ਚਾਦਰ

ਪਿੰਡ ਦੇ ਕੱਚੇ ਰਾਹ ਤੋਂ ਰਿਕਸ਼ੇ ਨੂੰ ਸ਼ਹਿਰ ਵਾਲੀ ਪੱਕੀ ਸੜਕ ਤੇ ਪਾਉਂਦਿਆਂ ਹੀ ਮੋਦੂ ਨੇ ਸਿੱਧੀ ਸ਼ਹਿਰ ਵੱਲ ਨੂੰ ਸ਼ੂਟ ਵੱਟ ਲਈ। ਉਸ ਦੇ ਪੈਡਲਾਂ ਦੇ ਨਾਲ-ਨਾਲ ਘੁੰਮ ਰਹੇ ਪੈਰ ਤੇਜ਼, ਹੋਰ ਤੇਜ਼ ਤੇ ਫਿਰ ਹੋਰ ਤੇਜ਼ ਹੁੰਦੇ ਗਏ। ਸ਼ਾਮੀਂ, ਆਖ਼ਰੀ ਪਿੰਡ ਵਿੱਚ ਸਬਜ਼ੀ ਵੇਚ ਕੇ ਨਿਕਲਣ ਤੋਂ ਬਾਅਦ ਉਸਨੂੰ ਘਰ ਪਹੁੰਚਣ ਦੀ ਇਸੇ ਤਰ੍ਹਾਂ ਕਾਹਲ ਹੁੰਦੀ ਸੀ।

ਹਰ ਰੋਜ਼ ਸਵੇਰ ਨੂੰ ਮੂੰਹ-ਹਨ੍ਹੇਰੇ ਉਹ ਉਸ ਛੋਟੇ ਜਿਹੇ ਸ਼ਹਿਰ ਵਿਚਲੇ ਆਪਣੇ ਕੱਚੇ ਮਕਾਨ ਵਿੱਚੋਂ ਰਿਕਸ਼ਾ ਚੁੱਕ ਕੇ ਮੰਡੀ ਵੱਲ ਚੱਲ ਪੈਂਦਾ। ਉਸਦਾ ਇਹ ਰਿਕਸ਼ਾ ਆਮ ਰਿਕਸ਼ਿਆਂ ਵਰਗਾ ਨਹੀਂ ਸੀ। ਸਵਾਰੀਆਂ ਦੇ ਬੈਠਣ ਵਾਲੀ ਸੀਟ ਦੀ ਥਾਂ ਇਸ ਵਿੱਚ ਲੱਕੜ ਦੀਆਂ ਮੋਟੀਆਂ ਫੱਟੀਆਂ ਦਾ ਬਣਿਆ ਵੱਡਾ ਸਾਰਾ ਡੱਬਾ ਫਿੱਟ ਕੀਤਾ ਹੋਇਆ ਸੀ, ਜਿਸ ਵਿੱਚ ਸਬਜ਼ੀ ਰੱਖ ਕੇ ਉਹ ਪਿੰਡਾਂ ਵਿੱਚ ਵੇਚਣ ਜਾਂਦਾ ਸੀ। ਉਂਝ ਕਹਿਣ ਨੂੰ ਤਾਂ ਇਸਨੂੰ ਰੇਹੜੀ ਵੀ ਕਿਹਾ ਜਾ ਸਕਦਾ ਸੀ, ਪਰ ਮੋਦੂ ਇਸਨੂੰ 'ਗੱਡੀ' ਕਹਿੰਦਾ ਸੀ।

ਤੇਜ਼ ਹਵਾ ਲੱਗਣ ਕਰਕੇ ਮੋਢਿਆਂ ਦੁਆਲੇ ਲਪੇਟੀ ਚਾਦਰ ਦਾ ਇੱਕ ਪੱਲਾ ਸਰਕ ਕੇ ਹਵਾ ਵਿੱਚ ਉੱਡਣ ਲੱਗਿਆ। ਛਾਤੀ ਨੰਗੀ ਹੋ ਜਾਣ ਕਰਕੇ (ਉਂਝ ਇੱਕ ਪੁਰਾਣੀ ਕਮੀਜ਼ ਸੀ, ਜੋ ਹਵਾ ਨੂੰ ਨਾ-ਮਾਤਰ ਹੀ ਰੋਕਦੀ ਸੀ) ਹਵਾ ਮੋਦੂ ਦੀ ਅੰਦਰ ਨੂੰ ਧਸੀ ਹੋਈ ਛਾਤੀ ਤੇ ਸਿੱਧੀ ਵੱਜਣ ਲੱਗੀ।

ਮੋਦੂ ਦੇ ਨੱਕ ਤੇ ਕੰਨ ਠੰਢ ਕਾਰਨ ਲਾਲ ਹੋ ਗਏ ਸਨ। ਹਵਾ ਲੱਗਣ ਕਰਕੇ ਹੌਲੀ-ਹੌਲੀ ਉਸਦੇ ਦੰਦ ਵੱਜਣ ਲੱਗ ਪਏ।

ਉਸਨੇ ਗੱਡੀ ਹੌਲੀ ਕਰਕੇ ਚਾਦਰ ਦੀ ਦੁਬਾਰਾ ਬੁੱਕਲ ਮਾਰ ਲਈ।

ਕੁਝ ਨਿੱਘ ਜਿਹੀ ਮਹਿਸੂਸ ਹੋਈ। ਨਾਲ ਹੀ ਉਸਨੂੰ ਆਪਣੀ ਘਰਵਾਲੀ ਦੇ ਝੁਰੜੀਆਂ ਭਰੇ ਚਿਹਰੇ ਤੇ ਪਿਆਰ ਜਿਹਾ ਆ ਗਿਆ। ਅੱਜ ਸਵੇਰੇ ਹੀ ਜਦੋਂ ਉਹ ਗੱਡੀ ਬਾਹਰ ਕੱਢਣ ਲੱਗਿਆ ਸੀ ਤਾਂ ਉਸਦੀ ਘਰਵਾਲੀ ਨੇ ਪੇਟੀ ਵਿੱਚੋਂ ਨਵੀਂ ਕੱਢੀ ਚਾਦਰ ਉਸਨੂੰ ਫੜਾ ਦਿੱਤੀ, "ਲੈ ਫੜ, ਉੱਤੇ ਲੈ ਲੈ! ਠੰਢ ਤੋਂ ਬਚਿਆ ਰਹੇਂਗਾ।"

ਪਰ ਮੋਦੂ ਅੰਦਰ ਨਵੀਂ ਚਾਦਰ ਉੱਤੇ ਲੈ ਕੇ ਖ਼ਰਾਬ ਕਰਨ ਦਾ ਹੌਸਲਾ ਨਾ ਪਿਆ ਤੇ ਉਸਨੇ ਲਾਪਰਵਾਹੀ ਜਿਹੀ ਨਾਲ ਜਵਾਬ ਦੇ ਦਿੱਤਾ, "ਓ, ਬੱਸ! ਹੁਣ ਤਾਂ ਲੰਘ ਗੀ ਠੰਢ! ਹੁਣ ਚਾਦਰ ਕੀ ਕਰਨੀ ਐ?"

"ਠੰਢ ਕਿੱਥੋਂ ਲੰਘ ਗੀ! ਹਾਲੇ ਤਾਂ ਠੰਢ ਹੋਰ ਪਉ! ਨਾਲੇ, ਤੇਰਾ ਹਾਲ ਤਾਂ ਦੇਖ ਲਾ, ਨਜਲੇ-ਜੁਖਾਮ ਨਾਲ ਕੀ ਹੋਇਆ ਪਿਐ! ਤੈਂ ਮਰਨ ਦੀ ਸਲਾਹ ਤਾਂ ਨੀ ਕੀਤੀ ਹੋਈ?" ਘਰਵਾਲੀ ਦੀ ਸਵੇਰ ਦੀ ਖ਼ਾਮੋਸ਼ੀ ਨੂੰ ਚੀਰਦੀ ਹੋਈ ਡਾਂਟ ਭਰੀ ਆਵਾਜ਼ ਤੋਂ ਡਰਦਿਆਂ ਉਸਨੇ ਚੁੱਪ-ਚਾਪ ਚਾਦਰ ਫੜ ਕੇ ਦੁਆਲੇ ਲਪੇਟ ਲਈ।

ਰਸਤੇ ਵਿੱਚ ਲੱਗੇ ਮੀਲ-ਪੱਥਰ ਤੇ ਸ਼ਹਿਰ ਦੇ ਨਾਂ (ਜਿਹੜਾ ਕਿ ਉਸਨੂੰ ਪੜ੍ਹਨਾ ਨਹੀਂ ਸੀ ਆਉਂਦਾ) ਹੇਠਾਂ ‘4’ ਵੇਖ ਕੇ ਉਸਦੇ ਮਨ ਵਿੱਚ ਕਾਹਲ ਪੈਦਾ ਹੋ ਗਈ।

ਪਰ, ਫਿਰ "ਚੱਲ ਛੱਡ, ਏਨੀ ਵੀ ਕੀ ਕਾਹਲੀ ਐ! ਆਰਾਮ ਨਾਲ ਚੱਲਦੇ ਆਂ!" ਦਿਮਾਗ਼ ਵਿੱਚ ਆਉਂਦਿਆਂ ਹੀ ਉਸਨੇ ਕਾਹਲ ਨੂੰ ਪਰ੍ਹਾਂ ਵਗਾਹ ਮਾਰਿਆ।

ਕੁਝ ਅੱਗੇ ਜਾ ਕੇ ਮੋਦੂ ਨੂੰ ਆਪਣੇ ਸਿਰ ਵਿਚਲੇ ਗੰਜ ਵਿੱਚ ਕੁਝ ਟਪਕਿਆ ਮਹਿਸੂਸ ਹੋਇਆ-ਜਿਵੇਂ ਕਿਸੇ ਜਨੌਰ ਨੇ ਬਿੱਠ ਕੀਤੀ ਹੋਵੇ-ਤੇ ਉਸਦੇ ਮੂੰਹੋਂ ਗਾਲ੍ਹ ਨਿਕਲ ਗਈ। ਉਸਨੇ ਉਂਗਲ ਨਾਲ ਉਸ ਥਾਂ (ਜਿੱਥੇ ਬਿੱਠ ਡਿੱਗੀ ਸੀ) ਨੂੰ ਛੂਹ ਕੇ ਵੇਖਿਆ।

ਉਂਗਲ ਹਲਕੀ ਜਿਹੀ ਗਿੱਲੀ ਤਾਂ ਸੀ, ਪਰ ਉਥੇ ਬਿੱਠ ਵਰਗਾ ਕੁਝ ਵੀ ਨਹੀਂ ਸੀ-ਇਹ ਜਾਣ ਕੇ ਮੋਦੂ ਨਿਸ਼ਚਿੰਤ ਹੋ ਗਿਆ। ਪਰ ਤਦੇ ਹੀ ਇੱਕ ਹੋਰ ਤੁਪਕਾ ਉਸਦੀ ਖੱਬੀ ਹਥੇਲੀ ਦੇ ਪੁੱਠੇ ਪਾਸੇ ਤੇ ਡਿੱਗਿਆ।

ਉਸਨੇ ਆਸਮਾਨ ਵੱਲ ਵੇਖਿਆ। ਉਸਦਾ ਅੰਦਾਜ਼ਾ ਸਹੀ ਸੀ। ਆਸਮਾਨ ਤੇ ਸੰਘਣੇ ਕਾਲੇ ਬੱਦਲ ਛਾਏ ਹੋਏ ਸਨ।

ਵੇਖਦਿਆਂ ਹੀ ਮੋਦੂ ਦੇ ਪੈਰ ਤੇਜ਼ ਹੋ ਗਏ। ਵਿਰਲੀਆਂ-ਵਿਰਲੀਆਂ ਮੋਟੀਆਂ ਕਣੀਆਂ ਪੈਣ ਲੱਗੀਆਂ, ਤੇ ਫਿਰ ਤੇਜ਼ ਹੋ ਗਈਆਂ।

ਮੋਦੂ ਨੂੰ ਸਬਜ਼ੀ ਦੀ ਫਿਕਰ ਹੋਣ ਲੱਗੀ। ਕੁਝ ਸਬਜ਼ੀਆਂ ਨੂੰ ਤਾਂ ਕੋਈ ਫਰਕ ਨਹੀਂ ਸੀ ਪੈਣਾ, ਪਰ ਕੁਝ ਸਬਜ਼ੀਆਂ-ਜਿਵੇਂ ਪਿਆਜ਼, ਲਸਣ ਤੇ ਕੁਝ ਹੋਰ-ਤਾਂ ਬਿਲਕੁਲ ਹੀ ਖ਼ਰਾਬ ਹੋ ਜਾਣੀਆਂ ਸਨ।

ਉਸਦਾ ਦਿਲ ਕੀਤਾ ਕਿ ਗੱਡੀ ਨੂੰ ਰਸਤੇ ਵਿੱਚ ਕਿਸੇ ਢਾਬੇ ਜਾਂ ਦੁਕਾਨ ਦੇ ਸ਼ੈੱਡ ਹੇਠਾਂ ਖੜ੍ਹਾ ਕੇ ਮੀਂਹ ਦੇ ਰੁਕਣ ਦੀ ਉਡੀਕ ਕਰੇ।

"ਪਰ, ਕੀ ਫਾਇਦਾ! ਇਹ ਮੀਂਹ ਤਾਂ ਛੇਤੀ ਰੁਕਣ ਵਾਲਾ ਨੀ!"

ਪੁਰਾਣੇ ਤਜਰਬੇਕਾਰ ਜਾਂ (ਉਸਦੇ ਮੁੰਡੇ ਦੇ ਕਹਿਣ ਅਨੁਸਾਰ) ‘ਦੇਸੀ' ਲੋਕਾਂ ਵਾਂਗ ਉਸਨੂੰ ਪੂਰੀ ਪਛਾਣ ਸੀ ਕਿ ਕਿਹੜੇ ਬੱਦਲ ਲੰਮੇਂ ਸਮੇਂ ਤੱਕ ਵਰ੍ਹਦੇ ਹਨ ਤੇ ਕਿਹੜੇ ਸਿਰਫ਼ ਛੜਾਕਾ ਮਾਰ ਕੇ ਲੰਘ ਜਾਂਦੇ ਹਨ।

ਤਦੇ ਹੀ ਇੱਕ ਟਰੱਕ ਉਸਦੇ ਨੇੜਿਓਂ ਤੇਜ਼ੀ ਨਾਲ ਲੰਘਿਆ ਤੇ ਉਹਦੇ ਉੱਤੇ ਛਿੱਟੇ ਪਾ ਗਿਆ।

ਮੋਦੂ ਨੇ ਟਰੱਕ ਵਾਲੇ ਨੂੰ ਕਈ ਗਾਲ੍ਹਾਂ ਕੱਢੀਆਂ।

ਪਰ ਟਰੱਕ ਨੂੰ ਜਿਵੇਂ ਇਸਦੀ ਕੋਈ ਪਰਵਾਹ ਹੀ ਨਹੀਂ ਸੀ। ਭੱਜੇ ਜਾਂਦੇ ਟਰੱਕ ਦਾ ਸਿਰਫ਼ ਕਾਲੀ ਤ੍ਰਿਪਾਲ ਨਾਲ ਢਕਿਆ ਪਿਛਲਾ ਹਿੱਸਾ ਹੀ ਦਿਖਾਈ ਦੇ ਰਿਹਾ ਸੀ।

ਤ੍ਰਿਪਾਲ ਤੋਂ ਹੀ ਉਸਨੂੰ ਯਾਦ ਆਇਆ ਕਿ ਉਸਨੂੰ ਵੀ ਮੀਂਹ ਤੋਂ ਸਬਜ਼ੀ ਨੂੰ ਬਚਾਉਣ ਲਈ ਇੱਕ ਛੋਟੀ ਜਿਹੀ ਤ੍ਰਿਪਾਲ ਖਰੀਦ ਲੈਣੀ ਚਾਹੀਦੀ ਸੀ।

"ਪਰ ਤ੍ਰਿਪਾਲ ਵੀ ਕਿਹੜਾ, ਸਾਲੀ, ਸਸਤੀ ਆਉਂਦੀ ਐ! ਐਥੇ ਤਾਂ ਦੋ ਵਕਤ ਦੀ ਰੋਟੀ ਮਸਾਂ ਨਸੀਬ ਹੁੰਦੀ ਐ।"

"ਮੈਂ ਵੀ, ਯਾਰ, 'ਗਾਹਾਂ ਦੀ ਸੋਚਣ ਲੱਗ ਪੈਨਾਂ! ਹੁਣ ਕੀ ਕਰੀਏ, ਹੁਣ ਦੀ ਸੋਚ!"

"......... ਚਾਦਰ!.......... ਹਾਂ, ਚਾਦਰ!"

ਤੇ ਉਸਨੇ ਗੱਡੀ ਰੋਕ ਕੇ ਆਪਣੇ ਉਤਲੀ ਚਾਦਰ ਲਾਹ ਕੇ ਸਬਜ਼ੀ ਤੇ ਦੇ ਦਿੱਤੀ।

ਹੁਣ ਉਹ ਨਿਸ਼ਚਿੰਤ ਸੀ।

ਘਰ ਪਹੁੰਚਦਿਆਂ ਹੀ ਉਸਨੇ ਬੰਦ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕਾਫ਼ੀ ਦੇਰ ਤੱਕ ਕੋਈ ਨਾ ਆਇਆ ਤਾਂ ਉਹ ਉੱਚੀ-ਉੱਚੀ ਹਾਕਾਂ ਮਾਰਨ ਦੇ ਨਾਲ-ਨਾਲ ਗਾਲ੍ਹਾਂ ਵੀ ਕੱਢਣ ਲੱਗ ਪਿਆ।

ਅੰਦਰੋਂ ਕੁੰਡਾ ਖੁੱਲ਼੍ਹਣ ਦੀ ਆਵਾਜ਼ ਆਈ। ਆਪਣੇ ਮੁੰਡੇ ਨੂੰ ਵੇਖ ਕੇ ਉਹ ਬੁੜ-ਬੁੜ ਕਰਨ ਲੱਗ ਪਿਆ। ਪਰ ਮੁੰਡਾ ਪਰਵਾਹ ਕੀਤੇ ਬਗੈਰ ਹੀ ਵਰਾਂਢੇ ਤੋਂ ਬਾਅਦ ਵਿਹੜਾ ਟੱਪ ਕੇ ਸਾਹਮਣੇ ਵਾਲੇ ਦੋ ਕਮਰਿਆਂ ਵਿੱਚੋਂ ਇੱਕ ਵਿੱਚ ਜਾ ਵੜਿਆ।

ਗੱਡੀ ਨੂੰ ਵਰਾਂਢੇ ਵਿੱਚ ਖੜ੍ਹਾਉਣ ਤੋਂ ਬਾਅਦ ਮੋਦੂ ਨੇ ਸਬਜ਼ੀ ਤੋਂ ਚਾਦਰ ਚੁੱਕੀ ਤੇ ਬਾਹਰਲੇ ਦਰਵਾਜ਼ੇ ਦਾ ਕੁੰਡਾ ਲਾਉਣ ਮਗਰੋਂ ਉਹ ਵੀ ਮੁੰਡੇ ਵਾਲੇ ਕਮਰੇ ਵਿੱਚ ਜਾ ਵੜਿਆ।

ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਮੀਂਹ ਨਾਲ ਗੱਚ ਹੋਇਆ ਪਿਆ ਸੀ। ਉਸਦੇ ਬੁੱਲ੍ਹ ਨੀਲੇ ਹੁੰਦੇ ਜਾ ਰਹੇ ਸਨ, ਤੇ ਉਸਦੇ ਦੰਦ ਵੱਜ ਰਹੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਘਰ ਪਹੁੰਚਣ ਤੋਂ ਬਾਅਦ ਉਸਨੂੰ ਠੰਢ ਜ਼ਿਆਦਾ ਮਹਿਸੂਸ ਹੋਣ ਲੱਗ ਪਈ ਸੀ ਤੇ ਉਸਦੇ ਸਿਰ ਵਿੱਚ ਵੀ ਹਲਕਾ-ਹਲਕਾ ਦਰਦ ਉੱਭਰ ਆਇਆ ਸੀ।

ਉਸਦੀ ਘਰਵਾਲੀ ਕਮਰੇ ਵਿੱਚ ਦਾਖ਼ਲ ਹੋਈ।

"ਆਏ-ਹਾਏ! ਤੂੰ ਤਾਂ-ਜਮ੍ਹੀਂ ਗੱਚ ਹੋਇਆ ਪਿਐਂ!....."

...ਤੇ ਉਹ "ਟਿਚ-ਟਿਚ" ਕਰਦੀ ਉਸਨੂੰ ਕੱਪੜੇ ਦੇਣ ਲੱਗ ਪਈ।

ਕੱਪੜੇ ਬਦਲ ਕੇ ਮੋਦੂ ਬਿਸਤਰੇ ਵਿੱਚ ਵੜ ਗਿਆ।

ਬਿਸਤਰੇ ਵਿੱਚ ਵੜਦਿਆਂ ਹੀ ਮੋਦੂ ਨੂੰ ਕੁਝ ਨਿੱਘ ਮਹਿਸੂਸ ਹੋਇਆ। ਪਰ ਉਸਦਾ ਸ਼ਰੀਰ ਗਰਮ ਹੋਣ ਵਿੱਚ ਨਹੀਂ ਸੀ ਆ ਰਿਹਾ। ਉਸਨੂੰ ਲੱਗ ਰਿਹਾ ਸੀ ਕਿ ਜਿਵੇਂ ਪਾਲਾ ਉਸਦੇ ਅੰਦਰੋਂ ਉੱਠ ਰਿਹਾ ਹੋਵੇ। ਸਗੋਂ ਉਸਨੂੰ ਖੰਘ ਛਿੜਨ ਲੱਗ ਪਈ ਤੇ ਫਿਰ ਖੰਘ ਕਾਰਨ ਸਾਹ ਲੈਣਾ ਔਖਾ ਹੋ ਗਿਆ।

"ਆਏ-ਹਾਏ! ਤੈਨੂੰ ਤਾਂ ਕੁੱਤੇ-ਖਾਂਸੀ ਹੋਈ, ਪਈ ਐ", ਉਸ ਦੀ ਘਰਵਾਲੀ ਉਸ ਦੇ ਮੱਥੇ ਤੇ ਹੱਥ ਦਾ ਪੁੱਠਾ ਪਾਸਾ ਰੱਖਦਿਆਂ ਬੋਲੀ, "ਮੈਂ ਮਰ ਜਾਂ! ਕਾਕੇ ਦੇ ਬਾਪੂ, ਤੈਨੂੰ ਤਾਂ ਤਾਪ ਚੜ੍ਹਿਆ ਪਿਐ!... ਤੂੰ ਕਿਹੜਾ ਕਿਸੇ ਦੀ ਮੰਨਦੈ! ਵੀਹ ਵਾਰੀ ਕਿਹੈ, ਬਈ, ਦਵਾਈ ਲੈ ਆ! ਪਰ ਕਿੱਥੇ?"

ਮੋਦੂ ਚੁੱਪ-ਚਾਪ ਠੰਢ ਨਾਲ ਕੰਬਦਾ ਆਪਣੀ ਘਰਵਾਲੀ ਦਾ ਭਾਸ਼ਣ ਸੁਣਦਾ ਰਿਹਾ।

"ਮੈਂ ਚਾਹ ਬਣਾ ਕੇ ਲਿਆਉਨੀ ਆਂ," ਕਹਿੰਦਿਆਂ ਉਸਦੀ ਘਰਵਾਲੀ ਉੱਠ ਕੇ ਨਾਲ ਦੇ ਕਮਰੇ ਵਿੱਚ ਚਲੀ ਗਈ।

"ਤ੍ਰਿਪ-ਤ੍ਰਿਪ ਦੀ ਆਵਾਜ਼ ਸੁਣ ਕੇ ਮੋਦੂ ਨੇ ਕਮਰੇ ਦੀ ਛੱਤ ਦੇ ਇੱਕ ਕੋਨੇ ਵੱਲ ਵੇਖਿਆ। ਛੱਤ ਚੋਅ ਰਹੀ ਸੀ।

ਮੋਦੂ ਉੱਭੜਵਾਹੇ ਉੱਠਿਆ ਜਿਵੇਂ ਕੁੱਝ ਯਾਦ ਆਇਆ ਹੋਵੇ! ਮੰਜੇ ਤੇ ਬੈਠੇ-ਬੈਠੇ ਹੀ ਉਸਨੇ ਟੇਢਾ ਹੋ ਕੇ ਬਾਹਰ ਵੇਖਿਆ।

ਵਰਾਂਢੇ ਦੀ ਛੱਤ ਕਾਫ਼ੀ ਜ਼ਿਆਦਾ ਚੋਅ ਰਹੀ ਸੀ।

ਮੋਦੂ ਦੀ ਘਰਵਾਲੀ ਜਦੋਂ ਚਾਹ ਦਾ ਗਲਾਸ ਫੜੀਂ ਅੰਦਰ ਆਈ ਤਾਂ ਮੋਦੂ ਬਿਸਤਰੇ ਵਿੱਚ ਨਹੀਂ ਸੀ। ਉਸ ਨੇ ਦੂਜੇ ਬਿਸਤਰੇ ਵਿੱਚ ਬੈਠੇ, ਸਕੂਲ ਦਾ ਕੰਮ ਕਰ ਰਹੇ, ਆਪਣੇ ਮੁੰਡੇ ਤੋਂ ਪੁੱਛਿਆ, "ਵੇ, ਤੇਰਾ ਬਾਪੂ ਕਿੱਥੇ ਗਿਐ?"

"ਮੈਨੂੰ ਕੀ ਪਤੈ!" ਮੁੰਡੇ ਨੇ ਲਾਪਰਵਾਹੀ ਨਾਲ ਰੁੱਖਾ ਜਿਹਾ ਜਵਾਬ ਦਿੱਤਾ।

ਮਾਂ ਨੂੰ ਗੁੱਸਾ ਤਾਂ ਆਇਆ, ਪਰ ਮੋਦੂ ਦੇ ਧਿਆਨ ਵਿੱਚ ਉਹ ਮੁੰਡੇ ਨੂੰ ਡਾਂਟਣਾ ਭੁੱਲ ਗਈ।

ਗਲਾਸ ਚੁੱਕੀ ਜਦੋਂ ਉਹ ਵਰਾਂਢੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ‘ਥਰ-ਥਰ’ ਕੰਬਦੇ ਸ਼ਰੀਰ ਨਾਲ ਮੋਦੂ ਸਬਜ਼ੀ ਤੇ ਦਿੱਤੀ ਚਾਦਰ ਨੂੰ ‘ਠੀਕ' ਕਰ ਰਿਹਾ ਸੀ।