ਟਿਪ

ਐਡਵੋਕੇਟ ਰਮੇਸ਼ ਕੁਮਾਰ ਨੇ ਟੁੱਟਿਆ ਬੂਟ ਬੁੱਢੇ ਅੱਗੇ ਕਰਦਿਆਂ ਪੁੱਛਿਆ, ਕਿੰਨਾ ਕੁ ਟਾਇਮ ਲੱਗੂ?"

"ਬਸ ਜੀ, ਦੋ ਮਿੰਟ!"

ਉਸਦੇ ਕੰਬਦੇ ਹੱਥਾਂ ਨੂੰ ਵੇਖ ਕੇ ਰਮੇਸ਼ ਕੁਮਾਰ ਨੂੰ ਉਸਦੇ ‘ਦੋ ਮਿੰਟਾਂ' ਤੇ ਹਾਸੀ ਆ ਗਈ।

ਅਗਲੇ ਹੀ ਪਲ ਸਮਾਜਵਾਦ ਦੀਆਂ ਕਿਤਾਬਾਂ ’ਚ ਪੜ੍ਹੇ ਵਿਚਾਰ ਉਸ ਦੀਆਂ ਅੱਖਾਂ ਅੱਗੋਂ ਫਿਲਮ ਦੀ ਰੀਲ੍ਹ ਵਾਂਗ ਘੁੰਮ ਗਏ। "ਕਿੰਨੀ ਔਖੀ ਜ਼ਿੰਦਗੀ ਐ ਇਹਨਾਂ ਲੋਕਾਂ ਦੀ...।" ਤੇ ਉਸਨੇ ਮਨ ਹੀ ਮਨ ਸਿਸਟਮ ਨੂੰ ਕਈ ਗਾਲ੍ਹਾਂ ਕੱਢੀਆਂ।

ਬੁੱਢੇ ਦਾ ਇਕਹਿਰਾ ਸ਼ਰੀਰ ਸੜਕ ਕਿਨਾਰੇ ਵਿਛੀ ਬੋਰੀ ਤੇ ਜੰਮਿਆ ਹੋਇਆ ਸੀ। ਉਸਦੇ ਗੋਡਿਆਂ ਤੋਂ ਮੁੜ ਕੇ ਦੂਹਰੀਆਂ ਹੋਈਆਂ ਦੋਵੇਂ ਲੱਤਾਂ ਧਰਤੀ ਤੇ ਗੱਡੇ ਕਿੱਲਿਆਂ ਵਾਂਗ ਜਾਪਦੀਆਂ ਸਨ, ਜਿਨ੍ਹਾਂ ਵਿੱਚੋਂ ਕੁੱਬੀ ਪਿੱਠ ਵਾਲਾ ਉਸਦੇ ਸ਼ਰੀਰ ਦਾ ਉਪਰਲਾ ਹਿੱਸਾ ਅੱਗੇ ਵੱਲ ਝੁਕਿਆ ਹੋਇਆ ਸੀ। ਹੱਥਾਂ ਤੋਂ ਇਲਾਵਾ ਉਸਦੇ ਸ਼ਰੀਰ ਦਾ ਕੋਈ ਵੀ ਅੰਗ ਹਰਕਤ ਨਹੀਂ ਸੀ ਕਰ ਰਿਹਾ।

ਉਸਦੀ ਧੀਮੀ ਰਫਤਾਰ ਵੇਖ ਕੇ ਰਮੇਸ਼ ਕੁਮਾਰ ਨੇ ਪੱਕਿਆਂ ਕਰਨ ਲਈ ਇੱਕ ਵਾਰ ਫਿਰ ਪੁੱਛਣ ਦੇ ਲਹਿਜੇ 'ਚ ਕਿਹਾ, "ਮੈਨੂੰ ਲੱਗਦੈ, ਟਾਇਮ ਲੱਗੂ!"

"ਟੈਮ ਤਾਂ ਜੀ ਲੱਗੂਗਾ ਈ... ਬਹਿ-ਜੋ... ਤੁਸੀਂ।" ਬੁੱਢੇ ਨੇ ਨਾਲ ਵਿਛੀ ਬੋਰੀ ਵੱਲ ਇਸ਼ਾਰਾ ਕੀਤਾ, ਪਰ ਐਡਵੋਕੇਟ ਸਾਹਿਬ ਨੇ ਅਣਗੌਲਿਆਂ ਕਰ ਦਿੱਤਾ।

ਸਮਾਂ ਲੰਘਾਉਣ ਲਈ ਉਸਨੇ ਬੁੱਢੇ ਵੱਲ ਵੇਖਦਿਆਂ ਵਿਚਾਰਾਂ ਦੀ ਲੜੀ ਨੂੰ ਇੱਕ ਵਾਰ ਫਿਰ ਗੇੜਾ ਦਿੱਤਾ, "ਜ਼ਮਾਨਾ ਲੰਘ ਗਿਆ, ਇਹ ਬੁੜ੍ਹਾ ਉਵੇਂ ਦਾ ਉਵੇਂ ਈ ਐ.... ਨਾ ਮੁਰਝਾਇਆ, ਨਾ ਫਲਿਆ।" ਰਮੇਸ਼ ਕੁਮਾਰ ਨੂੰ ਕਚਹਿਰੀ 'ਚ ਆਪਣੇ ਸ਼ੁਰੂਆਤੀ ਦਿਨ ਯਾਦ ਆ ਗਏ।

ਉਦੋਂ ਉਸਨੇ ਆਪਣੇ ਉਸਤਾਦ ਵਕੀਲ ਅਧੀਨ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਦਿਨ ਸਨ, ਜਦੋਂ ਉਹਨੂੰ ਕਚਹਿਰੀ ’ਚ ਧੱਕੇ ਖਾਂਦੇ ਲੋਕਾਂ ਤੇ ਤਰਸ ਆਉਂਦਾ ਸੀ। ਫਿਰ ਹੌਲੀ-ਹੌਲੀ ਉਸਨੂੰ ਆਦਤ ਹੋ ਗਈ ਸੀ। ਰਮੇਸ਼ ਕੁਮਾਰ, ਰਮੇਸ਼ ਤੋਂ ਐਡਵੋਕੇਟ ਰਮੇਸ਼ ਕੁਮਾਰ ਦੇ ਤੌਰ ਤੇ ਸਥਾਪਿਤ ਹੋ ਗਿਆ। ਹੁਣ ਉਸਦੇ ਗਾਹਕਾਂ ਵਿੱਚ ਜ਼ਿਲ੍ਹੇ ਦੇ ਧਨਾਢ ਤੇ ਸ਼ੋਹਰਤ ਵਾਲੇ ਲੋਕ ਸ਼ਾਮਿਲ ਸਨ-ਕਈ ਅਮੀਰ ਵਪਾਰੀ, ਕਈ ਗਰੁੱਪ 'ਏ' ਅਫ਼ਸਰ ਤੇ ਇਲਾਕੇ ਦੇ ਕਈ ਸਿਰਕੱਢ ਨੇਤਾ।... ਕਿੰਨਾ ਕੁੱਝ ਬਦਲ ਗਿਆ ਸੀ... ਕਚਹਿਰੀ ਦਾ ਗੇਟ ਨਵਾਂ ਬਣ ਗਿਆ ਸੀ... ਬਾਹਰ ਨਵੀਆਂ ਦੁਕਾਨਾਂ ਬਣ ਗਈਆਂ ਸਨ। "...ਪਰ ਇਹ ਬੁੜ੍ਹਾ ਉਵੇਂ ਦਾ ਉਵੇਂ ਐ...!"

ਵਿਚਾਰਾਂ ਦੀ ਲੜੀ ਬੁੱਢੇ ਵੱਲ ਮੁੜ ਪਰਤਦਿਆਂ ਹੀ ਉਸਨੂੰ ਆਪਣੀ ਥਕਾਵਟ ਦਾ ਅਹਿਸਾਸ ਹੋਇਆ। ਅੱਜ ਫਿਰ ਉਹ ਰੋਜ਼ ਵਾਂਗ ਸਵੇਰ ਤੋਂ ਵਿਅਸਤ ਰਿਹਾ ਸੀ। ਇੱਕ ਤੋਂ ਬਾਅਦ ਦੂਜੀ ਪੇਸ਼ੀ, ਇੱਕ ਤੋਂ ਬਾਅਦ ਦੂਜਾ ਗ੍ਰਾਹਕ-ਉਸਨੇ ਸ਼ਾਮ ਨੂੰ ‘ਭਾਰਤੀ ਸੰਵਿਧਾਨ ਵਿੱਚ ਸਮਾਜਵਾਦ' ਵਿਸ਼ੇ ਤੇ ਇੱਕ ਸੈਮੀਨਾਰ ’ਚ ਬੋਲਣਾ ਸੀ। ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਨੀ ਸੀ। ਬੋਲਣ ਲਈ ਥੋੜ੍ਹੀ ਬਹੁਤ ਤਿਆਰੀ ਵੀ ਜ਼ਰੂਰੀ ਸੀ।

ਉਸ ਤੋਂ ਪਹਿਲਾਂ ਹਾਲੀ ਬਾਰ ਐਸੋਸੀਏਸ਼ਨ ਦੇ ਇੱਕ ਮੈਂਬਰ ਦੀ ਕੁੜੀ ਦੇ ਵਿਆਹ ਤੇ ਜਾਣਾ ਬਾਕੀ ਸੀ। ਇਸੇ ਭੱਜ-ਨੱਠ ਦੌਰਾਨ ਉਸਨੂੰ ਆਪਣੇ ਇੱਕ ਬੂਟ ਦੀ ਪਾਸੇ ਤੋਂ ਸਿਲਾਈ ਉਧੜਦੀ ਦਿਖਾਈ ਦਿੱਤੀ। ਘਰ ਜਾ ਕੇ ਬੂਟ ਬਦਲਣ ਦਾ ਸਮਾਂ ਹੈ ਨਹੀਂ ਸੀ।

"ਬੋਰੀ ਤੇ ਬਹਿਣ 'ਚ ਵੀ ਕੀ ਹਰਜ਼ ਐ!" ਉਸਦੇ ਥੱਕੇ ਜਾ ਰਹੇ ਮਨ ਨੇ ਆਵਾਜ਼ ਦਿੱਤੀ। ਨਾਲ ਹੀ ਉਸਦੇ ਅੰਦਰਲੇ ਵਿਦਵਾਨ ਨੇ ਸਾਥ ਦਿੱਤਾ, "ਇਹ ਵੀ ਤਾਂ ਮੇਰੇ ਵਰਗਾ ਈ ਇਨਸਾਨ ਐ!"... ਉਸਨੂੰ ਕਾਲਜ ਦੇ ਦਿਨ ਯਾਦ ਆ ਗਏ, ਜਦੋਂ ਉਹ ਦੋਸਤਾਂ ਨਾਲ ਕਿਸੇ ਖੋਖੇ ਅੱਗੇ ਪਏ ਬੈਂਚ ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲਿਆ ਕਰਦਾ ਸੀ। ਨਾਲ ਹੀ ਕਾਰਲ ਮਾਰਕਸ ਤੇ ਲੈਨਿਨ ਦੀਆਂ ਲਿਖਤਾਂ ਤੇ ਵਿਚਾਰ-ਵਟਾਂਦਰਾ ਕਰਿਆ ਕਰਦਾ ਸੀ।...

ਉਸਨੇ ਆਲੇ-ਦੁਆਲੇ ਨਿਗ੍ਹਾ ਮਾਰੀ। ਬੈਠਣ ਲਈ ਕੁਝ ਨਾ ਦਿਸਿਆ। ਚਾਹ ਦੀ ਦੁਕਾਨ ਅੱਗੇ ਕੁਝ ਬੈਂਚ ਪਏ ਸੀ, ਪਰ ਉਹ ਦੂਰ ਸਨ।

ਸਾਹਮਣੇ ਸਿਰਫ਼ ਸੜਕ, ਤੇ ਉਸ ਤੇ ਚਲਦੀ ਆਵਾਜਾਈ ਸੀ।

ਸੜਕ ਦੇ ਉਸ ਪਾਰ ਕਚਹਿਰੀ ਦਾ ਗੇਟ, ਤੇ ਗੇਟ ਨਾਲ ਦੀ ਦੀਵਾਰ 'ਚ ਵਕੀਲਾਂ ਦੇ ਚੈਂਬਰਾਂ ਦੀਆਂ ਖਿੜਕੀਆਂ ਸਨ। ਇਸ ਪਾਰ ਸਿਰਫ਼ ਦਰਖ਼ਤ ਸੀ, ਤੇ ਨੀਚੇ ਵਿਛੀ ਇੱਕੀ ਬੋਰੀ, ਜਿਸਦੇ ਅੱਧ 'ਚ ਇਹ ਬੁੱਢਾ ਬੈਠਾ ਜੁੱਤੀਆਂ ਗੰਢ ਰਿਹਾ ਸੀ।

ਰਮੇਸ਼ ਕੁਮਾਰ ਨੇ ਇੱਕ ਵਾਰ ਫਿਰ ਬੋਰੀ ਵੱਲ ਵੇਖਿਆ, ਪਰ ਛੇਤੀ ਹੀ ਉਸ ਤੋਂ ਮੂੰਹ ਘੁੰਮਾ ਲਿਆ। "ਹੋਰ ਕਿੰਨਾ ਕੁ ਟਾਇਮ ਲੱਗੂ, ਬਾਬਾ?"

"ਦੋਵੇਂ ਪਾਸੇ ਆਰਾਮ ਨਾਲ ਕਰਕੇ ਕੰਮ ਕਰਕੇ ਦਊਂਗਾ, ਜੀ! ਬੂਟ ਦੀਆਂ ਸਲਾਈਆਂ ਉਧੜਨ ਨੂੰ ਫਿਰਦੀਆਂ ਨੇ! ਜੇ ਠੀਕ ਨਾ ਕੀਤਾ, ਤਾਂ ਚਲਦੇ-ਫਿਰਦੇ ਉਧੜ ਜਾਣਗੀਆਂ......... ਤੁਸੀਂ ਬੈਠੇ ਥੋੜ੍ਹੀ ਦੇਰ!"

ਬੁੱਢੇ ਦਾ ਆਤਮ-ਵਿਸ਼ਵਾਸ ਵੇਖ ਕੇ ਰਮੇਸ਼ ਕੁਮਾਰ ਅਗਲੀ ਗੱਲ ਕਹਿ ਨਾ ਸਕਿਆ-"ਟਾਇਮ ਤਾਂ ਹੈ ਨੀ ਮੇਰੇ ਕੋਲ!"

ਇਸ ਵਾਰ ਜਦੋਂ ਤੋਂ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ ਚੁਣਿਆ ਗਿਆ ਸੀ, ਉਸਦੇ ਇਹ ਖ਼ਾਸ ਸ਼ਬਦ ਸਨ। ਹੁਣ ਕਚਹਿਰੀ `ਚ ਕੰਮ ਕਰਦਾ ਹਰੇਕ ਵਿਅਕਤੀ ਇਹ ਸਮਝਦਾ ਸੀ ਕਿ ਉਸਨੂੰ ਰੋਜ਼ ਕਿੰਨੇ ਵਕੀਲਾਂ, ਜ਼ਿਲ੍ਹੇ ਦੇ ਜੱਜਾਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਿਲਣਾ ਪੈਂਦਾ ਸੀ।....... "ਸਿਰਫ਼ ਇਹ ਬੁੜ੍ਹਾ ਈ ਨੀ ਸਮਝ ਰਿਹਾ!"

ਰਮੇਸ਼ ਕੁਮਾਰ ਲਈ ਖੜ੍ਹਨਾ ਔਖਾ ਹੁੰਦਾ ਜਾ ਰਿਹਾ ਸੀ।

ਅਖੀਰ, ਝਿਜਕਦਿਆਂ-ਝਿਜਕਦਿਆਂ ਉਹ ਕੋਟ ਨੂੰ ਬਚਾਉਂਦਾ ਹੋਇਆ ਬੋਰੀ ਤੇ ਬੈਠ ਗਿਆ। ਉਸਦੇ ਸ਼ਰੀਰ ਨੂੰ ਕੁਝ ਆਰਾਮ ਮਹਿਸੂਸ ਹੋਇਆ।

ਉਸਨੇ ਸੜਕ ਦੀ ਆਵਾਜਾਈ ਤੇ ਨਜ਼ਰ ਮਾਰੀ। ਉਸਨੂੰ ਆਪਣੀ ਜਾਣ-ਪਛਾਣ ਵਾਲਾ ਕੋਈ ਨਾ ਦਿਸਿਆ।

..."ਕੀ ਪਤੈ, ਕੋਈ ਮੈਨੂੰ ਜਾਣਨ ਵਾਲਾ ਵੇਖ ਈ ਨਾ ਲਵੇ!" ਜਦੋਂ ਤੋਂ ਉਹ ਬਾਰ ਦਾ ਅਹੁਦੇਦਾਰ ਬਣਿਆ ਸੀ, ਉਦੋਂ ਤੋਂ ਕਈ ਵਾਰ ਅਜਿਹੇ ਲੋਕ ਵੀ ਉਸਨੂੰ ਲੰਘਦੇ-ਟੱਪਦੇ ਨਮਸਤੇ ਬੁਲਾ ਜਾਂਦੇ ਸਨ, ਜਿਨ੍ਹਾਂ ਦੀ ਉਹ ਸ਼ਕਲ ਤੱਕ ਨਹੀਂ ਪਛਾਣਦਾ ਸੀ। "ਨਾਲੇ, ਜੇ ਚੈਂਬਰਾਂ ਦੀਆਂ ਖਿੜਕੀਆਂ 'ਚੋਂ ਕਿਸੇ ਵਕੀਲ ਨੇ ਵੇਖ ਲਿਆ ਤਾਂ...?" ਉਸਨੂੰ ਧਿਆਨ ਆਇਆ ਕਿ ਕਮਰੇ ਦੀ ਖਿੜਕੀ ਤੋਂ ਸੜਕ ਤਾਂ ਦਿਸਦੀ ਸੀ, ਪਰ ਬਾਹਰੋਂ ਸੂਰਜ ਦੀ ਰੋਸ਼ਨੀ ਕਰਕੇ ਅੰਦਰ ਕੁਝ ਨਹੀਂ ਸੀ ਦਿਸਦਾ।

ਦੂਜੇ ਹੀ ਪਲ ਉਸਨੂੰ ਆਤਮਾ-ਗਿਲਾਨੀ ਮਹਿਸੂਸ ਹੋਈ, "... ਕੀ ਫਾਇਦਾ ਲੋਕਾਂ ਲਈ ਸੰਘਰਸ਼ ਕਰਨ ਦਾ... ਜੇ ਅਸੀਂ ਬੁੱਧੀਜੀਵੀ ਲੋਕ ਹੀ ਇਹਨਾਂ ਨੂੰ ਆਪਣੇ ਬਰਾਬਰ....," ਤੇ ਉਸਨੂੰ ਬਾਕੀ ਵਕੀਲਾਂ ਨਾਲ ਕੀਤੀਆਂ ਹੜਤਾਲਾਂ ਚੇਤੇ ਆ ਗਈਆਂ। ਉਸਦਾ ਗਰੁੱਪ ਬਾਰ ਦੇ ਅੰਦਰ ਤੇ ਬਾਹਰ ਵਕੀਲਾਂ ਦੇ ਹੱਕਾਂ ਲਈ ਲੜਨਾ ਆਪਣਾ ਮਿਸ਼ਨ ਸਮਝਦਾ ਸੀ।...

ਕੋਲੇ ਆ ਕੇ ਰੁਕੀ ਲਗਜ਼ਰੀ ਕਾਰ ਨੇ ਉਸਦੇ ਖਿਆਲਾਂ ਦੀ ਲੜੀ ਤੋੜ ਦਿੱਤੀ। ਰਮੇਸ਼ ਕੁਮਾਰ ਦਾ ਦਿਲ ਕੰਬਿਆ।

"ਬਾਈ ਜੀ, ਏਹ ਸੜਕ ਬਸ ਸਟੈਂਡ ਜਾਊ?"

... "ਸ਼ੁਕਰ ਐ, ਜਾਣ-ਪਛਾਣ ਵਾਲਾ ਨਹੀਂ।"

...ਕਾਰ ਵਾਲੇ ਨੇ ਇੱਕ ਵਾਰ ਫਿਰ ਆਪਣੇ ਸ਼ਬਦ ਦੁਹਰਾਏ।

ਰਮੇਸ਼ ਕੁਮਾਰ ਦੇ ਅੰਦਰੋਂ ਕੁਝ ਸ਼ਬਦ ਉੱਠੇ, " ... ਮੈਂ ਸ਼ਹਿਰ ਦਾ ਸਿਰਕੱਢ ਵਕੀਲ ਆਂ... ਤੇ ਬਾਰ ਐਸੋਸੀਏਸ਼ਨ ਦਾ ਅਹੁਦੇਦਾਰ! ਮੇਰਾ ਕੰਮ ਰਸਤਾ ਦੱਸਣਾ ਥੋੜਾ ਈ ਆ!.... ਤੈਨੂੰ ਏਨਾ ਈ ਸਮਝ ਲੈਣਾ ਚਾਹੀਦੈ।"

ਪਰ ਸ਼ਬਦ ਉਸਦੇ ਗਲੇ ਤੋਂ ਈ ਵਾਪਿਸ ਮੁੜ ਗਏ।

ਉਸਨੂੰ ਸ਼ੈਸ਼ਨ ਜੱਜ ਦੇ ਕਮਰੇ 'ਚ ਪੀਤੀ ਕੌਫੀ ਯਾਦ ਆ ਗਈ। ਸੇਵਾਦਾਰ ਦੇ ਹੱਥ ਤੇ ਸਫੈਦ ਦਸਤਾਨੇ ਚੜ੍ਹਾਏ ਹੋਏ ਸਨ। ਨਾਲ ਹੀ ਉਸਨੂੰ ਆਪਣੇ ਡਰਾਈਂਗ ਰੂਮ 'ਚ ਮੇਅਰ ਨਾਲ ਪੀਤੀ ਚਾਹ ਯਾਦ ਆ ਗਈ...... ਨਾਲ ਹੀ ਇੱਕ ਪਾਰਟੀ 'ਚ ਡੀ. ਐਸ. ਪੀ. ਵੱਲੋਂ ਉਸਨੂੰ ਮਠਿਆਈ ਪੇਸ਼ ਕਰਨਾ... ਤਹਿਸੀਲਦਾਰ ਨਾਲ ਮੀਟਿੰਗ...!

ਐਡਵੋਕੇਟ ਉੱਠ ਕੇ ਖੜ੍ਹਾ ਹੋ ਗਿਆ, ਤੇ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ। ਕਾਰ ਦਾ ਡਰਾਈਵਰ ਸ਼ੀਸ਼ਾ ਚੜ੍ਹਾ ਕੇ ਅੱਗੇ ਲੰਘ ਗਿਆ।

ਰਮੇਸ਼ ਕੁਮਾਰ ਨੂੰ ਬੁੱਢੇ ਦੇ ਧੀਮੇ ਚਲਦੇ ਹੱਥਾਂ ਤੇ ਖਿਝ ਆ ਗਈ, "ਹੋ ਗਿਆ!..."

"ਹੋ ਗਿਆ, ਜੀ, ਹੋ ਗਿਆ!"

ਉਸਨੇ ਬੂਟ ਉਸ ਅੱਗੇ ਕਰ ਦਿੱਤਾ।

"ਕਿੰਨੇ ਰੁਪਏ?"

"ਦਸ ਰੁਪਏ, ਜੀ!"

ਉਸਨੇ ਦਸ ਦਾ ਨੋਟ ਕੱਢਿਆ, ਤੇ ਬੁੱਢੇ ਅੱਗੇ ਕਰ ਦਿੱਤਾ।

ਬੁੱਢੇ ਨੇ ਨੋਟ ਮੱਥੇ ਨੂੰ ਲਾ ਕੇ ਬੋਰੀ ਹੇਠਾਂ ਦੱਬ ਲਿਆ। ਰਮੇਸ਼ ਕੁਮਾਰ ਨੇ ਦੁਬਾਰਾ ਫਿਰ ਉਸਦੀ ਹਾਲਤ ਤੇ ਧਿਆਨ ਨਾਲ ਨਜ਼ਰ ਮਾਰੀ। ਤੁਰਨ ਲੱਗਿਆਂ ਉਸਦੇ ਪੈਰ ਰੁਕ ਗਏ।

ਉਸਨੇ ਬਟੂਏ 'ਚੋਂ ਦਸ ਦਾ ਇੱਕ ਨੋਟ ਹੋਰ ਕੱਢਿਆ ਤੇ ਬੁੱਢੇ ਅੱਗੇ ਕਰ ਦਿੱਤਾ।

ਬੁੱਢੇ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ।

"ਕੰਮ ਵਧੀਆ ਕੀਤੈ! ਟਿਪ ਐ ਤੇਰੀ!"

ਨੋਟ ਫੜਾ ਕੇ ਉਹ ਕਾਹਲੇ ਕਦਮੀਂ ਕਚਹਿਰੀ ਦੇ ਗੇਟ ਵੱਲ ਤੁਰ ਪਿਆ।