ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51213ਨਵਾਂ ਜਹਾਨ — ਸੇਹਰਾ1945ਧਨੀ ਰਾਮ ਚਾਤ੍ਰਿਕ

ਸੇਹਰਾ.

ਨੌਜਵਾਨ ਲਾੜਿਆਂ ਵਾਸਤੇ

ਓ ਸਜ ਵਜ ਕੇ ਰਣ ਵਿਚ ਨਿਕਲ ਆਏ ਸ਼ੇਰਾ!
ਅਸੀਲਾ! ਦਨਾਵਾ! ਜਵਾਨਾ! ਦਲੇਰਾ!
ਉਮੰਗਾਂ ਦਾ ਦਰਯਾ ਛੁਲਕਦਾ ਏ ਤੇਰਾ,
ਹੈ ਸਾਹਵੇਂ ਤੇਰੇ ਕੋਈ ਮਕਸਦ ਉਚੇਰਾ,

ਤੂੰ ਚਾਹਨਾ ਏਂ ਦੁਖ ਸੁਖ ਦਾ ਸਾਥੀ ਬਣਾਣਾ
ਤੇ ਜੀਵਨ ਦੇ ਪੈਂਡੇ ਨੂੰ ਹਸ ਹਸ ਮੁਕਾਣਾ।(੧)

ਤੂੰ ਜਿਸ ਰਾਹ ਵਲ ਪੈਰ ਹੈ ਅਜ ਵਧਾਇਆ,
ਮੁਹਿਮ ਜੇਹੜੀ ਸਰ ਕਰਨ ਖਾਤਰ ਹੈਂ ਆਇਆ,
ਮੁਰਾਦਾਂ ਦਾ ਸਿਹਰਾ ਹੈ ਸਿਰ ਤੇ ਸਜਾਇਆ,
ਜੋ ਕੁਦਰਤ ਨੇ ਆਦਰਸ਼ ਤੇਰਾ ਬਣਾਇਆ,

ਓਹ ਔਖਾ ਜਿਹਾ ਹੈ ਖਬਰਦਾਰ ਹੋ ਜਾ,
ਬੜੀ ਉਚੀ ਘਾਟੀ ਊ, ਹੁਸ਼ਿਆਰ ਹੋ ਜਾ।(੨)

ਤੂੰ ਜਿਸ ਲਖਸ਼ਮੀ ਨਾਲ ਲੈਣੇ ਨੇ ਫੇਰੇ,
ਓ ਤੋਰੀ ਗਈ ਸੀ ਧੁਰੋਂ ਨਾਲ ਤੇਰੇ,
ਜੇ ਸੂਰਜ ਸਜਾਇਆ ਸੀ ਤੈਨੂੰ ਚਿਤੇਰੇ,
ਤਾਂ ਉਸ ਵਿਚ ਧਰੇ ਸੁਹਜ ਚੰਦੋਂ ਵਧੇਰੇ,

ਕਿ ਦੁਨੀਆਂ ਦੇ ਦਿਨ ਰਾਤ ਰੋਸ਼ਨ ਬਣਾਓ,
ਤੇ ਕੁਦਰਤ ਦੇ ਖੇੜੇ ਨੂੰ ਰਲ ਕੇ ਵਸਾਓ।(੩)

ਤੂੰ ਉਸ ਦੇ ਲਈ, ਓ ਤੇਰੇ ਲਈ ਹੈ,
ਏ ਜੋੜੀ ਰਚੀ ਪ੍ਰੇਮ ਖਾਤਰ ਗਈ ਹੈ,
ਤੂੰ ਭਗਵਨ ਉਦ੍ਹਾ, ਓ ਤੇਰੀ ਭਗਵਤੀ ਹੈ,
ਤੂੰ ਜੀਵਨ ਉਦ੍ਹਾ, ਉਹ ਤੇਰੀ ਜ਼ਿੰਦਗੀ ਹੈ,

ਓ ਤੇਰੀ ਹੈ ਧਿਰ ਤੇ ਤੂੰ ਉਸਦਾ ਸਹਾਰਾ,
ਦੁਹਾਂ ਬਾਝ ਕੋਝਾ ਹੈ ਸੰਸਾਰ ਸਾਰਾ।(੪)

ਜੇ ਚਾਹਨਾ ਏਂ ਦੁਨੀਆਂ ਰਸੀਲੀ ਬਣਾਣੀ,
ਜੇ ਚਾਹਨਾ ਏਂ ਜੀਵਨ ਦੀ ਸ਼ੋਭਾ ਵਧਾਣੀ,
ਜੇ ਸਚ ਮੁਚ ਦੀ ਹੈ ਪ੍ਰੇਮ-ਨਗਰੀ ਵਸਾਣੀ,
ਤੇ ਰਣ ਵਿਚ ਨਹੀਂ ਤੂੰ ਕਦੇ ਭਾਂਜ ਖਾਣੀ,

ਤਾਂ ਨਾਰੀ ਨੂੰ ਹਮਦਰਦ ਅਪਣੀ ਬਣਾ ਲੈ,
ਜੇ ਉੱਠਣ ਦੀ ਚਾਹ ਹੈ ਤਾਂ ਉਸ ਨੂੰ ਉਠਾ ਲੈ।(੫)

ਜੇ ਤਕਣਾ ਈ ਨਾਰੀ ਦਾ ਦਿਲ, ਘੁੰਡ ਚਾ ਕੇ,
ਖਿੜੀ ਆਤਮਾ ਦੇ ਜੇ ਲੈਣੇ ਨੀਂ ਝਾਕੇ,
ਤਾਂ ਤਕ ਉਸ ਨੂੰ ਦੂਈ ਦਾ ਪਰਦਾ ਹਟਾ ਕੇ,
ਗੁਲਾਮੀ ਦੇ ਪਿੰਜਰੇ ਤੋਂ ਬਾਹਰ ਬਿਠਾ ਕੇ,

ਜੇ ਸੁਣਨੇ ਨੀ ਨਗ਼ਮੇ ਕੁਦਰਤੀ ਅਦਾ ਵਿਚ,
ਤਾਂ ਉੱਡਣ ਦੇ ਬੁਲਬੁਲ ਨੂੰ ਉੱਚੀ ਹਵਾ ਵਿਚ।(੬)

ਉਦ੍ਹੇ ਫ਼ਰਜ਼ ਰਬ ਨੇ ਮਿਥੇ ਨੇ ਬਥੇਰੇ,
ਤੂੰ ਘੇਰੇ ਨ ਪਾ ਹੋਰ, ਉਸ ਦੇ ਚੁਫੇਰੇ,
ਉਦ੍ਹੇ ਜਜ਼ਬਿਆਂ ਨੂੰ ਚੜ੍ਹਨ ਦੇ ਉਚੇਰੇ,
ਏ ਚੜ੍ਹ ਕੇ ਭੀ ਕੰਮ ਔਣਗੇ ਅੰਤ ਤੇਰੇ,

ਤੇਰਾ ਇਹ ਜਗਤ ਭੀ ਸੁਖਾਲਾ ਕਰੇਗੀ,
ਤੇ ਪਰਲੋਕ ਭੀ ਸ਼ਾਨ ਵਾਲਾ ਕਰੇਗੀ।(੭)



ਬੜੇ ਚਿਰ ਤੋਂ ਜੇਲਾਂ ਦੀ ਵਾ ਖਾ ਰਹੀ ਹੈ,
ਤੇ ਪਿੰਜਰੇ ਪਈ ਫ਼ਰਜ਼ ਭੁਗਤਾ ਰਹੀ ਹੈ,
ਅਜੇ ਭੀ ਓ ਮਰਦਾਂ ਦੇ ਗੁਣ ਗਾ ਰਹੀ ਹੈ,

ਨ ਢੂੰਡੀ ਮਿਲੇਗੀ ਵਫਾਦਾਰ ਐਸੀ,
ਨ ਭੋਲੀ ਪੁਜਾਰਨ, ਨ ਗ਼ਮਖਾਰ ਐਸੀ।(੮)

ਜੇ ਨਾਰੀ ਭੀ ਆਦਰਸ਼ ਜੀਵਨ ਬਣਾਂਦੀ,
ਪਤੀ ਨਾਲ ਸਾਂਵੀਂ ਉਡਾਰੀ ਲਗਾਂਦੀ,
ਜੇ ਪੱਥਰ ਬਣਾ ਕੇ ਬਿਠਾਈ ਨ ਜਾਂਦੀ,
ਤਾਂ ਮਰਦਾਂ ਦਾ ਹੀ ਭਾਰ ਹੌਲਾ ਕਰਾਂਦੀ,

ਪਰੰਤੂ ਸੁਆਰਥ ਨੇ ਕੀਤਾ ਇਸ਼ਾਰਾ,
ਕਿ ਤੀਵੀਂ ਤੋਂ ਉਠ ਜਾਊਗਾ ਰੁਅਬ ਸਾਰਾ।(੯)

ਓ ਭੋਲੇ ਨ ਸਮਝੇ ਕਿ ਔਰਤ ਏ ਕੀ ਹੈ,
ਏ ਰੌਣਕ, ਏ ਰਹਿਮਤ, ਏ ਬਰਕਤ ਕਿਦ੍ਹੀ ਹੈ,
ਕਿਦ੍ਹੇ ਸਿਰ ਤੇ ਕਾਦਰ ਦੀ ਕੁਦਰਤ ਖੜੀ ਹੈ,
ਕਿਦ੍ਹੇ ਬਾਝ ਜੀਉਣ ਨੂੰ ਕਰਦਾ ਨ ਜੀ ਹੈ,

ਏ ਨਾਰੀ ਨੇ ਹੀ ਗੋਂਦ ਸਾਰੀ ਹੈ ਗੁੰਦੀ,
ਜੇ ਆਦਮ ਹੀ ਰਹਿੰਦਾ ਤਾਂ ਦੁਨੀਆਂ ਨ ਹੁੰਦੀ।(੧੦)

ਏ ਮਾਸੂਮ ਪੁਤਲੀ ਜਦੋਂ ਰਬ ਘੜੀ ਸੀ,
ਤਾਂ ਕਾਰੀਗਰੀ ਸਭ ਖਤਮ ਕਰ ਛੜੀ ਸੀ,
ਜਿਵੇਂ ਬਾਹਰੋਂ ਚੰਦ ਸਮ ਹਸਮੁਖੀ ਸੀ,
ਤਿਵੇਂ ਦਿਲ ਦੀ ਨਿਰਛਲ ਤੇ ਦਰਦਾਂ ਭਰੀ ਸੀ,

ਪਿਆਰਾਂ ਦਾ ਘਰ, ਪਰ ਪਿਆਰਾਂ ਦੀ ਭੁੱਖੀ,
ਤੜਪਦਾ ਕਲੇਜਾ ਤੇ ਜਜ਼ਬੇ ਮਨੁੱਖੀ।(੧੧)

ਨਜ਼ਰ ਇਸ ਦੀ ਨੀਵੀਂ, ਨਿਗਾਹ ਇਸ ਦੀ ਉੱਚੀ,
ਮੁਹੱਬਤ ਦੀ ਮੂਰਤ, ਖਿਆਲਾਂ ਦੀ ਸੁੱਚੀ,
ਸ਼ਰਾਫਤ ਤੇ ਅਸਮਤ ਦੀ ਦੇਵੀ ਸਮੁੱਚੀ,
ਏ ਸਿਦਕਣ, ਪਤੀ-ਪ੍ਰੇਮ-ਧਾਗੇ ਪਰੁੱਚੀ,

ਏ ਟਹਿਲਣ ਪੁਰਾਣੀ, ਏ ਘਰ ਦੀ ਸੁਆਣੀ,
ਮਨੁਖ ਨੇ ਨ ਪਰ ਸ਼ਾਨ ਇਸ ਦੀ ਪਛਾਣੀ।(੧੨)

ਜੇ ਵਡਿਆਂ ਨੇ ਇਸ ਵਿਚ ਲਗਾਈ ਹੈ ਦੇਰੀ,
ਤਾਂ ਕੀ ਡਰ ਹੈ? ਤੂੰ ਹੀ ਦਿਖਾ ਦੇ ਦਲੇਰੀ,
ਓ ਰਹਿ ਗਏ ਪਿਛਾਂਹ, ਹੁਣ ਤੇ ਚਲਦੀ ਹੈ ਤੇਰੀ,
ਸਖ਼ੀ ਬਣ ਤੇ ਛਾਤੀ ਨੂੰ ਕਰ ਲੈ ਚੁੜੇਰੀ,

ਗਿਰੀ ਹੋਈ ਗੋਲੀ ਨੂੰ ਰਾਣੀ ਬਣਾ ਲੈ,
ਤੇ ਦਿਲ ਦੇ ਸਿੰਘਾਸਣ ਤੇ ਉਸ ਨੂੰ ਬਹਾ ਲੈ।(੧੩)

ਓ ਮਹਿਰਮ ਹੈ ਧੁਰ ਦੀ, ਨ ਮੂੰਹ ਹੁਣ ਲੁਕਾ ਤੂੰ,
ਬੜੀ ਹੋ ਚੁਕੀ, ਹੁਣ ਤੇ ਰਸਤੇ ਤੇ ਆ ਤੂੰ,
ਉਦ੍ਹਾ ਸਬਰ ਤਕਿਆ ਈ, ਅਪਣਾ ਦਿਖਾ ਤੂੰ,
ਡਕਾਰੀ ਨ ਜਾ, ਉਸ ਦਾ ਕਰਜ਼ਾ ਚੁਕਾ ਤੂੰ,

ਨਿਆਂ ਉਸ ਦੇ ਪੱਲੇ ਯਾ ਹਸ ਹਸ ਕੇ ਪਾ ਦੇ,
ਯਾ ਸੁਪਨੇ ਅਜ਼ਾਦੀ ਦੇ ਲੈਣੇ ਹਟਾ ਦੇ।(੧੪)

ਜੇ ਨਾਰੀ ਤੇ ਸ਼ਕ ਦੀ ਨਿਗਾਹ ਹੀ ਰਖੇਂਗਾ,
ਨ ਇਤਬਾਰ ਉਸ ਦੀ ਵਫ਼ਾ ਤੇ ਕਰੇਂਗਾ,
ਜੇ ਦਿਲ ਉਸ ਦਾ ਖੋਹ ਕੇ ਨ ਦਿਲ ਅਪਣਾ ਦੇਂਗਾ,
ਹਕੂਮਤ ਦੇ ਮਦ ਵਿਚ ਨ ਬੰਦਾ ਬਣੇਂਗਾ,

ਤਾਂ ਤੇਰਾ ਨਸ਼ਾ ਇਹ ਉਤਰ ਕੇ ਰਹੇਗਾ,
ਤੇ ਤੰਗ ਆ ਕੇ ਜੰਗ ਉਸ ਨੂੰ ਕਰਨਾ ਪਏਗਾ।(੧੫)



ਓ ਅਜ਼ਲੋਂ ਹੈ ਸੁਹਣੀ, ਨ ਬੇਸ਼ਕ ਸਜਾ ਸੂ,
ਨ ਗਹਿਣੇ ਵਿਖਾ ਸੂ, ਨ ਜ਼ਰ ਤੇ ਭੁਲਾ ਸੂ,
ਨ ਸੂਟਾਂ ਤੇ ਬੂਟਾਂ ਦੀ ਭਿੱਤੀ ਤੇ ਲਾ ਸੂ,
ਨ ਝੂਠੇ ਸ਼ਿੰਗਾਰਾਂ ਤੇ ਅਹਿਮਕ ਬਣਾ ਸੂ,

ਜੇ ਸਰਦਾ ਈ ਤਦ ਉਸ ਦੇ ਦਿਲ ਵਿਚ ਉਤਰ ਜਾ,
ਉਠਾ ਦੇ ਸੂ ਦੇ ਕੇ ਬਰਾਬਰ ਦਾ ਦਰਜਾ।(੧੬)

ਜੇ ਨਿਰਬਲ ਹੈ ਤਦ ਉਸ ਦਾ ਜਿਗਰਾ ਵਧਾ ਦੇ,
ਜੇ ਅਨਪੜ੍ਹ ਹੈ ਤਦ ਉਸ ਨੂੰ ਵਿਦਿਆ ਪੜ੍ਹਾ ਦੇ,
ਹਨੇਰੇ ’ਚਿ ਬੈਠੀ ਹੈ ਦੀਵਾ ਜਗਾ ਦੇ,
ਜੇ ਬੇ ਪਰ ਹੈ, ਪਰ ਦੇ ਕੇ ਉਡਣਾ ਸਿਖਾ ਦੇ,

ਇਦ੍ਹੇ ਬਿਨ ਅਗੇਰੇ ਕਿਵੇਂ ਹਲ ਸਕੇਂਗਾ,
ਨ ਉਹ ਤੁਰ ਸਕੇਗੀ, ਨ ਤੂੰ ਚਲ ਸਕੇਂਗਾ।(੧੭)

ਖਿਡੌਣਾ ਸਮਝ ਕੇ ਨ ਉਸ ਨੂੰ ਹੰਢਾਵੀਂ,
ਓ ਇਨਸਾਨ ਹੈ, ਤੂੰ ਪਸ਼ੂ ਨ ਬਣਾਵੀਂ,
ਓ ਦੇਵੀ ਹੈ, ਤੂੰ ਦੇਵਤਾ ਬਣ ਵਿਖਾਵੀਂ,
ਸਤੀ ਆਤਮਾ ਨੂੰ ਕਦੇ ਨ ਸਤਾਵੀਂ,

ਉਸੇ ਨਾਲ ਘਰ ਤੇਰਾ ਚਮਕੇਗਾ ਸਾਰਾ,
ਓਹ ਤੇਰੀ ਪਿਆਰੀ, ਤੂੰ ਉਸਦਾ ਪਿਆਰਾ।(੧੮)

ਜੇ ਤਾਰਾ ਜਿਹੀ ਨਾਰ ਦਾ ਤੈਨੂੰ ਚਾ ਹੈ,
ਸਤੀ ਸੀਤਾ ਜੈਸੀ ਨੂੰ ਜੀ ਲੋਚਦਾ ਹੈ,
ਤਾਂ ਚੰਗਾ ਹੈ, ਇਸ ਵਿਚ ਦੁਹਾਂ ਦਾ ਭਲਾ ਹੈ,
ਪਰ ਇਹ ਮੰਗ ਤੇਰੀ ਤਦੇ ਹੀ ਰਵਾ ਹੈ,

ਕਿ ਪਹਿਲੇ ਹਰੀ ਚੰਦ ਬਣ ਕੇ ਵਿਖਾਵੇਂ,
ਤੇ ਨਾਰੀ-ਬਰਤ ਰਾਮ ਵਰਗਾ ਨਿਭਾਵੇਂ।(੧੯)

ਜਿਥੇ ਮਰਦ ਤੀਵੀਂ ਦੀ ਮੀਜਾ ਰਲੀ ਹੈ,
ਉਹੋ ਘਰ ਸੁਅਰਗਾ ਪੁਰੀ ਬਣ ਰਹੀ ਹੈ,
ਉਸੇ ਥਾਂ ਤੇ ਬਰਕਤ ਤੇ ਸੁਖ ਸ਼ਾਨਤੀ ਹੈ,
ਉਹੋ ਜੋੜੀ ਦੁਨੀਆਂ ਤੇ ਭਾਗਾਂ ਭਰੀ ਹੈ,

ਜੇ ਤੀਵੀਂ ਦੀ ਆਂਦਰ ਦੇ ਵਿਚ ਧੁਖਧੁਖੀ ਹੈ,
ਨ ਨਾਰੀ ਸੁਖੀ ਹੈ ਨ ਭਰਤਾ ਸੁਖੀ ਹੈ।(੨੦)

ਤੂੰ ਮਾਲੀ ਚਮਨ ਦਾ, ਓ ਮਾਲਣ ਹੈ ਤੇਰੀ,
ਤੂੰ ਮੋਹਨ ਉਦ੍ਹਾ ਉਹ ਗਵਾਲਣ ਹੈ ਤੇਰੀ,
ਓ ਹਰਹਾਲ ਦੀ ਭਾਈਵਾਲਣ ਹੈ ਤੇਰੀ,
ਤੂੰ ਉਸਦਾ ਰਿਣੀ, ਉਹ ਸਵਾਲਣ ਹੈ ਤੇਰੀ,

ਜੇ ਮਿਲ ਕੇ ਰਹੋਗੇ ਤਾਂ ਵਸਦੇ ਰਹੋਗੇ,
ਤੇ ਦੁਖ ਸੁਖ ਦੇ ਵੇਲੇ ਭੀ ਹਸਦੇ ਰਹੋਗੇ।(੨੧)

ਸਲਾਹ ਜੇਹੜੀ ਚਾਤ੍ਰਿਕ ਨੇ ਤੈਨੂੰ ਸੁਣਾਈ,
ਏ ਰਬ ਦੀ ਸਦਾ[1] ਹੈ, ਅਕਾਸ਼ਾਂ ਤੋਂ ਆਈ,
ਇਹੋ ਹੈ ਸਚਾਈ, ਇਹੋ ਹੈ ਸਫਾਈ,
ਇਸੇ ਵਿਚ ਹੈ ਤੇਰੀ ਤੇ ਉਸ ਦੀ ਭਲਾਈ,

ਇਹੋ ਸਾਰੇ ਜਗ ਵਿਚ ਤੁਰੇਗੀ ਕਹਾਣੀ,
ਤੂੰ ਉਸਦਾ ਸੁਆਮੀ, ਓ ਤੇਰੀ ਸੁਆਣੀ।(੨੨)

————————


  1. ਅਵਾਜ਼