ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਸਾਡੇ ਘਰ ਨੂੰ ਤੀਲ੍ਹੀ ਲਾ 'ਗੇ ਬਹੁ-ਰੰਗੇ ਅਖ਼ਬਾਰ
12
ਸਾਡੇ ਘਰ ਨੂੰ ਤੀਲ੍ਹੀ ਲਾ 'ਗੇ ਬਹੁ-ਰੰਗੇ ਅਖ਼ਬਾਰ।
ਅੰਨ੍ਹੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ।
ਨਾ ਅੰਬਰ 'ਚੋਂ ਬਿਜਲੀ ਡਿੱਗੀ ਨਾ ਕੋਈ ਹੋਰ ਚੁੜੇਲ,
ਬਿਟ ਬਿਟ ਝਾਕੇ ਕੰਧ 'ਤੇ ਬੈਠੀ ਖੰਭ ਸੜਿਆਂ ਦੀ ਡਾਰ।
ਮਾਂ ਪਿਉ ਜਾਏ ਬਣੇ ਪਰਾਏ ਵੰਡਿਆ ਧਰਤੀ ਅੰਬਰ,
ਵਿਸ਼-ਵਣਜਾਰਿਆਂ ਲੀਕਾਂ ਪਾ ਕੇ ਦਿੱਤਾ ਕਹਿਰ ਗੁਜ਼ਾਰ।
ਅੰਦਰੋਂ ਕੁੰਡੀ ਲਾ ਕੇ ਸੁੱਤੇ ਵੈਦ-ਧੁਨੰਤਰ ਸਾਰੇ,
ਆਪਣੇ ਆਪ ਤਾਂ ਲਹਿ ਨਾ ਸਕਦਾ ਡਾਢਾ ਤੇਜ਼ ਬੁਖ਼ਾਰ।
ਮੌਸਮ ਸਿਰ ਇਲਜ਼ਾਮ ਲਗਾ ਕੇ ਕੰਢੇ 'ਤੇ ਜਾ ਬੈਠੇ,
ਚਿੱਟੇ ਲੀੜਿਆਂ ਵਾਲੇ ਮੇਰੇ ਵੰਨ-ਸੁਵੰਨੇ ਯਾਰ।
ਗਲੀਆਂ ਚੌਂਕ ਚੁਰਸਤੇ ਸੜਕਾਂ ਸੁੰਨ-ਮ-ਸੁੰਨੀਆਂ ਹੋਈਆਂ,
ਦਫ਼ਾ ਚੁਤਾਲੀ ਧੌਣ ਪੰਜਾਲੀ ਜੇ ਰਲ ਬੈਠਣ ਚਾਰ।
ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ,
ਵਧਦੀ ਗਈ ਜੇ ਏਦਾਂ ਆਪਣੇ ਗੁਰਕਣ ਦੀ ਰਫ਼ਤਾਰ।
*