ਨਵਾਂ ਜਹਾਨ/ਅਖੀਆਂ
ਅਖੀਆਂ
ਅਖੀਆਂ ਬੁਰੀ ਬਲਾ,ਵੇ ਲੋਕੋ!
ਅਖੀਆਂ ਬੁਰੀ ਬਲਾ।
੧.ਲੰਮੀ ਲਗਨ,
ਅਨੋਖੇ ਸੁਪਨੇ,
ਅਣਹੋਣੇ ਜਿਹੇ ਚਾ,ਵੇ ਲੋਕੋ! ਅਖੀਆਂ……
੨.ਫੱਟਿਆਂ ਜਾਣਾ ਤੇ
ਚੈਨ ਨ ਲੈਣਾ,
ਅਲ੍ਹੜ ਜਿਹਾ ਸੁਭਾ, ਵੇ ਲੋਕੋ! ਅਖੀਆਂ……
੩.ਗੋਤਾ ਲਾਉਣ,
ਸਮੁੰਦਰੋਂ ਡੂੰਘਾ,
ਤਾਰਿਆਂ ਤੀਕ ਚੜ੍ਹਾ,ਵੇ ਲੋਕੋ!
੪.ਆਪੇ ਲੱਗਣ ਤੇ
ਆਪੇ ਲੂਸਣ,
ਭਾਂਬੜ ਲੈਣ ਮਚਾ, ਵੇ ਲੋਕੋ!
੫.ਰੋੜ੍ਹੇ ਪਈਆਂ
ਜਾਣ ਨ ਠਲ੍ਹੀਆਂ,
ਠੇਲ੍ਹ ਸੁਟਣ ਦਰਯਾ,ਵੇ ਲੋਕੋ!
੬.ਆਪ ਸ਼ਿਕਾਰੀ ਤੇ
ਆਪੇ ਪੰਛੀ,
ਆਪੇ ਖੇਡਣ ਦਾ,ਵੇ ਲੋਕੋ!
ਅਖੀਆਂ ਬੁਰੀ ਬਲਾ।