ਦਿਲ ਹੀ ਤਾਂ ਸੀ/ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂ

ਦਿਲ ਹੀ ਤਾਂ ਸੀ
 ਬਲਬੀਰ ਢਿੱਲੋਂ
ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂ
32478ਦਿਲ ਹੀ ਤਾਂ ਸੀ — ਵਿਸ਼ ਭਰੇ ਸਾਗਰ ਵਿਚੋਂ ਅੰਮ੍ਰਿਤ ਦੀਆਂ ਬੂੰਦਾਂਬਲਬੀਰ ਢਿੱਲੋਂ






ਵਿਸ਼ ਭਰੇ ਸਾਗਰ ਵਿਚੋਂ
  ਅੰਮ੍ਰਿਤ ਦੀਆਂ ਬੂੰਦਾਂ








ਸੋਚਦਾ ਹੁੰਦਾ ਸਾਂ ਕਿ ਬੀ.ਏ. ਪਾਸ ਕਰਨ ਪਿਛੋਂ ਕੋਈ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਫੇਰ ਸਾਰੇ ਦੇਸ਼ ਘੁੰਮ ਫਿਰ ਸੱਕਾਂਗਾ। ਚੰਗੀਆਂ ਚੰਗੀਆਂ ਥਾਵਾਂ ਵੇਖਾਂਗਾ, ਚੰਗੇ ਖ਼ਿਆਲ ਲੈਕੇ ਮੁੜਾਂਗਾ, ਪਰ ਪਿਛਲੇ ਦੋ ਸਾਲਾਂ ਤੋਂ ਇਹ ਸਾਰੀਆਂ ਖ਼ਾਹਿਸ਼ਾਂ ਏਸ ਪਿੰਡ ਦੀ ਥੋੜੀ ਜਿੰਨੀ ਜ਼ਮੀਨ ਵਿੱਚ ਹੀ ਸੀਮਤ ਹੋਕੇ ਰਹਿ ਗਈਆਂ। ਅਤੇ ਏਹਨਾਂ ਦੀ ਹੱਦ ਇਹ ਰੋਹੀ ਦਾ ਕੰਢਾ ਸੀ, ਛਾਹ ਵੇਲੇ ਦਾ ਵੇਲਾ ਸੀ, ਮੈਂ ਹੱਲ ਡੱਕਕੇ ਰੋਹੀ ਵੱਲ ਟੁਰ ਗਿਆ। ਮੈਂ ਸੋਚਿਆ ਕਿ ਰੋਟੀ ਦੇ ਆਉਣ ਤੱਕ ਮੈਂ ਹੱਥ ਮੂੰਹ ਧੋ ਅਤੇ ਦਾਤਣ ਕੁਰਲਾ ਕਰ ਲਵਾਂ। ਸਾਹਮਣੇ ਰੋਹੀ ਦੇ ਪਾਰਲੇ ਕੰਢੇ ਇੱਕ ਮੇਮ ਤੇ ਇੱਕ ਸਾਹਬ ਚਲੇ ਆ ਰਹੇ ਸਨ। ਸਾਹਬ ਦੇ ਹੱਥ ਵਿੱਚ ਬੰਦੂਕ ਸੀ ਤੇ ਉਹ ਹੁਲਾਰੇ ਮਾਰ ਮਾਰ ਕੇ ਚੱਲ ਰਿਹਾ ਸੀ। ਮੇਮ ਦੇ ਹੱਥ ਵਿਚ ਤਿੱਤਰ ਦੀ ਇੱਕ ਲੱਤ ਸੀ ਤੇ ਉਸਦੀ ਲੱਤ ਨੂੰ ਮਰੋੜੇ ਦੇ ਦੇ ਕੇ ਉਸਨੂੰ ਭੰਬੀਰੀ ਬਣਾ ਰਹੀ ਸੀ। ਮੇਰੇ ਬਰਾਬਰ ਆਕੇ ਸਾਹਬ ਨੇ ਮੈਨੂੰ ਪੁੱਛਿਆ “ਹੇਈ ਕਿੱਡ" ਮੈਂ ਚੌਕੰਨਾਂ ਹੋਕੇ ਜਵਾਬ ਦਿੱਤਾ ‘ਯਾਹ' ਉਸ ਅੰਗਰੇਜ਼ੀ ਵਿਚ ਮੈਥੋਂ ਪੁੱਛਿਆ ਕਿ ਉਥੋਂ ਰੋਹੀ ਦਾ ਪੁੱਲ ਕਿੰਨੀ ਦੂਰ ਬਾਕੀ ਸੀ। ਉਥੇ ਉਨ੍ਹਾਂ ਦੀ ਕਾਰ ਖੜੀ ਸੀ, ਉਹ ਸ਼ਿਕਾਰ ਆਏ ਸਨ ਤੇ ਗੱਲਾਂ ਗੱਲਾਂ ਵਿੱਚ ਦੂਰ ਨਿੱਕਲ ਆਏ ਸਨ। ਇਹ ਕਿੱਡੀ ਸਾਰੀ ਲੰਮੀਂਂ ਗੱਲ ਉਹ ਇਕੋ ਹੀ ਸਾਹ ਵਿਚ ਕਹਿ ਗਿਆ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਪੁਲ ਤਾਂ ਉਥੋਂ ਦੋ ਮੀਲ ਦੂਰ ਹੈ ਤੇ ਕਾਰ ਤੱਕ ਪੁੱਜਣ ਲਈ ਉਨਾਂ ਨੂੰ ਫੇਰ ਮੁੜਕੇ ਇੱਕ ਮੀਲ ਵਾਪਸ ਰੋਹੀ ਦੇ ਇਸ ਪਾਰ ਦੇ ਕੰਢੇ ਜਿਸ ਪਾਸੇ ਮੈਂ ਖੜਾ ਸਾਂ, ਆਣਾ ਪਏਗਾ। ਤੇ ਜੇ ਉਥੋਂ ਹੀ ਰੋਹੀ ਨੂੰ ਪਾਰ ਕਰ ਲੈਣ ਤਾਂ ਉਨ੍ਹਾਂ ਦੇ ਵਕਤ ਦੀ ਖਾਸੀ ਬੱਚਤ ਹੋ ਜਾਵੇਗੀ।

ਪਾਣੀ ਕੋਈ ਤਿੰਨ ਕੁ ਫੁਟ ਡੂੰਘਾ ਜ਼ਰੂਰ ਸੀ! ਏਸ ਲਈ ਮੇਮ ਨੇ ਕਦੀ ਸਾਹਬ ਵਲ ਤੇ ਕਦੀ ਪਾਣੀ ਵਲ, ਕਦੇ ਆਪਣੇ ਆਪ ਵੱਲ ਤੇ ਕਦੇ ਪਾਣੀ ਵਲ ਤੱਕਿਆ।

"ਜੇਕਰ ਤੁਸੀਂ ਮਹਿਸੂਸ ਨਾ ਕਰੋ ਮੈਂ ਤੁਹਾਨੂੰ ਚੁਕ ਕੇ ਪਾਰ ਲੰਘਾ ਦੇਂਦਾ ਹਾਂ," ਏਹ ਸੱਭ ਕੁਝ ਮੈਂ ਬਿਨਾਂ ਸੋਚੇ ਸਮਝੇ ਹੀ ਕਹਿ ਗਿਆ, ਪਰ ਮੇਰੀ ਏਸ ਗੱਲ, ਤੇ ਉਨ੍ਹਾਂ ਦੇ ਉਸ ਜਵਾਬ ਦੇ ਇਸ ਵਿਚਲੇ ਸਮੇਂ ਵਿੱਚ ਮੈਨੂੰ ਆਪਣੀ ਏਸ ਬੇਵਕੂਫੀ ਤੇ ਬੜਾ ਗੁੱਸਾ ਜਿਹਾ ਆਇਆ, ਤਰਸ ਜਿਹਾ ਅਤੇ ਹੋਰ ਬੜਾ ਕੁੱਝ, ਜੋ ਕੁਝ ਅਜਿਹੇ ਸਮੇਂ ਇੱਕ ਖਿਚੋਤਾਣ ਜਹੀ ਵਿੱਚ ਫਸਿਆ ਆਦਮੀ ਮਹਿਸੂਸ ਕਰਦਾ ਹੈ। “ਏਹ ਤਾਂ ਬੜੀ ਚੰਗੀ ਗੱਲ ਹੈ" ਉਨ੍ਹਾਂ ਉੱਤਰ ਦਿੱਤਾ।

ਆਪਣੇ ਕਹੇ ਅਨੁਸਾਰ ਮੈਨੂੰ ਉਹ ਕਰਨਾ ਹੀ ਪੈਣਾ ਸੀ। ਮੈਂ ਜੁਤੀ ਲਾਹੀ, ਚਾਦਰ ਦੀ ਲਾਂਗੜ ਖਿੱਚੀ ਤੇ ਰੋਹੀ ਦੇ ਪਾਰ ਲੰਘ ਗਿਆ ਤੇ ਆਪਣੀ ਪਿੱਠ ਸਾਹਬ ਅੱਗੇ ਡਾਹ ਦਿੱਤੀ। ਸਾਹਬ ਮੇਰੀ ਐਨ ਧਾਉਣ ਦੇ ਨਾਲ, ਇੱਕ ਲੱਤ ਮੇਰੇ ਖੱਬੇ ਫੇਫੜੇ ਅਗੇ, ਦੂਜੀ ਦੂਜੇ ਅੱਗੇ ਲਟਕਾ ਕੇ ਬੈਠ ਗਿਆ। ਉਸਨੂੰ ਪਾਰ ਉਤਾਰ ਕੇ ਮੈਂ ਫੇਰ ਮੁੜ ਗਿਆ। ਏਸੇ ਤਰ੍ਹਾਂ ਹੀ ਮੇਮ ਨੂੰ ਬਿਠਾ ਕੇ ਮੁੜਿਆ, ਪਰ ਪਤਾ ਨਹੀਂ ਕੁਝ ਚਿੱਰ ਲਈ ਮੈਂ ਏਹ ਭੁਲ ਗਿਆ ਕਿ ਏਹ ਗਰਮੀਆਂ ਦੇ ਦਿਨ ਨੇ, ਕਿਉਂਕਿ ਮੇਰੇ ਅੰਦਰ ਇੱਕ ਕੰਬਣੀ ਜਿਹੀ ਛਿੱੱੜ ਗਈ। ਮੈਂ ਆਪਣਾ ਮੂੰਹ ਉਤਾਂਹ ਚੁਕ ਕੇ ਉਪਰ ਵੱਲ ਤੱਕਿਆ ਤਾਂ ਇਓਂ ਲਗਾ ਕਿ ਪਹਾੜਾਂ ਦੀਆਂ ਟੀਸੀਆਂ ਬਰਫਾਂ ਨਾਲ ਢੱਕੀਆਂ ਗਈਆਂ ਨੇ ਤੇ ਮੈਂ ਜਿਵੇਂ ਰੁਤਾਂਗਪਾਸ ਤੋਂ ਦੀ ਲੰਘ ਰਿਹਾ, ਅਤੇ ਮੇਰਾ ਸਾਹ ਫੁਲਦਾ ਜਾਂਦਾ ਹੈ। ਮੇਰੇ ਕੰਨਾਂ ਵਿੱਚ ਜਿਵੇਂ ਝੱਫੇ ਆ ਗਏ ਹੋਣ ਅਤੇ ਮੈਂ ਕੁਝ ਵੀ ਨਾ ਸੁਣ ਸੱਕਦਾ ਹੋਵਾਂ। ਪਰ ਦੂਜੀ ਹੀ ਘੜੀ ਜਿਵੇਂ ਮੈਂ ਉਨ੍ਹਾਂ ਟੀਸੀਆਂ ਤੋਂ ਥੱਲੇ ਆ ਗਿਆ ਤੇ ਮੇਰੇ ਕੰਨਾਂ ਦੇ ਝਫੇ ਵੀ ਖੁਲ੍ਹ ਗਏ। ਕਿਸੇ ਦੀ ਅਵਾਜ਼ ਮੇਰੇ ਕੰਨਾਂ ਵਿਚ ਪਈ। ਕੋਈ ਕਹਿ ਰਿਹਾ ਸੀ ਚੱਲ ਚੱਲ ਖਲੋ ਕਿਉਂ ਗਿਆ ਹੈਂ? ‘ਖਲੋ ਕਿਉਂ ਗਿਆ’ ਦਾ ਜੁਵਾਬ ਮੈਂ ਕੀ ਦੇਂਦਾ ਜੱਦ ਮੈਨੂੰ ਆਪ ਨੂੰ ਵੀ ਪਤਾ ਨਹੀਂ ਸੀ। ਖੈਰ, ਮੈਂ ਚਲ ਪਿਆ, ਮੇਮ ਨੂੰ ਕੰਢ ਤੇ ਆਣ ਲਾਇਆ। ਉਨ੍ਹਾਂ ਨੇ ਸ਼ੁਕਰੀਏ ਦੇ ਦੋ ਚਾਰ ਲਫਜ਼ ਕਹੇ ਤੇ ਨਾਲ ਵੀਹ ਰੁਪਏ ਸਾਹਬ ਨੇ ਆਪਣੀ ਹਿੱਪ ਪਾਕਟ ਚੋਂ ਕੱਢ ਕੇ ਮੇਰੇ ਵੱਲ ਵਧਾਏ। ਮੈਂ ਜ਼ਬਾਨ ਤੋਂ ਨਾਂਹ ਕਰ ਦਿੱਤੀ। ਪਰ ਮੇਰਾ ਸੱਜਾ ਹੱਥ ਮੇਰੀ ਸਜੀ ਵੱਖੀ ਵਲੋਂ ਮੈਥੋਂ ਚੋਰੀ ਅਗੇ ਵਧਿਆ ਤੇ ਉਸ ਜਾ ਉਨ੍ਹਾਂ ਨੋਟਾਂ ਨੂੰ ਫੜਿਆ! ਉਨ੍ਹਾਂ ਫੇਰ "ਥੈਂਕਯੂ" ਕਿਹਾ ਤੇ ਮੈਂ ਸਿਰਫ ਮੁਸਕਰਾ ਹੀ ਸੱਕਿਆ। ਉਨ੍ਹਾਂ ਚਲਣਾ ਸ਼ੁਰੂ ਕੀਤਾ ਤੇ ਓਸ ਘੜੀ ਵਿੱਚ ਮੈਂ ਕੀ ਕੀਤਾ, ਮੈਨੂੰ ਬਿਲਕੁਲ ਪਤਾ ਨਹੀਂ। ਮੈਨੂੰ ਕੁਝ ਯਾਦ ਨਹੀਂ ਕਿ ਮੈਂ ਉਸ ਵੇਲੇ ਕੀ ਸੋਚਿਆ ਹੋਊ। ਮੈਨੂੰ ਏਹ ਵੀ ਯਾਦ ਨਹੀਂ ਕਿ ਮੈਂ ਉਸ ਵੇਲੇ ਕੀ ਮਹਿਸੂਸ ਕੀਤਾ ਹੋਊ ਕਿ ਮੈਂ ਆਦਮੀ ਸਾਂ, ਜਾਨਵਰ ਸਾਂ, ਗਧਾ ਸਾਂ ਕਿ ਮੰਗਤਾ ਸਾਂ ਕਿ ਜਾਂ ਸਿਰਫ ਦਸਾਂ ਦਲਾਂ ਦੇ ਦੋ ਪਾਪੇ ਸਾਂ। "ਵੀਰ ਜੀ! ਵੀਰ ਜੀ!!" ਕਿਸੇ ਦੀ ਅਵਾਜ਼ ਸੀ। ਮੇਰੀ ਭੈਣ ਰੋਟੀ ਲੈ ਕੇ ਆ ਗਈ ਸੀ, ਮੈਂ ਬੜਾ ਖੁਸ਼ ਹੋਇਆ, ਜੁੱਤੀ ਰੋਹੀ ਤੇ ਭੁਲ ਕੇ ਆਪਣੀ ਭੈਣ ਵੱਲ ਨੱਸ ਉੱਠਾ। “ਰੋਟੀ ਖਾ ਲਓ ਵੀਰ ਜੀ।” “ਨਹੀਂ ਮੈਨੂੰ ਭੁੱਖ ਨਹੀਂ" "ਵੀਰ ਜੀ ਤੁਸੀਂ ਕਦੀ ਵੀ ਪਹਿਲੀ ਵੇਰ ਹਾਂ ਨਹੀਂ ਕੀਤੀ, ਜਾਓ, ਮੈਂ ਕਦੀ ਵੀ ਤੁਹਾਨੂੰ ਕੋਈ ਗੱਲ ਨਹੀਂ ਮਨਵਾਇਆ ਕਰਨੀ।"

"ਝਲੀਏ, ਮੈਂ ਤੇਰੀ ਦੱਸ ਕਿਹੜੀ ਗੱਲ ਨਹੀਂ ਮੰਨਦਾ। ਮੈਂ ਤੇ ਸਦਾ ਏਹੋ ਚਾਹੁੰਨਾ ਕਿ ਮੈਂ ਸਦਾ ਤੇਰੇ ਕੰਮ ਆ ਸਕਾਂ। ਪਰ ਮੈਂ ਅੱਜ ਤੇਰੀ ਤਾਂ ਮੰਨਾਂਗਾ ਜੇ ਤੂੰ ਮੇਰੀ ਇਕ ਮੰਨੇ।" ਉਸ ਕਿਹਾ, "ਉਹ ਕੀ?" ਮੈਂ ਦਸਾਂ ਦਾ ਨੋਟ ਉਸ ਦੀ ਤਲੀ ਤੇ ਰਖ ਦਿਤਾ ਤੇ ਉਸ ਦੀ ਇੱਕ ਨਾ ਸੁਣੀ ਤੇ ਇਕੋ ਸਾਹੇ ਕਹਿ ਗਿਆ “ਜੇ ਭਾਈਆ ਜੀ ਆਉਣ ਤੇ ਕਹਿ ਦਈਂ ਮੈਂ ਕਿਸੇ ਕੰਮ ਚਲਿਆਂ, ਉਹ ਆਪੇ ਪਿਛੋਂ ਸੰਭਾਲ ਲੈਣਗੇ।" ਰੋਹੀ ਤੇ ਆਕੇ ਜੁੜੀ ਪਾਈ ਤੇ ਪਿੰਡ ਆਕੇ ਫੁਰਨਾ ਫੁਰਿਆ ਕਿ ਏਸ ਹਰਾਮ ਦੀ ਕਮਾਈ ਨਾਲ ਦਿੱਲੀ ਵੇਖੀ ਜਾਵੇ। ਏਹ ਮੈਂ ਕਿਉਂ ਦੱਸਾਂ ਕਿ ਮੈਂ ਦਿੱਲੀ ਕਦੀ ਨਹੀਂ ਸੀ ਵੇਖੀ, ਪਰ ਮੈਂ ਵੇਖੀ ਸੱਚ ਮੁਚ ਹੀ ਨਹੀਂ ਸੀ। ਇਹ ਸੋਚਣ ਦੀ ਲੋੜ ਹੀ ਨਾ ਪਈ ਕਿ ਦਿੱਲੀ ਜਾ ਕੇ ਰਵ੍ਹਾਂਂਗਾ ਕਿਥੇ? ਤੇ ਖਾਂਵਾਂਗਾ ਕੀ। ਇੱਕ ਭਾੜਾ ਪੁੱਛਣਾ ਹੀ ਯਾਦ ਰਿਹਾ ਸੋ ਪੁਛਿਆ ਤੇ ਪਤਾ ਲੱਗਾ ਕਿ ਦਸਾਂ ਤੋਂ ਅੰਦਰ ਅੰਦਰ ਹੀ ਏ। ਟਿਕਟ ਲਈ ਤੇ ਗੱਡੀ ਬਹਿ ਗਿਆ। ਪੰਜ ਛੇ ਟੇਸ਼ਣ ਜਾਕੇ ਮੈਂ ਤ੍ਰਿਹ ਮਹਿਸੂਸ ਕੀਤੀ। ਆਪਣੇ ਡੱਬੇ ਵਿਚੋਂ ਨਿਕਲ ਮੈਂ ਅਗਾਂਹ ਵੱਲ ਪਲੇਟਫਾਰਮ ਤੇ ਚਲਣਾ ਸ਼ੁਰੂ ਕੀਤਾ। ਇਕ ਮੈਨੂੰ ਤਿੱਖੀ ਟੋਪੀ ਪਾਈ, ਖੱਦਰ ਦੀ ਪੁਸ਼ਾਕ, ਬਸ ਇਕ ਬੂਟ ਹੀ ਚਮੜੇ ਦੇ ਹੋਣਗੇ ਅਤੇ ਉਸਦਾ ਵੱਸ ਜਾਂਦਾ ਤੇ ਉਹ ਵੀ ਖਵਰੇ ਖੱਦਰ ਦੇ ਹੀ ਬਣਵਾ ਲੈਂਦਾ, ਵਾਹੋ ਦਾਹੀ ਫਸਟ ਕਲਾਸ ਦੇ ਡੱਬੇ ਵਲ ਜਾਂਦਾ ਮਿਲਿਆ। ਮੈਂ ਹੌਸਲਾ ਕਰਕੇ ਪੁੱਛ ਹੀ ਲਿਆ, “ਨਤਾ! ਕੀ ਏਥੇ ਕੋਈ ਪਾਣੀ ਵਗੈਰਾ ਮਿਲ ਜਾਵੇਗਾ?".........."ਹਾਂ ਹਾਂ, ਜ਼ਰੂਰ" ਅਗਾਂਹ ਵੱਲ ਹੱਥ ਕਰਕੇ ਕਹਿਣ ਲੱਗਾ-“ਅਗੇ ਨਲਕਾ ਹੈ" ਮੈਂ ਚਲਦਾ ਗਿਆ, ਪਲੇਟਫਾਰਮ ਮੁਕ ਗਿਆ ਪਰ ਨਲਕਾ ਨਾ ਆਇਆ। ਮੈਂ ਉਥੋਂ ਜਾਕੇ ਇਕ ਕੁਲੀ ਪਾਸੋਂ ਪੁਛਿਆ ਤੇ ਉਸ ਮੈਨੂੰ ਦੱਸਿਆ ਕਿ ਨਲਕਾ ਤੇ ਪਲੇਟ ਫਾਰਮ ਦੇ ਦੂਜੇ ਸਿਰੇ ਵੱਲ ਸੀ। ਮੈਂ ਵਾਪਸ ਮੁੜਿਆ। ਨਲਕਾ ਤੇ ਲੱਭ ਪਿਆ ਪਰ ਏਹ ਨਲਕਾ ਸੀ ਕਿ ਬੁਝਾਰਤ। ਪਤਾ ਈ ਨਹੀਂ ਸੀ ਲੱਗਦਾ ਕਿ ਉਹ ਚਲਦਾ ਕਿਵੇਂ ਹੈ। ਆਖੀਰ ਉਸ ਸਾਮ੍ਹਣੇ ਲਗੇ ਬੱਟਣ ਨੂੰ ਦਬਿਆ। ਪਾਣੀ ਦੀ ਧਾਰ ਉਠ ਕੇ ਮੇਰੇ ਉਤੇ ਆਣ ਪਈ, ਪਈ ਵੀ ਸਿੱਧੀ ਅੱਖਾਂ ਵਿਚ। ਬੜਾ ਗੁਸਾ ਆਇਆ ਪਰ ਏਹ ਕਿਸੇ ਦਾ ਕਸੂਰ ਥੋੜਾ ਸੀ। ਅਜੇ ਇੱਕ ਘੁਟ ਪਾਣੀ ਦਾ ਪੀਤਾ ਸੀ ਤੇ ਦੂਜਾ ਸੰਘ ਵਿੱਚ ਹੀ ਸੀ ਕਿ ਗਾਰਡ ਨੇ ਝੰਡੀ ਦੇ ਦਿੱਤੀ, ਉਸਨੇ ਹੇਠ ਉਤੇ ਦੋ ਤਿੰਨ ਵਿਸਲਾਂ ਦਿੱਤੀਆਂ, ਝੰਡੀ ਕੀਤੀ ਤੇ ਗੱਡੀ ਚੱਲ ਪਈ। ਮੈਂ ਵੀ ਇਹਦੀ ਬਜਾਏ ਕਿ ਪਾਣੀ ਪੀਂਦਾ, ਇਹ ਸਭ ਕੁਝ ਹੁੰਦਾ ਵੇਖਦਾ ਰਿਹਾ।

ਪਾਣੀ ਦਾ ਘੁਟ ਵੀ ਭੱਜੇ ਆਉਂਦਿਆਂ ਹੀ ਲੰਘਾਇਆ। ਗੱਡੀ ਅਗੇ ਹੀ ਕਾਫੀ ਪਲੇਟ ਫਾਰਮ ਲੰਘ ਕੇ ਖਲੋਤੀ ਸੀ। ਇਸ ਦੀ ਸਪੀਡ ਵੀ ਕਾਫੀ ਤੇਜ਼ ਹੋ ਗਈ ਸੀ। ਆਪਣੇ ਡੱਬੇ ਤੱਕ ਪੁਜਣਾ ਮੁਸ਼ਕਲ ਸੀ, ਮੈਂ ਕਿਸੇ ਹੋਰ ਹੀ ਡੱਬੇ ਵਿਚ ਪਲਾਕੀ ਮਾਰੀ ਤੇ ਚੜ੍ਹ ਗਿਆ। ਅੰਦਰ ਜਾਕੇ ਵੇਖਿਆ ਤੇ ਭੁਲੇਖਾ ਪਿਆ ਕਿ ਜਾਂ ਤਾਂ ਮੈਂ ਕਿਸੇ ਮਹਿਲ ਵਿੱਚ ਆ ਗਿਆ ਹਾਂ ਜਾਂ ਕਿਸੇ ਚਿੜੀਆ ਘਰ ਵਿੱਚ। ਪਰ ਏਹ ਦੋਵੇਂ ਚੀਜ਼ਾਂ ਹੀ ਨਹੀਂ ਸਨ ਹੋ ਸਕਦੀਆਂ ਕਿਉਕਿ ਗੱਡੀ ਦੀ ਲਾਈਨ ਤੇ ਤਾਂ ਗੱਡੀ ਦਾ ਡੱਬਾ ਹੀ ਹੋ ਸਕਦਾ ਸੀ।

ਏਸ ਵਿੱਚ ਸੱਭ ਕੁਝ ਤੇ ਬੜਾ ਕੁਝ ਸੀ। ਪਰ ਮੋਟੀਆਂ ਮੋਟੀਆਂ ਚੀਜ਼ਾਂ ਵਿਚੋਂ ਅੱਠ ਦੱਸ ਪਿੰਜਰੇ ਜਿਨ੍ਹਾਂ ਵਿੱਚ ਦੋ ਤੋਤੇ, ਦੋ ਕਾਲੇ ਤਿੱਤਰ, ਪੰਜ ਬਟੇਰ ਤੇ ਏਹ ਸਾਰੇ ਆਪੋ ਆਪਣੀਆਂ ਬੋਲੀਆਂ ਬੋਲ ਰਹੇ ਸਨ ਪਰ ਕੋਈ ਵੱਡੀ ਸਾਰੀ ਚੀਜ਼ ਜਿਸ ਨੇ ਤਕਰੀਬਨ ਦਸਾਂ ਕੁ ਬੰਦਿਆਂ ਦੀ ਥਾਂ ਘੇਰੀ ਹੋਈ ਸੀ, ਉਸਦਾ ਵੀ ਬੁਲਾਰਾ ਇਕੋ ਤਾਲ ਨਾਲ ਮਿਲ ਜਾਂਦਾ ਸੀ। ਏਹ ਸਨ ਕੋਈ ਲੱਖਾਂ ਸ਼ਾਹ-ਕੋਈ ਕਰੋੜੀ ਮੱਲ, ਮਿੱਲਾਂ ਦਿੱਤਾ, ਪਰ ਨਾਂ ਤਾਂ ਮੈਨੂੰ ਆਉਂਦਾ ਨਹੀਂ, ਉਸ ਦੇ ਉਨ੍ਹਾਂ ਘਰਾੜਿਆਂ ਦੀ ਅਵਾਜ਼ ਯਾਦ ਹੈ ਜੋ ਕਦੇ ਕਦੇ ਸਾਡੇ ਪਿੰਡ ਦਾ ਖਰਾਸ ਚਲਣ ਤੇ ਉਨ੍ਹਾਂ ਦੀ ਯਾਦ ਦਿਵਾਉਂਦੀ ਹੈ। ਸੇਠ ਦੀਆਂ ਵੱਡੀਆਂ ਦੋ ਮੁੱਛਾਂ ਹਰ ਸਾਹ ਨਾਲ ਉਤੇ ਉਠਦੀਆਂ ਤੇ ਸੱਠ ਦਰਜੇ ਦਾ ਜ਼ਾਵੀਆ ਬਣਾ ਕੇ ਫੇਰ ਬੁਲਾਂ ਤੇ ਆ ਟਿਕਦੀਆਂ ਸਨ।

ਇੱਕ ਮੁੱਛ ਦੇ ਹੇਠ ਆਈ ਹੋਈ, ਕਮੇਟੀ ਦੇ ਨਲਕੇ ਦੀ ਮੁਟਾਈ ਜਿੰਨੀ ਇੱਕ ਹੁੱਕੇ ਦੀ ਨੜੀ ਉਸ ਨੂੰ ਠੀਕ ਤਰ੍ਹਾਂ ਬੁਲ੍ਹਾਂ ਤੇ ਟਿਕਣ ਨਹੀਂ ਸੀ ਦਿੰਦੀ। ਹੁੱਕਾ ਕਮਰੇ ਦੀ ਦੂਸਰੀ ਨੁਕਰ ਵਿੱਚ ਚਾਰ ਬੰਦਿਆਂ ਦਾ ਥਾਂਹ ਘੇਰੀ ਪਿਆ ਸੀ। ਮੈਂ ਇੱਕ ਪਾਸਿਓਂ ਉਤਲੇ ਪੱਖੇ ਤੋਂ ਸਿਰ ਬਚਾਕੇ ਸਮਾਨ ਵਾਲੀ ਸੀਟ ਤੇ ਇੱਕ ਲੰਮ ਤਲੰਮੇ ਬਕਸੇ ਪਿੱਛੇ ਜਾ ਲੰਮਾ ਪਿਆ। ਬਕਸੇ ਦੀ ਲੰਬਾਈ ਉਚਾਈ, ਮੈਨੂੰ ਪਿਛੇ ਲਕੋ ਲੈਣ ਲਈ ਕਾਫੀ ਸੀ। ਫੇਰ ਮੇਰੀ ਨਜ਼ਰ ਸੇਠ ਦੀ ਤੋਂਦ ਵੱਲ ਗਈ, ਜੋ ਇੱਕ ਖਾਸੀ ਵੱਡੀ ਤਜੋਰੀ ਵਾਂਗ ਸੀ। ਫੇਰ ਮੈਂ ਸੋਚਿਆ ਕਿ ਸ਼ਾਇਦ ਏਸੇ ਲਈ ਕਈ ਲੋਕ ਰੁਪਏ ਪੈਸੇ ਦੀ ਤਲਾਸ਼ ਵਿੱਚ ਏਨ੍ਹਾਂ ਦੇ ਪੇਟ ਚਾਕ ਕਰ ਦੇਂਦੇ ਨੇ। ਪਰ ਮੈਨੂੰ ਪਤਾ ਹੈ ਕਿ ਨਿਕਲਦੀ ਏਨਾਂ ਵਿਚੋਂ ਕੱਚੀ ਕੌਡੀ ਵੀ ਨਹੀਂ। ਇੱਕ ਵਾਰ ਮੈਂ ਇਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਜੇਕਰ ਅਜਿਹੇ ਪੇਟ ਚਾਕ ਕੀਤੇ ਜਾਣ ਤਾਂ ਉਸ ਲਿਖਾਰੀ ਦਾ ਅੰਦਾਜ਼ਾ ਸੀ ਕਿ ਵਿਚੋਂ ਬਹੁਤ ਸਾਰਾ ਲਹੂ ਨਿਕਲੇਗਾ ਜਿਸ ਦੀ ਰੰਗਤ ਏਨ੍ਹਾਂ ਦੇ ਆਪਣੇ ਲਹੂ ਦੀ ਰੰਗਤ ਨਾਲੋਂ ਵੱਖਰੀ ਹੋਵੇ। ਅਤੇ ਕਈ ਮਜ਼ਦੂਰ ਵਿਚੋਂ ਨਿਕਲਗੇ, ਕਈ ਅਲ੍ਹੜ ਕੁਆਰੀਆਂ ਕੁੜੀਆਂ, ਕਈ ਵਿਧਵਾਂਵਾਂ ਤੇ ਕਈ ਯਤੀਮ। ਪਰ ਮੈਂ ਨਹੀਂ ਏਹ ਮੰਨਦਾ ਕਿਉਂਕਿ ਇਹ ਆਖ਼ਰ ਪੇਟ ਹੀ ਤਾਂ ਹੈ ਕੋਈ ਜ਼ਿਬ੍ਹਾ ਖ਼ਾਨਾਂ ਜਾਂ ਬੁਚੜ ਖਾਨਾ ਤਾਂ ਨਹੀਂ। ਉਹ ਲਿਖਾਰੀ ਜ਼ਰੂਰ ਸਿਰ ਫਿਰਿਆ ਹੋਵੇਗਾ।

ਏਨੇ ਨੂੰ ਗੱਡੀ ਫੇਰ ਖਲੋ ਗਈ ਤੇ ਮੈਨੂੰ ਉਤੋਂ ਉਤਰਨ ਦਾ ਮੌਕਾ ਹੀ ਨਾ ਮਿਲਿਆ। ਕਮਰੇ ਦਾ ਦਰਵਾਜ਼ਾ ਖੁਲਿਆ। ਦੋ ਜਵਾਨਾਂ ਨੇ ਇੱਕ ਗੰਢੜੀ ਅੰਦਰ ਸੁੱਟੀ। ਦਰਵਾਜ਼ਾ ਬਾਹਰੋਂ ਬੰਦ ਹੋ ਗਿਆ। ਗੰਢੜੀ ਵਿਚ ਕੀ ਸੀ? ਏਹ ਸੋਚਣ ਦੀ ਲੋੜ ਹੀ ਨਾ ਪਈ। ਗੰਢੜੀ ਆਪ ਹੀ ਹਿੱਲੀ, ਫੇਰ ਵਿਚੋਂ ਦੋ ਮਰੀ ਮਰੀ ਬਾਂਹਵਾਂ, ਚੰਨ ਜਿਹਾ ਮੱਥਾ ਜਿਸ ਉਤੇ ਕਿਸੇ ਹਯਾ ਦੀ ਤਰੇਲੀ ਸੀ, ਆਪਣੇ ਅਣਛੋਹੇ ਅੰਗਾਂ ਨੂੰ ਲਕੋਂਦੀ ਨਿਕਲੀ। ਪਰ ਉਸ ਦੀਆਂ ਅੱਖਾਂ ਵਿਚੋਂ ਖ਼ਾਸ ਕਿਸਮ ਦੀ ਕੁਆਰ ਤਕਣੀ ਦੀ ਲਿਸ਼ਕ ਝਾਕਦੀ ਸੀ। ਮੈਨੂੰ ਪਤਾ ਨਹੀਂ ਕਿਉਂ ਇੱਕ ਭਰੋਸਾ ਜਿਹਾ ਸੀ ਤੇ ਮੈਂ ਜਿਵੇਂ ਅੰਦਰੋਂ ਅੰਦਰ ਉਸ ਅਲ੍ਹੜ ਨੂੰ ਕਹਿ ਰਿਹਾ ਹੋਵਾਂ 'ਤੇਰੇ ਅਣਛੋਹੇ ਅੰਗਾਂ ਨੂੰ ਕੋਈ ਛੂਹ ਨਹੀਂ ਸਕਦਾ, ਤੇਰੀ ਇਸ ਕੁਆਰ ਤਕਣੀ ਨੂੰ ਨਿਮੋਝੂਣਤਾ ਵਿੱਚ ਬਦਲ ਨਹੀਂ ਸਕਦਾ। ਤੇਰੇ ਮੱਥੇ ਦੀ ਤਰੇਲੀ ਜੋ ਮੇਰੇ ਦੇਸ਼ ਦੀ ਹਯਾ ਦਾ ਬੁਰਕਾ ਹੈ ਕੋਈ ਲਾਹ ਨਹੀਂ ਸਕਦਾ।' ਪਰ ਹੁਣ ਮੇਰਾ ਇਹ ਭਰੋਸਾ, ਭਰੋਸਾ ਨਾ ਰਿਹਾ। ਜੋ ਕੁਝ ਮੈਂ ਅਲ੍ਹੜ ਨੂੰ ਕਿਹਾ, ਉਹ ਝੂਠ ਸੀ। ਉਸ ਸੇਠ ਨੇ ਅੱਖਾਂ ਖੋਲੀਆਂ। ਅੱਖਾਂ ਉਸ ਕੀ ਖੋਲ੍ਹੀਆਂ ਜਿਵੇਂ ਕਿਤੇ ਬੇਹਯਾਈ ਨੇ ਅੱਖਾਂ ਖੋਲੀਆਂ ਹੋਣ। ਸੱਚ ਮੁਚ ਖਾ ਜਾਣ ਵਾਲੀਆਂ ਅੱਖਾਂ। ਉਹ ਹੱਸਿਆ, ਸਚ ਮੁਚ ਜਿਵੇਂ ਆਦਮ ਖੋਰ ਹੋਵੇ। ਮੈਂ ਸੋਚਿਆ, ਏਹ ਸੱਭ ਕੁਝ ਹੋ ਸਕਦਾ ਹੈ। ਕੁਆਰ ਤੱਕਣੀ ਨਿਮੋਝੂਣਤਾ ਵਿੱਚ ਬਦਲੀ ਜਾ ਸਕਦੀ ਹੈ। ਅਣਛੋਹੇ ਅੰਗਾਂ ਨੂੰ ਛੂਹਿਆ ਜਾ ਸੱਕਦਾ ਹੈ। ਏਸ ਸੇਠ ਦਾ ਪੇਟ ਪਾੜਣ ਤੇ ਉਹ ਸੱਭ ਕੁਝ ਨਿੱਕਲ ਸੱਕਦਾ ਹੈ ਜੋ ਉਸ ਸਿਰ ਫਿਰੇ ਲਿਖਾਰੀ ਨੇ ਲਿਖਿਆ ਸੀ।

ਸੇਠ ਹੌਲੀ ਹੌਲੀ ਲੜਕੀ ਵਲ ਵੱਧਿਆ। ਉਹ ਜ਼ੰਜੀਰ ਖਿਚਣ ਲਈ ਵਧੀ ਤੇ ਸੇਠ ਕਹਿਕਹਾ ਮਾਰਕੇ ਕਹਿਣ ਲੱਗਾ, "ਕੋਈ ਫਾਇਦਾ ਨਹੀਂ, ਕਿਸੇ ਨਹੀਂ ਸੁਣਨੀ। ਏਹ ਗੱਡੀ ਮੇਰੀ ਹੈ, ਏਹ ਜ਼ੰਜੀਰ ਮੇਰੀ ਹੈ। ਇਸਦੀ ਅਵਾਜ਼, ਫੇਰ ਅਵਾਜ਼ ਨੂੰ ਸੁਣਨ ਵਾਲੇ ਤੇ ਫੇਰ ਇਹ ਜ਼ੰਜੀਰ ਮੇਰਾ ਹੱਥ ਪਛਾਣਦੀ ਹੈ। ਹਾ......ਹਾ......ਹਾ......!"

ਕੁੜੀ ਡਰ ਨਾਲ ਕੰਬ ਰਹੀ ਸੀ, ਸੇਠ ਅੱਗੇ ਵੱਧ ਰਿਹਾ ਸੀ। ਕੁੜੀ ਨੇ ਲਾਗੇ ਇੱਕ ਮੇਜ਼ ਤੇ ਪਈ ਸੁਰਾਹੀ ਦੀ ਧੋਣ ਨੂੰ ਹੱਥ ਪਾਇਆ। ਤੇ ਉਤਾਂਹ ਵੱਲ ਲੈ ਗਈ, ਅਚਾਨਕ ਮੇਰੇ ਮੂੰਹੋਂ ਨਿਕਲਿਆ "ਸ਼ਾਬਾਸ਼! ਮਾਰ ਏਹਦੇ ਦੰਦਾਂ ਤੇ, ਤੋੜ ਦੇ ਇਸ ਦੀ ਹਵਸ ਦੇ ਸਾਰੇ ਦੰਦ।"

ਪਰ ਸੁਰਾਹੀ ਉਸਦੇ ਦੰਦਾਂ ਦੀ ਬਜਾਏ ਖਿੜਕੀ ਦੇ ਸ਼ੀਸ਼ੇ ਤੇ ਵੱਜੀ। ਸੁਰਾਹੀ ਅੰਦਰ ਡਿੱਗੀ, ਇਸ ਪਾਸੇ ਤੋਂ ਉਸ ਪਾਸੇ ਨੂੰ ਰਿੜ੍ਹੀ। ਵਿਚੋਂ ਲਾਲ ਰੰਗ ਦਾ ਪਾਣੀ, ਪਾਣੀ ਕਿ ਸ਼ਰਾਬ, ਸ਼ਰਾਬ ਕਿ ਲਹੂ ਪਤਾ ਨਹੀਂ ਕੀ, ਗੜ੍ਹ ਗੜ੍ਹ ਕਰਦਾ ਡੁਲ੍ਹਦਾ ਗਿਆ। ਸੁਰਾਹੀ ਏਸ ਸਿਰੇ ਤੋਂ ਉਸ ਸਿਰੇ ਜਾ ਰਹੀ ਸੀ। ਫੇਰ ਗਈ, ਫੇਰ ਮੁੜੀ, ਫੇਰ ਗਈ ਫੇਰ ਮੁੜੀ, ਫੇਰ ਹੌਲੀ ਹੌਲੀ ਹੁੰਦੀ ਗਈ ਫੇਰ ਖਲੋਂਦੀ ਜਾ ਰਹੀ ਸੀ। ਸੇਠ ਚੀਕਿਆ, “ਹੁਣ ਤੈਨੂੰ ਪਤਾ ਲਗੇਗਾ। ਤੈਨੂੰ ਮੈਂ ਪੁਲਸ ਦੇ ਹਵਾਲੇ ਕਰਾਂਗਾ। ਤੂੰ ਮੈਨੂੰ ਲੁੱਟਣ ਆਇਆ ਹੈਂ। ਤੂੰ ਮੇਰੀ ਧੀ ਨੂੰ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਹੈ। ਤੂੰ ਡਾਕੂ ਹੈਂ, ਤੂੰ ਖੁਨੀ ਹੈਂ। ਪੋਲੀਸ! ਪੋਲੀਸ!!"

“ਏਹ ਕਿਵੇਂ ਹੋ ਸਕਦਾ ਹੈ। ਉਹ ਇਸ ਦੀ ਧੀ? ਮੈਂ ਡਾਕੂ? ਮੈਂ ਖੂਨੀ? ਉਹ ਇਸ ਦੀ ਧੀ? ਨਹੀਂ ਨਹੀਂ, ਜੇ ਉਹ ਏਸ ਦੀ ਧੀ ਸੀ ਤਾਂ ਉਹ ਦੋ ਨੌਜਵਾਨ......ਏਸ ਦੀਆਂ ਬੇਹਯਾ ਅੱਖਾਂ। ਏਸ ਦੀ ਹਵਸ ਦੇ ਦੰਦ। ਨਹੀਂ ਨਹੀਂ, ਏਹ ਹਵਸ ਦਾ ਲਾਲਚੀ ਕੁੱਤਾ, ਉਹ ਹਯਾ ਦੀ ਦੇਵੀ। ਪਰ ਨਹੀਂ ਮੈਨੂੰ ਖੂਨੀ ਡਾਕੂ ਸਾਬਤ ਕੀਤਾ ਜਾ ਸੱਕਦਾ ਹੈ। ਉਹ ਇਸ ਦੀ ਧੀ ਬਣਾਈ ਜਾ ਸੱਕਦੀ ਹੈ। ਜੇ ਉਹ ਸੱਭ ਕੁਝ ਜੋ ਉਸ ਸਿਰ ਫਿਰੇ ਲਿਖਾਰੀ ਨੇ ਲਿਖਿਆ ਸੀ, ਸੱਚ ਹੋ ਸਕਦਾ ਹੈ ਤਾਂ ਏਹ ਕਿਉਂ ਨਹੀਂ ਹੋ ਸਕਦਾ।"

ਮੈਂ ਵੀ ਛਾਲ ਮਾਰ ਦਿੱਤੀ। ਨੱਸ ਉਠਿਆ। ਨੱਸਦਾ ਗਿਆ, ਫੱਸਲਾਂ ਵਿੱਚ ਦੀ, ਖਾਲਾਂ ਵਿੱਚ ਦੀ, ਵੱਟਾਂ ਉਤੇ ਵਾੜਾਂ ਉਤੇ। ਫੇਰ ਹਿੰਮਤ ਨਾ ਰਹੀ ਨੱਸਣ ਦੀ। ਚੱਲਣ ਲਗਾ, ਬੜੀ ਤਿਹ ਲਗੀ। ਸਾਹਮਣੇ ਇੱਕ ਹਾਲੀ ਨੇ ਢੱਗਿਆਂ ਨੂੰ ਡਿਜ਼ਕਰ ਮਾਰਕੇ ਥੰਮਿਆਂ। ਮੁਟਿਆਰ ਦੇ ਸਿਰ ਤੋਂ ਲੱਸੀ ਦਾ ਗੜਵਾਂ ਲਹਾਇਆ। ਨੇੜੇ ਪੁਜਕੇ ਮੈਂ ਕਿਹਾ, “ਮੈਨੂੰ ਵੀ ਲੱਸੀ ਪਿਆਓ।" ਜਿਵੇਂ ਮੈਂ ਕਿਸੇ ਆਪਣੇ ਨੂੰ ਕਹਿ ਰਿਹਾ ਹੋਵਾਂ। ਜਿਵੇਂ ਮੈਂ ਆਪਣੀ ਭੈਣ ਨੂੰ ਕਹਿ ਰਿਹਾ ਹੋਵਾਂ। “ਵੀਰ ਜੀ ਪਹਿਲੋਂ ਇੱਕ ਫੁਲਕਾ ਮੱਖਣ ਨਾਲ ਖਾ ਲਵੋ ਫੇਰ ਲੱਸੀ ਪੀਣਾ, ਨਿਰਨੇ ਲੱਸੀ ਚੰਗੀ ਨਹੀਂ। ਗਭਰੂ ਦੇ ਮੱਥੇ ਤੇ ਲੱਗੇ ਤਰੇਲ ਤੁਪਕਿਆਂ ਵਾਂਗ, ਮੁੜ੍ਹਕੇ ਨੂੰ ਮੁਟਿਆਰ ਨੇ ਆਪਣੀ ਚੁੰਨੀ ਨਾਲ ਪੂੰਝਿਆ।

ਅੱਗੇ ਆਕੇ ਰਾਮਸਰ ਦੇ ਅੱਡੇ ਤੋਂ ਨਾਨਕਿਆਂ ਦੇ ਪਿੰਡ ਲਈ ਰਿਕਸ਼ਾ ਲੀਤਾ। ਉਸ ਡੇਢ ਰੁਪਿਆ ਮੰਗਿਆ, ਮੇਰੇ ਕੋਲ ਸਵਾ ਸੀ, ਸੋਚਿਆ ਮਾਮੇ ਕੋਲੋਂ ਲੈ ਦਿਆਂਗਾ। ਮੈਂ ਕਿਹਾ ਚਲ ਭਈ ਚੱਲ ਡੇਢ ਤਾਂ ਡੇਢ ਹੀ ਸਹੀ। ਉਹ ਮੈਨੂੰ ਲੈ ਟੁਰਿਆ, ਰਸਤਾ ਕੱਚਾ ਸੀ, ਵਚਾਰੇ ਨੂੰ ਸਾਹ ਚੜ੍ਹ ਗਿਆ। ਸਿਰ ਤੋਂ ਲੈਕੇ ਪੈਰਾਂ ਤੱਕ ਮੁੜ੍ਹਕੇ ਨਾਲ ਭਿੱਜ ਗਿਆ। ਉਸਦੀ ਧੌਣ ਤੋਂ ਮੁੜ੍ਹਕੇ ਦੀਆਂ ਮੈਲੀਆਂ ਘਰਾਲਾਂ ਵੱਗ ਰਹੀਆਂ ਸਨ। ਮੈਂ ਰਿਕਸ਼ੇ ਚੋਂ ਉਤਰ ਬੈਠਾ।

"ਪਰ ਹੁਣ ਮੈਥੋਂ ਏਹ ਪੜ੍ਹਕੇ ਸੁਣਾਈ ਨਹੀਂ ਜਾਂਦੀ, ਪ੍ਰੀਤਮ ਜੀ। ਮੈਂ ਤੁਹਾਨੂੰ ਕਿਹਾ ਸੀ ਨਾਂ ਕਿ ਮੈਥੋਂ ਨਾ ਸੁਣੋ। ਜਦ ਵੀ ਮੈਨੂੰ ਇਹ ਕਹਾਣੀ ਯਾਦ ਆਉਂਦੀ ਹੈ ਤਾਂ ਮੈਨੂੰ ਦੁਨੀਆਂ ਕੌੜੀ ਲੱਗਦੀ ਹੈ, ਏਹ ਇੱਕ ਵਿੱਸ ਦਾ ਭਰਿਆ ਸਾਗਰ ਜਾਪਦੀ ਹੈ।"

ਪ੍ਰੀਤਮ ਮੇਰੇ ਦੋਵੇਂ ਮੋਢਿਆਂ ਤੇ ਹੱਥ ਰੱਖ ਕੇ ਭਰੜਾਵੀਂ ਅਵਾਜ਼ ਵਿੱਚ ਬੋਲਿਆ, “ਬੇਸ਼ਕ ਇਹ ਦੁਨੀਆਂ, ਵਿਸ ਦਾ ਭਰਿਆ ਇਕ ਸਾਗਰ ਹੈ ਪਰ 'ਅਮਰ'! ਇਸ ਵਿੱਚ ਅਮਰਤ ਦੀਆਂ ਬੂੰਦਾਂ ਵੀ ਨੇ ਜੋ ਇਸ ਵਿਹੁ ਨੂੰ ਅਮਰਤ ਵਿੱਚ ਬਦਲਣ ਦੀ ਸ਼ਕਤੀ ਰੱਖਦੀਆਂ ਨੇ। ਮੁਟਿਆਰ ਦੇ ਮਥੇ ਤੇ ਆਈ ਹੋਈ ਹਯਾ ਤਰੇਲੀ ਕੀ ਅਮ੍ਰਿਤ ਦੀਆਂ ਬੂੰਦਾਂ ਨਹੀਂ ਸਨ? ਉਸ ਕਿਸਾਨ ਦੇ ਮਥੇ ਤੇ ਤਰੇਲ ਤੁਪਕਿਆਂ ਵਾਂਗ ਲੱਗਾ ਮੁੜ੍ਹਕਾ ਕੀ ਅਮ੍ਰਿਤ ਦੀਆਂ ਬੂੰਦਾਂ ਨਹੀਂ ਸਨ? ਰਿਕਸ਼ੇ ਵਾਲੇ ਦੀ ਪਿੱਠ ਤੇ ਵੱਗਦੀਆਂ ਘਰਾਲਾਂ ਕੀ ਅਮ੍ਰਿਤ ਦੀਆਂ ਬੂੰਦਾਂ ਨਹੀਂ ਸਨ?" ਤੇ ਇਹ ਗੱਲ ਕਹਿੰਦਿਆਂ ਕਹਿੰਦਿਆਂ ਪ੍ਰੀਤਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਉਹ ਡਿੱਗੇ ਪਰ ਮੈਂ ਡਿੱਗਣ ਨਾ ਦਿਤੇ ਆਪਣੀਆਂ ਤਲੀਆਂ ਤੇ ਹੀ ਬੋਚ ਲਏ।

"ਪ੍ਰੀਤਮ ਜੀ ਏਹ ਵੀ ਤੇ ਅਮ੍ਰਿਤ ਦੀਆਂ ਹੀ ਬੂੰਦਾਂ ਨੇ ਕਿਉਂ ਨਾ ਏਨ੍ਹਾਂ ਨੂੰ ਪੀਕੇ ਸਦਾ ਲਈ ਅਮਰ ਹੋ ਜਾਵਾਂ। ਕਿਸੇ ਦੇ ਦਰਦ ਵਿੱਚ ਹਰ ਅੱਖ ਵਿਚੋਂ ਡਿੱਗਾ ਹੋਇਆ ਹਰ ਅਥਰੂ ਅਮ੍ਰਿਤ ਹੁੰਦਾ ਹੈ।"

ਪ੍ਰੀਤਮ ਨੇ ਮੈਨੂੰ ਹਿੱਕ ਨਾਲ ਘੁਟ ਲਿਆ।