ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
50828ਪਾਦਰੀ ਸੇਰਗਈ — 1ਗੁਰਬਖ਼ਸ਼ ਸਿੰਘ ਫ਼ਰੈਂਕਲਿਉ ਤਾਲਸਤਾਏ

1

ਸੇਂਟ ਪੀਟਰਸਬਰਗ ਵਿਚ 40 ਵਿਆਂ ਵਿਚ ਇਕ ਐਸੀ ਘਟਨਾ ਵਾਪਰੀ ਜਿਸਨੇ ਸਾਰਿਆਂ ਨੂੰ ਚਕ੍ਰਿਤ ਕਰ ਦਿਤਾ: ਇਕ ਖੂਬਸੂਰਤ, ਰਾਜਕੁਮਾਰ ਨੇ, ਜਿਹੜਾ ਸਮਰਾਟ ਦੀ ਕੁਈਰਾਜ਼ੀਰ ਰਜਮੰਟ ਦੇ ਇਕ ਦਸਤੇ ਦਾ ਕਮਾਂਡਰ ਸੀ, ਤੇ ਜਿਸਦੇ ਬਾਰੇ ਹਰ ਕੋਈ ਪੇਸ਼ਗੋਈ ਕਰਦਾ ਸੀ ਕਿ ਉਹ ਸ਼ਾਹੀ ਅਜੀਟਨ[1] ਬਣੇਗਾ ਤੇ ਜ਼ਾਰ ਨਿਕੋਲਾਈ ਪਹਿਲੇ ਦੇ ਦਰਬਾਰ ਵਿਚ ਚੰਗਾ ਨਾਮਣਾ ਖੱਟੇਗਾ, ਤੇ ਜਿਸਦਾ ਵਿਆਹ ਮਹਾਰਾਨੀ ਦੀ ਇਕ ਖਾਸ ਚਹੇਤੀ, ਇਕ ਦਰਬਾਰੀ ਕੁਲੀਨ ਦੀ ਸੁੰਦਰ ਬੇਟੀ ਨਾਲ ਇਕ ਮਹੀਨੇ ਤੱਕ ਹੋਣ ਵਾਲਾ ਸੀ, ਅਸਤੀਫਾ ਦੇ ਦਿਤਾ, ਆਪਣੀ ਮੰਗੇਤਰ ਨਾਲ ਸਾਰੇ ਸੰਬੰਧ ਤੋੜ ਲਏ, ਆਪਣੀ ਜਿੰਨੀ ਮਾੜੀ ਮੋਟੀ ਜਾਇਦਾਦ ਸੀ, ਉਹ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਆਪ ਸਾਧੂ ਬਨਣ ਸਾਧ-ਮਠ ਨੂੰ ਚਲਾ ਗਿਆ।

ਇਹ ਘਟਨਾ ਉਹਨਾਂ ਲੋਕਾਂ ਲਈ ਅਸਾਧਾਰਨ ਤੇ ਨਾ ਸਮਝੀ ਜਾਣ ਵਾਲੀ ਸੀ ਜਿਹੜੇ ਇਸਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਨਹੀਂ ਸਨ ਜਾਣਦੇ: ਪਰ ਖੁਦ ਰਾਜਕੁਮਾਰ ਸਤੇਪਾਨ ਕਸਾਤਸਕੀ ਲਈ ਇਹ ਸਾਰਾ ਕੁਝ ਏਨਾਂ ਕੁਦਰਤੀ ਸੀ ਕਿ ਉਹ ਆਪਣੇ ਮਨ ਵਿਚ ਹੋਰ ਕਿਸੇ ਤਰ੍ਹਾਂ ਦਾ ਵਿਹਾਰ ਲਿਆ ਹੀ ਨਹੀਂ ਸੀ ਸਕਦਾ।

ਸਤੇਪਾਨ ਕਸਾਤਸਕੀ ਬਾਰ੍ਹਾਂ ਸਾਲਾਂ ਦਾ ਸੀ ਜਦੋਂ ਉਸਦਾ ਪਿਤਾ, ਗਾਰਦਾਂ ਦਾ ਰੀਟਾਇਰਡ ਕਰਨੈਲ ਚਲਾਣਾ ਕਰ ਗਿਆ। ਭਾਵੇਂ ਉਸਦੀ ਮਾਂ ਨੂੰ ਇਸ ਗੱਲ ਉਤੇ ਬੜਾ ਦੁੱਖ ਹੋਇਆ ਕਿ ਉਹ ਉਸ ਨੂੰ ਘਰ ਤੋਂ ਬਾਹਰ ਭੇਜ ਰਹੀ ਹੈ, ਪਰ ਉਹ ਸਵਰਗੀ ਪਤੀ ਦੀ ਅੰਤਮ ਇੱਛਾ ਦਾ ਸਤਿਕਾਰ ਨਾ ਕਰਨ ਦਾ ਹੌਸਲਾ ਨਾ ਕਰ ਸਕੀ, ਜਿਸਨੇ ਇਹ ਵਸੀਅਤ ਕੀਤੀ ਸੀ ਕਿ ਜੇ ਉਹ ਮਰ ਜਾਏ ਤਾਂ ਉਸਦੇ ਬੇਟੇ ਨੂੰ ਘਰ ਨਾ ਰਖਿਆ ਜਾਏ ਤੇ ਸੈਨਿਕ ਸਕੂਲ ਵਿਚ ਭੇਜ ਦਿਤਾ ਜਾਏ। ਸੋ ਉਸਨੂੰ ਸੈਨਿਕ ਸਕੂਲ ਵਿਚ ਭੇਜ ਦਿੱਤਾ ਗਿਆ। ਤੇ ਵਿਧਵਾ ਆਪ, ਆਪਣੀ ਧੀ ਵਾਰਵਾਰਾ ਨੂੰ ਨਾਲ ਲੈ ਕੇ ਸੇਂਟ ਪੀਟਰਸਬਰਗ ਚਲੀ ਗਈ, ਤਾਂ ਕਿ ਆਪਣੇ ਬੇਟੇ ਦੇ ਨੇੜੇ ਰਹਿ ਸਕੇ ਤੇ ਤਿਓਹਾਰਾਂ ਉਤੇ ਉਸਨੂੰ ਆਪਣੇ ਨਾਲ ਘਰ ਰਖ ਸਕੇ।

ਲੜਕਾ ਬਹੁਤ ਲਾਇਕ ਅਤੇ ਸਵੈ-ਅਭਿਮਾਨੀ ਸੀ। ਉਹ ਪੜ੍ਹਨ-ਲਿਖਣ, ਖਾਸ ਕਰਕੇ ਗਣਿਤ ਵਿਚ, ਜਿਸ ਵਿਚ ਉਸਦੀ ਖਾਸ ਰੁੱਚੀ ਸੀ, ਯੁੱਧ-ਕਲਾ ਅਤੇ ਘੋੜ ਸਵਾਰੀ ਵਿਚ ਵੀ ਦੂਸਰਿਆਂ ਤੋਂ ਅੱਵਲ ਦਰਜੇ ਉਤੇ ਰਹਿੰਦਾ ਸੀ। ਕੁਝ ਜ਼ਿਆਦਾ ਲੰਮਾ ਹੁੰਦਿਆਂ ਹੋਇਆਂ ਵੀ ਉਹ ਸੋਹਣਾ ਅਤੇ ਚੁਸਤ-ਫੁਰਤ ਸੀ। ਏਨਾ ਹੀ ਨਹੀਂ, ਜੇ ਉਹ ਜਲਦ ਭੜਕ ਨਾ ਪੈਦਾ ਹੁੰਦਾ, ਤਾਂ ਆਚਾਰ-ਵਿਹਾਰ ਦੀ ਦ੍ਰਿਸ਼ਟੀ ਤੋਂ ਵੀ ਸੈਨਿਕ ਸਕੂਲ ਦਾ ਇਕ ਆਦਰਸ਼ਕ ਕੈਡੇਟ ਬਣ ਜਾਂਦਾ। ਉਹ ਨਾ ਤਾਂ ਸ਼ਰਾਬ ਪੀਂਦਾ ਸੀ, ਨਾ ਉਸਨੂੰ ਔਰਤਾਂ ਦਾ ਚਸਕਾ ਸੀ ਅਤੇ ਝੂਠ ਬੋਲਣਾ ਤਾਂ ਜਾਣਦਾ ਹੀ ਨਹੀਂ ਸੀ। ਦੂਸਰਿਆਂ ਲਈ ਆਦਰਸ਼ਕ ਬਣਨ ਲਈ ਜੋ ਚੀਜ਼ ਉਸਦੇ ਰਸਤੇ ਵਿਚ ਰੁਕਾਵਟ ਬਣਦੀ ਸੀ, ਉਹ ਸਨ ਗੁੱਸੇ ਦੇ ਦੌਰੇ, ਜਿਨ੍ਹਾਂ ਦੇ ਦੌਰਾਨ ਉਹ ਪੂਰੀ ਤਰ੍ਹਾਂ ਆਪਣੇ ਆਪ ਤੋਂ ਬਾਹਰਾ ਹੋ ਜਾਂਦਾ ਸੀ। ਇਕ ਵਾਰੀ ਉਹ ਇਕ ਕੈਡੇਟ ਨੂੰ, ਜਿਸ ਨੇ ਉਸ ਦੇ ਖਣਿਜ-ਸੰਗ੍ਰਹਿ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿਤਾ ਸੀ, ਖਿੜਕੀ 'ਚੋਂ ਬਾਹਰ ਸੁਟਦਾ ਸੁਟਦਾ ਹੀ ਰਹਿ ਗਿਆ ਸੀ। ਇਕ ਹੋਰ ਮੌਕੇ ਉਤੇ ਉਸਨੇ ਆਪਣੇ ਆਪ ਨੂੰ ਬਿਲਕੁਲ ਤਬਾਹ ਹੀ ਕਰ ਲਿਆ ਸੀ। ਉਸਨੇ ਕਟਲਟਾਂ ਨਾਲ ਭਰੀ ਹੋਈ ਇਕ ਵੱਡੀ ਟਰੇ ਰਸੋਈ-ਘਰ ਦੇ ਪ੍ਰਬੰਧਕ ਉਪਰ ਉਲਟਾ ਦਿਤੀ ਸੀ, ਆਪਣੇ ਅਫਸਰ ਉਤੇ ਟੁੱਟ ਪਿਆ ਸੀ, ਤੇ ਕਹਿੰਦੇ ਹਨ ਇਸ ਲਈ ਉਸਦੀ ਮੁਰੰਮਤ ਕੀਤੀ ਸੀ ਕਿ ਉਹ ਆਪਣੇ ਲਫਜ਼ਾਂ ਤੋਂ ਮੁੱਕਰ ਗਿਆ ਸੀ ਅਤੇ ਉਸਨੇ ਸਾਫ ਸਾਫ ਝੂਠ ਬੋਲਿਆ ਸੀ। ਜੇਕਰ ਸਕੂਲ ਦੇ ਡਾਇਰੈਕਟਰ ਨੇ ਮਾਮਲੇ ਨੂੰ ਦਬਾ ਕੇ ਪ੍ਰਬੰਧਕ ਦੀ ਛੁੱਟੀ ਨਾ ਕਰ ਦਿੱਤਾ ਹੁੰਦੀ, ਤਾਂ ਕਸਾਤਸਕੀ ਨੂੰ ਇਕ ਸਾਧਾਰਣ ਸੈਨਿਕ ਬਣਾ ਦਿਤਾ ਗਿਆ ਹੁੰਦਾ।

ਅਠ੍ਹਾਰਾਂ ਸਾਲ ਦੀ ਉਮਰ ਵਿਚ ਉਹ ਕੁਲੀਨਤੰਤ੍ਰੀਆਂ ਦੀ ਗਾਰਡ ਰਜਮੰਟ ਦਾ ਅਫਸਰ ਬਣ ਗਿਆ। ਸਮਰਾਟ ਨਿਕੋਲਾਈ ਪਾਵਲੋਵਿਚ ਨੇ ਉਹਨੀਂ ਦਿਨੀਂ ਹੀ ਉਸ ਵਲ ਧਿਆਨ ਦਿਤਾ ਸੀ, ਜਦੋਂ ਉਹ ਸੈਨਿਕ ਸਕੂਲ ਵਿਚ ਪੜ੍ਹ ਰਿਹਾ ਸੀ ਅਤੇ ਪਿਛੋਂ ਰਜਮੰਟ ਵਿਚ ਵੀ ਕਾਸਤਸਕੀ ਉਤੇ ਖਾਸ ਨਜ਼ਰ ਰਹਿੰਦੀ ਸੀ। ਇਸ ਲਈ ਸਾਰਿਆਂ ਦਾ ਇਹ ਖਿਆਲ ਸੀ ਕਿ ਉਹ ਤਰੱਕੀ ਕਰਕੇ ਸ਼ਾਹੀ ਅਜੀਟਨ ਬਣੇਗਾ। ਕਾਸਾਤਸਕੀ ਵੀ ਦਿਲੋ ਐਸਾ ਹੀ ਚਾਹੁੰਦਾ ਸੀ, ਉਹ ਵੀ ਸਿਰਫ ਇਸ ਲਈ ਨਹੀਂ ਕਿ ਉਸਨੂੰ ਕੋਈ ਪਦ-ਲਾਲਸਾ ਸੀ, ਪਰ ਖ਼ਾਸ ਕਰਕੇ ਇਸ ਲਈ ਕਿ ਵਿਦਿਆਰਥੀ-ਜੀਵਨ ਦੇ ਦਿਨੀਂ ਹੀ ਉਸਨੂੰ ਸਮਰਾਟ ਨਿਕੋਲਾਈ ਪਹਿਲੇ ਨਾਲ ਬੇਹੱਦ ਪਿਆਰ-ਹਾਂ, ਹਾਂ ਬੇਹੱਦ ਪਿਆਰ ਹੋ ਗਿਆ ਸੀ। ਨਿਕੋਲਾਈ ਪਾਵਲੋਵਿਚ ਜਦੋਂ ਕਦੇ ਵੀ ਸੈਨਿਕ ਸਕੂਲ ਵਿਚ ਆਉਂਦਾ ਅਤੇ ਉਹ ਅਕਸਰ ਉਥੇ ਆਉਂਦਾ ਸੀ, ਤਾਂ ਸੈਨਿਕ ਵਰਦੀ ਪਾਈ, ਲੰਮੇ ਲੰਮੇ ਕਦਮ ਪੁੱਟਦੇ, ਉੱਚੇ-ਲੰਮੇ, ਚੌੜੀ ਛਾਤੀ, ਹੁੱਕਦਾਰ ਨੱਕ, ਮੁੱਛਾਂ ਅਤੇ ਛੋਟੀਆਂ ਕਲਮਾਂ ਵਾਲੇ ਅਤੇ ਜ਼ੋਰਦਾਰ ਆਵਾਜ਼ ਵਿਚ ਕੈਡੇਟਾਂ ਨੂੰ ਸੰਬੋਧਨ ਕਰਨ ਵਾਲੇ ਇਸ ਵਿਅਕਤੀ ਨੂੰ ਵੇਖਕੇ ਕਸਾਤਸਕੀ ਨੂੰ ਇਕ ਪ੍ਰੇਮੀ ਵਰਗੀ ਖੁਸ਼ੀ ਹੁੰਦੀ, ਬਿਲਕੁਲ ਵੈਸੀ ਹੀ, ਜਿਸ ਤਰ੍ਹਾਂ ਦੀ ਪਿਛੋਂ ਉਸਨੂੰ ਆਪਣੇ ਦਿਲ ਦੀ ਰਾਣੀ ਨਾਲ ਮੁਲਾਕਾਤ ਕਰਕੇ ਹੁੰਦੀ ਸੀ। ਫਰਕ ਸਿਰਫ ਏਨਾ ਸੀ ਕਿ ਨਿਕੌਲਾਈ ਪਾਵਲੋਵਿਚ ਨੂੰ ਵੇਖਕੇ ਉਸਨੂੰ ਦਿਲ ਦੀ ਰਾਣੀ ਨਾਲੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ। ਉਹ ਆਪਣੀ ਅਸੀਮ ਭਗਤੀ ਦਿਖਾਉਣਾ ਚਾਹੁੰਦਾ, ਕਿਸੇ ਤਰ੍ਹਾਂ ਦਾ ਵੀ ਬਲੀਦਾਨ ਕਰਨਾ ਚਾਹੁੰਦਾ, ਆਪਣੇ ਆਪ ਨੂੰ ਉਸ ਤੋਂ ਕੁਰਬਾਨ ਕਰ ਦੇਣਾ ਚਾਹੁੰਦਾ। ਸਮਰਾਟ ਨਿਕੋਲਾਈ ਪਾਵਲੋਵਿਚ ਇਹ ਜਾਣਦਾ ਸੀ ਤੇ ਜਾਣ ਬੁੱਝਕੇ ਉਸਦੀ ਇਸ ਭਾਵਨਾ ਦੀ ਹੌਸਲਾ ਅਫਜ਼ਾਈ ਕਰਦਾ ਸੀ। ਉਹ ਕੈਡੇਟਾਂ ਨਾਲ ਨਾਟਕ ਜੇਹਾ ਖੇਡਦਾ, ਉਹਨਾਂ ਨੂੰ ਆਪਣੇ ਆਸੇ-ਪਾਸੇ ਜਮ੍ਹਾਂ ਕਰ ਲੈਂਦਾ, ਕਦੀ ਬੱਚਿਆਂ ਦੀ ਸਰਲਤਾ ਨਾਲ, ਕਦੀ ਵੱਡੇ ਦੋਸਤਾਂ ਦੀ ਤਰ੍ਹਾਂ ਅਤੇ ਕਦੀ ਸਮਰਾਟ ਵਾਲੀ ਗੌਰਵਤਾ ਨਾਲ ਉਹਨਾਂ ਨਾਲ ਗੱਲਾਂ-ਬਾਤਾਂ ਕਰਦਾ। ਰਸੋਈ ਖਾਨੇ ਦੇ ਅਫਸਰ ਨਾਲ ਵਾਪਰੀ ਕਸਾਤਸਕੀ ਦੀ ਅਖੀਰਲੀ ਘਟਨਾ ਦੇ ਪਿਛੋਂ ਨਿਕੋਲਾਈ ਨੇ ਉਸਨੂੰ ਕੁਝ ਵੀ ਨਹੀਂ ਕਿਹਾ, ਪਰ ਜਦੋਂ ਕਸਾਤਸਕੀ ਉਸ ਦੇ ਨਜ਼ਦੀਕ ਆਇਆ, ਤਾਂ ਉਸਨੇ ਜਿਵੇਂ ਨਾਟਕ ਕਰਦਿਆਂ ਉਸਨੂੰ ਦੂਰ ਹਟਾ ਦਿਤਾ, ਮੱਥੇ ਉਤੇ ਤਿਊੜੀ ਪਾਈ, ਉਂਗਲੀ ਵਿਖਾਕੇ ਧਮਕਾਇਆ ਤੇ ਪਿਛੋਂ ਜਾਂਦੇ ਹੋਏ ਕਹਿਣ ਲੱਗਾ:

"ਇਹ ਸਮਝ ਲਓ ਕਿ ਮੈਨੂੰ ਸਭ ਕੁਝ ਪਤੈ। ਪਰ ਕੁਝ ਚੀਜ਼ਾਂ ਨੂੰ ਮੈਂ ਜਾਨਣਾ ਨਹੀਂ ਚਾਹੁੰਦਾ, ਤੇ ਉਹ ਮੇਰੇ ਇਥੇ ਹਨ।"

ਤੇ ਉਸ ਨੇ ਦਿਲ ਵਲ ਇਸ਼ਾਰਾ ਕੀਤਾ।

ਪੜ੍ਹਾਈ ਖਤਮ ਹੋਣ ਉਤੇ ਜਦੋਂ ਕੈਡੇਟ ਸਮਰਾਟ ਦੇ ਸਾਮ੍ਹਣੇ ਆਏ, ਤਾਂ ਉਸਨੇ ਇਸ ਘਟਨਾ ਦੀ ਯਾਦ ਤਕ ਨਹੀਂ ਕਰਾਈ ਤੇ ਹਮੇਸ਼ਾਂ ਦੀ ਤਰ੍ਹਾਂ ਇਹ ਕਿਹਾ ਕਿ ਕਿਸੇ ਵੀ ਚੀਜ਼ ਲਈ ਉਹ ਸਿੱਧੇ ਉਸ ਕੋਲ ਆ ਸਕਦੇ ਹਨ, ਕਿ ਸੱਚੀ ਨੀਤ ਨਾਲ ਉਸਦੀ ਤੇ ਮਾਤ-ਭੂਮੀ ਦੀ ਸੇਵਾ ਕਰਨ, ਕਿ ਉਹ ਹਮੇਸ਼ਾਂ ਉਹਨਾਂ ਦਾ ਸਭ ਤੋਂ ਵੱਡਾ ਦੋਸਤ ਰਹੇਗਾ। ਹਮੇਸ਼ਾਂ ਦੀ ਤਰ੍ਹਾਂ, ਇਹਨਾਂ ਲਫਜ਼ਾਂ ਨੇ ਸਾਰਿਆਂ ਦਿਆਂ ਦਿਲਾਂ ਨੂੰ ਟੁੰਬ ਦਿਤਾ, ਕਸਾਤਸਕੀ ਨੇ ਬੀਤੀ ਘਟਨਾ ਨੂੰ ਯਾਦ ਕਰਕੇ ਸੱਚੇ ਅੱਥਰੂ ਵਹਾਏ ਤੇ ਮਨ ਈ ਮਨ ਵਿਚ ਇਹ ਕਸਮ ਖਾਧੀ ਕਿ ਆਪਣੇ ਪਿਆਰੇ ਜ਼ਾਰ ਦੀ ਸੇਵਾ ਲਈ ਕੋਈ ਵੀ ਕਸਰ ਨਹੀਂ ਛੱਡੇਗਾ।

ਕਸਾਤਸਕੀ ਦੇ ਰਜਮੰਟ ਵਿਚ ਜਾਣ ਤੋਂ ਮਗਰੋਂ ਉਸਦੀ ਮਾਂ ਅਤੇ ਭੈਣ ਪਹਿਲਾਂ ਮਾਸਕੋ ਤੇ ਫਿਰ ਆਪਣੇ ਪਿੰਡ ਚਲੀਆਂ ਗਈਆਂ। ਕਸਾਤਸਕੀ ਨੇ ਅੱਧੀ ਜਗੀਰ ਭੈਣ ਨੂੰ ਦੇ ਦਿੱਤੀ ਤੇ ਬਾਕੀ ਅੱਧੀ ਦੀ ਆਮਦਨੀ ਤੋਂ, ਉਸ ਠਾਠਦਾਰ ਰਜਮੰਟ ਵਿਚ, ਜਿਸ ਵਿਚ ਉਹ ਨਿਯੁਕਤ ਸੀ, ਮੁਸ਼ਕਿਲ ਨਾਲ ਉਸਦਾ ਖਰਚ ਹੀ ਪੂਰਾ ਹੁੰਦਾ ਸੀ। ਬਾਹਰੀ ਤੌਰ ਉਤੇ ਤਾਂ ਕਸਾਤਸਕੀ ਇਕ ਸਾਧਾਰਣ ਨੌਜਵਾਨ ਹੀ ਲਗਦਾ ਸੀ, ਜੋ ਗਾਰਡਾਂ ਦਾ ਸ਼ਾਨਦਾਰ ਅਫਸਰ ਸੀ, ਵਧੀਆ ਕੈਰੀਅਰ ਬਣਾ ਰਿਹਾ ਸੀ। ਪਰ ਉਸਦੇ ਅੰਦਰ ਕਈ ਗੁੰਝਲਾਂ ਸਨ ਤੇ ਤਨਾਵਪੂਰਨ ਹਲ-ਚਲ ਮਚੀ ਰਹਿੰਦੀ ਸੀ। ਇਹ ਹਲ-ਚਲ ਸ਼ਾਇਦ ਬਚਪਨ ਤੋਂ ਹੀ ਉਸ ਦੀ ਆਤਮਾ ਵਿਚ ਚੱਲ ਰਹੀ ਸੀ, ਉਸਨੇ ਭਿੰਨ ਭਿੰਨ ਰੂਪ ਧਾਰਨ ਕੀਤੇ ਸਨ, ਪਰ ਉਸਦਾ ਤੱਤ ਇਕ ਹੀ ਸੀ। ਇਹ ਕਿ ਜੋ ਕੁਝ ਵੀ ਉਹ ਕਰੇ, ਉਸ ਵਿਚ ਐਸੀ ਨਿਪੁੰਨਤਾ ਤੇ ਸਫਲਤਾ ਪ੍ਰਾਪਤ ਕਰੇ ਕਿ ਦੂਸਰੇ ਦੰਗ ਰਹਿ ਜਾਣ, ਵਾਹ ਵਾਹ ਕਰ ਉਠਣ। ਗਿਆਨ-ਵਿਗਿਆਨ ਤੇ ਪੜ੍ਹਨ ਲਿਖਣ ਦੇ ਮਾਮਲੇ ਵਿਚ ਵੀ ਇਹੀ ਹਾਲ ਸੀ। ਉਹ ਇਸ ਤਰ੍ਹਾਂ ਇਹਨਾਂ ਦੇ ਪਿਛੇ ਪੈਂਦਾ ਕਿ ਜਿੰਨੀ ਦੇਰ ਉਸਦੀ ਤਾਰੀਫ ਨਾ ਹੋਣ ਲਗ ਪੈਂਦੀ ਤੇ ਜਿੰਨੀ ਦੇਰ ਉਸਨੂੰ ਮਿਸਾਲ ਵਜੋਂ ਨਾ ਪੇਸ਼ ਕੀਤਾ ਜਾਣ ਲਗ ਪੈਂਦਾ ਉਹ ਇਹਨਾਂ ਦਾ ਪਿੱਛਾ ਨਾ ਛਡਦਾ। ਇਕ ਚੀਜ਼ ਵਿਚ ਕਮਾਲ ਹਾਸਲ ਕਰਨ ਤੋਂ ਪਿਛੋਂ ਉਹ ਦੂਸਰੀ ਵੱਲ ਧਿਆਨ ਦਿੰਦਾ। ਇਸੇ ਤਰ੍ਹਾਂ ਉਸਨੇ ਪੜ੍ਹਨ ਲਿਖਣ ਵਿਚ ਪਹਿਲਾ ਦਰਜਾ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਹੀ, ਸੈਨਿਕ ਸਕੂਲ ਦੇ ਦਿਨਾਂ ਵਿਚ, ਇਕ ਵੇਰਾਂ ਫਰਾਂਸੀਸੀ ਵਿਚ ਗੱਲਾਂ ਕਰਦੇ ਸਮੇਂ ਕੁਝ ਪਰੇਸ਼ਾਨੀ ਅਨੁਭਵ ਹੋਣ ਕਰਕੇ ਉਸਨੇ ਫਰਾਂਸੀਸੀ ਵਿਚ ਵੀ ਰੂਸੀ ਭਾਸ਼ਾ ਦੀ ਤਰ੍ਹਾਂ ਅਧਿਕਾਰ ਹਾਸਲ ਕਰਕੇ ਹੀ ਚੈਨ ਲਿਆ ਸੀ। ਇਸੇ ਤਰ੍ਹਾਂ ਮਗਰੋਂ ਜਦੋਂ ਸ਼ਤਰੰਜ ਵਿਚ ਉਸਦੀ ਦਿਲਚਸਪੀ ਹੋਈ ਤਾਂ ਸਕੂਲ ਦੇ ਦਿਨਾਂ ਵਿਚ ਹੀ ਉਹ ਉਸਦਾ ਸ਼ਾਨਦਾਰ ਖਿਡਾਰੀ ਬਣ ਗਿਆ ਸੀ।

ਜ਼ਾਰ ਤੇ ਮਾਤ-ਭੂਮੀ ਦੀ ਸੇਵਾ ਕਰਨ ਦੇ ਆਮ ਜੀਵਨ-ਨਿਸ਼ਾਨੇ ਦੇ ਇਲਾਵਾ ਕੋਈ ਨਾ ਕੋਈ ਹੋਰ ਟੀਚਾ ਹਮੇਸ਼ਾ ਉਸਦੇ ਸਾਹਮਣੇ ਰਹਿੰਦਾ। ਉਹ ਟੀਚਾ ਭਾਵੇਂ ਕਿੰਨਾਂ ਵੀ ਮਾਮੂਲੀ ਕਿਉਂ ਨਾ ਹੁੰਦਾ, ਉਹ ਆਪਣੇ ਆਪ ਨੂੰ ਉਸ ਵਿਚ ਪੂਰੀ ਤਰ੍ਹਾਂ ਡੁਬੋ ਦਿੰਦਾ ਤੇ ਉਸਨੂੰ ਪੂਰਾ ਕਰਕੇ ਹੀ ਛੱਡਦਾ। ਉਸ ਟੀਚੇ ਤੇ ਪੂਰਾ ਹੁੰਦਿਆਂ ਹੀ ਕੋਈ ਨਵਾਂ ਟੀਚਾ ਉਸ ਦੇ ਸਾਮ੍ਹਣੇ ਉਤਰ ਆਉਂਦਾ ਅਤੇ ਪਹਿਲੇ ਦੀ ਜਗ੍ਹਾ ਲੈ ਲੈਂਦਾ। ਆਪਣੇ ਆਪ ਨੂੰ ਦੂਸਰਿਆਂ ਤੋਂ ਵਿਲੱਖਣ ਦਿਖਾਉਣ ਤੇ ਇਸ ਲਈ ਆਪਣੇ ਸਾਹਮਣੇ ਰਖੇ ਟੀਚੇ ਦੀ ਪੂਰਤੀ ਲਈ ਯਤਨ ਹੀ ਉਸਦੇ ਜੀਵਨ ਦਾ ਤੱਤ ਸੀ। ਅਤੇ ਅਫਸਰ ਬਣਦਿਆਂ ਹੀ ਉਸਨੇ ਆਪਣੇ ਕੰਮ ਵਿਚ ਕਮਾਲ ਹਾਸਲ ਕਰਨ ਦਾ ਟੀਚਾ ਬਣਾਇਆ ਤੇ ਜਲਦੀ ਹੀ ਆਦਰਸ਼ਕ ਅਫਸਰ ਬਣ ਗਿਆ। ਗੁੱਸੇ ਵਿਚ ਆਪਣੇ ਆਪ ਤੋਂ ਬਾਹਰ ਹੋ ਜਾਣ ਦੀ ਉਸਦੀ ਕਮਜ਼ੋਰੀ ਬਣੀ ਰਹੀ, ਜਿਹੜੀ ਇਥੇ ਵੀ ਪਹਿਲਾਂ ਵਾਂਗ ਹੀ ਉਸ ਕੋਲੋਂ ਬੇਹੂਦਾ ਹਰਕਤਾਂ ਕਰਵਾ ਦਿੰਦੀ ਅਤੇ ਉਸਦੇ ਕੰਮਾਂ ਦੀ ਸਫਲਤਾ ਵਿਚ ਰੁਕਾਵਟ ਪਾਉਂਦੀ ਸੀ। ਫਿਰ ਇਕ ਦਿਨ ਸੁਸਾਇਟੀ ਮਹਿਫ਼ਲਾਂ ਵਿਚ ਗੱਲਾਂ-ਬਾਤਾਂ ਦੇ ਦੌਰਾਨ ਉਸਨੂੰ ਆਪਣੇ ਵਿਦਿਅਕ ਪਿਛੋਕੜ ਵਿਚਲੀਆਂ ਕਮੀਆਂ ਦਾ ਅਹਿਸਾਸ ਹੋਇਆ, ਕਿਤਾਬਾਂ ਲੈ ਕੇ ਬੈਠ ਗਿਆ ਅਤੇ ਜੋ ਕੁਝ ਚਾਹੁੰਦਾ ਸੀ, ਉਹ ਪ੍ਰਾਪਤ ਕਰ ਲਿਆ। ਇਸ ਤੋਂ ਮਗਰੋਂ ਉਸਨੇ ਉੱਚੇ ਸਮਾਜ ਵਿਚ ਚਮਕਣਾ ਚਾਹਿਆ, ਨੱਚਣ ਵਿਚ ਕਮਾਲ ਹਾਸਲ ਕਰ ਲਿਆ ਤੇ ਜਲਦੀ ਹੀ ਉੱਚੇ ਸਮਾਜ ਦੀਆਂ ਸਾਰੀਆਂ ਨਾਚ-ਪਾਰਟੀਆਂ ਵਿਚ ਤੇ ਕੁਝ ਖਾਸ ਮਹਿਫਲਾਂ ਵਿਚ ਵੀ ਉਸਨੂੰ ਸੱਦਾ ਦਿੱਤਾ ਜਾਣ ਲੱਗਾ। ਪਰ ਆਪਣੀ ਇਸ ਸਥਿਤੀ ਉਤੇ ਉਸਨੂੰ ਸੰਤੁਸ਼ਟਤਾ ਨਾ ਮਿਲੀ। ਉਹ ਤਾਂ ਸਾਰਿਆਂ ਤੋਂ ਅੱਗੇ ਰਹਿਣ ਦਾ ਆਦੀ ਹੋ ਚੁਕਿਆ ਸੀ ਅਤੇ ਇਸ ਮਾਮਲੇ ਵਿਚ ਇਹ ਦੂਸਰਿਆਂ ਤੋਂ ਕਿਤੇ ਪਿਛੇ ਸੀ।

ਉਨ੍ਹੀਂ ਦਿਨੀਂ ਉੱਚੇ ਸਮਾਜ ਵਿਚ ਚਾਰ ਤਰ੍ਹਾਂ ਦੇ ਲੋਕ ਸਨ। ਮੇਰੇ ਖਿਆਲ ਵਿਚ ਹਮੇਸ਼ਾ ਤੇ ਹਰ ਜਗ੍ਹਾ ਹੀ ਉਸ ਵਿਚ ਚਾਰ ਤਰ੍ਹਾਂ ਦੇ ਲੋਕ ਹੁੰਦੇ ਹਨ: (1) ਧਨੀ ਅਤੇ ਰਾਜ ਦਰਬਾਰ ਨਾਲ ਸੰਬੰਧਤ; (2) ਘੱਟ ਧਨੀ, ਪਰ ਜੋ ਜਨਮ ਅਤੇ ਪਾਲਣ-ਪੋਸਣ ਦੀ ਦ੍ਰਿਸ਼ਟੀ ਤੋਂ ਦਰਬਾਰ ਦੇ ਨਾਲ ਹੀ ਸੰਬੰਧਤ ਹੁੰਦੇ ਹਨ; (3) ਧਨੀ, ਜੋ ਦਰਬਾਰੀਆਂ ਦੇ ਨਜ਼ਦੀਕ ਹੋਣ ਦਾ ਦਾਅਵਾ ਕਰਦੇ ਹਨ; ਅਤੇ (4) ਜੋ ਧਨੀ ਵੀ ਨਹੀਂ, ਰਾਜ ਦਰਬਾਰੀ ਵੀ ਨਹੀਂ ਪਰ ਪਹਿਲੀ ਅਤੇ ਦੂਸਰੀ ਤਰ੍ਹਾਂ ਦੇ ਲੋਕਾਂ ਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਸਾਤਸਕੀ ਪਹਿਲੀ ਤਰ੍ਹਾਂ ਦੇ ਲੋਕਾਂ ਵਿਚ ਨਹੀਂ ਸੀ। ਆਖਰੀ ਦੋ ਤਰ੍ਹਾਂ ਦੇ ਲੋਕਾਂ ਵਿਚ ਉਸਦਾ ਹਾਰਦਿਕ ਸਵਾਗਤ ਹੁੰਦਾ ਸੀ। ਉੱਚੇ ਸਮਾਜ ਵਿਚ ਆਉਣਾ-ਜਾਣਾ ਸ਼ੁਰੂ ਕਰਦੇ ਸਮੇਂ ਉਸਨੇ ਉੱਚੇ ਸਮਾਜ ਦੀ ਕਿਸੇ ਔਰਤ ਨਾਲ ਸੰਬੰਧ ਸਥਾਪਿਤ ਕਰਨ ਦਾ ਹੀ ਟੀਚਾ ਆਪਣੇ ਸਾਮ੍ਹਣੇ ਰਖਿਆ ਸੀ ਤੇ ਬਹੁਤ ਜਲਦੀ ਹੀ, ਜਿਸ ਦੀ ਕਿ ਉਸਨੂੰ ਖੁਦ ਵੀ ਆਸ ਨਹੀਂ ਸੀ। ਉਸ ਵਿਚ ਸਫਲ ਹੋ ਗਿਆ ਸੀ। ਪਰ ਜਲਦੀ ਹੀ ਉਸਨੇ ਮਹਿਸੂਸ ਕੀਤਾ ਕਿ ਜਿਸ ਸਮਾਜਕ ਹਲਕੇ ਵਿਚ ਉਸਦਾ ਉਠਣਾ-ਬੈਠਣਾ ਸੀ, ਉਹ ਨੀਵੇਂ ਹਨ, ਕਿ ਉਸ ਤੋਂ ਉੱਚੇ ਹਲਕੇ ਵੀ ਹਨ, ਕਿ ਦਰਬਾਰੀਆਂ ਦੇ ਇਹਨਾਂ ਉੱਚੇ ਹਲਕਿਆਂ ਦੇ ਦਰਵਾਜ਼ੇ ਉਸ ਲਈ ਬੇਸ਼ਕ ਖੁਲ੍ਹੇ ਤਾਂ ਸਨ, ਫਿਰ ਵੀ ਉਥੇ ਉਹ ਬਾਹਰਲਾ ਹੁੰਦਾ ਸੀ। ਉਸ ਨਾਲ ਚੰਗਾ ਵਤੀਰਾ ਕੀਤਾ ਜਾਂਦਾ ਸੀ, ਪਰ ਉਸਦੇ ਸਾਰੇ ਰੰਗ-ਢੰਗ ਇਹ ਜ਼ਾਹਿਰ ਕਰਦੇ ਸਨ ਕਿ ਉਹਨਾਂ ਦੇ ਆਪਣੇ ਹਲਕੇ ਦੇ ਲੋਕ ਅਲੱਗ ਸਨ ਅਤੇ ਉਹ ਉਹਨਾਂ ਵਿਚੋਂ ਨਹੀਂ ਹੈ। ਕਸਾਤਸਕੀ ਇਹਨਾਂ ਲੋਕਾਂ ਵਿਚ ਆਪਣੀ ਜਗ੍ਹਾ ਬਣਾਉਣੀ ਚਾਹੁੰਦਾ ਸੀ। ਇਸ ਲਈ ਜਾਂ ਤਾਂ ਦਰਬਾਰੀ ਅਫਸਰ ਬਨਣਾ ਜ਼ਰੂਰੀ ਸੀ, ਜਿਸਦੀ ਉਸਨੂੰ ਆਸ ਸੀ, ਜਾਂ ਫਿਰ ਇਸ ਹਲਕੇ ਦੀ ਕਿਸੇ ਲੜਕੀ ਨਾਲ ਵਿਆਹ ਕਰਨਾ ਜ਼ਰੂਰੀ ਸੀ। ਉਸਨੇ ਐਸਾ ਹੀ ਕਰਨ ਦਾ ਫੈਸਲਾ ਕਰ ਲਿਆ। ਇਸ ਲਈ ਉਸਨੇ ਜੋ ਲੜਕੀ ਚੁਣੀ, ਉਹ ਬਹੁਤ ਹੀ ਸੋਹਣੀ ਸੀ, ਰਾਜ ਦਰਬਾਰ ਨਾਲ ਸਬੰਧਤ ਪਰਿਵਾਰ ਦੀ ਸੀ, ਉਹ ਉਸ ਉੱਚੇ ਸਮਾਜ ਦੀ, ਜਿਸ ਵਿਚ ਉਹ ਆਪਣੇ ਲਈ ਜਗ੍ਹਾ ਬਣਾਉਣੀ ਚਾਹੁੰਦਾ ਸੀ, ਸਿਰਫ ਆਪਣੀ ਹੀ ਨਹੀਂ ਸੀ, ਬਲਕਿ ਐਸੀ ਸੀ, ਜਿਸ ਨਾਲ ਉਸ ਉੱਚੇ ਸਮਾਜ ਦੇ ਉੱਚ-ਕੋਟੀ ਤੇ ਬਹੁਤ ਹੀ ਦ੍ਰਿੜ੍ਹ ਸਥਿਤੀ ਵਾਲੇ ਲੋਕ ਮੇਲ-ਮਿਲਾਪ ਬਨਾਉਣ ਲਈ ਯਤਨ ਕਰਦੇ ਰਹਿੰਦੇ ਸਨ। ਉਹ ਕਾਂਉਂਟੈਸ ਕੋਰੋਤਕੋਵਾ ਸੀ। ਕਸਾਤਸਕੀ ਸਿਰਫ ਉਨਤੀ ਕਰਨ ਲਈ ਹੀ ਉਸ ਪ੍ਰਤਿ ਪਿਆਰ ਦਾ ਦਿਖਾਵਾ ਨਹੀਂ ਸੀ ਕਰਦਾ ਸਗੋਂ ਉਹ ਹੱਦੋਂ ਵਧ ਮਨਮੋਹਣੀ ਸੀ ਤੇ ਬਹੁਤ ਜਲਦੀ ਹੀ ਉਹ ਉਸਨੂੰ ਪਿਆਰ ਕਰਨ ਲਗਾ। ਕਾਂਊਟੈਂਸ ਕੋਰੋਤਕੋਵਾ ਨੇ ਸ਼ੁਰੂ ਵਿਚ ਤਾਂ ਕਸਾਤਸਕੀ ਵੱਲ ਬੜਾ ਰੁੱਖਾ ਜਿਹਾ ਵਤੀਰਾ ਦਿਖਾਇਆ, ਪਰ ਫਿਰ ਅਚਾਨਕ ਹੀ ਸਭ ਕੁਝ ਬਦਲ ਗਿਆ। ਉਹ ਉਸ ਵਲ ਨਰਮ ਹੋ ਗਈ ਅਤੇ ਉਸਦੀ ਮਾਂ ਤਾਂ ਖਾਸ ਕਰਕੇ ਉਸ ਨੂੰ ਬਹੁਤ ਹੀ ਉਤਸ਼ਾਹ ਨਾਲ ਆਪਣੇ ਘਰ ਸੱਦੇ ਦੇਣ ਲਗੀ।

ਕਸਾਤਸਕੀ ਨੇ ਵਿਆਹ ਦੀ ਪੇਸ਼ਕਸ਼ ਕੀਤੀ, ਜੋ ਸਵੀਕਾਰ ਕਰ ਲਈ ਗਈ। ਜਿੰਨੀ ਆਸਾਨੀ ਨਾਲ ਉਸਨੂੰ ਇਹ ਖੁਸ਼ੀ ਹਾਸਲ ਹੋ ਗਈ ਸੀ, ਇਸ ਤੋਂ ਵੀ ਵੱਧ ਮਾਂ-ਧੀ ਦੇ ਅਜੀਬ ਰੰਗ-ਢੰਗ ਤੋਂ ਉਸਨੂੰ ਹੈਰਾਨੀ ਹੋਈ। ਉਹ ਪਿਆਰ ਵਿਚ ਅੰਨ੍ਹਾ ਹੋ ਗਿਆ ਸੀ ਇਸ ਲਈ ਜਿਹੜੀ ਗੱਲ ਸਾਰਾ ਸ਼ਹਿਰ ਜਾਣਦਾ ਸੀ; ਉਸ ਵਲ ਉਸਦਾ ਧਿਆਨ ਹੀ ਨਹੀਂ ਗਿਆ ਸੀ। ਉਹ ਗੱਲ ਇਹ ਸੀ ਕਿ ਉਸ ਦੀ ਮੰਗੇਤਰ ਇਕ ਸਾਲ ਪਹਿਲਾਂ ਜ਼ਾਰ ਨਿਕੋਲਾਈ ਪਾਵਲੋਵਿਚ ਦੀ ਪ੍ਰੇਮਿਕਾ ਰਹਿ ਚੁਕੀ ਸੀ।

  1. ਸਮਰਾਟ ਦੀ ਸਹਾਇਤਾ ਕਰਨ ਵਾਲਾ ਅਹੁਦੇਦਾਰ