ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51176ਨਵਾਂ ਜਹਾਨ — ਜੀਵਨ ਜਗਾਵਾ1945ਧਨੀ ਰਾਮ ਚਾਤ੍ਰਿਕ

ਜੀਵਨ ਜਗਾਵਾ.

੧.ਅਮਰ ਜੀਵਨ ਜੇ ਚਾਹਨਾ ਏਂ,
ਤਾਂ ਮਰਨੇ ਦੀ ਤਿਆਰੀ ਕਰ।
ਜੇ ਦੇਸ਼ ਆਬਾਦ ਕਰਨਾ ਈਂ,
ਲਹੂ ਦੀ ਨਹਿਰ ਜਾਰੀ ਕਰ।
ਜੇ ਉੱਚੀ ਕੌਮ ਕਰਨੀ ਹੈ,
ਤਾਂ ਬਾਹਵਾਂ ਦੀ ਉਸਾਰੀ ਕਰ।
ਜੇ ਦਿਲ ਜਿੱਤਣ ਦੀ ਸੱਧਰ ਹੈ,
ਤਾਂ ਦੌਲਤ ਨਾ ਪਿਆਰੀ ਕਰ।

ਕਿ ਕੌਮਾਂ ਬਣਦੀਆਂ-
ਚੌੜੇ ਦਿਲਾਂ ਵਾਲੇ ਜਵਾਨਾਂ ਤੇ।
ਤੇ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

———————

੨.ਤਅੱਸਬ ਦੀ ਹਟਾ ਪੱਟੀ,
ਤੇ ਨਫਰਤ ਨੂੰ ਨਾ ਆਦਰ ਦੇ।
ਮੁਹੱਬਤ ਦਾ ਖੁਲਾ ਕਰ ਦਰ,
ਤੇ ਬਾਹਾਂ ਚੌੜੀਆਂ ਕਰ ਦੇ।
ਪਰੇ ਕਰ ਫਿਰਕੇਦਾਰੀ ਨੂੰ,
ਤੇ ਏਕੇ ਦੀ ਹਵਾ ਭਰ ਦੇ।

ਤਰਾਨਾ ਛੇੜ ਕੇ ਕੌਮੀ,
ਅਮਰ ਜੀਵਨ ਜੇ ਚਾਹਨਾ ਏਂ,
ਕਲੇਜਾ ਚੀਰ ਕੇ ਧਰ ਦੇ।

ਤੇਰੀ ਆਵਾਜ਼ ਗੂੰਜ ਉੱਠੇ,
ਜ਼ਮੀਨਾਂ ਆਸਮਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

———————

੩.ਤੂੰ ਧੀਰਜ ਨਾਲ ਡਟਿਆ ਰਹੁ,
ਕੋਈ ਦਿਨ ਆ ਹੀ ਜਾਵੇਗਾ।
ਸਚਾਈ ਦਾ ਅਵਾਜ਼ਾ ਉਠ ਕੇ,
ਤਬਦੀਲੀ ਲਿਆਵੇਗਾ।
ਫਤੇ ਦਾ ਹਾਰ, ਤੇਰੇ ਗਲ,
ਸਮਾਂ ਖੁਦ ਆ ਕੇ ਪਾਵੇ ਗਾ।
ਏ ਹਿੰਦੁਸਤਾਨ ਤੇਰਾ ਹੇ,

ਤੇ ਤੇਰਾ ਹੀ ਕਹਾਵੇਗਾ।

ਬਹਾਦੁਰ ਹੱਸਦੇ ਤੇ ਖੇਡਦੇ,
ਖੇਡਣ ਗੇ ਜਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

੪.ਜੇ ਨੀਯਤ ਰਾਸ ਹੈ ਤੇਰੀ,
ਤਾਂ ਨੇੜੇ ਕਾਮਯਾਬੀ ਹੈ।
ਤੇਰੀ ਤਾਕਤ ਦੇ ਤਰਕਸ਼ ਵਿਚ,
ਤਮੱਨਾ ਬੇ ਹਿਸਾਬੀ ਹੈ।
ਖਿਜ਼ਾਂ ਮੁੱਕੀ ਖਲੋਤੀ ਹੈ,
ਬਹਾਰ ਆਈ ਗੁਲਾਬੀ ਹੈ।
ਅਗੇਰੇ ਹੀ ਰਿਹਾ ਤੁਰਦਾ,
ਹਮੇਸ਼ਾ ਤੋਂ ਪੰਜਾਬੀ ਹੈ।

ਪਿਆ ਹੈ ਹੁਣ ਤੇ ਸਾਂਝਾ ਭਾਰ,
ਹਿੰਦੂ ਮੁਸਲਮਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।