52896ਨਵਾਂ ਜਹਾਨ — ਕਾਣਾ ਘੁੰਡ1945ਧਨੀ ਰਾਮ ਚਾਤ੍ਰਿਕ

ਕਾਣਾ ਘੁੰਡ.

ਲੰਮੇ ਦੀਏ ਲੰਮੀਏ ਨਾਰੇ!
ਤੇਰੇ ਕਾਣੇ ਘੁੰਡ ਨੇ ਮਾਰਿਆ।

੧.ਘੁੰਡ ਦੇ ਉਹਲਿਓਂ ਦੁਨੀਆਂ ਛਾਣੇਂ,
ਸਭ ਨੂੰ ਤੱਕੇਂ, ਸਭ ਨੂੰ ਜਾਣੇਂ,

ਆਪੂੰ ਲੁਕ ਬਹੇਂ ਕਿਨਾਰੇ। ਤੇਰੇ ਕਾਣੇ......


੨.ਹੋਰਾਂ ਨਾਲ ਪਰੀਤਾਂ ਲਾਵੇਂ,
ਮਸਕੀਨਾਂ ਵਲ ਝਾਤ ਨ ਪਾਵੇਂ,

ਤੇਰੇ ਮਾਂਹ ਤੇ ਕਿਸੇ ਨਹੀਂ ਮਾਰੇ। ਤੇਰੇ ਕਾਣੇ......


੩.ਵੰਗਾਂ ਭੀ ਛਣਕਣ, ਝਾਂਜਰ ਬੋਲੇ,
ਕਿਉਂ ਬਹਿਨੀ ਏਂ, ਕਰ ਕਰ ਉਹਲੇ,

ਕਰ ਲੈਣ ਦੇ ਖੁਲੇ ਨਜ਼ਾਰੇ। ਤੇਰੇ ਕਾਣੇ......


੪.ਤੂੰ ਸਾਡੀ ਤੇ ਅਸੀਂ ਭੀ ਤੇਰੇ,
ਹਸ ਕੇ ਬਹੀਏ, ਹੋਈਏ ਨੇੜੇ,
ਹਟ ਜਾਣ ਭੁਲੇਖੇ ਸਾਰੇ।

ਤੇਰੇ ਕਾਣੇ ਘੁੰਡ ਨੇ ਮਾਰਿਆ।

————————