ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51212ਨਵਾਂ ਜਹਾਨ — ਭਾਰਤੀ ਸ਼ੇਰ1945ਧਨੀ ਰਾਮ ਚਾਤ੍ਰਿਕ

ਭਾਰਤੀ ਸ਼ੇਰ.

ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।
੧.ਆਸੋਂ ਪਾਸੋਂ ਆਏ ਲੁਟੇਰੇ,
ਆਣ ਵੜੇ ਘਰ ਅੰਦਰ ਤੇਰੇ।
ਖਾਂਦੇ ਰਹੇ ਹੈਵਾਨਾਂ ਵਾਂਗਰ,
ਬੁਰਕਾ ਪਾ ਇਨਸਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।
੨.ਨਿੱਤਰ, ਅਪਣੀ ਸ਼ਾਨ ਦਿਖਾ ਦੇ,
ਸਿਰ ਦੇ ਕੇ ਭੀ ਦੇਸ਼ ਬਚਾ ਦੇ,
ਜ਼ੋਰ ਤੇਰਾ ਹੈ ਅਰਜੁਨ ਜੈਸਾ,
ਗਿਆਨ ਕ੍ਰਿਸ਼ਨ ਭਗਵਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।
੩.ਮਰਨ ਲਈ ਰਹੁ ਅੱਗੇ ਅੱਗੇ,
ਅਣਖ ਤੇਰੀ ਨੂੰ ਦਾਗ਼ ਨ ਲੱਗੇ,
ਪਾੜਨ ਵਾਲਿਆਂ ਦੀ ਭੰਨ ਬੂਥੀ,
ਕਰ ਮੂੰਹ ਕਾਲਾ ਸ਼ੈਤਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।

੪.

ਕਿਸੇ ਬਲਾ ਨੇ ਬਾਹਰੋਂ ਆਕੇ,
ਢਿੱਡਾਂ ਦੇ ਵਿਚ ਚੋਰ ਬਹਾ ਕੇ,
ਖਰੀਆਂ ਨੀਤਾਂ ਦੇ ਵਿਚ ਪਾਇਆ,
ਫਰਕ ਜਿਮੀਂ ਅਸਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।

੫.

ਤੇਰੇ ਘਰ ਆ ਵੜੀ ਬਿਮਾਰੀ,
ਇਕ ਦੂਜੇ ਤੇ ਬੇਇਤਬਾਰੀ,
ਵੈਦਾਂ ਇਕੋ ਨੁਸਖਾ ਲਿਖਿਆ;
ਜੁਗ ਹਿੰਦੂ ਮੁਸਲਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।

੬.

ਤੂੰ ਭਾਰਤ ਦਾ, ਭਾਰਤ ਤੇਰਾ,
ਗੈਰਾਂ ਦਾ ਚੁਕਵਾ ਦੇ ਡੇਰਾ।
ਆਜ਼ਾਦੀ ਦਾ ਝੰਡਾ ਝੁਲੇ,
ਹੋਏ ਮੁਹਕਮ ਅਮਨ ਜਹਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।

————————