ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਆਸਤਕ-ਨਾਸਤਕ

੧.ਰੱਬ ਦਿਆ ਪੂਜਕਾ!
ਰੱਬ ਦਿਆ ਵਾਰਸਾ!
ਸੱਚਮੁਚ ਰੱਬ ਨੂੰ ਰੱਬ ਹੈਂ ਸਮਝਦਾ?
ਫੇਰ ਇਹ ਦੱਸ ਖਾਂ,
ਉਸ ਤੇਰੇ ਰੱਬ ਨੇ,
ਤੈਨੂੰ ਹੀ ਆਪਣਾ ਆਪ ਕਿਉਂ ਸੌਂਪਿਆ?
੨.ਜੇ ਤੇਰੀ ਰਾਇ ਵਿਚ,
ਏਹੋ ਗੱਲ ਠੀਕ ਹੈ,
ਤਾਂ ਤੇ ਤੂੰ ਰੱਬ ਨੂੰ ਠੀਕ ਨਹੀਂ ਸਮਝਿਆ।
ਗ਼ਰਜ਼ ਦਾ ਰੱਬ, ਤੂੰ ਆਪ ਹੈ ਘੜ ਲਿਆ।
ਆਸਤਕ ਹੋਣ ਦਾ ਨਿਰਾ ਇਕ ਡਾਮ ਹੈ।
ਹੋਰਨਾਂ ਰੱਬ ਦਿਆਂ ਬੰਦਿਆਂ ਵਾਸਤੇ,
ਤੇਰੇ ਵਿਚ ਕੋਈ ਚਿਣਗ ਨਹੀਂ ਸਤਕਾਰ ਦੀ।
ਤੂੰ ਉਨ੍ਹਾਂ ਨੂੰ ਕੋਈ ਹੱਕ ਨਹੀਂ ਬਖਸ਼ਦਾ-
ਅੰਦਰੇ ਬੈਠ ਕੇ,
ਆਪਣੇ ਰੱਬ ਨੂੰ,
ਜਿਸ ਤਰ੍ਹਾਂ ਚਾਹੁਣ ਓਹ; ਕਹਿ ਸਕਣ ਦਿਲ ਦੀਆਂ।

੩. ਇੱਕ ਇਨਸਾਨ,
ਜੋ ਨੇਕ ਹੈ, ਪਾਕ ਹੈ,
ਚਾਹੁੰਦਾ ਏ ਰਾਤ ਦਿਨ ਭਲਾ ਸੰਸਾਰ ਦਾ,
ਦੂਜਿਆਂ ਸਾਰਿਆਂ ਵਾਂਗ ਹੀ ਸਾਊ ਹੈ।
ਚਾਹੇ ਹੈ ਮੁਸਲਮਾਂ,
ਚਾਹੇ ਈਸਾਈ ਹੈ,
ਆਰਯਾ, ਪਾਰਸੀ,
ਜੈਨ ਜਾਂ ਵੈਸ਼ਨੋ,
ਤੂੰ ਉਹਨੂੰ ਵੇਖ ਕੇ ਕੁੜ੍ਹਨ ਕਿਉਂ ਲਗ ਪਏਂ?
ਜੋ ਤੇਰੇ ਢੰਗ ਤੇ ਰੱਬ ਨਹੀਂ ਪੂਜਦਾ
ਤੂੰ ਉਦ੍ਹੇ ਰਾਹ ਵਿਚ ਖੜਾ ਕਿਉਂ ਹੋ ਰਹੇਂ?
੪.ਰੱਬ ਤਾਂ ਕਦੇ ਭੀ
ਬੁਰਾ ਨਹੀਂ ਮੰਨਦਾ
ਮਾੜਿਆਂ ਚੰਗਿਆਂ ਵਾਸਤੇ ਓਸਦੇ——
ਬੂਹੇ ਤਾਂ ਕਦੇ ਵੀ ਬੰਦ ਨਹੀਂ ਹੋ ਸਕੇ।
ਤੂੰਹੇਂ ਕਿਉਂ ਓਸਦਾ ਸੋਧਰਾ ਬਣ ਗਿਓਂ?
ਯਾ ਤੇਰੀ ਸਮਝ ਦੇ ਵਿੱਚ ਕੁਝ ਊਣ ਹੈ,
ਯਾ ਤੇਰਾ ਰੱਬ ਕੋਈ ਵੱਖਰਾ ਰੱਬ ਹੈ।