49404ਪਾਕਿਸਤਾਨੀ — ਸਿਰ ਦਾ ਸਾਈਂਮੁਹੰਮਦ ਇਮਤਿਆਜ਼

ਸਿਰ ਦਾ ਸਾਈਂ

ਬਲਵੀਰ ਦਾ ਭੋਗ ਪੈਣ ਤੋਂ ਬਾਅਦ ਜਦੋਂ ਲੋਕ ਚਲੇ ਗਏ, ਤਾਂ ਮਨਪ੍ਰੀਤ ਦੇ ਨੇੜਲੇ ਰਿਸ਼ਤੇਦਾਰਾਂ ਨੇ ਉਹਦੀ ਸੱਸ ਤੇ ਮਾਂ-ਬਾਪ ਨੂੰ ਕੋਲ ਬਿਠਾ ਕੇ ਗੱਲ ਤੋਰੀ, "ਰੱਬ ਵੱਲੋਂ ਜੋ ਲਿਖਿਆ ਸੀ, ਭਾਈ, ਉਹਦਾ ਭਾਣਾ ਮੰਨੋ!....... ਪਰ, ਭਾਈ, ਏਸ ਕੁੜੀ ਅੱਗੇ ਤਾਂ ਪਹਾੜ ਜਿੱਡੀ ਜ਼ਿੰਦਗੀ ਪਈ ਐ! ਇਹਦਾ ਸੋਚੋ ਕੁਸ਼!" ਰਿਸ਼ਤੇਦਾਰਾਂ 'ਚੋਂ ਕਿਸੇ ਬਜ਼ੁਰਗ ਦੀ ਇਸ ਗੱਲ ਨਾਲ ਸਾਰਿਆਂ ਦੇ ਦਿਲ ਅੰਦਰ ਚੱਲ ਰਹੀ ਕਸ਼ਮਕਸ਼ ਬਾਹਰ ਆ ਗਈ। ਪਰ ਹੱਲ ਕਿਸੇ ਕੋਲ ਕੋਈ ਨਹੀਂ ਸੀ। ਜੇ ਬਲਵੀਰ ਦਾ ਕੋਈ ਛੋਟਾ ਭਰਾ ਹੁੰਦਾ ਤਾਂ ਮਨਪ੍ਰੀਤ ਨੂੰ ਉਹਦੇ ਲੜ ਲਾਉਣ ਦੀ ਸੋਚੀ ਜਾ ਸਕਦੀ ਸੀ। ਪਰ ਹੁਣ ਤਾਂ ਉਹਦੇ ਮਾਂ-ਬਾਪ ਕੋਲ ਉਹਨੂੰ ਆਪਣੇ ਨਾਲ ਲਿਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹੁਣ ਉਹਦਾ ਸਹੁਰੇ ਘਰ ਰਹਿ ਵੀ ਕੀ ਗਿਆ ਸੀ-'ਕੱਲੀ ਜ਼ਮੀਨ ਦੇ ਸਹਾਰੇ ਜ਼ਿੰਦਗੀ ਨਹੀਂ ਸੀ ਬਿਤਾਈ ਜਾ ਸਕਦੀ!

ਪਰ ਮਨਪ੍ਰੀਤ ਦੇ ਚਲੇ ਜਾਣ ਨਾਲ ਉਹਦੀ ਸੱਸ ਘਰ 'ਚ ਇਕੱਲੀ ਰਹਿ ਜਾਣੀ ਸੀ। ਪਹਿਲਾਂ ਪਤੀ ਦੀ ਅਚਨਚੇਤ ਮੌਤ ਨੇ ਉਹਨੂੰ ਅੱਧਿਆਂ ਕਰ ਦਿੱਤਾ ਸੀ। ਹੁਣ ਇਕਲੌਤਾ ਪੁੱਤ ਵੀ ਚੱਲ ਵੱਸਿਆ। ਉਸ ਵਿਚਾਰੀ ਨੇ ਕਿਹਦੇ ਸਹਾਰੇ ਜ਼ਿੰਦਗੀ ਕੱਟਣੀ ਸੀ?

ਮਨਪ੍ਰੀਤ ਦੇ ਮਾਂ-ਬਾਪ ਨੇ ਧੀ ਨੂੰ ਨਾਲ ਲਿਜਾਣ ਦਾ ਭਾਵੇਂ ਪਹਿਲਾਂ ਹੀ ਮਨ ਬਣਾ ਲਿਆ ਸੀ, ਪਰ ਲੋਕਾਚਾਰੀ ਕਰਕੇ ਉਹ ਆਪਣੇ ਮੂੰਹੋਂ ਕਹਿਣ ਤੋਂ ਡਰਦੇ ਸਨ। ਸੋ, ਗੱਲ ਮੁੜ-ਘਿੜ ਉੱਥੇ ਹੀ ਘੁੰਮੀ ਜਾ ਰਹੀ ਸੀ।

ਇਸ ਸਮੱਸਿਆ ਦਾ ਹੱਲ ਉਦੋਂ ਲੱਭਿਆ, ਜਦੋਂ ਮਨਪ੍ਰੀਤ ਨੇ ਆਪਣੇ ਮੂੰਹੋਂ ਕਿਹਾ, "ਮੈਂ ਮੰਮੀ ਨੂੰ ਕੱਲੀ ਛੱਡ ਕੇ ਨ੍ਹੀ ਜਾਣਾ! ਮੇਰੇ ਬਿਨਾ ਉਹਦਾ ਹੈ ਈ ਕੌਣ!"

"ਪਰ, ਧੀਏ! ਕਿਹਦੇ ਆਸਰੇ ਕੱਟੇਂਗੀ ਸਾਰੀ ਜ਼ਿੰਦਗੀ! ਜੇ ਜਬਾਕ-ਜੱਲਾ ਹੁੰਦਾ ਤਾਂ ਉਹਨੂੰ ਖਡਾ ਕੇ ਈ ਦਿਨ ਕਟੀ ਕਰ ਲੈਂਦੀ!"

ਪਰ ਮਨਪ੍ਰੀਤ ਨੇ ਸੋਚ-ਸਮਝ ਕੇ ਫੈਸਲਾ ਲਿਆ ਸੀ। ਉਹਦੀ ਦ੍ਰਿੜ੍ਹਤਾ ਵੇਖ ਕੇ ਮਾਂ-ਬਾਪ ਨੂੰ ਉਹਦੇ ਅੱਗੇ ਝੁਕਣਾ ਪਿਆ। ਉਹਨਾਂ ਨੇ ਸੋਚਿਆ, ਏਸ ਔਖੀ ਘੜੀ ਵੇਲੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਸੀ। ਇਹ ਗੱਲਾਂ ਤਾਂ ਥੋੜ੍ਹਾ ਸਮਾਂ ਪੈ ਕੇ ਮੁੜ-ਵਿਚਾਰੀਆਂ ਜਾ ਸਕਦੀਆਂ ਸਨ।

ਸੱਥ ਵਿੱਚ ਇਸ ਬਾਰੇ ਚਰਚਾ ਹੋਣ ਲੱਗੀ, "ਬਈ, ਕੁੜੀ ਨੇ ਬੜੀ ਦਲੇਰੀ ਦਖਾਈ!........ ਪੁੰਨ ਖੱਟ ਗਈ, ਬਈ! ਦੇਖ ਲੈ, ਜਵਾਨੀ ਕੁਰਬਾਨ ਕਰ ’ਤੀ ਆਪਣੀ ਸੱਸ ਦੀ ਸੇਵਾ ਪਿੱਛੇ!" ਇੱਕ ਬਜ਼ੁਰਗ ਨੇ ਮਨਪ੍ਰੀਤ ਬਾਰੇ ਗੱਲ ਕੀਤੀ।

"ਸੱਸ ਦੀ ਸੇਵਾ ਪਿੱਛੇ ਨ੍ਹੀਂ, ਬਾਬਾ! ਪਾਲੇ ਪਿੱਛੇ!" ਨਾਲ ਬੈਠੇ ਇੱਕ ਮੁੰਡੇ ਨੇ ਜਵਾਬ ਦਿੱਤਾ। ਉਹਦੀ ਹਿਮਾਇਤ ਵਿੱਚ ਦੂਜਾ ਮੁੰਡਾ ਬੋਲ ਪਿਆ, "ਏਸ ਦੇ ਚਾਲਿਆਂ ਨੇ ਮਾਰਿਐ ਬਲਬੀਰ!....... ਇਹਦਾ ਇਹ ਨ੍ਹੀਂ ਪਤਾ, ਕੁਸ਼ ਦੇ-ਦੂ ਤਾ ਹੋਵੇ ਉਹਨੂੰ!"

"ਉਏ, ਆਪਾਂ ਕਿਹੜਾ ਅੱਖੀਂ ਦੇਖਿਐ! ਰੱਬ ਨੂੰ ਈ ਪਤੈ!" ਬਾਬੇ ਨੇ ਸਿਆਣਪ ਨਾਲ ਆਪਣਾ ਪੱਲੜਾ ਭਾਰੀ ਕਰਨ ਦੀ ਕੋਸ਼ਿਸ਼ ਕੀਤੀ।

"ਦੇਖਿਆ ਈ ਹੋਇਐ, ਬਾਬਾ! ਸਾਰਾ ਪਿੰਡ ਜਾਣਦੈ, ਇਹਦੀਆਂ ਪਾਲੇ ਨਾਲ ਕਰਤੂਤਾਂ!" ਪਹਿਲੇ ਨੌਜਵਾਨ ਨੇ ਦ੍ਰਿੜ੍ਹਤਾ ਨਾਲ ਬਜ਼ੁਰਗ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ।

"ਓ, ਕਾਹਨੂੰ, ਕਾਕਾ! ਸ਼ਰਾਬ ਨੇ ਗੁਰਦੇ ਗਾਲ ’ਤੇ ਉਹਦੇ। ਕਹਿਣ ਨੂੰ ਜੋ ਮਰਜੀ ਕਹੀ ਚੱਲੋ!" ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਵੀ ਆਪਣਾ ਪੱਖ ਰੱਖਿਆ।

"ਓ, ਕਾਹਨੂੰ, ਚਾਚਾ!......" ਸਿਰ ਮਾਰਦਿਆਂ ਪਹਿਲਾ ਨੌਜਵਾਨ ਚੁੱਪ ਕਰ ਗਿਆ।

ਬਾਬੇ ਨੇ ਵੀ ਗੱਲ ਦਾ ਰੁਖ ਮੋੜਿਆ, "........ ਜੋ ਵੀ ਐ, ਭਾਈ! ਘਰ ਖਾਲੀ ਹੋ ਗਿਆ ਵਚਾਰਿਆਂ ਦਾ! ਪਹਿਲਾਂ ਪਿਉ ਤੁਰ ਗਿਆ, ਤੇ ਹੁਣ ਆਪ......!"

ਕੁਝ ਸਾਲ ਪਹਿਲਾਂ ਐਕਸੀਡੈਂਟ ’ਚ ਬਾਪ ਦੀ ਮੌਤ ਤੋਂ ਬਾਅਦ ਜ਼ਮੀਨ ਤੇ ਖੇਤੀਬਾੜੀ ਬਲਵੀਰ ਸਿਰ ਆ ਪਈ ਸੀ।

ਬਲਵੀਰ ਸੀ ਤਾਂ ਸਾਊ ਕਿਸਮ ਦਾ, ਪਰ ਉਹ ਸ਼ਰਾਬ ਬਹੁਤ ਪੀਂਦਾ ਸੀ। ਉਹਦੀ ਮਾਂ ਨੂੰ ਡਰ ਪੈਦਾ ਹੋ ਗਿਆ- "ਕਿਤੇ ਸਾਰੀ ਜ਼ਮੀਨ ਢਾਣੀਆਂ 'ਚ ਦਾਰੂ ਪੀ ਕੇ ਈ ਨਾ ਉੜਾ ਦਵੇ!"

ਕਈਆਂ ਨੇ ਉਸ ਨੂੰ ਸੁਝਾਅ ਦਿੱਤਾ, "ਮੁੰਡੇ ਦਾ ਵਿਆਹ ਕਰਦੇ! ਆਪੇ ਸੁਧਰ ਜਾਊ।"

ਮਾਂ ਨੇ ਵੀ ਸੋਚਿਆ, "ਕੀ ਪਤੈ, ਬਹੂ ’ਚ ਖੁੱਭ ਕੇ ਘਰ ਵੱਲ ਧਿਆਨ ਦੇਣ ਲੱਗ-ਪੇ!"

ਤੇ ਉਸਦੀ ਸੋਚ ਸਹੀ ਸਿੱਧ ਹੋਈ। ਵਿਆਹ ਤੋਂ ਬਾਅਦ ਬਲਵੀਰ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਘਟ ਗਈ। ਹੁਣ ਜੇ ਉਹ ਪੰਦਾ ਵੀ ਸੀ ਤਾਂ ਕਿਸੇ ਵਿਆਹ-ਸ਼ਾਦੀ ਦੇ ਮੌਕੇ ਤੇ। ਢਾਣੀਆਂ ਦੀ ਸੰਗਤ ਤਾਂ ਉਹਨੇ ਬਿਲਕੁਲ ਹੀ ਤਿਆਗ ਦਿੱਤੀ।

ਰਿਸ਼ਤੇਦਾਰੀ ਤੇ ਗੁਆਂਢ ਦੀਆਂ ਬੁੱਢੀਆਂ ਵੀ ਗੱਲਾਂ ਕਰਨ ਲੱਗ ਪਈਆਂ, "ਨੀ, ਬਹੂ ਨੇ ਤਾਂ ਕਮਾਲ ਈ ਕਰ ਤੀ!........."

"ਵੀਰਾ ਤਾਂ ਹੁਣ ਭਾਬੀ ਦੀਆਂ ਅੱਖਾਂ ਨਾਲ ਈ ਨਸ਼ਿਆਇਆ ਰਹਿੰਦੈ! ਹੁਣ ਦਾਰੂ ਉਹਨੇ ਕੀ ਕਰਨੀ ਐ!" ਦੂਰੋਂ ਲੱਗਦੀਆਂ ਭੈਣਾਂ ਟਿੱਚਰ-ਮਖੌਲ ਕਰਦੀਆਂ।

"ਕੀ ਗੱਲ ਭਰਾਵਾ, ਵਿਆਹ ਕਰਵਾ ਕੇ ਤਾਂ ਤੂੰ ਸਾਨੂੰ ਭੁੱਲ ਈ ਗਿਐਂ!" ਵਿਆਹ ਤੋਂ ਕੁਝ ਮਹੀਨੇ ਬਾਅਦ ਪਾਲਾ ਬਲਵੀਰ ਦੇ ਘਰ ਆਇਆ ਸੀ।

"ਨਹੀਂ, ਯਾਰ ......!ਉਹ ਗੱਲ ਨ੍ਹੀਂ...... ਬੱਸ! ਤੈਨੂੰ ਪਤਾ ਈ ਐ, ਮੈਂ ਪੀਣੀ ਘਟਾ 'ਤੀ!" ਬਲਵੀਰ ਨੇ ਸਾਵਧਾਨੀ ਨਾਲ ਸ਼ਬਦ ਇਕੱਠੇ ਕੀਤੇ।

"ਮੈਨੂੰ ਤਾਂ ਆਪ ਖ਼ੁਸ਼ੀ ਐ, ਬਈ, ਪੀਣੀ ਘੱਟ ਕਰ 'ਤੀ! ਪਰ, ਯਾਰੀ ਤਾਂ ਨ੍ਹੀਂ ਛੱਡੀ!

"ਨਹੀਂ, ਯਾਰ! ਆਪਣੀ ਯਾਰੀ ਕਿੱਥੋਂ ਟੁੱਟ ਜਾਊ!" ਬਲਵੀਰ ਨੇ ਪਾਲੇ ਦੇ ਮੋਢੇ ਤੇ ਹੱਥ ਧਰਿਆ।

ਮਨਪ੍ਰੀਤ ਚਾਹ ਲੈ ਆਈ।

"ਸਤਿ ਸ੍ਰੀ ਅਕਾਲ, ਭਾਬੀ!" ਪਾਲਾ ਮਨਪ੍ਰੀਤ ਨੂੰ ਸੰਬੋਧਿਤ ਹੋਇਆ। ਮਨਪ੍ਰੀਤ ਨੇ ਹੌਲੀ ਆਵਾਜ਼ 'ਚ ਜਵਾਬ ਦਿੱਤਾ।

"ਸੰਗਣ ਦੀ ਲੋੜ ਨ੍ਹੀਂ! ਇਹ ਤਾਂ ਮਿੱਤਰ ਐ ਆਪਣਾ! ਆਸਟ੍ਰੇਲੀਆ ਜਾਣ ਦੀਆਂ ਤਿਆਰੀਆਂ ਕਰੀ ਜਾਂਦੈ!" ਬਲਵੀਰ ਨੇ ਪਾਲੇ ਦੀ ਜਾਣ-ਪਹਿਚਾਣ ਕਰਵਾਉਣ ਦੇ ਲਹਿਜੇ ਵਿੱਚ ਕਿਹਾ।

"ਚਲੇ ਤਾਂ ਹੁਣ ਨੂੰ ਕਦੋਂ ਦੇ ਜਾਂਦੇ, ਬਲਬੀਰ ਬਾਈ! ਬੱਸ, ਯਾਰਾਂ-ਬੇਲੀਆਂ ਨੂੰ ਛੱਡ ਕੇ ਜਾਣ ਨੂੰ ਜੀਅ ਨ੍ਹੀਂ ਕਰਦਾ!" ਕਹਿੰਦਿਆਂ ਪਾਲੇ ਨੇ ਟੇਢੀ ਨਜ਼ਰ ਨਾਲ ਮਨਪ੍ਰੀਤ ਨੂੰ ਨੁਹਾਰਿਆ।

"ਤੂੰ, ਪਾਲਿਆ, ਘਰ ਈ ਆ ਜਿਆ ਕਰ, ਯਾਰ! ਬਾਹਰ ਜਾਣ ਤੋਂ ਤਾਂ ਤੇਰੀ ਭਾਬੀ ਗੁੱਸਾ ਕਰੂ!" ਬਲਵੀਰ ਪਾਲੇ ਦੇ ਪੱਟ ਤੇ ਹੱਥ ਮਾਰ ਕੇ ਹੱਸ ਪਿਆ।

ਉਸ ਦਿਨ ਤੋਂ ਬਾਅਦ ਬਲਵੀਰ ਤੇ ਪਾਲਾ ਕਦੇ ਕਦਾਈਂ ਬੈਠਕ 'ਚ ਬੈਠ ਕੇ ਥੋੜੀ-ਬਹੁਤ ਸ਼ਰਾਬ ਪੀ ਲੈਂਦੇ। ਪਾਲੇ ਦੇ ਦੂਰੋਂ ਲੱਗਦੇ ਚਾਚੇ ਦਾ ਮੁੰਡਾ, ਹਰਦੀਪ, ਵੀ ਉਹਨਾਂ ’ਚ ਸ਼ਾਮਿਲ ਹੋਣ ਲੱਗ ਪਿਆ।

"ਚਲ, ਢਾਣੀਆਂ 'ਚ ਬਹਿ ਕੇ ਰੋਜ਼ ਪੀਣ ਨਾਲੋਂ ਤਾਂ ਚੰਗੈ!....... ਨਾਲੇ ...... ਮੁੰਡੇ-ਖੁੰਡਿਆਂ ਤੇ ਬਹੁਤੀ ਪਾਬੰਦੀ ਲਾਈ ਵੀ ਚੰਗੀ ਨੀ ਹੁੰਦੀ।" ਬਲਵੀਰ ਦੀ ਮਾਂ ਆਪਣੇ ਮਨ ਵਿੱਚ ਹੀ ਸੋਚਦੀ ਰਹਿੰਦੀ। ਵੈਸੇ ਵੀ ਮਨਪ੍ਰੀਤ ਤੇ ਉਸਦਾ ਭਰੋਸਾ ਬਹੁਤ ਬੱਝ ਗਿਆ ਸੀ ਕਿ ਉਹ ਆਪਣੇ-ਆਪ ਬਲਵੀਰ ਨੂੰ ਸੰਭਾਲ ਲਵੇਗੀ। ਪਤੀ ਦੀ ਮੌਤ ਤੋਂ ਬਾਅਦ ਖ਼ੁਦ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਬਚੀ ਕਿ ਘਰ ਵਿੱਚ ਟੋਕਾ-ਟਾਕੀ ਕਰਦੀ ਫਿਰੇ।

ਪਾਲੇ ਤੇ ਹਰਦੀਪ ’ਚੋਂ ਜੇ ਕੋਈ ਮਨਪ੍ਰੀਤ ਨੂੰ ਮਜ਼ਾਕ ਵੀ ਕਰ ਦਿੰਦਾ ਤਾਂ ਮਨਪ੍ਰੀਤ ਤੋਂ ਡਰਦਾ ਬਲਵੀਰ ਪਹਿਲਾਂ ਹੀ ਬੋਲ ਪੈਂਦਾ, "ਬਈ, ਭਾਬੀ ਐਂ ਤੂੰ ਇਹਨਾਂ ਦੀ!" ਤੇ ਮਨਪ੍ਰੀਤ ਬੁੱਲੀਆਂ 'ਚ ਮੁਸਕੁਰਾਉਂਦੀ ਕਮਰੇ 'ਚੋਂ ਬਾਹਰ ਚਲੀ ਜਾਂਦੀ।

ਹਰਦੀਪ ਨੂੰ ਤਾਂ ਮਨਪ੍ਰੀਤ ਨੇ ਕਦੇ ਬਹੁਤਾ ਗੌਲਿਆ ਨਾ, ਪਰ ਪਾਲੇ ਦਾ ਮਜ਼ਾਕ ਕਰਨਾ ਉਸਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ। ਉਹ ਚਾਹੁਣ ਲੱਗ ਪਈ ਸੀ ਕਿ ਪਾਲਾ ਕਿਸੇ ਨਾ ਕਿਸੇ ਬਹਾਨੇ ਉਸ ਨਾਲ ਗੱਲਾਂ ਕਰਦਾ ਰਹੇ। ਸਜ-ਧਜ ਕੇ ਆਇਆ ਪਾਲਾ ਉਸਨੂੰ ਖਿੱਚ ਪਾਉਂਦਾ ਸੀ।

ਮਨਪ੍ਰੀਤ ਨੂੰ ਜਿਵੇਂ ਕੁਝ ਵੱਖਰਾ ਮਹਿਸੂਸ ਹੋਣ ਲੱਗ ਪਿਆ ਸੀ। ਉਸਨੂੰ ਹੁਣ ਬਲਵੀਰ ਦੀ ਪਕੜ ਵੀ ਢਿੱਲੀ ਮਹਿਸੂਸ ਹੋਣ ਲੱਗ ਪਈ। ਕਈ ਵਾਰ ਰਾਤ ਨੂੰ ਉਸਨੂੰ ਲੱਗਦਾ ਜਿਵੇਂ ਬਲਵੀਰ ਉਸਨੂੰ 'ਨੋਚ' ਰਿਹਾ ਹੋਵੇ।

"ਦੇਖ, ਕੁੜੀਏ! ਤੇਰੇ ਸਿਰ ਦਾ ਸਾਈਂ ਐ ਉਹ .......!" ਵਿਆਹ ਤੋਂ ਪਹਿਲਾਂ ਮਾਂ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਨ। ਜੋ ਮਾਂ-ਬਾਪ ਨੇ ਕੀਤਾ ਸੀ, ਉਸਨੇ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਸੀ।

ਪਰ ਹੁਣ ਮਨਪ੍ਰੀਤ ਅੰਦਰ ਇੱਕ ਵਿਦਰੋਹ ਪਲਣ ਲੱਗ ਪਿਆ ਸੀ। ਉਸਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਉਸ ਨੇ ਆਪਣੀ ਇੱਛਾ-ਅਣਇੱਛਾ ਬਾਰੇ ਕਦੇ ਸੋਚਿਆ ਹੀ ਨਹੀਂ ਸੀ।

ਬਾਰਵੀਂ 'ਚ ਪੜ੍ਹਦਿਆਂ ਇੱਕ ਮੁੰਡੇ ਨੇ ਉਸ ਨੂੰ ਦੋਸਤੀ ਕਰਨ ਲਈ ਵੀ ਕਿਹਾ ਸੀ। ਪਰ ਡਰਦਿਆਂ ਮਨਪ੍ਰੀਤ ਨੇ ਉਸਨੂੰ ਡਾਂਟ ਦਿੱਤਾ ਸੀ। ਉਸ ਤੋਂ ਬਾਅਦ ਮਨਪ੍ਰੀਤ ਚਾਹੁੰਦੀ ਰਹੀ ਕਿ ਉਹ ਮੁੰਡਾ ਦੁਬਾਰਾ ਫਿਰ ਉਸ ਨਾਲ ਗੱਲ ਕਰੇ, ਪਰ ਉਹ ਮੁੜ ਕੇ ਨਹੀਂ ਆਇਆ। ਨਿਰਾਸ਼ ਹੋ ਕੇ ਮਨਪ੍ਰੀਤ ਨੇ ਭਵਿੱਖ 'ਚ ਹੋਣ ਵਾਲੇ ਆਪਣੇ ਵਿਆਹ ਦੇ ਸੁਪਨਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਪਰ ਹੁਣ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਿਆ ਕਿ ਇਹ ਉਹ ਵਿਆਹ ਨਹੀਂ ਸੀ ਜਿਸਦੇ ਉਸ ਨੇ ਸੁਪਨੇ ਲਏ ਸਨ। ਉਸ ਦਾ ਵਿਆਹ ਤਾਂ ਪਾਲੇ ਵਰਗੇ ‘ਟੋਹਰੀ' ਮੁੰਡੇ ਨਾਲ ਹੋਣਾ ਚਾਹੀਦਾ ਸੀ।

"ਭਾਬੀ, ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ!" ਪਾਲੇ ਨੇ ਗੱਲਾਂ-ਗੱਲਾਂ ਵਿੱਚ ਜਿਸ ਦਿਨ ਉਸਨੂੰ ਕਿਹਾ ਸੀ, ਉਸ ਤੋਂ ਬਾਅਦ ਉਹ ਕਈ ਦਿਨ ਸ਼ੀਸ਼ੇ ਵਿੱਚ ਆਪਣੀਆਂ ਅੱਖਾਂ ਨੂੰ ਹੀ ਵੇਖਦੀ ਰਹੀ ਸੀ।

"ਭਾਬੀ! ਤੂੰ ਮੇਰੀਆਂ ਗੱਲਾਂ ਦਾ ਗੁੱਸਾ ਤਾਂ ਨੀਂ ਕਰਦੀ?" ਇੱਕ ਦਿਨ ਬੈਠਕ ’ਚ ਬੈਠਿਆਂ ਪਾਲੇ ਨੇ ਉਸ ਤੋਂ ਪੁੱਛਿਆ। ਬਲਵੀਰ ਨੇ ਹਾਲੀਂ ਖੇਤੋਂ ਮੁੜਨਾ ਸੀ। ਪਾਲਾ ਵੀ ਕੁਝ ਛੇਤੀ ਹੀ ਆ ਕੇ ਉਸਦੀ ਉਡੀਕ ਕਰਨ ਲੱਗ ਪਿਆ ਸੀ। ਮਨਪ੍ਰੀਤ ਦੀ ਸੱਸ ਰਿਸ਼ਤੇਦਾਰੀ ਵਿੱਚ ਕਿਧਰੇ ਗਈ ਹੋਈ ਸੀ।

"ਅੱਗੇ ਕਦੇ ਮੈਂ ਤੇਰੀ ਗੱਲ ਦਾ ਗੁੱਸਾ ਕੀਤੈ?" ਮਨਪ੍ਰੀਤ ਨੇ ਸੰਗਦਿਆਂ ਜਵਾਬ ਦਿੱਤਾ।

"ਭਾਈ! ਅਸਲ 'ਚ, ਤੇਰੀਆਂ ਅੱਖਾਂ ਦੀ ਤਰੀਫ ਕੀਤੇ ਬਿਨਾਂ ਮੈਂ ਰਹਿ ਈ ਨ੍ਹੀਂ ਸਕਦਾ........!" ਪਾਲੇ ਨੇ ਮਨਪ੍ਰੀਤ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ।

ਮਨਪ੍ਰੀਤ ਨੇ ਮੁਸਕੁਰਾ ਕੇ ਅੱਖਾਂ ਝੁਕਾ ਲਈਆਂ, "ਐਮੇ ਝੂਠੀ ਤਰੀਫ .......!"

"ਸੱਚੀਂ!"

ਮਨਪ੍ਰੀਤ ਹਾਲੀਂ ਸੋਚ ਹੀ ਰਹੀ ਸੀ ਕਿ ਉਹ ਕੀ ਜਵਾਬ ਦੇਵੇ ਕਿ ਉਸਨੂੰ ਆਪਣੇ ਹੱਥ ਉੱਪਰ ਪਾਲੇ ਦੇ ਹੱਥਾਂ ਦੀ ਛੋਹ ਮਹਿਸੂਸ ਹੋਈ।

ਮਨਪ੍ਰੀਤ ਅੰਦਰੋਂ ਇਕ ਆਵਾਜ਼ ਉੱਠੀ ਕਿ ਉਹ ਉਸਦੇ ਹੱਥ ਨੂੰ ਪਰ੍ਹਾਂ ਝਟਕ ਦੇਵੇ, "ਇਹ ਗ਼ਲਤ ਐ!" ਪਰ ਨਾਲ ਹੀ ਉਸਨੂੰ ਸਕੂਲ ਸਮੇਂ ਦੀ ਮੁੰਡੇ ਵਾਲੀ ਘਟਨਾ ਯਾਦ ਆਈ। ਉਹ ਮੁੜ ਕੇ ਉਹੀ ਗ਼ਲਤੀ ਨਹੀਂ ਸੀ ਕਰਨਾ ਚਾਹੁੰਦੀ, "ਕਿਤੇ ਪਾਲਾ ਵੀ ਮੁੜ ਕੇ ਨਾ ਈ ਆਵੇ......!"

ਪਾਲੇ ਦੇ ਹੱਥ ਅੱਗੇ ਵਧਦੇ ਚਲੇ ਗਏ।

ਮਨਪ੍ਰੀਤ ਨੂੰ ਲੱਗਿਆਂ ਉਹ ਮੋਮਬੱਤੀ ਨੂੰ ਜਲਾਉਣ ਤੋਂ ਬਾਅਦ ਉਸਦੀ ਮੋਮ ਵਾਂਗ ਪਿਘਲ ਰਹੀ ਸੀ।

ਪਾਲੇ ਦੇ ਜਾਣ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦੇ ਕਾਗ਼ਜ਼ ਤੇ ਕੁਝ ਵੱਖਰੇ ਅੱਖਰ ਲਿਖੇ ਜਾ ਚੁੱਕੇ ਸਨ। ਨਾਲ ਹੀ ਉਸ ਅੰਦਰੋਂ ਆਵਾਜ਼ ਉੱਠੀ, "ਇਹ ਮੈਂ ਕੀ ਕਰ ਲਿਆ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ .......!....... ਪਾਪ..........!" ਤੇ ਉਸ ਨੇ ਇਰਾਦਾ ਬਣਾ ਲਿਆ ਕਿ ਉਹ ਇਸਨੂੰ ਦੁਹਰਾਏਗੀ ਨਹੀਂ।

ਅਗਲੀ ਵਾਰ ਇੱਕਲਿਆਂ ਫਿਰ ਜਦੋਂ ਪਾਲਾ ਉਸਨੂੰ ਛੂਹਣ ਲੱਗਿਆ ਤਾਂ ਮਨਪ੍ਰੀਤ ਨੇ ਦ੍ਰਿੜ੍ਹਤਾ ਨਾਲ ਉਸ ਦਾ ਹੱਥ ਪਰ੍ਹਾਂ ਹਟਾ ਦਿੱਤਾ, "ਨਹੀਂ, ਪਾਲੇ! ਗਲਤ ਐ ਏਹ!"

"ਪਿਆਰ 'ਚ ਕੀ ਗਲਤ ਹੁੰਦੈ, ਭਾਬੀ?"

"ਬੱਸ! ਆਪਣਾ ਰਿਸ਼ਤਾ ਗੱਲਾਂ-ਬਾਤਾਂ ਤੱਕ ਈ ਠੀਕ ਐ!"

"ਜਿਵੇਂ ਤੇਰੀ ਮਰਜ਼ੀ!" ਕਹਿ ਕੇ ਪਾਲਾ ਕੁਰਸੀ ਤੇ ਬੈਠ ਗਿਆ। ਗੱਲਾਂ-ਗੱਲਾਂ ਵਿੱਚ ਪਾਲੇ ਨੇ ਦੁਬਾਰਾ ਉਸ ਦਾ ਹੱਥ ਫੜ ਲਿਆ।

"ਜੇ ਕਿਸੇ ਨੂੰ ਪਤਾ ਲੱਗ ਗਿਆ.......ਫੇਰ?" ਮਨਪ੍ਰੀਤ ਨੇ ਧੜਕਦੇ ਦਿਲ ਨਾਲ ਕਿਹਾ। ਇਸ ਵਾਰ ਉਸ ਦਾ ਵਿਰੋਧ ਪਹਿਲਾਂ ਨਾਲੋਂ ਹਲਕਾ ਸੀ।

"ਕਿਸੇ ਨੂੰ ਨ੍ਹੀ ਪਤਾ ਲੱਗਦਾ..........!"

ਤੇ ਮਨਪ੍ਰੀਤ ਇਸ ਤੋਂ ਵੱਧ ਵਿਰੋਧ ਨਾ ਕਰ ਸਕੀ।

ਇਸ ਵਾਰ ਜਦੋਂ ਪਾਲਾ ਗਿਆ ਤਾਂ ਮਨਪ੍ਰੀਤ ਅੰਦਰਲੇ ਗੁਨਾਹ ਦਾ ਅਹਿਸਾਸ ਬਹੁਤ ਹੀ ਹਲਕਾ ਸੀ।

......ਤੇ ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਰਿਹਾ।

ਇੱਕ ਦਿਨ ਪਾਲੇ ਦੀ ਛਾਤੀ ਤੇ ਸਿਰ ਰੱਖੀ ਪਈ ਮਨਪ੍ਰੀਤ ਨੇ ਉਸ ਨੂੰ ਪੁੱਛਿਆ, "ਪਾਲਿਆ, ਆਪਣਾ ਹਾਏਂ ਕਦੋਂ ਤੱਕ ਚੱਲੂਗਾ?"

"ਜ਼ਿੰਦਗੀ ਭਰ", ਪਾਲੇ ਦਾ ਇੱਕ-ਟੁੱਕ ਜਵਾਬ ਸੀ।

"ਨਹੀਂ....... ਮੇਰਾ ਮਤਲਬ.......ਜਦੋਂ ਤੇਰਾ ਵਿਆਹ ਹੋ ਗਿਆ......ਫੇਰ ...?"

"ਤੂੰ ਫਿਕਰ ਨਾ ਕਰ! ਜੇ ਮੈਂ ਵਿਆਹ ਕਰਵਾਇਆ, ਤਾਂ ਤੇਰੇ ਨਾਲ ਈ ਕਰਵਾਉਂ!" "ਆਪਣਾ ਵਿਆਹ ਕਿਮੇਂ........?"

"ਆਪਾਂ ਦੋਵੇਂ ਆਸਟ੍ਰੇਲੀਆ ਭੱਜ ਚੱਲਾਂਗੇ।"

ਪਰ ਪਾਲਾ ਹੁਣ ਇਕੱਲਾ ਹੀ ਆਸਟ੍ਰੇਲੀਆਂ ਦੀ ਉਡਾਣ ਫੜ ਗਿਆ ਸੀ।

ਪਿੰਡ ਦੇ ਮੁੰਡਿਆਂ ਵਿੱਚ ਚਰਚਾ ਸੀ ਕਿ ਉਹ ਬਲਵੀਰ ਦੀ ਮੌਤ ਕਰਕੇ ਇੰਨਾ ਡਰ ਗਿਆ ਸੀ ਕਿ ਉਹ ਭੋਗ ਤੋਂ ਕੁਝ ਦਿਨਾਂ ਵਿੱਚ ਹੀ ਆਸਟ੍ਰੇਲੀਆ ਚਲਿਆ ਗਿਆ ਸੀ। ਸ਼ਾਇਦ ਉਸਨੂੰ ਡਰ ਸੀ ਕਿ ਬਲਵੀਰ ਦੀ ਮੌਤ ਤੋਂ ਬਾਅਦ ਲੋਕ ਉਸ ਵੱਲ ਉਂਗਲਾਂ ਚੁੱਕਣਗੇ।

ਮਨਪ੍ਰੀਤ ਨਾਲ ਉਸਦੇ ਰਿਸ਼ਤੇ ਦੀਆਂ ਗੱਲਾਂ ਤਾਂ ਪਹਿਲਾਂ ਹੀ ਪਿੰਡ ਵਿੱਚ ਆਮ ਹੋ ਗਈਆਂ ਸਨ। ਕਦੇ-ਕਦਾਈਂ ਇਹ ਗੱਲਾਂ ਬਲਵੀਰ ਦੇ ਕੰਨ ਵਿੱਚ ਵੀ ਪੈਣ ਲੱਗ ਪਈਆਂ ਸਨ।

ਹੁਣ ਉਸ ਨੇ ਪਾਲੇ ਤੇ ਹਰਦੀਪ ਦੀ ਥਾਂ ਘਰੋਂ ਬਾਹਰ ਹੋਰ ਮੁੰਡਿਆਂ ਨਾਲ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।

ਉਸ ਦਿਨ ਉਸਨੇ ਘਰ ਆਉਂਦਿਆਂ ਜਦੋਂ ਪਾਲੇ ਨੂੰ ਆਪਣੀ ਗਲੀ 'ਚੋਂ ਨਿਕਲਦਿਆਂ ਵੇਖਿਆਂ ਤਾਂ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਅੱਗ-ਭਮੁਕਾ ਹੋਇਆ ਉਹ ਘਰ ਵੜਿਆ ਸੀ ਤੇ ਅੰਦਰ ਵੜਦਿਆਂ ਹੀ ਉਹ ਮਨਪ੍ਰੀਤ ਤੇ ਵਰ੍ਹ ਪਿਆ ਸੀ, "ਤੇਰੀ ਮਾਂ ਨੂੰ...... ਕੁੱਤੀ ਰੰਨ.......! ........ ਬਗਾਨੇ ਥਾਂ ਮੁੰਹ ਮਾਰਦੀ ਫਿਰਦੀ ਐਂ!.........!"

ਮਨਪ੍ਰੀਤ ਨੇ ਪਹਿਲੀ ਵਾਰ ਉਸਨੂੰ ਇਸ ਰੂਪ ਵਿੱਚ ਵੇਖਿਆ ਸੀ। ਉਹ ਚੁੱਪਚਾਪ ਉਸ ਦੀਆਂ ਗਾਲ੍ਹਾਂ ਸੁਣਦੀ ਘਰ ਦੇ ਕੰਮ ਕਰਦੀ ਰਹੀ ਸੀ।

ਉਸ ਦਾ ਰੌਲਾ ਸੁਣ ਕੇ ਬੁੱਢੀਆਂ ਨੇ ਜਦੋਂ ਗੁਆਢੀਆਂ ਦੇ ਬੈਠੀ ਉਸ ਦੀ ਮਾਂ ਨੂੰ ਘਰ ਭੇਜਿਆ, ਉਸ ਤੋਂ ਪਹਿਲਾਂ ਹੀ ਬਲਵੀਰ ਘਰੋਂ ਬਾਹਰ ਨਿਕਲ ਗਿਆ ਸੀ।

ਰਾਤ ਨੂੰ ਦੇਰ ਨਾਲ ਜਦੋਂ ਉਹ ਘਰ ਵੜਿਆ ਤਾਂ ਸ਼ਰਾਬ ਨਾਲ ਰੱਜਿਆ ਹੋਇਆ ਸੀ। ਉਸ ਦਾ ਸ਼ਰੀਰ ਡਿੱਕ-ਡੋਲੇ ਖਾ ਰਿਹਾ ਸੀ ਤੇ ਉਸ ਦੀ ਜ਼ੁਬਾਨ ਥਥਲਾ ਰਹੀ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਉਸਨੇ ਇੰਨੀ ਸ਼ਰਾਬ ਪੀਤੀ ਸੀ।

ਉਸ ਨੂੰ ਲੜਖੜਾਉਂਦੇ ਨੂੰ ਮਾਂ ਨੇ ਫੜ ਕੇ ਮੰਜੇ ਤੇ ਬਿਠਾਇਆ। ਮੰਜੇ ਤੇ ਉਹ ਇੱਕੋ ਦਮ ਡਿੱਗ ਪਿਆ, ਤੇ ਥੋੜ੍ਹੀ ਦੇਰ ਬਾਅਦ ਸੌਂ ਗਿਆ।

ਸਵੇਰੇ ਜਦੋਂ ਮਨਪ੍ਰੀਤ ਨੇ ਉਸ ਨੂੰ ਚਾਹ ਫੜਾਉਣ ਲੱਗਿਆਂ ਉਠਾਇਆ, ਤਾਂ ਉਸ ਦੇ ਸਾਹ ਖ਼ਤਮ ਸਨ।

ਭੋਗ ਤੋਂ ਬਾਅਦ ਮਨਪ੍ਰੀਤ ਉਡੀਕਦੀ ਰਹੀ ਕਿ ਪਾਲੇ ਦਾ ਕੋਈ ਨਾ ਕੋਈ ਸੁਨੇਹਾ ਆਵੇਗਾ। ਪਰ ਜਦੋਂ ਸਮਾਂ ਬੀਤਣ ਨਾਲ ਉਸਦਾ ਮੱਥਾ ਠਣਕਣ ਲੱਗਿਆ, ਤਾਂ ਉਸ ਨੇ ਖ਼ੁਦ ਕੋਸ਼ਿਸ਼ ਕਰਨ ਦੀ ਸੋਚੀ, "ਹੋਰ ਨਹੀਂ ਤਾਂ, ਜੇ ਉਹਦਾ ਫੋਨ ਨੰਬਰ ਈ ਮਿਲ-ਜੇ!"

ਉਸ ਨੂੰ ਉਮੀਦ ਦੀ ਇੱਕੋ-ਇੱਕ ਕਿਰਨ ਹਰਦੀਪ 'ਚ ਨਜ਼ਰ ਆਈ। ਉਹਨੇ ਹਰਦੀਪ ਨੂੰ ਉਹਦੇ ਬਾਹਰਲੇ ਘਰ ਇਕੱਲਿਆਂ ਮਿਲਣ ਦਾ ਪ੍ਰੋਗਰਾਮ ਬਣਾਇਆ।

"ਹਾਂ ਭਾਬੀ! ਦੱਸ?" ਦੱਬੇ ਬੁੱਲਾਂ 'ਚ ਮੁਸਕੁਰਾਉਂਦਿਆਂ ਹਰਦੀਪ ਬੋਲਿਆ।

"ਹਰਦੀਪ, ਪਾਲੇ ਦਾ ਫੋਨ ਨੰਬਰ ਹੋਗਾ ਐ ਤੇਰੇ ਕੋਲ, ਆਸਟ੍ਰੇਲੀਆ ਦਾ ਕੋਈ?"

"ਉਹਦਾ ਨੰਬਰ ਕਿੱਥੇ, ਭਾਬੀ! ਉਹ ਤਾਂ ਲੁਕ ਕੇ ਉਡਾਰੀ ਮਾਰ ਗਿਆ!"

"ਹਾਏਂ ਪਤੈ, ਕਿਹੜੇ ਸ਼ਹਿਰ 'ਚ ਐ ਉਹ, ਆਸਟ੍ਰੇਲੀਆ 'ਚ? ਕਿਸੇ ਤੋਂ ਪਤਾ ਈ ਕਰਾਇਆ ਜਾ ਸਕਦੈ।"

"ਕੋਈ ਥਹੁ-ਪਤਾ ਨੀਂ ਉਹਦਾ.........," ਹਰਦੀਪ ਨੇ ਅੱਕੇ ਹੋਏ ਤਰੀਕੇ ਨਾਲ ਹੱਥ ਮਾਰਿਆ, "......... ਐਨਾ ਈ ਪਤੈ, ਬਈ, ਆਸਟ੍ਰੇਲੀਆ ਪਹੁੰਚ ਗਿਐ! ਉਹਦੇ ਘਰਦਿਆਂ ਨੂੰ ਵੀ ਐਦੋਂ ਵੱਧ ਕੁਸ਼ ਨ੍ਹੀਂ ਪਤਾ........ ਜਾਂ ਖਬਰੈ, ਸਾਨੂੰ ਨਾ ਦੱਸਦੇ ਹੋਣ..........?"

"ਅੱਛਿਆ........" ਕਹਿੰਦਿਆਂ ਮਨਪ੍ਰੀਤ ਹਾਲੀਂ ਸੋਚ ਹੀ ਰਹੀ ਸੀ ਕਿ ਉਹ ਹਰਦੀਪ ਤੋਂ ਪਾਲੇ ਬਾਰੇ ਹੋਰ ਕੀ ਪਤਾ ਕਰ ਸਕਦੀ ਸੀ ਕਿ ਤਦੇ ਉਸ ਨੂੰ ਆਪਣੇ ਖੱਬੇ ਹੱਥ ਤੇ ਮਰਦਾਨਾ ਹੱਥ ਦੀ ਛੋਹ ਮਹਿਸੂਸ ਹੋਈ। ਉਹ ਤ੍ਰਭਕ ਕੇ ਪਿੱਛੇ ਹਟ ਗਈ।

"......... ਗੰਗਾ ਗਈਆਂ ਹੱਡੀਆਂ ਹੁਣ ਕਿੱਥੇ ਮੁੜਦੀਆਂ ਨੇ, ਭਾਬੀ!....... ਤੂੰ ਫਿਕਰ ਨਾ ਕਰ ......... ਅਸੀਂ ਹੈਗੇ ਆਂ ਨਾ........!" ਕਹਿੰਦਿਆਂ ਹਰਦੀਪ ਦੀਆਂ ਅੱਖਾਂ ਕਾਮੁਕਤਾ ਦੀ ਕਲਪਨਾ ਨਾਲ ਨਸ਼ਿਆਈਆਂ ਪਈਆਂ ਸਨ। ਜਦੋਂ ਹਰਦੀਪ ਨੇ ਦੂਜੀ ਵਾਰ ਹੱਥ ਅੱਗੇ ਵਧਾਇਆ ਤਾਂ ਮਨਪ੍ਰੀਤ ਨੇ ਉਸਨੂੰ ਝਟਕਾ ਦਿੱਤਾ, "ਹਰਦੀਪ .....!" ਉਸਨੂੰ ਇਸ ਨਾਲੋਂ ਵੱਧ ਨਾ ਸੁੱਝੀ।

ਫਿਰ ਅਗਲੇ ਹੀ ਪਲ ਉਹ ਤੇਜ਼ ਕਦਮੀਂ ਗੇਟ ਵੱਲ ਤੁਰ ਪਈ।

"ਤੈਨੂੰ ਤਾਂ ਪਾਲੇ ਤੋਂ ਬਿਨਾ ਹੋਰ ਦੀਂਹਦਾ ਈ ਨੀ ਕੁਸ! .........!........ ਸਾਨੂੰ ਕੀ ਹੋਇਐ? .........," ਪਿੱਛੋਂ ਉਸ ਨੂੰ ਹਰਦੀਪ ਦੀ ਆਵਾਜ਼ ਸੁਣ ਰਹੀ ਸੀ।

ਘਰ ਪਹੁੰਚਦਿਆਂ ਹੀ ਮਨਪ੍ਰੀਤ ਨੇ ਮਾਂ ਨੂੰ ਫੋਨ ਮਿਲਾਇਆ।

"ਮੰਮੀ.......!" ਉਸ ਨੇ ਭਿੱਜੀ ਹੋਈ ਆਵਾਜ਼ 'ਚ ਗੱਲ ਕੀਤੀ।

"ਹਾਂ, ਮਨਪ੍ਰੀਤ?"

"ਮੈਨੂੰ ਲੈ ਜੋ ਐਥੋਂ!......" ਉਸ ਨੇ ਬੜੇ ਔਖੇ ਹੋ ਕੇ ਰੋਣ ਦੇ ਵੇਗ ਨੂੰ ਰੋਕਿਆ।

"ਕੀ ਹੋਇਆ, ਕੁੜੇ? .......," ਮਾਂ ਦੀ ਘਬਰਾਈ ਹੋਈ ਆਵਾਜ਼ ਆਈ।

"......... ਮੇਰੇ ਸਿਰ ਦਾ ਸਾਈਂ........!" ਕੋਸ਼ਿਸ਼ ਦੇ ਬਾਵਜੂਦ ਉਸ ਅੰਦਰਲਾ ਬੰਨ੍ਹ ਟੁੱਟ ਗਿਆ, ਤੇ ਉਸਦੀ ਭੁੱਬ ਨਿੱਕਲ ਗਈ।