ਨਵਾਂ ਜਹਾਨ/ਹੁਸਨ ਦਾ ਗੁਮਾਨ
ਹੁਸਨ ਦਾ ਗੁਮਾਨ.
ਸੁਹਣੀਏ! ਹੁਸਨ ਦਾ ਕਰ ਨਾ ਗੁਮਾਨ।
੧.ਰੂਪ ਤੇਰ ਦੀਆਂ ਧੁੰਮਾਂ ਪਈਆਂ,
ਸੱਤ ਵਲੈਤੀਂ ਖਬਰਾਂ ਗਈਆਂ,
ਮੰਨ ਗਿਆ ਸਾਰਾ ਜਹਾਨ।
ਹੁਸੀਨਾਂ ਦੇ ਵਿਚ ਤੂੰ ਪਰਧਾਨ।
ਸੁਹਣੀਏ! ਹੁਸਨ ਦਾ ਕਰ ਨਾ ਗੁਮਾਨ।
੨.ਆਸ਼ਕਾਂ ਤੇਰੇ ਅੱਗੇ ਪੱਲਾ ਅੱਡਿਆ,
ਤੂੰ ਐਪਰ ਹੰਕਾਰ ਨ ਛੱਡਿਆ,
ਜਾ ਚੜ੍ਹੀਓਂ ਅਸਮਾਨ,
ਮਾਰਿਆ ਹੇਠ ਨ ਰਤਾ ਧਿਆਨ।
ਸੁਹਣੀਏ! ਹੁਸਨ ਦਾ ਕਰ ਨਾ ਗੁਮਾਨ।
੩.ਸੰਝ ਪਈ, ਪਰਛਾਵਾਂ ਲਹਿ ਗਿਆ,
ਹੁਸਨ ਤੇ ਜੋਬਨ ਸੁਪਨਾ ਰਹਿ ਗਿਆ,
ਸਮਾਂ ਬੜਾ ਬਲਵਾਨ।
ਮੁਕ ਗਈ ਚਾਰ ਦਿਨਾਂ ਦੀ ਸ਼ਾਨ।
ਸੁਹਣੀਏ! ਹੁਸਨ ਦਾ ਕਰ ਨਾ ਗੁਮਾਨ।
੪.ਅੰਤ ਸਮਾਂ ਹੁਣ ਆ ਗਿਆ ਨੇੜੇ,
ਭੁਲ ਜਾਵਾਂ ਸਭ ਸ਼ਿਕਵੇ ਤੇਰੇ,
ਛਡ ਦੇਵੇਂ ਜੇ ਅਭਿਮਾਨ।
ਤੁਰ ਗਏ ਬੜੇ ਬੜੇ ਸੁਲਤਾਨ।
ਸੁਹਣੀਏ! ਹੁਸਨ ਦਾ ਕਰ ਨਾ ਗੁਮਾਨ।