ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਪੰਜਾਬੀ ਨਿੱਕੀ ਕਹਾਣੀ: ਅਧਿਐਨ ਦੀਆਂ ਸਮੱਸਿਆਵਾਂ

ਪੰਜਾਬੀ ਨਿੱਕੀ ਕਹਾਣੀ:
ਅਧਿਐਨ ਦੀਆਂ ਸਮੱਸਿਆਵਾਂ

ਨਿੱਕੀ ਕਹਾਣੀ ਇੱਕ ਐਸਾ ਸਾਹਿਤ ਰੂਪ ਹੈ ਜਿਹੜਾ ਇਸ ਵੇਲੇ ਹਰ ਥਾਂ ਹਰ ਸਾਹਿਤ ਵਿਚ ਗਿਣਤੀ ਵਿਚ ਭਾਰੂ ਹੈ। ਕੁਝ ਥਾਵਾਂ 'ਤੇ ਆਲੋਚਕਾਂ ਨੇ ਇਸ ਨੂੰ ਆਪਣੇ ਆਪਣੇ ਦੇਸ ਦਾ ਕੌਮੀ ਸਾਹਿਤ-ਰੂਪ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ। ਤਾਂ ਵੀ ਬੜੇ ਘੱਟ ਸਾਹਿਤ ਹਨ, ਜਿਨ੍ਹਾਂ ਵਿਚ ਨਿੱਕੀ ਕਹਾਣੀ ਨੂੰ ਬਹੁਤੀ ਗੰਭੀਰਤਾ ਨਾਲ ਲਿਆ ਜਾਂਦਾ ਹੋਵੇ। ਬਹੁਤੇ ਸਾਹਿਤਾਂ ਦੇ ਇਤਿਹਾਸ ਨਿੱਕੀ ਕਹਾਣੀ ਦਾ ਜ਼ਿਕਰ ਨਹੀਂ ਕਰਦੇ ਅਤੇ ਨਿੱਕੀ ਕਹਾਣੀ ਦੇ ਇਤਿਹਾਸ ਉਤੇ ਸੈਂਚੀਆਂ ਲਿਖੀਆਂ ਹੋਈਆਂ ਕਿਤੇ ਟਾਵੀਆਂ ਟਾਵੀਆਂ ਹੀ ਮਿਲਦੀਆਂ ਹਨ। ਨਿੱਕੀ ਕਹਾਣੀ ਦੇ ਇਤਿਹਾਸ ਨੂੰ ਵਧੇਰੇ ਕਰਕੇ ਕਹਾਣੀ ਸੰਗ੍ਰਹਿਆਂ ਦੇ ਆਰੰਭ ਵਿਚ ਜਾਣ-ਪਛਾਣ ਲਈ ਲਿਖੇ ਗਏ ਲੇਖਾਂ ਵਿਚ ਹੀ ਥਾਂ ਮਿਲੀ ਹੈ। ਨਿੱਕੀ ਕਹਾਣੀ ਨੂੰ ਖ਼ਾਲੀ ਸਮਾਂ ਜਾਂ ਖ਼ਾਲੀ ਥਾਂ ਭਰਨ ਵਾਲੀ ਕੋਈ ਚੀਜ਼ ਸਮਝਿਆ ਜਾਂਦਾ ਹੈ; ਵੱਡੇ ਸਾਹਿਤ-ਰੂਪਾਂ ਲਈ ਤਿਆਰ ਹੋਣ ਵਾਸਤੇ ਇੱਕ ਅਭਿਆਸ ਦਾ ਅਖਾੜਾ ਸਮਝਿਆ ਜਾਂਦਾ ਹੈ, ਅਤੇ ਐਸਾ ਲੇਖਕ ਬੜੀ ਦੁਰਲੱਭ ਵਸਤ ਸਮਝਿਆ ਜਾਂਦਾ ਹੈ ਜਿਹੜਾ ਸਿਰਫ਼ ਨਿੱਕੀਆਂ ਕਹਾਣੀਆਂ ਲਿਖਦਾ ਹੋਵੇ, ਅਰਥਾਤ ਇਸ ਸਾਹਿਤ-ਰੂਪ ਤੋਂ ਅੱਗੇ ਨਾ ਲੰਘ ਸਕਿਆ ਹੋਵੇ ਪਰ ਫਿਰ ਵੀ ਸਫਲ ਲੇਖਕ ਸਮਝਿਆ ਜਾਂਦਾ ਹੋਵੇ।
ਪੰਜਾਬੀ ਸਾਹਿਤ ਦੀ ਸਥਿਤੀ ਦੂਜੇ ਸਾਹਿਤਾਂ ਨਾਲੋਂ ਇਸ ਪੱਖੋਂ ਕੁਝ ਵੱਖਰੀ ਹੈ ਕਿ ਇਸ ਵਿਚ ਐਸੇ ਲੇਖਕ ਕਾਫ਼ੀ ਹਨ ਜਿਹੜੇ ਦੂਜੇ ਸਾਹਿਤਾਂ ਵਿਚ ਦੁਰਲੱਭ ਹਨ, ਭਾਵ ਜਿਹੜੇ ਸਿਰਫ਼ ਨਿੱਕੀ ਕਹਾਣੀ ਲਿਖਦੇ ਹਨ, ਅਤੇ ਫਿਰ ਵੀ ਸਫਲ ਅਤੇ ਗੰਭੀਰ ਲੇਖਕ ਸਮਝੇ ਜਾਂਦੇ ਹਨ। ਸਾਹਿਤਕ ਪਿੜ ਵਿਚ ਕਹਾਣੀ ਨੇ ਕੇਂਦਰੀ ਸਥਾਨ ਮੱਲਿਆ ਹੋਇਆ ਹੈ। ਇਹ ਸਭ ਤੋਂ ਵਧ ਵਿਕਣ ਵਾਲਾ ਤੇ ਪੜ੍ਹਿਆ ਜਾਣ ਵਾਲਾ ਸਾਹਿਤ-ਰੂਪ ਹੈ। ਕਵੀ-ਦਰਬਾਰਾਂ ਦੇ ਨਾਲ ਨਾਲ ਕਹਾਣੀ-ਦਰਬਾਰਾਂ ਨੇ ਵੀ ਇਕ ਮਹੱਤਵਪੂਰਨ ਸਾਹਿਤਕ ਸਰਗਰਮੀ ਵਜੋਂ ਥਾਂ ਲੈ ਲਈ ਹੈ। ਇਸ ਲਈ ਸਾਡੇ ਵਾਸਤੇ ਇਹ ਕਹਿਣਾ ਮੁਸ਼ਕਲ ਹੈ ਕਿ ਪੰਜਾਬੀ ਵਿਚ ਇਸ ਸਾਹਿਤ-ਰੂਪ ਪ੍ਰਤਿ ਉਹੀ ਅਲਪ-ਗੰਭੀਰਤਾ ਦਾ ਮਾਹੌਲ ਮਿਲਦਾ ਹੈ, ਜਿਹੜਾ ਦੂਜੇ ਸਾਹਿਤਾਂ ਵਿਚ ਪਾਇਆ ਜਾਂਦਾ ਹੈ।
ਤਾਂ ਵੀ ਨਿੱਕੀ ਕਹਾਣੀ ਦੇ ਸਿਧਾਂਤ ਅਤੇ ਇਤਿਹਾਸ ਦੇ ਪੱਖੋਂ ਇਸ ਦਾ ਸਿੱਟਾ ਦੂਜੇ ਸਾਹਿਤਾਂ ਨਾਲੋਂ ਵੱਖਰਾ ਨਹੀਂ ਨਿਕਲਿਆ। ਪੰਜਾਬੀ ਵਿਚ ਨਿੱਕੀ ਕਹਾਣੀ ਦਾ ਇਤਿਹਾਸ ਕੋਈ ਨਹੀਂ ਮਿਲਦਾ। ਨਿੱਕੀ ਕਹਾਣੀ ਦੇ ਸੰਬੰਧ ਵਿਚ ਕੁਝ ਕਿਤਾਬਾਂ ਲਿਖੀਆਂ ਜ਼ਰੂਰ ਮਿਲਦੀਆਂ ਹਨ, ਜਿਵੇਂ ਕਿ ਪੰਜਾਬੀ ਕਹਾਣੀ ਦਾ ਵਿਕਾਸ, ਪੰਜਾਬੀ ਕਹਾਣੀਕਾਰ, ਸਮਕਾਲੀ ਪੰਜਾਬੀ ਕਹਾਣੀ, ਆਦਿ ਜਿਹੜੀਆਂ ਆਪਣੇ ਨਾਵਾਂ ਕਰਕੇ ਪੰਜਾਬੀ ਕਹਾਣੀ ਦਾ ਇਤਿਹਾਸ ਹੋਣ ਦਾ ਝਾਵਲਾ ਦੇਂਦੀਆਂ ਹਨ। ਇਹ ਸਾਰੀਆਂ ਇੱਕੋ ਹੀ ਪੈਟਰਨ ਉਤੇ ਚਲਦੀਆਂ ਹਨ; ਸ਼ੁਰੂ ਸ਼ੁਰੂ ਵਿਚ ਕਹਾਣੀ ਬਾਰੇ ਆਮ ਕਰਕੇ, ਪੰਜਾਬੀ ਕਹਾਣੀ ਬਾਰੇ ਖ਼ਾਸ ਕਰਕੇ, ਅਤੇ ਕਹਾਣੀ-ਕਲਾ ਬਾਰੇ ਲਮਕਵੇਂ ਜਿਹੇ ਨੋਟ ਦਿੱਤੇ ਹੁੰਦੇ ਹਨ ਤੇ ਫਿਰ ਇਕੱਲੇ ਇਕੱਲੇ ਕਹਾਣੀਕਾਰ ਨੂੰ ਫੜ ਕੇ ਉਸ ਦੀ ਕਹਾਣੀ-ਕਲਾ ਦੀ, ਪਰ ਅਕਸਰ ਕਹਾਣੀਕਾਰ ਦੀ ਆਪਣੀ ਵੀ, ਚੀਰ-ਫਾੜ ਕੀਤੀ ਗਈ ਹੁੰਦੀ ਹੈ। ਇਹਨਾਂ ਵਿਚ ਜੋ ਕੋਈ ਘਾਟ ਹੈ ਤਾਂ ਕਿਸੇ ਅੰਤਰ-ਦ੍ਰਿਸ਼ਟੀ ਦੀ, ਜੋ ਬਹੁਲਤਾ ਹੈ ਤਾਂ ਅਣਪਚਾਈਆਂ ਅੰਗਰੇਜ਼ੀ ਟੂਕਾਂ, ਪ੍ਰਭਾਵਵਾਦੀ ਟਿੱਪਣੀਆਂ ਅਤੇ ਅੰਗਰੇਜ਼ੀ ਨਾਵਾਂ ਅਤੇ ਸ਼ਬਦਾਂ ਦੇ ਗਲਤ ਸ਼ਬਦ-ਜੋੜਾਂ ਅਤੇ ਉਚਾਰਣਾਂ ਦੀ। ਸਮੁੱਚੀ ਮਸ਼ਕ ਵਿਚ ਵਿਕਾਸ ਦੇ ਕਿਸੇ ਸਾਂਝੇ ਧਾਗੇ ਨੂੰ ਲੱਭਣ ਦੀ ਕੋਸ਼ਿਸ਼ ਨਿਰਮੂਲ ਹੋਵੇਗੀ।
ਕਿਸੇ ਵੀ ਸ਼ਾਹਿਤ-ਰੂਪ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਪਰਿਭਾਸ਼ਿਤ ਕਰਨ ਵਾਲੇ ਅਤੇ ਦੂਜੇ ਸਾਹਿਤ-ਰੂਪਾਂ ਨਾਲੋਂ ਨਿਖੇੜਣ ਵਾਲੇ ਗੁਣ, ਤੱਤ ਜਾਂ ਅੰਸ਼ ਸਪਸ਼ਟ ਹੋਣ। ਨਿੱਕੀ ਕਹਾਣੀ ਦੇ ਸੰਬੰਧ ਵਿਚ ਇਹ ਸਿਰਫ਼ ਦੋ ਹਨ: ਇਕ - ਕਿ ਇਹ ਵਾਰਤਕ ਵਿਚ ਲਿਖੀ ਕਹਾਣੀ ਹੁੰਦੀ ਹੈ। ਦੋ - ਕਿ ਇਹ ਨਿੱਕੀ ਹੁੰਦੀ ਹੈ। ਪਾਤਰ, ਪਲਾਟ, ਵਾਰਤਾਲਾਪ, ਵਾਤਾਵਰਣ, ਟੱਕਰ, ਆਦਿ, ਮਧ, ਅੰਤ, ਵਗੈਰਾ ਵਗੈਰਾ ਨਿਰੋਲ ਨਿੱਕੀ ਕਹਾਣੀ ਨਾਲ ਸੰਬੰਧਤ ਨਹੀਂ, ਇਸ ਲਈ ਇਸ ਦੀ ਪਰਿਭਾਸ਼ਾ ਵਿਚ ਸ਼ਾਮਲ ਨਹੀਂ ਹੋ ਸਕਦੇ। ਇਹਨਾਂ ਬਾਰੇ ਵਧ ਤੋਂ ਵਧ ਇਹ ਕਿਹਾ ਜਾ ਸਕਦਾ ਹੈ ਕਿ ਐਡਗਰ ਐਲਨ ਪੋ ਤੋਂ ਲੈ ਕੇ ਆਨਤੋਨ ਚੈਖ਼ੋਵ ਤਕ ਦੇ ਨਿੱਕੀ ਕਹਾਣੀ ਦੇ ਵਿਕਾਸ ਵਿਚਲੇ ਪੜਾਵਾਂ ਨੂੰ, ਇਹਨਾਂ ਅੰਸ਼ਾਂ ਉਪਰ ਵਖੋ ਵਖਰੀ ਮਾਤਰਾ ਵਿਚ ਜ਼ੋਰ ਦੇਣ ਕਰਕੇ ਨਿਖੇੜਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ, ਨਿੱਕੀ ਕਹਾਣੀ ਦੇ ਇਤਿਹਾਸ ਵਿਚ ਤਾਂ ਇਹਨਾਂ ਦਾ ਫਿਰ ਵੀ ਥਾਂ ਹੋ ਸਕਦਾ ਹੈ, ਪਰ ਪਰਿਭਾਸ਼ਾ ਵਿਚ ਨਹੀਂ।
ਤਾਂ ਵੀ ਸਿਰਫ਼ ਨਿੱਕੇ ਆਕਾਰ ਵਾਲੀ ਵਾਰਤਕ ਵਿਚ ਲਿਖੀ ਹਰ ਕਹਾਣੀ ਨੂੰ ਅਸੀਂ ਨਿੱਕੀ ਕਹਾਣੀ ਕਹਿ ਦੇਈਏ, ਇਹ ਵੀ ਗੱਲ ਨਹੀਂ ਬਣਦੀ। ਇਥੇ ਪੱਛਮੀ ਸਾਹਿਤ-ਸ਼ਾਸਤਰੀ ਇਕ ਤੀਜਾ ਅੰਸ਼ ਲੈ ਆਉਂਦੇ ਹਨ, ਜਿਸ ਨੂੰ ਉਹ ਬਝਵੇਂ ਪ੍ਰਭਾਵ ਦਾ ਦੇਂਦੇ ਹਨ, ਜੋ ਕਿ ਆਪਣੇ ਆਪ ਵਿਚ ਹੋਰ ਵੀ ਜ਼ਿਆਦਾ ਵਿਸ਼ਾਲ ਅਰਥਾਂ ਵਿਚ ਅਤੇ ਵਿਸ਼ਾਲ ਪੈਮਾਨੇ ਉਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਵਖੋ ਵਖਰੇ ਸਾਹਿਤ-
ਰੂਪਾਂ ਦੇ ਨਿਖੇੜ ਵਿਚ ਮਾਤਰਾ ਦੇ ਪੱਖੋਂ ਤਾਂ ਇਹ ਫ਼ਰਕ ਪਾ ਸਕਦਾ ਹੈ, ਗੁਣ ਦੇ ਪੱਖੋਂ ਨਹੀਂ।

ਪਰ ਤਾਂ ਵੀ ਅਸੀਂ ਮਹਿਸੂਸ ਜ਼ਰੂਰ ਕਰ ਲੈਂਦੇ ਹਾਂ ਕਿ ਕੋਈ ਰਚਨਾ ਨਿੱਕੀ ਕਹਾਣੀ ਹੈ ਜਾਂ ਨਹੀਂ। ਤਾਂ ਫਿਰ ਕਿਉਂ ਨਾ ਇਸ ਅਹਿਸਾਸ ਨੂੰ ਹੀ ਅਸੀਂ ਨਿੱਕੀ ਕਹਾਣੀ ਦੇ ਕਾਵਿ-ਸ਼ਾਸਤਰ ਦਾ ਤੀਜਾ ਨਿਖੇੜਵਾਂ ਲੱਛਣ ਮੰਨ ਲਈਏ? ਆਖ਼ਰ ਹਜ਼ਾਰਾਂ ਸਾਲਾਂ ਦੀ ਕਾਵਿ-ਸ਼ਾਸਤਰ ਦੀ ਹੋਂਦ ਤੋਂ ਮਗਰੋਂ ਵੀ ਅਸੀਂ ਮਹਿਸੂਸ ਕਰ ਕੇ ਹੀ ਪਛਾਣਦੇ ਹਾਂ ਕਿ ਕੋਈ ਰਚਨਾ ਕਵਿਤਾ ਹੈ ਜਾਂ ਨਹੀਂ। ਕਿਸੇ ਵੀ ਸਾਹਿਤ-ਰੂਪ ਦੀ ਹੋਂਦ ਉਸ ਦੇ ਬਾਹਰਲੇ ਗੁਣਾਂ ਉਤੇ ਹੀ ਆਧਾਰਿਤ ਨਹੀਂ ਹੁੰਦੀ, ਸਗੋਂ ਪਹਿਲੀ ਥਾਂ ਉਸ ਦੇ ਅੰਦਰਲੇ ਪ੍ਰਭਾਵ ਦੀ ਵਿਲੱਖਣਤਾ ਉਤੇ ਆਧਾਰਿਤ ਹੁੰਦੀ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਇਸ ਵਿਲੱਖਣ ਪ੍ਰਭਾਵ ਨੂੰ ਪਛਾਣਦੇ ਹੋਏ ਵੀ ਇਸ ਨੂੰ ਕੋਈ ਨਿਸ਼ਚਿਤ ਨਾਂ ਦੇ ਸਕੀਏ।

ਇਹ ਅੰਦਰਲੇ ਪ੍ਰਭਾਵ ਨੂੰ ਮਹਿਸੂਸ ਕਰ ਸਕਣ ਦੀ ਸ਼ਕਤੀ ਜਦੋਂ ਸਾਹਿਤ ਦਾ ਰੂਪ ਨਿਰਧਾਰਿਤ ਕਰਨ ਵਿਚ ਨਿਰਣਈ ਅੰਸ਼ ਵਜੋਂ ਆਉਂਦੀ ਹੈ, ਤਾਂ ਇਹ ਭਾਵ-ਵਾਚੀ, ਅੰਤਰਮੁਖੀ, ਵਿਅਕਤੀਗਤ ਨਹੀਂ ਹੋ ਸਕਦੀ।

ਇਸ ਦਾ ਆਧਾਰ ਬੇਸ਼ਕ ਵਿਸ਼ਾਲ ਤੋਂ ਵਿਸ਼ਾਲ ਤਜਰਬੇ ਅਤੇ ਗਿਆਨ, ਨਿਖੇੜ ਕਰ ਸਕਣ ਵਾਲੀ ਸੂਝ ਅਤੇ ਸਾਂਝੇ ਆਧਾਰ ਉਤੇ ਆਮਿਆਉਣ ਦੀ ਸਮਰਥਾ ਰਖਦੀ ਵਿਵੇਕ ਬੁੱਧੀ ਉਤੇ ਹੀ ਹੋਵੇਗਾ। ਇਹ ਤਿੰਨੇ ਚੀਜ਼ਾਂ ਕਿਸੇ ਵੀ ਵਿਗਿਆਨੀ ਦੇ ਲਾਜ਼ਮੀ ਸੰਦ ਹਨ- ਇਤਿਹਾਸਕਾਰ ਦੇ ਵੀ, ਨਿੱਕੀ ਕਹਾਣੀ ਦੇ ਇਤਿਹਾਸਕਾਰ ਦੇ ਵੀ। ਇਸ ਨਾਲ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਅੰਤਰਮੁਖੀ ਪ੍ਰੇਰਨਾਵਾਂ ਅਤੇ ਪ੍ਰਤਿਕਰਮਾਂ ਦੇ ਵਧਣ ਦਾ ਖ਼ਤਰਾ ਹੋ ਸਕਦਾ ਹੈ। ਪਰ ਜੇ ਆਧਾਰ ਵਸਤੂ ਅਤੇ ਰੂਪ ਦੇ ਤਾਰਕਿਕ ਵਿਸ਼ਲੇਸ਼ਣ ਨੂੰ ਬਣਾਇਆ ਜਾਏ ਤਾਂ ਇਸ ਖ਼ਤਰੇ ਨੂੰ ਕਾਫ਼ੀ ਹੱਦ ਤਕ ਟਾਲਿਆ ਜਾ ਸਕਦਾ ਹੈ।

ਪੰਜਾਬੀ ਕਹਾਣੀ ਦਾ ਨਿਕਾਸ ਉਲੀਕਣ ਵਿਚ ਸਾਡੇ ਇਤਿਹਾਸਕਾਰ ਪੱਛਮੀ ਧਾਰਨਾਵਾਂ ਦੇ ਬਰਾਬਰ ਚਲਦੇ ਹਨ, ਜਿਨ੍ਹਾਂ ਅਨੁਸਾਰ ਕਹਾਣੀ ਕਹਿਣਾ ਅਤੇ ਇਸ ਨੂੰ ਸੁਨਣ ਲਈ ਉਤਸੁਕਤਾ ਰੱਖਣਾ,ਮਨੁੱਖ ਦੀਆਂ ਮੂਲ ਬਿਰਤੀਆਂ ਵਿਚ ਸ਼ਾਮਲ ਹੈ। ਉਹਨਾਂ ਅਨੁਸਾਰ, ਇਹ ਸਿਰਫ਼ ਪ੍ਰਾਪਤ ਨਹੀਂ ਹੋ ਸਕੀ, ਨਹੀਂ ਤਾਂ ਬਾਬੇ ਆਦਮ ਨੇ ਵੀ ਬੇਬੇ ਹਵਾ ਨੂੰ ਆਪਣੇ ਮਾਅਰਕਿਆਂ ਦੀ ਕੋਈ ਕਹਾਣੀ ਜ਼ਰੂਰ ਸੁਣਾਈ ਹੋਵੇਗਾ। ਇਸ ਦੀ ਗੈਰ-ਹਾਜ਼ਰੀ ਵਿਚ ਫਿਰ ਉਹ "ਡੈਡ ਸੀ ਸਕਰਾਲਜ਼" (Dead Sea Scrolls) ਨੂੰ ਜਾਂ ਲਿਖਤੀ ਰੂਪ ਵਿਚ ਮਿਲਣ ਵਾਲੀਆਂ ਪਹਿਲੀਆਂ ਕਿਰਤਾਂ ਨੂੰ ਜਿਨ੍ਹਾਂ ਵਿਚ ਕਹਾਣੀ ਦਾ ਅੰਸ਼ ਮਿਲਦਾ ਸੀ, ਨਿੱਕੀ ਕਹਾਣੀ ਦਾ ਮੁੱਢ ਮਿੱਥ ਲੈਦੇ ਹਨ। ਘੱਟ ਕਲਪਣਾ ਦਾ ਪ੍ਰਗਟਾਵਾ ਕਰਨ ਵਾਲੇ ਇਸ ਦੇ ਆਰੰਭ ਨੂੰ ਬੋਕੋਸ਼ਿਓ ਦੀ "ਡੀਕੈਮੇਰਾਨ" (Decameron) ਤਕ ਜਾਂ ਹੋਰ ਵੀ ਨੇੜੇ ਚਾਸਰ ਦੀਆਂ “ਕੈਂਟਰਬਰੀ ਟੇਲਜ਼" (Canterbury Tales) ਤਕ ਲੈ ਆਉਂਦੇ ਹਨ। ਹਿੰਦੁਸਤਾਨੀ ਸ਼ਾਵਨ ਬਿਰਤੀ ਸਾਨੂੰ ਆਪਣੀਆਂ ਕਹਾਣੀਆਂ ਦਾ ਮੁੱਢ ਵੇਦਿਕ ਯੁਗ ਵਿਚ ਦੇਖਣ ਲਈ ਮਜਬੂਰ ਕਰ ਦੇਂਂਦੀ ਹੈ;ਪੁਰਾਣ, ਪੰਚ-ਤੰਤਰ, ਜਾਤਕ ਕਹਾਣੀਆਂ, ਕਥਾ ਸਰਿਤ ਸਾਗਰ ਆਦਿ ਜਿਸ ਦਾ ਅਗਲਾ ਪਸਾਰ ਹਨ। ਇਸੇ ਪੱਖੋਂ,ਸਾਖੀਆਂ ਤਾਂ ਲਾਜਮੀ ਹੀ ਅੱਜ ਦੀ ਨਿੱਕੀ ਕਹਾਣੀ ਦਾ ਮੁੱਢਲਾ ਰੂਪ ਹੋ ਨਿਬੜਦੀਆਂਂ ਹਨ।

ਪਰ ਅੱਜ ਜਿਸ ਨੂੰ ਅਸੀਂ ਨਿੱਕੀ ਕਹਾਣੀ ਵਜੋਂ ਮਹਿਸੂਸ ਕਰਦੇ ਹਾਂ, ਉਸ ਦਾ ਮੁੱਢ ਪੱਛਮ ਵਿਚ ਪਿਛਲੀ ਸਦੀ ਦੇ ਸ਼ੁਰੂ ਵਿਚ, ਤੇ ਪੰਜਾਬੀ ਵਿਚ ਇਸ ਸਦੀ ਦੇ ਸ਼ੁਰੂ ਵਿਚ ਬੱਝਾ। ਪੰਜਾਬੀ ਵਿਚ ਜੇ ਵਧੇਰੇ ਕਰੜਾਈ ਨਾਲ ਦੇਖੀਏ ਤਾਂ ਇਸ ਦਾ ਮੁੱਢ ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ ਨਾਲ ਬੱਝਾ, ਜਿਨ੍ਹਾਂ ਨੇ ਇਸ ਦਾ ਕਾਵਿ-ਸ਼ਾਸਤਰ ਉਲੀਕਿਆ ਅਤੇ ਉਸ ਅਨਸਾਰ ਕਹਾਣੀਆਂ ਵੀ ਲਿਖੀਆਂ। ਪਰ ਅਸੀਂ ਉਹਨਾਂ ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਵਿਚ ਇਸ ਪਾਸੇ ਵਲ ਚੇਤਨ ਯਤਨ ਹੁੰਦੇ ਦੇਖ ਸਕਦੇ ਹਾਂ, ਜਿਹੜੇ ਅਨੁਵਾਦਾਂ ਦੇ ਰੂਪ ਵਿਚ, ਆਧਾਰਿਤ ਕਹਾਣੀਆਂ ਦੇ ਰੂਪ ਵਿਚ ਅਤੇ ਪੱਛਮੀ ਮਾਡਲਾਂ ਨੂੰ ਮੁਖ ਰਖ ਕੇ ਮੌਲਿਕ ਕਹਾਣੀਆਂ ਲਿਖਣ ਦੇ ਰੂਪ ਵਿਚ ਮਿਲਦੇ ਹਨ। ਇਹ ਕੁਦਰਤੀ ਤੌਰ ਉਤੇ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਦਾ ਅੰਗ ਹੋਣਗੇ।

ਪੱਛਮੀ ਪ੍ਰਭਾਵ ਹੇਠਾਂ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤੇ ਕਈ ਸਾਹਿਤ-ਰੂਪਾਂ ਦੇ ਮੋਢੀ ਹੋਣ ਦਾ ਸਿਹਰਾ ਭਾਈ ਵੀਰ ਸਿੰਘ ਹੋਰਾਂ ਦੇ ਸਿਰ ਜਾਂਦਾ ਹੈ। ਪਰ ਨਿੱਕੀ ਕਹਾਣੀ ਦੇ ਸੰਬੰਧ ਵਿਚ ਸ਼ਾਇਦ ਗੱਲ ਉਨ੍ਹਾਂ ਤੋਂ ਨਹੀਂ, ਉਨ੍ਹਾਂ ਤੋਂ ਮਗਰੋਂ ਸ਼ੁਰੂ ਹੋਵੇਗੀ। ਉਨ੍ਹਾਂ ਨੂੰ ਅਸੀਂ ਪੁਰਾਤਨ ਸਾਖੀ-ਰੂਪ ਦਾ ਆਧੁਨਿਕ ਪ੍ਰਤਿਨਿਧ ਭਾਵੇਂ ਮੰਨ ਲਈਏ ਪਰ ਨਿੱਕੀ ਕਹਾਣੀ ਦਾ ਮੋਢੀ ਨਹੀਂ ਮੰਨ ਸਕਦੇ।

ਨਿੱਕੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਨੂੰ ਸਮਾਜੀ-ਆਰਥਕ ਕਾਰਨਾਂ ਨਾਲ ਜੋੜਨ ਵਾਲੇ ਆਲੋਚਕ ਇਸ ਨੂੰ ਮਸ਼ੀਨੀ ਯੁਗ ਦੀ ਆਮਦ ਨਾਲ, ਅਤੇ ਇਸ ਤੋਂ ਪੈਦਾ ਹੁੰਦੀ ਵਿਹਲ ਦੀ ਘਾਟ ਨਾਲ ਜੋੜਦੇ ਹਨ। ਪਰ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਇਹ ਦਲੀਲ ਸ਼ਾਇਦ ਹੀ ਹੈ ਕਦੀ ਢੁਕਵੀਂ ਲਗਦੀ ਹੋਵੇ। ਹੁਣ ਵੀ ਨਹੀਂ। ਪੰਜਾਬੀ ਨਿੱਕੀ ਕਹਾਣੀ ਸਾਡੀਆਂ ਆਰਥਕ-ਸਮਾਜਕ ਮਜਬੂਰੀਆਂ ਦਾ ਇਸ ਪੱਖ ਤੋਂ ਸਿੱਟਾ ਨਹੀਂ ਹੈ।

ਨਿੱਕੀ ਕਹਾਣੀ ਸਾਡੇ ਸਮਾਜ ਦੇ ਇਕ ਖ਼ਾਸ ਇਤਿਹਾਸਕ ਦੌਰ ਵਿਚ ਇਕ ਸਭਿਆਚਾਰਕ ਖ਼ਲਾਅ ਨੂੰ ਭਰਨ ਲਈ ਦਾਖ਼ਲ ਹੋਈ। ਇਸ ਖ਼ਲਾਅ ਨੂੰ ਸਾਹਿਤ ਦੇ ਬਹੁਤ ਸਾਰੇ ਨਵੇਂ ਰੂਪਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਅਤੇ ਘੱਟ ਜਾਂ ਵੱਧ ਹੱਦ ਤੱਕ ਸਫਲ ਵੀ ਹੋਏ। ਕਹਾਣੀ ਸਭ ਤੋਂ ਵੱਧ ਸਫਲ ਰਹੀ।

ਉਪਰੋਕਤ ਸਭਿਆਚਾਰਕ ਖ਼ਲਾਅ ਨੂੰ ਅਜੇ ਪਰਿਭਾਸ਼ਤ ਕੀਤਾ ਜਾਣਾ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਨਿੱਕੀ ਕਹਾਣੀ ਦੇ ਮੁਕਾਬਲਤਨ ਵਧੇਰੇ ਸਫਲ ਰਹਿਣ ਦੇ ਕਾਰਨ ਵੀ ਨਿਸਚਿਤ ਕਰਨੇ ਅਜੇ ਰਹਿੰਦੇ ਹਨ।

ਨਿਕਾਸ ਅਤੇ ਵਿਕਾਸ ਨਾਲ ਹੀ ਸੰਬੰਧਤ ਸਮੱਸਿਆ ਬੀਤੇ ਨਾਲ ਇਸ ਦੇ ਸੰਬੰਧ ਦੀ ਹੈ। ਅੰਗਰੇਜ਼ਾਂ ਰਾਹੀਂ ਪੱਛਮ ਨਾਲ ਸੰਪਰਕ ਕਾਰਨ ਸਾਡੇ ਸਮੁੱਚੇ ਸਭਿਆਚਾਰਕ ਜੀਵਨ ਵਿਚ ਆਇਆ ਮੋੜ ਏਨਾ, ਤਿੱਖਾ ਹੈ, ਕਿ ਸਾਨੂੰ ਸਭ ਕੁਝ ਹੀ ਨਵੇਂ ਸਿਰਿਓਂ ਸ਼ੁਰੂ ਹੋਇਆ ਲੱਗਦਾ ਹੈ। ਪਰ ਇਹ ਤਿੱਖਾ ਮੋੜ ਐਸੇ ਜਨ-ਸਮੂਹ ਰਾਹੀਂ ਆਇਆ ਹੈ ਜਿਸ ਦੀ ਮਾਨਸਕਤਾ ਦੇ ਪਿੱਛੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ। ਇਸ ਕਰਕੇ ਬੀਤੇ ਨਾਲ ਸੰਬੰਧ ਨੂੰ ਵਾਚਣਾ ਆਪਣੇ ਆਪ ਵਿਚ ਦਿਲਚਸਪ ਹੋਵੇਗਾ। ਨਿੱਕੀ ਕਹਾਣੀ ਨੇ ਕਵਿਤਾ, ਨਾਂਲੋਂ ਵੀ ਘੱਟ ਬੀਤੇ ਤੋਂ ਕੁਝ ਲਿਆ ਹੈ, ਜਿਸ ਕਰਕੇ ਪਰੰਪਰਾਵਾਂ ਦੇ ਰੂਪ ਵਿਚ ਕੁੱਝ ਲੱਭਣਾ ਸ਼ਾਇਦ ਮੁਸ਼ਕਲ ਹੋਵੇ। ਪਰ ਅੰਸ਼ਾਂ ਦੇ ਰੂਪ ਵਿਚ ਸ਼ਾਇਦ ਫਿਰ ਵੀ ਸਾਨੂੰ ਕੁਝ ਲੱਭ ਜਾਏ। ਇਹ ਅੰਸ਼ ਜੀਵਨ-ਫ਼ਿਲਾਸਫ਼ੀ ਜਾਂ ਸੰਸਾਰ-ਦ੍ਰਿਸ਼ਟੀਕੋਣ ਨਾਲ ਸੰਬੰਧਤ ਹੋ ਸਕਦੇ ਹਨ; ਇਹ ਅੰਸ਼ ਪੁਰਾਣੀਆਂ ਸਾਹਿਤਕ ਯੁਗਤਾਂ ਨੂੰ ਵਰਤਣ ਵਿਚ ਦਿੱਸ ਸਕਦੇ ਹਨ। ਇਹ ਅੰਸ਼ ਮੋਟਿਫ਼ਾਂ ਦੇ ਦੁਹਰਾਅ ਵਿਚ ਪ੍ਰਗਟ ਹੋ ਸਕਦੇ ਹਨ। ਇਹ ਲੱਭਣੇ ਜਾਂ ਪਛਾਨਣੇ ਜ਼ਰੂਰੀ ਹਨ, ਨਹੀਂ ਤਾਂ ਇਹ ਸਿੱਧ ਹੋਵੇਗਾ ਕਿ ਅਸੀਂ ਪੱਛਮੀ ਸਾਹਿਤ-ਰੂਪਾਂ ਅਤੇ ਸੋਚਣੀ ਨੂੰ, ਇਸ ਤਰ੍ਹਾਂ ਇਸ ਕਰਕੇ ਅਪਣਾ ਲਿਆ ਹੈ, ਕਿਉਂਕਿ ਸਾਡਾ ਆਪਣਾ ਕੋਈ ਅਸਲਾ ਹੀ ਨਹੀਂ ਸੀ।

ਪੰਜਾਬੀ ਨਿੱਕੀ ਕਹਾਣੀ ਦੀ ਉਮਰ ਏਨੀ ਛੋਟੀ ਹੋਣਾ ਸਾਨੂੰ ਇਕ ਪਖੋਂ ਸੁਖਦਾਈ ਸਥਿਤੀ ਵਿਚ ਰੱਖ ਦੇਂਦਾ ਹੈ - ਕਿ ਸਾਨੂੰ ਕਾਲ-ਵੰਡ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜੋ ਕਿ ਸਾਹਿਤ ਦੇ ਇਤਿਹਾਸਕਾਰਾਂ ਦੀ ਅਤਿ ਦੀ ਮਨ-ਭਾਉਂਦੀ,ਸਮੱਸਿਆ ਹੈ, ਕਿਉਂਕਿ ਇਸ ਦਾ ਸਮਾਧਾਨ ਉਹ ਹੋਰ ਵੀ ਵਧੇਰੇ ਮਨ-ਮਰਜ਼ੀ ਨਾਲ, ਕਰ ਕੇ ਸੰਤੁਸ਼ਟਤਾ ਪਾਪਤ ਕਰ ਸਕਦੇ ਹਨ।

ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਅਸੀਂ ਵੱਧ ਤੋਂ ਵੱਧ ਦੋ ਭਾਗਾਂ ਵਿਚ ਵੰਡ ਸਕਦੇ ਹਾਂ - ਇਕ, ਜਿਹੜਾ ਸੁਜਾਨ ਸਿੰਘ, ਸੇਖੋਂ, ਦੁੱਗਲ ਨਾਲ ਸ਼ੁਰੂ ਹੁੰਦਾ ਹੈ। ਦੂਜਾ, ਇਸ ਤੋਂ ਪਹਿਲਾਂ, ਪਰ ਭਾਈ ਵੀਰ ਸਿੰਘ ਤੋਂ ਪਿਛੋਂ ਦਾ। ਇਹ ਵੰਡ ਕਿਉਂਕਿ ਇਸੇ ਸਾਹਿਤ-ਰੂਪ ਦੀ ਪ੍ਰਤੱਖ ਦਿਸਦੀ ਪਛਾਣ ਕਰਕੇ ਹੈ, ਇਸ ਲਈ ਇਸ ਉਤੇ ਸਹਿਮਤ ਹੋਇਆ ਜਾ ਸਕਦਾ ਹੈ, ਅਤੇ ਇਹ ਕਾਲ-ਵੰਡ ਏਨੀ ਆਪ-ਹੁਦਰੀ ਨਹੀਂ ਲੱਗੇਗੀ।

ਭਾਵੇਂ ਏਨੀ ਤਾਂ ਨਹੀਂ,ਪਰ ਲਗਭਗ ਏਨੀ ਹੀ ਸੁਖਾਵੀਂ ਅਵਸਥਾ - ਇਕ ਪੱਖੋਂ ਹੋਰ ਹੈ, ਕਿ ਪੰਜਾਬੀ ਨਿੱਕੀ ਕਹਾਣੀ ਨੂੰ ਇਸ ਸਮੇਂ ਚੱਲੀਆਂ ਸਾਹਿਤਕ ਵਿਚਾਰਧਾਰਾਂ ਅਨੁਸਾਰ ਵੰਡ ਕੇ ਨਹੀਂ ਦੇਖਿਆ ਗਿਆ, ਤੇ ਸ਼ਾਇਦ ਦੇਖਿਆ ਵੀ ਨਹੀਂ ਜਾ ਸਕਦਾ। ਪੰਜਾਬੀ ਨਿੱਕੀ ਕਹਾਣੀ ਦੇ ਦੋ ਮੋਹਰੀ ਕਹਾਣੀਕਾਰਾਂ, ਦੁੱਗਲ ਅਤੇ ਵਿਰਕ, ਨੇ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਤੋਂ ਚੇਤੰਨ ਤੌਰ ਉਤੇ ਕੰਨੀ ਕਤਰਾਈ ਹੈ। ਜਿਹੜੇ ਕਹਾਣੀਕਾਰ ਇਹਨਾਂ ਲਹਿਰਾਂ ਨਾਲ ਜੁੜੇ ਹਨ, ਉਹਨਾਂ ਨੇ ਚੇਤੰਨ ਤੌਰ ਉਤੇ ਇਹਨਾ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ।

ਦੂਜੇ ਸ਼ਬਦਾਂ ਵਿਚ ਸਾਡੇ ਕਹਾਣੀਕਾਰ ਸਮਾਚਕ ਯਥਾਰਥ ਨੂੰ ਕੋਰੇ ਕਾਗਜ਼ ਵਾ ਮਿਲਦੇ ਰਹੇ ਹਨ, ਅਤੇ ਜੋ ਕੁਝ ਇਸ ਉਤੇ ਉਕਰਿਆ ਜਾਏ ਉਸ ਨੂੰ ਵਫ਼ਾਦਾਰੀ ਨਾਲ ਪੇਸ਼ ਕਰਨ ਦਾ ਯਤਨ ਕਰਦੇ ਰਹੇ ਹਨ। ਜੇ ਇੰਜ ਕਹਿਣਾ ਲੋੜ ਨਾਲੋਂ ਵੱਧ ਸਰਲੀਕਰਣ ਲੱਗੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਨਿੱਕੀ ਕਹਾਣੀ ਸਮਾਜਕ - ਯਥਾਰਥ ਵਲ ਆਪ-ਮੁਹਾਰਾ ਪ੍ਰਤਿਕਰਮ ਹੈ, ਜਿਸ ਵਿਚ ਵਿਚਾਰਧਾਰਾ ਦਾ ਮਾਧਿਅਮ ਬਹੁਤਾ ਵਿਗਾੜ ਪੈਦਾ ਨਹੀਂ ਕਰਦਾ।

ਇਸੇ ਕਰਕੇ ਹੀ ਅਸੀਂ ਵਖੋ ਵਖਰੇ ਕਹਾਣੀ ਲੇਖਕਾਂ ਵਿਚ ਕਈ ਸਾਂਝਾਂ ਲੱਭ ਸਕਦੇ ਹਾਂ, ਜਿਹੜੀਆਂ ਉਹਨਾਂ ਦੀ ਕਲਾ ਦਾ ਤੁਲਨਾਤਮਕ ਅਧਿਐਨ ਕਰਨ ਲਈ ਆਧਾਰ ਬਣ ਸਕਦੀਆਂ ਹਨ। ਇਸੇ ਕਰਕੇ ਹੀ ਅਸੀਂ ਨਿੱਕੀ ਕਹਾਣੀ ਵਿਚ ਸਮਾਜ ਯਥਾਰਥ ਦੇ ਬਦਲਦੇ ਬੁੱਧ ਨੂੰ ਉਲੀਕ ਸਕਦੇ ਹਾਂ - ਇਕੱਲੇ ਇਕੱਲੇ ਕਹਾਣੀ ਲੇਖਕ ਵਿਚ ਵੀ, ਜਿਸ ਦੀ ਰਚਨਾ ਕੁਝ ਦਹਾਕਿਆਂ ਉਤੇ ਫੈਲੀ ਹੋਵੇ ਅਤੇ ਸਾਰੇ ਕਹਾਣੀ- ਲੇਖਕਾਂ ਨੂੰ ਮਿਲਾ ਕੇ ਵੀ। ਇਹੀ ਗੱਲ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਇਕ ਇਕਾ ਵਿਚ ਬੰਨਣ ਦਾ ਸਾਧਨ ਬਣ ਸਕਦੀ ਹੈ। ਇਥੋਂ ਹੀ ਲੱਗੇਗਾ ਕਿ ਕਿ ਇਕੱਲ-ਇੱਕਲਾ ਕਹਾਣੀਕਾਰ ਨੂੰ ਲੈ ਕੇ ਉਸ ਦੀ ਪੁਣ-ਛਾਣ ਕਰਨੀ ਤੇ ਸਿੱਟੇ ਕਢੀ ਜਾਣੇ, ਨਿੱਕੀ ਕਹਾਣੀ ਦਾ ਇਤਿਹਾਸ ਲਿਖਣ ਦਾ ਸ਼ਾਇਦ ਇੱਕੋ- ਇੱਕੋਚੰਗ ਤਰੀਕਾ ਨਹੀਂ।

ਪਰ ਉਪਰੋਕਤ ਮੋਟੀ ਜਿਹੀ ਕਾਲ-ਵੰਡ ਇਹ ਖ਼ਦਸ਼ਾ ਲਾ ਸਕਦੀ ਹੈ ਕਿ ਕਹਾਣੀਕਾਰ ਦੀ ਵਖਰੀ ਸ਼ਖ਼ਸੀਅਤ ਨੂੰ ਅੱਖੋਂ ਓਹਲੇ ਕਰ ਕੇ ਸਭ ਨੂੰ ਇੱਕੋ ਹੀ ਰੱਸੇ ਨੂੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁੰਦਾ ਅਸਲ ਵਿਚ ਇੰਝ ਹੈ ਕਿ ਜੇ ਅਧਿਐਨ ਹੇਠਲਾ ਸਮਾਂ ਏਨਾ ਥੋੜ੍ਹਾ ਹੋਵੇ, ਤਾਂ ਕਿਸੇ ਕਾਲ-ਵੰਡ ਦਾ ਯਤਨ ਕਰਨ ਨਾਲੋਂ ਸਮੁੱਚੇ ਸਮੇਂ ਵਿਚ ਸਮਾਨਾਂਤਰ ਤੌਰ ਉਤੇ ਪ੍ਰਗਟ ਹੋ ਰਹੀਆਂ ਰੁਚੀਆਂ ਨੂੰ ਦੇਖਣਾ ਅਤੇ ਉਹ ਦਾ ਵਰਗੀਕਰਣ ਅਤੇ ਨਿਖੇੜ ਕਰਨਾ ਵਧਰੇ ਲਾਹੇਵੰਦ ਹੋ ਸਕਦਾ ਹੈ। ਇਸ ਵਰਗੀਕਰਣ ਅਤੇ ਨਿਖੇੜ ਦੇ ਵੀ ਕਈ ਪੱਧਰ ਅਤੇ ਪਸਾਰ ਹੋ ਸਕਦੇ ਹਨ। (ਵਿਚਾਰਧਾਰਾ ਵਿਚਾਰਧਾਰਾ ਵਿਚਲੇ ਸੂਖਮ ਭੇਦ, ਯਥਾਰਥ-ਬੋਧ ਦੀ ਵਿਧੀ, ਰੂਪ- ਚੇਤਨਾ ਵਗੈਰਾ ਵਗੈਰਾ)। ਇਹਨਾਂ ਸਾਰੇ ਪੱਧਰਾਂ ਅਤੇ ਪਸਾਰਾਂ ਦਾ ਨਿਖੇੜ, ਵਿਆਖਿਆ'ਅਤੇ ਵਰਗੀਕਰਣ ਅਸਲੀ ਸਮੱਸਿਆ ਬਣ ਜਾਂਦੀ ਹੈ।

ਪਰ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਹਰ ਵਖਰੇ ਵਖਰੇ ਕਹਾਣੀਕਾਰ ਦਾ ਥਾਂ ਨਿਸਚਿਤ ਕਰਨ ਦੀ ਸਮੱਸਿਆਂ ਫਿਰ ਵੀ ਰਹਿ ਜਾਏਗੀ। ਇਹ ਮਸਲਾ ਗੰਭੀਰ ਕਰਕੇ ਵੀ ਹੈ ਕਿ ਇਤਿਹਾਸਕਾਰ ਤੇ ਕਹਾਣੀਕਾਰ ਵਿਚਕਾਰ ਸਮੇਂ ਦੀ ਵਿੱਥ ਨਹੀਂ। ਆਸ ਕੀੜੀ ਜਾਇਗੀ ਕਿ ਇਤਿਹਾਸਕਾਰ ਵਿਚ ਤ੍ਰੈਕਾਲਿਕ ਦ੍ਰਿਸ਼ਟੀ ਹੋਵੇ, ਜਾਂ ਸਮੇਂ ਤੋਂ ਉਚਾ ਉਠ ਸਕਣ ਦੀ ਸਮਰੱਥਾ।

ਤਾਂ ਵੀ, ਦੂਜੇ ਸਾਹਿਤ-ਰੂਪਾਂ ਅਤੇ ਨਿੱਕੀ ਕਹਾਣੀ ਦੇ ਖੇਤਰ ਵਿਚ ਥਾਂ ਨਿਸਚਿਤ ਕਰਨ ਦੇ ਮਾਂ ਵਿਚ ਫ਼ਰਕ ਪ੍ਰਤੱਖ ਹੀ ਨਜ਼ਰ ਆ ਜਾਂਦੇ ਹਨ। ਉਦਾਹਰਣ ਵਜੋਂ, ਨਿੱਕੀ ਕਹਾਣੀ ਦੇ ਖੇਤਰ ਵਿਚ ਮਾਤਰਾ ਦਾ ਆਪਣਾ ਸਥਾਨ ਹੈ। ਕੋਈ ਇਕ ਨਾਵਲ ਲਿਖ ਕੇ, ਜਾਂ ਇਕ ਨਾਟਕ ਲਿਖ ਕੇ ਆਪਣੇ ਸਾਹਿਤ-ਰੂਪ ਦੇ ਇਤਿਹਾਸ ਵਿਚ ਸ਼ਾਇਦ ਥਾਂ ਪ੍ਰਾਪਤ ਕਰ ਲਵੇ, ਪਰ ਨਿੱਕੀ ਕਹਾਣੀ ਜਾਂ ਕਹਾਣੀਆਂ ਦੀ ਇਕ ਕਿਤਾਬ ਲਿਖਣਾ ਇਤਹਾਸ ਵਿਚ ਆਪਣਾ ਨਾਂ ਦੇਣ ਲਈ ਕਾਫ਼ੀ ਨਹੀਂ। ਇਸ ਗੱਲ ਨਿੱਕੀ ਕਹਾਣੀ ਕਵਿਤਾ ਨਾਲ ਸਾਂਝ ਰਖਦੀ ਹੈ। ਇਸੇ ਤਰ੍ਹਾਂ ਕਹਾਣੀਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪੱਤਰਕਾਰ ਵਾਂਗ ਘਟਨਾਵਾਂ ਉਪਰ ਟਿੱਪਣੀ ਤਾਂ ਕਰੇ, ਪਰ ਨਾਲ ਕਲਾ ਦਾ ਪੱਲਾ ਵੀ ਨਾ ਛੱਡੇ, ਅਤੇ ਇਸ ਟਿੱਪਣੀ ਵਿਚ ਨਿਰੋਲ ਵਕਤੀ ਝਮੇਲਿਆਂ ਵਿਚ ਗਲਤਾਨ ਨਾ ਹੋਵੇ, ਸਗੋਂ ਦਾਰਸ਼ਨਿਕ ਪੱਧਰ ਉਤੇ ਉੱਚਾ ਉੱਠਣ ਦਾ ਯਤਨ ਕਰੇ। ਇਸ ਤਰ੍ਹਾਂ ਨਾਲ ਨਿਰੋਲ ਰੂਪਕ ਪੱਖ ਤੋਂ ਇਲਾਵਾ ਕੁਝ ਮਾਪ ਲੱਭਣੇ ਅਤੇ ਨਿਸ਼ਚਿਤ ਕਰਨੇ ਜ਼ਰੂਰੀ ਹੋ ਜਾਂਦੇ ਹਨ, ਜਿਹੜੇ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਕਹਾਣੀਕਾਰ ਦਾ ਥਾਂ ਨਿਸਚਿਤ ਕਰਨ ਵਿਚ ਸਹਾਇਕ ਦਾ ਕੰਮ ਕਰਨ।

ਸੰਕੀਰਣ ਵਿਸ਼ੇਸ਼ੱਗਤਾ ਵਿਗਿਆਨਕ ਵਿਕਾਸ ਦੀ ਰੁੱਚੀ ਹੈ; ਸਾਹਿਤਕ ਕੀਮਤ ਵਜੋ' ਇਸ ਨੂੰ ਉੱਚਾ ਦਰਜਾ ਨਹੀਂ ਦਿੱਤਾ ਜਾ ਸਕਦਾ। ਸਾਹਿਤਕਾਰ ਭਾਵੇਂ ਨਿੱਕੇ ਰੂਪ ਵਿਚ ਹੀ ਕਿਉਂ ਨਾ ਲਿਖਦਾ ਹੋਵੇ, ਜ਼ਿੰਦਗੀ ਦੇ ਅਮਲਾਂ ਦੀ ਡੂੰਘੀ ਸੂਝ, ਵਿਸ਼ੇ ਵਸਤੂ ਦੀ ਵਿਸ਼ਾਲਤਾ ਅਤੇ ਭਿੰਨਤਾ, ਕਲਾ ਵਿੱਚ ਨਿਪੁੰਣਤਾ ਦਾ ਸਬੂਤ ਅਤੇ ਇਸ ਦਾ ਦੁਹਰਾਅ ਉਸ ਨੂੰ ਨਿਸ਼ਚੇ ਹੀ ਉਚੇਰੀ ਪੱਧਰ ਉਤੇ ਲੈ ਜਾਣਗੇ। ਅਤੇ ਨਿੱਕੀ ਕਹਾਣੀ ਵਿਚ ਇਹ ਇਕ ਕਹਾਣੀ ਜਾਂ ਇਕ ਕਿਤਾਬ ਵਿਚ ਲਿਆ ਸਕਣਾ ਜਾਂ ਆ ਜਾਣਾ ਅਸੰਭਵ ਹੈ।

ਕਵਿਤਾ ਅਤੇ ਪੱਤਰਕਾਰੀ ਵਲ ਉਪਰੋਕਤ ਹਵਾਲੇ ਤੋਂ ਇਕ ਗੱਲ ਹੋਰ ਉਘੜਦੀ ਹੈ ਕਿ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਨੂੰ ਸਵੀਕਾਰ ਕਰਦੀ ਹੋਈ ਵੀ ਆਪਣੇ ਕਰਮ-ਖੇਤਰ ਨੂੰ ਸੀਮਿਤ ਕਰਨ ਲਈ ਕਦੀ ਵੀ ਤਿਆਰ ਨਹੀਂ ਹੋਈ। ਇਹ ਕਵਿਤਾ, ਨਾਟਕ, ਪੱਤਰਕਾਰੀ, ਇਤਿਹਾਸ, ਨਿਬੰਧ, ਜੀਵਨੀ, ਰੀਪੋਰਤਾਜ ਆਦਿ ਵਰਗੇ ਖੇਤਰਾਂ ਵਲੇ ਪਸਾਰ ਕਰਨ ਦਾ ਨਿਰੰਤਰ ਯਤਨ ਕਰਦੀ ਰਹਿੰਦੀ ਹੈ। ਇਸ ਯਤਨ ਵਿਚ ਜਿਥੇ ਇਹ ਆਪਣਾ ਆਪ ਗੁਆ ਬੈਠਦੀ ਹੈ, ਓਥੇ ਇਹ ਨਵੇਂ ਰੂਪ ਨੂੰ ਜਨਮ ਦੇ ਦੇਂਦੀ ਹੈ, ਜਾਂ ਪੁਰਾਣੇ ਵਿਚ ਖ਼ਤਮ ਹੋ ਜਾਂਦੀ ਹੈ, ਜਿੱਥੇ ਇਹ ਫਿਰ ਵੀ ਆਪਣਾ ਆਪ ਕਾਇਮ ਰੱਖ ਸਕਦੀ ਹੈ, ਓਥੇ ਇਹ ਹੋਰ ਭਰਪੂਰ ਅਤੇ ਤਾਕਤਵਰ ਹੋ ਕੇ ਨਿਕਲਦੀ ਹੈ। ਪੰਜਾਬੀ ਵਿਚ ਪਿਛਲੀ ਤਰ੍ਹਾਂ ਦੀ ਮਿਸਾਲ ਅਸੀਂ ਨਵਤੇਜ ਸਿੰਘ ਦੀ ਲੈ ਸਕਦੇ ਹਾਂ, ਜਿਸ ਦੀਆਂ “ਮੇਰੀ ਧਰਤੀ, ਮੇਰੇ ਲੋਕ ਹੇਠ ਕੀਤੀਆਂ ਕਈ ਪੱਤਰਕਾਰੀ ਟਿੱਪਣੀਆਂ ਚੰਗੀਆਂ ਕਹਾਣੀਆਂ ਹੋ ਨਿਬੜੀਆਂ ਨੂੰ ਪੱਥਰਣ ਅਤੇ ਸੁੰਗੜਨ ਦੀ ਇਸ ਰੇਖਾ ਨੂੰ ਉਲੀਕਣਾ ਵੀ,

13 ਇਤਿਹਾਸਕਾਰ ਦਾ ਕੰਮ ਹੋ ਸਕਦਾ ਹੈ।

ਨਾ ਸਿਰਫ਼ ਆਲੋਚਨਾ ਵਿਚ ਸਗੋਂ ਇਤਿਹਾਸਕਾਰੀ ਵਿਚ ਵੀ, ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਸਾਡਾ ਮੁੱਖ ਢੰਗ ਪੱਛਮੀ ਧਾਰਨਾਵਾਂ ਅਤੇ ਟੁਕਾਂ ਨੂੰ ਲੈ ਕੇ ਆਪਣੀਆਂ ਰਚਨਾਵਾਂ ਅਤੇ ਆਪਣੇ ਸਾਹਿਤਕਾਰਾਂ ਉਤੇ ਲਾਗੂ ਕਰਨ ਦਾ ਰਿਹਾ ਹੈ। ਆਪਣੇ ਨਾਂ ਉਤੇ ਕੱਢੇ ਨਤੀਜੇ ਵੀ ਸਾਡੇ ਆਪਣੇ ਨਹੀਂ ਹੁੰਦੇ ਅਤੇ ਬੜੇ ਮੌਲਿਕ ਸਿੱਟੇ ਵੀ ਪੱਛਮ ਦੀ ਕਿਸੇ ਨਾ ਕਿਸੇ ਵਿਚਾਰਧਾਰਾ ਦੀ ਗ਼ਲਤ ਸਮਝ ਦਾ ਸਿੱਟਾ ਹੁੰਦੇ ਹਨ।

ਕਿਸੇ ਇਤਿਹਾਸ ਵਿਚੋਂ ਜੇ ਉਸ ਕੌਮ ਦੀ ਨੁਹਾਰ ਨਹੀਂ ਉਘੜਦੀ ਜਿਸ ਦਾ ਉਹ ਇਤਿਹਾਸ ਹੈ, ਤਾਂ ਉਸ ਇਤਿਹਾਸ ਦਾ ਕੋਈ ਲਾਭ ਨਹੀਂ। ਇਸੇ ਤਰ੍ਹਾਂ ਕਿਸੇ ਸਾਹਿਤ ਦੇ ਜਾਂ ਸਾਹਿਤ-ਰੂਪਾਂ ਦੇ ਇਤਿਹਾਸ ਵਿਚ ਉਹਨਾਂ ਨੂੰ ਰਚਣ ਵਾਲੇ ਜਾਂ ਉਸ ਦੇ ਪਾਤਰ ਜਨ ਸਮੂਹ ਦੀ ਸਭਿਆਚਾਰਕ ਨੁਹਾਰ ਨਿਵੇਕਲੀ ਹੋ ਕੇ ਸਾਹਮਣੇ ਨਹੀਂ ਆਉਂਦੀ, ਤਾਂ ਕੁਦਰਤੀ ਤੌਰ ਉਤੇ ਇਸ ਵਿਚ ਕੋਈ ਖ਼ਾਮੀ ਜ਼ਰੂਰ ਰਹਿ ਜਾਂਦੀ ਹੈ।

ਪੰਜਾਬੀ ਨਿੱਕੀ ਕਹਾਣੀ ਭਾਵੇਂ ਹੋਂਦ ਵਿਚ ਪੱਛਮ ਦੇ ਅਸਰ ਹੇਠ ਆਈ ਤਾਂ ਵੀ ਇਹ ਪੰਜਾਬੀ ਲੋਕਾਂ ਵਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਜਾਣ ਵਾਲੀ ਪੰਜਾਬੀ ਲੋਕਾਂ ਦੀ ਕਹਾਣੀ ਹੈ। ਕੁਦਰਤੀ ਤੌਰ ਉਤੇ ਇਸ ਦੀ ਸ਼ਖ਼ਸੀਅਤ ਵਿਲੱਖਣ ਹੋਵੇਗੀ। ਇਸ ਨੂੰ ਇਸ ਦੇ ਚੌਖਟੇ ਵਿਚ ਰੱਖ ਕੇ ਸਮਝਿਆ ਜਾ ਸਕੇਗਾ।

ਇਤਿਹਾਸ ਵਿਚ ਅਸੀਂ ਇਹ ਪਹਿਲਾਂ ਹੀ ਮਿੱਥ ਕੇ ਚਲਦੇ ਹਾਂ ਕਿ ਸਾਡੇ ਕੋਲ ਗਿਣਤੀ ਅਤੇ ਗੁਣ, ਦੋਹਾਂ ਦੇ ਪੱਖੋਂ ਹੀ ਏਨਾ ਕੁ ਮਸਾਲਾ ਇਕੱਠਾ ਹੋ ਗਿਆ ਹੈ ਕਿ ਇਤਿਹਾਸ ਲਿਖਣ ਦਾ ਕੰਮ ਆਪਣੇ ਆਪ ਵਿਚ ਸੰਤੁਸ਼ਟਤਾ ਦੇਣ ਵਾਲਾ ਯਤਨ ਬਣੇ ਸਕੇ। ਸਿਰਫ਼ ਇਹ ਸਾਬਤ ਕਰਨ ਲਈ ਕਿ ਸਾਡੇ ਕੋਲ ਕੁਝ ਨਹੀਂ, ਜਾਂ ਜੋ ਕੁਝ ਹੈ ਉਹ ਬਹੁਤਾ ਮੁੱਲਵਾਨ ਨਹੀਂ, ਸਾਨੂੰ ਇਤਿਹਾਸ ਲਿਖਣ ਦੀ ਲੋੜ ਨਹੀਂ ਹੁੰਦੀ। ਨਾ ਹੀ ਇਤਿਹਾਸ ਸਿਰਫ਼ ਇਸ ਲਈ ਲਿਖਿਆ ਜਾ ਸਕਦਾ ਹੈ ਕਿ ਅਸੀਂ ਆਪਣੇ ਚੰਗੇ ਪੱਖ ਹੀ ਉਭਾਰਣ ਹਨ।

ਇਤਹਾਸ ਪ੍ਰਾਪਤੀਆਂ ਦਾ ਇਤਿਹਾਸ ਵੀ ਹੁੰਦਾ ਹੈ, ਉਣਤਾਈਆਂ ਦਾ ਵੀ ਇਤਿਹਾਸ ਅਸਲ ਵਿਚ ਸ੍ਵੈ ਪੜਚੋਲ ਦਾ ਇਕ_ਅਵਸਰ ਵੀ ਹੋ ਸਕਦਾ ਹੈ। ਜੇ ਅਸੀ ਇਸ ਗੱਲ ਦੀ ਆਗਿਆ ਦੇਈਏ, ਤਾਂ ਨਿੱਕੀ ਕਹਾਣੀ ਦੇ ਸਮੁੱਚੇ ਮੁਲੰਕਣ ਬਾਰੇ ਸਾਡੀ ਬਿਰਤੀ ਚੰਗਾ ਮੁੱਲ ਪਾਉਣ ਵਲ ਨੂੰ ਉਲਾਰ ਰਹੀ ਹੈ।

ਪਰ ਜੇ ਅਸੀਂ ਦੂਜੀਆਂ ਥਾਵਾਂ ਅਤੇ ਦੂਜੀਆਂ ਬੋਲੀਆਂ ਵਿਚ ਇਸੇ ਸਾਹਿਤ-ਰੂਪ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਸੋਚੀਏ, ਤਾਂ ਸਾਨੂੰ ਪਤਾ ਲਗੇਗਾ ਕਿ ਆਧੁਨ ਪੰਜਾਬੀ ਸਾਹਿਤ ਦਾ ਇਹ ਅਤਿ ਵਿਕਸਤ ਸਾਹਿਤ-ਰੂਪ ਵੀ, ਜਿਵੇਂ ਕਿ ਕਈ ਆਲੋਚਕ ਇਸ ਨੂੰ ਕਹਿੰਦੇ ਹਨ, ਏਨਾ ਵਿਕਸਤ ਨਹੀਂ। ਇਸ ਨੇ ਅਜੇ ਕਈ ਮੈਦਾਨ - ਖ਼ਾਲੀ 14 ਛੱਡੇ ਹੋਏ ਹਨ। ਭਰਪੂਰ ਅਤੇ ਨਿਪੁੰਣਤਾ ਅਜੇ ਸਾਡਾ ਠੀਕ ਅਰਥਾਂ ਵਿਚ ਲੱਛਣ ਨਹੀਂ ਬਣੇ। ਸਮੱਸਿਆ ਮੁੱਲ ਪਾਉਣ ਵਿਚ ਉਲਾਰ ਨੂੰ ਰੋਕਣ, ਚੰਗੇ ਅਤੇ ਮਾੜੇ ਦੋਹਾਂ ਪੱਖਾਂ ਨੂੰ ਉਚਿਤ ਮਾਤਰਾ ਵਿਚ ਪੇਸ਼ ਕਰਨ ਦੀ ਹੈ।

ਹਰ ਸਾਹਿਤ-ਰੂਪ ਦੀ ਸੰਬਾਦਕਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਇਹ ਆਪਣੇ ਸਮਾਜਕ-ਸਭਿਆਚਾਰਕ ਮਾਹੌਲ ਦੀ ਉਪਜ ਹੁੰਦਾ ਹੈ, ਅਤੇ ਇਸ ਮਾਹੌਲ ਵਿਚੋਂ ਉਪਜ ਕੇ ਇਹ, ਇਸ ਉਤੇ ਅਸਰ ਵੀ ਪਾਉਂਦਾ ਹੈ। ਇਸ ਗੱਲ ਬਾਰੇ ਵੀ ਅਜੇ ਪੰਜਾਬੀ ਵਿਚ ਕੋਈ ਬਹੁਤੀ ਸਪਸ਼ਟਤਾ ਨਹੀਂ ਕਿ ਅਧੁਨਿਕ ਸਾਹਿਤ-ਰੂਪਾਂ ਦੇ ਜਨਮ ਅਤੇ ਵਿਕਾਸ ਵਿਚ ਸਮਾਜਕ-ਸਭਿਆਚਾਰਕ ਮਾਹੌਲ ਦੇ ਕਿਹੜੇ ਕਿਹੜੇ ਅੰਬਾਂ ਦੀ ਹੋਂਦ ਜਾਂ ਅਣਹੋਂਦ ਨੇ ਕੀ ਕੀ ਪ੍ਰਭਾਵ ਪਾਇਆ ਹੈ। ਇਹਨਾਂ ਨੂੰ ਨਿਸ਼ਚਿਤ ਕਰਨਾ ਅਤੇ ਕਹਾਣੀ ਦੇ ਖੇਤਰ ਵਿਚ ਵਾਪਰਦੀਆਂ ਘਟਨਾਵਾਂ ਨਾਲ ਇਹਨਾਂ ਨੂੰ ਜੋੜਨਾ, ਸ਼ੁਰੂ ਤੋਂ ਲੈ ਕੇ ਹਰ ਪੜਾਅ ਉਤੇ ਸਾਡੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਹੈ। ਇਸ ਸਮੱਸਿਆ ਦਾ ਸਮਾਧਾਨ ਹੀ ਸਾਨੂੰ ਸਾਹਿਤ ਵਿਚ ਨਿਰੰਤਰਤਾ ਦਾ ਅੰਸ਼ ਉਭਾਰਨ ਵਿਚ ਸਹਾਇਤਾ ਕਰ ਸਕਦਾ ਹੈ, ਜੋ ਕਿ ਆਪਣੇ ਆਪ ਵਿਚ ਇਕ ਜ਼ਰੂਰੀ ਮਸਲਾ ਹੈ।

ਇਸੇ ਗੱਲ ਦਾ ਦੂਜਾ ਪੱਖ ਇਹ ਹੈ ਕਿ ਕਿਸੇ ਸਾਹਿਤ-ਰੂਪ ਨੇ ਹੋਂਦ ਵਿਚ ਆ ਕੇ ਆਪਣੇ ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ ਜਾ, ਨਹੀਂ; ਜਾਂ ਕਿਥੋਂ ਤਕ ਕੀਤਾ ਹੈ?

ਦੂਜੇ ਸਾਹਿਤ-ਰੂਪਾਂ ਬਾਰੇ ਤਾਂ ਕੁਝ ਕਿਹਾ ਜਾ ਸਕੇ ਜਾਂ ਨਾ, ਪਰ ਨਿੱਕੀ ਕਹਾਣੀ ਦੇ ਵਿਕਾਸ ਨੇ ਸਾਡੇ ਸਾਹਿਤਕ ਵਿਕਾਸ, ਸੋਚਣੀ ਅਤੇ ਮਾਨਸਿਕਤਾ ਉਤੇ ਪ੍ਰਭਾਵੇਂ ਜ਼ਰੂਰ ਪਾਇਆ ਲੱਗਦਾ ਹੈ। ਸਾਡੇ ਲਈ ਨਿੱਕੀ ਕਹਾਣੀ ਪੜਾਅ ਨਹੀਂ, ਟੀਚਾ ਬਣ ਗਈ ਲੱਗਦੀ ਹੈ। ਨਿੱਕੀ ਕਹਾਣੀ ਵਿਚ ਪ੍ਰਾਪਤ ਨਿਪੁੰਤਾ ਨੇ ਸਾਡੇ ਲੇਖਕਾਂ ਨੂੰ ਵਡੇਰੇ ਸਾਹਿਤਰੂਪਾਂ ਵਿਚ ਨਿਪੁੰਣਤਾ ਪ੍ਰਾਪਤ ਕਰਨ ਵਲ ਨਹੀਂ, ਖੜਿਆ। ਜਿਥੇ ਕੋਈ ਯਤਨ ਹੋਏ ਵੀ ਹਨ ਉਥੇ ਬਹੁਤੀ ਸਫਲਤਾ ਨਹੀਂ ਮਿਲੀ।

ਇਸੇ ਦੇ ਸਮਾਨਾਂਤਰ ਚੱਲ ਰਿਹਾ ਇਕ ਹੋਰ ਸਾਹਿਤਕ ਅਮਲ ਇਹ ਹੈ ਕਿ ਸਾਡਾ ਵਿਕਾਸ ਨਾਵਲ ਤੋਂ ਨਿੱਕੇ ਨਾਵਲ ਵਲ, ਕਹਾਣੀ ਤੋਂ ਨਿੱਕੀ ਕਹਾਣੀ ਤੇ ਫਿਰ ਮਿਨੀ ਕਹਾਣੀ ਵੱਲ, ਨਿਬੰਧ ਤੋਂ ਲਲਿਤ ਨਿਬੰਧ ਵੱਲ ਚਲ ਰਿਹਾ ਹੈ। ਬੇਸ਼ਕ ਪਿਛਲੇ ਕੁਝ ਸਮੇਂ ਤੋਂ ਕੁਝ ਲੰਮੀਆਂ ਕਹਾਣੀਆਂ ਵੀ ਲਿਖੀਆਂ ਜਾਣ ਲੱਗ ਪਈਆਂ ਹਨ, ਪਰ ਇਹਨਾਂ ਬਾਰੇ ਇਹ ਨਿਰਣਾ ਹੋਣਾ ਅਜੇ ਰਹਿੰਦਾ ਹੈ ਕਿ ਇਹ ਨਿੱਕੀ ਕਹਾਣੀ ਦਾ ਵਿਸਥਾਰ ਹਨ, ਜਾਂ ਨਾਵਲ ਦਾ ਸੁੰਗੇੜ।

ਇਸੇ ਨਾਲ ਸੰਬੰਧਤ ਗੱਲ ਇਹ ਹੈ ਕਿ ਵਖੋ ਵਖਰੇ ਲੇਖਕਾਂ ਵਲੋਂ ਵੱਖ ਵੱਖ ਕਹਾਣੀਆਂ ਬਹੁਤ ਵਧੀਆ ਲਿਖੀਆਂ ਜਾਣ ਦੇ ਬਾਵਜੂਦ ਵੀ, ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਦੇਖਦੇ ਹਾਂ, ਤਾਂ ਕਈ ਬੇਮੇਲ ਚੀਜ਼ਾਂ, ਕਈ ਵਿਰੋਧਤਾਈਆਂ ਨਜ਼ਰ ਆਉਂਦੀਆਂ ਹਨ, ਅਤੇ ਆਪਣੀ ਹੋਰ ਬੇਮੇਲ ਅਵਸਥਾ ਵਿਚ ਉਹ ਸੁਹਿਰਦ ਹੁੰਦੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਇਕੱਲੇ ਸਾਹਿਤ-ਰੂਪ ਦੇ ਵਿਕਸਤ ਹੋਣ ਦਾ ਵਰ ਸਾਡੇ ਲਈ ਸਰਾਪ ਤਾਂ ਨਹੀਂ ਬਣ ਰਿਹਾ, ਕਿ ਅਸੀਂ ਹਰ ਚੀਜ਼, ਹਰ ਵਰਤਾਰੇ ਨੂੰ ਵੱਖ ਵੱਖ ਤਾਂ ਸਮਝ ਸਕਦੇ ਹਾਂ, ਪਰ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਹਨ ਕਰ ਸਕਣਾ ਸਾਡੇ ਵੱਲੋਂ ਬਾਹਰਾ ਹੁੰਦਾ ਜਾ ਰਿਹਾ ਹੈ?

ਇਸ ਸਾਰੇ ਵਰਤਾਰੇ ਦੀ ਜੜ ਕਿੱਥੇ ਹੈ? ਸਮਾਜੀ-ਸਭਿਆਚਾਰਕ ਕਾਰਨਾਂ ਵਿੱਚ ਵੀ ਆਰਥਕਤਾ ਵਿਚ? ਜਾਂ ਕਿ ਅਸੀਂ ਸਮੂਹਕ ਤੌਰ ਉਤੇ ਸਕਾਈਜ਼ੋਫ਼ਰੇਨਿਕ ਸ਼ਖ਼ਸੀਅਤ ਬਣਦੇ ਜਾ ਰਹੇ ਹਾਂ? ਕਿ ਸਮੁੱਚਤਾ ਵਿਚ ਜਿਉ ਸਕਣਾ ਅਤੇ ਸਮੁੱਚਤਾ ਵਿਚ ਮਸਰ ਸਕਣਾ ਸਾਡੇ ਵੱਲੋਂ ਬਾਹਰਾ ਹੁੰਦਾ ਜਾ ਰਿਹਾ ਹੈ?

ਸਾਧਾਰਨ ਤੌਰ ਉਤੇ ਇਹ ਸਾਹਿਤ ਦੇ ਇਤਿਹਾਸਕਾਰ ਦੀ ਸਮੱਸਿਆ ਨਹੀਂ, ਪਰ ਤਾਂ ਵੀ ਜੇ ਇਹ ਠੀਕ ਲੱਗਦੀ ਹੋਵੇ ਤਾਂ ਸਾਹਿਤ ਦੀ ਇਤਿਹਾਸਕਾਰੀ ਇਸ ਉਤੇ ਵੀ ਚਾਨਣ ਪਾ ਸਕਦੀ ਹੈ। ਜੇ ਸਮਾਜ ਵਿਚ ਵਾਪਰਦੇ ਅਮਲ ਸਾਹਿਤ ਨੂੰ ਪ੍ਰਭਾਵਤ ਕਰਦੇ ਹਨ, ਤਾਂ ਸਾਹਿਤ ਦਾ ਅਧਿਐਨ ਅਤੇ ਇਤਿਹਾਸ ਇਹਨਾਂ ਅਮਲਾਂ ਨੂੰ ਡੂੰਘਾਈ ਵਿਚ ਸਮਝਣ ਵਿਚ ਸਹਾਇਤਾ ਕਰ ਸਕਦਾ ਹੈ।