ਨਵਾਂ ਜਹਾਨ/ਬਣਾਂਦਾ ਕਿਉਂ ਨਹੀਂ?

ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਬਣਾਂਦਾ ਕਿਉਂ ਨਹੀਂ?.

ਪਿੰਜਰੇ ਵਿਚ ਪਰਚੇ ਹੋਏ ਪੰਛੀ!

ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ?


ਖੁਲੀ ਹੋਈ ਖਿੜਕੀ ਤਕ ਕੇ ਭੀ,

ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ?


ਮੁੱਦਤ ਦਾ ਤਰਸੇਵਾਂ ਤੇਰਾ,

ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ,


ਹੁਣ ਤੇ ਤੇਰਾ ਵਸ ਚਲਦਾ ਹੈ,

ਭਰ ਕੇ ਪਰ ਫੈਲਾਂਦਾ ਕਿਉਂ ਨਹੀਂ?


ਉਂਗਲੀ ਨਾਲ ਇਸ਼ਾਰੇ ਪਾ ਪਾ,

ਨਾਚ ਬੁਤੇਰੇ ਨਚ ਲਏ ਨੀ,


ਅਪਣੇ ਹੱਥੀਂ ਲੀਕਾਂ ਪਾ ਕੇ,

ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ?


ਸੰਗਲ ਦੇ ਖਿਲਰੇ ਹੋਏ ਟੋਟੇ,

ਮੁੜ ਕੇ ਜੇ ਕੋਈ ਜੋੜਨ ਲੱਗੇ,


ਹਿੰਮਤ ਦਾ ਫੁੰਕਾਰਾ ਭਰ ਕੇ,
ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ?

ਮੀਸਣਿਆਂ ਮਾਸ਼ੂਕਾਂ ਦਾ ਮੂੰਹ,

ਚੰਦ ਚੜ੍ਹੇ ਮੁਸਕਾ ਉਠਿਆ ਹੈ,


ਛੁਹ ਕੇ ਨਾਚ ਮਲੰਗਾਂ ਵਾਲਾ,

ਮਹਿਫਲ ਨੂੰ ਗਰਮਾਂਦਾ ਕਿਉਂ ਨਹੀਂ?


ਮੈਖਾਨੇ ਵਿਚ ਸਾਕ਼ੀ ਆਇਆ,

ਨਾਲ ਬਹਾ ਲੈ ਘੁੰਡ ਉਠਾ ਕੇ,


ਇਕਸੇ ਬੇੜੀ ਦੇ ਵਿਚ ਬਹਿ ਕੇ,

ਪੀਂਦਾ ਅਤੇ ਪਿਆਂਦਾ ਕਿਉਂ ਨਹੀਂ?


ਮੱਥੇ ਟਿਕਦੇ ਸਨ ਨਿਤ ਜਿਸ ਥਾਂ,

ਢਾਹ ਸੁਟਿਆ ਉਹ ਥੜਾ ਸਮੇਂ ਨੇ,


ਨਵੇਂ ਜ਼ਮਾਨੇ ਦਾ ਫੜ ਪੱਲਾ,

ਨਵਾਂ ਜਹਾਨ ਵਸਾਂਦਾ ਕਿਉਂ ਨਹੀਂ?


ਤੇਰੇ ਈ ਕਸ਼ਟ ਸਹੇੜੇ ਹੋਏ,

ਬਣ ਗਏ ਨੇ ਨਾਸੂਰ ਪੁਰਾਣੇ,


ਦੇਵਤਿਆਂ ਦਾ ਮੂੰਹ ਕੀ ਤਕਨਾ ਏਂ,
ਆਪੂੰ ਹੱਥ ਹਿਲਾਂਦਾ ਕਿਉਂ ਨਹੀਂ?

————————