ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਹਰ ਸੀਸ ਤੇਗ ਹੇਠਾਂ ਹਰ ਜਿਸਮ ਆਰਿਆਂ 'ਤੇ
9
ਹਰ ਸੀਸ ਤੇਗ ਹੇਠਾਂ ਹਰ ਜਿਸਮ ਆਰਿਆਂ 'ਤੇ।
ਇਹ ਕਿਸ ਤਰ੍ਹਾਂ ਦਾ ਮੌਸਮ ਆਇਆ ਹੈ ਸਾਰਿਆਂ 'ਤੇ।
ਪੈਰਾਂ 'ਚ ਝਾਂਜਰਾਂ ਨੇ ਬੇਚੈਨ ਆਂਦਰਾਂ ਨੇ,
ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ 'ਤੇ।
ਵਰ੍ਹਿਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ,
ਕਿੰਨੀ ਕੁ ਦੇਰ ਹਾਲੇ ਪਰਚਾਂਗੇ ਲਾਰਿਆਂ 'ਤੇ।
ਹਰ ਬੋਲ ਉੱਤੇ ਪਹਿਰਾ ਵੀਰਾਨ ਜਿੰਦੂ ਸਹਿਰਾ,
ਹੈ ਸਾਜ਼ਿਸ਼ੀ ਕਰੋਪੀ ਛੰਨਾ ਤੇ ਢਾਰਿਆਂ 'ਤੇ।
ਮਿਲ ਕੇ ਹੀ ਜਰ ਸਕਾਂਗੇ ਉਸ ਹਾਦਸੇ ਨੂੰ ਆਪਾਂ,
ਡਿੱਗੀ ਜੇ ਬਿੱਜ ਕੋਈ ਬਰਫ਼ਾਂ ਦੇ ਠਾਰਿਆਂ 'ਤੇ।
ਕਿੱਧਰ ਨੂੰ ਕੋਈ ਜਾਵੇ ਕਿੱਧਰ ਤੋਂ ਕੋਈ ਆਵੇ,
ਹਰ ਸੜਕ ਚੌਂਕ ਗਲੀਆਂ ਪਹਿਰੇ ਨੇ ਸਾਰਿਆਂ 'ਤੇ।
ਇਹ ਰਾਤ ਦੀ ਸਿਆਹੀ ਹੱਡਾਂ 'ਚ ਬਹਿ ਨਾ ਜਾਵੇ,
ਗਰਮਾਓ ਸਰਦ ਜੁੱਸੇ ਰੱਖ ਕੇ ਅੰਗਾਰਿਆਂ 'ਤੇ।
ਇਹ ਜ਼ਿੰਦਗੀ ਹੈ ਯਾਰੋ ਕੋਈ ਵਾਰਤਾ ਨਹੀਂ ਹੈ,
ਚੱਲਦੀ ਰਹੂ ਜੋ ਆਪੇ ਢਿੱਲੇ ਹੁੰਗਾਰਿਆਂ 'ਤੇ।