ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51205ਨਵਾਂ ਜਹਾਨ — ਹੰਕਾਰੀ ਨੂੰ1945ਧਨੀ ਰਾਮ ਚਾਤ੍ਰਿਕ

ਹੰਕਾਰੀ ਨੂੰ.

ਸੜ ਸੜ ਕੇ ਹੰਕਾਰ ਦੇਵਤਾ!
ਕਿਉਂ ਛੱਡੇਂ ਗੁੱਸੇ ਦੇ ਤੀਰ?
ਟੋਟੇ ਟੋਟੇ ਹੁੰਦੀ ਜਾਵੇ,
ਡੂਮ-ਡਰਾਵਿਆਂ ਦੀ ਜ਼ੰਜੀਰ।
ਅੰਦਰੋਂ ਬਾਹਰੋਂ ਹੋ ਗਈ ਨੰਗੀ,
ਤੇਰੇ ਹਿਰਦੇ ਦੀ ਤਸਵੀਰ।
ਲੇਖ ਪੁਰਾਣੇ ਮਿਟਦੇ ਜਾਂਦੇ,
ਪਾ ਹੁਣ ਕੋਈ ਨਵੀਂ ਲਕੀਰ।

————————

ਤੇਰੇ ਪਿੱਛੇ ਤੁਰਦਾ ਤੁਰਦਾ,
ਹੁੰਦਾ ਜਾਏ ਦੇਸ਼ ਕੰਗਾਲ।
ਰੋਟੀ ਦੀ ਕੋਈ ਡੌਲ ਬਣਾ ਦੇ,
ਰੁੜ੍ਹ ਨ ਜਾਏਂ ਤੂੰ ਭੀ ਨਾਲ।
ਮਲਤ ਹੋਏ ਸ਼ਰਧਾ ਦੇ ਠੱਪੇ,
ਨਵੇਂ ਕਾਲ ਦੀ ਕਿਸਮਤ ਢਾਲ।
ਮਿਹਨਤੀਆਂ ਦਾ ਸਿਰ ਜੁੜਵਾ ਕੇ,
ਪੁਰੁਸ਼ਾਰਥ ਦੀ ਜਾਚ ਸਿਖਾਲ।


————————