ਸਿਪਾਹੀ

ਜਿਉਂ ਹੀ 'ਸ਼ਾਨ-ਏ-ਪੰਜਾਬ' ਪਹੁੰਚੀ, ਪਲੇਟਫਾਰਮ 'ਤੇ ਹਫ਼ੜਾ-ਦਫ਼ੜੀ ਮੱਚ ਗਈ। ਲੋਕ ਰੇਲ ਡੱਬਿਆਂ ਵੱਲ ਉੱਲਰ ਪਏ।

ਮੈਂ ਵੀ, ਕਿਵੇਂ ਨਾ ਕਿਵੇਂ, ਧੱਕੇ ਦਿੰਦਾ, ਜ਼ੋਰ ਲਾਉਂਦਾ, ਅੰਦਰ ਵੜਨ ਵਿੱਚ ਸਫਲ ਹੋ ਗਿਆ।

ਪਰ, ਸੀਟ ਕੀ, ਖੜ੍ਹਨ ਨੂੰ ਥਾਂ ਮਿਲਣੀ ਔਖੀ ਹੋ ਗਈ!

ਇੱਕ ਮੋਟੇ ਆਦਮੀ ਕੋਲ ਭੋਰਾ ਕੁ ਥਾਂ ਵੇਖ ਕੇ ਜਿਉਂ ਹੀ ਮੈਂ ਉਸ ਸੀਟ ਵੱਲ ਵਧਿਆ, ਉਹ ਆਦਮੀ ਮੈਨੂੰ ਪੁੱਠਾ ਪੈ ਗਿਆ।

ਮੈਂ ਕੁਝ ਨਾ ਬੋਲਿਆ। ਇੰਨੀ ਗਰਮੀ ਤੇ ਭੀੜ ਵਿੱਚ ਲੜਨ ਦਾ ਵੀ ਕੋਈ ਮਨ ਨਹੀਂ ਸੀ।

ਤਦੇ ਹੀ ਇੱਕ ਹਲਕੀ ਜਿਹੀ ਆਵਾਜ਼ ਮੇਰੇ ਕੰਨਾਂ ਵਿੱਚ ਪਈ "ਉੱਪਰ ਆ ਜਾਓ, ਭਾਅ ਜੀ।"

ਮੈਂ ਉੱਪਰ ਵੱਲ ਵੇਖਿਆ। ਸਮਾਨ ਰੱਖਣ ਵਾਲੀ ਥਾਂ ਤੇ ਇੱਕ ਬਾਈ-ਤੇਈ ਵਰ੍ਹਿਆਂ ਦਾ ਮੁੰਡਾ ਆਪਣੇ ਵੱਡੇ-ਵੱਡੇ ਬੈਗਾਂ ਕੋਲ ਬੈਠਾ ਸੀ।

ਉਸਨੇ ਸਾਮਾਨ ਨੂੰ ਇਧਰ-ਉਧਰ ਕਰਕੇ ਥੋੜ੍ਹੀ ਜਿਹੀ ਜਗ੍ਹਾ ਬਣਾਈ, ਤੇ ਆਪਣੀ ਬਾਂਹ ਦਾ ਸਹਾਰਾ ਦੇ ਕੇ ਮੈਨੂੰ ਉੱਪਰ ਚੜ੍ਹਾ ਲਿਆ।

ਮੈਂ ਉਸਦੇ ਚੰਗੇ ਸੁਭਾਅ ਬਾਰੇ ਹਾਲੀਂ ਸੋਚ ਹੀ ਰਿਹਾ ਸੀ ਕਿ ਉਸ ਦੇ ਪ੍ਰਸ਼ਨ ਨੇ ਮੈਨੂੰ ਹਲੂਣਿਆ, "ਕਿੱਥੇ ਜਾਣ ਡਹੇ ਜੇ?"

"ਮੈਂ......?" ਮੈਨੂੰ ਜਵਾਬ ਥੋੜ੍ਹੀ ਦੇਰ ਨਾਲ ਸੁੱਝਿਆ, "ਲੁਧਿਆਣੇ।"

"ਰਹਿੰਦੇ ਕਿੱਥੇ ਜੇ-ਲੁਧਿਆਣੇ ਕਿ ਅੰਮ੍ਰਿਤਸਰ?"

ਮੈਨੂੰ ਲੱਗਿਆ, ਉਹ ਮੇਰੇ ਨਾਲ ਕਾਫੀ ਗੱਲਾਂ ਕਰਨਾ ਚਾਹੁੰਦਾ ਸੀ। ਮੈਂ ਆਪਣੇ ਆਪ ਨੂੰ ਗੱਲਾਂ ਲਈ ਤਿਆਰ ਕਰਦੇ ਹੋਏ ਉਹਦਾ ਉੱਤਰ ਦਿੱਤਾ, "ਰਹਿੰਦਾ ਤਾਂ ਮੈਂ ਲੁਧਿਆਣੇ ਆਂ, ਪਰ ਇੱਥੇ ਖਾਲਸਾ ਕਾਲਜ 'ਚ ਪੜ੍ਹਦਾ ਵਾਂ। ਹੁਣ ਛੁੱਟੀਆਂ ਕਰਕੇ ਘਰ ਚੱਲਾ ਵਾਂ।"

"ਕਾਲਜ 'ਚ ਤਾਂ, ਫੇਰ, ਤੁਸੀਂ ਹੋਸਟਲ 'ਚ ਰਹਿੰਦੇ ਹੋਵੋਗੇ?"

"ਹਾਂ।"

"ਤੁਹਾਡਾ ਇੱਥੇ ਦਿਲ ਲੱਗਾ ਕਿ ਨਹੀਂ?"

ਇਸ ਸਵਾਲ ਨਾਲ ਉਸਨੇ ਮੇਰੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਸੀ। ਮੈਂ ਜਜ਼ਬਾਤੀ ਹੋ ਗਿਆ, "ਕਿੱਥੋਂ ਯਾਰ! ਘਰ ਤੋਂ ਦੂਰ ਕਿੱਥੇ ਲੱਗਦਾ ਆ ਦਿਲ!" "ਸਹੀ ਗੱਲ ਆ!"

ਮੇਰੀ ਦਿਲਚਸਪੀ ਗੱਲਾਂ ਵਿੱਚ ਹੋਰ ਵਧ ਗਈ। ਮੈਂ ਆਪਣੇ ਹੋਸਟਲ ਵਿੱਚ ਮਨ ਨਾ ਲੱਗਣ ਅਤੇ ਘਰਦਿਆਂ ਵੱਲੋਂ ਉਥੇ ਰਹਿਣ ਲਈ ਮਜਬੂਰ ਕਰਨ ਬਾਰੇ ਕਈ ਗੱਲਾਂ ਕੀਤੀਆਂ।

ਪਰ ਛੇਤੀ ਹੀ ਮੈਨੂੰ ਲੱਗਿਆ ਕਿ ਮੈਂ ਫਜ਼ੂਲ ਹੀ ਜਜ਼ਬਾਤੀ ਹੋਈ ਜਾ ਰਿਹਾ ਸੀ। ਮੈਂ ਅੱਗੋਂ ਹੋਰ ਗੱਲ ਨਾ ਕੀਤੀ।

ਗੱਲਾਂ ਵਿੱਚ ਪਤਾ ਹੀ ਨਹੀਂ ਸੀ ਲੱਗਿਆ ਕਿ ਗੱਡੀ ਕਦੋਂ ਕੁ ਦੀ ਸਟੇਸ਼ਨ ਤੋਂ ਚੱਲੀ ਹੋਈ ਸੀ।

ਆਲੇ-ਦੁਆਲੇ ਭਾਵੇਂ ਭੀੜ ਦਾ ਸ਼ੋਰ-ਸ਼ਰਾਬਾ ਸੀ, ਪਰ ਸਾਡੇ ਦੋਹਾਂ ਵਿਚਕਾਰ ਚੁੱਪ ਪਸਰੀ ਹੋਈ ਸੀ।

ਇਸ ਚੁੱਪ ਨੇ ਮੈਨੂੰ ਬੇਚੈਨ ਕਰ ਦਿੱਤਾ। ਮੈਂ ਗੱਲ ਮੁੜ ਸ਼ੁਰੂ ਕਰਨ ਦਾ ਬਹਾਨਾ ਲੱਭਿਆ, "ਭਾਅ ਜੀ, ਤੁਸੀਂ ਕੀ ਕੰਮ ਕਰਦੇ ਓ?"

"ਮੈਂ ਫ਼ੌਜ ਵਿੱਚ ਆਂ," ਕਹਿੰਦਿਆਂ ਉਸਦੀ ਛਾਤੀ ਤਾਂ ਕੁਝ ਚੌੜੀ ਹੋ ਗਈ ਸੀ, ਪਰ ਉਸਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਦਿਸੀ।

ਇੱਕ ਪਲ ਲਈ ਮੈਨੂੰ ਹੈਰਾਨੀ ਹੋਈ ਕਿ ਮੈਂ ਇੱਕ ਫੌਜੀ ਕੋਲ ਬੈਠਾ ਸੀ। ਮੈਂ ਪਹਿਲਾਂ ਵੀ ਫ਼ੌਜੀ ਵੇਖੇ ਸਨ-ਗੱਡੀਆਂ ਦੇ ਕਾਫਲਿਆਂ ’ਚ ਲੰਘਦੇ, ਮਾਲ ਗੱਡੀਆਂ 'ਚ ਲੱਦੇ ਟੈਂਕਾਂ ਤੇ ਬੈਠੇ ਹੋਏ ਜਾਂ ਫਿਰ ਗਣਤੰਤਰ ਤੇ ਸਵਤੰਤਰਤਾ ਦਿਵਸਾਂ ਨੂੰ ਟੈਲੀਵਿਜ਼ਨ ਵਿੱਚ ਪਰੇਡਾਂ ਕਰਦੇ ਹੋਏ।

ਮੇਰਾ ਬਚਪਨ ਤੋਂ ਵਿਸ਼ਵਾਸ ਬਣ ਗਿਆ ਸੀ ਕਿ ਸਾਰੇ ਫ਼ੌਜੀ ਇੱਕੋ ਜਿਹੇ ਹੀ ਹੁੰਦੇ ਹਨ। ਇਸੇ ਤਰ੍ਹਾਂ ਬੰਦੂਕਾਂ ਚੁੱਕੀ ਤੇ ਗਰਦਨ ਅਕੜਾਈਂ ਲੰਘ ਜਾਇਆ ਕਰਦੇ ਹਨ।

ਕਿਸੇ ਫ਼ੌਜੀ ਨੂੰ ਇਸ ਤਰ੍ਹਾਂ ਜ਼ਾਤੀ ਤੌਰ ਤੇ ਮਿਲਣ ਦਾ ਮੇਰੇ ਲਈ ਇਹ ਪਹਿਲਾ ਮੌਕਾ ਸੀ।

"ਫ਼ੌਜ ਦੀ ਨੌਕਰੀ ਤਾਂ ਬੜੀ ਸ਼ਾਹੀ ਨੌਕਰੀ ਐ!"

ਫੌਜੀਆਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਬਾਰੇ ਮੈਂ ਕਾਫੀ ਕੁਝ ਸੁਣ ਰੱਖਿਆ ਸੀ। ਉਸੇ ਆਧਾਰ ਤੇ ਮੈਂ ਆਪਣਾ ਵਿਚਾਰ ਪੇਸ਼ ਕੀਤਾ ਸੀ।

"ਸ਼ਾਹੀ ਨੌਕਰੀ ਕਿੱਥੋਂ! ਥੋੜ੍ਹੇ ਦਿਨ ਪਹਿਲਾਂ ਛੁੱਟੀ ਤੇ ਆਇਆਂ ਸਾਂ, ਤੇ ਹੁਣ ਐਮਰਜੈਂਸੀ ਬੁਲਾ ਲਿਆ ਵਾ!"

ਉਹ ਉਦਾਸ ਹੋ ਗਿਆ।

ਉਸ ਦੀ ਗੱਲ ਸੁਣ ਕੇ ਮੈਨੂੰ ਉਹਨਾਂ ਦਿਨਾਂ ਵਿੱਚ ਚੱਲ ਰਹੀ ਕਾਰਗਿਲ ਦੀ ਲੜਾਈ ਯਾਦ ਆ ਗਈ। ਸ਼ਾਇਦ ਲੜਾਈ ਕਰਕੇ ਹੀ ਉਸਨੂੰ ਵੀ ਵਾਪਿਸ ਬੁਲਾ ਲਿਆ ਗਿਆ ਸੀ।

ਮੈਨੂੰ ਆਪਣੇ ਪ੍ਰਸ਼ਨ ਤੇ ਪਛਤਾਵਾ ਹੋਇਆ।

ਪਰ ਆਪਣੇ ਬਾਰੇ ਦੱਸਣ ਲਈ ਜਿਵੇਂ ਉਹ ਪਹਿਲਾਂ ਹੀ ਮੌਕਾ ਭਾਲ ਰਿਹਾ ਸੀ। ਮੇਰੇ ਪ੍ਰਸ਼ਨ ਤੋਂ ਬਾਅਦ ਉਹ ਪਸ਼ਮ ਦੇ ਗੋਲੇ ਵਾਂਗ ਉੱਧੜਨਾ ਸ਼ੁਰੂ ਹੋ ਗਿਆ।

ਉਹਨੇ ਦੱਸਿਆ ਕਿ ਫ਼ੌਜ ਵਿੱਚ ਨੌਕਰੀ ਮਿਲਣ ਤੇ ਉਹ ਕਿੰਨਾ ਖੁਸ਼ ਹੋਇਆ ਸੀ। ਉਹਦੇ ਮਾਂ-ਬਾਪ ਵੀ ਕਿੰਨੇ ਹੀ ਖੁਸ਼ ਸਨ। ਪਰ ਹੁਣ ਉਸਦੇ ਵਾਪਿਸ ਜਾਣ ਤੇ ਸਾਰੇ ਰੋ ਰਹੇ ਸਨ।

ਉਸਨੇ ਆਪਣੇ ਬਾਰੇ ਹੋਰ ਵੀ ਕਾਫੀ ਕੁਝ ਦੱਸਿਆ।

ਪਰ ਉਸਦੀਆਂ ਗੱਲਾਂ ਵਿੱਚ ਮੇਰੀ ਦਿਲਚਸਪੀ ਘਟਦੀ ਜਾ ਰਹੀ ਸੀ ਤੇ ਮੈਂ "ਹੂੰ-ਹਾਂ" ਕਰਕੇ ਉਸਨੂੰ ਟਾਲ ਰਿਹਾ ਸੀ।

ਮੈਨੂੰ ਇੱਕ ਗੱਲ ਉਸ ਬਾਰੇ ਸਮਝ ਨਹੀਂ ਸੀ ਆ ਰਹੀ-ਹੁਣ ਉਸਨੂੰ ਫ਼ੌਜ ਵਿੱਚ ਵਾਪਿਸ ਜਾਣ ਦੀ ਕੀ ਲੋੜ ਸੀ। ਵੱਧ ਤੋਂ ਵੱਧ, ਉਸਦੀ ਨੌਕਰੀ ਛੁੱਟ ਜਾਣੀ ਸੀ। ਪਰ ਜੰਗ ਵਿੱਚ ਜਾਨ ਗਵਾਉਣ ਨਾਲੋਂ ਤਾਂ ਨੌਕਰੀ ਛੱਡ ਦੇਣਾ ਚੰਗਾ ਸੀ। ਕਿਸੇ ਫੌਜੀ ਦੇ ਭਗੌੜੇਪਨ ਬਾਰੇ ਮੈਨੂੰ ਉਹਨਾਂ ਦਿਨਾਂ ਵਿੱਚ ਬਹੁਤਾ ਪਤਾ ਨਹੀਂ ਸੀ ਹੁੰਦਾ।

ਇਸੇ ਤਰ੍ਹਾਂ ਸੋਚਦਿਆਂ-ਕਰਦਿਆਂ ਜਲੰਧਰ ਦਾ ਸਟੇਸ਼ਨ ਆ ਗਿਆ। ਪਲੇਟਫਾਰਮ ਤੋਂ ਉਹ ਦੋ ਕੱਪ ਚਾਹ ਲੈ ਆਇਆ।

ਉਸਦੀ ਅਪਣੱਤ ਵੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਉਸਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਸਨ।

ਗੱਡੀ ਚਲਦਿਆਂ ਹੀ ਮੈਂ ਪਹਿਲ ਕੀਤੀ, "ਭਾਅ ਜੀ, ਤੁਹਾਡਾ ਵਿਆਹ ਹੋ ਗਿਐ?"

ਵਿਆਹ ਦੀ ਗੱਲ ਸੁਣ ਕੇ ਉਹਦੇ ਚਿਹਰੇ ਤੇ ਸ਼ਰਮੀਲੀ ਮੁਸਕਰਾਹਟ ਫੈਲ ਗਈ।

ਉਸਨੇ ਡੂੰਘੀਆਂ ਸੋਚਾਂ ਵਿੱਚ ਉਤਰਦਿਆਂ ਜਵਾਬ ਦਿੱਤਾ, "ਨਹੀਂ।... ਉਂਝ, ਲਾਗਲੇ ਪਿੰਡ ਵਿੱਚ ਹੀ ਹੈ ਇੱਕ! ਵਾਹ-ਵਾ ਪਿਆਰ ਕਰਦੀ ਐ ਮੈਨੂੰ! ਸੋਹਣੀ ਵੀ ਵਾਹ-ਵਾ ਆ! ਮੈਂ ਵੀ ਉਹਨੂੰ ਵਾਹ-ਵਾ ਪਿਆਰ ਕਰਦਾ ਵਾਂ!".........

ਆਪਣੇ ਸੱਚੇ ਪਿਆਰ ਦੇ ਸਬੂਤ ਦੇ ਤੌਰ ਤੇ ਉਸਨੇ ਇਹ ਵੀ ਦੱਸਿਆ ਕਿ ਉਹ ਦੋਵੇਂ ਕਈ ਵਾਰ ਮਿਲੇ ਹਨ, ਪਰ ਕਦੇ ਵੀ ਉਸਨੇ ਉਸ ਨਾਲ ਕੁਝ ‘ਗਲਤ' ਨਹੀਂ ਕੀਤਾ।... ਤੇ ਉਸਨੇ ਕਿੰਨੇ ਹੀ ਉਸ ਨਾਲ ਮੁਲਾਕਾਤਾਂ ਦੇ ਕਿੱਸੇ ਸੁਣਾਏ।

ਉਸਦੀਆਂ ਇਹ ਜਜ਼ਬਾਤੀ ਗੱਲਾਂ ਕਿਸੇ ਫਿਲਮੀ ਕਹਾਣੀ ਵਾਂਗ ਲੱਗਦੀਆਂ ਸਨ। ਸਾਰੇ ਰਸਤੇ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ। ਕਦੇ ਪਿਛਲੀਆਂ ਗੱਲਾਂ ਕਰਕੇ ਉਦਾਸ ਹੋ ਜਾਂਦਾ, ਤੇ ਕਦੇ ਮਿੱਠੀਆਂ ਯਾਦਾਂ ਫਰੋਲ ਕੇ ਖ਼ੁਸ਼ ਹੋ ਜਾਂਦਾ।

ਪਰ ਮੇਰੇ ਮਨ ਵਿੱਚ ਉਹੋ ਸਵਾਲ ਘੁੰਮੀ ਜਾ ਰਿਹਾ ਸੀ ਕਿ ਆਖਿਰ ਉਹ ਵਾਪਿਸ ਕਿਉਂ ਜਾ ਰਿਹਾ ਸੀ। ਕਿਉਂ ਉਹ ਫਜ਼ੂਲ ਹੀ ਆਪਣੀ ਜਾਨ ਗਵਾਉਣੀ ਚਾਹੁੰਦਾ ਸੀ? ...... ਉਸਨੂੰ ਕੀ ਲੋੜ ਸੀ, ਦਿੱਲੀ ਵਿੱਚ ਆਰਾਮ ਨਾਲ ਬੈਠੇ ਲੋਕਾਂ ਦੇ ਕਹਿਣ ਤੇ ਆਪਣੀ ਖੂਬਸੂਰਤ ਦੁਨੀਆ ਦਾਅ ਤੇ ਲਾ ਦੇਣ ਦੀ?

ਰਸਤੇ ਵਿੱਚ ਕਈ ਵਾਰ ਉਸ ਤੋਂ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਪੁੱਛ ਨਾ ਸਕਿਆ।

ਲੁਧਿਆਣਾ ਨੇੜੇ ਆਉਂਦਿਆਂ ਹੀ ਮੇਰੀ ਬੇਚੈਨੀ ਵਧ ਗਈ। ਮੈਂ ਸੋਚ ਰਿਹਾ ਸੀ ਕਿ ਉਸ ਤੋਂ ਇਹ ਸਵਾਲ ਪੁੱਛਾਂ ਜਾਂ ਨਾ।

ਮੈਂ ਆਪਣੀ ਇਸ ਕਸ਼ਮਾਕਸ਼ ਵਿੱਚ ਫਸਿਆ ਹੋਇਆ ਸੀ, ਤੇ ਉਹ ਆਪਣੀਆਂ ਗੱਲਾਂ ਕਰੀ ਜਾ ਰਿਹਾ ਸੀ। ਡੂੰਘਾ ਸਾਹ ਲੈਂਦਿਆਂ ਉਹ ਬੋਲਿਆ, " ... ਬੱਸ, ਭਾਅ ਜੀ! ਹੁਣ ਤਾਂ ਦਿਲ ਵਿੱਚ ਇੱਕੋ ਇੱਛਾ ਉਬਾਲੇ ਖਾਣ ਡਹੀ ਜੇ-ਜਾਂ ਤਾਂ ਦੁਸ਼ਮਣ ਦੇ ਦੰਦ ਖੱਟੇ ਕਰ ਛੱਡਣੇ, ਜਾਂ ਫਿਰ ਸ਼ਹੀਦ ਹੋ ਜਾਣਾ ਆ!....." ਇਸ ਵਾਰ ਉਸਦੇ ਗੱਲ ਕਹਿਣ ਦੇ ਢੰਗ ਵਿੱਚ ਅਨੋਖੀ ਮਜ਼ਬੂਤੀ ਸੀ।

ਉਸਦੇ ਚਿਹਰੇ ਦੇ ਸਖਤ ਰੌਂਅ ਨੂੰ ਵੇਖ ਕੇ ਮੈਨੂੰ ਡਰ ਲੱਗਿਆ। ਮੈਨੂੰ ਲੱਗਿਆ ਕਿ ਉਸਨੇ ਮੇਰੇ ਅੰਦਰਲੇ ਸਵਾਲ ਨੂੰ ਬੁੱਝ ਲਿਆ ਸੀ, ਤੇ ਉਹ ਕਹਿ ਰਿਹਾ ਸੀ, "ਆਪਣੇ ਦੇਸ਼ ਦੇ ਸਿਪਾਹੀ ਲਈ ਇੰਨੀ ਘਟੀਆ ਸੋਚ!"

ਮੈਂ ਉਸ ਤੋਂ ਝੇਪਦਿਆਂ-ਝੇਪਦਿਆਂ ਵਿਦਾ ਲਈ ਤੇ ਆਤਮ-ਗਿਲਾਨੀ ਨੂੰ ਲਕਾਉਣ ਦਾ ਯਤਨ ਕਰਦਿਆਂ ਪਲੇਟਫਾਰਮ ਤੇ ਉੱਤਰ ਗਿਆ।