਾ ਦੇ ਝੌਂਕੇ ਨਾਲ ਹਰੇ ਹਰੇ ਪੱਤੇ ਸਰਸਰਾ ਉੱਠੇ।

ਕਸਾਤਸਕੀ ਨੇ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਕੇ ਚੁੰਮਿਆਂ ਅਤੇ ਉਸ ਦੀਆਂ ਅੱਖਾਂ ਛਲਕ ਉਠੀਆਂ। ਉਹ ਸਮਝ ਗਈ ਕਿ ਉਸਨੇ ਇਸ ਗੱਲ ਦੀ ਕ੍ਰਿਤਗਤਾ ਪ੍ਰਗਟ ਕੀਤੀ ਹੈ ਕਿ ਮੈਂ ਉਸਨੂੰ ਪਿਆਰ ਕਰਨ ਲਗੀ ਹਾਂ। ਉਹ ਕੁਝ ਕਦਮ ਇਧਰ ਉਧਰ ਟਹਿਲਿਆ, ਚੁੱਪ ਹੋ ਗਿਆ ਅਤੇ ਫਿਰ ਆਪਣੀ ਮੰਗੇਤਰ ਦੇ ਪਾਸ ਕਰਕੇ ਬੈਠ ਗਿਆ।

"ਮੈਂ ਤੁਹਾਡੀ, ਤੇਰੀ, ਖੈਰ, ਇਹ ਤਾਂ ਇਕੋ ਹੀ ਗੱਲ ਹੈ। ਮੈਂ ਆਪਣੇ ਸੁਆਰਥ ਲਈ ਹੀ ਤੇਰੇ ਨਜ਼ਦੀਕ ਆਇਆ ਸਾਂ, ਮੈਂ ਉੱਚੇ ਸਮਾਜ ਵਿਚ ਆਪਣੇ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਸਾਂ, ਪਰ ਮਗਰੋਂ... ਤੈਨੂੰ ਸਮਝਣ ਤੋਂ ਪਿਛੋਂ ਇਹ ਸਭ ਕੁਝ ਤੇਰੀ ਤੁਲਨਾ ਵਿਚ ਕਿੰਨਾ ਤੁੱਛ ਹੋ ਗਿਆ ਹੈ। ਤੂੰ ਇਸ ਗੱਲ ਉਤੇ ਮੇਰੇ ਨਾਲ ਨਾਰਾਜ਼ ਤਾਂ ਨਹੀਂ?"

ਮੇਰੀ ਨੇ ਕੋਈ ਜਵਾਬ ਨਾ ਦਿਤਾ ਅਤੇ ਆਪਣੇ ਹੱਥ ਨਾਲ ਸਿਰਫ ਉਸਦੇ ਹੱਥ ਨੂੰ ਪਲੋਸਿਆ।

ਕਸ਼ਾਤਸਕੀ ਸਮਝ ਗਿਆ ਇਸਦਾ ਮਤਲਬ ਹੈ: "ਨਹੀਂ, ਮੈਂ ਨਾਰਾਜ਼ ਨਹੀਂ ਹਾਂ।"

"ਹਾਂ ਨੂੰ ਕਿਹਾ ਸੀ ਕਿ, "ਉਹ ਉਲਝਣ ਵਿਚ ਪੈ ਗਿਆ, ਉਸਨੂੰ ਲਗਾ ਕਿ ਉਹ ਕੁਝ ਜ਼ਿਆਦਾ ਹੀ ਅਗੇ ਵਧਦਾ ਜਾ ਰਿਹਾ ਹੈ, "ਤੂੰ ਕਿਹਾ ਸੀ ਕਿ ਮੈਨੂੰ ਤੂੰ ਪਿਆਰ ਕਰਨ ਲਗ ਪਈ ਹੈ, ਮੈਂ ਯਕੀਨ ਕਰਦਾ ਹਾਂ ਕਿ ਇਹ ਠੀਕ ਹੈ, ਪਰ ਤੂੰ ਮੈਨੂੰ ਮੁਆਫ ਕਰੀਂ, ਇਸ ਤਰ੍ਹਾਂ ਲਗਦਾ ਹੈ ਕਿ ਇਸਦੇ ਇਲਾਵਾ ਕੁਝ ਹੋਰ ਵੀ ਹੈ, ਜੋ ਤੈਨੂੰ ਪ੍ਰੇਸ਼ਾਨ ਕਰਦਾ ਹੈ, ਫਿਕਰਮੰਦ ਕਰਦਾ ਹੈ, ਉਹ ਕੀ ਏ?"

"ਹਾਂ, ਜਾਂ ਤਾਂ ਹੁਣੇ ਹੀ ਜਾਂ ਫਿਰ ਕਦੇ ਵੀ ਨਹੀਂ," ਮੇਰੀ ਨੇ ਮਨ ਹੀ ਮਨ ਵਿਚ ਸੋਚਿਆ। "ਪਤਾ ਤਾਂ ਉਸਨੂੰ ਹਰ ਹਾਲਤ ਵਿਚ ਹੀ ਲਗ ਜਾਏਗਾ। ਪਰ ਉਹ ਹੁਣ ਮੈਨੂੰ ਠੁਕਰਾ ਕੇ ਕਿਤੇ ਜਾਏਗਾ ਨਹੀਂ। ਉਫ, ਪਰ ਜੇ ਉਹ ਚਲਾ ਗਿਆ ਤਾਂ ਗਜ਼ਬ ਹੋ ਜਾਏਗਾ!"

ਉਸਨੇ ਬੜੇ ਪਿਆਰ ਨਾਲ ਉਸਦੇ ਲੰਮੇ, ਰਿਸ਼ਟ-ਪੁਸ਼ਟ ਤੇ ਪ੍ਰਭਾਵਸ਼ਾਲੀ ਵਿਅਕਤਿਤਵ ਵਲ ਨਜ਼ਰ ਮਾਰੀ। ਹੁਣ ਉਹ ਨਿਕੋਲਾਈ ਦੀ ਤੁਲਨਾ ਵਿਚ ਉਸ ਨੂੰ ਜ਼ਿਆਦਾ ਪਿਆਰ ਕਰਦੀ ਸੀ ਤੇ ਜੇ ਉਹ ਸਮਰਾਟ ਨਾ ਹੁੰਦਾ ਤਾਂ ਇਸਦੀ ਜਗ੍ਹਾ ਉਸਨੂੰ ਕਦੀ ਵੀ ਸਵੀਕਾਰ ਕਰਨ ਨੂੰ ਤਿਆਰ ਨਾ ਹੁੰਦੀ।

"ਲਓ ਸੁਣੋ ਫਿਰ। ਮੈਂ ਝੂਠ ਨਹੀਂ ਬੋਲ ਸਕਦੀ। ਮੈਨੂੰ ਸਭ ਕੁਝ ਦੱਸ ਹੀ ਦੇਣਾ ਚਾਹੀਦਾ ਹੈ। ਤੁਸੀਂ ਪੁੱਛੋਗੇ ਕਿ ਉਹ ਕੀ ਹੈ? ਉਹ ਇਹ ਹੈ ਕਿ ਮੈਂ ਪਹਿਲਾਂ ਪਿਆਰ ਕਰ ਚੁਕੀ ਹਾਂ।" ਉਸ ਨੇ ਆਪਣਾ ਹੱਥ ਇਸ ਤਰ੍ਹਾਂ ਉਸਦੇ ਹੱਥ ਉਤੇ ਰਖਿਆ ਜਿਵੇਂ ਕਿ ਮਿੰਨਤ ਕਰ ਰਹੀ ਹੋਵੇ।

ਕਸਾਤਸਕੀ ਚੁੱਪ ਰਿਹਾ।

"ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ? ਸਮਰਾਟ ਨਾਲ।"

"ਉਹਨਾਂ ਨੂੰ ਤਾਂ ਅਸੀਂ ਸਾਰੇ ਪਿਆਰ ਕਰਦੇ ਹਾਂ। ਮੇਰਾ ਖਿਆਲ ਹੈ ਕਿ ਤੁਸੀਂ ਕਾਲਜ ਦੇ ਦਿਨਾਂ ਵਿਚ..."

"ਨਹੀਂ, ਉਸ ਤੋਂ ਮਗਰੋਂ। ਇਹ ਨਿਰਾ ਪਾਗਲਪਨ ਸੀ, ਪਰ ਪਿਛੋਂ ਸਭ ਖਤਮ ਹੋ ਗਿਆ। ਪਰ ਮੇਰੇ ਲਈ ਇਹ ਦਸਣਾ ਜ਼ਰੂਰੀ ਹੈ ਕਿ...."

"ਪਰ, ਇਸ ਵਿਚ ਕਿਹੜੀ ਗੱਲ ਏ?"

"ਨਹੀਂ, ਇਹ ਮਾਮੂਲੀ ਗੱਲ ਨਹੀਂ ਸੀ।" ਉਸਨੇ ਹੱਥਾਂ ਨਾਲ ਮੂੰਹ ਢੱਕ ਲਿਆ।

"ਤੁਹਾਡਾ ਮਤਲਬ ਹੈ ਕਿ ਤੁਸੀਂ ਆਪਣਾ ਆਪ ਉਸਦੇ ਹਵਾਲੇ ਕਰ ਦਿਤਾ ਸੀ?"

ਉਹ ਚੁੱਪ ਰਹੀ।

"ਪ੍ਰੇਮਿਕਾ ਦੇ ਰੂਪ ਵਿਚ?"

ਉਹ ਚੁੱਪ ਰਹੀ।

ਕਸਾਤਸਕੀ ਉੱਛਲ ਕੇ ਖੜਾ ਹੋ ਗਿਆ ਅਤੇ ਇਕਦਮ ਪੀਲਾ ਅਤੇ ਕੰਬਦੇ ਹੋਠਾਂ ਨਾਲ ਉਸਦੇ ਸਾਹਮਣੇ ਖੜੋਤਾ ਰਿਹਾ। ਹੁਣ ਉਸਨੂੰ ਯਾਦ ਆਇਆ ਕਿ ਨੇਵਸਕੀ ਸੜਕ ਉਤੇ ਨਿਕੋਲਾਈ ਪਾਵਲੋਵਿਚ ਨਾਲ ਜਦੋਂ ਉਸ ਦੀ ਮੁਲਾਕਾਤ ਹੋਈ ਸੀ, ਤਾਂ ਉਸਨੇ ਕਿਸ ਤਰ੍ਹਾਂ ਸਨੇਹ ਨਾਲ ਉਸਨੂੰ ਵਧਾਈ ਦਿਤੀ ਸੀ।

"ਹੇ ਪ੍ਰਮਾਤਮਾ, ਮੈਂ ਇਹ ਕੀ ਕਰ ਦਿਤਾ, ਸਤੇਪਾਨ!" ਉਹ ਕੂਕ ਉੱਠੀ।

"ਮੈਨੂੰ ਨਹੀਂ ਛੂਹੋ, ਨਹੀਂ ਛੂਹੋ ਮੈਨੂੰ। ਓਫ, ਕਿੰਨਾ ਡੂੰਘਾ ਜ਼ਖਮ ਲਗਾਇਆ ਹੈ ਤੁਸਾਂ!"

ਉਹ ਮੁੜਿਆ ਅਤੇ ਘਰ ਵਲ ਤੁਰ ਪਿਆ। ਉਥੇ ਮੇਰੀ ਦੀ ਮਾਂ ਸਾਹਮਣੇ ਆ ਗਈ।

"ਕੀ ਗੱਲ ਏ, ਰਾਜਕੁਮਾਰ? ਮੈਂ..." ਕਸਾਤਸਕੀ ਦੇ ਚਿਹਰੇ ਵਲ ਦੇਖਕੇ ਉਹ ਚੁੱਪ ਹੋ ਗਈ। ਉਹ ਅਚਾਨਕ ਹੀ ਲਾਲ-ਪੀਲਾ ਹੋ ਉਠਿਆ ਸੀ।

"ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਮੇਰੀ ਆੜ ਲੈ ਕੇ ਉਹਨਾਂ ਉਤੇ ਪੜਦਾ ਪਾਉਣਾ ਚਾਹੁੰਦੇ ਸੀ। ਜੇ ਤੁਸੀਂ ਇਕ ਔਰਤ ਨਾ ਹੁੰਦੇ ਤਾਂ..." ਆਪਣਾ ਵੱਡਾ ਸਾਰਾ ਮੁੱਕਾ ਕੱਸਕੇ ਉਹ ਚਿੱਲਾਇਆ, ਤੇਜ਼ੀ ਨਾਲ ਮੁੜਿਆ ਤੇ ਬਾਹਰ ਨੱਠ ਗਿਆ।

ਜੇ ਕੋਈ ਹੋਰ ਵਿਅਕਤੀ ਉਸਦੀ ਮੰਗੇਤਰ ਦਾ ਪ੍ਰੇਮੀ ਹੁੰਦਾ, ਤਾਂ ਉਸਨੂੰ ਉਸਨੇ ਜਾਨੋਂ ਮਾਰ ਦਿੱਤਾ ਹੁੰਦਾ। ਪਰ ਇਹ ਤਾਂ ਉਸਦਾ ਪੂਜ ਜ਼ਾਰ ਸੀ।

ਅਗਲੇ ਦਿਨ ਛੁੱਟੀ ਦੀ ਅਰਜ਼ੀ ਤੇ ਨਾਲ ਹੀ ਅਸਤੀਫਾ ਦੇ ਦਿਤਾ, ਲੋਕਾਂ ਤੋਂ ਬਚਣ ਲਈ ਬਿਮਾਰ ਹੋਣ ਦਾ ਬਹਾਨਾ ਕਰ ਲਿਆ ਤੇ ਪਿੰਡ ਚਲਾ ਗਿਆ।

ਗਰਮੀਆਂ ਉਸਨੇ ਆਪਣੇ ਪਿੰਡ ਬਿਤਾਈਆਂ ਤੇ ਉਥੇ ਜ਼ਰੂਰੀ ਕੰਮ-ਕਾਜ ਨਿਪਟਾਏ। ਗਰਮੀਆਂ ਖਤਮ ਹੋਣ ਉਤੇ ਉਹ ਸੇਂਟ ਪੀਟਰਸਬਰਗ ਵਾਪਸ ਨਹੀਂ ਗਿਆ ਸਗੋਂ ਮਠ ਵਿਚ ਜਾ ਕੇ ਸਾਧੂ ਬਣ ਗਿਆ।

ਮਾਂ ਨੇ ਉਸਨੂੰ ਖੱਤ ਲਿਖਿਆ। ਐਸਾ ਫੈਸਲਾਕੁਨ ਕਦਮ ਉਠਾਉਣ ਤੋਂ ਮਨ੍ਹਾ ਕੀਤਾ। ਉਸਨੇ ਜਵਾਬ ਦਿਤਾ ਕਿ ਪ੍ਰਮਾਤਮਾ ਦੀ ਸੇਵਾ ਬਾਕੀ ਹੋਰ ਸਭ ਚੀਜ਼ਾਂ ਤੋਂ ਉਪਰ ਹੈ ਤੇ ਉਹ ਐਸਾ ਕਰਨ ਦੀ ਲੋੜ ਮਹਿਸੂਸ ਕਰਦਾ ਹੈ। ਸਿਰਫ ਉਸਦੀ ਭੈਣ ਹੀ, ਜੋ ਭਰਾ ਦੀ ਤਰ੍ਹਾਂ ਅਭਿਮਾਨੀ ਤੇ ਮਹੱਤਤਾ ਦੀ ਇਛੁੱਕ ਸੀ, ਉਸਨੂੰ ਸਮਝਦੀ ਸੀ। ਉਹ ਸਮਝਦੀ ਸੀ ਕਿ ਉਸਦਾ ਭਰਾ ਇਸ ਲਈ ਸਾਧੂ ਹੋ ਗਿਆ ਹੈ ਕਿ ਉਹਨਾਂ ਲੋਕਾਂ ਤੋਂ ਉੱਚਾ ਹੋ ਸਕੇ, ਜੋ ਉਸਨੂੰ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਉਸ ਤੋਂ ਉੱਚੇ ਹਨ।

ਉਸਨੇ ਠੀਕ ਹੀ ਸਮਝਿਆ ਸੀ। ਸਾਧੂ ਬਣ ਕੇ ਉਸਨੇ ਇਹ ਦਿਖਾ ਦਿਤਾ ਸੀ ਕਿ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿੰਨਾ ਤੁੱਛ ਸਮਝਦਾ ਹੈ, ਜੋ ਦੂਸਰਿਆਂ ਲਈ ਇੰਨਾ ਮਹੱਤਵ ਰਖਦੀਆਂ ਹਨ ਤੇ ਜਿਨ੍ਹਾਂ ਨੂੰ ਉਹ ਆਪਣੇ ਸੈਨਿਕ ਸੇਵਾ ਦੇ ਜ਼ਮਾਨੇ ਵਿਚ ਖੁਦ ਵੀ ਬੜਾ ਮਹੱਤਵਪੂਰਨ ਸਮਝਦਾ ਸੀ। ਹੁਣ ਉਹ ਐਸੀ ਨਵੀਂ ਉਚਾਈ ਤੇ ਜਾ ਖੜੋਤਾ ਸੀ, ਜਿਥੋਂ ਉਹ ਉਹਨਾਂ ਲੋਕਾਂ ਨੂੰ ਨੀਵੇਂ ਖੜੇ ਦੇਖ ਸਕਦਾ ਸੀ, ਜਿਨ੍ਹਾਂ ਨਾਲ ਪਹਿਲਾਂ ਉਸਨੂੰ ਈਰਖਾ ਹੁੰਦੀ ਸੀ। ਪਰ ਜਿਸ ਤਰ੍ਹਾਂ ਕਿ ਉਸਦੀ ਭੈਣ ਵਾਰਿਆ ਨੇ ਸਮਝਇਆ ਸੀ, ਸਿਰਫ ਇਹ ਹੀ ਇਕ ਭਾਵਨਾ ਉਸਨੂੰ ਪ੍ਰੇਸ਼ਾਨ ਨਹੀਂ ਕਰ ਰਹੀ ਹੈ। ਉਸ ਵਿਚ ਇਕ ਸੱਚੀ ਧਾਰਮਿਕ ਭਾਵਨਾ ਵੀ ਸੀ, ਜਿਸ ਸੰਬੰਧੀ ਵਾਰਿਆ ਅਣਜਾਣ ਸੀ। ਅਭਿਮਾਨ ਅਤੇ ਸਭ ਤੋਂ ਅੱਗੇ ਰਹਿਣ ਦੀ ਭਾਵਨਾ ਦੇ ਨਾਲ ਘੁਲ-ਮਿਲ ਕੇ ਇਹ ਧਾਰਮਿਕ ਭਾਵਨਾ ਉਸਨੂੰ ਪ੍ਰੇਰ ਰਹੀ ਸੀ। ਮੇਰੀ (ਮੰਗੇਤਰ) ਤੋਂ ਨਿਰਾਸ਼ ਹੋਣ ਉਤੇ, ਜਿਸ ਨੂੰ ਉਸਨੇ ਫਰਿਸ਼ਤਾ ਸਮਝਿਆ ਸੀ, ਉਸਦੇ ਦਿਲ ਨੂੰ ਇਤਨੀ ਗਹਿਰੀ ਠੇਸ ਲਗੀ ਸੀ ਕਿ ਉਹ ਇਕਦਮ ਇਤਨਾ ਉਪਰਾਮ ਹੋ ਗਿਆ ਸੀ ਤੇ ਇਹ ਉਪਰਾਮਤਾ ਉਸਨੂੰ ਕਿੱਥੇ ਲੈ ਗਈ? ਪ੍ਰਮਾਤਮਾ ਵਾਲੇ ਪਾਸੇ, ਬਚਪਨ ਦੀ ਉਸ ਸ਼ਰਧਾ ਵੱਲ, ਜੋ ਹਮੇਸ਼ਾ ਉਸ ਵਿਚ ਬਣੀ ਰਹੀ ਸੀ।

  1. ਮੰਗੇਤਰ ਦਾ ਨਾਂ