ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51197ਨਵਾਂ ਜਹਾਨ — ਪੁੰਨ ਪਾਪ1945ਧਨੀ ਰਾਮ ਚਾਤ੍ਰਿਕ

ਪੁੰਨ ਪਾਪ.

ਆਪੇ ਭੈੜੇ ਪਾਸੇ ਜਾਵੇਂ,
ਆਪੇ ਪਾਪ ਬਣਾਵੇਂ।
ਧਰਮ ਰਾਜ ਦੀ ਚੜ੍ਹੇਂ ਕਚਹਿਰੀ,
ਆਪੇ ਡੰਡ ਲੁਆਵੇਂ।
ਥੱਲੇ ਉਤਰ, ਨਿਆਂ ਦੇ ਤਖਤੋਂ,
ਮਨ ਕਿਉਂ ਹੋਇਆ ਮੈਲਾ?
ਸਭ ਤੋਂ ਖਰੀ ਸਿਆਣਪ ਉਹ,
ਜੇ ਪਹਿਲਾਂ ਈ ਪੈਰ ਬਚਾਵੇਂ।


ਤੂੰਹੇਂ ਕਰਤਾ, ਤੂੰਹੇਂ ਭੁਗਤਾ,
ਤੂੰਹੇਂ ਤਖਤ ਅਦਲ ਦਾ।
ਘੁਟ ਕੇ ਫੜ ਲੈ ਮਨ ਦੀਆਂ ਵਾਗਾਂ,
(ਜੋ) ਪਲ ਪਲ ਰਹੇ ਬਦਲਦਾ।
ਸੀਤ ਹੋ ਜਾਏ ਤਨ ਮਨ ਤੇਰਾ,
(ਜੇ) ਬਣ ਕੇ ਰਹੇਂ ਕਿਸੇ ਦਾ,
ਨਾ ਤੂੰ ਬਣ ਕਾਰਜ ਦਾ ਕਰਤਾ,
ਨਾ ਬਣ ਭਾਗੀ ਫਲ ਦਾ।