ਦਿਲ ਹੀ ਤਾਂ ਸੀ/ਲੀਰਾਂ ਲਪੇਟੇ ਹੱਥ

32473ਦਿਲ ਹੀ ਤਾਂ ਸੀ — ਲੀਰਾਂ ਲਪੇਟੇ ਹੱਥਬਲਬੀਰ ਢਿੱਲੋਂ







ਲੀਰਾਂ ਲਪੇਟੇ ਹੱਥ






ਜਦ ਵੀ ਕਦੇ ਕੋਈ ਬਾਬੂ ਬਜ਼ਾਰ ਵਿਚੋਂ ਲੰਘਦਿਆਂ ਆਪਣੇ ਮੂੰਹ ਵਿਚੋਂ ਅਧਸੜੇ ਸਿਗਰਟ ਦੇ ਟੋਟੇ ਨੂੰ ਕੱਢਕੇ ਆਪਣੇ ਸਾਹਮਣੇ ਪੈਰਾਂ ਵਿੱਚ ਸੁੱਟਦਾ ਅਤੇ ਆਪਣੇ ਸੱਜੇ ਜਾਂ ਖੱਬੇ ਬੂਟ ਦੇ ਪੱਕੇ ਮੇਖਾਂ ਜੜੇ ਥੱਲੇ ਨਾਲ ਉਸਨੂੰ ਮਲਕੇ ਮੁਲੀਦਾ ਕਰਨ ਲਈ ਪੈਂਤੜਾ ਬੰਨ੍ਹਦਾ, ਏਸ ਤੋਂ ਪਹਿਲੋਂ ਹੀ ਇੱਲ ਦੀ ਝਰਾਟ ਵਰਗੀ ਫੁਰਤੀ ਨਾਲ ਏਹ ਲੀਰਾਂ ਲਪੇਟੇ ਹੱਥ ਉਸ ਟੋਟੇ ਨੂੰ ਚੁੱਕ ਜਾਂਦੇ। ਫੇਰ 'ਉਹ' ਇਸ ਬਾਬੂ ਦੇ ਸਾਹਮਣੇ ਖਲੋਕੇ ਲੰਮੇ ਸੂਟੇ ਦਾ ਧੂੰਆਂ ਉਸਦੇ ਮੂੰਹ ਉਤੇ ਮਾਰਦਾ ਤੇ ਕਹਿੰਦਾ "ਅਛੀ ਹੈ।"

ਸਾਹਮਣੇ ਖਲੋਤਾ ਬਾਬੂ ਭੈੜਾ ਜਿਹਾ ਮੂੰਹ ਕਰਕੇ ਚਲਾਂ ਜਾਂਦਾ। ਏਹਨਾਂ ਹੱਥਾਂ ਬਾਰੇ ਇਹ ਮਸ਼ਹੂਰ ਸੀ ਕਿ ਅੱਜ ਤੱਕ ਕਦੇ ਕਿਸੇ ਸਿਗਰਟ ਦਾ ਮਲੀਦਾ ਨਹੀਂ ਹੋਣ ਦਿੱਤਾ ਕਿਸੇ ਦੇ ਪੈਰਾਂ ਥੱਲੇ। ਪਰ ਅੱਜ ਏਹ ਪਹਿਲਾ ਦਿਨ ਸੀ, ਮਾਣੋ ਉਸਦੀ ਪਹਿਲੀ ਹਾਰ ਸੀ। ਉਸਦੇ ਹੱਥ ਸਿਗਰਟ ਦੇ ਟੋਟੇ ਨੂੰ ਪਏ, ਥੱਲੇ ਢੱਠੀ ਸਿਗਰਟ ਨੂੰ ਚੁਕ ਲੈਣ ਤੇ ਪਹਿਲੋਂ ਲੀਰਾਂ ਲਪੇਟੇ ਹੱਥ ਕਿਸੇ ਦੇ ਚੌਹਰੇ ਸੋਲ ਹੋਠਾਂ ਢਹਿ ਪਏ। "ਜ਼ੁਓ" ਕਰਕੇ ਬਾਬੂ ਨੇ ਪੈਰ ਉਤੋਂ ਚੁਕ ਲਿਆ ਤੇ ਝੱਟ ਹੀ ਉਨ੍ਹਾਂ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈਕੇ ਉਨ੍ਹਾਂ ਦਾ ਚੁੰਮਣ ਲਿਆ ਤੇ ਫੇਰ ਹਿੱਕ ਨਾਲ ਲਾਕੇ ਕਹਿਣ ਲੱਗਾ, “ਮੈਨੂੰ ਖਿਮਾਂ ਕਰਨਾ, ਬਾਬਾ ਮੈਂ ਤੱਕਿਆ ਨਹੀਂ।"

ਸੁਹਣੇ ਨਰੋਏ ਅਤੇ ਜਵਾਨ ਪਿੰਡੇ ਨੂੰ,ਤ੍ਰਿਪ ਤ੍ਰਿਪ ਰਿੱਬ ਵੱਗਦਾ, ਥਾਂ ਥਾਂ ਤੇ ਲਹੂ ਪਾਕ ਨਾਲ ਨਹਾਤਾ ਸ਼ਰੀਰ ਲੱਗਾ ਵੇਖਕੇ ਬਜ਼ਾਰ ਵਿਚ ਭੀੜ ਲੱਗ ਗਈ। ਭੀੜ ਵਿਚ ਇਕ ਸ਼ਾਹੂਕਾਰ ਸੀ। ਕੁਰੈਹਤ ਨਜ਼ਰੀ ਤੱਕ ਬਾਬੂ ਨੂੰ ਕਹਿਣ ਲੱਗਾ, “ਉਏ ਸ਼ੁਦਾਈ ਹੋ ਗਿਆਂ ਬਾਬੂ? ਕੋਹੜ ਦੇ ਖਾਧੇ ਨੂੰ ਹਿੱਕ ਨਾਲ ਲਾਈ ਜਾਨਾਂ।" ਇਕ ਕੋਈ ਹੋਰ ਬੋਲਿਆ, “ਮੱਤ ਮਾਰੀ ਹੋਈ ਏ ਈਹਦੀ, ਲਹੂ ਪਾਕ ਨੂੰ ਚੱਟ ਕੇ ਆਪ ਵੀ ਕੋਹੜੀ ਹੋ ਜਾਵੇਗਾ। ਬਾਬੂ ਥੁਹੜਾ ਜਿੰਨਾਂ ਹੱਸ ਕੇ ਕਹਿਣ ਲੱਗਾ "ਕਦੋਂ ਦਾ ਕੋਹੜੀ ਬਣਿਆਂ ਹੈ ਇਹ?"
“ਸਾਨੂੰ ਕੀ ਪਤਾ ਕੋਹੜ ਜੱਦੀ ਪੁਸ਼ਤੀ ਹੁੰਦੇ ਨੇ।"

ਇਹ ਸੁਣਕੇ ਬਾਬੂ ਅੱਗੇ ਵਧਿਆ ਅਤੇ ਸ਼ਾਹੂਕਾਰ ਸਾਮਣੇ ਹੋਕੇ ਕਹਿਣ ਲੱਗਾ, “ਕੋਹੜ੍ਹ ਦੀਆਂ ਦੋ ਕਿਸਮਾਂ ਹੁੰਦੀਆਂ ਨੇ, ਇੱਕ ਕੋਹੜ ਬਾਹਰਲੇ ਸ਼ਰੀਰ ਤੇ ਫੁਟਦਾ ਹੈ ਅਤੇ ਦੂਜਾ ਅੰਦਰ ਜੋ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਉਹ ਵਧੇਰੇ ਖ਼ਤਰਨਾਕ ਅਤੇ ਦੁਖਦਾਈ ਹੁੰਦਾ ਹੈ ਅਤੇ ਜੱਦੀ ਪੁਸ਼ਤੀ ਹੁੰਦਾ ਹੈ। ਬਾਹਰਲੀ ਲਹੂ ਪਾਕ ਧੋਤੀ ਜਾ ਸੱਕਦੀ ਹੈ। ਜ਼ਖਮਾਂ ਨੂੰ ਸਾਫ ਕਰਕੇ ਮਲ੍ਹਮ ਪਟੀ ਨਾਲ ਰਾਜ਼ੀ ਕੀਤਾ ਜਾ ਸੱਕਦਾ ਹੈ। ਪਰ ਅੰਦਰ ਦਾ ਕੁਹੜ ਇਸ ਨਾਲੋਂ ਕਿਧਰੇ ਵਧੇਰੇ ਗੰਦਾ ਹੁੰਦਾ ਹੈ।"

ਸ਼ਾਹੂਕਾਰ ਨੇ ਕਮੀਨੀਆਂ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਫੇਰ ਥੁਕ ਦਿੱਤਾ। ਸਾਰੀ ਭੀੜ ਥੂਹ ਥੂਹ ਕਰਦੀ, ਬੁੜ ਬੁੜ ਕਰਦੀ ਖਿੰਡ ਗਈ। ਬਾਬੂ ਨੇ ਬਾਬੇ ਨੂੰ ਪਿਆਰ ਭਰੀਆਂ, ਸ਼ਰਧਾ ਭਰੀਆਂ ਨਜ਼ਰਾਂ ਨਾਲ ਤੱਕਿਆ। ਕਦੇ ਕਿਸੇ ਆਪਣੇ ਭਗਵਾਨ ਨੂੰ ਵੀ ਇੰਝ ਨਹੀਂ ਤੱਕਿਆ ਹੋਣਾ। ਹੱਥ ਜੋੜ ਕੇ ਕਹਿਣ ਲੱਗਾ, “ਬਾਬਾ ਜੀ ਮੈਂ ਵੀ ਕੋਹੜੀ ਦੀ ਪਲਤ ਹਾਂ। ਉਸ ਅੰਗ ਹੀਣ ਹੱਸਤੀ ਨੇ ਮੇਰੇ ਹੱਥਾਂ ਪੈਰਾਂ ਨੂੰ ਨਰੋਇਆ ਬਣਾਇਆ ਹੈ। ਅਤੇ ਮੈਨੂੰ ਵਿਦਿਆ ਦੀ ਸ਼ਕਤੀ ਦੇ, ਉਚਾ ਹੋ ਚੱਲਣ ਦਾ ਬੱਲ ਬਖਸ਼ਿਆ ਹੈ। ਮੈਂ ਉਸਨੂੰ ਕਦੇ ਨਹੀਂ ਭੁੱਲ ਸੱਕਦਾ।"

ਬਾਬਾ ਕੁਝ ਸਮਝਿਆ ਨਾ ਅਤੇ ਅੱਖਾਂ ਨਿੱਕੀਆਂ ਕਰਕੇ ਕਹਿਣ ਲਗਾ, “ਮੈਂ ਕੁਝ ਸਮਝਿਆ ਨਹੀਂ ਪੁੱਤਰ।"

“ਬਾਬਾ ਜੀ, ਮੇਰੀ ਮਾਂ ਮੈਨੂੰ ਜੰਮਦਿਆਂ ਹੀ ਇੱਕ ਰਾਤ ਦੇ ਹਨੇਰੇ ਵਿਚ ਇੱਕ ਕੋਹੜੀ ਮੰਗਤੇ ਦੇ ਅੱਗੇ ਰੱਖਕੇ ਚਲੀ ਗਈ ਸੀ। ਉਸ ਕੋਹੜੀ ਮਨੁਖ ਨੇ ਹੀ ਮਨੁਖ ਦਾ ਆਦਰ ਕਰਦਿਆਂ, ਮੈਨੂੰ ਪਾਲਿਆ, ਪੜ੍ਹਾਇਆ ਲਿਖਾਇਆ ਅਤੇ ਏਡਾ ਕੀਤਾ ਹੈ। ਉਹ ਪੂਜਯ ਰੂਹ ਕੁਝ ਮਹੀਨੇ ਹੋਏ ਅਕਾਲ ਚਲਾਣੇ ਕਰ ਗਈ ਹੈ। ਪਰ ਮੈਂ ਜਦੋਂ ਵੀ ਕਦੇ ਅਜਿਹੀ ਰੂਹ ਨੂੰ ਤੱਕਦਾ ਹਾਂ, ਜਿਸਦਾ ਸ਼ਰੀਰ ਜ਼ਖ਼ਮਾਂ ਨਾਲ ਵਿੱਧਾ ਹੋਇਆ ਲਹੂ ਪਾਕ ਦੀ ਸੜੇਹਾਨ ਵਿੱਚ ਰੱਚਿਆ ਹੋਇਆ ਹੁੰਦਾ ਹੋਵੇ ਤਾਂ ਮੇਰਾ ਜੀ ਉਸਦੇ ਸੀਨੇ ਲਗ ਜਾਣ ਲਈ ਉਤਾਵਲਾ ਹੋ ਜਾਂਦਾ ਹੈ। ਮੈਨੂੰ ਉਸਦੇ ਅੰਦਰੋਂ ਇੱਕ ਸਵਰਗੀ ਸੁਗੰਧੀ ਆਉਂਦੀ ਹੈ ਅਤੇ ਮੈਨੂੰ ਖਿੜੀਆਂ ਬਹਾਰਾਂ ਵਿੱਚ ਲਿਆ ਸੁਟਦੀ ਹੈ। ਜਿਥੇ ਬੈਠਕੇ ਮਨੁਖ ਮਾਨਵਤਾ ਦੀਆਂ ਟੀਸੀਆਂ ਨੂੰ ਮਹਿਸੂਸ ਕਰਦਾ ਹੈ ਅਤੇ ਜੀਊਂ ਉਠਦਾ ਹੈ।” ਬਾਬੇ ਦੀਆਂ ਝੀਤਾਂ ਅਖਾਂ ਵਿਚੋਂ ਦੋ ਮੋਟੇ ਮੋਟੇ ਹੰਝੂ ਝਾਕਣ ਲੱਗੇ। ਉਹ ਕੁਝ ਕਹਿਣ ਲਈ ਸੋਚ ਹੀ ਰਿਹਾ ਸੀ ਕਿ ਬਾਬੂ ਨੇ ਫੇਰ ਤਰਲੇ ਭਰੀ ਅਵਾਜ਼ ਵਿੱਚ ਕਿਹਾ, “ਚਲੋ ਬਾਬਾ ਜੀ ਮੇਰੇ ਘਰ ਚੱਲੋ ਮੈਂ ਤੁਹਾਨੂੰ ਆਪਣੇ ਕੋਲ ਰੱਖਕੇ ਤੁਹਾਡੀ ਸੇਵਾ ਕਰਾਂਗਾ, ਤੁਹਾਡੀ ਇਸ ਬਿਮਾਰੀ ਦਾ ਇਲਾਜ ਕਰਵਾਂਗਾ। ਹੱਥੀਂ ਤੁਹਾਡੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਕਰਕੇ ਮੈਨੂੰ, ਮੇਰੇ ਸੀਨੇ ਲੱਗੇ ਫੱਟਾਂ ਦੀ ਟਕੋਰ ਹੋਇਆ ਕਰੇਗੀ।"

ਉਹ ਬਾਬੇ ਨੂੰ ਘਰ ਲੈ ਗਿਆ। ਘਰ ਜਾਕੇ ਉਸ ਪਾਣੀ ਗਰਮ ਕੀਤਾ ਵਿੱਚ ਤੇਲ ਪਾਇਆ ਅਤੇ ਬਾਬੇ ਦੇ ਲਹੂ ਪਾਕ ਵਿੱਚ ਲਿੱਬੜੇ ਸ਼ਰੀਰ ਨੂੰ ਸਾਫ਼ ਕਰਨ ਲਈ ਰੂੰ ਦਾ ਗੋਹੜਾ ਲੱਭ ਲਿਆਇਆ। ਬਾਬਾ ਭੁਬੀਂਂ ਭੁਬੀਂਂ ਰੋ ਉਠਿਆ, "ਮੈਨੂੰ ਮਾਫ ਕਰਦੇ ਮੇਰੇ ਬੱਚੇ, ਤੈਨੂੰ ਪਾਲਣ ਵਾਲਾ ਬੜਾ ਮਹਾਨ ਸੀ ਤੇ ਮੈਂ ਬੜਾ ਕਮੀਨਾਂ ਹਾਂ, ਗਿਰਿਆ ਹੋਇਆ ਹਾਂ, ਬੁਜ਼ਦਿਲ ਹਾਂ, ਦੁਨਿਆਵੀ ਅਉਕੜਾਂ ਤੋਂ ਹਾਰਿਆ ਹੋਇਆ ਹਾਂ। ਮੇਰੀਆਂ ਪੱਟੀਆਂ ਖੋਲ੍ਹਦੇ ਏਹੋ ਹੀ ਮੇਰਾ ਕੋੜ੍ਹ ਨੇ। ਮੈਂ ਕੋੜ੍ਹਾ ਨਹੀਂ, ਮੈਂ ਕੋੜ੍ਹਾ ਨਹੀਂ।"

ਬਾਬੂ ਨੇ ਬਾਬੇ ਦੀਆਂ ਪੱਟੀਆਂ ਖੋਲ੍ਹੀਆਂ, ਵਿਚੋਂ ਚੰਨਣ ਦੇਹ ਨਿਕਲੀ। ਬਾਬੂ ਨੇ ਪੱਟੀਆਂ ਦੂਰ ਵਘਾ ਮਾਰੀਆਂ। ਪੱਟੀਆਂ ਜੋ ਕੋੜ੍ਹ ਸਨ, ਪੱਟੀਆਂ ਜੋ ਸ਼ਾਹੂਕਾਰ ਦੀ ਬਜਾਜ਼ੀ ਸਨ।